ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, January 31, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਇੱਕ ਖ਼ਤ - ਰੂਹ ਦੀ ਰਵਾਨਗੀ ਵਰਗੀ ਮੇਰੀ ਗ਼ਜ਼ਲਮਣੀ ਦੇ ਨਾਂ !

ਮੇਰੇ ਦਿਲ ਦੀ ਕਿਤਾਬ ਦੀਏ ਪਹਿਲੀਏ ਸਤਰੇ !

ਤੈਨੂੰ ਮੁੱਲ ਖਰੀਦੇ 'ਮੁੱਖ ਬੰਦ' ਵਰਗਾ ਪਿਆਰ..!!

ਮੇਰੀ ਗ਼ਜ਼ਲ ਦੀਆਂ ਬਹਿਰਾਂ ਵਾਂਗੂੰ ਤੂੰ ਕਾਹਤੋਂ ਕਈ ਦਿਨਾਂ ਤੋਂ ਉੱਖੜੀ-ਉੱਖੜੀ ਫਿਰਦੀ ਏਂ ? ਖੁੱਲ੍ਹੀ ਕਵਿਤਾ ਵਾਂਗੂੰ ਹੁਣ ਕਦੇ ਖੁੱਲ੍ਹ ਕੇ ਗੱਲ ਨਹੀਂ ਕਰਦੀ ? ਮੇਰੇ ਪਿਆਰ ਨੂੰ ਹੁਣ ਤੂੰ ਕਿਹੜੇ ਤਰਾਜ਼ੂ ਵਿੱਚ ਤੋਲ ਕੇ ਦੇਖਣੈ.? ਪਰ ਪਿਆਰ ਤਾਂ ਮੇਰਾ ਐਨਾ ਭਾਰਾ ਏ, ਜਿਸਨੇ ਵੀ ਦਿਲ 'ਤੇ ਰੱਖਿਐ ! ਬੱਸ, ਚਿੱਬ ਪਾ ਦਿੱਤੇ ਨੇ !! ਫੇਰ ਦਿਲ ਤਾਂ ਏਦਾਂ ਡਿੱਕ ਡੋਲੋ ਖਾਂਦਾ ਏ ; ਜਿਵੇਂ ਭਕਾਨੇ 'ਚ ਪਾਣੀ ਭਰਿਆ ਹੋਵੇ ! ਜੀਅ ਤਾਂ ਕਰਦੈ, ਆਪਣੇ ਇਸ਼ਕ ਦਾ ਟੀਕਾ ਐਸੇ ਦਿਲਾਂ 'ਚ ਸਿੱਧਾ ਹੀ ਲਾ ਦਿਆਂ ਪਰ ਫੇਰ ਕਹਿਣੈ, ਚੰਦਰੇ ਨੇ ਸਾਡਾ ਭਕਾਨਾ ਪੈਂਚਰ ਕਰ ਦਿੱਤਾ ਏ

----

ਨਾਲੇ ਆਸ਼ਕਾਂ ਦੇ ਦਿਲ ਦਾ ਤਾਂ ਤੈਨੂੰ ਪਤਾ ਈ ਐ ! ਕਦੇ ਉਦਾਸ ਹੋ ਜਾਂਦੈ, ਕਦੇ ਟੁੱਟ ਜਾਂਦੈ, ਟੋਟੇ-ਟੋਟੇ ਹੋ ਜਾਂਦੈ !! ਕਦੇ ਚੋਰੀ ਹੋ ਜਾਂਦੈ,..“ਦਿਲ ਚੋਰੀ ਸਾਡਾ ਹੋ ਗਿਆ..ਕੀ ਕਰੀਏ ! ਕੀ ਕਰੀਏ !! ਕਰਨਾ ਕੀ ਐ ? ਸਕਰੈਪ ਵਾਲੇ ਕਬਾੜੀਆਂ ਤੋਂ ਅੱਧ-ਮੁੱਲ 'ਚ ਕੋਈ ਹੋਰ ਸੈਕਿੰਡ ਹੈਂਡ ਲੈ ਕੇ ਕੱਛ 'ਚ ਵੈਲਡਿੰਗ ਕਰਵਾ ਲਓ ਨਾਲੇ ਫਿਰ ਜੇ ਕੋਈ ਗਰਾਰੀ ਬਦਲਣੀ ਪਈ, ਤਾਂ ਦਿਲ ਖੋਲ੍ਹਣਾ ਸੌਖਾ ਹੋਊਗਾ ਚੱਲ ਛੱਡ ! ਸਾਨੂੰ ਕੀ ਲੋੜ ਐ - ਕੱਛਾਂ 'ਚ ਕੁਤਕੁਤੀਆਂ ਕੱਢਣ ਦੀ

----

ਮੇਰੀ ਕੁਤਕੁਤੋ ! ਤਾਂ ਆਪ ਰੁੱਸੀ ਫਿਰਦੀ ਐ- ਕਈ ਦਿਨਾਂ ਦੀ !! ਮੈਂ ਐਨੇ ਤੈਨੂੰ ਖ਼ਤ ਲਿਖੇ ਪਰ ਤੂੰ ਕਦੇ ਕਿਸੇ ਦਾ ਜੁਆਬ ਨਹੀਂ ਦਿੱਤਾ ਹੁਣ ਤਾਂ ਮੇਰਾ ਜੀਅ ਕਰਦੈ, ਸਾਰੇ ਖ਼ਤਾਂ ਦੀ ਇੱਕ ਕਿਤਾਬ ਛਪਵਾ ਲਵਾਂ ਪਰ ਮੇਰੇ ਕੋਲ ਅਜੇ ਕਿਸੇ ਕੋਲੋਂ 'ਮੁੱਖ ਬੰਦ' ਲਿਖਾਉਣ ਜੋਗੇ ਪੈਸੇ ਹੈ ਨਹੀਂ ਨਾਲੇ, ਲੁਧਿਆਣੇ ਵਾਲੇ ਸਾਹਿਤ ਦੇ ਡਾਕਟਰਾਂ ਨੇ ਤਾਂ ਬਾਹਰਲੇ ਲੇਖਕਾਂ ਵਾਸਤੇ ਭਾਅ ਵੀ ਵੱਧ ਹੀ ਰੱਖਿਆ ਹੋਇਆ ਏ , ਥੋਕ 'ਚ ਭੂਮਿਕਾ ਲਿਖਣ ਲਈ ਪੰਡਿਤਾਂ ਦੀ ਯੰਤਰੀ ਵਾਂਗੂੰ 'ਮੁੱਖ ਬੰਦ' ਲਿਖ ਕੇ ਕੱਛਾਂ 'ਚ ਲਈ ਫਿਰਦੇ ਨੇ ਤੁਹਾਡੀ ਲੇਖਣੀ ਦਾ ਟੇਵਾ ਤਾਂ ਪਹਿਲਾਂ ਹੀ ਬਣਾਈ ਬੈਠੇ ਨੇ ਬੱਸ, ਡਾਲਰਾਂ ਵਾਲੀ ਮੁੱਠੀ ਖੋਲ ਕੇ ਜ਼ਰਾ ਹੱਥ ਦਿਖਾਓ ! ਓਦੋਂ ਹੀ ਦੱਸ ਦੇਣਗੇ ਕਿ ਤੁਹਾਡੀ ਕਲਾ 'ਚ ਕਿੰਨਾ ਕੁ ਦਮ ਹੈ ? ਇੱਕ ਦਿਨ ਤੁਹਾਡਾ ਨਾਮ ਸਾਹਿਤਕ ਖੇਤਰ ਵਿੱਚ ਕਿਵੇਂ ਧਰੂੰ ਤਾਰੇ ਵਾਂਗੂੰ ਚਮਕੇਗਾ

----

ਪਰ ਤੈਨੂੰ ਨਹੀਂ ਪਤੈ ? ਇਨ੍ਹਾਂ ਨੇ ਖ਼ੁਦ ਆਪਣਾ ਨਾਂ ਕਿਵੇਂ ਚਮਕਾਇਆ ਏ ?? ਆਪਣੇ-ਆਪ ਨੂੰ ਸਨਮਾਨਿਤ ਕਰਵਾਉਂਣ ਲਈ ਟਰਾਫੀਆਂ ਵੀ ਆਪ ਹੀ ਖਰੀਦ ਕੇ ਵਿਚਾਰੇ ਸਭਿਆਚਾਰਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਲੈ ਕੇ ਦਿੰਦੇ ਰਹੇ ਨੇ ! ਤਾਂ ਜਾ ਕੇ ਗੱਲ ਬਣੀ ਹੁਣ ਤਾਂ ਸੁੱਖ ਨਾਲ ਟਰਾਫੀਆਂ ਤੇ ਸਨਮਾਨ-ਚਿੰਨ੍ਹਾਂ ਨਾਲ ਇਨ੍ਹਾਂ ਦੇ ਘਰ ਭਰੇ ਪਏ ਨੇ ! ਕਈ ਵਾਰ ਹੁਣ ਤਾਂ ਇਹ ਸਨਮਾਨ ਚਿੰਨ ਕਿਰਾਏ 'ਤੇ ਵੀ ਦੇ ਦਿੰਦੇ ਨੇ ! ਨਾਲੇ 'ਲਿਖਤੀ ਕਿਰਤਾਂ' ਦਾ ਮੁੱਲ ਜੇ ਹੁਣ ਨਾ ਪਿਆ , ਤਾਂ ਫਿਰ ਕਦੋਂ ਪਊਗਾ..?

----

ਹੁਣ ਐਡੇ ਵੱਡੇ ਲੇਖਕਾਂ ਕੋਲ ਨਵੇਂ ਲਿਖਾਰੀ ਪਤਾ ਨਹੀਂ ਕਾਹਤੋਂ ਖਾਲੀ ਹੱਥ 'ਪੁਸਤਕ ਰਵਿਊ' ਕਰਵਾਉਣ ਚਲੇ ਜਾਂਦੇ ਨੇ ? ਬਾਹਰੋਂ ਗਏ ਓ ! ਸੌ-ਦੋ ਸੌ ਡਾਲਰ ਨਾਲ ਭਲਾ ਇੱਕ ਦੋ ਬੋਤਲਾਂ ਵਿਸਕੀ-ਸ਼ਿਸਕੀ ਦੀਆਂ ਮਹਾਨ ਵਿਅਕਤੀ ਦੇ ਘਰ ਦੇ ਆਓਂਗੇ , ਤਾਂ ਲੋਹੜਾ ਤਾਂ ਨਹੀਂ ਆਉਣ ਲੱਗਾ ??

ਪਰ ਕਈਆਂ ਨੂੰ ਜੀਣ ਜੋਗੀਏ ! ਵੱਡੇ ਸ਼ਾਇਰਾਂ ਦੀ ਚਾਪਲੂਸੀ ਵੀ ਨਹੀਂ ਕਰਨੀ ਆਉਂਦੀ

----

ਉਂਝ ਦੇਖ ਲੈ ! ਪਹਿਲਾਂ ਤਾਂ ਭ੍ਰਿਸ਼ਟਾਚਾਰ ਨੇ ਪ੍ਰਸਾਸ਼ਨ, ਧਰਮ 'ਤੇ ਸਿਆਸਤ ਵਿੱਚ ਘੁਸਪੈਠ ਕੀਤੀ ਸੀ, ਹੁਣ ਇਹ ਸਾਹਿਤ ਦੇ ਪਵਿੱਤਰ ਵਿਹੜੇ ਵਿੱਚ ਵੀ ਪ੍ਰਵੇਸ਼ ਕਰ ਚੁੱਕਾ ਹੈ ਇਨ੍ਹਾਂ ਦੀਆਂ ਚਾਰ ਕੁ ਕਿਤਾਬਾਂ ਤਾਂ ਕੀ ਛਪ ਗਈਆਂ ? ਸਾਡੇ ਸਾਰੇ ਸਾਹਿਤਕ ਜਗਤ 'ਤੇ ਕਬਜਾ ਕਰ ਕੇ ਬੈਠ ਗਏ ਕਿਤਾਬਾਂ ਵੀ ਕਾਹਦੀਆਂ ? ਅੱਧੀਆਂ ਰਚਨਾਵਾਂ ਤਾਂ ਕਿਸੇ ਹੋਰ ਲੇਖਕਾਂ ਦੇ ਖਿਆਲ ਚੋਰੀ ਕਰਕੇ ਵਿੱਚ ਪਾਈਆਂ ਹੁੰਦੀਆਂ ਨੇ ਹੁਣ ਤਾਂ ਇਹ ਆਪਣੀ ਕਲਾ ਏਦਾਂ ਵੇਚਦੇ ਫਿਰਦੇ ਨੇ ; ਜਿਵੇਂ : ਬਸ ਅੱਡੇ 'ਤੇ ਸੁਰਮਾ ਵੇਚਣ ਵਾਲੇ ਬਸਾਂ ਦੀਆਂ ਬਾਰੀਆਂ ਨਾਲ ਲਮਕਦੇ ਫਿਰਦੇ ਹੋਣ !

----

ਅੜੀਏ ! ਅੱਜਕਲ ਜਿਵੇਂ ਤੂੰ ਬਾਹਰ ਅੰਦਰ ਬੜਾ ਘੁੰਮਦੀ ਫਿਰਦੀ ਏਂ , ਓਵੇਂ ਸਾਡੇ ਅਖੌਤੀ ਨਾਮਵਾਰ ਲੇਖਕ ਵੀ ਵਿਦੇਸ਼ਾਂ ਦੇ ਟੂਰ 'ਤੇ ਬੜਾ ਜਾਣ ਲੱਗ ਪਏ ਨੇ ਸਾਹਿਤ ਦਾ ਪ੍ਰਚਾਰ ਕਰਨ ਆਉਂਦੇ ਨੇ, ਜਾਂ ਅਯਾਸ਼ੀ ਕਰਨ ਅਤੇ ਪੈਸਾ ਬਣਾਉਣ ?

....................

ਇਹ ਤਾਂ ਰੱਬ ਹੀ ਜਾਣੇ ??

ਪਰ ਪਹਿਲੇ ਕਈ ਲੇਖਕਾਂ ਕੋਲ ਤਾਂ ਕਿਤਾਬ ਛਪਵਾਉਣ ਜੋਗੇ ਪੈਸੇ ਨਹੀਂ ਸਨ ਹੁੰਦੇ ਅੱਜਕਲ੍ਹ ਦਿਆਂ ਕੋਲ ਹਵਾਈ ਟਿਕਟਾਂ ਤੇ ਹੋਰ ਖਰਚਾਪਾਣੀ ਕਰਨ ਲਈ ਐਨੀ ਮਾਇਆ ਪਤਾ ਨਹੀਂ ਕਿਥੋਂ ਆ ਜਾਂਦੀ ਏ ?

----

'ਤੇ ਓਧਰ ਦੇਖ ਲੈ ! ਕਿਤਾਬਾਂ ਛਾਪਣ ਵਾਲੇ ਪ੍ਰਕਾਸ਼ਕ !! ਉਹ ਵੀ ਬਾਹਰਲੇ ਲਿਖਾਰੀਆਂ ਦੀ ਛਿੱਲ ਇੰਝ ਲਾਹੁੰਦੇ ਨੇ; ਜਿਵੇਂ: ਬਿਨ-ਬਾਂਗੇ ਮੁਰਗੇ ਦੀ ਘੰਡੀ ਮਰੋੜ ਕੇ ਗਰਮ-ਗਰਮ ਚਮੜੀ ਲਾਹੀਦੀ ਹੁੰਦੀ ਆ ! ਓਧੇੜ ਕੇ ਰੱਖ ਦਿੰਦੇ ਨੇ ਦਿਲ, ਕਾਲਜਾ ਤੇ ਪਤਾਲੂ ਤਾਂ ਉਂਗਲਾਂ ਨਾਲ ਹੀ ਖਿੱਚ ਲੈਂਦੇ ਨੇ ! ਫਿਰ ਚਿਕਨੇ ਲਿਖਾਰੀ ਦੀ ਬਰਿੱਸਟ ਦੇ ਪੀਸ ਬਣਾ-ਬਣਾ ਕੇ ਰੱਖ ਲੈਂਦੇ ਨੇ ! ਬੱਸ, ਓਹਦੇ ਪੱਲੇ ਤਾਂ ਆਂਦਰਾਂ ਦਾ ਗੁੱਛਾ ਹੀ ਰਹਿ ਜਾਂਦਾ ਏ ਅਖੀਰ, ਢਿੱਡ 'ਚ ਮੁੱਠੀਆਂ ਦੇ ਕੇ ਵਾਪਸ ਮੁੜ ਆਉਂਦੈ-ਸੌ ਕੁ ਕਾਪੀਆਂ ਨਾਲ ਲੈ ਕੇ !!

----

ਚੱਲ ਛੱਡ ! ਬੱਸ ਹੀ ਕਰਦਾਂ ਸ਼ਾਇਦ ਕੱਲ ਨੂੰ ਮੈਨੂੰ ਵੀ ਖੱਲ ਲੁਹਾਉਣੀ ਪੈ ਜਾਵੇ ? ਕਿਸੇ ਤੋਂ 'ਮੁੱਖ ਬੰਦ' (ਭੂਮਿਕਾ) ਲਿਖਵਾਉਣੀ ਪੈ ਜਾਵੇ ?? ਪਰ ਮੇਰੇ ਕਾਲਜੇ 'ਤੇ ਤਾਂ ਪਹਿਲਾਂ ਹੀ ਇੱਕ 'ਪੁਸਤਕ ਮੇਲੇ ਵਾਲਾ' ਕਨੇਡਾ ਆਕੇ ਹੀ ਨਹੁੰਦਰਾਂ ਮਾਰ ਗਿਆ ਏ ਚਾਰ ਕੁ ਕਿਤਾਬਾਂ ਦੇ ਪੈਂਹਟ ਡਾਲਰ ਲੈ ਗਿਆ ਬਾਅਦ 'ਚ ਮੈਂ ਚਾਲੀ ਨਾਲ ਗੁਣਾ ਕੀਤੀ ਤਾਂ ਛੱਬੀ ਸੌ ਰੁਪੀਈਆ ਬਣ ਗਿਆ ਪਰ ਇੰਡੀਆ ਤੋਂ ਛੱਬੀ ਸੌ ਦੀਆਂ ਕਿਤਾਬਾਂ ਖਰੀਦ ਕੇ ਭਾਵੇਂ ਅਟੈਚੀ ਭਰ ਕੇ ਲੈ ਆਉਂਦਾ ਨਾਲੇ ਪਤੰਦਰ ਕਿਸੇ ਰਸਾਲੇ ਲਈ ਚੰਦਾ ਲੈ ਗਿਆ ਸਾਲ ਹੋ ਗਿਐ, ਅਜੇ ਤੱਕ ਕੋਈ ਰਸਾਲਾ ਮੇਰੇ ਤੱਕ ਨਹੀਂ ਪਹੁੰਚਿਆ ਆਹ ! ਤਾਂ ਹਾਲ ਹੈ- ਸਾਡੇ 'ਸਾਹਿਤਕ ਸਭਿਆਚਾਰੂ ਵਪਾਰੀਆਂ ਦਾ'

'ਮੈਂ ਤਾਂ ਮਨ ਦੀ ਭੜਾਸ ਕੱਢ ਲਈ ਆ, ਪਰ ਹੁਣ ਕੀ ਬਣਦਾ ਬੁੱਲ ਟੇਰੇ 'ਤੇ !

ਪਰ ਹੁਣ ਬਚ ਕੇ ਰਿਹਾ ਕਰ ਤੂੰ ਨਖਰੋ ! ਨੀ ਕੋਈ ਹੱਥ ਫੇਰ ਜੂ ਤੇਰੇ 'ਤੇ !!

ਪਰ ਮੇਰੀਏ ਰਾਗਮਣੀਏ ! ਹੁਣ ਤੂੰ ਕਿਸੇ ਹੋਰ ਨਾਲ ਰਾਗ ਨਾ ਅਲਾਪਣ ਲੱਗ ਜਾਵੀਂ ?

ਤੂੰ ਮਿਲੀ ਤਾਂ ਦਿਲ ਵਿੱਚ ਜੀਣ ਦੀ ਆਸ ਹੋਈ !

ਤੂੰ ਮਿਲ ਕੇ ਰੋਈ ਤਾਂ ਜੰਗਲ 'ਚ ਬਰਸਾਤ ਹੋਈ !

ਹਾਲੇ ਵੀ ਸ਼ੁਕਰ ਐ ! ਜੇ ਹੱਸ ਕੇ ਮਿਲਦੀ ਤਾਂ ਜੰਗਲ ਵਿਚ ਅੱਗ ਲੱਗ ਜਾਣੀ ਸੀ

ਪਰ ਦੇਖਿਆ ? ਮੈਂ ਵੀ ਸ਼ਾਇਰੀ ਕਰ ਲੈਂਦਾ ਹਾਂ, ਭਾਵੇਂ ਚੋਰੀ ਕਰ ਕੇ ਹੀ ਕਰਾਂ !

ਐਪਰ ਮੈਂ ਚੋਰ ਨਹੀਂ, ਚੋਰਾਂ ਨੂੰ ਪੈਣ ਵਾਲਾ ਮੋਰ ਹਾਂ !

ਤੇਰੇ ਕਦਮਾਂ ਤੋਂ ਅੱਗੇ ਲੰਘਦੀ ਮੂਹਰੇ ਤੁਰਦੀ ਤੋਰ ਹਾਂ !

ਤੇਰੀਆਂ ਨਜ਼ਰਾਂ ਵਿੱਚ ਸ਼ਾਇਰ ਜਾਂ ਮੈਂ ਕੁਝ ਹੋਰ ਹਾਂ !!'

ਪਰ ਮੈਂ ਤੇਰਾ ਹਾਂ ਤੂੰ ਮੈਨੂੰ ਆਪਣਾ ਬਣਾ ਕੇ ਰੱਖੀਂ ਨਹੀਂ ਤਾਂ ਮੈਂ ਵੀ ਲੁਧਿਆਣੇ ਜਾ ਕੇ 'ਮੁੱਖ ਬੰਦ-ਭੂਮਿਕਾ ਸੈਂਟਰ ਫਾਰ ਨਿਊ ਐਂਡ ਫਾਰਨਰ ਰਾਈਟਰਜ਼ ਐਸੋਸੀਏਸ਼ਨ' ਨਾਮੀ ਸੰਸਥਾ ਖੋਲ ਕੇ ਬਹਿ ਜਾਣਾ ਏ

ਪਰ ਫਿਰ ਵੀ ਜੇ ਕਦੇ ਤੂੰ ਆਪਣੇ ਹੁਸਨ ਦੀ ਭੂਮਿਕਾ ਬਨ੍ਹਾਉਣੀ ਹੋਈ ਜਾਂ ਅੰਤਿਕਾ ਲਿਖਵਾਉਣੀ ਹੋਈ ਤਾਂ ਸਿੱਧੀ ਮੇਰੀ ਦੁਕਾਨ 'ਤੇ ਆ ਜਾਵੀਂ ਸੱਚੀਂ ! ਨਾਂਹ ਨਹੀਂ ਕਰੂੰਗਾ ਪਰ ਉਸਦੇ ਬਦਲੇ 'ਚ ਪਿਆਰ ਦੀ ਦਕਸ਼ਣਾ ਤਾਂ ਦੇਣੀ ਹੀ ਪੈਣੀ ਏ..! ਮੇਰੀਏ ਸਾਹਿਤਕ-ਦ੍ਰਿਸ਼ਟੀਏ ! ਅਸਾਹਿਤਕ-ਸ੍ਰਿਸ਼ਟੀਏ !!

ਤੇਰੇ 'ਗ਼ਜ਼ਲੀ ਜੋਬਨ' ਦੇ ਆਖਰੀ ਮਤਲੇ ਵਰਗਾ,

ਤੇਰੇ ਦਿਲ ਦਾ ਸਭਿਆਚਾਰੀ ਅਲੰਬਰਦਾਰ !

ਨਹੀਂ ਸੱਚ, ਲੰਬੜਦਾਰ !!

ਤੇਰਾ ਗੁਰਮੇਲ ਬਦੇਸ਼ਾ ਯਾਰ !!!


Friday, January 30, 2009

ਦਰਸ਼ਨ ਮਿਤਵਾ - ਮਿੰਨੀ ਕਹਾਣੀ

ਦੋਸਤੋ! ਡਾ: ਸ਼ਿਆਮ ਸੁੰਦਰ ਦੀਪਤੀ ਜੀ ਨੇ ਦਰਸ਼ਨ ਮਿਤਵਾ ਜੀ ਦੀ ਇੱਕ ਖ਼ੂਬਸੂਰਤ ਮਿਂਨੀ ਕਹਾਣੀ ਭੇਜੀ ਹੈ। ਮਿਤਵਾ ਜੀ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਅਤੇ ਡਾ: ਦੀਪਤੀ ਜੀ ਦਾ ਬੇਹੱਦ ਸ਼ੁਕਰੀਆ। ਉਹਨਾਂ ਦੀ ਫੋਟੋ ਅਤੇ ਸਾਹਿਤਕ ਜਾਣਕਾਰੀ ਮਿਲ਼ਣ 'ਤੇ ਅਪਡੇਟ ਕਰ ਦਿੱਤੀ ਜਾਵੇਗੀ।

ਮੰਗਤਾ
ਉਹ ਮੰਗਤਾ ਇਕ ਲੰਬੇ ਅਰਸੇ ਤੋਂ ਪ੍ਰੇਸ਼ਾਨ ਸੀ ।ਉਸ ਦਾ ਧੰਦਾ ਬਿਲਕੁਲ ਹੀ ਚੌਪਟ ਹੁੰਦਾ ਜਾ ਰਿਹਾ ਸੀ । ਪਹਿਲਾਂ ਤਾਂ ਕਦੇ-ਕਦਾਈਂ ਦਾਰੂ ਦਾ ਪੈੱਗ ਵੀ ਲਾ ਲੈਂਦਾ ਸੀ, ਪਰ ਹੁਣ ਦੋ ਵਕਤ ਦੀ ਰੋਟੀ ਬਣਾਉਂਣੀ ਵੀ ਉਸ ਲਈ ਮੁਸ਼ਕਿਲ ਹੋ ਗਈ ਸੀ ।ਉਸਨੇ ਅੰਨ੍ਹਾ ਹੋਣ ਦਾ ਨਾਟਕ ਕੀਤਾ, ਗੂੰਗਾ-ਬੋਲਾ ਵੀ ਬਣਿਆ, ਕੋਹੜੀ ਬਣ ਕੇ ਵੀ ਭੀਖ ਮੰਗੀ, ਪਰ ਉਸ ਨੂੰ ਕੋਈ ਕੁਝ ਨਹੀਂ ਦਿੰਦਾ ਸੀ ।ਸ਼ਾਇਦ ਉਸ ਨੂੰ ਸਾਰੇ ਪਹਿਚਾਨਣ ਲੱਗ ਪਏ ਸਨ ਅਤੇ ਢੋਂਗੀ ਕਹਿਣ ਲੱਗ ਪਏ ਸਨ।
ਫੇਰ ਉਸ ਨੂੰ ਜਿਵੇਂ ਕੋਈ ਨਵਾਂ ਖ਼ਿਆਲ ਸੁੱਝਿਆ । ਉਸਨੇ ਆਪਣੇ ਪਿਛਲੇ ਸਾਰੇ ਢੌਂਗ ਬੰਦ ਕਰ ਦਿੱਤੇ ।
ਮੈਂ ਹੁਣ ਕੁਝ ਦਿਨਾਂ ਤੋਂ ਸੁਣ ਰਿਹਾ ਹਾਂ ਕਿ ਉਹ ਕਿਧਰੇ ਕਿਸੇ ਰੱਬ ਦਾ ਘਰ ਬਣਾ ਰਿਹਾ ਹੈ ਅਤੇ ਇਸ ਕੰਮ ਲਈ ਸ਼ਹਿਰ ਵਿਚੋਂ ਚੰਦਾ ਇਕੱਠਾ ਕਰ ਰਿਹਾ ਹੈ । ਹੁਣ ਵੀ ਸਾਰੇ ਲੋਕ ਉਸ ਨੂੰ ਜਾਣਦੇ-ਪਹਿਚਾਣਦੇ ਹਨ, ਪਰ ਫੇਰ ਵੀ ਧੜਾ-ਧੜ ਰੁਪਏ ਦਿੰਦੇ ਜਾ ਰਹੇ ਹਨ ।
ਉਸ ਦਾ ਧੰਦਾ ਫੇਰ ਤੋਂ ਚੱਲ ਨਿਕਲਿਆ ਹੈ ।
ਹੁਣ ਦਾਰੂ ਅਤੇ ਮੁਰਗ-ਮਸੱਲਮ ਦੀ ਤਾਂ ਗੱਲ ਹੀ ਕੀ ਹੈ ।

Thursday, January 29, 2009

ਸੁਖਿੰਦਰ- ਲੇਖ

ਸੰਗੀਤਕ ਸ਼ਬਦਾਂ ਦੇ ਆਰ-ਪਾਰ ਫੈਲੀ ਸ਼ਾਇਰੀ - ਭੂਪਿੰਦਰ ਦੁਲੇ

(ਪੋਸਟ: ਜਨਵਰੀ 27, 2009)

ਅਹਿਸਾਸ ਦੀ ਪੀੜਕੈਨੇਡੀਅਨ ਪੰਜਾਬੀ ਸ਼ਾਇਰ ਭੂਪਿੰਦਰ ਦੁਲੇ ਦਾ ਪ੍ਰਕਾਸ਼ਿਤ ਹੋਇਆ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਹ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ ਉਹ ਹੈ ਭੂਪਿੰਦਰ ਦੁਲੇ ਦਾ ਸੰਗੀਤਕ ਸ਼ਬਦਾਂ ਨਾਲ ਮੋਹ।

ਕਾਵਿ ਰਚਨਾ ਵਿੱਚ ਸੰਗੀਤਕ ਸ਼ਬਦਾਂ ਦੀ ਵਧੇਰੇ ਵਰਤੋਂ ਕਰਨ ਨਾਲ ਕਾਵਿ ਰਚਨਾ ਵਿੱਚ ਵਿਚਾਰਾਂ ਦਾ ਦੱਬ ਕੇ ਰਹਿ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਚਾਰਾਂ ਦੀ ਸਪੱਸ਼ਟਤਾ ਵੀ ਧੁੰਦਲੀ ਪੈ ਜਾਂਦੀ ਹੈ। ਭੂਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪੜ੍ਹਦਿਆਂ ਵੀ ਮੈਨੂੰ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਹੈ।

ਭੂਪਿੰਦਰ ਦੁਲੇ ਆਪਣੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ। ਉਸਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ। ਸੰਗੀਤਕ ਸ਼ਬਦਾਂ ਦਾ ਉਚਾਰਨ ਪਾਠਕ / ਸਰੋਤੇ ਨੂੰ ਪਲ ਛਿਣ ਦਾ ਆਨੰਦ ਦਿੰਦਾ ਹੈ। ਉਦਾਹਰਣ ਲਈ ਪੇਸ਼ ਹਨ ਭੂਪਿੰਦਰ ਦੁਲੇ ਦੇ ਕੁਝ ਸ਼ਿਅਰ:

1.

ਜਦ ਕਿਧਰੇ ਚੇਤੇ ਆ ਜਾਵੇ, ਦਿਲ ਮੇਰੇ ਦੀ ਪਿਆਸ ਬੁਝਾਵੇ

ਹਰ ਸਰਘੀ ਦੀ ਚਾਟੀ ਘਮ ਘਮ, ਸਾ ਰੇ ਗਾ ਮਾ, ਸਾ ਰੇ ਗਾ ਮਾ

2.

ਏਸ ਦਰਿਆ ਦੀ ਇਹ ਜੋ ਹੈ ਕਲ ਕਲ

ਦਿਲ ਦੇ ਸਹਿਰਾ ਨੂੰ ਲੰਘਦੀ ਛਲ ਛਲ

3.

ਕੋਈ ਵੀ ਥਾਂ ਮਿਲੀ ਨਾਂ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

ਵਿਚਾਰਹੀਨ ਸੰਗੀਤਕ ਸ਼ਬਦਾਂ ਦੇ ਪ੍ਰਯੋਗ ਦਾ ਵਧ ਰਿਹਾ ਰੁਝਾਨ ਅਸੀਂ ਅਜੋਕੇ ਪੌਪ ਸੰਗੀਤ ਅਤੇ ਭਾਰਤੀ ਫਿਲਮੀ ਸੰਗੀਤ ਵਿੱਚ ਵੀ ਦੇਖ ਸਕਦੇ ਹਾਂ, ਪਰ ਪੰਜਾਬੀ ਗ਼ਜ਼ਲ ਵਿੱਚ ਅਜਿਹਾ ਰੁਝਾਨ ਕੋਈ ਨਵਾਂ ਨਹੀਂ। ਸਾਧੂ ਸਿੰਘ ਹਮਦਰਦ ਅਤੇ ਉਸਦੀ ਢਾਣੀ ਦੇ ਗ਼ਜ਼ਲ-ਗੋਆਂ ਵੱਲੋਂ ਪਿਛਲੇ ਤਕਰੀਬਨ ਪੰਜ ਦਹਾਕਿਆਂ ਦੌਰਾਨ ਲਿਖੀਆਂ ਗਈਆਂ ਗ਼ਜ਼ਲਾਂ ਵਿੱਚ ਅਜਿਹੇ ਵਿਚਾਰਹੀਨ ਸ਼ਬਦਾਂ ਦੀ ਭਰਮਾਰ ਦੀਆਂ ਸੈਂਕੜੇ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੇ ਗ਼ਜ਼ਲਗੋ ਉਨ੍ਹਾਂ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਕਿ ਕਲਾ ਕਲਾ ਲਈਦੇ ਸਦੀਆਂ ਤੋਂ ਚੱਲੇ ਆ ਰਹੇ ਨਾਹਰੇ ਦੇ ਹਿਮਾਇਤੀ ਹਨ। ਭਾਵੇਂ ਕਿ ਅਜੋਕੇ ਸਮਿਆਂ ਵਿੱਚ ਵਧੇਰੇ ਲੇਖਕ ਅਜਿਹੀ ਸਾਹਿਤਕ ਰਾਜਨੀਤੀ ਵਿੱਚ ਵਧੇਰੇ ਵਿਸ਼ਵਾਸ ਨਹੀਂ ਰੱਖਦੇ ਅਤੇ ਆਪਣੀਆਂ ਰਚਨਾਵਾਂ ਵਿੱਚ ਰੂਪਕ ਪੱਖੋਂ ਅਤੇ ਤੱਤ ਦੇ ਪੱਖੋਂ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਭੂਪਿੰਦਰ ਦੁਲੇ ਦਾ ਵਧੇਰੇ ਧਿਆਨ ਗ਼ਜ਼ਲ ਦੀ ਸ਼ਿਲਪਕਾਰੀ ਵੱਲ ਹੈ। ਵਿਚਾਰਾਂ ਦੀ ਪੇਸ਼ਕਾਰੀ ਕਰਨ ਵੇਲੇ ਉਹ ਆਪਣੀਆਂ ਗ਼ਜਲਾਂ ਵਿੱਚ ਕਿਤੇ ਵੀ ਇਸ ਗੱਲ ਦਾ ਪ੍ਰਭਾਵ ਨਹੀਂ ਦਿੰਦਾ ਕਿ ਉਹ ਕਿਸੇ ਵਿਚਾਰ ਬਾਰੇ ਸਪੱਸ਼ਟ ਹੈ. ਇਸਦਾ ਕਾਰਨ ਉਹ ਆਪਣੇ ਸ਼ਿਅਰਾਂ ਵਿੱਚ ਆਪ ਹੀ ਦੱਸ ਦਿੰਦਾ ਹੈ:

1.

ਮੈਂ ਕਿੰਨੀ ਦੇਰ ਤੱਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ

ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ

2.

ਤੂੰ ਅਰੂਜ਼ੀ ਵੀ ਰਦੀਫ਼ੀ ਵੀ ਮਗਰ ਤੁਕਬੰਦੀ ਕਿਉਂ

ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ

3.

ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ

ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ

ਭਾਵੇਂ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ; ਪਰ ਨਿਰਸੰਦੇਹ, ਦੁਲੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਵਿਸ਼ਿਆਂ ਬਾਰੇ ਗੱਲ ਕਰਦਾ ਹੈ। ਇਸ ਸਬੰਧ ਵਿੱਚ ਵੀ ਉਸਦੀ ਕਾਵਿ-ਸਮਰੱਥਾ ਦੀਆਂ ਸੀਮਾਵਾਂ ਸਮਝਣ ਲਈ ਉਸਦੀ ਆਪਣੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਸਾਡੀ ਮੱਦਦ ਕਰ ਸਕਦਾ ਹੈ:

ਬੱਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ

ਹੁਣ ਜ਼ਰਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ

ਅਹਿਸਾਸ ਦੀ ਪੀੜਗ਼ਜ਼ਲ ਸੰਗ੍ਰਹਿ ਵਿੱਚ ਵਧੇਰੇ ਗ਼ਜ਼ਲਾਂ ਨਿੱਜੀ ਸਮੱਸਿਆਵਾਂ ਬਾਰੇ ਹੀ ਹਨ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਕਿਤੇ ਵੀ ਖੁੱਲ੍ਹ ਕੇ ਅਤੇ ਸਪੱਸ਼ਟ ਰੂਪ ਵਿੱਚ ਚਰਚਾ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਦਾ ਵਿਸ਼ਾ ਨਹੀਂ ਬਣ ਸਕਿਆ।

ਉਂਝ ਨਿੱਜੀ ਸੰਬੰਧਾਂ ਬਾਰੇ ਭੂਪਿੰਦਰ ਦੁਲੇ ਨੇ ਕੁਝ ਵਧੀਆ ਸ਼ਿਅਰ ਵੀ ਕਹੇ ਹਨ:

1.

ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ

ਇਸ ਤਰ੍ਹਾਂ ਮੈਨੂੰ ਗਲੇ ਲਾਇਆ ਹੈ ਮੇਰੇ ਦੋਸਤਾਂ

2.

ਨਾ ਦਿਲਾਂ ਰੂਹਾਂ ਦੀ ਹੈ ਨਾ ਅੰਦਰਾਂ ਦੀ ਨੇੜਤਾ

ਕੀ ਕਰੂਗੀ ਦੋਸਤਾ ਫਿਰ ਪਿੰਜਰਾਂ ਦੀ ਦੋਸਤੀ

3.

ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ ਛਨ ਛਨਨ

ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ

ਕੈਨੇਡਾ ਦੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਪਿਛੇ ਛੱਡ ਆਏ ਦੇਸ ਲਈ ਉਦਰੇਵੇਂ ਵਾਲ਼ੀਆਂ ਭਾਵਨਾਵਾਂ ਦਾ ਪ੍ਰਗਟਾ ਮੁੜ ਮੁੜ ਉਜਾਗਰ ਹੁੰਦਾ ਹੈ। ਅਜਿਹੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਪਿਛੇ ਛੱਡ਼ ਆਏ ਦੇਸ਼ ਵਿੱਚ ਬਹੁਤ ਹੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਕੈਨੇਡਾ ਆ ਕੇ ਉਹ ਇੱਕ ਤਰ੍ਹਾਂ ਦੀ ਕੈਦ ਕੱਟ ਰਹੇ ਹਨ। ਜਿੱਥੇ ਆ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਚਾਅ, ਮਲ੍ਹਾਰ, ਉਮੰਗਾਂ, ਇੱਛਾਵਾਂ, ਸ਼ੌਂਕ, ਕੰਮ, ਧੰਦੇ ਦੇ ਰੁਝੇਵਿਆਂ ਵਿੱਚ ਦੱਬ ਕੇ ਰਹਿ ਗਏ ਹਨ। ਭੂਪਿੰਦਰ ਦੁਲੇ ਵੀ ਆਪਣੇ ਸ਼ਿਅਰਾਂ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ:

1.

ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ

ਸੋਚਿਆ ਵੀ ਨਾ ਸੀ ਸ਼ੌਂਕ ਮਰ ਜਾਣਗੇ

2.

ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾਂ

ਬਸੀਮਾਂ, ਪੈਲੀਆਂ, ਰਸਤਾ, ਸਰਾਂ, ਘਰ, ਯਾਦ ਕਰ ਲੈਨਾਂ

ਇਮੀਗਰੈਂਟ ਚਾਹੇ ਕਿਸੇ ਵੀ ਦੇਸ਼ ਵਿੱਚੋਂ ਕਿਉਂ ਨ ਆਏ ਹੋਣ; ਉਨ੍ਹਾਂ ਤਕਰੀਬਨ ਸਭਨਾਂ ਦੀ ਹੀ ਦੌੜ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਡਾਲਰ ਕਮਾਉਣ ਦੀ ਹੀ ਹੁੰਦੀ ਹੈ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਧੀਆ ਘਰ, ਵਧੀਆ ਕਾਰ, ਵਧੀਆ ਘਰ ਦਾ ਫਰਨੀਚਰ ਆਦਿ ਅਤੇ ਜਿੰਦਗੀ ਦੀਆਂ ਹੋਰ ਸਭ ਸਹੂਲਤਾਂ ਖਰੀਦ ਸਕਣ। ਅਜਿਹੀਆਂ ਸਹੂਲਤਾਂ ਹਾਸਿਲ ਕਰ ਕਰਨ ਲਈ ਉਨ੍ਹਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਕਰਦਿਆਂ, ਅਨੇਕਾਂ ਹਾਲਤਾਂ ਵਿੱਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਘਰਾਂ ਦੇ ਮਾਲਕਾਂ ਦੀ ਸਾਰੀ ਜ਼ਿੰਦਗੀ ਘਰਾਂ ਦੀ ਮੋਰਗੇਜ਼ ਆਦਿ ਦੇ ਵੱਡੇ ਵੱਡੇ ਬਿਲਾਂ ਦਾ ਭੁਗਤਾਣ ਕਰਨ ਖਾਤਰ ਫੈਕਟਰੀਆਂ ਵਿੱਚ ਲੱਗਦੇ ਓਵਰ ਟਾਈਮ ਲਗਾਉਣ ਵਿੱਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨ੍ਹਾਂ ਮਹਿੰਗੇ ਖਰੀਦੇ ਘਰਾਂ ਵਿੱਚ ਆਰਾਮ ਨਾਲ ਬੈਠਣ ਦੇ ਚਾਰ ਪਲ ਵੀ ਨਹੀਂ ਮਿਲ਼ਦੇ। ਭੂਪਿੰਦਰ ਦੁਲੇ ਜਦੋਂ ਹੇਠ ਲਿਖੇ ਸ਼ਿਅਰ ਕਹਿੰਦਾ ਹੈ ਤਾਂ ਉਹ ਪਰਵਾਸੀ ਲੋਕਾਂ ਦੀ ਜ਼ਿੰਦਗੀ ਦੀ ਅਜਿਹੀ ਤਰਸਨਾਕ ਹਕੀਕਤ ਹੀ ਬਿਆਨ ਕਰ ਰਿਹਾ ਹੁੰਦਾ ਹੈ:

1.

ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ

ਕਿੰਨੇ ਅਰਮਾਨ ਅਜੇ, ਥੇਹਾਂ ਅੰਦਰ ਤਰਸਣ

2.

ਚੰਦ ਇੱਟਾਂ ਨੂੰ ਘਰ ਕਹੀ ਜਾਵਾਂ, ਇਸ ਨੂੰ ਥੰਮਾਂ ਤੇ ਖੁਦ ਢਹੀ ਜਾਵਾਂ

ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ, ਰੇਤ ਦੇ ਘਰ ਬਣਾ ਬਣਾ ਢਾਹਾਂ

ਪੰਜਾਬੀ ਸਮਾਜ ਵਿੱਚ ਧੀਆਂ ਦੇ ਕਤਲਾਂ ਦਾ ਮਸਲਾ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧੀਆਂ ਨੂੰ ਮਾਵਾਂ ਦੇ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ। ਇਸ ਸਮਾਜਿਕ ਬੁਰਾਈ ਦੇ ਖ਼ਿਲਾਫ਼ ਲੋਕ-ਚੇਤਨਾ ਪੈਦਾ ਕਰਨ ਲਈ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਸੁਨੇਹਾ ਦੇਣ ਕਿ ਅਜੋਕੇ ਸਮਿਆਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਫਰਕ ਨਹੀਂ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤਾਂ ਨੇ ਆਪਣੀ ਸਖਤ ਮਿਹਨਤ ਸਦਕਾ ਮਰਦਾਂ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਕੰਮ ਪੁੱਤਰ ਕਰ ਸਕਦੇ ਹਨ ਉਹ ਕੰਮ ਧੀਆਂ ਵੀ ਕਰ ਸਕਦੀਆਂ ਹਨ। ਫਿਰ ਸਾਡੇ ਸਮਾਜ ਵਿੱਚ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਭੂਪਿੰਦਰ ਦੁਲੇ ਵੀ ਆਪਣੇ ਇਨ੍ਹਾਂ ਕੁਝ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਹੀ ਸਾਡਾ ਧਿਆਨ ਦੁਆ ਰਿਹਾ ਹੈ:

1.

ਕੁੱਖ ਮਮਤਾ ਦੀ ਉਜਾੜੀ ਜਾ ਰਿਹਾ

ਭਾਲਦਾ ਕੋਈ ਲਾਲ ਸ੍ਹਾਵੇਂ ਸੀ ਮਿਰੇ

2.

ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ

ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲਾ

ਅਹਿਸਾਸ ਦੀ ਪੀੜਭੂਪਿੰਦਰ ਦੁਲੇ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਅਜੇ ਉਸਨੂੰ ਆਪਣੀਆਂ ਕਲਾਤਮਕ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ। ਗ਼ਜ਼ਲ ਲਿਖਣ ਵੇਲੇ ਭੂਪਿੰਦਰ ਦੁਲੇ ਨੂੰ ਸੰਗੀਤਕ ਸ਼ਬਦਾਂ ਲਈ ਆਪਣਾ ਮੋਹ ਕੁਝ ਹੱਦ ਤੱਕ ਤਿਆਗਣਾ ਪਵੇਗਾ। ਜੇਕਰ ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਦਾਰਸ਼ਨਿਕ, ਧਾਰਮਿਕ ਸਮੱਸਿਆਵਾਂ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝ ਕੇ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਵੇਗਾ ਤਾਂ ਉਸਦੀਆਂ ਗ਼ਜ਼ਲਾਂ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਅਰਥ ਭਰਪੂਰ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪਣਾ ਅਗਲਾ ਗ਼ਜ਼ਲ ਸੰਗ੍ਰਹਿ ਪ੍ਰਕਾਸਿਤ ਕਰਨ ਵੇਲੇ ਭੂਪਿੰਦਰ ਦੁਲੇ ਆਪਣੀ ਰਚਨਾ ਦੀਆਂ ਇਨ੍ਹਾਂ ਸੀਮਾਵਾਂ ਵੱਲ ਹੋਰ ਵਧੇਰੇ ਧਿਆਨ ਦੇਵੇਗਾ।

ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪ੍ਰਕਾਸ਼ਤ ਕਰਕੇ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਲਈ ਭੂਪਿੰਦਰ ਦੁਲੇ ਨੂੰ ਮੇਰੀਆਂ ਸ਼ੁੱਭ ਇਛਾਵਾਂ।


ਜਨਮੇਜਾ ਜੌਹਲ - ਲੇਖ

ਕੌਡੀ-ਕੌਡੀ ਹੋ ਗਈ ਮਿੱਤਰੋ!

(ਪੋਸਟ: ਜਨਵਰੀ 27, 2009)

ਕਿਸੇ ਸੱਜਣ ਦੇ ਸੱਦੇ ਤੇ ਉਹਦੇ ਪਿੰਡ ਜਾਣ ਦਾ ਸਬੱਬ ਬਣਿਆ, ਉਸਨੇ ਰਾਹ 'ਚ ਦੱਸਿਆ ਕਿ, ਉਸਨੇ ਤਾਂ ਪਿੰਡ ਹੋ ਰਹੇ ਕਬੱਡੀ ਟੂਰਨਾਮੈਂਟ ਦੀ ਪ੍ਰਧਾਨਗੀ ਕਰਨੀ ਹੈ ਮਨ ਬੜਾ ਖੁਸ਼ ਹੋਇਆ ਕਿ ਮੂਹਰਲੀ ਕਤਾਰ 'ਚ ਬੈਠ ਕਿ ਕੌਡੀ ਦੇਖਣ ਦਾ ਮੌਕਾ ਮਿਲੇਗਾ ਕਈ ਸਾਲਾਂ ਤੋਂ ਕੰਨਾਂ ਨੇ ਕੌਡੀਕੌਡੀ ਦੀ ਮਿੱਠੀ ਅਵਾਜ਼ ਨਹੀਂ ਸੀ ਸੁਣੀ ਹੋਰ ਖੁਸ਼ੀ ਦੀ ਗੱਲ ਇਹ ਸੀ ਕਿ ਅੱਜ ਕੱਲ੍ਹ ਕੈਮਰੇ ਆਵਾਜ਼ ਵੀ ਰਿਕਾਰਡ ਕਰ ਲੈਂਦੇ ਹਨ ਸੋਚਿਆ ਇੰਜ ਇਹ ਮਿਠਾਸ ਵਾਲੀ ਤੇ ਤੇਜ਼ ਸਾਹਾਂ ਵਾਲੀ ਦਮਦਾਰ ਆਵਾਜ਼ ਵੀ ਸਾਂਭਣ ਦਾ ਮੌਕਾ ਮਿਲ ਜਾਵੇਗਾ ਜਾਗਦੇ ਹੋਏ ਵੀ ਹਾਲਾਤ ਸੁਫ਼ਨਮਈ ਹੋ ਗਏ ਯਾਦ ਆ ਗਏ ਪਿੰਡ ਦੇ ਰੜੇ ਵਿਚ ਕੱਛੇ ਪਾ ਕੇ ਲੈਨ ਮਾਰਕੇ ਕੌਡੀ ਪਾਉਂਦੇ ਮੁੰਡੇ ਸਭ ਦਾ ਧਿਆਨ ਇਸ ਵਲ ਹੁੰਦਾ ਕਿ ਪੁਆਇੰਟ ਲੈਣ ਤੋਂ ਪਹਿਲੋਂ ਕਿਤੇ ਦਮ ਤਾਂ ਨਹੀਂ ਟੁੱਟ ਗਿਆ ਜਾਂ ਫੇਰ ਦੁਬਾਰਾ ਕੌਡੀ-ਕੌਡੀ ਕਹਿਣਾ ਸ਼ੁਰੂ ਤਾਂ ਨਹੀਂ ਕਰ ਦਿੱਤਾ ਦਮਦਾਰ ਮੁੰਡੇ ਦੀ ਪੈਂਠ ਇਸ ਕਰਕੇ ਹੀ ਬੱਝਦੀ ਸੀ ਲੰਮਾ ਸਾਹ ਤੇ ਤਾਕਤ ਪੰਜਾਬੀ ਜੁੱਸੇ ਦੀ ਅਸਲੀ ਪਛਾਣ ਸਨ

ਅਚਾਨਕ ਸੁਫ਼ਨਾ ਟੁੱਟਾ ਤੇ ਅਸੀਂ ਮੈਦਾਨ ਦੇ ਵਿਚ ਸਾਂ ਰਸਮੀ ਆਓ ਭਗਤ ਤੋਂ ਬਾਅਦ ਬੜੀ ਅੱਛੀ ਥਾਂ ਬੈਠਣ ਨੂੰ ਮਿਲੀ ਕਬੱਡੀ ਦੀ ਸ਼ੁਰੂਆਤ ਹੋ ਚੁੱਕੀ ਸੀ ਮੁੰਡੇ ਨੱਠ ਨੱਠ ਕਿ ਪੁਆਇੰਟ ਲਈ ਜਾਂਦੇ ਪਰ ਕੌਡੀ-ਕੌਡੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ ਸੋਚਿਆ ਉਮਰ ਨਾਲ ਕੰਨ ਕੰਮ ਕਰਨੋਂ ਘਟ ਗਏ ਹਨ ਆਪਣੀ ਥਾਂ ਤੋਂ ਉੱਠਿਆ ਤੇ ਕੈਮਰੇ ਦੇ ਬਹਾਨੇ ਮੈਦਾਨ ਵਿਚ ਜਾ ਪਹੁੰਚਿਆ ਬਿਲਕੁਲ ਲਾਗੇ ਹੋਕੇ ਸੁਨਣ ਦੀ ਤਮੰਨਾ ਨਾਲ਼ ਗੋਲ ਚੱਕਰ ਦੀਆਂ ਬਰੂਹਾਂ ਤੇ ਖੜ੍ਹ ਗਿਆ ਪਰ ਇਹ ਮਿੱਠੀ ਅਵਾਜ਼ ਮੈਨੂੰ ਸੁਣਾਈ ਤਾਂ ਨਾ ਦਿੱਤੀ , ਸਗੋਂ, ਫੜ੍ਹਲੋ, ਪਰ੍ਹੇ ਹੋ ਜਾ, ਉਤੋਂ ਦੀ, ਹੇਠਾਂ ਕੰਨੀ, ਦੀਆਂ ਤਲਖ਼ੀ ਭਰੀਆਂ ਅਵਾਜ਼ਾਂ ਹੀ ਸੁਣੀਆਂ ਇੰਝ ਲੱਗ ਰਿਹਾ ਸੀ, ਜਾਤੀ ਦੁਸ਼ਮਣ ਲੜਾਈ ਲਈ ਤਿਆਰ ਹੋ ਰਹੇ ਹੋਣ ਕਿਸੇ ਦੇ ਚਿਹਰੇ ਤੇ ਖੇਡ ਦਾ ਜਲੌਅ ਨਹੀਂ ਸੀ ਬੁੱਝੇ ਤੇ ਤਣਾਅ ਭਰੇ ਚਿਹਰੇ ਮੈਂ ਨਿਰਾਸ਼ ਹੋ ਕੇ ਵਾਪਸ ਆ ਗਿਆ ਮੇਰੇ ਮਗਰ ਹੀ ਮੈਚ ਖਤਮ ਹੋ ਗਿਆ ਮੇਰੀ ਪ੍ਰੇਸ਼ਾਨੀ ਹੋਰ ਵਧ ਗਈ, ਪਰ ਚੁੱਪ ਰਿਹਾ ਵਾਪਸੀ ਰਸਤੇ ਤੇ ਮੈਂ ਆਪਣੀ ਪ੍ਰੇਸ਼ਾਨੀ ਦੀ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਜੋ ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਕੌਡੀ ਨਹੀਂ ਸੀ ਉਨ੍ਹਾਂ ਅਨੁਸਾਰ ਬਹੁਤੇ ਮੈਚ 1010 ਪੁਆਇੰਟਾਂ ਦੇ ਜਾਂ 1010 ਮਿੰਟ ਦੇ ਹੀ ਖੇਡੇ ਜਾਂਦੇ ਹਨ, ਕਿਉਂਕਿ ਇਸ ਤਰ੍ਹਾਂ ਵੱਧ ਟੀਮਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਖ਼ਬਰ ਵੀ ਵਧੀਆ ਬਣਦੀ ਹੈ ਤੇ ਟੀਮਾਂ ਨੇ ਵੀ ਹੋਰ ਥਾਵਾਂ ਤੇ ਵੀ ਸਮੂਲੀਅਤ ਕਰਨੀ ਹੁੰਦੀ ਹੈ ਜਿੱਥੋਂ ਤੱਕ ਕੌਡੀ-ਕੌਡੀ ਦਮ ਦਾ ਸੁਆਲ ਸੀ, ਉਨ੍ਹਾਂ ਅਨੁਸਾਰ ਇਹ ਵੀ ਟਾਇਮ 'ਚ ਬਦਲ ਗਈ ਹੈ ਮੇਰਾ ਮਨ ਹੁਣ ਸ਼ਾਂਤ ਹੋ ਚੁੱਕਾ ਸੀ ਮੇਰੇ ਲਈ ਕੌਡੀ ਦੀ ਹੁਣ ਕੌਡੀ ਪੈ ਚੁੱਕੀ ਸੀ ਜੇਕਰ ਹੁਣ ਮੈਨੂੰ ਕੋਈ ਇਹ ਵੀ ਦੱਸ ਦੇਵੇ ਕਿ ਇਹ ਰਲ਼ਕੇ ਖੇਡਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ ਉਂਜ ਇਹ ਬਦਲਾਵ ਸਮਾਜ ਵਿਚ ਨਿੱਤ ਆ ਰਹੇ ਬਦਲਾਅ ਦਾ ਹੀ ਨਤੀਜਾ ਹੈ ਕੋਈ ਆਲੋਕਾਰੀ ਘਟਨਾ ਨਹੀਂ ਵਿਚਾਰੇ ਖਿਡਾਰੀਆਂ ਦਾ ਕੀ ਕਸੂਰ, ਸਮੇਂ ਦੀ ਮੰਗ ਤੇ ਪ੍ਰਬੰਧਕੀ ਲੋਕਾਂ ਦੀ ਮਜਬੂਰੀ ਹੀ ਅਸਲੀ ਕਾਰਣ ਹਨ ਪਰ ਫੇਰ ਵੀ ਮੈਨੂੰ ਉਮੀਦ ਹੈ ਕਿਤੇ ਨਾ ਕਿਤੇ, ਕਿਸੇ ਨਾਲ ਕਿਸੇ ਪੰਜਾਬ ਦੇ ਰੜ੍ਹੇ ਮੈਦਾਨ ਵਿਚ ਕੌਡੀ-ਕੌਡੀ ਜ਼ਰੂਰ ਸੁਣਾਈ ਦੇਂਦੀ ਹੋਵੇਗੀ ਤੇ ਮੈਂ ਇੱਕ ਦਿਨ ਇਹ ਜ਼ਰੂਰ ਸੁਨਣ ਪਹੁੰਚਾਂਗਾ


ਰਾਮੇਸ਼ਵਰ ਕੰਬੋਜ ਹਿਮਾਂਸ਼ੂ - ਮਿੰਨੀ ਕਹਾਣੀ

ਸਾਹਿਤਕ ਨਾਮ: ਰਾਮੇਸ਼ਵਰ ਕੰਬੋਜ ਹਿਮਾਂਸ਼ੂ

ਜਨਮ: ਮਾਰਚ 19, 1949 ਨੂੰ ਸਹਾਰਨਪੁਰ, ਇੰਡੀਆ।

ਕੰਬੋਜ ਸਾਹਿਬ ਕਵਿਤਾ, ਵਿਅੰਗ, ਨਾਵਲ, ਮਿੰਨੀ ਕਹਾਣੀਆਂ ਦੇ ਹਿੰਦੀ ਭਾਸ਼ਾ ਦੇ ਉੱਘੇ ਲੇਖਕ ਹਨਉਹਨਾਂ ਦੀਆਂ ਹਿੰਦੀ ਭਾਸ਼ਾ ਚ ਰਚਿਤ ਕਿਤਾਬਾਂ ਦਾ ਅਨੁਵਾਦ ਪੰਜਾਬੀ, ਗੁਜਰਾਤੀ, ਉਰਦੂ ਤੇ ਨੇਪਾਲੀ ਭਾਸ਼ਾਵਾਂ ਚ ਹੋ ਚੁੱਕਿਆ ਹੈ

ਨਿਵਾਸ: ਨਵੀਂ ਦਿੱਲੀ, ਇੰਡੀਆ

ਕਿੱਤਾ: ਅਧਿਆਪਨ ਤੋਂ ਰਿਟਾਇਡ

ਕਿਤਾਬਾਂ: ਮਿੰਨੀ ਕਹਾਣੀ ਸੰਗ੍ਰਹਿ: ਅਸੱਭਯ ਨਗਰ, ਕਵਿਤਾ ਸੰਗ੍ਰਹਿ: ਮਾਟੀ, ਪਾਨੀ ਔਰ ਹਵਾ, ਅੰਜੁਰੀ ਭਰ ਆਸੀਸ, ਕੁਕੜੂੰ ਕੂੰ, ਹੁਆ ਸਵੇਰਾ, ਨਾਵਲੈੱਟ: ਧਰਤੀ ਕੇ ਆਂਸੂ, ਦੀਪਾ, ਦੂਸਰਾ ਸਵੇਰਾ,ਅਤੇ ਵਿਅੰਗ ਸੰਗ੍ਰਹਿ: ਖੂੰਟੀ ਪੇ ਟੰਗੀ ਆਤਮਾ ਸ਼ਾਮਲ ਨੇ। ਹਿੰਦੀ ਭਾਸ਼ਾ ਚ ਮਿੰਨੀ ਕਹਾਣੀਆਂ ਦੀ ਵੈੱਬ-ਸਾਈਟ ਲਘੂ ਕਥਾਏਂ ਦਾ ਸੁਕੇਸ਼ ਸਾਹਨੀ ਜੀ ਨਾਲ਼ ਸਹਿ-ਸੰਪਾਦਨ ਕਰਦੇ ਹਨ

ਉਹਨਾਂ ਵੱਲੋਂ ਭੇਜੀਆਂ ਬੇਹੱਦ ਖ਼ੂਬਸੂਰਤ ਮਿੰਨੀ ਕਹਾਣੀਆਂ ਚੋਂ ਇੱਕ ਕਹਾਣੀ ਦਾ ਪਰਖ( ਜੋ ਮੈਨੂੰ ਬੇਹੱਦ ਪਸੰਦ ਆਈ ਹੈ ) ਮੈਂ ਹਿੰਦੀ ਤੋਂ ਪੰਜਾਬੀ ਅਨੁਵਾਦ ਕਰਕੇ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂਕੰਬੋਜ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਬਹੁਤ-ਬਹੁਤ ਸ਼ੁਕਰੀਆ!

ਪਰਖ

(ਪੋਸਟ: ਜਨਵਰੀ 26, 2009)

ਕਜਰੀ ਨੂੰ ਵੇਚਣ ਤੋਂ ਬਾਅਦ ਤ੍ਰਿਲੋਕ ਆਪਣੀ ਉਦਾਸੀ ਨਹੀਂ ਸੀ ਛੁਪਾ ਸਕਿਆਸੁੰਨਾ ਕਿੱਲਾ ਦੇਖ ਕੇ ਰਾਧਾ ਵੀ ਕੁਰਲਾਉਂਦੀ ਰਹਿ ਗਈ ਪਰੰਤੂ ਬਾਪੂ ਦੇ ਸਾਮ੍ਹਣੇ ਕੁਝ ਕਹਿਣ ਦੀ ਹਿੰਮਤ ਨਾ ਕਰ ਸਕੀ

ਸ਼ਾਮ ਹੁੰਦਿਆਂ ਹੀ ਕਜਰੀ ਰੱਸਾ ਤੁੜਾ ਕੇ ਕਿਸ਼ਨੇ ਦੇ ਘਰ੍ਹੋਂ ਭੱਜ ਆਈਤ੍ਰਿਲੋਕ ਨੂੰ ਦੇਖ ਕੇ ਕਜਰੀ ਨੇ ਮੂੰਹ ਉੱਚਾ ਕਰਕੇ ਰੰਭ੍ਹਣਾ ਸ਼ੁਰੂ ਕਰ ਦਿੱਤਾਤ੍ਰਿਲੋਕ ਨੇ ਕੋਲ਼ ਆਕੇ ਓਹਦੀ ਪਿੱਠ 'ਤੇ ਟੱਥ ਫੇਰਿਆ ਤਾਂ ਓਹ ਧਰਵਾਸਾ ਕਰਕੇ ਕੁੰਡ ਦੇ ਕੋਲ਼ ਖਿੰਡੇ ਪਏ ਸੁੱਕੇ ਘਾਹ ਨੂੰ ਸਪੜ ਸਪੜ ਕਰਕੇ ਖਾਣ ਲੱਗੀ

ਸਹਿਕਾਰੀ ਸਮਿਤੀ ਦਾ ਕਰਜ਼ਾ ਚੁਕਾਉਂਣ ਦਾ ਨੋਟਿਸ ਨਾ ਮਿਲ਼ਿਆ ਹੁੰਦਾ ਤਾਂ ਓਹ ਕਜਰੀ ਨੂੰ ਕਦੇ ਨਾ ਵੇਚਦਾਅਤੇ ਹੁਣ.....ਕਜਰੀ ਵਾਪਸ ਆ ਗਈ ਹੈਪੈਸੇ ਮੋੜਨੇ ਪੈਣਗੇਕਰਜ਼ਾ ਲਾਹੁਣ ਲਈ ਕੋਈ ਦੂਜਾ ਰਸਤਾ ਲੱਭਣਾ ਪਵੇਗਾ

...............................................................................

ਓਦੋਂ ਹੀ ਕਿਸ਼ਨਾ ਵੀ ਪਿੱਛੇ-ਪਿੱਛੇ ਆ ਪਹੁੰਚਿਆ--" ਭਾਈ ਤ੍ਰਿਲੋਕ! ਤੇਰੀ ਗਾਂ ਨੂੰ ਕਾਬੂ ਰੱਖਣਾ ਮੇਰੇ ਵੱਸ ਦੀ ਗੱਲ ਨਹੀਂਸਵੇਰੇ ਤੋਂ ਹਰਾ ਬਰਸੀਣ ਇਹਦੇ ਅੱਗੇ ਪਿਆ ਰਿਹਾ ਪਰ ਇਹਨੇ ਮੂੰਹ ਤੱਕ ਨ੍ਹੀਂ ਲਾਇਆ।"

" ਆਦਮੀ ਹੀ ਨਹੀਂ ਜਾਨਵਰ ਵੀ ਪਿਆਰ ਦਾ ਭੁੱਖਾ ਹੁੰਦਾ ਹੈ ਕਿਸ਼ਨੇ! ਤੂੰ ਕਿਵੇਂ ਸਮਝੇਂਗਾ ਕਿ ਮੈਂ ਕਜਰੀ ਨੂੰ ਕਿਵੇਂ ਪਾਲ਼ਿਐ?...ਆਪਣੀ ਬੱਚੀ ਦੀ ਤਰ੍ਹਾਂ ਪਾਲ਼ਿਐ।" ਤ੍ਰਿਲੋਕ ਨੇ ਪੈਸੇ ਕੱਢਕੇ ਦਿੰਦੇ ਹੋਏ ਨੇ ਕਿਹਾ," ਆਪਣੇ ਰੁਪਈਏ ਗਿਣ ਲੈ।"

ਕਿਸ਼ਨੇ ਨੇ ਪੈਸੇ ਜੇਬ ਵਿਚ ਰੱਖਦਿਆਂ ਹੋਇਆਂ ਗੱਲ ਅੱਗੇ ਤੋਰੀ--" ਸਵੇਰੇ ਤੂੰ ਰਾਧਾ ਬੇਟੀ ਦੇ ਰਿਸ਼ਤੇ ਲਈ ਕਹਿ ਰਿਹਾ ਸੀ ਨਾ? ਮੈਂ ਆਪਣੇ ਬੇਟੇ ਤੋਂ ਪੁੱਛ ਲਿਐਓਹ ਤਿਆਰ ਹੋ ਗਿਐ।"

" ਪਰ ਮੈਂ ਤਿਆਰ ਨਹੀਂ ਇਸ ਰਿਸ਼ਤੇ ਲਈ।"
.......
ਕਿਸ਼ਨਾ ਹੈਰਾਨ ਰਹਿ ਹਿਆ--" ਪਰ ਸਵੇਰੇ ਤੂੰ ਹੀ ਤਾਂ ਕਿਹਾ ਸੀ ਨਾ ਗੱਲ ਚਲਾਉਂਣ ਲਈ?"
.......
"
ਸਵੇਰੇ ਦੀ ਗੱਲ ਹੋਰ ਸੀ," ਤ੍ਰਿਲੋਕ ਬੋਲਿਆਓਹਦੀ ਨਜ਼ਰ ਕਜਰੀ ਵੱਲ ਗਈਰਾਧਾ ਵੀ ਪਤਾ ਨਹੀਂ ਕਦੋਂ ਚੁੱਪ-ਚਾਪ ਆ ਕੇ ਗਾਂ ਦੀ ਗਰਦਨ ਸਹਿਲਾਉਂਣ ਲੱਗ ਪਈ ਸੀਦੋਵਾਂ ਦੀਆਂ ਅੱਖਾਂ 'ਚ ਓਹਨੂੰ ਇੱਕੋ ਜਿਹੀ ਹੀ ਨਮੀ ਨਜ਼ਰ ਆਈਫੇਰ ਦੋਨਾਂ ਦੇ ਚਿਹਰੇ ਇੱਕੋ ਜਿਹੇ ਹੀ ਲੱਗਣ ਲੱਗੇ

"ਫੇਰ ਸੋਚ ਲੈ," ਕਿਸ਼ਨਾ ਬੋਲਿਆ
....
"
ਚੰਗੀ ਤਰ੍ਹਾਂ ਸੋਚ ਲਿਐ।"
ਕਜਰੀ ਨੇ ਜੁਗਾਲ਼ੀ ਭਰਿਆ ਮੂੰਹ ਤ੍ਰਿਲੋਕ ਦੇ ਮੋਢੇ 'ਤੇ ਰੱਖ ਦਿੱਤਾ

----------

ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ ਤਮੰਨਾ


ਸੁਕੇਸ਼ ਸਾਹਨੀ - ਮਿੰਨੀ ਕਹਾਣੀ

ਸਾਹਿਤਕ ਨਾਮ: ਸੁਕੇਸ਼ ਸਾਹਨੀ

ਸਾਹਨੀ ਸਾਹਿਬ ਨਾਵਲ, ਮਿੰਨੀ ਕਹਾਣੀਆਂ, ਬਾਲ ਕਹਾਣੀਆਂ ਦੇ ਹਿੰਦੀ ਭਾਸ਼ਾ ਦੇ ਉੱਘੇ ਲੇਖਕ ਹਨ। ਉਹਨਾਂ ਦੀਆਂ ਹਿੰਦੀ ਭਾਸ਼ਾ ਚ ਰਚਿਤ ਕਿਤਾਬਾਂ ਦਾ ਅਨੁਵਾਦ ਪੰਜਾਬੀ, ਗੁਜਰਾਤੀ, ਮਰਾਠੀ, ਅੰਗਰੇਜ਼ੀ ਤੇ ਜਰਮਨ ਭਾਸ਼ਾਵਾਂ ਚ ਹੋ ਚੁੱਕਿਆ ਹੈ।

ਨਿਵਾਸ: ਬਰੇਲੀ, ਯੂ.ਪੀ. ਇੰਡੀਆ

ਕਿੱਤਾ: ਹਾਈਡਰੌਲੋਜਿਸਟ

ਕਿਤਾਬਾਂ: ਮਿੰਨੀ ਕਹਾਣੀ ਸੰਗ੍ਰਹਿ: ਡਰੇ ਹੁਏ ਲੋਗ, ਠੰਡੀ ਰਜਾਈ ਅਤੇ ਖ਼ਲੀਲ ਜਿਬਰਾਨ ਦੀਆਂ ਮਿੰਨੀ ਕਹਾਣੀਆਂ ਦਾ ਹਿੰਦੀ ਚ ਅਨੁਵਾਦ। ਮਿੰਨੀ ਕਹਾਣੀਆਂ ਦੀਆਂ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਹਨ। ਹਿੰਦੀ ਭਾਸ਼ਾ ਚ ਮਿੰਨੀ ਕਹਾਣੀਆਂ ਦੀ ਬਹੁਤ ਵਧੀਆ ਵੈੱਬ-ਸਾਈਟ ਲਘੂ ਕਥਾਏਂ ਵੀ ਚਲਾਉਂਦੇ ਹਨ। ਇਸਦਾ ਲਿੰਕ ਆਰਸੀ ਸਾਹਿਤ ਸੋਮਿਆਂ ਦੇ ਤਹਿਤ ਪਾ ਦਿੱਤਾ ਗਿਆ ਹੈ, ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ।

ਉਹਨਾਂ ਵੱਲੋਂ ਭੇਜੀਆਂ ਬੇਹੱਦ ਖ਼ੂਬਸੂਰਤ ਮਿੰਨੀ ਕਹਾਣੀਆਂ ਚੋਂ ਇੱਕ ਕਹਾਣੀ ਦਾ ( ਜੋ ਮੈਨੂੰ ਬੇਹੱਦ ਪਸੰਦ ਆਈ ਹੈ ) ਮੈਂ ਹਿੰਦੀ ਤੋਂ ਪੰਜਾਬੀ ਅਨੁਵਾਦ ਕਰਕੇ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸਾਹਨੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ । ਬਹੁਤ-ਬਹੁਤ ਸ਼ੁਕਰੀਆ!

ਸਿਓਂਕ

(ਪੋਸਟ: ਜਨਵਰੀ 25, 2009)

ਕਿਸ਼ਨ!--- ਵੱਡੇ ਸਾਹਬ ਨੇ ਚਪੜਾਸੀ ਨੂੰ ਘੂਰਦੇ ਹੋਏ ਪੁੱਛਿਆ, ਤੂੰ ਮੇਰੇ ਦਫ਼ਤਰ ਚੋਂ ਕੀ ਚੁਰਾ ਕੇ ਲਿਜਾ ਰਿਹਾ ਸੀ?

ਕੁਝ ਨਹੀਂ ਸਾਹਬ!

ਝੂਠ ਨਾ ਬਕ!--- ਵੱਡਾ ਸਾਹਬ ਚੀਕਿਆ, "ਚੌਂਕੀਦਾਰ ਨੇ ਮੈਨੂੰ ਸੂਚਨਾ ਦਿੱਤੀ ਹੈ, ਤੂੰ ਡੱਬੇ ਚ ਕੁਝ ਛੁਪਾ ਕੇ ਲਿਜਾ ਰਿਹਾ ਸੀ---ਕੀ ਸੀ ਉਹਦੇ ਚ? ਸੱਚ-ਸੱਚ ਦੱਸ ਦੇ ਨਹੀਂ ਤਾਂ ਮੈਂ ਪੁਲਸ ਚ ਤੇਰੇ ਖ਼ਿਲਾਫ਼----

ਨਹੀਂ ---ਨਹੀਂ ਸਾਹਬ! ਤੁਸੀਂ ਮੈਨੂੰ ਗਲਤ ਸਮਝ ਰਹੇ ਓ---ਕਿਸ਼ਨ ਬੇਨਤੀ ਕਰਦਿਆਂ ਬੋਲਿਆ, ਮੈਂ ਤੁਹਾਨੂੰ ਸਭ ਕੁੱਝ ਸੱਚ-ਸੱਚ ਦੱਸਦਾ ਹਾਂ---ਮੇਰੇ ਘਰ ਦੇ ਕੋਲ਼ ਸੜਕ ਵਿਭਾਗ ਦੇ ਵੱਡੇ ਬਾਬੂ ਰਹਿੰਦੇ ਨੇ, ਉਹਨਾਂ ਨੂੰ ਸਿਓਂਕ ਦੀ ਜ਼ਰੂਰਤ ਸੀ, ਤੁਹਾਡੇ ਦਫ਼ਤਰ ਦੇ ਬਹੁਤ ਵੱਡੇ ਹਿੱਸੇ ਚ ਸਿਓਂਕ ਲੱਗੀ ਹੋਈ ਹੈ। ਬੱਸ---ਓਹਦੇ ਵਿਚੋਂ ਥੋੜ੍ਹੀ ਜਿਹੀ ਸਿਓਂਕ ਮੈਂ ਵੱਡੇ ਬਾਬੂ ਲਈ ਲੈਣ ਗਿਆ ਸੀ। ਇਕਲੌਤੇ ਬੇਟੇ ਦੀ ਕਸਮ! ---ਮੈਂ ਸੱਚ ਬੋਲ ਰਿਹਾਂ ਹਾਂ।

ਹੈਂ! ਵੱਡੇ ਬਾਬੂ ਨੂੰ ਸਿਓਂਕ ਦੀ ਕੀ ਲੋੜ ਪੈ ਗਈ? ਵੱਡਾ ਸਾਹਬ ਹੈਰਾਨ ਸੀ।

ਮੈਂ ਪੁੱਛਿਆ ਨਹੀਂ, ਜੇ ਤੁਸੀਂ ਆਖੋਂ ਤਾਂ ਮੈਂ ਪੁੱਛ ਆਉਂਨਾ ਵਾਂ।

ਨਹੀਂਨਹੀਂ, ਮੈਂ ਤਾਂ ਊਈਂ ਪੁੱਛਿਐ, ----ਹੁਣ ਤੂੰ ਜਾਹ। ਵੱਡਾ ਸਾਹਬ ਕੰਧ ਤੇ ਲੱਗੀ ਸਿਓਂਕ ਦੀ ਟੇਢੀ-ਮੇਢੀ ਲਾਈਨ ਵੱਲ ਦੇਖਦਾ ਹੋਇਆ ਗਹਿਰੀ ਸੋਚ ਚ ਪੈ ਗਿਆ।

.......

ਮਿਸਟਰ ਰਮਨ! ਵੱਡਾ ਸਾਹਬ ਮਿੱਠੀਆਂ ਨਜ਼ਰਾਂ ਨਾਲ਼ ਕੰਧ ਤੇ ਲੱਗੀ ਸਿਓਂਕ ਨੂੰ ਦੇਖ ਰਿਹਾ ਸੀ, ਤੁਸੀਂ ਆਪਣੇ ਦਫ਼ਤਰ ਦਾ ਵੀ ਮੁਆਇਨਾ ਕਰੋ, ਓਥੇ ਵੀ ਸਿਓਂਕ ਜ਼ਰੂਰ ਲੱਗੀ ਹੋਊ, ਜੇ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਦੱਸਿਓ, ਮੈਂ ਏਥੋਂ ਤੁਹਾਡੇ ਕੈਬਿਨ ਚ ਟਰਾਂਸਫਰ ਕਰ ਦੇਵਾਂਗਾ। ਤੁਸੀਂ ਆਪਣੇ ਖਾਸ ਆਦਮੀਆਂ ਨੂੰ ਇਸਦੀ ਦੇਖ-ਰੇਖ ਚ ਲਗਾ ਦਿਓ, ਇਹਨੂੰ ਪਲ਼ਣ-ਵਧਣ ਦਿਓ। ਜ਼ਰੂਰਤ ਤੋਂ ਵੱਧ ਜਾਵੇ ਤਾਂ ਕੱਚ ਦੀਆਂ ਬੋਤਲਾਂ ਚ ਇਕੱਠੀ ਕਰਕੇ, ਜਦੋਂ ਕਿਤੇ ਵੀ ਆਪਾਂ ਟਰਾਂਸਫਰ ਹੋ ਕੇ ਦੂਜੇ ਦਫ਼ਤਰਾਂ ਚ ਜਾਵਾਂਗੇ, ਤਾਂ ਇਹਦੀ ਜ਼ਰੂਰਤ ਪਵੇਗੀ।

ਠੀਕ ਹੈ, ਸਰ! ਏਦਾਂ ਹੀ ਹੋਵੇਗਾ--- ਛੋਟਾ ਸਾਹਬ ਬੋਲਿਆ।

ਦੇਖੋ!--- ਵੱਡੇ ਸਾਹਬ ਦਾ ਸੁਰ ਨੀਵਾਂ ਹੋ ਗਿਆ—“ ਸਾਡੇ ਕਾਰਜ-ਕਾਲ ਦੇ ਜਿੰਨੇ ਵੀ ਨੰਬਰ ਦੋ ਦੇ ਵਰਕ ਆਰਡਰ ਹਨ, ਉਹਨਾਂ ਨਾਲ਼ ਸਬੰਧਤ ਸਾਰੇ ਕਾਗਜ਼ਾਤ ਰਿਕਾਰਡ ਰੂਮ ਚ ਰਖਵਾ ਕੇ ਓਥੇ ਸਿਓਂਕ ਦਾ ਛਿੜਕਾ ਕਰਵਾ ਦਿਓ---ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।

--------

ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'

ਦਾਰਸ਼ਨਿਕਾਂ ਦੀ ਕਲਮ ਤੋਂ

ਖ਼ਲੀਲ ਜਿਬਰਾਨ ਨੇ ਕਿਹਾ ਸੀ.....

ਖ਼ੁਸ਼ੀ ਅਤੇ ਗ਼ਮ

ਦਾਰਸ਼ਨਿਕ ਵਿਚਾਰ

(ਪੋਸਟ: ਜਨਵਰੀ 24, 2009)

-*- ਤੁਹਾਡੀ ਖ਼ੁਸ਼ੀ ਦਰਅਸਲ ਵਿਚ ਤੁਹਾਡਾ ਗ਼ਮ ਹੀ ਹੁੰਦਾ ਹੈ ਜੋ ਬੇਨਕਾਬ ਹੁੰਦਾ ਹੈ।

-*- ਤੁਹਾਡੇ ਹਾਸੇ ਤੁਹਾਡੇ ਹੰਝੂਆਂ ਚੋਂ ਹੀ ਉਪਜਦੇ ਹਨ।

-*- ਦੁੱਖ ਜਿੰਨਾ ਡੂੰਘਾ ਤੁਹਾਨੂੰ ਕੁਰੇਦਦਾ ਹੈ, ਓਨਾ ਹੀ ਆਨੰਦ ਵੀ ਤਾਂ ਦਿੰਦਾ ਹੈ, ਬਿਲਕੁਲ ਓਸੇ ਤਰ੍ਹਾਂ ਜਿਵੇਂ ਸ਼ਰਾਬ ਪੀਣ ਵਾਲ਼ਾ ਪਿਆਲਾ, ਘੁਮਿਆਰ ਦੇ ਭੱਠੇ ਚ ਤਪ ਕੇ ਹੀ ਤੁਹਾਨੂੰ ਆਨੰਦ ਦੇਣ ਲਈ ਤੁਹਾਡੇ ਹੱਥਾਂ ਚ ਪਹੁੰਚਦਾ ਹੈ। ਜਾਂ ਫਿਰ ਰੂਹਾਨੀ ਸਕੂਨ ਦੇਣ ਵਾਲ਼ੀ ਸੁਰੀਲੀ ਬੰਸਰੀ ਦੀ ਤਰ੍ਹਾਂ, ਜਿਸਦੀ ਲੱਕੜੀ ਬੰਸਰੀ ਬਣਨ ਤੋਂ ਪਹਿਲਾਂ, ਚਾਕੂਆਂ ਨਾਲ਼ ਖੋਖਲ਼ੀ ਕੀਤੀ ਜਾਂਦੀ ਹੈ।

-*- ਜਦੋਂ ਵੀ ਜ਼ਿਆਦਾ ਖ਼ੁਸ਼ ਹੋਵੋਂ, ਜ਼ਰਾ ਦਿਲ ਅੰਦਰ ਝਾਤੀ ਮਾਰ ਕੇ ਦੇਖਣਾ ਕਿ ਜਿਸ ਚੀਜ਼ ਨੇ ਤੁਹਾਨੂੰ ਜ਼ਿਆਦਾ ਦੁੱਖ ਦਿੱਤੈ, ਓਹੀ ਤਾਂ ਖ਼ੁਸ਼ੀ ਵੀ ਦੇ ਰਹੀ ਹੈ। ਜਦੋਂ ਦਿਲ ਦਾ ਆਲਮ ਜ਼ਿਆਦਾ ਗ਼ਮਗੀਨ ਹੋਵੇ ਤਾਂ ਫੇਰ ਝਾਤੀ ਮਾਰਿਆਂ ਸੱਚਾਈ ਦਾ ਪਤਾ ਲੱਗ ਜਾਵੇਗਾ ਕਿ ਦਰਅਸਲ ਤੁਹਾਡੀ ਖ਼ੁਸ਼ੀ ਨੇ ਤੁਹਾਨੂੰ ਗ਼ਮ ਚ ਡੁਬੋਇਆ ਹੈ।

-*- ਤੁਹਾਡੇ ਚੋਂ ਕੁੱਝ ਸਮਝਦੇ ਨੇ ਕਿ ਖ਼ੁਸ਼ੀ, ਗ਼ਮ ਤੋਂ ਵੱਡੀ ਹੁੰਦੀ ਹੈ ਤੇ ਕੁੱਝ ਗ਼ਮ ਨੂੰ ਖ਼ੁਸ਼ੀ ਤੋਂ ਵੱਡਾ ਦੱਸਦੇ ਨੇ। ਪਰ ਮੇਰਾ ਵਿਚਾਰ ਹੈ ਕਿ ਇਹਨਾਂ ਦੋਵਾਂ ਨੂੰ ਨਿਖੇੜਨਾ ਅਸੰਭਵ ਹੈ। ਦੋਵੇਂ ਇੱਕਠੇ ਆਉਂਦੇ ਨੇ, ਜਦੋਂ ਇੱਕ ਤੁਹਾਡੇ ਤੇ ਹਾਵੀ ਹੁੰਦਾ ਹੈ ਤਾਂ ਦੂਜਾ ਕੋਲ਼ ਹੀ ਤੁਹਾਡੇ ਬਿਸਤਰ ਤੇ ਸੁੱਤਾ ਪਿਆ ਹੁੰਦਾ ਹੈ।

-*- ਅਸਲ ਵਿਚ ਤੁਸੀਂ ਹਮੇਸ਼ਾ ਹੀ ਖ਼ੁਸ਼ੀ ਅਤੇ ਗ਼ਮ ਦੀ ਤੱਕੜੀ ਦੇ ਐਨ ਵਿਚਕਾਰ ਲਟਕ ਰਹੇ ਹੁੰਦੇ ਓ! ਅਤੇ ਇਹ ਤੱਕੜੀ ਓਦੋਂ ਹੀ ਸੰਤੁਲਤ ਹੁੰਦੀ ਹੈ, ਜਦੋਂ ਤੁਸੀਂ ਖਾਲੀ ਹੋਵੋਂ। ਜਦੋਂ ਖ਼ਜ਼ਾਨਚੀ ਆਪਣਾ ਸੋਨੇ ਅਤੇ ਚਾਂਦੀ ਤੋਲਣ ਲਈ ਤੁਹਾਨੂੰ ਚੁੱਕਦਾ ਹੈ ਤਾਂ ਤੁਹਾਡੀ ਖ਼ੁਸ਼ੀ ਜਾਂ ਗ਼ਮ ਵਧਣੇ ਜਾਂ ਘਟਣੇ ਲਾਜ਼ਮੀ ਹੋ ਜਾਂਦੇ ਹਨ।

--------------

ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'

ਸੁਖਿੰਦਰ- ਲੇਖ

ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼

(ਪੋਸਟ: ਜਨਵਰੀ 22, 2009)


ਸਾਧੂ ਬਿਨਿੰਗ ਦਾ ਕਾਵਿ-ਸੰਗ੍ਰਹਿ 'ਯਾਰ ਮੇਰਾ ਦਰਿਆ' ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼ ਕਰਨ ਦਾ ਇੱਕ ਯਤਨ ਕਿਹਾ ਜਾ ਸਕਦਾ ਹੈ।
ਇਹ ਤਲਾਸ਼ ਨਾ ਸਿਰਫ਼ ਮਨੁੱਖੀ ਰਿਸ਼ਤਿਆਂ ਤੱਕ ਹੀ ਸੀਮਿਤ ਹੈ; ਬਲਕਿ ਤਲਾਸ਼ ਦਾ ਇਹ ਸਫ਼ਰ ਮਨੁੱਖ ਦੇ ਆਪਣੇ ਚੌਗਿਰਦੇ ਨਾਲ ਅਤੇ ਕੁਦਰਤ ਨਾਲ ਪੈਦਾ ਹੋਏ ਰਿਸ਼ਤਿਆਂ ਤੱਕ ਵੀ ਫੈਲਿਆ ਹੋਇਆ ਹੈ। ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਸਮੇਂ, ਸਥਾਨ ਅਤੇ ਪੁਲਾੜ ਵਿੱਚ ਫੈਲੇ ਅਜਿਹੇ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੀਆਂ ਹਨ। ਇਹ ਕਵਿਤਾਵਾਂ ਸਾਡੇ ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੀਆਂ ਹਨ।
ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਵੀ ਕਰਦੀਆਂ ਹਨ। ਕਿਤੇ ਕਿਤੇ, ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਲੇਖਕ ਪੂਰਬੀ ਸਭਿਆਚਾਰ ਪ੍ਰਤੀ ਆਪਣਾ ਮੋਹ ਜਤਾਉਂਦਾ ਕੁਝ ਜ਼ਿਆਦਾ ਹੀ ਭਾਵੁਕਤਾ ਦਿਖਾ ਜਾਂਦਾ ਹੈ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਬਾਰੇ ਗੱਲ ਸਾਧੂ ਬਿਨਿੰਗ ਦੀ ਕਵਿਤਾ 'ਕਵਿਤਾ ਨਾਲ ਸੰਵਾਦ' ਦੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:
ਕਵਿਤਾ ਹੁੰਦੀ ਹੈ
ਲੋਕਾਂ ਨਾਲ ਸਨੇਹ ਜਤਾਉਂਣ ਲਈ
ਉਨ੍ਹਾਂ ਦੇ ਦੁੱਖਾਂ ਦਰਦਾਂ ਦੇ
ਗੀਤ ਗਾਉਣ ਲਈ
ਲੋੜ ਪੈਣ 'ਤੇ ਹੱਕਾਂ ਲਈ
ਝੰਡਾ ਉਠਾਉਣ ਲਈ
ਸਾਧੂ ਬਿਨਿੰਗ ਆਪਣੀ ਗੱਲ ਦੀ ਸ਼ੁਰੂਆਤ ਕਰਦਿਆਂ ਹੀ ਪਹਿਲਾਂ ਇਹ ਦਸਣਾ ਜ਼ਰੂਰੀ ਸਮਝਦਾ ਹੈ ਕਿ ਕਵਿਤਾ ਦਾ ਮਨੁੱਖ ਨਾਲ ਇੱਕ ਗੂੜ੍ਹਾ ਰਿਸ਼ਤਾ ਹੈ। ਮੁੱਢ-ਕਦੀਮ ਤੋਂ ਕਵਿਤਾ ਮਨੁੱਖ ਦੇ ਨਾਲ ਨਾਲ ਤੁਰੀ ਹੈ। ਕਵਿਤਾ ਵਿੱਚ ਮਨੁੱਖ ਦੀ ਰੂਹ ਬੋਲਦੀ ਹੈ। ਕਵਿਤਾ ਦੇ ਬੋਲਾਂ ਰਾਹੀਂ ਹੀ ਮਨੁੱਖ ਨੇ ਆਪਣੀਆਂ ਉਮੰਗਾਂ, ਇੱਛਾਵਾਂ, ਦੁੱਖਾਂ, ਦਰਦਾਂ, ਖੁਸ਼ੀਆਂ, ਗ਼ਮੀਆਂ ਨੂੰ ਭਾਵਨਾਤਮਕ ਅਰਥਾਂ ਦੇ ਰੂਪ ਵਿੱਚ ਪ੍ਰਗਟਾ ਕੇ ਆਪਣੀ ਹੋਂਦ ਦਾ ਇਜ਼ਹਾਰ ਕਰਨਾ ਸਿੱਖਿਆ ਹੈ। ਅਸੀਂ ਕਾਵਿਕ ਬੋਲਾਂ ਰਾਹੀਂ ਨ ਸਿਰਫ ਆਪਣੇ ਆਪ ਦਾ ਹੀ ਇਜ਼ਹਾਰ ਕਰਨਾ ਪਸੰਦ ਕਰਦੇ ਹਾਂ; ਬਲਕਿ, ਇਜ਼ਹਾਰ ਕਰਨ ਦੀ ਅਜਿਹੀ ਵਿਧੀ ਰਾਹੀਂ ਅਸੀਂ ਆਪਣੇ ਸਰੋਤੇ ਦੀ ਚੇਤਨਾ ਵਿੱਚ ਵੀ ਤਰੰਗਾਂ ਦੀ ਅਜਿਹੀ ਝਰਨਾਟ ਛੇੜਦੇ ਹਾਂ ਕਿ ਉਸਦੇ ਜਿਸਮ ਦੇ ਕਣ ਕਣ ਵਿੱਚ ਇੱਕ ਮਹਾਂ-ਨਾਚ ਦੀ ਥਿਰਕਣ ਸ਼ੁਰੂ ਕਰ ਦਿੰਦੇ ਹਾਂ। ਜਿਸ ਸਦਕਾ ਉਸ ਨਾਲ ਸਾਡਾ ਇੱਕ ਰਿਸ਼ਤਾ ਸਥਾਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਮਨੁੱਖੀ ਸਭਿਅਤਾ ਦੇ ਬੀਜ ਦਰਿਆਵਾਂ ਦੇ ਕੰਢੇ ਹੀ ਬੀਜੇ ਗਏ. ਮਨੁੱਖੀ ਸਭਿਅਤਾ ਦੀ ਸ਼ੁਰੂਆਤ ਵਿੱਚ ਮਨੁੱਖ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਵੱਸਿਆ। ਸ਼ਾਇਦ, ਇਸੇ ਲਈ ਹੀ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਸਦੀਵੀ ਦੋਸਤੀ ਦਾ ਰੂਪ ਵਟਾ ਗਈ। ਦਰਿਆ ਨ ਸਿਰਫ਼ ਮਨੁੱਖ ਲਈ ਜੀਣ ਦਾ ਸਾਧਨ ਬਣੇ, ਦਰਿਆ ਮਨੁੱਖ ਲਈ ਆਉਣ ਜਾਣ ਦਾ ਸਾਧਨ ਬਣੇ ਅਤੇ ਮਨੁੱਖੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ ਵਿੱਚ ਹਿੱਸਾ ਵਟਾਉਣ ਵਾਲੇ ਕਰੀਬੀ ਸਾਥੀ ਵੀ। ਇਨ੍ਹਾਂ ਲੱਖਾਂ ਸਾਲਾਂ ਦੌਰਾਨ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੋਵੱਲੀ ਹੋ ਨਿਬੜੀ। ਮਨੁੱਖ ਵੀ ਦਰਿਆਵਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਲੱਗਾ। ਮਨੁੱਖ ਅਤੇ ਦਰਿਆਵਾਂ ਦੇ ਅਜਿਹੇ ਦੋਵੱਲੀ ਰਿਸ਼ਤੇ ਨੂੰ ਸਾਧੂ ਬਿਨਿੰਗ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ:
ਜਦ ਕੋਈ
ਵੱਡੀ ਕਾਰੋਬਾਰੀ ਕਿਸ਼ਤੀ
ਤੇਜ਼ੀ ਨਾਲ ਹਿੱਕ ਤੋਂ ਲੰਘੇ
ਗੁੱਸੇ 'ਚ ਦਰਿਆ
ਕੰਢਿਆਂ 'ਤੇ ਪਏ ਪੱਥਰਾਂ ਦੇ
ਖਿਝ ਖਿਝ ਥਪੇੜੇ ਮਾਰੇ
ਝੱਗ ਸੁੱਟੇ ਤਿਲਮਲਾਵੇ
ਤੇ ਜਦੋਂ
ਕਤਾਰਾਂ ਬੰਨ੍ਹ ਮੁਰਗਾਬੀਆਂ
ਏਧਰ ਓਧਰ ਫਿਰਨ ਤਰਦੀਆਂ
ਜਾਂ ਨਿੱਕੀ ਬੇੜੀ 'ਚ ਬੈਠਾ ਜੋੜਾ
ਹੌਲ਼ੀ- ਹੌਲ਼ੀ ਚੱਪੂ ਮਾਰੇ
ਦਰਿਆ ਖ਼ਾਮੋਸ਼ ਵਗੇ
ਖੁਸ਼ੀ 'ਚ ਝੂੰਮਦਾ ਨਜ਼ਰ ਆਵੇ
ਯਾਰ ਮੇਰਾ ਦਰਿਆ
ਇੰਝ ਦਿਲ ਦੀਆਂ ਸਮਝਾਵੇ
(
ਯਾਰ ਮੇਰਾ ਦਰਿਆ)
ਸਾਧੂ ਬਿਨਿੰਗ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੀ ਗੱਲ ਕਰਨ ਵਾਂਗ ਹੀ ਮਨੁੱਖ ਅਤੇ ਉਸਦੇ ਚੌਗਿਰਦੇ ਦੀ ਗੱਲ ਕਰਦਿਆਂ ਮਨੁੱਖ ਦੀ ਘਾਹ ਨਾਲ ਪੈਦਾ ਹੋਈ ਦੋਸਤੀ ਬਾਰੇ ਵੀ ਗੱਲ ਕਰਦਾ ਹੈ:
ਸੈਰ ਗਏ ਨੂੰ ਘਾਹ ਪੁੱਛਦਾ ਹੈ
ਨਾ ਕਦੀ ਬੈਠ ਕੇ ਦੁੱਖ ਸੁੱਖ ਕਰਦਾਂ
ਨਾ ਕੋਈ ਬੋਲ ਗੁਣਗੁਣਾਵੇਂ
ਕਦੀ ਕਦਾਈਂ ਹਫਦਾ ਆਵੇਂ
ਤੇ ਹਫਦਾ ਤੁਰ ਜਾਵੇਂ
ਕੀ ਸੱਚ ਮੁੱਚ ਤੈਨੂੰ ਚੇਤਾ ਨਹੀਂ ਰਿਹਾ
ਯਾਰਾਂ ਨਾਲ ਮਾਰੀਆਂ ਗੱਪਾਂ
ਮਹਿਬੂਬ ਨਾਲ ਗਾਏ ਨਗਮੇ
ਤੇਰੇ ਜੀਵਨ ਦੇ ਸਾਰੇ ਮਿੱਠੇ ਸੋਹਣੇ ਪਲ
ਮੇਰੇ ਉੱਤੇ ਬੈਠਿਆਂ
ਮੇਰੀਆਂ ਤਿੜਾਂ ਨਾਲ ਖੇਡਦਿਆਂ ਬੀਤੇ
ਮੇਰੇ ਕੋਲੋਂ ਇੰਜ ਪਰਾਇਆ ਹੋ ਚੁੱਕਿਆ ਤੂੰ
ਖ਼ੁਦ ਕੋਲੋਂ ਕੋਈ ਜਿਵੇਂ ਪਰਾਇਆ ਹੋ ਜਾਵੇ
(
ਸੈਰ ਗਏ ਨੂੰ)
ਮਨੁੱਖ ਦੀ ਨਿੱਤ ਦਿਨ ਵਧਦੀ ਜਾਂਦੀ ਲਾਲਚ ਨੇ ਨਾ ਸਿਰਫ ਕੁਦਰਤੀ ਸਾਧਨਾਂ ਦੀ ਤਬਾਹੀ ਕੀਤੀ ਹੈ; ਬਲਕਿ ਇਸਨੇ ਆਪਣੇ ਚੌਗਿਰਦੇ ਅਤੇ ਵਾਤਾਵਰਨ ਨੂੰ ਵੀ ਅਤਿ ਦਰਜੇ ਦੀ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਮਨੁੱਖ ਨੇ ਨਦੀਆਂ, ਦਰਿਆਵਾਂ ਵਿੱਚ ਇੰਡਸਟਰੀਅਲ ਕੂੜਾ-ਕਰਕਟ ਸੁੱਟ ਸੁੱਟ ਕੇ ਆਪਣੀ ਹੀ ਤਬਾਹੀ ਦੇ ਬੀਜ ਬੀਜੇ ਹਨ। ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਧਰਤੀ ਦੇ ਅਨੇਕਾਂ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਮਨੁੱਖਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ। ਜਿਸ ਕਾਰਨ ਭੂਚਾਲ ਆ ਰਹੇ ਹਨ, ਟੋਰਨੈਡੋ ਆ ਰਹੇ ਹਨ, ਸਮੁੰਦਰੀ ਤੂਫ਼ਾਨ ਆ ਰਹੇ ਹਨ, ਸੁਨਾਮੀ ਲਹਿਰਾਂ ਕਾਰਨ ਆਏ ਸਮੁੰਦਰੀ ਤੂਫ਼ਾਨਾਂ ਸਦਕਾ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ। ਹਜ਼ਾਰਾਂ ਕਿਸਮ ਦੀਆਂ ਨਵੀਆਂ ਅਤੇ ਖਤਰਨਾਕ ਬੀਮਾਰੀਆਂ ਸ਼ੁਰੂ ਹੋ ਰਹੀਆਂ ਹਨ। ਧਰਤੀ ਉੱਤੇ ਮਨੁੱਖ ਦੀ ਸਦੀਵੀ ਹੋਂਦ ਆਪਣੇ ਚੌਗਿਰਦੇ ਨਾਲ, ਵਾਤਾਵਰਨ ਨਾਲ, ਰੁੱਖਾਂ ਨਾਲ ਪੈਦਾ ਹੋਏ ਰਿਸ਼ਤੇ ਨੂੰ ਸੁਖਾਵਾਂ ਰੱਖਣ ਸਦਕਾ ਹੀ ਸੰਭਵ ਰਹਿ ਸਕੇਗੀ। ਮਨੁੱਖ ਜੇਕਰ ਇਸ ਸਚਾਈ ਵੱਲੋਂ ਮੂੰਹ ਮੋੜੇਗਾ ਤਾਂ ਉਹ ਆਪਣੇ ਪੈਰਾਂ ਥੱਲੇ ਆਪ ਹੀ ਕੰਡੇ ਬੀਜ ਰਿਹਾ ਹੋਵੇਗਾ. ਹਵਾ ਨਾਲ, ਘਾਹ ਨਾਲ, ਰੁੱਖਾਂ ਨਾਲ, ਮਨੁੱਖ ਦੇ ਤਿੜਕ ਰਹੇ ਰਿਸ਼ਤਿਆਂ ਬਾਰੇ ਸਾਧੂ ਬਿਨਿੰਗ ਵੀ ਚੇਤੰਨ ਹੈ:
ਸੈਰ ਗਏ ਨੂੰ
ਹਵਾ ਆਖਦੀ
ਘਾਹ ਪੁੱਛਦਾ ਹੈ
ਕਰਦੇ ਰੁੱਖ ਸ਼ਿਕਾਇਤ
(
ਸੈਰ ਗਏ ਨੂੰ)
ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿੱਚ ਇੱਕ ਵੱਡਾ ਵੱਖਰੇਂਵਾਂ ਹੈ - ਜ਼ਿੰਦਗੀ ਜਿਊਣ ਦਾ ਢੰਗ। ਪੂਰਬੀ ਸਭਿਆਚਾਰਾਂ ਵਿੱਚ ਪ੍ਰਵਾਰਕ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ; ਪਰ ਇਸਦੇ ਮੁਕਾਬਲੇ ਵਿੱਚ ਪੱਛਮੀ ਸਭਿਆਚਾਰਾਂ ਵਿੱਚ 'ਨਿੱਜ' ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਖਪਤ ਸਭਿਆਚਾਰ ਦੇ ਪਸਾਰ ਨਾਲ ਵਸਤਾਂ ਦੀ ਚਕਾਚੌਂਦ ਨਾਲ ਆਪਣੇ ਘਰਾਂ ਨੂੰ ਭਰਨ ਦੀ ਦੌੜ ਵਿੱਚ ਕੁਝ ਲੋਕ ਇਹ ਭੁੱਲ ਰਹੇ ਹਨ ਕਿ ਘਰ ਵਸਤਾਂ ਦੇ ਅੰਬਾਰ ਲਗਾਉਣ ਨਾਲ ਨਹੀਂ ਬਣਦੇ। ਬਲਕਿ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਮਨੁੱਖਾਂ ਦੇ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਹੋਂਦ ਸਦਕਾ ਹੀ ਬਣਦੇ ਹਨ। ਸਾਧੂ ਬਿਨਿੰਗ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ:
ਬਹੁਤ ਰੌਸ਼ਨ ਹੈ
ਮੇਰਾ ਇਹ ਘਰ ਨਵਾਂ
ਚਮਕਦਾਰ ਚੀਜ਼ਾਂ ਨਾਲ ਭਰਿਆ
ਨਜ਼ਰਾਂ ਦਾ ਭਰਪੂਰ ਦ੍ਰਿਸ਼ ਪਰ
ਅੰਦਰ ਦਾ ਖਲਾਅ ਨਹੀਂ ਭਰਦਾ
ਜਾਂ
ਹੁਣ ਇਹ ਨਵਾਂ ਨਕੋਰ ਰੋਸ਼ਨ ਘਰ
ਭਰਿਆ ਹੋਇਆ ਵੀ ਖਾਲੀ ਖਾਲੀ
ਯਾਦਾਂ ਤੇ ਕਹਾਣੀਆਂ ਤੋਂ ਵਾਂਝਾ
(
ਘਰ)
ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ. ਦੁਨੀਆਂ ਦੇ ਹਰੇਕ ਕੋਨੇ 'ਚੋਂ ਆ ਕੇ ਲੋਕ ਇੱਥੇ ਵਸੇ ਹਨ। ਵਧੇਰੇ ਲੋਕ ਇੱਥੇ ਆਰਥਿਕ ਕਾਰਨਾਂ ਕਰਕੇ ਹੀ ਆਏ ਹਨ। ਅਜਿਹੇ ਲੋਕ ਪਿੱਛੇ ਛੱਡ ਆਈ ਆਪਣੀ ਜਨਮ ਭੂਮੀ ਨਾਲੋਂ ਕੈਨੇਡਾ ਵਿੱਚ ਭਾਵੇਂ ਜਿੰਨੀ ਮਰਜ਼ੀ ਸੁਖਾਲੀ ਜ਼ਿੰਦਗੀ ਕਿਉਂ ਨ ਜੀਅ ਰਹੇ ਹੋਣ, ਉਹ ਫਿਰ ਵੀ ਸਾਰੀ ਉਮਰ ਇੱਥੋਂ ਦੇ ਮਾਹੌਲ, ਚੌਗਿਰਦੇ, ਵਾਤਾਵਰਨ ਅਤੇ ਮੌਸਮਾਂ ਨਾਲ ਅੰਦਰੂਨੀ ਤੌਰ ਉੱਤੇ ਪੂਰੀ ਤਰ੍ਹਾਂ ਸਾਂਝ ਨਹੀਂ ਪਾ ਸਕਦੇ। ਜਦੋਂ ਕਦੀ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਜਨਮ-ਭੂਮੀ ਵੱਲ ਆਪਣੇ ਉਦਰੇਵੇਂ ਦਾ ਪ੍ਰਗਟਾਵਾ ਕਰਦੇ ਹਨ. ਉੱਥੇ ਦੇ ਖੇਤਾਂ, ਦਰਿਆਵਾਂ, ਪੌਣ ਪਾਣੀ ਅਤੇ ਮੌਸਮਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਹਨ। ਪਿੱਛੇ ਛੱਡ ਆਏ ਦੇਸ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗਿਆਂ ਉਹ ਸਭ ਹੱਦਾਂ ਬੰਨੇ ਟੱਪ ਜਾਂਦੇ ਹਨ। ਕੁਝ ਇਹੋ ਜਿਹੇ ਝਲਕਾਰੇ ਸਾਧੂ ਬਿਨਿੰਗ ਦੀ ਕਵਿਤਾ 'ਚਿਟੀ ਪਰੀ' ਪੜ੍ਹਦਿਆਂ ਵੀ ਮਿਲਦੇ ਹਨ:
ਮੈਨੂੰ ਤਾਂ ਕਾਂਬਾ ਛਿੜੇ
ਤੇਰੇ ਨੇੜੇ ਜਾਂਦਿਆਂ ਹੀ
ਤੇਰੇ ਨਾਲ ਖੇਡਣ ਨੂੰ
ਤੇਰੇ ਤੋਂ ਫਿਸਲਣ ਨੂੰ
ਮਨ ਨਾ ਮਚਲੇ
ਜਿੱਦਾਂ ਮੋਹਲੇਧਾਰ ਮੀਂਹ '
ਕੱਚੀਆਂ ਗਲੀਆਂ '
ਟੱਪਣ ਨੂੰ ਮਚਲਦਾ ਸੀ
(
ਚਿੱਟੀ ਪਰੀ)
ਪਰ ਕੈਨੇਡਾ ਦੇ ਪੰਜਾਬੀ ਕਵੀਆਂ ਵਿੱਚ ਸਾਧੂ ਬਿਨਿੰਗ ਅਜਿਹੀਆਂ ਉਦਰੇਵੇਂ ਵਾਲੀਆਂ ਭਾਵਨਾਵਾਂ ਦਾ ਪ੍ਰਗਟਾ ਕਰਨ ਵਾਲਾ ਕੋਈ ਇਕੱਲਾ ਕਵੀ ਨਹੀਂ। ਅਨੇਕਾਂ ਹੋਰ ਕਵੀਆਂ ਦੀਆਂ ਰਚਨਾਵਾਂ ਵਿੱਚ ਵੀ ਅਜਿਹਾ ਉਦਰੇਵਾਂ ਦੇਖਿਆ ਜਾ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਜੋ ਕਿ ਕੈਨੇਡਾ ਵਿੱਚ ਲੰਬਾ ਸਮਾਂ ਰਹਿਣ ਦੇ ਬਾਵਜੂਦ ਵੀ ਮਾਨਸਿਕ ਤੌਰ ਉੱਤੇ ਕੈਨੇਡਾ ਦੇ ਸਭਿਆਚਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਾਹੌਲ ਵਿੱਚ ਰਚ-ਮਿਚ ਨਹੀਂ ਸਕੇ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਵਿੱਚ ਸਾਧੂ ਬਿਨਿੰਗ ਨੇ ਅਨੇਕਾਂ ਹੋਰ ਕਿਸਮ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਹੈ।
ਔਰਤ ਅਤੇ ਮਰਦ ਦੇ ਰਿਸ਼ਤੇ ਦੀ ਗੱਲ ਕਰਦਿਆਂ ਬਿਨ੍ਹਾਂ ਕਿਸੀ ਸੰਕੋਚ ਦੇ ਸਾਧੂ ਬਿਨਿੰਗ ਇਹ ਗੱਲ ਮੰਨਦਾ ਹੈ ਕਿ ਮਰਦ ਪ੍ਰਧਾਨ ਸਮਾਜ ਨੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਖਾਤਰ ਸਦੀਆਂ ਤੋਂ ਔਰਤ ਨੂੰ ਅਨੇਕਾਂ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਹੈ। ਜਿਸ ਕਾਰਨ ਆਦਮੀ ਅਤੇ ਔਰਤ ਦਰਮਿਆਨ ਬਰਾਬਰੀ ਦੇ ਸੰਕਲਪ ਉੱਤੇ ਆਧਾਰਤ ਪੈਦਾ ਹੋਈ ਆਪਸੀ ਸਮਝ 'ਚੋਂ ਜਨਮੇ ਰਿਸ਼ਤਿਆਂ ਦੀ ਅਣਹੋਂਦ ਕਾਰਨ ਅਨੇਕਾਂ ਘਰਾਂ ਵਿੱਚ ਪਤੀ ਪਤਨੀ ਦਾ ਆਪਸੀ ਰਿਸ਼ਤਾ 'ਮਹਿਬੂਬ' ਵਾਲਾ ਹੋਣ ਦੀ ਥਾਂ ਇੱਕ-ਦੂਜੇ ਦੇ ਦੁਸ਼ਮਣ ਵਾਲਾ ਜਾਂ ਮਾਲਿਕ ਅਤੇ ਗੁਲਾਮ ਵਾਲਾ ਹੈ। ਜਿਸ ਕਾਰਨ ਉਹ ਮਹਿਜ਼ ਦਿਖਾਵੇ ਦੇ ਤੌਰ ਉੱਤੇ ਹੀ ਪਤੀ ਪਤਨੀ ਦੇ ਰੂਪ ਵਿੱਚ ਰਹਿ ਰਹੇ ਹੁੰਦੇ ਹਨ। ਅਜਿਹੇ ਜੋੜੇ ਮਾਨਸਿਕ ਤੌਰ ਉੱਤੇ, ਭਾਵਨਾਤਮਕ ਤੌਰ ਉੱਤੇ ਅਤੇ ਅਨੇਕਾਂ ਵਾਰ ਸਰੀਰਕ ਤੌਰ ਉੱਤੇ ਵੀ ਇੱਕ ਦੂਜੇ ਉੱਤੇ ਹਿੰਸਾਤਮਕ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਅਸੰਤੁਲਿਤ ਮਨੁੱਖੀ ਰਿਸ਼ਤਿਆਂ ਦੀ ਉਸਾਰੀ ਵਿੱਚ ਸਾਡੇ ਧਾਰਮਿਕ, ਸਭਿਆਚਾਰਕ, ਸਮਾਜਿਕ, ਸਾਹਿਤਕ, ਦਾਰਸ਼ਨਿਕ ਅਤੇ ਰਾਜਨੀਤਿਕ ਗ੍ਰੰਥਾਂ ਦਾ ਵੀ ਯੋਗਦਾਨ ਹੈ। ਜਿਸ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਗੰਵਾਰ ਅਤੇ ਜਾਨਵਰ ਤੱਕ ਵੀ ਕਿਹਾ ਗਿਆ ਹੈ। ਔਰਤ ਅਤੇ ਮਰਦ ਦੇ ਆਪਸੀ ਰਿਸ਼ਤੇ ਦੀ ਸਦੀਆਂ ਤੋਂ ਸਾਡੀ ਸੰਸਕ੍ਰਿਤੀ ਵਿੱਚ ਚੱਲੀ ਆ ਰਹੀ ਗਲਤ ਪ੍ਰੀਭਾਸ਼ਾ ਅਤੇ ਉਸਦੇ ਪ੍ਰਭਾਵ ਸਦਕਾ ਹੋ ਰਹੇ ਮਨੁੱਖੀ ਰਿਸ਼ਤਿਆਂ ਦੀ ਤਬਾਹੀ ਵੱਲ ਸਾਧੂ ਬਿਨਿੰਗ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਵੀ ਇਸ਼ਾਰਾ ਕਰਦੀਆਂ ਹਨ:
ਤੇ ਤੂੰ
ਆਪਣੇ ਜਿਸਮ 'ਤੇ ਸਜਾ ਰੱਖੇ ਸਨ
ਹਲੀਮੀ, ਨਿਮਰਤਾ, ਤਾਬਿਆਦਾਰੀ
ਤੇਰੇ ਹਿੱਸੇ ਦੀ ਸੰਸਕ੍ਰਿਤੀ ਵੱਲੋਂ
ਤੈਨੂੰ ਹਿਦਾਇਤ ਸੀ
ਆਪਣੇ ਹਥਿਆਰਾਂ ਨਾਲ
ਮੇਰੇ ਅੱਗ ਵਰਸਾਉਂਦੇ ਬਾਣਾਂ 'ਤੇ ਵਿਜੇ ਪਾਵੇ
ਇਹਨਾਂ ਹਥਿਆਰਾਂ ਨੂੰ ਸਾਂਭਦੀ
ਸਿਤਾਰਿਆਂ ਭਰੀ ਸਾੜੀ 'ਚ ਲਿਪਟੀ
ਮੇਰੇ ਵਾਂਗ ਤੂੰ ਵੀ ਗ਼ੈਰ ਹਾਜ਼ਰ ਸੀ
ਆਪਣੀ ਹੀ ਜ਼ਿੰਦਗੀ ਦੇ ਜਸ਼ਨ ਵਿਚੋਂ
ਇੰਝ ਬਣਨਾ ਹੀ ਸੀ ਸਾਡੀ ਸੇਜ ਨੇ
ਇਕ ਹਾਸੋ-ਹੀਣਾ ਜੰਗੀ ਮੈਦਾਨ
ਤੇ ਉਸ ਵਿਚ ਸਦਾ ਵਾਂਗ
ਜ਼ਖ਼ਮੀ ਤੂੰ ਹੀ ਹੋਣਾ ਸੀ
ਤੇ ਹੋਈ
ਸਾਧੂ ਬਿਨਿੰਗ ਦੇ ਕਾਵਿ ਸੰਗ੍ਰਹਿ 'ਯਾਰ ਮੇਰਾ ਦਰਿਆ' ਵਿੱਚ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਖੁਸ਼ੀਆਂ ਵਿੱਚ, ਗਮੀਆਂ ਵਿੱਚ, ਪ੍ਰਾਪਤੀਆਂ ਵਿੱਚ, ਅਸਫਲਤਾਵਾਂ ਵਿੱਚ ਸਾਨੂੰ ਇਹ ਗੱਲ ਭੁੱਲ ਨ ਜਾਵੇ ਕਿ ਸਾਡਾ ਸੁਪਨਾ ਖ਼ੂਬਸੂਰਤ ਰਿਸ਼ਤਿਆਂ ਦੀ ਉਸਾਰੀ ਕਰਨਾ ਹੈ। ਇਹ ਰਿਸ਼ਤੇ ਚਾਹੇ ਮਨੁੱਖੀ ਹੋਣ, ਸਭਿਆਚਾਰਕ ਹੋਣ, ਸਮਾਜਿਕ ਹੋਣ, ਰਾਜਨੀਤਿਕ ਹੋਣ, ਆਰਥਿਕ ਹੋਣ, ਵਾਤਾਵਰਨ ਨਾਲ ਸਬੰਧਤ ਹੋਣ ਜਾਂ ਸਾਡੇ ਚੌਗਿਰਦੇ ਨਾਲ ਜੁੜੇ ਹੋਣ।
ਰਿਸ਼ਤਿਆਂ ਦੀ ਸਾਰਥਿਕਤਾ ਬਾਰੇ ਪਾਠਕਾਂ ਨੂੰ ਚੇਤੰਨ ਕਰਨਾ ਹੀ ਸਾਧੂ ਬਿਨਿੰਗ ਦੀ ਕਾਵਿ ਪੁਸਤਕ 'ਯਾਰ ਮੇਰਾ ਦਰਿਆ' ਦਾ ਮੂਲ ਉਦੇਸ਼ ਕਿਹਾ ਜਾ ਸਕਦਾ ਹੈ। ਮੇਰੇ ਵਿਚਾਰ ਅਨੁਸਾਰ, ਕਿਸੇ ਵੀ ਲੇਖਕ ਵੱਲੋਂ ਆਪਣੀ ਰਚਨਾ ਦਾ ਅਜਿਹਾ ਉਦੇਸ਼ ਨਿਰਧਾਰਤ ਕਰਨਾ ਕੋਈ ਛੋਟੀ ਪ੍ਰਾਪਤੀ ਨਹੀਂ।
ਅਜਿਹੀ ਕਾਵਿ-ਪ੍ਰਾਪਤੀ ਕਰਨ ਸਦਕਾ ਸਾਧੂ ਬਿਨਿੰਗ ਲਈ ਮੇਰੀਆਂ ਸ਼ੁੱਭ ਇਛਾਵਾਂ !