ਆਰਸੀ ‘ਤੇ ਖ਼ੁਸ਼ਆਮਦੀਦਸਾਹਿਤਕ ਨਾਮ – ਹਰਪ੍ਰੀਤ ਸੇਖਾ
ਅਜੋਕਾ ਨਿਵਾਸ – ਸਰੀ, ਕੈਨੇਡਾਪ੍ਰਕਾਸ਼ਿਤ ਕਿਤਾਬਾਂ – ਕਹਾਣੀ ਸੰਗ੍ਰਹਿ – ‘ ਬੀਜੀ ਮੁਸਕਰਾ ਪਏ’ ਪਹਿਲਾ ਐਡੀਸ਼ਨ ੨੦੦੬ ਤੇ ਦੂਜਾ ੨੦੧੧ ਵਿਚ ਪ੍ਰਕਾਸ਼ਿਤ ਹੋ ਚੁੱਕਿਆ ਹੈ।
-----
ਦੋਸਤੋ! ਸਰੀ, ਕੈਨੇਡਾ ਵਸਦੇ ਕਹਾਣੀਕਾਰ ਹਰਪ੍ਰੀਤ ਸੇਖਾ ਜੀ ਦੀਆਂ ਕਹਾਣੀਆਂ ਦੀ ਮੈਂ ਡੈਡੀ ਜੀ ਬਾਦਲ ਸਾਹਿਬ ਕੋਲ਼ੋਂ ਕਾਫ਼ੀ ਤਾਰੀਫ਼ ਸੁਣੀ ਹੋਈ ਸੀ। ਚੰਦ ਮਹੀਨੇ ਪਹਿਲਾਂ ਮੈਨੂੰ ਇਕ ਸਮਾਗਮ ਦੌਰਾਨ ਬੈੱਲ ਸੈਂਟਰ ‘ਚ ਉਹਨਾਂ ਨੂੰ ਪਹਿਲੀ ਵਾਰ ਮਿਲ਼ਣ ਦਾ ਮੌਕਾ ਮਿਲ਼ਿਆ ਤਾਂ ਉਹਨਾਂ ਕਿਹਾ ਕਿ ਉਹ ਆਰਸੀ ਬਲੌਗ ਵੇਖਦੇ ਰਹਿੰਦੇ ਹਨ, ( ਉਹਨੀਂ ਦਿਨੀਂ ਆਰਸੀ ਨੂੰ ਮੇਰੀ ਘੌਲ਼ ਕਰਕੇ ਅਪਡੇਟ ਬਹੁਤ ਘੱਟ ਕੀਤਾ ਜਾ ਰਿਹਾ ਸੀ ) ਨਾਲ਼ ਹੀ ਉਹਨਾਂ ਵਾਅਦਾ ਕੀਤਾ ਕਿ ਜਦੋਂ ਵੀ ਬਲੌਗ ਅਪਡੇਟ ਹੋਣਾ ਸ਼ੁਰੂ ਹੋਵੇਗਾ, ਤਾਂ ਉਹ ਆਪਣੀ ਕਹਾਣੀ ਨਾਲ਼ ਹਾਜ਼ਰੀ ਲਵਾਉਣਗੇ। ਵਾਅਦਾ ਪੁਗਾਉਂਦਿਆਂ, ਅੱਜ ਉਹਨਾਂ ਨੇ ਆਪਣੀ ਲਿਖੀ ਇਕ ਬੇਹੱਦ ਖ਼ੂਬਸੂਰਤ ਕਹਾਣੀ ‘ਗਿਫ਼ਟ’ ਘੱਲ ਕੇ ਆਰਸੀ ਸਾਹਿਤਕ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਇਸ ਕਹਾਣੀ ਨੂੰ ਆਰਸੀ ਰਿਸ਼ਮਾਂ ਦੀ ਅੱਜ ਦੀ ਪੋਸਟ ‘ਚ ਸ਼ਾਮਿਲ ਕਰ ਰਹੀ ਹਾਂ ਤੇ ਆਸ ਕਰਦੀ ਹਾਂ ਕਿ ਉਹ ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਰਹਿਣਗੇ...ਨਾਲ਼ ਹੀ ਏਨੀ ਖ਼ੂਬਸੂਰਤ ਕਹਾਣੀ ਲਿਖਣ 'ਤੇ ਦਿਲੀ ਮੁਬਾਰਕਬਾਦ ਵੀ ਪੇਸ਼ ਕਰਦੀ ਹਾਂ.....ਅੱਲਾਹ ਕਰੇ ਜ਼ੋਰੇ ਕਲਮ ਔਰ ਜ਼ਿਆਦਾ.....ਬਹੁਤ-ਬਹੁਤ ਸ਼ੁਕਰੀਆ ਹਰਪ੍ਰੀਤ ਜੀਓ..ਜੀ ਆਇਆਂ ਨੂੰ ਜੀ ।
ਅਦਬ ਸਹਿਤ
ਤਨਦੀਪ
*********
ਗਿਫ਼ਟਕਹਾਣੀ
ਭਾਗ ਪਹਿਲਾਸ਼ਾਨ ਮੱਥਾ ਟੇਕ ਕੇ ਗੁਰਦੁਆਰੇ ਦੇ ਦਰਬਾਰ ਹਾਲ ਵਿੱਚ ਵਿਛੇ ਗੂੜ੍ਹੇ ਨੀਲੇ ਰੰਗ ਦੇ ਕਾਰਪੈੱਟ ‘ਤੇ ਬੈਠ ਗਿਆ। ਉਸ ਸਾਹਮਣੇ ਵੇਖਿਆ, ਸੁਨਹਿਰੀ ਰੰਗ ਦੀ ਪਾਲਕੀ ਦੇ ਪਿੱਛੇ ਬੈਠਾ ਭਾਈ ਜੀ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਪਾਲਕੀ ਤੋਂ ਖੱਬੇ ਹੱਥ ਛੇ ਕੁ ਫੁੱਟ ਦੀ ਵਿੱਥ ‘ਤੇ ਕੋਈ ਅੱਠ ਫੁੱਟ ਲੰਬੀ, ਚਾਰ ਫੁੱਟ ਚੌੜੀ ਅਤੇ ਡੇਢ ਫੁੱਟ ਉੱਚੀ ਸਟੇਜ ਬਣੀ ਹੋਈ ਸੀ, ਜਿਸ ਉੱਪਰ ਸਫ਼ੈਦ ਕੱਪੜਾ ਵਿਛਿਆ ਹੋਇਆ ਸੀ। ਸਟੇਜ ਉੱਪਰ ਬੰਦ ਹਰਮੋਨੀਅਮ ਅਤੇ ਤਬਲਾ ਪਏ ਸਨ। ਸਟੇਜ ਦੇ ਪਿੱਛੇ ਪੋਡੀਅਮ ਸੀ, ਜਿਸ ਉੱਪਰ ਅੰਗਰੇਜ਼ੀ ਵਿੱਚ ‘ਰਾਜ ਕਰੇਗਾ ਖਾਲਸਾ’ ਲਿਖਿਆ ਹੋਇਆ ਸੀ। ਪਾਲਕੀ ਦੇ ਸਾਹਮਣੇ ਗੋਲਕ ਸੀ, ਜਿਸ ਦੇ ਸੱਜੇ ਪਾਸੇ ਚਿੱਟੀ ਦਾਹੜੀ ਵਾਲਾ ਬਜ਼ੁਰਗ ਬੈਠਾ ਸੀ। ਹਾਲ ਅੰਦਰ ਆਉਣ ਵਾਲੇ ਗੋਲਕ ਵਿੱਚ ਪੈਸੇ ਪਾ ਮੱਥਾ ਟੇਕ ਕੇ ਚਿੱਟੀ ਦਾਹੜੀ ਵਾਲੇ ਬਜ਼ੁਰਗ ਤੋਂ ਦੇਗ ਲੈ ਕੇ ਇੱਕ ਪਾਸੇ ਔਰਤਾਂ ਅਤੇ ਦੂਸਰੇ ਪਾਸੇ ਆਦਮੀ ਬੈਠ ਜਾਂਦੇ। ਸ਼ਾਨ ਨੇ ਸੱਜੇ ਅਤੇ ਖੱਬੇ ਪਾਸੇ ਵਾਲੀਆਂ ਕੰਧਾਂ ‘ਤੇ ਨਿਗ੍ਹਾ ਮਾਰੀ। ਵੀਹ ਫੁੱਟ ਉੱਚੀਆਂ ਹਲਕੇ ਸੁਨਹਿਰੀ ਰੰਗ ਦੀਆਂ ਕੰਧਾਂ ਦੇ ਉੱਪਰਲੇ ਸਿਰੇ ਤੋਂ ਚਾਰ ਕੁ ਫੁੱਟ ‘ਤੇ ਛੇ ਕੁ ਇੰਚ ਚੌੜੇ ਬਾਰਡਰ ਵਿੱਚ ਗੂੜੇ ਨੀਲੇ ਰੰਗ ਨਾਲ ਗੁਰਮੁਖੀ ਅੱਖਰਾਂ ‘ਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਪੜ੍ਹਨ ਤੋਂ ਸ਼ਾਨ ਅਸਮਰੱਥ ਸੀ। ਉਹ ਅੱਖਰਾਂ ਵੱਲ ਹੀ ਵੇਖ ਰਿਹਾ ਸੀ ਕਿ ਇੱਕ ਦੋ-ਢਾਈ ਸਾਲ ਦਾ ਗੋਭਲਾ ਜਿਹਾ ਬੱਚਾ ਉੱਥੋਂ ਲੰਘਦਾ-ਲੰਘਦਾ ਉਸਦੇ ਸਾਹਮਣੇ ਆ ਖੜੋਤਾ। ਸ਼ਾਨ ਦਾ ਜੀਅ ਕੀਤਾ ਕਿ ਬੱਚੇ ਨੂੰ ਫੜ ਕੇ ਆਪਣੇ ਕੋਲ ਬਿਠਾ ਲਵੇ। ਬੱਚਾ ਉਸ ਵੱਲ ਵੇਖਦਾ ਰਿਹਾ ਪਰ ਸ਼ਾਨ ਦਾ ਹੌਸਲਾ ਨਾ ਪਿਆ। ਬੱਚਾ ਔਰਤਾਂ ਵਾਲੇ ਪਾਸੇ ਚਲਾ ਗਿਆ। ਸ਼ਾਨ ਦੀ ਨਿਗ੍ਹਾ ਉਸਦੇ ਪਿੱਛੇ ਹੋ ਗਈ। ਬੱਚਾ ਵਾਪਿਸ ਇੱਕ ਆਦਮੀ ਕੋਲ ਆ ਗਿਆ, “ਟਿਕਦਾ ਨ੍ਹੀਂ ਓਏ ” ਸ਼ਾਨ ਦੇ ਕੰਨੀਂ ਉਸ ਆਦਮੀ ਦੀ ਘੁਰਕੀ ਪਈ। ਬੱਚਾ ਔਰਤਾਂ ਵੱਲ ਭੱਜ ਗਿਆ ਅਤੇ ਫਿਰ ਉੱਥੋਂ ਗੋਲਕ ਵਲ ਜਾ ਕੇ ਉਸ ਵਿੱਚ ਹੱਥ ਮਾਰਨ ਲੱਗਾ, ਇੱਕ ਔਰਤ ਜਿਹੜੀ ਸ਼ਾਇਦ ਬੱਚੇ ਦੀ ਮਾਂ ਹੋਵੇਗੀ, ਉਸਨੂੰ ਦੋਨਾਂ ਮੋਢਿਆਂ ਤੋਂ ਪਕੜ ਉਸ ਆਦਮੀ ਵੱਲ ਘਿਰਣਾ ਭਰੀਆਂ ਨਜ਼ਰਾਂ ਨਾਲ ਵੇਖਦੀ ਬਾਹਰ ਵੱਲ ਚਲੀ ਗਈ। ਸ਼ਾਨ ਨੀਵੀਂ ਪਾ ਕੇ ਬੈਠ ਗਿਆ, ਉਸ ਦੀ ਨਿਗ੍ਹਾ ਆਪਣੀ ਉਸ ਉਂਗਲ ‘ਤੇ ਅਟਕ ਗਈ, ਜਿਸਦਾ ਨਹੁੰ ਦੋ ਲੋਹੇ ਦੇ ਟੁਕੜਿਆਂ ਵਿੱਚ ਆ ਕੇ ਕਾਲਾ ਹੋ ਗਿਆ ਸੀ। ਸ਼ਾਨ ਨੇ ਆਪਣੇ ਮੋਢਿਆਂ ‘ਚ ਖਿੱਚ ਜਿਹੀ ਮਹਿਸੂਸ ਕੀਤੀ।
.........
ਇਹ ਖਿੱਚ ਉਹ ਉਦੋਂ ਮਹਿਸੂਸ ਕਰਦਾ, ਜਦ ਉਸਨੂੰ ਉਹ ਸੁਪਨਾ ਆਉਂਦਾ, ਜਿਸ ਵਿੱਚ ਉਹ ਪਾਣੀ ਦੇ ਇੱਕ ਵੱਡ-ਆਕਾਰੀ ਪੂਲ ਵਿੱਚ ਡੁੱਬ ਰਿਹਾ ਹੁੰਦਾ। ਬਚਾਅ ਲਈ ਉਹ ਹੱਥ-ਪੈਰ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਉਸ ਦੀਆਂ ਬਾਹਾਂ ਉਸ ਦਾ ਸਾਥ ਨਾ ਦਿੰਦੀਆਂ। ਬਾਹਾਂ ਨੂੰ ਦੋਹਾਂ ਪਾਸਿਆਂ ਤੋਂ ਕੋਈ ਖਿੱਚ ਰਿਹਾ ਹੁੰਦਾ, ਉਹ ਬਾਹਾਂ ਛਡਾਉਣ ਲਈ ਖਿੱਚੋ-ਤਾਣ ਕਰਦਾ ਡੁੱਬਦੇ-ਡੁੱਬਦੇ ਡਰ ਕੇ ਜਾਗ ਪੈਂਦਾ। ਇਹ ਸੁਪਨਾ ਉਸ ਨੂੰ ਬਹੁਤ ਸਾਲ ਪਹਿਲਾਂ ਆਉਣਾ ਸ਼ੁਰੂ ਹੋਇਆ ਸੀ, ਜਦ ਉਹ ਵੀਕ ਐਂਡ ਡੈਡੀ ਦੇ ਘਰ ਬਿਤਾ ਕੇ ਆਉਂਦਾ ਸੀ। ਪਰ ਜਦੋਂ ਉਸ ਦਾ ਡੈਡੀ ਗੁਰਵੀਰ ਕੈਲਗਰੀ ਮੂਵ ਹੋ ਗਿਆ ਸੀ, ਇਹ ਸੁਪਨਾ ਫੇਰ ਵੀ ਆਉਂਦਾ ਰਿਹਾ ਸੀ। ਹੁਣ ਤਾਂ ਗੁਰਵੀਰ ਨੂੰ ਮਿਲੇ ਵੀ ਤਿੰਨ ਸਾਲ ਦੇ ਕਰੀਬ ਹੋ ਗਏ ਹੋਣਗੇ। ਪਿਛਲੀ ਵਾਰ ਜਦ ਗੁਰਵੀਰ ਵੈਨਕੂਵਰ ਆਇਆ ਸੀ, ਸ਼ਾਨ ਬਾਹਰਵੀਂ ਜਮਾਤ ਪਾਸ ਕਰ ਚੁੱਕਾ ਸੀ। ਸ਼ਾਨ ਨੂੰ ਉਸ ਨੇ ਡਿਨਰ ਵਾਸਤੇ ਰੈਸਟੋਰੈਂਟ ਲੈ ਜਾਣ ਲਈ ਫ਼ੋਨ ਰਾਹੀਂ ਪੱਕਾ ਕਰ ਲਿਆ। ਉਸ ਨੂੰ ਲੈਣ ਆਏ ਗੁਰਵੀਰ ਨੇ ਘਰ ਦੇ ਸਾਹਮਣੇ ਕਾਰ ਰੋਕ ਹਾਰਨ ਵਜਾਇਆ। ਜਦ ਦਰਵਾਜ਼ਾ ਖੋਹਲ ਸ਼ਾਨ ਬਾਹਰ ਨਿਕਲਿਆ, ਗੁਰਵੀਰ ਕਾਰ ਵਿੱਚੋਂ ਬਾਹਰ ਨਿਕਲ ਉਸ ਦੀ ਉਡੀਕ ਕਰ ਰਿਹਾ ਸੀ। ਕਾਰ ਦਾ ਇੰਜਣ ਚੱਲ ਰਿਹਾ ਸੀ। ਨੇੜੇ ਪਹੁੰਚ ਸ਼ਾਨ ਨੇ ਕਿਹਾ, “ਹਾਏ ਡੈਡ।” ਸ਼ਾਨ ਨੇ ‘ਹਾਏ’ ਸ਼ਬਦ ਉੱਚੀ ਅਤੇ ‘ਡੈਡ’ ਸ਼ਬਦ ਨੀਵੀਂ ਸੁਰ ‘ਚ ਉਚਾਰਿਆ।
ਗੁਰਵੀਰ ਨੇ ਉਸ ਨੂੰ ਜੱਫ਼ੀ ‘ਚ ਲੈ ਲਿਆ। ਫਿਰ ਉਸ ਨੂੰ ਮੋਢਿਆਂ ਤੋਂ ਫੜ ਪੈਰਾਂ ਤੋਂ ਸਿਰ ਤੱਕ ਨਜ਼ਰ ਮਾਰੀ। “ਮੇਰੇ ਪੁੱਤ ਦੇ ਤਾਂ ਦਾਹੜੀ ਆ ਗਈ,” ਆਖ ਉਸ ਪੋਲਾ ਜਿਹਾ ਸ਼ਾਨ ਦੀ ਗੱਲ੍ਹ ਉੱਪਰ ਮਾਰਿਆ।
ਕਾਰ ‘ਚ ਬੈਠ ਗੁਰਵੀਰ ਨੇ ਪੁੱਛਿਆ, “ਕਿਹੜੇ ਰੈਸਟੋਰੈਂਟ ਚੱਲੇਂਗਾ, ਦੇਸੀ ਕਿ---?”
“ਅੱਪ ਟੂ ਯੂ।”
“ਨਹੀਂ ਤੇਰਾ ਦਿਨ ਆ ਤੇਰੀ ਮਰਜੀ ਏ।”
“ਆਈ ਡੌਂਟ ਕੇਅਰ,” ਆਖ ਸ਼ਾਨ ਨੇ ਮੋਢੇ ਚੜ੍ਹਾਏ।
ਪੰਜਾਬੀ ਰੈਸਟੋਰੈਂਟ ‘ਚ ਪਹੁੰਚ ਗੁਰਵੀਰ ਨੇ ਪੁੱਛਿਆ, “ਹੁਣ ਫਿਰ ਕੀ ਕਰਨ ਦਾ ਇਰਾਦਾ ਹੈ?”
“ਬੀ.ਸੀ.ਆਈ.ਟੀ. ਤੋਂ ਮਸ਼ੀਨਿਸਟ ਦਾ ਕੋਰਸ ਕਰਨੈ।”
“ਤੂੰ ਹੋਰ ਪੜ੍ਹਦਾ, ਯੂਨੀਵਰਸਿਟੀ ਜਾਂਦਾ।”
ਸ਼ਾਨ ਨੇ ਅੱਖਾਂ ਗੁਰਵੀਰ ਦੇ ਚਿਹਰੇ ‘ਤੇ ਗੱਡ ਦਿੱਤੀਆਂ। ਗੁਰਵੀਰ ਤੋਂ ਜਿਵੇਂ ਉਸ ਦੀ ਤੱਕਣੀ ਦੀ ਤਾਬ ਨਾ ਝੱਲੀ ਗਈ ਹੋਵੇ, ਕਹਿੰਦਾ, “ਤੂੰ ਡਰਿੰਕ ਲੈ ਲੈਨਾਂ?”
“ਮਸ਼ੀਨਿਸਟ ਮੈਨੂੰ ਠੀਕ ਲੱਗਦੈ ਲੋਕਾਂ ਨਾਲ ਵਾਹ ਨਹੀਂ ਪੈਂਦਾ।”
“ਮੈਂ ਡਰਿੰਕ ਬਾਰੇ ਪੁੱਛਿਆ ਸੀ?”
“ਨਹੀਂ, ਮੈਂ ਨਹੀਂ ਪੀਂਦਾ।”
“ਬੀਅਰ ਵੀ ਨਹੀਂ? ਮੇਰੇ ਸਾਥ ਲਈ?”
“ਨਹੀਂ।”
“ਚੱਲ ਚੰਗੈ, ਪਰ ਮੈਂ ਤਾਂ ਲਵਾਂਗਾ।”
ਤੇ ਫੇਰ ਸ਼ਾਨ ਉੱਸਲ ਵੱਟੇ ਜਿਹੇ ਲੈਣ ਲੱਗਾ। ਗੁਰਵੀਰ ਨੇ ਦੋ ਕੁ ਵਾਰ ਮਹਿਸੂਸ ਕੀਤਾ ਜਿਵੇਂ ਸ਼ਾਨ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਉਸ ਕੁਝ ਕਹਿਣ ਲਈ ਸ਼ਾਨ ਨੂੰ ਉਕਸਾਇਆ ਨਾ। ਅਖੀਰ ਸ਼ਾਨ ਨੇ ਹੌਸਲਾ ਜਿਹਾ ਕਰਕੇ ਪੁੱਛ ਹੀ ਲਿਆ, “ਡੈਡ ਤੁਸੀਂ ਮੰਮ ਨੂੰ ਡਾਈਵੋਰਸ ਕਿਓਂ ਦਿੱਤਾ”?
“ਹੂੰ---- ਕਿਹੋ-ਜਿਹਾ ਸਵਾਲ ਕਰ ਦਿੱਤਾ? ਆਪਾਂ ਤਾਂ ਅੱਜ ਤੇਰੀ ਗ੍ਰੈਜੂਏਸ਼ਨ ਸੈਲੀਬੀਰੇਟ ਕਰਦੇ ਆਂ।”
“ਪਲੀਜ਼ ਡੈਡ।”
“ਸਾਡੀ ਨਹੀਂ ਬਣੀ, ਇਹਦੇ ਨਾਲੋਂ ਚੰਗਾ ਸੀ ਵੱਖ-ਵੱਖ ਰਹਿੰਦੇ। ਹੁਣ ਠੀਕ ਨਹੀਂ? ਉਹ ਆਪਣੀ ਮਰਜ਼ੀ ਨਾਲ ਜਿਉਂਦੀ ਐ, ਮੈਂ ਆਪਣੀ ਜਿੰਦਗੀ ਮਾਣ ਰਿਹੈਂ।”
“ਤੇ ਤੇ ਮੈਂ ? ਆਈ ਮੀਨ ਇੱਕਠੇ ਰਹਿਣ ਦੇ ਚਾਨਸ ਨਹੀਂ ਸੀ?”
“ਨਹੀਂ, ਮੈਂ ਬਹੁਤ ਟੌਲਰੇਟ ਕਰਦਾ ਰਿਹਾ, ਤੇਰੀ ਨਾਨੀ ਗੱਲ-ਗੱਲ ਨਾਲ ਕਨੇਡਾ ਮੰਗਵਾਉਣ ਦਾ ਤਾਅਨਾ ਮਾਰਦੀ ਸੀ। ਤੈਨੂੰ ਪਤੈ ਇੱਥੇ ਆਪਣੇ ਲੋਕ ਇੱਕ ਦੂਜੇ ਨੂੰ ਸਪੌਂਸਰ ਕਰ ਕੇ ਹੀ ਆਏ ਆ, ਉਹ ਦੋ ਸਾਲ ਪਹਿਲਾਂ ਆ ਗਏ। ਜੇ ਉਨ੍ਹਾਂ ਮੈਨੂੰ ਸਪੌਂਸਰ ਕੀਤਾ ਸੀ, ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਆਪਣੀ ਜਿੰਦਗੀ ਉਨ੍ਹਾਂ ਅਨੁਸਾਰ ਜੀਂਦਾ। ਘਰ ‘ਚ ਉਹਦੀ ਲੋੜ ਤੋਂ ਜਿਆਦਾ ਦਖਲ ਅੰਦਾਜ਼ੀ ਸੀ, ਤੇਰੀ ਮਾਂ ਉਸਨੂੰ ਪੁੱਛੇ ਬਿਨਾਂ ਕੁਝ ਕਰਦੀ ਨਹੀਂ ਸੀ, ਤੇਰੇ ਦਾਦੇ-ਦਾਦੀ ਦੀ ਬਿਲਕੁਲ ਹੀ ਪਰਵਾਹ ਨਹੀਂ ਸੀ ਕਰਦੀ।”
“ਪਰ ਮੰਮ ਕਹਿੰਦੀ ਆ ਕਿ ਤੁਸੀਂ ਉਸ ਨੂੰ ਆਪਣੇ ਸਟੈਂਡਰਡ ਦੀ ਨਹੀਂ ਸੀ ਸਮਝਦੇ, ਇਸ ਕਰਕੇ ਡਾਈਵੋਰਸ ਹੋਇਐ।”
“ਤੂੰ ਹੀ ਦੱਸ ਸ਼ਕਲ-ਸੂਰਤ ਜਾਂ ਪੜ੍ਹਾਈ-ਲਿਖਾਈ ‘ਚ ਉਹ ਮੇਰੇ ਬਰਾਬਰ ਦੀ ਹੈ?”
“ਫਿਰ ਤੁਸੀਂ ਵਿਆਹ ਕਿਓਂ ਕੀਤਾ ਉਸ ਨਾਲ?”
“ਇਹ ਮੇਰੇ ਪੇਰੈਂਟਸ ਵੱਲੋਂ ਅਰੇਂਜਡ ਸੀ।”
“ਤੁਸੀਂ ਇੱਥੇ ਆ ਕੇ ਕਿੰਨਾ ਚਿਰ ਉਸ ਨਾਲ ਰਹੇ।”
“ਉਹ ਦਸ-ਗਿਆਰਾਂ ਸਾਲ ਅਸੀਂ ਆਪਸ ‘ਚ ਲੜਦੇ ਹੀ ਰਹੇ ਆਂ। ਮੈਂ ਉਸ ਨਾਲ ਨਿਭਾਉਣ ਲਈ ਆਪਣੇ-ਆਪ ਨਾਲ ਲੜਦਾ ਰਿਹੈਂ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰਾ ਦਿਲ ਉਸ ਨੂੰ ਕਬੂਲ ਲਵੇ।।”
“ਤੁਸੀਂ ਕੋਸ਼ਿਸ਼ ਕਰਦੇ ਸੀ, ਜਦ ਤੁਹਾਨੂੰ ਪੂਰਾ ਯਕੀਨ ਹੀ ਨਹੀਂ ਸੀ, ਫਿਰ ਮੈਨੂੰ ਕਿਓਂ ਪੈਦਾ ਕੀਤਾ?”
“ਇਹ ਸਭ ਅਚਨਚੇਤ ਹੀ ਹੋ ਗਿਆ।”
“ਓ,” ਆਖ ਸ਼ਾਨ ਚੁੱਪ ਕਰ ਗਿਆ।
.............
ਗੁਰਦੁਆਰੇ ਬੈਠੇ ਸ਼ਾਨ ਨੇ ਉਸ ਆਦਮੀ ਵੱਲ ਵੇਖਿਆ, ਜਿਸ ਨੇ ਬੱਚੇ ਨੂੰ ਝਿੜਕਿਆ ਸੀ, ਉਸਨੂੰ ਆਦਮੀ ‘ਤੇ ਕਚੀਚੀ ਜਿਹੀ ਉੱਠੀ, ‘ਵੇਖ ਕਿਵੇਂ ਅੱਖਾਂ ਮੀਟ ਕੇ ਬੈਠਾ ਹੈ,----- ਸ਼ਾਇਦ ਪਾਠ ਸੁਣਦਾ ਹੋਵੇ, ਮੈਨੂੰ ਵੀ ਪਾਠ ਸੁਣਨਾ ਚਾਹੀਦਾ ਹੈ, ਵਾਧੂ-ਘਾਟੂ ਸੋਚਣ ਨਾਲੋਂ’।
ਉਸ ਨੇ ਅੱਖਾਂ ਮੀਚ ਕੇ ਗੁਰਬਾਣੀ ਦਾ ਪਾਠ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਸਮਝ ਨਾ ਪਈ। ਮੰਮ ‘ਤੇ ਉਸ ਨੂੰ ਖਿਝ ਆਈ, ‘ਕਿਹਾ ਸੀ ਤੇਰਾ ਬਰਥਡੇਅ ਹੈ, ਆ ਕਿਤੇ ਵਧੀਆ ਜਿਹੇ ਰੈਸਟੋਰੈਂਟ ਤੋਂ ਲੰਚ ਕਰਵਾ ਲਿਆਵਾਂ ਪਰ ਉਹ ਖਿੱਚ ਕੇ ਐਥੇ ਲੈ ਆਈ। ਕਹਿੰਦੀ ‘ਮੇਰਾ ਬਰਥਡੇਅ ਆ ਜਿੱਥੇ ਮੇਰਾ ਦਿਲ ਕਰਦੈ ਉੱਥੇ ਚੱਲ, ਹੁਣ ਮੈਂ ਕੀ ਕਰਾਂ ਐਥੇ? ਉੱਠ ਕੇ ਬਾਹਰ ਚਲਾ ਜਾਵਾਂ? ਬਾਹਰ ਵੀ ਕੀ ਕਰਾਂਗਾ, ਬਾਹਰ ਤਾਂ ਸੱਚ ਬਲਦੇਵ ਅੰਕਲ ਖੜ੍ਹਾ ਸੀ, ਉਸ ਫੇਰ ਲੈਕਚਰ ਦੇਣ ਲੱਗ ਜਾਣਾ ਹੈ। ਇੱਥੇ ਹੀ ਠੀਕ ਹੈ। ਇਹ ਲੋਕ ਵੀ ਗੱਲਾਂ-ਗੱਲਾਂ ‘ਚ ਅਗਲੇ ਦੀ ਬੇਇਜ਼ਤੀ ਕਰ ਜਾਂਦੇ ਆ, ਉਸ ਦਿਨ ਕਹਿੰਦਾ, ਤੂੰ ਆਪਣੀ ਮਾਂ ਦੇ ਆਖੇ ਨਹੀਂ ਲੱਗਦਾ, ਵਿਆਹ ਕਿਓਂ ਨੀ ਕਰਾਉਂਦਾ? ਉਹਨੇ ਪਤਾ ਤੇਰੀ ਖਾਤਿਰ ਸਾਰੀ ਉਮਰ ਰੋਲ਼ ਲਈ। ਜੀਅ ਤਾਂ ਕਰਦਾ ਸੀ ਕਿ ਆਖ ਦਿਆਂ ‘ਮਾਈਂਡ ਯੋਅਰ ਓਨ’ ਪਰ ਕਿਹਾ ਹੀ ਨਹੀਂ ਗਿਆ। ਇਸੇ ਕਰਕੇ ਤਾਂ ਉਸਦਾ ਹੌਸਲਾ ਵਧਿਆ। ਜੇ ਮੰਮ ਦਾ ਕਜ਼ਨ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੋ ਕੁਝ ਮਰਜੀ ਕਹਿ ਲਵੇ। ਕਹਿੰਦਾ ‘ਕਿਤੇ ਤੇਰਾ ਗੇਅ-ਗੂ ਆਲਾ ਚੱਕਰ ਤਾਂ ਨਹੀਂ’? ਜੀਅ ਕਰਦਾ ਸੀ ਕਿ ਢਿੱਡ ‘ਚ ਮੁੱਕੀ ਮਾਰਾਂ, ਮਾਰਨ ਨੂੰ ਤਾਂ ਉਨ੍ਹਾਂ ਮੁੰਡਿਆਂ ਦੇ ਵੀ ਜੀਅ ਕਰਦਾ ਸੀ---- ਉਸ ਦੀਆਂ ਅੱਖਾਂ ਅੱਗੇ ਸਕੂਲ ਵਾਲਾ ਸੀਨ ਘੁੰਮਣ ਲੱਗਾ।
..............
ਉਸ ਦਿਨ ਉਹ ਪਹਿਲੀ ਵਾਰ ਸੋਲ੍ਹਵੇਂ ਬਰਥਡੇਅ ‘ਤੇ ਮਿਲੀ ਜੈਕਟ ਪਾ ਕੇ ਸਕੂਲ ਗਿਆ ਸੀ। ਸਕੂਲ ਦੇ ਗਰਾਊਡ ‘ਚ ਜਾਂਦਿਆਂ ਉਸ ਦੇ ਕੰਨੀਂ ਆਵਾਜ਼ ਪਈ, ‘ਹੇ ਅਲੋਨਰ ਨਾਈਸ ਜੈਕਟ।”
ਸ਼ਾਨ ਦਾ ਜੀਅ ਕੀਤਾ ਕਿ ਦੱਸੇ ਕਿ ਉਸ ਦੇ ਡੈਡ ਨੇ ਭੇਜੀ ਹੈ ਪਰ ਉਹ ਸਕੂਲ ਦੇ ਅਵਾਰਾ ਮੁੰਡੇ ਸਨ। “ਓ ਥੈਂਕਸ” ਆਖ ਸ਼ਾਨ ਤੁਰਨ ਲੱਗਾ ਪਰ ਉਹ ਚਾਰੇ ਮੁੰਡੇ ਉਸ ਦੇ ਦੁਆਲੇ ਆ ਖੜ੍ਹੇ , “ਮੇਰੇ ਮਾਂ-ਪਿਓ ਤਾਂ ਐਨੀ ਮਹਿੰਗੀ ਜੈਕਟ ਮੈਨੂੰ ਨਹੀਂ ਦੇ ਸਕਦੇ,” ਇੱਕ ਮੁੰਡੇ ਨੇ ਕਿਹਾ। “ਮੇਰੇ ਵੀ ਨਹੀਂ” ਤਿੰਨਾਂ ਨੇ ਵਾਰੀ-ਵਾਰੀ ਕਿਹਾ। “ਫਿਰ ਇਹ ਮੁੰਡਾ ਐਨੀ ਮਹਿੰਗੀ ਜੈਕਟ ਪਹਿਨੇ ਇਹ ਤਾਂ ਇਨਸਾਫ਼ ਨਹੀਂ,” ਆਖ ਇੱਕ ਨੇ ਸ਼ਾਨ ਨੂੰ ਬਾਹਾਂ ਤੋਂ ਫੜ ਲਿਆ। ਦੋ ਘਸੁੰਨ ਵੱਟ ਕੇ ਖੜ੍ਹ ਗਏ। ਇੱਕ ਨੇ ਉਸ ਦੀ ਜੈਕਟ ਦੇ ਪਿੱਛੇ ਕੁਝ ਲਿਖ ਦਿੱਤਾ ਉਹ ਹੱਸਣ ਲੱਗੇ, ਸ਼ਾਨ ਨੇ ਜੈਕਟ ਲਾਹੁਣ ਦੀ ਕੋਸ਼ਿਸ਼ ਕੀਤੀ। “ਜੇ ਤੂੰ ਇਹ ਲਾਹੀ ---- ਇੱਕ ਮੁੰਡੇ ਨੇ ਘਸੁੰਨ ਵਿਖਾਇਆ। ਸ਼ਾਨ ਦੇ ਮਗਰ ਮਗਰ ਉਹ ਤੁਰਨ ਲੱਗੇ। ਹੋਰ ਮੁੰਡੇ-ਕੁੜੀਆਂ ਉਸ ਦੇ ਪਿੱਛੇ ਲਿਖਿਆ ਪੜ੍ਹ ਕੇ ਹੱਸਣ ਲੱਗੇ। “ਤਾਂ ਇਹਨੇ ਆਪਣਾ ਨਾਂ ਅਲੋਨਰ ਤੋਂ ਹੋਮੋ ਰੱਖ ਲਿਐ?” ਇੱਕ ਨੇ ਕਿਹਾ ਅਤੇ ਹਾਸਾ ਉੱਚੀ ਹੋ ਗਿਆ। ਸ਼ਾਨ ਨੇ ਜੈਕਟ ਲਾਹੁਣ ਦੀ ਫਿਰ ਕੋਸ਼ਿਸ਼ ਕੀਤੀ। ਪਰ ਘਸੁੰਨ ਵੇਖ ਉਹ ਡਰ ਗਿਆ ਅਤੇ ਵਾਸ਼ਰੂਮ ਵੱਲ ਭੱਜਿਆ। ਪਿੱਛੋਂ ਬਹੁਤ ਸਾਰੀਆਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਵਾਸ਼ਰੂਮ ‘ਚ ਵੜ ਉਸ ਜੈਕਟ ਲਾਹ ਕੇ ਵੇਖੀ। ਪਿੱਛੇ ਲਿਖਿਆ ਹੋਇਆ ਸੀ ‘ਹੋਮੋ’। ਉਸ ਹੈਂਡ ਸੋਪ ਨਾਲ ਧੋਣ ਦੀ ਕੋਸ਼ਿਸ਼ ਕੀਤੀ ਪਰ ਲਿਖਿਆ ਮਿਟ ਨਹੀਂ ਸੀ ਰਿਹਾ। ਉਸ ਸੋਚਿਆ ਜੈਕਟ ਗਾਰਬੇਜ ਕੈਨ ‘ਚ ਸੁੱਟ ਦੇਵੇ ਪਰ ਕੁਝ ਸੋਚ ਉਸ ਸੁੱਟੀ ਨਾ ਅਤੇ ਫਿਰ ਮਲ ਮਲ ਕੇ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗਾ। “ਪ੍ਰਿਸੀਪਾਲ ਨੂੰ ਸ਼ਿਕਾਇਤ ਲਾ ਕੇ ਕੁਝ ਨਹੀਂ ਬਣਨਾ। ਉਸ ਵਾਰਨਿੰਗ ਦੇ ਕੇ ਛੱਡ ਦੇਣਾ ਹੈ, ਵੱਧ ਤੋਂ ਵੱਧ ਉਨ੍ਹਾਂ ਦੇ ਪੇਰੈਂਟਸ ਨੂੰ ਬੁਲਾ ਕੇ ਦੱਸ ਦੇਵੇਗਾ। ਤੂੰ ਆਪਣੇ ਡੈਡ ਨੂੰ ਦੱਸ ਜਾ ਕੇ,” ਉਸ ਦੇ ਮਗਰ ਵਾਸ਼ਰੂਮ ‘ਚ ਆਇਆ ਗੁਰਪ੍ਰੀਤ ਹਮਦਰਦੀ ਪ੍ਰਗਟਾਅ ਰਿਹਾ ਸੀ। ਸ਼ਾਨ ਨੇ ਗੁਰਪ੍ਰੀਤ ਵੱਲ ਵੇਖਿਆ ਪਰ ਬੋਲਿਆ ਕੁਝ ਨਾ। ਗੁਰਪ੍ਰੀਤ ਫਿਰ ਕਹਿਣ ਲੱਗਾ, “ਮੈਂ ਜਦੋਂ ਅੱਠਵੀਂ ‘ਚ ਪੜ੍ਹਦਾ ਸੀ, ਮੈਨੂੰ ਇੱਕ ਮੁੰਡਾ ਤੰਗ ਕਰਦਾ ਹੁੰਦਾ ਸੀ। ਮੈਂ ਟੀਚਰ, ਪ੍ਰਿੰਸੀਪਾਲ ਸਾਰਿਆਂ ਨੂੰ ਦੱਸਿਆ ਪਰ ਉਹ ਨਾ ਹਟਿਆ। ਫਿਰ ਮੈਂ ਆਵਦੇ ਡੈਡੀ ਨੂੰ ਦੱਸ ਦਿੱਤਾ। ਉਹ ਗੈਂਗਸਟਰ ਵਾਂਗ ਡ੍ਰੈੱਸਅਪ ਹੋ ਕੇ ਸਕੂਲ ਮੂਹਰੇ ਖੜ੍ਹ ਗਿਆ ਜਦ ਮੁੰਡਾ ਬਾਹਰ ਆਇਆ, ਡੈਡੀ ਨੇ ਐਸਾ ਧਮਕਾਇਆ ਕਿ ਉਹ ਮੈਨੂੰ ਤੰਗ ਕਰਨਾ ਤਾਂ ਇੱਕ ਪਾਸੇ, ਮੇਰਾ ਦੋਸਤ ਬਣਨ ਨੂੰ ਫਿਰੇ,” ਆਖ ਗੁਰਪ੍ਰੀਤ ਚਲਾ ਗਿਆ ਪਰ ਸ਼ਾਨ ਸੋਚ ਰਿਹਾ ਸੀ ਕਿ ਜੇ ਮੰਮ ਨੇ ਜੈਕਟ ਵੇਖ ਲਈ ਤਾਂ ਕੀ ਸੋਚੇਗੀ?
ਯਾਦ ਕਰਕੇ ਸ਼ਾਨ ਦਾ ਸਾਹ ਤੇਜ਼ ਤੇਜ਼ ਚੱਲਣ ਲੱਗਾ। ‘ਹੋਮੋ’ ‘ਅਲੋਨਰ’ ਦੀਆਂ ਰਲ਼ਵੀਆਂ-ਮਿਲ਼ਵੀਆਂ ਆਵਾਜ਼ਾਂ ਉਸ ਦੇ ਕੰਨਾਂ ‘ਚ ਗੂੰਜਣ ਲੱਗੀਆਂ।‘ਹਾਂ-ਹਾਂ ਮੈਂ ਅਲੋਨਰ ਹੀ ਸਹੀ, ਕੋਈ ਮੇਰਾ ਦੋਸਤ ਕਿਓਂ ਨਹੀਂ ਬਣਦਾ? ਜੇ ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ, ਤਾਂ ਮੇਰਾ ਕੀ ਕਸੂਰ ਹੈ? ਮੈਂ ਹਾਂ ਹੀ ਇਹੋ-ਜਿਹਾ। ਇੱਥੇ ਭੁਚਾਲ ਕਿਓਂ ਨਹੀਂ ਆ ਜਾਂਦਾ? ਕੋਈ ਬੰਬ ਕਿਓਂ ਨਹੀਂ ਡਿੱਗ ਪੈਂਦਾ?’
.........
ਅਰਦਾਸ ਕਰਨ ਉੱਠੇ ਭਾਈ ਜੀ ਦੇ ਹੱਥੋਂ ਮਾਈਕ ਡਿੱਗਣ ਕਰਕੇ ਇੱਕ ਜ਼ੋਰਦਾਰ ਖੜਕਾ ਹੋਇਆ। ਸ਼ਾਨ ਨੂੰ ਲੱਗਾ ਜਿਵੇਂ ਕੋਈ ਬੰਬ ਡਿੱਗਿਆ ਹੋਵੇ ਅਤੇ ਉਸ ਦੇ ਜਮਾਤੀਆਂ ਤੇ ਬਲਦੇਵ ਅੰਕਲ ਸਣੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਹੋਣ। ਅਰਦਾਸ ਲਈ ਖੜੋਤੇ ਉਸਨੇ ਆਪਣੀ ਲੱਤ ਠੁੱਡ ਮਾਰਨ ਵਾਂਗ ਚਲਾਈ, ਜਿਵੇਂ ਬਲਦੇਵ ਅੰਕਲ ਦੀ ਲਾਸ਼ ਦੇ ਮਾਰੀ ਹੋਵੇ। ਝਟਕਾ ਜਿਹਾ ਵੱਜਣ ਕਰਕੇ ਉਹ ਆਪਣੇ ਆਪ ‘ਚ ਆਇਆ। ‘ਇਹ ਮੈਂ ਕੀ ਵਾਧੂ-ਘਾਟੂ ਸੋਚੀ ਜਾਦਾਂ ਹਾਂ! ਧਿਆਨ ਹੋਰ ਪਾਸੇ ਲਾਉਣਾ ਚਾਹੀਦਾ ਹੈ।’ ਅਤੇ ਉਹ ਆਪਣਾ ਧਿਆਨ ਨੱਕ ‘ਚੋਂ ਆਉਂਦੇ-ਜਾਂਦੇ ਸਾਹ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨ ਲੱਗਾ।
*******
ਦੂਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਜ਼ਰੂਰ ਵੇਖੋ ਜੀ