ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, September 8, 2011

ਡਾ. ਨਿਰਮਲ ਜੌੜਾ - ਜੱਸੋਵਾਲ ਦੀ ਸਕਾਰਪੀਓ - ਵਿਅੰਗ

ਜੱਸੋਵਾਲ ਦੀ ਸਕਾਰਪੀਓ
ਵਿਅੰਗ

ਜਗਦੇਵ ਸਿੰਘ ਜੱਸੋਵਾਲ ਦੀ ਸਕਾਰਪੀਓ ਗੱਡੀ ਦੇ ਸੀਸ਼ਿਆਂ ਤੇ ਕੱਪੜਾ ਫੇਰ ਕੇ - ਡਰਾਈਵਰ ਨੇ ਦੋਵੇਂ ਹੱਥ ਜੋੜ ਕੇ ਰੱਬ ਦਾ ਨਾਂ ਲਿਆ ਤੇ ਸਿਲਫ ਮਾਰੀ ਚਾਰ ਪੰਜ ਸਿਲਫਾਂ ਮਾਰਨ ਤੇ ਗੱਡੀ ਸਟਾਰਟ ਨਾ ਹੋਈ "ਅੱਜ ਫੇਰ ਧੱਕਾ ਲਾਉਣਾ ਪਊ" ਧੌਣ ਉੱਤੋਂ ਦੀ ਪਿਛੇ ਮੂੰਹ ਕਰ ਕੇ ਜਦੋਂ ਉਹਨੇ ਕਿਹਾ ਤਾਂ ਮੈਂ ਝੱਟ ਥੱਲੇ ਉੱਤਰ ਕੇ ਨੇੜੇ ਖੜ੍ਹੇ ਦੋ ਜਾਣਿਆਂ ਨੂੰ ਅਵਾਜ਼ ਮਾਰੀ ਤੇ ਮਾਰਕੇ ਧੱਕਾ ਗੱਡੀ ਸਟਾਰਟ ਕਰਤੀ ਅਸੀਂ ਫ਼ਾਜ਼ਿਲਕਾ 'ਚ ਹੋ ਰਹੇ ਸਭਿਆਚਾਰਕ ਮੇਲੇ ਤੇ ਜਾਣਾ ਸੀ । "ਨਿਰਮਲਾ ਜਾਏ ਬਿਨਾ ਸਰਦਾ ਨੀ, ਵੈਸੇ ਸਿਹਤ ਠੀਕ ਨੀ ਬਹੁਤੀ ਮੇਰੀ, ਬੱਸ ਹਾਮੀ ਭਰੀ ਆ ਜਾਣਾ ਪੈਣਾ।" ਸੀਟ ਤੇ ਪਏ ਅਖਲ਼ਬਾਰਾਂ ਨੂੰ ਫਰੋਲਦਿਆਂ ਉਹਨਾ ਦਿਲ ਦੀ ਗੱਲ ਦੱਸੀ। " ਬਾਪੂ ਜੀ ਇਹ ਗੱਲ ਤਾਂ ਹਰ ਵਾਰੀ ਆਖਦੇ ਆਂ ਤੁਸੀਂ, ਨਾ ਦਵਾਈ ਲਈ ਟੈਮ ਕੱਢਦੇ ਆਂ ਤੇ ਨਾ ਮੇਲਿਆਂ, ਸਮਾਗਮਾਂ ਤੇ ਜਾਣੋ ਹਟਦੇ ਆਂ ,ਸਿਹਤ ਕੀ ਕਰੇ , ਜੇ ਕਹੋਂ ਤਾਂ ਸਿੱਧੇ ਡਾਕਟਰ ਕੋਲ ਚੱਲੀਏ" ਮੈਨੂੰ ਪਤਾ ਸੀ ਕਿ ਜੱਸੋਵਾਲ ਸਾਹਿਬ ਰੁਝੇਵਿਆਂ ਅਤੇ ਘੌਲ਼ ਕਰਕੇ ਆਪਣੇ ਸਰੀਰ ਦਾ ਖ਼ਿਆਲ ਨਹੀਂ ਰੱਖਦੇ


"ਕਾਹਨੂ ! ਹੁਣ ਲੇਟ ਹੋਜਾਂਗੇ ਫੇਰ ਸਹੀ " ਗੱਲ ਟਾਲ਼ਦਿਆਂ ਗੱਡੀ ਤੋਰਨ ਦਾ ਇਸ਼ਾਰਾ ਕਰਕੇ ਆਖਣ ਲੱਗੇ, "ਤੂੰ ਆਏਂ ਕਰ ਆ ਕੱਪੜਾ ਮੇਰੀ ਢੂਈ ਤੇ ਬੰਨ੍ਹ ਦੇ ਘੁੱਟਕੇ ਮੇਰਾ ਸ਼ੇਰ ,ਇਹ ਮੈਂ ਸਫ਼ਰ ਚ' ਬੰਨ ਲੈਨਾ ਹੁੰਨਾਰਕ ਨੀ ਪੈਂਦੀ " ਮੈਂ ਬੰਨ੍ਹਣ ਹੀ ਲੱਗਾ ਸੀ ਕਿ ਗੱਡੀ ਅੱਖਲੀ ਵੱਜਣ ਕਰਕੇ ਜ਼ੋਰ ਨਾਲ ਬੁੜ੍ਹਕੀ ਤਾਂ ਉਹਦਾ ਸਲੰਸਰ ਲਹਿ ਗਿਆ ਤੇ ਇੰਣ ਦੀ ਵਾਜ਼ ਕੰਨਾਂ ਨੂੰ ਪਾੜਣ ਲੱਗੀ ਡਰਾਈਵਰ ਨੂੰ ਸਲੰਸਰ ਬੰਨ੍ਹਣ ਵਾਸਤੇ ਰੱਸੀ ਨਾ ਲੱਭੇ ਤਾਂ ਜੱਸੋਵਾਲ ਸਾਹਿਬ ਮੈਨੂੰ ਆਖਣ ਲੱਗੇ, " ਤੂੰ ਮੇਰੀ ਢੂਈ ਨੂੰ ਛੱਡ , ਪਹਿਲਾਂ ਸਲੰਸਰ ਬੰਨ੍ਹਾਅ ਉਹਦੇ ਨਾਲ,ਜੇ ਨਹੀਂ ਕੁਝ ਲੱਭਦਾ ਤਾਂ ਇਸੇ ਕੱਪੜੇ ਨਾਲ ਟੈਟ ਕਰਦੇ ਸਲੰਸਰ ,ਖੜਕਾ ਤਾਂ ਨਾ ਕਰੂ " ਅਸੀਂ ਉਸੇ ਕੱਪੜੇ ਨਾਲ ਸਲੰਸਰ ਘੁੱਟ ਕੇ ਫਿੱਟ ਕਰਤਾ



ਮੁੱਲਾਂਪੁਰ ਟੱਪਦਿਆਂ ਫਰਰਟ ਫਰਰਟ ਕਰਦੀ ਗੱਡੀ ਬੰਦ ਹੋ ਗਈ ਡਰਾਈਵਰ ਨੇ ਬੋਨਟ ਖੋਲ੍ਹਿ, ਕੜੱਕ-ਕੜੱਕ ਦੀ ਆਵਾਜ਼ ਆ ਰਹੀ ਸੀ ਜੱਸੋਵਾਲ ਸਾਹਿਬ ਨੇ ਮੇਰੇ ਮੋਢੇ ਤੇ ਹੱਥ ਧਰਦਿਆਂ ਕਿਹਾ " ਆਹ ਗੋਲੀਆਂ ਵਾਲੇ ਲਫਾਫੇ ਚੋਂ ਦੋ ਪੀਲੀਆਂ ਜੀਆਂ ਗੋਲੀਆਂ ਕੱਢ ਕੇ ਫੜਾ ਦੇ ਨਾਲੇ ਪਾਣੀ ਵਾਲੀ ਬੋਤਲ" ਉਹਨਾਂ ਦੇ ਚਿਹਰੇ ਤੋਂ ਮਹਿਸੂਸ ਹੋ ਰਿਹਾ ਸੀ ਕਿ ਸਿਹਤ ਡਾਊਨ ਹੋ ਰਹੀ ਹੈ ਡਰਾਈਵਰ ਨੂੰ ਪੁੱਛਿਆ ਕੀ ਗੱਲ ਹੋ ਗਈ ਤਾਂ 'ਕੁਛ ਨੀ' ਕਹਿਕੇ ਉਹਨੇ ਸਿਲਫ ਮਾਰੀ ਗੱਡੀ ਸਟਾਰਟ ਹੋਗੀ ਜਗਰਾਓਂ ਕੋਲ ਜਾ ਕੇ ਏ.ਸੀ. ਬੰਦ ਹੋ ਗਿਆ - ਜੱਸਵਾਲ ਨੇ ਸ਼ੀਸ਼ਾਂ ਖੋਲਦਿਆਂ ਕਿਹਾ "ਖੁੱਲ੍ਹੀ ਹਵਾ ਲਓ - ਇਹਦੇ ਵਰਗੀ ਰੀਸ ਨੀ......ਏ.ਸੀ.ਊ.ਸੀ.' ਕੀ ਰੱਖਿਆ"


ਮੋਗੇ ਬਾਈਪਾਸ ਤੇ ਚਾਹ ਪੀਣ ਲਈ ਰੁਕੇ ਤਾਂ ਡਰਾਈਵਰ ਨੂੰ ਮੈਂ ਪਹਿਲਾਂ ਹੀ ਕਹਿ ਤਾ "ਗੱਡੀ ਸਟਾਰਟ ਹੀ ਰੱਖੀਂ, ਮੋਗੇ 'ਚ ਸਾਰੇ ਜਾਣਦੇ ਆ, ਧੱਕਾ ਲਾਉਂਦਿਆਂ ਨੂੰ ਸ਼ਰਮ ਆਊ।" ਅਜੇ ਬੈਠੇ ਈ ਸੀ ਕਿ ਗੱਡੀ ਦੇ ਬੋਨਟ ਚੋਂ ਭਾਫ਼ਾਂ ਨਿਕਲਣ ਲੱਗ ਪਈਆਂ , ਡਰਾਈਵਰ ਪਾਣੀ ਦੀ ਬਾਲਟੀ ਚੱਕ ਕੇ ਗੱਡੀ ਵੱਲ ਨੂੰ ਭੱਜ ਲਿਆ - ਮੈਂ ਹੈਰਾਨ ਸੀ - ਤਿੰਨ ਚਾਰ ਬਾਲਟੀਆਂ ਉਹਨੇ ਬੋਨਟ ਤੇ ਪਾਈਆਂ - ਤੇ ਆਖਣ ਲੱਗਾ "ਅੱਜ ਫੇਰ ਗਰਮ ਹੋ ਗਈ ਜੀ ਜਿਵੇਂ ਅੰਮ੍ਰਿਤਸਰ ਹੋਈ ਸੀ ,ਹੁਣ ਘੰਟੇ ' ਇੰਜਣ ਠੰਢਾ ਹੋਊ - ਫੇਰ ਤੁਰਾਂਗੇ।" 'ਕੋਈ ਨੀ ' ਜੱਸੋਵਾਲ ਨੇ ਬੇਪਰਵਾਹੀ ਦੇ ਦੋ ਸ਼ਬਦ ਬੋਲੇ ਤੇ ਢਾਬੇ ਦੇ ਉਸੇ ਮੰਜੇ ਤੇ ਸਿੱਧੇ ਹੋ ਗਏ ਮੈਂ ਆਖਿਆ "ਬਾਪੂ ! ਇੱਕ ਤਾਂ ਆਪਾਂ ਪਹਿਲਾਂ ਹੀ ਲੇਟ ਤੁਰੇ ਆਂ - ਦੂਜਾ ਤਿੰਨ ਵਾਰੀ ਰਾਹ ਵਿਚ ਗੱਡੀ ਖ਼ਰਾਬ ਹੋ ਗਈ - ਢਾਈ ਘੰਟਿਆਂ 'ਚ ਲੁਧਿਆਣਿਓਂ ਮਸਾਂ ਮੋਗੇ ਪਹੁੰਚੇ ਆਂ, ਅਜੇ ਘੰਟਾ ਇੰਜਣ ਨੀ ਠੰਢਾ ਹੁੰਦਾ - ਫਾਜ਼ਿਲਕਾ ਤੋਂ ਕਿਵੇਂ ਮੁੜਾਂਗੇ? "ਆਖਣ ਲੱਗੇ,"ਕੋਈ ਨੀ ਪਹੁੰਚ ਜਾਈਏ ਪਹਿਲਾਂ - ਮੁੜਨ ਬਾਰੇ ਬਾਅਦ ਵਿਚ ਸੋਚਾਂਗੇ "


"ਗੱਡੀ ਨੂੰ ਚੰਗੀ ਵਰਕਸ਼ਾਪ ਚ ਲਾ ਦੇ ਬਾਪੂ- ਸਾਰੇ ਕੰਮ ਹੋ ਜਾਣਗੇ ਨਿੱਤ ਦੀ ਖੱਜਲ਼ ਖੁਆਰੀ ਤੋਂ ਤਾਂ ਖਹਿੜਾ ਛੁੱਟ ਜ.." ਮੇਰੀ ਬੇਚੈਨੀ ਵਧਦੀ ਜਾ ਰਹੀ ਸੀ। "ਇਹਨੂੰ ਪੁੱਛ ਢਾਬੇ ਵਾਲੇ ਨੂੰ ਮਾਹਾਂ ਦੀ ਦਾਲ ਹੈ ਇਹਦੇ ਕੋਲ" ਬਾਪੂ ਦੀ ਗੱਲ ਸੁਣਦਿਆਂ ਮੈਂ ਖਿਝ ਕੇ ਡਰਾਈਵਰ ਨੂੰ ਕਿਹਾ ਕਿ 'ਮਾਰ ਕੇ ਦੇਖ ਸਿਲ਼ਫ - ਕੀ ਪਤਾ ਹੋਜੇ ਸਟਾਰਟ".


"ਨਹੀਂ ਅਜੇ ਨੀ ਹੋਣੀ - ਮੈਨੂੰ ਪਤਾ ਘੰਟਾ ਲੱਗੂ - ਰੋਜ਼ ਦਾ ਈ ਕੰਮ ਆ - ਸਾਲ ਹੋ ਗਿਆ ਬਾਪੂ ਨੂੰ ਕਹਿੰਦੇ ਨੂੰ ਬਈ ਕਿਸੇ ਚੰਗੇ ਮਿਸਤਰੀ ਤੋਂ ਕੰਮ ਹੋਣ ਵਾਲਾ - ਰੋਜ਼ ਦਾ ਦੋ ਤਿੰਨ ਸੌ ਕਿਲੋ ਮੀਟਰ ਤਾਂ ਚੱਲ ਜਾਂਦੀ ਆ, ਮਿਸਤਰੀ ਕੋਲ ਲੈ ਕੇ ਨੀ ਜਾਦੇਂ, ਬੱਸ ਧੱਕੇ ਨਾਲ਼ ਈ ਚਲਾਈ ਫਿਰਦੈਂ ਆ" ਵੈਸੇ ਤਾਂ ਡਰਾਈਵਰ ਦੀ ਗੱਲ ਬਾਪੂ ਨੂੰ ਸੁਣਦੀ ਸੀ ਪਰ ਮੈਂ ਫੇਰ ਵੀ ਦੁਹਰਾ ਕਿ ਬਾਪੂ ਨੂੰ ਕਿਹਾ "ਬਾਪੂ ਜੀ ਕਿਉਂ ਨੀ ਕਰਾਉਂਦੇ ਗੱਡੀ ਦਾ ਕੰਮ ? ਦੱਸੋ ਹੁਣ,ਕਦੋਂ ਗਏ ਫਾਜ਼ਿਲਕਾ ,ਕਦੋਂ ਮੁੜੇ ?" ਮੇਰੀ ਬੇਚੈਨੀ ਅਤੇ ਪਰੇਸ਼ਾਨੀ ਨੂੰ ਭਾਂਪਦਿਆਂ ਫੇਰ ਆਖਣ ਲੱਗੇ "ਤੂੰ ਮੁੜਨ ਬਾਰੇ ਨਾ ਸੋਚ - ਭਵਿੱਖ ਦੀਆਂ ਯੋਜਨਾਵਾਂ ਵੀ ਪਰੇਸ਼ਾਨ ਕਰਦੀਆਂ .. ਜਿਹੜੇ ਪਲ 'ਚ ਬੈਠੇ ਆਂ ਸੇ ਦਾ ਆਨੰਦ ਲੈ" ਜੱਸੋਵਾਲ ਹੌਂਸਲੇ ਤੇ ਸਹਿਜ ਵਿਚ ਸੀ , "ਆਹ ਜਿਹੜੀ ਥਾਂ ਆਂ ਨਾ ਨਿਰਮਲਾ - ਰੋਹੀ ਬੀਆਬਾਨ ਹੁੰਦਾ ਸੀ , ਬੰਦਾ ਤਾਂ ਦਿਸਦਾ ਨੀ ਸੀ ਹੁੰਦਾ ਨੇੜੇ ਤੇੜੇ, ਜੰਗਲ ਈ ਜੰਗਲ ਹੁੰਦੇ ਸੀ ਆ ਸੜਕ ਵੀ ਮੇਰਾ ਖ਼ਿਆਲ ਆ ਪਹਿਲਾਂ ਨਛੱਤਰ ਸਿਉਂ ਐਮ.ਐਲ.ਏ. ਨੇ ਬਣਾਈ ਬੜੇ ਉੱਚੇ ਖ਼ਿਆਲਾਂ ਦਾ ਬੰਦਾ ਸੀ ਉਹਆ ਜਿਹੜਾ ਪੁਲਸ ਅਫ਼ਸਰ ਆ ਵੱਡਾ ਪੰਜਾਬ ਦਾ, ਉਹਦਾ ਬਾਪ ਐਮ.ਐਲ.ਏ. ਨਛੱਤਰ ਸਿਹੁੰ .. ਉਨੀ ਸੌ ਅੱਸੀ 'ਚ ਅਸੀਂ ਕੱਠੇ ਐਮ.ਐਲ.ਏ ਬਣੇ ਸੀ ।" ਗੱਲ ਕਰਦਿਆਂ ਕਰਦਿਆਂ ਉਹਨਾਂ ਨੂੰ ਖੰਘ ਛਿੜ ਪਈ , ਮੈਂ ਪਾਣੀ ਦਾ ਗਲਾਸ ਫੜਾਉਣ ਲੱਗਿਆ , " ਬਾਪੂ ਜੀ ਥੋਨੂੰ ਤਾਂ ਬੁਖਾਰ ਆ !"ਹਾਂ ਨਿਰਮਲਾ ਲੱਗਦਾ ਤਾਂ ਮੈਨੂੰ ਵੀ ,ਉਸੇ ਲਫਾਫੇ ਚੋਂ ਦੋ ਹਰੀਆਂ ਗੋਲੀਆਂ ਲਿਆਦੇ" ਕੋਈ ਹੋਰ ਚਾਰਾ ਨਾ ਹੋਣ ਕਰਕੇ ਮੈਂ ਗੋਲੀਆਂ ਦੇ ਦਿੱਤੀਆਂ ਤੇ ਕਿਹਾ, "ਇਉਂ ਗੋਲੀਆਂ ਨਾ ਖਾਇਆ ਕਰੋ ,ਕਿਸੇ ਚੰਗੇ ਡਾਕਟਰ ਤੋਂ ਚੈੱਕ ਅੱਪ ਕਰਾ ਇੱਕ ਵਾਰ ।" ਨਾਲ਼ ਦੀ ਨਾਲ ਖ਼ਰਾਬ ਹੋਈ ਗੱਡੀ ਤੇ ਚਿੜ੍ਹਦਿਆਂ ਮੈਂ ਡਰਾਈਵਰ ਨੂੰ ਫੇਰ ਆਵਾਜ਼ ਮਾਰੀ, " ਮਾਰ ਸਿਲਫ ਹੁਣ ਤਾਂ ਘੰਟਾ ਹੋ ਗਿਆ ।" ਉਹਨੇ ਸਿਲਫ ਮਾਰੀ ਗੱਡੀ ਸਟਾਰਟ ਹੋ ਗਈਮੈਂ ਡਰਾਈਵਰ ਨੂੰ ਕਿਹਾ 'ਸੱਠ ਤੋਂ ਨਾ ਸੂਈ ਟਪਾਈਂ - ਫੇਰ ਗਰਮ ਹੋਜੂ , ਐਂਵੇ ਰਾਹ 'ਚ ਬੈਠੇ ਰਹਾਂਗੇ ……ਬਾਪੂ ਜੀ ਤੁਸੀਂ ਵੀ ਸੀਟ ਤੇ ਸਿੱਧੇ ਹੋਕੇ ਅਰਾਮ ਨਾਲ ਪੈ ਜਾ ,ਘੰਟੇ ਕੁ 'ਚ ਬੁਖਾਰ ਉਤਰ ਜੂ ।"



ਫ਼ਾਜ਼ਿਲਕਾ ਮੇਲੇ ਤੇ ਪਹੁੰਚੇਸਮਾਗਮ ਤੋਂ ਬਾਅਦ ਮੈਂ ਆਖਾਂ ਵਾਪਸ ਚੱਲੀਏ .. ਬਾਪੂ ਆਖੇ ਰਹਿਨੇ ਆਂ ਥੋੜੇ ਕੁ ਚਿਰ ਬਾਅਦ ਆਪ ਈ ਮੇਰੇ ਕੰਨ 'ਚ ਆਖਣ ਲੱਗੇ "ਮੇਰਾ ਚਿੱਤ ਠੀਕ ਨੀ .. ਸਰੀਰ ਫੇਰ ਡਾਊਨ ਹੋ ਚੱਲਿਆ .. ਜਾਂ ਤਾਂ ਸ਼ੂਗਰ ਵਧ ਘਟ ਗਈ ਜਾਂ ਬੀ ਪੀਗੋਲੀ ਮੇਰੇ ਕੋਲ ਹੈਗੀ ਆ .. ਇਹ ਮੈਂ ਚਾਹ ਨਾਲ ਲੈ ਲੈਨਾ.. ਤੇਰੀ ਗੱਲ ਸਿਆਣੀ ਆ ਨਿਰਮਲਾ ਆਪਾਂ ਰਹਿ ਕੇ ਕੀ ਕਰਨਾ , ਲੁਧਿਆਣੇ ਚਲਦੇ ਆਂ .. ਇਥੇ ਕੋਈ ਉੱਚੀ ਨੀਵੀਂ ਹੋਗੀ ਤਾਂ ਕੀਹਨੇ ਔਰ ਗੌਰ ਕਰਨਾ .. ਆਪਣੇ ਘਰ ਹੀ ਚੰਗੇ ਆਂ ।" ਅਸੀਂ ਗੱਡੀ ਲੁਧਿਆਣੇ ਵੱਲ ਨੂੰ ਪਾ ਗੱਡੀ ਦੇ ਗਰਮ ਹੋਣ ਦੇ ਡਰੋਂ ਰਾਹ 'ਚ ਦੋ ਤਿੰਨ ਵਾਰ ਰੁਕ ਰੁੱਕ ਕੇ ਲੁਧਿਆਣੇ ਕੋਲ ਪਹੁੰਚ ਗਏ



ਥਰੀਕਿਆਂ ਵਾਲੇ ਮੋੜ ਤੇ ਆ ਕੇ ਗੱਡੀ ਫੇਰ ਬੰਦ ਹੋਗੀਡਰਾਈਵਰ ਨੇ ਬੋਨਟ ਖੋਲ੍ਹਿਆ.. ਟੱਕ ਟੱਕ ਹੁੰਦੀ ਰਹੀ ਜੱਸੋਵਾਲ ਨੂੰ ਜਗਾਇਆ .. ਉਹਨਾਂ ਨੂੰ ਇਕ ਦਮ ਹੱਥੂ ਛਿੜ ਗਿਆ ਮੈ ਪਾਣੀ ਦਿੱਤਾ ਤਾਂ ਝੱਟ ਬੋਲੇ , " ਆ ਗੁੜ ਪਿਆ ਹੋਊ ਮੁਹਰੇ ਦੋ ਤਿੰਨ ਡਲੀਆਂ ਦੇ ਦੇ .. ਛੇਤੀਮੈਨੂੰ ਲਗਦਾ ਸ਼ੂਗਰ ਘਟਗੀ।" ਮੈਂ ਜਸੋਵਾਲ ਨੂੰ ਸੰਭਾਲ ਰਿਹਾ ਸੀ ਤੇ ਡਰਾਈਵਰ ਗੱਡੀ ਦੇ ਇੰਜਣ ਨਾਲ ਟੱਕਰਾਂ ਮਾਰ ਰਿਹਾ ਸੀਡਰਾਈਵਰ ਨੇ ਗੱਡੀ ਸਟਾਰਟ ਕਰਕੇ ਤੋਰ ਲੀ .. ਤੇ ਆਖਣ ਲੱਗਾ, " ਪਹਿਲੇ ਗੇਅਰ 'ਚ ਹੀ ਜਾਊਗੀ .. ਪਤਾ ਨੀ ਕੀ ਹੋ ਗਿਆ ਗੇਅਰ ਅੱਗੇ ਪਿੱਛੇ ਨੀ ਹੁੰਦਾ।" ਮੈਂ ਆਖਿਆ ' ਕੋਈ ਨੀ .. ਲੈ ਚੱਲ ਅੱਧੇ ਪੌਣੇ ਘੰਟੇ 'ਚ ਘਰੇ ਪਹੁੰਚ ਜਾਂਗੇ' ਘਰੇ ਪਹੁੰਚ ਕੇ ਮੈਂ ਜੱਸੋਵਾਲ ਸਾਹਿਬ ਨੂੰ ਫੜ ਕੇ ਮੰਜੇ ਤੱਕ ਲੈ ਗਿਆਆਖਣ ਲੱਗੇ 'ਮੈਂ ਠੀਕ ਆਂ ਤੁਸੀਂ ਆਰਾਮ ਕਰ' .. ਮੈਂ ਮੋਟਰਸਾਈਕਲ ਚੁੱਕ ਕੇ ਘਰੇ ਆ ਗਿਆ


ਦੂਜੇ ਦਿਨ ਮਾਸਟਰ ਸਾਧੂ ਸਿੰਘ ਦਾ ਫ਼ੋਨ ਆਇਆ ਅਖੇ 'ਬਾਪੂ ਜੱਸੋਵਾਲ ਸੀਰੀਅਸ ਆ - ਡੀ. ਐਮ.ਸੀ. ਐਮਰਜੈਂਸੀ 'ਚ ਛੇਤੀ ਪਹੁੰਚ' ਮੈਂ ਡੀ.ਐਮ.ਸੀ. ਗਿਆ ਤਾਂ ਮਾਸਟਰ ਐਮਰਜੈਂਸੀ ਦੇ ਬਾਹਰ ਖੜ੍ਹਾ ਸੀ, "ਕੀ ਦੱਸੀਏ ਯਾਰ! ਅਜੇ ਮੈਂ ਤਾਂ ਜੱਸੋਵਾਲ ਦੀ ਗੱਡੀ ਟੋਚਨ ਪਾਕੇ ਵਰਕਸ਼ਾਪ ਛੱਡ ਕੇ ਆਇਆ ਸੀ ,ਘੰਟੇ ਮਗਰੋਂ ਆਹ ਭਾਣਾ ਵਰਤ ਗਿਆ - ਕੁਦਰਤ ਵੱਲੀਓਂ ਪਰਗਟ ਗਰੇਵਾਲ ਵੀ ਉਥੇ ਆ ਗਿਆ।" ਉਹ ਹਰਫਲਿਆ ਪਿਆ ਸੀਜੱਸੋਵਾਲ ਦਾ ਪੁੱਤਰ ਜਸਵਿੰਦਰ ਤੇ ਪੋਤਰਾ ਵੀ ਮਾਸਟਰ ਦੇ ਨਾਲ ਸੀ ਅਸੀਂ ਐਮਰਜੈਂਸੀ ਦੇ ਅੰਦਰ ਗਏ.. ਜੱਸੋਵਾਲ ਸਾਹਿਬ ਬੇਹੋਸ਼ ਪਏ ਸੀ, ਉਹਨਾਂ ਦਾ ਮੋਬਾਈਲ ਸਾਨੂੰ ਫੜਾਉਂਦਿਆਂ ਨਰਸ ਨੇ ਹਾਲੇ ਨਾ ਬੁਲਾਉਣ ਦੀ ਹਦਾਇਤ ਕੀਤੀ ਅਸੀਂ ਕੋਲ ਬੈਠ ਗਏ ਚਾਰ ਘੰਟਿਆਂ ਬਾਅਦ ਜੱਸੋਵਾਲ ਸਾਹਿਬ ਨੂੰ ਹੋਸ਼ ਆਈ ਤਾਂ ਵਾਰਡ ਬੁਏ ਉਹਨਾ ਨੂੰ ਟੈਸਟਾਂ ਵਾਸਤੇ ਲੈ ਗਿਆਜਦੋਂ ਦੋ ਢਾਈ ਘੰਟਿਆਂ ਬਾਅਦ ਲਿਆ ਕੇ ਬੈੱਡ ਤਾਂ ਪਾਇਆ ਤਾਂ ਉਹਨਾਂ ਅੱਖ ਪੱਟੀ "ਅੱਜ ਤਾਂ ਨਿਰਮਲਾ ਰੱਬ ਨੇ ਈ ਰੱਖੇ ਲਗਦੇ ਆਂ - ਮੈਨੂੰ ਤਾਂ ਸਿਰਫ ਐਨਾ ਪਤਾ ਬਈ ਘਮੇਰ ਜੀ ਆਈ ਤੇ ਮੈਂ ਡਿੱਗ ਪਿਆ ,ਬੱਸ ਹੁਣ ਸੁਰਤ ਆਈ ਆ।"


"ਬਚਗੇ ਬਾਪੂ ਜੀ ਤੁਸੀਂ, ਦੁਬਾਰਾ ਜਨਮ ਹੋਇਆ - ਡਾਕਟਰ ਕਹਿੰਦੇ ਆ ਜੇ ਪੰਦਰਾਂ ਮਿੰਟ ਲੇਟ ਹੋ ਜਾਂਦੇ - ਬੱਸ ਵਰਤ ਜਾਣਾ ਸੀ ਭਾਣਾ।" ਜੱਸੋਵਾਲ ਦੇ ਫ਼ੋਨ ਤੇ ਘੰਟੀ ਵੱਜੀ ਡਰਾਈਵਰ ਦਾ ਫ਼ੋਨ ਸੀ ਜੋ ਸਵੇਰ ਤੋਂ ਵਰਕਸ਼ਾਪ 'ਚ ਗੱਡੀ ਦੇ ਕੋਲ ਸੀ ਉਹਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਗਿਆ ਪਿੱਛੋਂ ਫ਼ੋਨ ਆਨ ਕਰਕੇ ਮੈਂ ਜੱਸੋਵਾਲ ਦੇ ਕੰਨ ਨੂੰ ਲਾ ਤਾ,ਡਰਾਈਵਰ ਫਟਾ ਫਟ ਬੋਲਣ ਲੱਗ ਪਿਆ" ਗੱਡੀ ਦਾ ਇੰਜਣ ਖੁੱਲ੍ਹ ਗਿਆ ਜੀ, ਮਿਸਤਰੀ ਕਹਿੰਦਾ ਇਹ ਤਾਂ ਸਾਰੀ ਈ ਖੜਕੀ ਪਈ ਆ - ਕਲੱਚ ਪਲੇਟਾਂ ਉੱਡ ਗਈਆਂ - ਰਿੰਗ ਵੀ ਖ਼ਰਾਬ , ਸੈਂਸਰ ਤਾਂ ਕੋਈ ਵੀ ਕੰਮ ਨੀ ਕਰਦਾ ਤਾਂ ਹੀ ਤਾਂ ਤੇਲ ਦੀ ਸਪਲਾਈ ਬੰਦ ਹੋਈ ਰਹਿੰਦੀ ਆ, ਡੀਜ਼ਲ ਸਪਲਾਈ ਵਾਲਾ ਸਾਰਾ ਸਿਸਟਮ ਈ ਗਲ਼ਿਆ ਪਿਆ, ਏ.ਸੀ ਵਾਲੀ ਪਾਈਪ ਫਟੀ ਪਈ ਆ - ਮੁਗਲੈਲ਼ ਜਾਦਾ ਚੱਕਦੀ , ਸਾਰੀ ਕਿੱਟ ਬਦਲਣੀ ਪੈਣੀ ਆਂ ,ਹਿੱਡ ਤਾਂ ਨਵਾਂ ਈ ਪਊ ਹੁਣ , ਅਲਟਰਨੈਟਰ ਵੀ ਕੰਮ ਨੀ ਕਰਦਾ ਤਾਂ ਹੀ ਤਾਂ ਬੈਟਰੀ ਸੌਂ ਜਾਂਦੀ ਆ, ਰੇਡੀਏਟਰ ਦੀਆਂ ਪਾਈਪਾਂ ਲੀਕ ਕਰਦੀਆਂ, ਸਾਰੀ ਵਾਰਿੰਗ ਦੁਆਰਾ ਹੋਣ ਆਲੀ ਆ ,ਅਜੰਸੀ ਆਲੇ ਆਖਦੇ ਆ ਬਈ ਅਨਜਾਣ ਮਕੈਨਕਾਂ ਨੇ ਸੱਤਿਆਨਾਸ ਕਰਤਾ ਗੱਡੀ ਦਾ , ਮੂਹਰਲੇ ਰਿੰਮਾਂ ਦੀਆਂ ਗੋਲੀਆਂ ਟੁੱਟੀਆਂ ਪਈਆਂ, ਨਾਲੇ ਅਜੰਸੀ ਦਾ ਫੋਰਮੈਨ ਕਹਿੰਦਾ ਬਈ ਟੈਰਾਂ ਦਾ ਸੈੱਟ ਵੀ ਨਵਾਂ ਪਾ ਐਵੇਂ ਧੋਖਾ ਖਾਉਂਗੇ , ਡੈਂਟਿੰਗ ਤੇ ਪੇਟਿੰਗ ਸਮੇਤ ਦਸ ਕੁ ਦਿਨ ਲੱਗ ਸਕਦੇ ਆ ..ਜੇ ਕਹੋਂ ਤਾਂ ਲਾ ਦੀਏ ਵਰਆਲ ਰਿਪੇਅਰ ਤੇ ।"



ਜੱਸੋਵਾਲ ਫ਼ੋਨ ਸੁਣ ਹੀ ਰਿਹਾ ਸੀ ਕਿ ਡਾਕਟਰ ਰਿਪੋਰਟਾਂ ਲੈ ਕੇ ਆ ਗਿਆ ਤੇ ਸਹਿਜ ਅਵੱਸਥਾ 'ਚ ਦੱਸਣ ਲੱਗਾ "ਸਰਦਾਰ ਸਾਹਿਬ ਤੁਹਾਨੂੰ ਕਈ ਪ੍ਰਾਬਲਮਜ਼ ਨੇ - ਲੀਵਰ 'ਚ ਸੋਜ਼ ਆ, ਸ਼ੂਗਰ ਕੰਟਰੋਲ ਨਹੀਂ ਹੋ ਰਹੀ, ਯੂਰਕ ਐਸਡ ਕਾਫੀ ਵਧਿਆ ਹੋਇਆ, ਬਲੱਡ ਪ੍ਰੈਸ਼ਰ ਕਰਕੇ ਨਰਵਸ ਸਿਸਟਮ ਵੀਕ ਹੋ ਰਿਹਾ, ਫੇਫੜਿਆਂ 'ਚ ਇਨਫੈਕਸ਼ਨ ਆਈ ਆ, ਬਲੱਡ ਇਨਫੈਕਸ਼ਨ ਦੇ ਵੀ ਸਿੰਪਟਮਜ਼ ਆ ਰਹੇ ਆ ਇਸ ਕਰਕੇ ਕਿਡਨੀਜ਼ ਦੇ ਟੈਸਟ ਵੀ ਕਰਾਉਣੇ ਪੈਣੇ ਆਂ , ਐਗਰੈਸ਼ਨ ਜ਼ਿਆਦਾ ਰਹੀ ਕਰਕੇ ਬਰੇਨ ਰੈਸਟ ਦੀ ਵੀ ਲੋੜ ਆ, ਹਾਰਟ ਬੀਟ ਇਰੈਗੂਲਰ ਹੋਣ ਕਰਕੇ ਐਂਜੀਓਗਰਾਫੀ ਤੇ ਐੱਮ ਆਰ ਆਈ ਤੋਂ ਇਲਾਵਾ ਕੁਝ ਸਪੈਸ਼ਲ ਟੈਸਟ ਕਰਨੇ ਪੈਣੇ ਆਂ ,ਅਸਲ ਅਨਰਿਕਮੈਂਡਡ ਮੈਡੀਸਨ ਨੇ ਵੀ ਤੁਹਾਨੂੰ ਹਾਰਮ ਕੀਤਾ, ਜਾਨੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ …"

ਡਾਕਟਰ ਨੂੰ ਵਿੱਚੇ ਟੋਕ ਕੇ ਜੱਸੋਵਾਲ ਸਾਹਿਬ ਕਹਿਣ ਲੱਗੇ, " ਡਾਕਟਰ ਸਾਹਿਬ , ਸਮਝਾ ਤਾਂ ਮੈਨੂੰ ਮੇਰੇ ਡਰਾਈਵਰ ਨੇ ਫੋਨ ਤੇ ਈ ਦਿੱਤਾ - ਹੁਣ ਤੁਸੀਂ ਮੈਨੂੰ ਓਵਰਆਲ ਰਿਪੇਅਰ ਤੇ ਲਾ ਈ ਦਿਓ।"

Friday, September 2, 2011

ਸੁਰਿੰਦਰ ਸੋਹਲ - ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ – ਲੇਖ – ਭਾਗ ਪਹਿਲਾ

ਦੋਸਤੋ! ਇਫ਼ਤਿਖ਼ਾਰ ਨਸੀਮ ਉਰਫ਼ ਇਫ਼ਤੀ ਨਸੀਮ ਉਰਦੂ/ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ, ਸ਼ਾਇਰ ਅਤੇ ਕਾਲਮ-ਨਵੀਸ ਸੀਉਹ ਸ਼ਿਕਾਗੋ ਰਹਿੰਦਾ ਸੀ ਅਤੇ ਸੰਗਮ ਰੇਡੀਓ ਚਲਾਉਂਦਾ ਸੀਉਸਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਗੁਲਜ਼ਾਰ, ਅਹਿਮਦ ਨਸੀਮ ਕਾਸਮੀ ਵਰਗੇ ਵੱਡੇ ਲੇਖਕਾਂ ਨੇ ਭਰਪੂਰ ਲਿਖਿਆ ਹੈਉਸਦੀਆਂ ਤਿੰਨ ਕਿਤਾਬਾਂ 'ਤਿੰਨ ਚਿਹਰਿਆਂ ਵਾਲ਼ਾ ਰੱਕਾਸ' (ਨਜ਼ਮਾਂ), 'ਸ਼ਬਰੀ' (ਕਹਾਣੀਆਂ), 'ਰੇਤ ਕਾ ਆਦਮੀ' (ਗ਼ਜ਼ਲਾਂ) (ਤਿੰਨੋ ਕੁਕਨੁਸ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ) ਸੁਰਿੰਦਰ ਸੋਹਲ ਸਾਹਿਬ ਵੱਲੋਂ ਅਨੁਵਾਦ ਅਤੇ ਲਿੱਪੀਅੰਤਰ ਕੀਤੀਆਂ ਗਈਆਂ ਹਨਉਸਦੀ ਸ਼ਖ਼ਸੀਅਤ ਅਤੇ ਲਿਖਣ-ਕਲਾ ਬਾਰੇ ਇਹ ਨਿਬੰਧ ਸੁਰਿੰਦਰ ਸੋਹਲ ਸਾਹਿਬ ਨੇ ਲਿਖਿਆ ਹੈ, ਜਿਸ ਰਾਹੀਂ ਇਫ਼ਤੀ ਨਸੀਮ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈਸੋਹਲ ਸਾਹਿਬ ਦਾ ਇਹ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਦਾ ਬੇਹੱਦ ਸ਼ੁਕਰੀਆ। ਨਸੀਮ ਸਾਹਿਬ ਦੀ ਫ਼ੋਟੋ...ਉਹਨਾਂ ਦੀ ਵਾੱਲ ਤੋਂ ਧੰਨਵਾਦ ਸਹਿਤ ਲਈ ਗਈ ਹੈ।

ਅਦਬ ਸਹਿਤ
ਤਨਦੀਪ ਤਮੰਨਾ
( ਪਹਿਲੀ ਵਾਰ ਇਸ ਲੇਖ ਨੂੰ ਪੋਸਟ ਕਰਦਿਆਂ ਕੁਝ ਤਕਨੀਕੀ ਸਮੱਸਿਆ ਕਰਕੇ , ਆਰਸੀ ਦੇ ਮੁੱਖ ਪੇਜ 'ਤੇ ਬਲੌਗ ਦੀ ਅਪਡੇਟ ਨਜ਼ਰ ਨਹੀਂ ਆ ਰਹੀ ਸੀ, ਸੋ ਪਹਿਲੀ ਪੋਸਟ ਉਤਾਰ ਕੇ ਇਹ ਲੇਖ ਨਵੇਂ ਸਿਰਿਉਂ ਪੋਸਟ ਕੀਤਾ ਗਿਆ ਹੈ ਜੀ...ਸ਼ੁਕਰੀਆ)


*******


ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ


ਲੇਖ


ਭਾਗ ਪਹਿਲਾ
ਦੁਪਿਹਰ ਦੇ ਦੋ ਵੱਜੇ ਸਨ
ਸ਼ਰੀਫ਼ਾਂ ਦੀ ਨਜ਼ਰ ਵਿਚ ਨਿਊਯਾਰਕ ਸ਼ਹਿਰ ਦੀ ਬਲੀਕਰ ਸਟਰੀਟ ਦਾ ਇਹ ਇਲਾਕਾ ਬਦਨਾਮ ਜਿਹਾ ਹੈਮੈਂ ਬੈੱਲ ਵਜਾਈ ਇਫ਼ਤੀ ਉਰਫ਼ ਇਫ਼ਤਿਖ਼ਾਰ ਨਸੀਮ ਨੇ ਦਰਵਾਜ਼ਾ ਖੋਲ੍ਹਿਆਬੜੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ ਤੇ ਕਿਹਾ,'ਲੈ ਦੋ ਮਿੰਟ ਪਹਿਲਾਂ ਦੋ ਕੰਜਰੀਆਂ ਦਾ ਫੋਨ ਆਇਆ ਸੀ; ਹੁਣੇ ਆਉਣਗੀਆਂ; ਪਰ ਤੂੰ ਚਿੰਤਾ ਨਾ ਕਰਮੈਂ ਦੋ ਮਿੰਟਾਂ 'ਚ ਉਨ੍ਹਾਂ ਨੂੰ ਫ਼ਾਰਗ਼ ਕਰ ਕੇ ਤੋਰ ਦੇਣਾ' ਉਸ ਦੇ ਬਦਨ 'ਤੇ ਪਾਇਆ ਨੀਲਾ ਚੋਗਾ ਜਿਵੇਂ ਬਦਨਾਮੀ ਦੀ ਜ਼ਹਿਰ ਦਾ ਦਰਿਆ ਲੰਘ ਕੇ ਆਇਆ ਸੀ
'
ਇਹ ਸਾਡੀ ਅੰਮਾਂ ਦਾ ਘਰ ਹੈ' ਅਸੀਂ ਸੋਫ਼ੇ 'ਤੇ ਬੈਠ ਗਏ, 'ਰਮੇਸ਼ ਅੱਜ ਕਲ ਇੰਡੀਆ ਗਿਆ ਹੋਇਆ ਏ; ਉਸ ਅਸੀਂ ਅੰਮਾ ਕਹਿੰਦੇ ਆਂ'
ਮੈਂ ਇਫ਼ਤੀ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰ ਰਿਹਾ ਸਾਂਪਹਿਲਾਂ ਤਾਂ ਉਹ ਸ਼ਿਕਾਗੋ ਤੋਂ ਫੋਨ 'ਤੇ ਲਿਖਵਾ ਦਿੰਦਾ ਸੀਉਰਦੂ ਦੇ ਔਖੇ ਸ਼ਬਦਾਂ ਦੇ ਅਰਥ ਨਾਲੋ ਨਾਲ ਸਮਝਾ ਦਿੰਦਾ ਪਰ ਵਕਤ ਬਹੁਤ ਖਰਚ ਹੁੰਦਾ ਸੀਪੂੰਜੀਵਾਦੀ ਮੁਲਕਾਂ ਵਿਚ ਡਾਲਰ ਸਸਤੇ ਹਨ ਵਕਤ ਮਹਿੰਗਾ ਹੈਪਿਛਲੇ ਦਿਨੀ ਉਸ ਨੇ ਮੈਨੂੰ ਦੱਸਿਆ ਕਿ ਉਹ ਨਿਊਯਾਰਕ ਆ ਰਿਹਾ ਸੀਅਸੀਂ ਕਵਿਤਾਵਾਂ ਟੇਪ ਕਰਨ ਦੀ ਯੋਜਨਾ ਬਣਾਈ ਸੀਇਸੇ ਸਿਲਸਿਲੇ ਵਿਚ ਮੈਂ ਉਸਨੂੰ ਮਿਲਣ ਡਾਊਨ ਟਾਊਨ ਦੇ ਬਦਨਾਮ ਇਲਾਕੇ ਵਿਚ ਝਕਦਾ ਝਕਦਾ ਜਾ ਪਹੁੰਚਾ ਸਾਂ
'
ਚੱਲ ਰਸੋਈ ਵਿਚ ਚਲਦੇ ਆਂ' ਉਹ ਉਠਿਆ, 'ਨਾਲੇ ਕੌਫ਼ੀ ਬਣਾਉਂਦੇ ਆਂ ਨਾਲੇ ਗੱਲਾਂ ਕਰਦੇ ਆਂ'
ਮੈਂ ਉਸ ਨਾਲ ਭੇਦ ਭਰੇ ਪ੍ਰਸ਼ਨ ਕਰਨ ਲਈ ਤਿਆਰ ਹੋ ਕੇ ਆਇਆ ਸਾਂ ਪਰ ਗੱਲ ਸ਼ੁਰੂ ਕਰਨ ਦਾ ਮਾਹੌਲ ਨਹੀਂ ਸੀ ਬਣ ਰਿਹਾ ਤੇ ਉਹ ਉੰਝ ਹੀ ਬੇਬਾਕ, ਬਿੰਦਾਸ, ਨੰਗੀਆਂ ਗੱਲਾਂ ਕਰੀ ਜਾ ਰਿਹਾ ਸੀ
ਇਕ ਵਾਰ ਅਸ਼ਰਫ਼ ਕੁਰੈਸ਼ੀ ਨੇ 'ਹਲਕਾ ਏ ਅਰਬਾਬੇ ਜ਼ੌਕ' ਦੀ ਇਕ ਮੀਟਿੰਗ ਵਿਚ ਇਫ਼ਤੀ ਦਾ ਰੇਖਾ-ਚਿੱਤਰ ਪੜ੍ਹਿਆ ਸੀਇਹ ਨਾਂ ਮੈਂ ਉਦੋਂ ਪਹਿਲੀ ਵਾਰ ਸੁਣਿਆਂ ਸੀਇਸ ਵਿਚ ਉਸ ਦੀ ਸ਼ਖ਼ਸੀਅਤ ਨੂੰ ਇਕ ਸੱਚ ਦਾ ਪਰਤੀਕ ਬਣਾ ਕੇ ਪੇਸ਼ ਕੀਤਾ ਗਿਆ ਸੀਇਕ ਵਾਰ ਤਾਂ ਮੈਨੂੰ ਚੱਕਰ ਆ ਗਿਆ ਸੀ ਜਦ ਸ਼ਰੇਆਮ ਉਸ ਨੂੰ 'ਗੇਅ' (ਸਮਲਿੰਗੀ) ਕਿਹਾ ਗਿਆ ਸੀਇਹ ਸ਼ਬਦ ਰੇਖਾ-ਚਿੱਤਰ ਵਿਚ ਇਕ ਤੋਂ ਵੱਧ ਵਾਰੀ ਵਰਤਿਆ ਗਿਆ ਸੀਸਾਰੇ ਚੁੱਪ ਸਨਜਿਵੇਂ ਸਭ ਦੇ ਅੰਦਰ ਹੀ ਮੇਰੇ ਵਾਂਗ ਤੂਫ਼ਾਨ ਉਠ ਖਲੋਇਆ ਸੀ
ਅਨਹਲ ਹੱਕ ਦਾ ਨਾਹਰਾ ਲਾਉਣ ਦੀ ਸਜ਼ਾ ਸਿਰਫ਼ ਸੂਲੀ ਹੈ, ਜਿਸ ਤੋਂ ਬਾਦ ਸਰੀਰਕ ਕਸ਼ਟ ਤੋਂ ਨਿਜਾਤ ਮਿਲ ਜਾਂਦੀ ਹੈ ਪਰ ਇਸ ਤਰਾਂ ਦਾ ਐਲਾਨóó..ਇਸ ਦੀ ਸਜ਼ਾ ਬਹੁਤ ਭਿਆਨਕ ਹੈਹਰ ਪਲ ਸੋਚ ਜ਼ਮਾਨੇ ਦੀਆਂ ਖਚਰੀਆਂ ਨਜ਼ਰਾਂ ਦੀ ਸੂਲੀ 'ਤੇ ਟੰਗੀ ਰਹਿੰਦੀ ਹੈਤਿੱਖੀ ਮੁਸਕਰਾਹਟ ਦਾ ਤੇਜ਼ਾਬ ਆਤਮਾ 'ਤੇ ਤਿਪ ਤਿਪ ਟਪਕਦਾ ਰਹਿੰਦਾ ਹੈਲੁਤਫ਼ ਦੀ ਸਿਖ਼ਰ ਵੀ ਜ਼ਹਿਰ ਨਿਗਲਣ ਸਮਾਨ ਹੁੰਦੀ ਹੈਬਦਨਾਮੀ ਦੀ ਸਲੀਬ ਜ਼ਿਹਨ ਵਿਚ ਉਤਰ ਆਉਂਦੀ ਹੈਤਮਾਸ਼ਾ ਬਣ ਕੇ ਕੋਈ ਕਿੰਨਾ ਕੁ ਚਿਰ ਜੀ ਸਕਦਾ ਹੈ? ਉਸ ਆਦਮੀ ਨੂੰ ਮਿਲਣ ਦੀ ਇਛਾ ਬੰਨੇ ਤੋੜ ਰਹੀ ਸੀ
ਆਖ਼ਿਰ ਉਹ ਦਿਨ ਵੀ ਆ ਗਿਆ
ਮੈਨੂੰ ਚੰਗੀ ਤਰਾਂ ਯਾਦ ਹੈ
ਉਸ ਦਿਨ ਬਰਫ਼ ਵਿਚ ਖੁਰ ਕੇ ਸ਼ਾਮ ਦਾ ਘਸਮੈਲਾ ਰੰਗ, ਹਲਕਾ ਸਲੇਟੀ ਹੋ ਗਿਆ ਸੀ, ਜਿਸ ਤਰਾਂ੍ਹ ਫ਼ਜ਼ਾ ਵਿਚ ਇਫ਼ਤੀ ਦਾ ਸੁਰਮਈ ਰੰਗ ਘੁਲ ਗਿਆ ਹੋਵੇ ਧਰਤੀ ਤੋਂ ਲੈ ਕੇ ਆਸਮਾਨ ਤਕਉਸ ਦੀ ਹੋਂਦ ਸੱਚਮੁੱਚ ਸਾਧਾਰਨ ਮਨੱਖ ਤੋਂ ਲੈ ਕੇ ਸੱਚ ਦੇ ਪਰਤੀਕ ਤੱਕ ਫੈਲੀ ਹੋਈ ਸੀਉਸ ਦੀ ਹਰ ਉਂਗਲੀ ਵਿਚ ਵੱਖਰੇ ਵੱਖਰੇ ਤਾਰਿਆਂ ਦੇ ਨਮੂਨੇ ਵਾਲੀਆਂ ਮੁੰਦਰਾਂ ਸਨਜਿਵੇਂ ਉਹ ਦੂਸਰਿਆਂ ਦੇ ਹਿੱਸੇ ਦੇ ਪੂਛਲ ਤਾਰਿਆਂ ਨੂੰ ਆਪਣੀਆਂ ਮੁੱਠਾਂ ਵਿਚ ਬੰਦ ਕਰ ਲੈਣਾ ਚਾਹੁੰਦਾ ਹੋਵੇਸ਼ਾਹੀਨ ਹੋਟਲ ਦੇ ਖੁੱਲ੍ਹੇ ਹਾਲ ਵਿਚ ਅਸੀਂ ਬੈਠੇ ਸਾਂ
ਉਹ ਦੱਸ ਰਿਹਾ ਸੀ 'ਨੁਸਰਤ ਅਲੀ ਫ਼ਤਹਿ ਖ਼ਾਂ ਮੇਰਾ ਕਲਾਸ ਫ਼ੈਲੋ ਸੀਪਰਵੇਜ਼, ਅਸੀਂ ਇਸ ਨੂੰ ਪੇਜੀ ਪੇਜੀ ਕਹਿੰਦੇ ਸਾਂ ਜੀਨੀਅਸ ਪਰਸਨਏਨੀ ਛੋਟੀ ਉਮਰ ਵਿਚ ਗਾਇਕੀ 'ਤੇ ਛਾ ਗਿਆਮਰਨ ਤੋਂ ਪਹਿਲਾਂ ਤੁਸਾਂ ਦੇਖਿਆ ਹੋਵੇਗਾ; ਜਦੋਂ ਤੀਜੀ ਚੌਥੀ ਵਿਚ ਸਾਡੇ ਨਾਲ ਪੜ੍ਹਦਾ ਸੀ ਉਦੋਂ ਵੀ ਏਡਾ ਈ ਸੀ' ਉਹ ਠਹਾਕਾ ਮਾਰ ਕੇ ਹੱਸਿਆ ਸੀਮੈਨੂੰ ਉਸ ਦੇ ਹਾਸੇ ਦੇ ਦਰਿਆ ਪਿਛੇ ਦੂਰ ਤਕ ਫੈਲਿਆ ਸਹਾਰਾ ਦਾ ਮਾਰੂਥਲ ਨਜ਼ਰ ਆਇਆ ਸੀ
ਲੋਕ ਕੁਰਸੀਆ 'ਤੇ ਜੁੜਦੇ ਜਾ ਰਹੇ ਸਨਕੁਝ ਲੋਕ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਸਨਉਸ ਅੰਦਰ ਜਗਦੀ ਜ਼ਮੀਰ ਦੀ ਮਸ਼ਾਲ ਦਾ ਚਾਨਣ ਮਸਤਕ ਵਿਚ ਸੰਭਾਲ ਰਹੇ ਸਨਕੁਝ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ; ਬੁੱਲ੍ਹਾਂ ਉਤੇ ਹਲਕੀ ਜਿਹੀ ਮੁਸਕਾਨ ਦੀ ਬਰਫ਼ ਚਿਪਕਾਈਉਸ ਦੀਆਂ ਗੱਲਾਂ 'ਤੇ ਕੁਝ ਇਕ ਦੂਜੇ ਨੂੰ ਕੁਹਣੀਆਂ ਮਾਰ ਰਹੇ ਸਨ, ਗੁੱਝਾ ਗੁੱਝਾ ਹੱਸ ਰਹੇ ਸਨ
ਉਸ ਦੀ ਸ਼ਾਇਰੀ ਦਾ ਦੌਰ ਸ਼ੁਰੂ ਹੋਇਆ:
ਵਸਲ ਕੇ ਨੱਸ਼ੇ ਮੇਂ ਉਸ ਕਾ ਕਹਿਰ ਭੀ ਅੱਛਾ ਲਗਾ
ਭੂਖ ਇਤਨੀ ਥੀ ਕਿ ਮੁਝ ਕੋ ਜ਼ਹਿਰ ਭੀ ਅੱਛਾ ਲਗਾ
ਮੈਂ ਕੌਨ ਹੂੰ ਯੇ ਉਸੇ ਯਾਦ ਹੀ ਨਹੀਂ ਰਹਿਤਾ,
ਵੋ ਮੇਰੇ ਸਾਮਨੇ ਮੇਰੀ ਮਿਸਾਲ ਦੇਤਾ ਹੈ
ਬਾਰਿਸ਼ੋਂ ਕਿ ਬਾਅਦ ਸਤਰੰਗੀ ਧਨਕ ਆ ਜਾਏਗੀ
ਖੁਲ੍ਹ ਕੇ ਰੋ ਲੋ ਗੇ ਤੋ ਚਿਹਰੇ ਪਰ ਚਮਕ ਆ ਜਾਏਗੀ
ਵਿਚ ਵਿਚ ਉਹ ਆਪਣੇ ਬਾਰੇ ਬੋਲਦਾ ਸੀਨਹੀਂ ਉਹ ਇਕ ਇਕ ਕਰਕੇ ਆਪਣੇ ਕਪੜੇ ਉਤਾਰ ਰਿਹਾ ਸੀ ਇਕ ਦੂਜੇ ਨੂੰ ਕੂਹਣੀਆਂ ਮਾਰਨ ਵਾਲੇ ਰੁਕ ਗਏ ਸਨਜਿਹੜੇ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ ਉਨ੍ਹਾਂ ਦੇ ਬੁੱਲ੍ਹਾਂ ਤੋਂ ਹਲਕੀ ਮੁਸਕਾਨ ਦੀ ਬਰਫ਼ ਪਿਘਲ ਕੇ ਉਨ੍ਹਾਂ ਦੇ ਹੀ ਗਿਰੇਬਾਨ ਵਿਚ ਜਾ ਡਿੱਗਦੀ ਜਾ ਰਹੀ ਸੀਜਿਵੇਂ ਜਿਵੇਂ ਉਹ ਆਪਣੇ ਕਿਰਦਾਰ ਨੂੰ ਨਿਰਵਸਤਰ ਕਰੀ ਜਾ ਰਿਹਾ ਸੀ ਉਸ 'ਤੇ ਪਿਆ ਸੱਚ ਦਾ ਕਵਚ ਓਨੀ ਹੀ ਮਜ਼ਬੂਤੀ ਨਾਲ ਲੋਕਾਂ ਦੀਆਂ ਅੱਖਾਂ 'ਚੋਂ ਨਿਕਲਣ ਵਾਲੇ ਸ਼ਰਾਰਤੀ ਤੀਰਾਂ ਨੂੰ ਖੁੰਢ੍ਹੇ ਕਰ ਕਰਕੇ ਜ਼ਮੀਨ 'ਤੇ ਸੁੱਟ ਰਿਹਾ ਸੀ
ਉਹ ਸਾਹਿਤਕ ਸ਼ਗ਼ੂਫ਼ੇ ਸੁਣਾ ਰਿਹਾ ਸੀ, 'ਇਕ ਵਾਰੀ ਫ਼ਿਲਮ ਐਕਟਰੈੱਸ ਫਰਹਾ ਦੇ ਘਰ ਪਾਰਟੀ ਸੀਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ ਸਨ ਖੁੱਲ੍ਹਾ ਹਾਲ ਫੁੱਲਾਂ ਤੇ ਲੋਕਾਂ ਨਾਲ ਭਰ ਗਿਆਫਰਹਾ ਨੇ ਕਿਹਾ-ਦੇਖੋ ਹਰ ਤਰਫ਼ 'ਫ਼ੂਲ' ਹੀ 'ਫ਼ੂਲ' ਹੈਂ। (ਫ਼ੂਲ-ਮੂਰਖ)
ਹਲਕਾ-ਏ-ਅਰਬਾਬੇ ਜ਼ੌਕ ਦੀ ਮੀਟਿੰਗ ਵਿਚ ਬੈਠੇ ਲੋਕ ਜ਼ੋਰ ਦੀ ਹੱਸੇਉਹ ਖ਼ੁਦ ਵੀ ਖਿੜ ਗਿਆਸਾਰੇ ਹਸਦਿਆਂ ਵਿਚ ਮੈ ਉਸ ਦਾ ਹਾਸਾ ਤੱਕਿਆ ਵੀ ਤੇ ਸੁਣਿਆ ਵੀਉਹ ਲਘੂ ਮਾਨਵ ਨਹੀਂ ਸੀ ਜਿਹੜਾ ਬਾਕੀਆਂ ਵਿਚ ਗੁੰਮ ਜਾਂਦਾ। (ਲਘੂ ਮਾਨਵ ਬਾਰੇ ਡਾ. ਹਰਿਭਜਨ ਸਿੰਘ ਨੇ ਲਿਖਿਆ ਹੈ-ਮੈਂ ਉਸਦਾ ਹਾਸਾ ਤੱਕਿਆ ਸੀ ਪਰ ਉਸਦਾ ਹਾਸਾ ਸੁਣ ਨਹੀਂ ਸਕਿਆ, ਸਭ ਹਸਦਿਆਂ ਵਿਚ ਉਹ ਹਸਦਾ ਸੀ।)
ਉਸ ਦੇ ਗਲ ਵਿਚਲੀਆਂ ਮਾਲਾਵਾਂ ਇਕ ਛਿਨ ਲਈ ਸੱਪ ਬਣ ਗਈਆਂਉਹ ਮੈਨੂੰ ਸ਼ਿਵ ਜੀ ਵਰਗਾ ਜਾਪਿਆਜਦੋਂ ਅੱਜ ਹਰ ਵਿਅਕਤੀ 'ਸੱਚ' ਦਾ ਅੰਮ੍ਰਿਤ ਪੀਣ ਤੋਂ ਤਰਹਿੰਦਾ ਈਰਖਾ, ਜਲਣ, ਸੁਆਰਥ, ਝੂਠ ਦਾ ਜ਼ਹਿਰ ਪੀਣ ਵਿਚ ਮਸਰੂਫ਼ ਹੈ ਤਾਂ ਇਫ਼ਤੀ ਨੇ ਕਿਹਾ, 'ਲਿਆਓ ਬਦਨਾਮੀ ਦੇ ਸੱਚ ਦਾ ਅੰਮ੍ਰਿਤ ਮੈ ਪੀ ਲੈਂਦਾ ਹਾਂ' ਤੇਜ਼ਾਬ ਵਰਗਾ ਸੱਚ ਪੀ ਕੇ ਉਸ ਦਾ ਕੰਠ ਨੀਲਾ ਨਹੀਂ ਹੋਇਆ ਸਗੋਂ ਉਸ ਦਾ ਤਨ-ਮਨ ਸਾਂਵਲਾ ਹੋ ਗਿਆਉਸ ਦੇ ਬਦਨ ਤੋਂ ਤਿਲਕੇ ਸਾਂਵਲਾ ਰੰਗ ਬਰਫ਼ ਵਿਚ ਖੁਰ ਗਿਆ ਸੀ ਤੇ ਸਾਰੀ ਫ਼ਜ਼ਾ ਸਲੇਟੀ ਰੰਗੀ ਹੋ ਗਈ ਸੀ ਧਰਤੀ ਤੋਂ ਲੈ ਕੇ ਆਸਮਾਨ ਤਕ
ਹੁਣ ਮੈਂ ਉਸਦੇ ਕੋਲ ਡਾਊਨ-ਟਾਊਨ ਵਿਚ ਬੈਠਾ, ਉਸਦੀਆਂ ਹਰਕਤਾਂ ਨੂੰ ਬਾਰੀਕੀ ਨਾਲ ਦੇਖ ਰਿਹਾ ਸਾਂ
ਕਾਲ਼ੀ ਕੌਫ਼ੀ ਉਸ ਨੇ ਮੇਰੇ ਮੂਹਰੇ ਧਰ ਦਿੱਤੀ
ਰੁਸਵਾਈ ਦੀ ਸਲੀਬ 'ਤੇ ਆਪਣੇ ਵੱਲ ਉੇਠੀਆਂ ਉਂਗਲਾਂ ਦੇ ਕਿੱਲਾਂ ਨਾਲ ਵਿੰਨ੍ਹਿਆਂ ਇਫ਼ਤੀ ਜਦ ਖਿੜ ਖਿੜਾ ਕੇ ਹੱਸਦਾ ਹੈ ਤਾਂ ਜ਼ਮਾਨੇ ਦੀ ਨਜ਼ਰ, ਖਲਕਤ ਦੀ ਮੁਸਕਰਾਹਟ ਅਤੇ ਸ਼ਰਾਰਤ ਦੀਆਂ ਉਂਗਲਾਂ ਨੂੰ ਪਸੀਨਾ ਆ ਜਾਂਦਾ ਹੈਉਸ ਦੀ ਨਜ਼ਰ ਵਿਚ ਹਰ ਵਿਅਕਤੀ 'ਗੇਅ' ਹੈਹਾਲਾਤ ਤੇ ਮਜਬੂਰੀਆਂ ਹਰ ਵਿਅਕਤੀ ਨਾਲ ਜਬਰ-ਜਿਨਾਹ ਕਰਦੇ ਹਨਆਦਮੀ ਪਿਸਦਾ ਰਹਿੰਦਾ ਹੈ; ਅਖੌਤੀ ਕਦਰਾਂ ਕੀਮਤਾਂ ਦੀਆਂ ਕੰਦਰਾਂ ਵਿਚ ਆਪਣਾ ਮੂੰਹ ਛੁਪਾਉਂਦਾ ਫਿਰਦਾ ਹੈਪਰ ਅੰਦਰੂਨੀ ਤੇ ਬਾਹਰੀ ਹੋਂਦ 'ਤੇ ਪਏ ਪਰਦਿਆਂ ਨੂੰ ਲਾਹ ਕੇ ਅਸਲੀ ਰੂਪ ਵਿਚ ਨਸ਼ਰ ਹੋਣ ਦਾ ਜਿਗਰਾ ਸਿਰਫ਼ ਇਫ਼ਤੀ ਕੋਲ ਹੀ ਹੈ
ਸ਼ਬਾਨਾ ਆਜ਼ਮੀ ਨੇ 'ਫ਼ਾਇਰ' ਫ਼ਿਲਮ ਕਰਨ ਵੇਲੇ ਇਫ਼ਤੀ ਦਾ ਪ੍ਰਤੀਕਰਮ ਜਾਣਨਾ ਚਾਹਿਆ ਸੀ ਤਾਂ ਇਸ ਨੇ ਕਿਹਾ ਸੀ, ' ਇਸ ਫ਼ਿਲਮ ਦਾ ਰੋਲ ਤੈਨੂੰ ਸਦੀਆਂ ਤਕ ਜੀਵਤ ਰਖੇਗਾ'
ਬੈੱਲ ਵੱਜੀ
'
ਲੈ ਇਕ ਕੰਜਰੀ ਤਾਂ ਆ ਗਈ' ਉਸ ਨੇ ਉਠ ਕੇ ਦਰਵਾਜ਼ਾ ਖੋਲ੍ਹਿਆਬਾਈਆਂ-ਤੇਈਆਂ ਸਾਲਾਂ ਦਾ ਲੜਕਾ ਅੰਦਰ ਆਇਆਦੋਵੇਂ ਚੁੰਮ ਕੇ ਮਿਲੇਲਾਕ ਬੰਦ ਕਰਦਾ ਇਫ਼ਤੀ ਬੋਲਿਆ, ' ਹੇ ਬੇਰੀ! ਕੁਡ ਯੂ ਟੈੱਲ ਮੀ ਯੂ ਆਰ ਹੀ ਔਰ ਸ਼ੀ'
ਕੁੜੀਆਂ ਵਰਗੀ ਆਵਾਜ਼ ਵਿਚ ਬੇਰੀ ਬੋਲਿਆ, ' ਮਾਮਾ ! ਆਈ ਕੁਡ ਨਾਟ ਸਿਲੈਕਟ ਮਾਈ ਜੈਂਡਰ ਯੈੱਟ!' ਤੇ ਉਹ ਫ਼ਰਿਜ ਵਿਚੋਂ ਕੁਝ ਖਾਣ ਲਈ ਲੱਭਣ ਲੱਗ ਪਿਆ
'
ਤੁਹਾਡੀ ਉਮਰ?' ਮੈਂ ਪੁਛਿਆ
ਉਹ ਆਦਤ ਮੁਤਾਬਿਕ ਖਿੜ ਖਿੜਾ ਕੇ ਹੱਸਿਆਫਿਰ ਹੇਠਲੇ ਬੁੱਲ੍ਹ 'ਤੇ ਉਂਗਲ ਰੱਖ ਕੇ ਨਜ਼ਾਕਤ ਨਾਲ ਬੋਲਿਆ, 'ਆਪ ਹਾਲੇ ਬਾਲੜੀ ਮੈਂ ਆਪ ਹਾਲੇ ਮੱਤਾਂ ਜੋਗੀ, ਮੱਤ ਕਿਹੜਾ ਏਸ ਨੂੰ ਦਵੇ ਮੈਨੂੰ ਤਾਂ ਸੋਲਵਾਂ ਸਾਲ ਲੱਗਾ ਏ!' ਫਿਰ ਗੰਭੀਰ ਹੋ ਗਿਆ, 'ਫਸਾਦਾਂ ਦੇ ਵੇਲੇ ਦਾ ਮੇਰਾ ਜਨਮ ਏ ਇਸੇ ਕਰਕੇ ਮੇਰੀ ਤਬੀਅਤ ਐਸੀ ਏ ਕਿ ਮੈਂ ਟਿਕ ਕੇ ਨਹੀਂ ਬੈਠ ਸਕਦਾਮੈਂ ਹੰਗਾਮਾਂ ਪਸੰਦ ਆਂ ਤਨਹਾਈ ਨਾਲ ਮੈਨੂੰ ਨਫ਼ਰਤ ਏਉਂਝ ਵੀ ਜਿਹੜੇ ਲੋਕ ਤਨਹਾਈ ਪਸੰਦ ਕਰਦੇ ਨੇ ਮੇਰੇ ਖ਼ਿਆਲ ਵਿਚ ਪਾਖੰਡੀ ਨੇ'
੧੫, ਸਤੰਬਰ ਨੂੰ ਇਫ਼ਤੀ ਦਾ ਜਨਮ ਹੋਇਆਉਸ ਦੀ ਵਾਲਿਦਾ ਖ਼ੁਰਸ਼ੀਦ ਬੇਗਮ ਦਾ ਪਹਿਲਾ ਨਾਂ ਸਈਅਦ ਬੀਬੀ ਸੀਇਫ਼ਤੀ ਮੁਤਾਬਿਕ ਸਹੁਰਿਆਂ ਵਿਚ ਕੁੜੀ ਦਾ ਨਾਂ ਬਦਲਣ ਦੀ ਪਰੰਪਰਾ ਇਸ ਕਰਕੇ ਹੈ ਤਾਂ ਕਿ ਉਸ ਦੀ ਪਹਿਲੀ ਸ਼ਖ਼ਸੀਅਤ ਨੂੰ ਉਸ ਵਿਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿਤਾ ਜਾਵੇਲਾਇਲਪੁਰ ਵਿਚ ਉਸ ਦਾ ਜਨਮ ਹੋਇਆਇਸ ਨੂੰ ਵੀ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈਪਰ ਇਫ਼ਤੀ ਲਾਇਲਪੁਰ ਨੁੰ ਪਿਆਰ ਕਰਦਾ ਹੈਉਸ ਮੁਤਾਬਿਕ ਭਾਵੇਂ ਬੰਦਾ ਹੋਵੇ ਜਾਂ ਜਗ੍ਹਾ; ਨਾਂ ਬਦਲ ਕੇ ਉਸ ਚੋਂ ਪਹਿਲੀ ਸ਼ਖ਼ਸੀਅਤ ਮਨਫ਼ੀ ਨਹੀਂ ਕਰਨੀ ਚਾਹੀਦੀਨਾਂ ਬਦਲਣ ਦਾ ਉਸਨੂੰ ਬਹੁਤ ਦੁੱਖ ਹੈਇਸੇ ਦੁੱਖ ਵਿਚੋਂ ਉਸਦੀ ਨਜ਼ਮ 'ਲਾਇਲਪੁਰ' ਦਾ ਜਨਮ ਹੋਇਆ-
ਠੀਕ ਹੈ
ਨਾਂ ਵਿਚ ਕੀ ਰੱਖਿਆ ਹੈ
ਪਰ ਤੈਨੂੰ ਹੁਣ ਮੈਂ ਕੀ ਦੱਸਾਂ
ਜੋ ਦਿਲ 'ਤੇ ਬੀਤੀ
ਤੈਨੂੰ ਲਿਖਿਆ ਪੱਤਰ
ਵਾਪਸ ਆ ਗਿਆ ਹੈ
ਜਿਸ 'ਤੇ ਲਿਖਿਆ ਹੈ
ਉੱਥੇ ਇਸ ਨਾਂ ਦਾ
ਕੋਈ ਸ਼ਹਿਰ ਹੀ ਨਹੀਂ ਹੈ...
ਉਸ ਦਾ ਵਾਲਿਦ ਗ਼ੁਲਾਮ ਰਸੂਲ ਖ਼ਲੀਕ ਕੁਰੈਸ਼ੀ ਦੀ ਆਪਣੀ ਅਖ਼ਬਾਰ 'ਆਵਾਮ' ਸੀ ਜੋ ਅੱਜ ਵੀ ਛਪ ਰਹੀ ਹੈਸ਼ਾਇਰੀ ਦੀ ਮੁਢਲ਼ੀ ਗਰਾਮਰ ਉਸ ਨੇ ਵਾਲਿਦ ਸਾਹਿਬ ਤੋਂ ਹੀ ਪਰਾਪਤ ਕੀਤੀ
ਉਸ 'ਤੇ ਜਵਾਨੀ ਚੜ੍ਹ ਰਹੀ ਸੀਉਸਨੂੰ ਅਜੇ ਸੋਲਵਾਂ ਹੀ ਲੱਗਾ ਸੀਉਸਨੂੰ ਆਪਣੇ ਖ਼ੂਨ ਅੰਦਰ ਤਰੰਗਾਂ ਨਾਚ ਕਰਦੀਆਂ ਮਹਿਸੂਸ ਹੋਈਆਂਉਹ ਘਰਦਿਆਂ ਤੋਂ ਚੋਰੀ ਚੋਰੀ 'ਡਾਂਸ' ਸਿੱਖਣ ਲੱਗ ਪਿਆਉਹ 'ਡਾਂਸਰ' ਬਣਨਾ ਚਾਹੁੰਦਾ ਸੀਉਦੋਂ ਉਹ ਗੌਰਮਿੰਟ ਕਾਲਜ ਲਾਇਲਪੁਰ ਵਿਚ ਫਸਟ ਯੀਅਰ ਵਿਚ ਸੀ



ਮੁਲਕ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਸੀਮਾਰਸ਼ਲ ਲਾਅ ਦੇ ਖ਼ਿਲਾਫ਼ ਉਹ ਕਾਲਜ ਵਿਚ ਕਵਿਤਾ ਪੜ੍ਹ ਰਿਹਾ ਸੀਪੁਲਿਸ ਉੱਪਰ ਵਿਦਿਆਰਥੀਆਂ ਨੇ ਪਥਰਾਅ ਕਰ ਦਿੱਤਾਇਹ ਪਹਿਲਾ ਮੌਕਾ ਸੀ, ਪਾਕਿਸਤਾਨ ਵਿਚ, ਜਦੋਂ ਪੁਲਿਸ ਕਿਸੇ ਵਿਦਿਆ ਕੇਂਦਰ ਦੇ ਆਡੀਟੋਰੀਅਮ ਵਿਚ ਧੱਕੇ ਨਾਲ ਆ ਵੜੀ ਸੀਵਿਦਿਆਰਥੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਗੋਲੀ ਚਲਾ ਦਿੱਤੀ ਸੀਭਗਦੜ ਮਚ ਗਈਕਵਿਤਾ ਪੜ੍ਹਦਾ ਪੜ੍ਹਦਾ ਇਫ਼ਤਿਖ਼ਾਰ ਉਸ ਹਜੂਮ ਵਿਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ, ਉਸ ਦੀ ਲੱਤ ਵਿਚੋਂ ਖ਼ੂਨ ਵਗ ਰਿਹਾ ਸੀਗੋਲੀ ਉਸਦੀ ਲੱਤ ਦੇ ਆਰ-ਪਾਰ ਹੋ ਗਈ ਸੀਉਸ ਨੇ ਲੱਤ ਬੰਨ੍ਹ ਲਈ ਤੇ ਚੁੱਪ ਕਰਕੇ ਘਰ ਚਲਾ ਗਿਆਸਵੇਰ ਤੱਕ ਲੱਤ ਸੁੱਜ ਗਈਫਿਰ ਡਰਦੇ ਡਰਦੇ ਨੇ ਇਹ ਦਰਦ ਉਸਨੇ ਆਪਣੀ ਭੈਣ ਨਾਲ ਸਾਂਝਾ ਕੀਤਾਜ਼ਖ਼ਮ ਖਰਾਬ ਹੋ ਚੁੱਕਾ ਸੀਦਵਾ ਦਾਰੂ ਕੀਤਾ ਗਿਆਇਹ ਗੋਲੀ ਇਫ਼ਤਿਖ਼ਾਰ ਦੀ ਲੱਤ 'ਤੇ ਨਹੀਂ, ਉਸਦੇ ਲਚਕੀਲੇ ਭਵਿੱਖ ਵਿਚ ਵੱਜੀ ਸੀਉਹ ਮੁੜ ਕੇ ਕਦੇ ਵੀ 'ਡਾਂਸਰ' ਨਾ ਬਣ ਸਕਿਆਪਰ ਉਹ ਇਹ ਸੋਚ ਕੇ ਮਨ ਨੂੰ ਤਸੱਲੀ ਦੇ ਲੈਂਦਾ ਹੈ,'ਲੇਖਕ ਤੇ ਡਾਂਸਰ ਬਣਨ ਨਾਲ ਮੇਰੀ ਅਨਰਜੀ ਵੰਡੀ ਜਾਣੀ ਸੀ, ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ ਕਿ ਮੈਂ ਦੁਗਣੀ ਅਨਰਜੀ ਲਿਟਰੇਚਰ ਵਿਚ ਲਾਉਣੀ ਸੀਇਸੇ ਕਰਕੇ ਉਹ ਹਾਦਸਾ ਵਾਪਰਿਆ' ਉਸਦੀ ਕਵਿਤਾ ਵਿਚ ਸ਼ਬਦਾਂ ਦੀ ਲਚਕ, ਫਿਕਰਿਆਂ ਦਾ ਰਕਸ, ਅਰਥਾਂ ਦੀ ਗਹਿਰਾਈ ਸ਼ਾਇਦ ਉਸਦੀ ਅਣਪੂਰੀ ਖ਼ਾਹਿਸ਼ ਵਿਚੋਂ ਹੀ ਪੈਦਾ ਹੋਈ ਹੈ
੧੯੭੧ ਤੋਂ ਅਮਰੀਕਾ ਵਿਚ ਰਹਿ ਰਹੇ ਇਫ਼ਤੀ ਨੇ 'ਇਫ਼ਤੀਨਾਮਾ'(ਕਾਲਮਾਂ ਦਾ ਸੰਗ੍ਰਹਿ), 'ਏਕ ਥੀ ਲੜਕੀ', 'ਅਪਨੀ ਅਪਨੀ ਜ਼ਿੰਦਗੀ', 'ਸ਼ਬਰੀ' (ਕਹਾਣੀਆਂ), 'ਗ਼ੱਜ਼ਾਲ' ਤੇ 'ਆਬਦੋਜ਼' (ਗ਼ਜ਼ਲਾਂ) ਪਸਤਕਾਂ ਦੀ ਰਚਨਾ ਕੀਤੀ ਹੈਅੰਗਰੇਜ਼ੀ ਵਿਚ ਉਸ ਦੀ ਪੁਸਤਕ 'ਬਲੈਕ ਐਂਡ ਵਾਈਟ ਪੋਇਮਜ਼' ਦੀ ਸ਼ਲਾਘਾ ਅਮਰੀਕੀ ਆਲੋਚਕਾਂ ਨੇ ਕੀਤੀਪਰ ਪਾਕਿਸਤਾਨੀ ਆਲੋਚਕਾਂ ਨੇ ਉਸਦੇ ਚੰਗੇ ਸ਼ਾਇਰ ਹੋਣ ਦੇ ਪੱਖ ਨੂੰ ਨਜ਼ਰ ਅੰਦਾਜ਼ ਕਰਕੇ, ਉਸਦੇ 'ਗੇਅ' ਹੋਣ ਦੀ ਬਿਰਤੀ ਨੂੰ ਲੈ ਕੇ ਹੱਦੋਂ ਵੱਧ ਭੰਡੀ ਕੀਤੀ ਹੈਉਸਦੀ ਅੰਗਰੇਜ਼ੀ ਨਜ਼ਮਾਂ ਦੀ ਕਿਤਾਬ 'ਮਰਮੈਕੋਫਾਈਲ' (ਕੀੜੀਆਂ ਖਾਣ ਵਾਲਾ-ਕੀਟਭਖਸ਼ੀ) ਸ਼ਿਕਾਗੋ ਦੇ ਕਾਲਜ ਵਿਚ ਗਰੈਜੂਏਟ ਵਿਚ ਪੜ੍ਹਾਈ ਗਈ
'
ਨਰਮਾਨ'(ਅਰਧਨਰੇਸ਼ਵਰ) ਉਸ ਦਾ ਕਾਵਿ-ਸੰਗ੍ਰਹਿ ਦੇ ਖਿਲਾਫ਼ ਪਾਕਿਸਤਾਨ ਵਿਚ ਕੱਟੜਪੰਥੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀਇਸਲਾਮ ਧਰਮ ਵਿਚ ਸਮਲਿੰਗੀ ਵਾਸਤੇ ਸਜ਼ਾ ਸਿਰਫ਼ ਮੌਤ ਹੈਉਸਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂਇਕ ਦਿਨ ਉਸਦੇ ਘਰ ਇਕ ਮੁਸਲਮਾਨ ਨੇ ਚਾਕੂ ਨਾਲ ਉਸ ਉੱਤੇ ਹਮਲਾ ਵੀ ਕਰ ਦਿੱਤਾ ਸੀਇਸ ਪੁਸਤਕ ਬਾਰੇ ਇੰਗਲੈਂਡ ਦੇ ਪ੍ਰਸਿਧ ਮੈਗਜ਼ੀਨ 'ਇਕਨਾਮਿਕਸ ਲੰਡਨ' ਨੇ ਲਿਖਿਆ ਸੀ; ‘First gay poetry book in Urdu which deals directly with gay longing and desires."

*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਵੇਖੋ ਜੀ