ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, January 30, 2012

ਰਾਜਪਾਲ ਸੰਧੂ - ਪਾਤਰ ਸਾਹਿਬ ਦੇ ਨਾਂ – ਇਕ ਖੁੱਲ੍ਹਾ ਖ਼ਤ

ਪਾਤਰ ਸਾਹਿਬ ਦੇ ਨਾਂ ਤੇ ਖੁੱਲ੍ਹਾ ਖ਼ਤ
ਖ਼ਤ


ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਅਵਾਰਡ ਛੱਜ 'ਚ ਪਾ ਕੇ ਵੰਡੇ ਜਾ ਰਹੇ ਹਨ ਜਦੋਂ ਐਵਾਰਡ ਦੇਣ ਵਾਲਾ ਹੁਕਮਰਾਨ ਔਥੈਂਟਿਕ ਨਹੀਂ ਹੈ, ਤਾਂ ਇਹਨਾਂ ਪੁਰਸਕਾਰਾਂ ਦੀ ਗਰਿਮਾ, ਸ਼ਾਨ ਅਤੇ ਸੁੱਚਤਾ ਵੀ ਉਤਨੀ ਹੀ ਰਹਿ ਗਈ ਜਿਤਨੀ ਬਾਮਾ ਨੂੰ ਮਿਲਣ ਤੋਂ ਬਾਅਦ ਨੋਬਲ 'ਸ਼ਾਂਤੀ' ਪੁਰਸਕਾਰ ਦੀ
-----
ਸੁਰਜੀਤ ਪਾਤਰ ਸਾਹਿਬ! ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ ਤਾਂ ਤੁਹਾਨੂੰ ਇਹ 'ਪਦਮਸ਼੍ਰੀ' ਨਹੀਂ ਕਬੂਲ ਕਰਨਾ ਚਾਹੀਦਾ ਹਨੇਰੇ ਕੋਲ ਹਰੇਕ ਸ਼ੱਮ੍ਹਾ ਨੂੰ ਖ਼ਾਮੋਸ਼ ਕਰਨ ਦਾ ਢੰਗ ਹੁੰਦਾ ਹੈ ਤਾਰੀਖ਼ ਇਸ ਦੀ ਗਵਾਹ ਹੈ ਇਕ ਵਕ਼ਤ ਸੀ ਜਦ ਤੁਸੀਂ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਅੱਜ ਵੀ ਉਹੀ ਦਿੱਲੀ ਹੈ ਉਹੀ ਹਾਕਮ ਨੇ ਕੁਝ ਵੀ ਬਦਲਿਆ ਨਹੀਂ ਹੈਤੁਸੀਂ ਘੱਟ ਗਿਣਤੀ ਨਾਲ ਨਹੀਂ ,ਦੁਨੀਆ ਦੀ ਸਭ ਤੋਂ ਵੱਡੀ ਬਹੁ ਗਿਣਤੀ ਨਾਲ ਸੰਬੱਧ ਰਖਦੇ ਹੋ - ਬਹੁਗਿਣਤੀ ਜੋ ਉਦਾਸ ਹੈ , ਖ਼ਾਮੋਸ਼ ਹੈ, ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ, ਇੰਨੇ ਚਾਨਣ ਦੇ ਬਾਵਜੂਦ ਹਨੇਰੇ ਵਿਚ ਹੈ, ਤੁਸੀਂ ਉਸਦੀ ਜ਼ੁਬਾਨ ਹੋ
-----
ਤੁਹਾਡੇ ਹੱਥ ਵਿਚ ਬਾਬਾ ਫ਼ਰੀਦ ਤੇ ਬਾਬਾ ਨਾਨਕ ਵਾਲੀ ਮਸ਼ਾਲ ਹੈ ਯਾਦ ਰਹੇ ਕਿ ਹਨੇਰੇ ਨੂੰ ਚੀਰਨ ਲਈ ਮਸ਼ਾਲ ਲੈ ਕੇ ਤੁਰਦੇ ਸ਼ੱਮ੍ਹਾਦਾਨਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ, ਉਹ ਵੀ ਜਦੋਂ ਕਿ ਉਹ ਕੌਮ ਦੇ ਖ਼ਾਨਾਬਦੋਸ਼ ਨੌਜਵਾਨਾਂ ਦੀ ਉਮੀਦ ਹੋਣ ਇਨਕਲਾਬੀ ਜੋਧੇ ਭਗਤ ਸਿੰਘ ਨੂੰ 'ਗਾਂਧੀਵਾਦੀ' ਤੋ "ਅੱਤਵਾਦੀ' ਣਾਉਣ ਵਾਲਾ ਖ਼ੁਦ ਉਹੀ ਦੋਗਲਾ ਮੋਹਨ ਦਾਸ ਸੀ ਜਿਸ ਨੇ ਅਸਹਿਜੋਗ ਅੰਦੋਲਨ ਦੀ ਛੂਕਦੀ ਗੱਡੀ ਨੂੰ ਯਕਦਮ ਬਰੇਕਾਂ ਲਾ ਕੇ ਪੂਰੇ ਦੇਸ਼ ਨੂੰ ਪੱਟੜੀ ਤੋਂ ਲਾਹ ਮਾਰਿਆ ਸੀ
------
ਪਾਤਰ ਸਾਹਿਬ ਜੀ!! ਅੱਜ ਉਹੀ ਪੱਤੇ, ਬੂਟੇ, ਡਾਲੀਆਂ ਪੁਕਾਰ ਰਹਿ ਨੇ ਕਿ ਪੰਜਾਬ ਨੂੰ ਲਗੀ ਨਜ਼ਰ ਅਜੇ ਲੱਥੀ ਨਹੀਂ, ਤੇ ਹੁਣ ਇਕ ਪੰਜਾਬ ਦਾ ਸ਼ਾਇਰ ਕੌਮ ਦੀ ਅੱਧ ਸੜੀ ਪੱਗ ਸਿਰ ਤੇ ਵਲ਼ ਕੇ ਦਿੱਲੀ ਮਿਰਚਾਂ ਲੈਣ ਜਾਂਦਾ ਸ਼ੋਭਦਾ ਨਹੀਂ ਉਹ ਕਿੱਕਰਾਂ, ਟਾਹਲੀਆਂ, ਧ੍ਰੇਕਾਂ, ਨਿੰਮਾਂ ਤੇ ਉਹਨਾਂ ਸਾਫ਼ ਦਿਲ ਨੇਕ ਪਿੱਪਲਾਂ ਨੂੰ ਧੌਖਾ ਨਾ ਦੇ ਜਾਇਓ ਜਿਨ੍ਹਾਂ ਦੀ ਛਾਵੇਂ ਤੁਸੀਂ ਮੁੜ ਆ ਕੇ ਬਹਿਣ ਦਾ ਵਾਦਾ ਕੀਤਾ ਹੈ ਹਨੇਰਾ ਤਾਂ ਝੂਮਰ ਨਾਚ ਨੱਚਦਾ ਸਭ ਕੁਝ ਜਰ ਜਾਵੇਗਾ ਪਰ ਉਹ ਸ਼ੱਮ੍ਹਾਦਾਨ ਕੀ ਕਹਿਣਗੇ ਜਿਨ੍ਹਾਂ ਤੁਹਾਨੂੰ ਬਹੁਤ ਪਹਿਲਾਂ ਹੀ ਪਦਮ ਸ਼੍ਰੀ ਨਾਲ ਨਿਵਾਜ ਦਿੱਤਾ ਸੀ ਖ਼ੁਸ਼ਵੰਤ ਸਿੰਘ ਤੇ ਮੁੰਹਮਦ ਅਲੀ ਵਾਂਗ ਬਾਅਦ ਵਿਚ ਇਹ ਧਾਤੂ ਦੇ ਟੁਕੜੇ ਨੂੰ ਗੰਗਾ ਵਿਚ ਰੋੜ੍ਹਣ ਨਾਲੋ ਚੰਗਾ ਹੈ ਹੁਣੇ ਹੀ ਇਨਕਾਰ ਕਰ ਦਿਉ

ਤੁਹਾਡੀ ਜਗਾਈ ਇਕ ਮੋਮਬੱਤੀ
ਰਾਜਪਾਲ ਸੰਧੂ ਸਿਡਨੀ ਆਸਟ੍ਰੇਲੀਆ