ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, September 30, 2009

ਸ਼ਾਮ ਸਿੰਘ (ਅੰਗ ਸੰਗ) - ਕਿਉਂ ਨਾ ਨਿੱਤ ਦਿਨ ਸਾੜੀਏ ਆਪਾਂ ਆਪਣੇ ਵਿਚਲਾ ਰਾਵਣ - ਲੇਖ

ਕਿਉਂ ਨਾ ਨਿੱਤ ਦਿਨ ਸਾੜੀਏ ਆਪਾਂ ਆਪਣੇ ਵਿਚਲਾ ਰਾਵਣ

ਲੇਖ

ਬੜਾ ਵਿਦਵਾਨ ਸੀ ਰਾਵਣ ਤੇ ਲੰਕਾ ਦਾ ਰਾਜਾਰਾਜਿਆਂ ਵਾਲੇ ਉੱਚ ਕਰਮ ਕਰਦਾ ਕਰਦਾ ਉਹ ਜਿਹੜੀਆਂ ਹਾਲਤਾਂ ਵਿਚ ਸ਼ਿਸ਼ਟਾਚਾਰ ਦੇ ਮਿਆਰ ਤੋਂ ਹੇਠਾਂ ਡਿੱਗ ਪਿਆ ਇਸ ਦਾ ਪੂਰਾ ਪਤਾ ਅਤੀਤ ਦੀਆਂ ਕੰਧਾਂ ਨੂੰ ਜ਼ਰੂਰ ਹੋਵੇਗਾਪਰ ਗੁਜ਼ਰਦੇ ਵਕਤ ਨਾਲ ਜਿਹੜਾ ਸੱਚ ਅੱਜ ਕੋਲ ਪਹੁੰਚਿਆ ਹੈ ਉਸ ਮੁਤਾਬਕ ਬਦੀ ਦੇ ਪ੍ਰਤੀਕ ਤੋਂ ਵੱਧ ਉਹ ਕੁੱਝ ਵੀ ਨਹੀਂ ਰਹਿ ਗਿਆਜੋ ਵੀ ਉਸ ਨੇ ਸੀਤਾ ਨਾਲ ਵਿਵਹਾਰ ਕੀਤਾ ਉਹ ਹਾਕਮ ਸੱਭਿਆਚਾਰ ਦਾ ਹਿੱਸਾ ਨਹੀਂ ਸੀ ਹੁੰਦਾਇਸੇ ਹੀ ਕਾਰਨ ਉਸ ਦੀਆਂ ਬਦੀਆਂ ਦਾ ਕਿੱਸਾ ਸਦੀਆਂ ਤੱਕ ਬੰਦ ਹੋਣ ਦਾ ਨਾਂ ਨਹੀਂ ਲੈਂਦਾਉਸ ਦੀ ਬਦੀ ਵਕਤ ਦੇ ਅਸੀਮਤ ਸਮਿਆਂ ਦੇ ਸਫ਼ਿਆਂ ਤੇ ਲਿਖੀ ਰਹਿ ਗਈ

-----

ਵਿਦਵਾਨ ਰਾਵਣ ਸੀਤਾ ਹਰਨ ਵਾਲੇ ਪਾਸੇ ਕਿਉਂ ਤੁਰਿਆ, ਇਸ ਦਾ ਉੱਤਰ ਕਿਸੇ ਤੋਂ ਲੁਕਿਆ-ਛੁਪਿਆ ਨਹੀਂਭੈਣ ਸਰੂਪ ਨਖਾਂ ਦੇ ਹੋਏ ਅਪਮਾਨ ਦਾ ਬਦਲਾ ਲੈਣ ਨੂੰ ਇਕ ਦਮ ਅਨਿਆਂ ਪੂਰਨ ਨਹੀਂ ਠਹਿਰਾਇਆ ਜਾ ਸਕਦਾਸੀਤਾ ਹਰਨ ਅਤੇ ਉਸ ਨੂੰ ਕੈਦ ਚ ਰੱਖਣ ਨੂੰ ਕਾਰਨ ਜਿਹੜੀ ਬਦੀ ਰਾਵਣ ਨਾਲ ਜੁੜ ਗਈ, ਉਸ ਤੋਂ ਸ਼ਾਇਦ ਉਹ ਕਦੇ ਵੀ ਪਿੱਛਾ ਨਹੀਂ ਛੁਡਾ ਸਕਦਾਇਸੇ ਬਦੀ ਕਾਰਨ ਉਸ ਨੂੰ ਹਰ ਸਾਲ ਪੁਤਲੇ ਦੇ ਰੂਪ ਵਿਚ ਸਾੜਿਆ ਜਾਂਦਾ ਹੈ ਅਤੇ ਇਹ ਆਖਿਆ ਜਾਂਦਾ ਹੈ ਕਿ ਰਾਵਣ ਦੇ ਪੁਤਲੇ ਨੂੰ ਰਾਵਣ ਵਿਚਲੀ ਬੁਰਾਈ ਕਾਰਨ ਸਾੜਿਆ ਜਾ ਰਿਹੈਇਹ ਵੀ ਕਿ ਲੋਕਾਂ ਨੂੰ ਇਸ ਤੋਂ ਮੱਤ ਮਿਲੇ ਤੇ ਉਹ ਕਿਸੇ ਵੀ ਬੁਰਾਈ ਦੇ ਰਾਹੇ ਨਾ ਪੈਣਜੇ ਬਦੀ ਦਾ ਨਾਂ ਹੀ ਰਾਵਣ ਹੈ ਤਾਂ ਸਭ ਵਲੋਂ ਆਪਣੀ ਅੰਦਰਲੀ ਬਦੀ ਨੂੰ ਖ਼ਤਮ ਕਰਨ ਦੇ ਜਤਨ ਹੋਣੇ ਚਾਹੀਦੇ ਹਨਜਿਸ ਵਲ ਬਹੁਤੇ ਲੋਕ ਰੁਚਿਤ ਨਹੀਂ, ਪਰ ਹੋਣੇ ਚਾਹੀਦੇ ਹਨ

-----

ਮਹਾਂ ਪੰਡਤ ਰਾਵਣ ਦੀਆਂ ਬੁਰਾਈਆਂ ਤੋਂ ਆਪਾਂ ਸਾਰੇ ਇਹ ਸਬਕ ਲੈ ਸਕਦੇ ਹਾਂ ਕਿ ਰਾਵਣ ਦੇ ਪੁਤਲਿਆਂ ਨੂੰ ਵਾਰ ਵਾਰ ਸਾੜਨ ਦੀ ਬਜਾਏ ਆਪੋ ਆਪਣੇ ਅੰਦਰਲੇ ਰਾਵਣ ਨੂੰ ਪਛਾਣੀਏਂ, ਭਾਲ਼ੀਏ ਤੇ ਉਸ ਨੂੰ ਗਿਆਨ ਦੇ ਚਾਨਣ ਵਲ ਤੋਰੀਏ, ਵਕਤ ਦੇ ਜ਼ਾਬਤੇ ਵਿਚ ਬੰਨ੍ਹੀਏ ਤਾਂ ਕਿ ਆਪਣੇ ਆਪ ਨੂੰ ਤਿੱਖੀ ਤਪਸ਼ ਤੋਂ ਬਚਾਈਏਇਹ ਵੀ ਕਿ ਸਾੜਨ ਦੀ ਗੱਲ ਤਾਂ ਦੂਰ ਆਪਣੇ ਆਪ ਦੇ ਪੁਤਲੇ ਤੱਕ ਬਣਾਉਂਣ ਦੀ ਨੌਬਤ ਤੱਕ ਨਾ ਆਉਣ ਦੇਈਏਅਕਲ ਨੂੰ ਪ੍ਰਗਟ ਕਰਦੇ ਦਸ ਸਿਰਾਂ ਵਾਲੇ ਰਾਵਣ ਦਾ ਸਾਰਾ ਬੌਧਿਕ-ਸੰਸਾਰ ਇਕ ਬਦੀ ਹੇਠ ਅਜਿਹਾ ਆਇਆ ਕਿ ਉਸ ਦਾ ਬਾਕੀ ਸਾਰਾ ਜੀਵਨ ਹਨੇਰਿਆਂ ਵਿਚ ਘਿਰ ਕੇ ਰਹਿ ਗਿਆਆਪਣੇ ਆਪ ਨੂੰ ਭੁੱਲ ਕੇ ਜਿਹੜਾ ਵੀ ਬਦੀ ਕਰਦਾ ਹੈ ਉਸ ਦੀ ਬਦੀ ਨੂੰ ਹੀ ਚਰਚਾ ਦਾ ਵਿਸ਼ਾ ਬਣਾਇਆ ਜਾਂਦਾ ਹੈਜ਼ਮਾਨਾ ਉਸ ਦੀਆਂ ਨੇਕੀਆਂ ਤੇ ਚੰਗਿਆਈਆਂ ਦੀ ਗੱਲ ਤੱਕ ਨਹੀਂ ਕਰਦਾ ਜਿਨ੍ਹਾਂ ਤੇ ਉਸ ਦੇ ਕਾਲੇ-ਕਾਰਨਾਮਿਆਂ ਦੀ ਕਾਲਖ ਫਿਰ ਗਈ ਹੁੰਦੀ ਹੈ

-----

ਅੱਜ ਦੇ ਸਮਾਜ ਵਿਚ ਬਦੀਆਂ/ਬੁਰਾਈਆਂ ਦਾ ਜੰਗਲ ਉੱਗਿਆ ਫਿਰਦਾ ਜਿਸ ਨੂੰ ਖ਼ਤਮ ਕੀਤੇ ਬਗੈਰ ਵਿਕਾਸ ਦੇ ਰਾਹੇ ਨਹੀਂ ਪਾਇਆ ਜਾ ਸਕਦਾਆਪੋ ਆਪਣੀਆਂ ਬੁਰਾਈਆਂ ਨਾਲ ਲੜਨ ਲਈ ਹਰ ਇਕ ਨੂੰ ਤਿਆਰ ਹੋਣਾ ਪਵੇਗਾ ਤਾਂ ਹੀ ਸਮਾਜ ਵਿਚੋਂ ਇਨ੍ਹਾਂ ਦੀ ਜੜ੍ਹ ਪੁੱਟ ਹੋ ਸਕੇਗੀਆਪਣੇ ਅੰਦਰਲੀਆਂ ਬੁਰਾਈਆਂ ਨੂੰ ਸਾੜਨ ਲਈ ਆਪਾਂ ਸਭ ਨੂੰ ਆਪਣੇ ਅੰਦਰਲੇ ਰਾਵਣ ਨੂੰ ਦਲੇਰੀ ਤੇ ਨਿਝੱਕਤਾ ਨਾਲ ਹਰ ਸੂਰਤ ਸਾੜਨਾ ਹੋਵੇਗਾਕਿੰਨੇ ਬਲਾਤਕਾਰ, ਹੱਤਿਆਵਾਂ ਅਤੇ ਅਨਿਆਂ ਹੋ ਰਿਹਾ ਹੈ ਸਾਡੇ ਸਮਾਜ ਅੰਦਰ ਇਹ ਸਭ ਕੁੱਝ ਰਾਵਣ ਦੀ ਹੋਂਦ ਕਾਰਨ ਹੀ ਹੋ ਰਿਹਾ ਹੈ ਜੋ ਸਾਡੇ ਅੰਦਰ ਨਿੱਤ ਬਣਦੀ ਰਹਿੰਦੀ ਹੈ ਜਿਸ ਤੋਂ ਮੁਕਤ ਹੋਣ ਲਈ ਅਸੀਂ ਜ਼ਰਾ ਮਾਤਰ ਵੀ ਜਤਨ ਨਹੀਂ ਕਰਦੇ

-----

ਗੱਲ ਸਿਰੇ ਤਾਂ ਹੀ ਲੱਗੇਗੀ ਜੇ ਬਦੀ ਦੇ ਕਿੱਸਿਆਂ ਦਾ ਪ੍ਰਚਾਰ ਕਰਨ ਦੀ ਥਾਂ ਅੱਜ ਦੇ ਸਮੇਂ ਦਾ ਦਲੇਰੀ ਨਾਲ਼ ਸਾਹਮਣਾ ਕਰੀਏਬੀਤੇ ਦੀ ਬਦੀ ਨੂੰ ਛੱਡੀਏ ਅਤੇ ਅੱਜ ਆਪੋ ਆਪਣੇ ਅੰਦਰ ਦੀਆਂ ਬਦੀਆਂ ਨੂੰ ਹਰ ਰੋਜ਼ ਸਾੜੀਏ, ਖ਼ਤਮ ਕਰੀਏਜੇ ਲਾਏ ਜਾਣ ਵਾਲੇ ਮਿਰਚ-ਮਸਾਲੇ ਕਾਇਮ ਕੀਤੇ ਜਾਂਦੇ ਰਹੇ ਤਾਂ ਪੁਤਲਿਆਂ ਵਾਲਾ ਸਿਲਸਿਲਾ ਕਦੇ ਖਤਮ ਨਹੀਂ ਹੋਣ ਲੱਗਾਵਕਤ ਆ ਗਿਆ ਹੈ ਕਿ ਸਮੇਂ ਨੂੰ ਹੋਰ ਗੰਢਾਂ ਨਾ ਪਾਈਏ ਸਗੋਂ ਖੋਲ੍ਹੀਏ:

ਹੋਈ ਬੀਤੀ ਬਦੀ ਦੇ ਕਿੱਸੇ

ਅੱਜ ਦੇ ਪਲ ਕਿਉਂ ਗਾਵਣ

ਮਿਰਚ ਮਸਾਲਾ ਪੁਤਲਿਆਂ ਵਾਲਾ

ਸ਼ਰੇਆਮ ਕਿਉਂ ਲਾਵਣ

ਗੰਢ ਸਮੇਂ ਦੀ ਖੋਲ੍ਹਣ ਵਾਲੇ

ਕਿਉਂ ਵਕਤ ਨੂੰ ਪਾਵਣ

ਕਿਉਂ ਨਾ ਨਿੱਤ ਦਿਨ ਸਾੜੀਏ ਆਪਾਂ

ਆਪਣੇ ਵਿਚਲਾ ਰਾਵਣ

------

ਪੰਜਾਬੀ ਲਈ ਕਮੇਟੀਆਂ

ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਵਾਸਤੇ ਮਨੋਂ ਤਿਆਰ ਨਹੀਂਸਾਰੇ ਵਿਭਾਗ ਅੰਗਰੇਜ਼ੀ ਦਾ ਖਹਿੜਾ ਨਹੀਂ ਛੱਡ ਰਹੇਪੰਜਾਬੀ ਲਾਗੂ ਕਰਵਾਉਣ ਦੇ ਜ਼ਿੰਮੇਵਾਰ ਹੀ ਪੰਜਾਬੀ ਨੂੰ ਨਹੀਂ ਪੁੱਛ ਰਹੇ ਬਾਕੀਆਂ ਦੀ ਤਾਂ ਗੱਲ ਹੀ ਛੱਡੋ ਚਿੱਠੀਆਂ ਅਜੇ ਵੀ ਅੰਗਰੇਜ਼ੀ ਵਿਚ ਹੀ ਆ ਰਹੀਆਂ ਹਨ ਤੇ ਪ੍ਰੈਸ ਨੋਟ ਵੀ

-----

ਪੰਜਾਬੀ ਲਾਗੂ ਕਰਵਾਉਣ ਲਈ ਜਿਹੜੀਆਂ ਕਮੇਟੀਆਂ ਪੰਜਾਬ ਸਰਕਾਰ ਨੇ ਕਾਇਮ ਕੀਤੀਆਂ ਹਨ ਉਹ ਨਾਟਕ ਤੋਂ ਵੱਧ ਕੁੱਝ ਨਹੀਂਪੰਜਾਬ ਪੱਧਰ ਦੀ ਕਮੇਟੀ ਚ ਲਏ ਮੈਂਬਰਾਂ ਦੇ ਨਾਵਾਂ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਮੇਟੀ ਸਿਫਰ ਦੀ ਪਰਿਕਰਮਾਂ ਕਰਨ ਤੋਂ ਵੱਧ ਕੁੱਝ ਨਹੀਂ ਕਰ ਸਕਦੀ

-----

ਕਮੇਟੀਆਂ ਕੋਲ ਕੋਈ ਸ਼ਕਤੀ ਨਹੀਂ, ਕੋਈ ਅਧਿਕਾਰ ਨਹੀਂਫੇਰ ਇਨ੍ਹਾਂ ਦੀ ਭੂਮਿਕਾ ਹੀ ਕੀ ਹੋਵੇਗੀਐਵੇਂ ਨਾਮਾਤਰਸ਼ਾਇਦ ਇਸੇ ਲਈ ਕੇਂਦਰੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਗਾਦਮੀ ਲੁਧਿਆਣਾ ਨੇ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਲੇਖਕ ਕਮੇਟੀਆਂ ਚੋਂ ਅਸਤੀਫ਼ੇ ਦੇ ਦੇਣ

-----

ਜੇ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਲਾਗੂ ਕਰਨਾ ਹੋਵੇ ਤਾਂ ਕਮੇਟੀਆਂ ਦੀ ਨਹੀਂ ਤਕੜੀਆਂ ਕਸੌਟੀਆਂ ਤੇ ਮਜਬੂਤ ਇਰਾਦਿਆਂ ਦੀ ਲੋੜ ਹੈ ਤਾਂ ਹੀ ਭਾਸ਼ਾ ਨੂੰ ਸਿਰਾਂ ਤੇ ਬਿਠਾਇਆ ਜਾ ਸਕੇਗਾਲਛਮਣ ਸਿੰਘ ਗਿੱਲ ਵਾਲਾ ਫਾਰਮੂਲਾ ਵਰਤ ਕੇ ਹੀ ਅਸਲ ਵਿਚ ਪੰਜਾਬੀ ਰਾਜ ਭਾਸ਼ਾ ਬਣੇਗੀ

-----

ਹਾਂ, ਸਰਕਾਰ ਦੀ ਅੱਧੀ ਮਿਆਦ ਪੁੱਗ ਗਈ ਹੈ ਅਤੇ ਅੱਧੀ ਇਨ੍ਹਾਂ ਲਾਰਿਆਂ ਵਿਚ ਪੁੱਗ ਜਾਵੇਗੀਪੰਜਾਬੀ ਪਿਆਰੇ ਫੇਰ ਹੱਥ ਮਲ਼ਦੇ ਰਹਿ ਜਾਣਗੇ ਅਤੇ ਅਗਲੀ ਸਰਕਾਰ ਵਲ ਦੇਖਣ ਲੱਗ ਪੈਣਗੇਅਗਲੀ ਸਰਕਾਰ ਵਾਲੇ ਵੀ ਵਾਅਦੇ ਤਾਂ ਕਰ ਲੈਣਗੇ ਪਰ ਪੂਰੇ ਨਹੀਂ ਕਰਨਗੇ ਕਿਉਂਕਿ ਸਰਕਾਰਾਂ ਵਾਲਿਆਂ ਵਿਚੋਂ ਕੋਈ ਵੀ ਪੰਜਾਬੀ ਦੇ ਹੱਕ ਵਿਚ ਨਹੀਂਫੇਰ ਕਮੇਟੀਆਂ ਕਾਹਦੇ ਲਈ?


Monday, September 28, 2009

ਦੀਪ ਜਗਦੀਪ - ਉੱਠੋ ਨੌਜਵਾਨੋ! ਭਗਤ ਸਿੰਘ ਬੁਲਾ ਰਿਹਾ ਹੈ - ਲੇਖ

ਦੋਸਤੋ! ਲਫ਼ਜ਼ਾਂ ਦਾ ਪੁਲ਼ ਨਾਂ ਦੀ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਸਾਹਿਤਕ ਸਾਈਟ ਨੂੰ ਚਲਾਉਂਣ ਵਾਲ਼ੇ ਦੀਪ ਜਗਦੀਪ ਜੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇੱਕ ਵਿਸ਼ੇਸ਼ ਲੇਖ ਨਾਲ਼ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਦੀਪ ਜੀ ਪੱਤਰਕਾਰੀ ਦੇ ਖੇਤਰ ਚ ਵੀ ਕਾਫ਼ੀ ਸਰਗਰਮ ਹਨ। ਮੈਂ ਦੀਪ ਜੀ ਨੂੰ ਆਰਸੀ ਚ ਜੀਅ ਆਇਆਂ ਆਖਦੀ ਹੋਈ ਇਸ ਲੇਖ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਬਾਰੇ ਜਿਉਂ ਹੀ ਹੋਰ ਸਾਹਿਤਕ ਵੇਰਵਾ ਪ੍ਰਾਪਤ ਹੋਵੇਗਾ, ਅਪਡੇਟ ਕਰ ਦਿੱਤੀ ਜਾਏਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਉੱਠੋ ਨੌਜਵਾਨੋ! ਭਗਤ ਸਿੰਘ ਬੁਲਾ ਰਿਹਾ ਹੈ...

ਲੇਖ

ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਜਨਮ ਦਿਨ ਆਉਂਣ ਵਾਲ਼ਾ ਹੈਹਾਲੇ ਸੋਚ ਦੇ ਪੰਛੀ ਨੇ ਪਰ ਖੋਲ੍ਹੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏਂ ਦੇ ਬੱਦਲਾਂ ਵਿਚੋਂ ਨਿਕਲ਼ ਕੇ ਇੱਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆਇਸ ਰੂਹ ਦੇ ਮੱਥੇ ਤੇ ਚਿੰਤਾਂ ਦੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗ਼ਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ-

ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫ਼ਿਜ਼ਾ ਕਾਫੀ ਘੁੱਟੀ-ਘੁੱਟੀ ਮਹਿਸੂਸ ਹੋ ਰਹੀ ਹੈਤੁਸੀਂ ਵੀ ਹਾਰਾਂ ਦਾ ਪਹਾੜ ਖੜ੍ਹਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋਵੈਸੇ ਵੀ ਦੋਬਾਰਾ 23 ਮਾਰਚ ਨੂੰ ਹੀ ਤੁਸੀ ਸਾਡਾ ਹਾਲ ਪੁੱਛਣ ਆਓਗੇ, ਉਦੋਂ ਤੱਕ ਇਨ੍ਹਾਂ ਹਾਰਾਂ ਦੇ ਮੁਰਝਾਏ ਫੁੱਲਾਂ ਦੇ ਢੇਰ ਨੇ ਸਾਡਾ ਦਮ ਘੋਟੀ ਰੱਖਣਾ ਹੈਇਸ ਤੋਂ ਬਾਅਦ ਮੈਂ ਮਾਫ਼ੀ ਮੰਗਣਾ ਚਾਹੁੰਦਾ ਹਾਂ, ਦੇਸ਼ ਦੇ ਆਮ ਲੋਕਾਂ ਤੋਂ ਜਿਨ੍ਹਾਂ ਨੂੰ ਅਸੀ ਬੇਗਾਨਿਆਂ ਦੀ ਗੁਲਾਮੀ ਤੋਂ ਛੁਡਾ ਕੇ ਆਪਣਿਆਂ ਦੇ ਗ਼ੁਲਾਮ ਬਣਾ ਦਿੱਤਾਬਸ ਅਸੀਂ ਇਨ੍ਹਾਂ ਹੀ ਕਰ ਸਕੇ ਕਿ ਤੁਸੀਂ ਆਪਣੀ ਤਕਦੀਰ ਦੇ ਮਾਲਕਾਂ ਨੂੰ ਵੋਟਾਂ ਰਾਹੀਂ ਖ਼ੁਦ ਚੁਣ ਸਕੋ

-----

ਉਹ ਹਮੇਸ਼ਾ ਵਾਂਗ ਆਪਣੇ ਰੋਹ ਭਰੇ ਅੰਦਾਜ਼ ਵਿਚ ਬੋਲ ਰਿਹਾ ਸੀਫਿਰ ਉਹ ਆਪਣੀ ਚਿੰਤਾ ਦਾ ਅਸਲ ਕਾਰਨ ਦੱਸਣ ਲੱਗਿਆਬੋਲਿਆ, ਮੈਂ ਦੇਸ਼ ਦੀ ਇਸ ਦਸ਼ਾ ਬਾਰੇ ਜਾਨਣ ਲਈ ਸੰਸਦ ਭਵਨ ਗਿਆ, ਪਰ ਉੱਥੇ ਕੋਈ ਨਹੀਂ ਸੀਅਚਾਨਕ ਮੇਰੀ ਨਜ਼ਰ ਉੱਥੇ ਰੱਖੀ ਹੋਈ ਇਕ ਫਾਈਲ ਉੱਤੇ ਪਈਫਾਈਲ ਦਾ ਇਕ-ਇਕ ਪੰਨਾ ਪੜ੍ਹਦਿਆਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਇਨ੍ਹਾਂ 62 ਸਾਲਾਂ ਵਿਚ ਹੋਏ ਘੋਟਾਲਿਆਂ, ਦੰਗਿਆਂ ਅਤੇ ਚਿੱਟੇ ਕੱਪੜਿਆਂ ਵਾਲਿਆਂ ਦੇ ਚਿਹਰਿਆਂ ਉੱਤੇ ਕਾਲੇ ਧੱਬੇ ਲਾਉਂਦੀਆਂ ਕਾਨੂੰਨ ਦੀਆਂ ਧਾਰਾਵਾਂ ਦੀ ਲੰਬੀ ਸੂਚੀ ਦੇਖ ਕੇ ਮੇਰੇ ਹੋਸ਼ ਉੱਡ ਗਏ ਇਕ ਵਾਰ ਤਾਂ ਮੈਨੂੰ ਲੱਗਿਆ ਕਿ ਮੈਂ ਬੁਰੀ ਤਰ੍ਹਾਂ ਟੁੱਟ ਗਿਆ ਹਾਂਮੈਂ ਸੋਚਿਆ ਕਿ ਮੈਂ ਉਨ੍ਹਾਂ ਸਭ ਦਾ ਗੁਨਾਹਗਾਰ ਹਾਂ, ਜੋ ਮੇਰੇ ਕਹਿਣ ਤੇ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮ ਗਏ, ਸੀਨੇ ਉੱਤੇ ਗੋਲੀਆਂ ਝੱਲ ਗਏਮੈਨੂੰ ਲੱਗਿਆ ਕਿ ਸਾਡੀ ਕੁਰਬਾਨੀ ਬੇਅਰਥ ਚਲੀ ਗਈਪਰੰਤੂ ਇਕ ਵਾਰ ਫੇਰ ਮੇਰਾ ਆਜ਼ਾਦੀ ਦੀ ਜੰਗ ਲੜਨ ਦਾ ਜਜ਼ਬਾ ਜਾਗ ਉਠਿਆਭਾਵੇਂ ਫਾਂਸੀ ਦੇ ਤਖਤੇ ਤੇ ਫੇਰ ਚੜ੍ਹਨਾ ਪਵੇਇਹੀ ਸੋਚ ਕੇ ਮੈਂ ਬਾਜ਼ਾਰ ਵਿਚ ਖੜ੍ਹਾ ਹੋ ਕੇ ਨਾਅਰਾ ਮਾਰਿਆ... ਇੰਨਕਲਾਬ ਜ਼ਿੰਦਾਬਾਦ!!!, ਪਰ ਕਿਤੇ ਵੀ ਮੈਨੂੰ ਨੌਜਵਾਨਾਂ ਦਾ ਉਹ ਟੋਲਾ ਆਉਂਦਾ ਨਜ਼ਰ ਨਾ ਆਇਆ, ਜਿਹੜਾ ਪਹਿਲਾਂ ਮੇਰੀ ਇਕ ਆਵਾਜ਼ ਤੇ ਹੱਥਾਂ ਦੀਆਂ ਮੁੱਠੀਆਂ ਮੀਚ, ਜਾਨ ਤਲੀ ਤੇ ਟਿਕਾ, ਪਹਾੜਾਂ ਨਾਲ ਵੀ ਮੱਥਾ ਲਾਉਣ ਲਈ ਤਿਆਰ ਹੋ ਜਾਂਦਾ ਸੀ

-----

ਮੈਂ ਇਕ ਵਾਰ ਫੇਰ ਸੋਚਾਂ ਵਿਚ ਡੁੱਬ ਗਿਆਕਿੱਥੇ ਗਏ ਮੇਰੇ ਦੇਸ਼ ਦੇ ਉਹ ਨੌਜਵਾਨਮੈਂ ਘਰ-ਘਰ ਜਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈਬੇਰੁਜ਼ਗਾਰੀ ਤੋਂ ਹਾਰੇ ਮੇਰੇ ਦੇਸ਼ ਦੇ ਨੌਜਵਾਨ ਕਦੋਂ ਨਸ਼ੇ ਦੇ ਗ਼ੁਲਾਮ ਹੋ ਗਏ? ਮੇਰੇ ਵਤਨ ਦੇ ਹਾਲਾਤ ਕੀ ਬਣ ਗਏ? ਮੈਨੂੰ ਪਤਾ ਵੀ ਨਹੀਂ ਲੱਗਿਆਥੱਕ ਹਾਰ ਕੇ ਮੈਂ ਵਾਪਸ ਮੁੜਨ ਹੀ ਵਾਲਾ ਸਾਂ ਕਿ ਮੇਰੀ ਨਜ਼ਰ ਤੇਰੇ ਕਮਰੇ ਦੀ ਦੀਵਾਰ ਤੇ ਲੱਗੀ ਮੇਰੀ ਤਸਵੀਰ ਤੇ ਪਈ ਮੈਂ ਸਮਝ ਗਿਆ ਇੱਥੇ ਇਕ ਵਾਰ ਫੇਰ ਮੇਰੀ ਜ਼ਰੂਰਤ ਹੈਮੈਂ ਫੈਸਲਾ ਕਰ ਲਿਆ ਕਿ ਮੈਂ ਜਗਾਵਾਂਗਾ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਅਤੇ ਇਨ੍ਹਾਂ ਤੋਂ ਪ੍ਰਣ ਲਵਾਂਗਾ ਕਿ ਤੁਸੀ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਣਾ, ਜਿੰਨੀ ਦੇਰ ਤੱਕ ਤੁਸੀ ਦੇਸ਼ ਨੂੰ ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਗੰਦੀ ਸਿਆਸਤ ਤੋਂ ਆਜ਼ਾਦ ਨਹੀਂ ਕਰਵਾ ਦਿੰਦੇਬਸ ਇਸੇ ਇਰਾਦੇ ਨਾਲ ਮੈਂ ਨਿੱਕਲ਼ ਪਿਆ ਹਾਂ ਸਭ ਨੂੰ ਜਗਾਉਂਣਤੂੰ ਵੀ ਕਹਿ ਇਨ੍ਹਾਂ ਸਾਰਿਆਂ ਨੂੰ, ਉੱਠੋ! ਨੌਜਵਾਨੋ ਉੱਠੋ, ਭਗਤ ਸਿੰਘ ਬੁਲਾ ਰਿਹਾ ਹੈ! ਉੱਠੋ! ਉੱਠੋ!! ਉੱਠੋ!!!... ਦੂਰ ਜਾਂਦਾ ਹੋਇਆ ਉਹ ਕਹਿੰਦਾ ਰਿਹਾ ਤੇ ਫਿਰ ਹੌਲੀ ਹੌਲੀ ਅੱਖਾਂ ਤੋਂ ਉਹਲੇ ਹੋ ਗਿਆ

Saturday, September 26, 2009

ਬਲਜੀਤ ਬਾਸੀ - ਵਾੜ ਕਰੇਲਿਆਂ ਦੇ ਬੀਅ - ਵਿਅੰਗ

ਵਾੜ ਕਰੇਲਿਆਂ ਦੇ ਬੀਅ

ਵਿਅੰਗ

ਘੁੰਮਵੀਂ ਕੁਰਸੀ ਦੇ ਜਕੜਬੰਦ ਚ ਗੱਡਿਆ, ਸੱਜੀ ਕੂਹਣੀ ਮੇਜ਼ ਤੇ ਟਿਕਾਈ ਤੇ ਅੱਖਾਂ ਕੰਪਿਊਟਰ ਦੀ ਸਕਰੀਨ ਤੇ ਜਮਾਈ, ਮੈਂ ਤਨੋਂ ਮਨੋਂ ਕੰਪਿਊਟਰ ਨਾਲ ਨਰੜਿਆ ਪਿਆ ਸੀਕੁਰਸੀ, ਮੈਂ ਤੇ ਕੰਪਿਊਟਰ ਜਿਵੇਂ ਕੀਲਾ, ਮੱਝ ਤੇ ਖੁਰਲੀਦੁਨੀਆ ਤੋਂ ਬੇਫ਼ਿਕਰ, ਕੀ ਬਣੂ ਦੁਨੀਆ ਦੇ ਫ਼ਿਕਰਾਂ ਚ ਡੁੱਬਾ ਮੈਂ ਤਾਂ ਸੂਲੀ ਤੇ ਲਟਕਣ ਲਈ ਵੀ ਤਾਹੂ ਰਹਿੰਦਾ ਹਾਂਫਿਰ ਯਾਹੂ ਨਿਊਜ਼ ਚ ਆਈ ਇਹ ਖ਼ਬਰ ਤਾਂ ਹੈ ਈ ਬੜੀ ਸਨਸਨੀਖੇਜ਼ ਸੀਅਮਰੀਕਾ ਦੇ ਬਜਦੇ ਡੌਰੂ ਹੁਣ ਦੂਰ-ਰਸ ਨਤੀਜੇ ਲਿਆ ਰਹੇ ਹਨਧਨ ਦੀ ਕਮੀ ਕਾਰਨ ਪੁਲਾੜ ਖੋਜ ਸਬੰਧੀ ਏਜੰਸੀ, ਨਾਸਾ ਦੇ ਚੰਦ ਤੇ ਪੁਲਾੜਯਾਨ ਭੇਜਣ ਦੇ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ ਹੈਘੋਰ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਬੀਮਾਰੀ, ਹਿੰਸਾ, ਵਾਤਾਵਰਣ ਪ੍ਰਦੂਸ਼ਣ: ਧਰਤੀ ਤੇ ਹੀ ਬਥੇਰੇ ਚੰਦ ਚੜ੍ਹੇ ਪਏ ਹਨ, ਆਕਾਸ਼ੀ ਚੰਦ ਤੇ ਜਾ ਕੇ ਹੁਣ ਅੰਬ ਲੈਣੇ ਹਨ? ਕੀ ਧਰਤੀ ਨੂੰ ਸੁਆਰ ਕੇ ਜਿਉਂਣਯੋਗ ਬਣਾ ਲਿਆ ਹੈ?

----

ਉਧਰ ਤਾਰਿਆਂ ਸਿਤਾਰਿਆਂ ਦੀ ਦੁਨੀਆਂ ਵਿੱਚ ਸਦਾ ਗਲ਼ਤਾਨ ਨਾਸਾ ਦੇ 58000 ਮੁਲਾਜ਼ਮਾਂ ਨੂੰ ਉਭੜ ਖਾਬੜ ਜ਼ਮੀਨੀ ਹਕੀਕਤ ਨੇ ਅਰਸ਼ੋਂ ਫ਼ਰਸ਼ ਤੇ ਪਟਕਾ ਮਾਰਿਆ ਹੈਮੇਰਾ ਕੀ ਪ੍ਰਤਿਕਰਮ ਹੋਣਾ ਚਾਹੀਦਾ ਹੈ? ਮੈਂ ਵਿਹਲੇ ਪਏ ਖੱਬੇ ਹੱਥ ਨਾਲ ਸਿਰ ਖੁਰਚਿਆ, ਇਕ ਧੌਲਾ ਤਾਂ ਪੁਟਿਆ ਗਿਆ ਪਰ ਕੋਈ ਮੌਲਿਕ ਵਿਚਾਰ ਹੱਥ ਨਹੀਂ ਆਇਆਦਿਮਾਗ ਨੂੰ ਹੁਣ ਵਰਤਣ ਦੀ ਲੋੜ ਵੀ ਨਹੀਂ ਰਹੀ, ਇੰਟਰਨੈੱਟ ਦਾ ਜਾਲ ਸਮੱਸਤ ਬ੍ਰਹਿਮੰਡ ਹੰਗਾਲ ਕੇ ਤੁਹਾਡੇ ਇਕ ਪ੍ਰਸ਼ਨ ਦੇ ਹਜ਼ਾਰਾਂ ਉੱਤਰ ਅੱਖ ਦੇ ਫੋਰੇ ਚ ਤੁਹਾਡੇ ਦੀਦਿਆਂ ਅੱਗੇ ਲਿਆ ਧਰਦਾ ਹੈਹਸਦੀ ਨੇ ਫੁੱਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ ਵਾਲੀ ਗੱਲ ਬਣੀ ਪਈ ਹੈ

ਚੰਦ ਦੀ ਉਡਾਣ ਚ ਵਿਘਨ ਪੈਣ ਤੋਂ ਪੈਦਾ ਹੋਏ ਬਹੁ-ਪੱਖੀ ਮਸਲਿਆਂ ਦਾ ਵਿਸਥਾਰ ਮੈਨੂੰ ਇਸ ਛੋਟੀ ਜਿਹੀ ਖ਼ਬਰ ਤੋਂ ਕੀ ਲਭਣਾ ਸੀਗੂਗਲ ਨੇ ਸੈਨਤ ਕੀਤੀ, ਸਿਧੀ ਨਾਸਾ ਦੀ ਵੈਬਸਾਈਟ ਤੇ ਵੱਗ ਜਾਹਗੂਗਲ ਤੋਂ ਹੀ ਨਾਸਾ ਦਾ ਸਿਰਨਾਵਾਂ ਲੈ ਕੇ ਮੈਂ ਕੀਬੋਰਡ ਤੇ ਟਿੱਕ ਟਿੱਕ ਕੀਤੀ ਤੇ ਨਾਸਾ ਤੇ ਉਡ ਗਿਆ

ਐਪਰ ਨਾਸਾ ਤੇ ਉਤਾਰਾ ਕਰਦਿਆਂ ਹੀ ਮੇਰੀ ਨਜ਼ਰ ਇਕ ਹੋਰ ਜਗਬੁਝ ਕਰਦੀ ਖ਼ਬਰ ਨੇ ਕਾਬੂ ਕਰ ਲਈ, 'ਭਾਰਤ ਦੇ ਜ਼ਮੀਨ ਅੰਦਰਲੇ ਪਾਣੀ ਦੀ ਸਤਹ ਹੇਠਾਂ ਜਾ ਰਹੀ ਹੈ' ਬਿਨਾ ਸ਼ੱਕ ਆਕਾਸ਼ੀ ਨਛੱਤਰਾਂ ਦੇ ਮੁਕਾਬਲੇ ਧਰਤੀ ਦੀ ਖਬਰ ਮੇਰੇ ਲਈ ਵਧੇਰੇ ਲੁਭਾਇਮਾਨ ਸੀ ਤੇ ਉਹ ਵੀ ਜਿਸ ਦਾ ਸਬੰਧ ਮੇਰੀ ਸਰਜ਼ਮੀਨ ਨਾਲ ਹੋਵੇਪਤਾ ਨਹੀਂ ਇਸ ਦੇਸ਼ ਦਾ ਅੰਨ ਪਾਣੀ ਖਾ ਕੇ ਵੀ ਮਨ ਭਾਰਤ ਭਾਰਤ ਕੂਕਦਾ ਰਹਿੰਦਾ ਹੈ; ਭਾਰਤ ਤੇ ਕੋਈ ਭਾਰੀ ਪੈ ਜਾਵੇ, ਮੇਰੇ ਮਨ ਤੇ ਭਾਰੀ ਪੈ ਜਾਂਦੀ ਹੈਖ਼ਬਰ ਦੇ ਹੋਰ ਅੱਗੇ ਗਿਆ ਤਾਂ ਪਤਾ ਲਗਾ ਕਿ ਪ੍ਰਭਾਵਤ ਇਲਾਕਾ ਅਸਲ ਵਿੱਚ ਮੇਰਾ ਪਿਆਰਾ ਪੰਜਾਬ ਅਤੇ ਇਸ ਦੇ ਆਸ ਪਾਸ ਦਾ ਇਲਾਕਾ ਹੀ ਹੈਮੈਂ ਠਠੰਬਰ ਗਿਆ, ਪੰਜਾਬ ਦੇ ਮੰਦੇ ਭਾਗ, ਨਿੱਤ ਨਵਾਂ ਉੱਜੜ ਜਾਣ ਦਾ ਸਰਾਪਏਥੇ ਹਰ ਸਾਲ ਪਾਣੀ ਦਾ ਫੇਹ ਇੱਕ ਫੁੱਟ ਨੀਵਾਂ ਹੋਈ ਜਾ ਰਿਹਾ ਹੈਨਾਸਾ ਦੇ ਗੁਰੂਤਾ (ਧਰਤੀ ਦੀ ਖਿੱਚ) ਅਤੇ ਮੌਸਮ ਦੀ ਪੜਤਾਲ ਕਰ ਰਹੇ ਜੌੜੇ ਪੁਲਾੜਯਾਨ ਧਰਤੀ ਦੀ ਗੁਰੂਤਾ ਵਿੱਚ ਆਈ ਭੋਰਾ ਭਰ ਤਬਦੀਲੀ ਵੀ ਬੁੱਝ ਲੈਂਦੇ ਹਨ, ਏਥੋਂ ਤਕ ਕਿ ਧਰਤੀ ਦੇ ਅੰਦਰ ਜਾਂ ਇਸਦੇ ਉਪਰ ਆਈ ਪਾਣੀ ਦੀ ਤਬਦੀਲੀ ਵੀ ਨੋਟ ਕਰ ਲੈਂਦੇ ਹਨਨਾਸਾ ਦੇ ਜਲਵਿਗਿਆਨੀਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਪਾਣੀ ਦੇ ਪ੍ਰਬੰਧ ਲਈ ਲੁੜੀਂਦੇ ਉਪਾਅ ਨਾ ਕੀਤੇ ਗਏ ਤਾਂ ਸਾਢੇ ਗਿਆਰਾਂ ਕਰੋੜ ਲੋਕਾਂ ਤੇ ਭਾਰੀ ਪੈ ਜਾਵੇਗੀ; ਖੇਤੀ ਦੀ ਪੈਦਾਵਾਰ ਦਾ ਘਾਣ ਹੋ ਜਾਵੇਗਾ, ਪੀਣ ਵਾਲਾ ਪਾਣੀ ਦੁਰਲੱਭ ਹੋ ਜਾਵੇਗਾਇਲਾਕੇ ਦੀ ਜਨਸੰਖਿਆ ਵਿੱਚ ਬੇਵਹਾ ਵਾਧਾ, ਤੇਜ਼ ਆਰਥਕ ਵਿਕਾਸ ਅਤੇ ਪਿਆਸੇ ਖੇਤਾਂ ਲਈ ਲੁੜੀਂਦੇ ਪਾਣੀ ਕਾਰਨ ਜ਼ਮੀਨ ਅੰਦਰਲੇ ਪਾਣੀ ਦੇ ਸਰੋਤ ਸੁੱਕ ਗਏ ਹਨਪਾਣੀ ਦੀ ਘਾਟ ਪੂਰੀ ਕਰਨ ਲਈ ਹੁਣ ਦਰਿਆਵਾਂ ਮੀਂਹਾਂ ਦਾ ਪਾਣੀ ਜਮ੍ਹਾਂ ਕਰਕੇ ਬਨਾਉਟੀ ਝੀਲਾਂ ਡਿੱਗੀਆਂ ਆਦਿ ਬਣਾਉਣੀਆਂ ਪੈਣਗੀਆਂਝੀਲਾਂ ਤੇ ਡਿੱਗੀਆਂ ਨਾਲ ਓਤਪੋਤ ਇਸ ਨਵੇਂ ਪੰਜਾਬ ਦੇ ਭੂ-ਦ੍ਰਿਸ਼ ਦੀ ਪੂਰਵ-ਕਲਪਨਾ ਕਰਕੇ ਮੇਰੇ ਅੱਗੇ ਭੰਬੂ ਤਾਰੇ ਨੱਚਣ ਲੱਗੇ

----

ਸਾਰੇ ਗਲੋਬ ਦੀ ਚਿੰਤਾ ਵਿੱਚ ਡੁੱਬੇ ਅਮਰੀਕੀ ਟਿੱਪਣੀਕਾਰਾਂ ਦੀਆਂ ਕੁੱਝ ਟਿਪਣੀਆਂ ਪੜ੍ਹਨ ਨੂੰ ਮਿਲੀਆਂ: ਭਾਰਤ ਵਿਕਸਤ ਹੋ ਰਿਹਾ ਹੈ ਤੇ ਅਮੀਰ ਹੁੰਦੇ ਲੋਕ ਹੁਣ ਵਧੇਰੇ ਤੋਂ ਵਧੇਰੇ ਮੀਟ ਖਾਣ ਲੱਗ ਪਏ ਹਨਇੱਕ ਏਕੜ ਭੋਇੰ ਤੇ ਬੀਜਿਆ ਅੰਨ ਜਿੰਨੇ ਲੋਕਾਂ ਦਾ ਢਿੱਡ ਭਰਦਾ ਹੈ, ਓਨੇ ਹੀ ਲੋਕਾਂ ਦਾ ਢਿੱਡ ਸੱਤ ਏਕੜ ਭੋਇੰ ਤੇ ਪਾਲੇ ਪਸ਼ੂਆਂ ਦਾ ਮੀਟ ਭਰਦਾ ਹੈ, ਪਾਣੀ ਦੀ ਮੰਗ ਵਧਣੀ ਹੀ ਸੀਏਨੀ ਹਿਰਦੇਵੇਧਕ ਸਥਿਤੀ ਦੇ ਸਨਮੁੱਖ ਵੀ ਮੈਂ ਹਾਸਰਸ ਦੇ ਰੌਂ ਵਿੱਚ ਆ ਗਿਆਕੀ ਇਹ ਭਾਰਤ ਦੇ ਵਿਕਸਤ ਹੋਣ ਦੀ ਸਜ਼ਾ ਹੈ ਜਾਂ ਅਹਿੰਸਾਵਾਦੀ ਦੇਸ਼ ਦੇ ਲੋਕਾਂ ਵਲੋਂ ਮੀਟ ਖਾਣ ਕਾਰਨ ਦੇਵਤਿਆਂ ਦੀ ਕਰੋਪੀ? ਧਰਤੀ ਹੇਠਲਾ ਪਾਣੀ ਸ਼ਰਮ ਦਾ ਮਾਰਿਆ ਥੱਲੇ ਹੀ ਥੱਲੇ ਜਾ ਰਿਹਾ ਹੈਕ੍ਰੋਧਿਤ ਧਵਲਾ ਕਿਤੇ ਧਰਤੀ ਨੂੰ ਕਹਿਕਸ਼ਾਂ ਚ ਹੀ ਨਾ ਵਗਾਹ ਮਾਰੇਭਾਰਤ ਦੇ ਤਥਾਕਥਿਤ ਵਿਕਾਸ ਨੇ ਅਮਰੀਕੀ ਚਿੰਤਕਾਂ ਦਾ ਬੜਾ ਢਿੱਡ ਦੁਖਾਇਆ ਹੈਪਹਿਲਾਂ ਦੁਨੀਆਂ ਵਿੱਚ ਖ਼ੁਰਾਕ ਦੀ ਕਮੀ ਭਾਰਤ ਸਿਰ, ਫਿਰ ਤੇਲ ਦੀ ਕਮੀ ਭਾਰਤ ਸਿਰ ਤੇ ਹੁਣ ਪਾਣੀ ਦੀ ਕਮੀ ਭਾਰਤ ਦੇ ਸਿਰਗ਼ਰੀਬ ਦੀ ਜੋਰੂ ਸਭ ਦੀ ਜੋਰੂ

-----

ਪਰ ਏਥੇ ਅਮਰੀਕੀ ਮੁਨਾਫ਼ਾਪ੍ਰਸਤਾਂ ਨੂੰ ਦੋਸ਼ੀ ਠਹਿਰਾਉਂਦੇ ਬੜੇ ਸ਼ਾਤਰ ਚਿੰਤਕ ਵੀ ਹਨ: ਅਮਰੀਕੀ ਦਖਲ ਨਾਲ ਲਿਆਂਦੇ ਹਰੇ ਇਨਕਲਾਬ ਕਾਰਨ ਕਿਸਾਨਾਂ ਨੇ ਰਵਾਇਤੀ ਖੇਤੀ ਢੰਗ, ਬੀਜ, ਸੰਦ ਅਤੇ ਖਾਦ ਵਜੋਂ ਗੋਹੇ ਦੀ ਵਰਤੋਂ ਛੱਡ ਦਿੱਤੀਉਹ ਅਮਰੀਕੀ ਕਾਰਪੋਰੇਸ਼ਨਾਂ ਵਲੋਂ ਤਿਆਰ ਕੀਤੇ ਬੀਜ, ਕੀਟਨਾਸ਼ਕ ਦਵਾਈਆਂ, ਖਾਦ, ਮਸ਼ੀਨਰੀ ਆਦਿ ਤੇ ਨਿਰਭਰ ਹੋ ਗਏਸਿੱਟੇ ਵਜੋਂ ਅਮਰੀਕੀ ਕਾਰਪੋਰੇਸ਼ਨਾਂ ਤਾਂ ਮੁਨਾਫ਼ੇ ਨਾਲ਼ ਪਾਟਣ ਵਾਲੀਆਂ ਹੋ ਗਈਆਂ ਪਰ ਭਾਰਤ ਦੀ ਆਰਥਕਤਾ ਤਹਿਸ ਨਹਿਸ ਹੋ ਗਈਗ਼ਰੀਬ ਨਿਵਾਜ਼ ਇਨ੍ਹਾਂ ਅਮਰੀਕੀਆਂ ਦਾ ਮੱਤ ਹੈ ਕਿ ਭਾਰਤੀਆਂ ਦਾ ਹੱਥ ਗੋਹੇ ਵਿੱਚ ਹੀ ਚੰਗਾ ਲਗਦਾ ਹੈਮੈਂ ਬੌਂਦਲ਼ ਜਿਹਾ ਗਿਆ ਹਾਂ, ਏਨੀਆਂ ਕਰੂਰ ਗੱਲਾਂ ਮੇਰਾ ਕੋਮਲ ਮਨ ਪਚਾਅ ਨਹੀਂ ਸਕਦਾ

-----

ਸਮੱਸਿਆ ਦੇ ਹੋਰ ਪਹਿਲੂਆਂ ਨਾਲ ਦੋ ਚਾਰ ਹੋਣ ਲਈ ਕਿੰਨੇ ਹੀ ਲਿੰਕ ਤੇ ਸਦਾ ਹਾਜ਼ਰ ਨਾਜ਼ਰ ਗੂਗਲ ਦੇ ਇਸ਼ਤਿਹਾਰਾਂ ਦੀ ਹੱਟ ਲੱਗੀ ਹੋਈ ਸੀਮੈਨੂੰ ਖ਼ੁਦ ਅੱਜ ਕੱਲ੍ਹ ਬੁਧੀਜੀਵੀ ਤੇ ਵਿਸ਼ਵ ਚਿੰਤਕ ਬਣਨ ਦਾ ਫਤੂਰ ਚੜ੍ਹਿਆ ਰਹਿੰਦਾ ਹੈ ਇਸ ਲਈ ਕੋਈ ਵੀ ਗਰਮਾ ਗਰਮ ਮਸਲਾ ਵਿਚਾਰਨੋਂ ਨਹੀਂ ਛੱਡਦਾਹੋਰ ਵਿਸਥਾਰ ਵਿੱਚ ਜਾਣ ਲਈ ਮੈਂ ਅਜੇ ਮਊਸ ਤੇ ਉਂਗਲ ਰੱਖੀ ਹੀ ਸੀ ਕਿ ਅਚਾਨਕ ਬਾਹਰ ਦਰਵਾਜ਼ੇ ਦੀ ਘੰਟੀ ਵਜਦੀ ਸੁਣੀਘੜੀ ਦੇਖੀ, ਸ਼ਾਮ ਦੇ ਪੂਰੇ ਪੰਜ ਵਜ ਗਏ ਸਨ ਤੇ ਮੈਂ ਸਵੇਰ ਦੇ ਨੌਂ ਵਜੇ ਤੋਂ ਇੰਟਰਨੈੱਟ ਦੇ ਕੰਧਾੜੇ ਚੜ੍ਹ ਕੇ ਬੈਠਾ ਸਾਂਦਿਮਾਗੀ ਵਿਲਾਸ ਚੋਂ ਨਿਕਲਣ ਨੂੰ ਅਜੇ ਕਿੱਥੇ ਮਨ ਕਰਦਾ ਸੀਸੜ ਗਈ ਕਿਸਮਤ, ਪਤਾ ਨਹੀਂ ਮੈਨੂੰ ਮੇਰੀ ਬੌਧਿਕ ਸਾਧਨਾ ਤੋਂ ਵਿਚਲਿਤ ਕਰਨ ਲਈ ਕੌਣ ਦੁਨੀਆਦਾਰ ਆ ਧਮਕਿਆ ਹੈਭਾਰੀ ਮਨ ਨਾਲ ਉੱਠਣ ਲੱਗਾ ਤਾਂ ਮਹਿਸੂਸ ਹੋਇਆ ਕਿ ਮੇਰੇ ਤਾਂ ਪੈਰ ਹੀ ਨਹੀਂ ਹਨਛੱਪੜ ਚੋਂ ਨਿਕਲੇ ਕੁੱਤੇ ਵਾਂਗ ਸਰੀਰ ਨੂੰ ਜ਼ੋਰ ਨਾਲ ਛੰਡਿਆ ਤਾਂ ਕੁਝ ਹੋਸ਼ ਹਵਾਸ ਆਏਪਤਾ ਲੱਗਾ ਪੈਰ ਤਾਂ ਸੌਂ ਚੁੱਕੇ ਹਨਘਿਸੜਦੇ ਪੈਰਾਂ ਨਾਲ ਦਰਵਾਜ਼ੇ ਵੱਲ ਵਧਿਆ

-----

ਝਾਤ ਮੋਰੀ ਰਾਹੀਂ ਦੇਖਿਆ; ਮਾਰੇ ਗਏ, ਇਹ ਤਾਂ ਆਪਣੀ ਭਰਜਾਈ ਸਾਹਿਬਾ ਸੀਮੇਰੇ ਪੈਰ ਲੜਖਾਉਣ ਲੱਗ ਪਏ, ਮਊਸ ਤੇ ਖਿਝ ਆਉਣ ਲੱਗੀ, ਕੀ ਇਹ ਮੇਰੇ ਸਰੀਰ ਨੂੰ ਉਡਾਕੇ ਘੜੀ ਪਲ ਭਰਜਾਈ ਦੀ ਦੁਨੀਆ ਤੋਂ ਪਰੇ ਨਹੀਂ ਲਿਜਾ ਸਕਦਾ? ਪਰ ਦਿਉਰ ਮਾਤਰ ਹਾਂ, ਸਥੂਲ ਭਰਜਾਈ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ, ਚੱਲ ਮਨਾਂਬੂਹਾ ਖੋਲ੍ਹਣ ਪਿਛੋਂ ਹੱਥ ਮੱਥੇ ਤੇ ਵੱਜਣ ਲਈ ਉਪਰ ਉਠ ਗਏ ਪਰ ਸ੍ਰਿਸ਼ਟਾਚਾਰ ਨੇ ਰੋਕ ਲਏਭਰਜਾਈ ਨੂੰ ਖਿੜੇ ਮੱਥੇ ਮਿਲਣ ਦਾ ਦਸਤੂਰ ਹੈ ਪਰ ਸ੍ਰਿਸ਼ਟਾਚਾਰ ਦਾ ਭੂਤ ਮੇਰੇ ਮੱਥੇ ਤੇ ਤਿਉੜੀਆਂ ਪੈਣ ਨੂੰ ਰੋਕ ਨਾ ਸਕਿਆ

-----

ਮੈਨੂੰ ਹੋਣੀ ਦਿਸਣ ਲੱਗੀ: ਅੱਜ ਕੁੱਤੇ ਦੀ ਪੂਛ ਨੂੰ ਭਿਉਂ ਭਿਉਂ ਕੇ ਜੁੱਤੀਆਂ ਪੈਣਗੀਆਂਕੀ ਕਰੀਏ ਘਰ ਦੀਆਂ ਗੱਲਾਂ ਪਰ ਮੂੰਹ ਵਿੱਚ ਗੱਲ ਰਹਿੰਦੀ ਵੀ ਨਹੀਂਇਹ ਭਰਜਾਈ ਸਾਡੀ ਹੈ ਨਿਰੀ ਦੇਸੀਪੁਣੇ ਦਾ ਮਜਮੂਆਉਸਦੇ ਮੂਹਰੇ ਜ਼ਰਾ ਢੇਂਊ ਲਫ਼ਜ਼ ਉਚਾਰ ਦਿਉ ਤੇ ਫਿਰ ਦੇਖੋ ਉਸਦੀਆਂ ਵੜਾਛਾਂ ਦੀ ਲਮਕ ਤੇ ਅੱਖੀਆਂ ਦੀ ਚਮਕਸ਼ਾਇਦ ਤੁਹਾਨੂੰ ਆਖੇ ,"ਜ਼ਰਾ ਫੇਰ ਬੋਲੀਂ ਜੋ ਕਿਹਾ ।" ਕਦੇ ਕੈਲੀਫੋਰਨੀਆ ਗਈ ਭਰਵੇਂ ਟਿੰਡੋ ਖਾ ਆਈ, ਕਹਿੰਦੀ ਮੈਂ ਤਾਂ ਵਸਣਾ ਹੀ ਕੈਲੀਫੋਰਨੀਆ ਹੈਨਾਲੇ ਟਿੰਡੋ ਖਾਣ ਨੂੰ ਮਿਲਦੇ ਹਨ ਨਾਲੇ ਮਿਸ਼ੀਗਨ ਰਹਿੰਦਿਆਂ ਹੱਡਾਂ ਚ ਵੜਦੇ ਪਾਲੇ ਤੋਂ ਛੁਟਕਾਰਾਇਹ ਤਾਂ ਸਾਡੇ ਭਰਾ ਦੇ ਆਪਣੇ ਗੁਰਦੇ ਕਪੂਰਿਆਂ ਵਿੱਚ ਜਾਨ ਤੇ ਸਾਡੀ ਚੁੱਕ ਸੀ ਕਿ ਕੈਲੀਫੋਰਨੀਆ ਵਸਣ ਵਾਲੀ ਗੱਲ ਨਾ ਹੋ ਸਕੀਭਾਬੀ ਸਾਡੀ ਜਦੋਂ ਦੇਖੋ ਵੜੀਆਂ, ਸਾਗ, ਵੇਸਣ, ਪੰਜੀਰੀ, ਸੰਢੋਲਾ, ਕੁੱਲਰ ਆਦਿ ਦੀਆਂ ਜਾਂ ਗੱਲਾਂ ਕਰ ਰਹੀ ਹੁੰਦੀ ਹੈ ਜਾਂ ਇਨ੍ਹਾਂ ਖੁਰਾਕਾਂ ਨੂੰ ਚੁੱਲ੍ਹੇ ਤੇ ਚਾੜ੍ਹ ਕੇ ਗੋਰੇ ਗੁਆਂਢੀਆਂ ਦੀਆਂ ਨਾਸਾਂ ਵਿੱਚ ਵਾੜ ਰਹੀ ਹੁੰਦੀ ਹੈਤੁਅੱਜਬ ਦੀ ਗੱਲ ਹੈ ਕਿ ਉਹ ਭਾਰਤ ਵਰਸ਼ ਵੱਲ ਮੂੰਹ ਨਹੀਂ ਕਰਦੀ

----

ਉਹ ਡੱਪ ਡੱਪ ਕਰਦੀ ਆਈ ਤੇ ਸੋਫ਼ੇ ਤੇ ਪਸਰ ਗਈਉਸਦੇ ਸ਼ਾਂਤ ਦਿਸਦੇ ਮੂੰਹ ਵਿੱਚ ਜਵਾਲਾਮੁਖੀ ਲੁਕਿਆ ਪਿਆ ਸੀਘਰ ਵਿੱਚ ਸੁਨਸੁਨੀ ਫੈਲ ਗਈਮੈਂ ਤਾਂ ਅਤਿ ਦੇ ਘਰੋਗੀ ਕਾਰਨਾਂ ਕਰਕੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਿਹਾ ਸੀਕੰਨੀ ਬਚਾ ਕੇ ਕਿਚਨ ਵਿੱਚ ਚਾਹ ਧਰਨ ਲਗ ਪਿਆਪਰ ਹੁਣ ਘਰੋਗੀ ਕਾਰਨਾਂ ਦਾ ਭਾਂਡਾ ਫੋੜਨਾ ਹੀ ਪੈਣਾ ਹੈਕਿੰਨੇ ਹੀ ਦਿਨ ਹੋ ਗਏ ਮੇਰੇ ਪਿਛੇ ਪਈ ਹੋਈ ਸੀ, ਅਖੇ ਵਾੜ ਕਰੇਲਿਆਂ ਦੇ ਬੀਅ ਕਿਤਿਓਂ ਲੱਭ ਕੇ ਦੇਹਫਿਰ ਪਤਾ ਨਹੀਂ ਉਸ ਨੂੰ ਕਿਸਨੇ ਇਹ ਵੀ ਦੱਸ ਦਿੱਤਾ ਕਿ ਕੰਪਿਊਟਰ ਚੋਂ ਖੋਜ ਕਰੇ ਤੇ ਅਲੱਭ ਚੀਜ਼ਾਂ ਵੀ ਲੱਭ ਪੈਂਦੀਆਂ ਹਨਹੋਰ ਤਾਂ ਹੋਰ ਇਹ ਵੀ ਗਿਆਨ ਹੋ ਗਿਆ ਕਿ ਇੰਟਰਨੈੱਟ ਰਾਹੀਂ ਸਭ ਕੁਝ ਖਰੀਦਆ ਵੀ ਜਾ ਸਕਦਾ ਹੈਕਈ ਚਿਰਾਂ ਤੋਂ ਉਸਨੂੰ ਵਾੜ ਕਰੇਲਿਆ ਦਾ ਝੱਲ ਚੜ੍ਹਿਆ ਹੋਇਆ ਸੀਕਹਿੰਦੀ ਦਸੌਰੀ ਮਤਲਬ ਕਿ ਅਮਰੀਕੀ ਕਰੇਲੇ ਵੀ ਕੋਈ ਕਰੇਲੇ ਹੁੰਦੇ ਹਨ, ਢੋਲ ਜਿਹੇ, ਨਾ ਉਨ੍ਹਾਂ ਦਾ ਸੁਹਜ, ਨਾ ਸੁਆਦਪਤਾ ਨਹੀਂ ਸਾਡੀ ਭਰਜਾਈ ਦਾ ਸੁਹਜ ਸੁਆਦ ਕਦੋਂ ਅਤੇ ਕਿਵੇਂ ਏਨਾ ਸੂਖ਼ਮ ਹੋ ਗਿਆਬੱਸ ਚੱਤੋ ਪਹਿਰ ਅੰਗੂਠਾ ਭਰ ਇਨ੍ਹਾਂ ਵਾੜ ਕਰੇਲਿਆਂ ਵਿੱਚ ਹੀ ਉਸਦੀ ਸੁਤਾਅ ਰਹਿਣ ਲੱਗ ਪਈਕਹਿੰਦੀ ਹੱਡਾਂ ਦੀ ਸਾਰੀ ਠੰਡ, ਗੋਡਿਆਂ ਦੀ ਸਾਰੀ ਰੀਹ, ਨੱਕ ਦੀ ਸਾਰੀ ਨਲੀ, ਪੇਟ ਦੀ ਸਾਰੀ ਵਾਯੂ ਤੇ ਕਰੂਰੇ ਦੀ ਸਾਰੀ ਸ਼ੱਕਰ ਗੱਲ ਕੀ ਰੋਗੀ ਕਾਇਆ ਦੀ ਸਾਰੀ ਵਾਇ ਵਾਦੀ ਇਹ ਵਾੜ ਕਰੇਲੇ ਹੀ ਕਢਦੇ ਹਨਫਿਰ ਇਨ੍ਹਾਂ ਦੂਖ ਨਿਵਾਰਨੇ ਕਰੇਲਿਆਂ ਦੀ ਗੱਲ ਕਰਦਿਆਂ ਉਹ ਅਜੇਹਾ ਚਟਖਾਰਾ ਮਾਰੇਗੀ ਜਿਵੇਂ ਵਾਕਿਆ ਹੀ ਇਕ ਕਰੇਲਾ ਉਸਦੇ ਦੰਦਾਂ ਥੱਲੇ ਆ ਗਿਆ ਹੋਵੇ

-----

ਕੁਝ ਇੱਕ ਦਿਨਾਂ ਤੋਂ ਉਹ ਬਾਰ ਬਾਰ ਫੋਨ ਕਰਕੇ ਮੈਨੂੰ ਯਾਦ ਕਰਵਾਉਂਦੀ ਰਹੀ ਕਿ ਇੰਟਰਨੈੱਟ ਤੋਂ ਵਾੜ ਕਰੇਲਿਆਂ ਦੇ ਬੀਆਂ ਦਾ ਆਰਡਰ ਕਰ ਦੇਹ, ਬੀਜਣ ਦੀ ਰੁੱਤ ਆਈ ਹੋਈ ਹੈ ਫਿਰ ਲੰਘ ਜਾਵੇਗੀਪਰ ਵਾੜ ਕਰੇਲੇ ਜਿਹੀ ਮਹੀਨ ਚੀਜ਼ ਮੇਰੇ ਮੋਟੇ ਦਿਮਾਗ ਵਿੱਚ ਟਿਕਦੀ ਨਹੀਂ ਸੀਕਈ ਵਾਰੀ ਵਾੜ ਕਰੇਲੇ ਵਾੜ ਕਰੇਲੇ ਜਪਦਾ ਕੰਪਿਊਟਰ ਤੇ ਬੈਠਾ ਪਰ ਇੰਟਰਨੈੱਟ ਖੋਲ੍ਹਦਿਆਂ ਹੀ ਦੁਨੀਆ ਦੀ ਚਿੰਤਾ ਹੱਡ ਖਾਣ ਲੱਗ ਜਾਂਦੀਅੱਜ ਸਵੇਰੇ ਧਮਕੀ ਦੇ ਮਾਰੀ ਸੀ ,"ਵਾੜ ਕਰੇਲੇ, ਨਹੀਂ ਤਾਂ ਆਖਰੀ ਮੇਲੇ।"

----

ਆਖਰ ਗੁੱਸਾ ਖਾ ਕੇ ਮੈਂ ਕੰਪਿਊਟਰ ਤੇ ਬੈਠ ਕੇ ਇੰਟਰਨੈੱਟ ਦਾ ਪ੍ਰਕਾਸ਼ ਕਰ ਹੀ ਲਿਆਪਰ ਕੀ ਸੁਣਾਈਏ ਇਸ ਚੰਚਲ ਮਨ ਦੀ ਵਿਥਿਆ, ਖੋਤੀ ਤਾਂ ਮੋੜ ਘੇੜ ਕੇ ਬੋਹੜ ਥੱਲੇ ਆ ਬਹਿੰਦੀ ਹੈ ਪਰ ਇੰਟਰਨੈੱਟ ਖੋਲ੍ਹੀ ਬੈਠਾ ਖੋਤਾ ਮਜਾਲ ਹੈ ਇਕ ਵਾਰੀ ਜਿਸ ਸਾਈਟ ਤੋਂ ਚੱਲਿਆ ਪੂਰੀ ਦਿਹਾੜੀ ਲਾ ਕੇ ਵੀ ਮੁੜ ਉਸ ਤੇ ਵਾਪਸ ਆ ਜਾਵੇਕਹਿੰਦੇ ਹਨ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇਪਰ ਇੰਟਰਨੈੱਟ ਦਾ ਤਾਂ ਕੰਮ ਹੀ ਭੁਲਾਉਣਾ ਹੈ, ਕਿਸੇ ਤਣ ਪੱਤਣ ਲਾਉਣਾ ਨਹੀਂਇਕ ਵਾਰੀ ਮਊਸ ਤੇ ਉਂਗਲਾਂ ਦੇ ਪੋਟੇ ਰੱਖੇ ਨਹੀਂ, ਇਹ ਤੁਹਾਨੂੰ ਤੁਹਾਡੀਆਂ ਹੀ ਉਂਗਲਾਂ ਤੇ ਨਚਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਇਕ ਅਸਗਾਹ ਭਟਕਣ ਵੱਲ ਠੇਲ੍ਹ ਦਿੰਦਾ ਹੈ ਜਿਸਦੇ ਪੜਾਅ ਹੀ ਪੜਾਅ ਹਨ ਮੰਜ਼ਿਲ ਕੋਈ ਨਹੀਂਕੁਝ ਇਸੇ ਤਰਾਂ ਵਿਚਾਰੇ ਸੁੜ ਸੁੜ ਕਰਦੇ ਕਵੀ ਜਗਤਾਰ ਦਾ ਹਾਲ ਹਵਾ ਨੇ ਕੀਤਾ ਸੀ:

ਮੈਨੂੰ ਗ਼ੁਬਾਰੇ ਵਾਂਗਰਾਂ ਉਡਾਈ ਫਿਰੇ ਹਵਾ

ਮੇਰੇ ਅੱਗੇ ਵੀ ਖ਼ਿਲਾਅ, ਮੇਰੇ ਪਿਛੇ ਵੀ ਖਿਲਾਅ

-----

ਮੈਂ ਇੰਟਰਨੈੱਟ ਚਾਲੂ ਕਰਦਿਆਂ ਹੀ ਗੂਗਲ ਵਿੱਚ 'ਵਾੜ ਕਰੇਲਿਆਂ ਦੇ ਬੀਅ' ਟਾਈਪ ਕਰ ਦਿੱਤਾਪਲਕ ਝਮਕਦੇ ਹੀ ਕਰੇਲਿਆਂ ਦੇ ਬੀਅ ਵੇਚਦੀਆਂ ਦਰਜਣਾਂ ਦੁਕਾਨਾਂ ਦੀਆਂ ਸਾਈਟਾਂ ਦਾ ਵੇਰਵਾ ਆ ਗਿਆਇਕ ਵਾਰੀ ਤਾਂ ਮੈਂ ਵਿਸਮਾਦ ਵਿਸਮਾਦ ਹੋ ਗਿਆ ਕਿ ਅਮਰੀਕਾ ਬੈਠੇ ਮੈਂ ਕਿੰਨੀ ਦੇਸੀ ਚੀਜ਼ ਪਾ ਲਈ ਹੈ ਜਿਵੇਂ ਐਂਜਲੀਨਾ ਜੌਲੀ ਦੇ ਸਿਰ ਵਿੱਚ ਜੂੰਆਂ ਦਿਸ ਪਈਆਂ ਹੋਣਮੈਂ ਇਕ ਸਾਈਟ ਚੁਣੀ ਜਿਥੇ ਵਾੜ ਕਰੇਲਿਆਂ ਤੋਂ ਇਲਾਵਾ ਚੱਪਣਕੱਦੂ, ਤੁੰਮੇ, ਗੁੱਗਲ, ਤਾਂਦਲਾ, ਮਘਾਂ, ਕੜੀਪੱਤੇ ਆਦਿ ਦੇ ਬੀਅ ਮਿਲਦੇ ਸਨਪਰ ਇਸ ਤੋਂ ਪਹਿਲਾਂ ਕਿ ਮੈਂ ਵਾੜ ਕਰੇਲਿਆਂ ਦੇ ਬੀਆਂ ਦਾ ਭਾਅ ਪਤਾ ਕਰਕੇ ਆਰਡਰ ਕਰਦਾ, ਮੇਰੀ ਨਜ਼ਰ ਸਬਜ਼ੀਆਂ ਬਾਰੇ ਚੁਟਕਲਿਆਂ ਦੇ ਇਕ ਲਿੰਕ ਤੇ ਪੈ ਗਈਚੁਟਕਲੇ ਬੋਰ ਜ਼ਿੰਦਗੀ ਦਾ ਮਸਾਲਾ ਹਨ, ਪਹਿਲਾਂ ਇਨ੍ਹਾਂ ਨਾਲ ਮਨ ਕਰਾਰਾ ਕਰ ਲਈਏ ਫਿਰ ਵਾੜ ਕਰੇਲੇ ਵੀ ਦੇਖੇ ਜਾਣਗੇਸਾਈਟ ਤੇ ਗਿਆ ਤਾਂ ਸਭ ਤੋਂ ਪਹਿਲਾਂ ਕਰੇਲਿਆਂ ਬਾਰੇ ਹੀ ਚੁਟਕਲਾ ਪੜ੍ਹਨ ਨੂੰ ਮਿਲਿਆ : ਇੱਕ ਵਾਰੀ ਸੰਤਾ ਆਪਣੇ ਦੋਸਤ ਬੰਤੇ ਦੇ ਘਰ ਰੋਟੀ ਤੇ ਗਿਆਖਾਣੇ ਦੀ ਖਾਸ ਚੀਜ਼ ਭਰੇ ਹੋਏ ਕਰੇਲੇ ਸਨਸੰਤੇ ਨੇ ਪਹਿਲਾਂ ਕਦੇ ਕਰੇਲੇ ਨਹੀਂ ਸਨ ਖਾਧੇਉਹ ਲਪੇਟੇ ਹੋਏ ਧਾਗਿਆਂ ਸਮੇਤ ਛੇ ਕਰੇਲੇ ਡਕਾਰ ਗਿਆ। "ਸੁਆਦ ਆ ਗਿਆ ਭਾਬੀ ਜੀ।" ਸੰਤਾ ਕਹਿੰਦਾਦੂਜੇ ਦਿਨ ਟਾਇਲਟ ਵਿੱਚ ਬੈਠਿਆਂ ਸੰਤੇ ਨੇ ਦੇਖਿਆ ਕਿ ਧਾਗੇ ਬਾਹਰ ਆ ਰਹੇ ਹਨਡਰੇ ਹੋਏ ਸੰਤੇ ਨੇ ਪਤਨੀ ਨੂੰ ਵਾਜ ਮਾਰੀ,"ਮਰ ਗਿਆ ਧਰਮ ਕੌਰੇ ਮੈਂ ਤਾਂ, ਆਈਂ ਦੇਖੀਂ ਜ਼ਰਾ, ਮੈਂ ਤਾਂ ਉਧੜੀ ਜਾ ਰਿਹਾਂ, ਮੈਂ ਤਾਂ ਖ਼ਤਮ ਹੋ ਰਿਹਾਂ!"

-----

ਬੱਸ ਫਿਰ ਕੀ ਸੀ, ਦੇਹ ਗੇੜੀ ਤੇ ਗੇੜੀ ਚੁਟਕਲਿਆਂ ਵਾਲੀਆਂ ਸਾਈਟਾਂ ਤੇਕੀ ਹੋਇਆ ਕਿ ਮੈਂ ਇਕ ਅਜੇਹੀ ਸਾਈਟ ਤੇ ਫੁਸਲਾਇਆ ਗਿਆ ਜਿਥੇ ਅਜੇਹੇ ਚੁਟਕਲੇ ਪੜ੍ਹਨ ਨੂੰ ਮਿਲੇ ਜਿਨਾਂ ਨੂੰ ਮੈਂ ਤਾਂ ਚੋਂਦੇ ਚੋਂਦੇ ਕਹਾਂਗਾ ਪਰ ਸ਼ਰੀਫ ਲੋਕ ਗੰਦੇ ਜਾਂ ਫਾਹਸ਼ ਤੇ ਸਾਹਿਤਕਾਰ ਫੈਸਲਾ ਨਹੀਂ ਕਰ ਸਕੇ ਅਜੇਹੇ ਮਸਾਲੇ ਨੂੰ ਅਸ਼ਲੀਲ ਆਖਣ ਜਾਂ ਲੱਚਰਮੇਰਾ ਲੰਚ ਇਨ੍ਹਾਂ ਵਿੱਚ ਹੀ ਲੰਘ ਗਿਆਸੁਆਦ ਸੁਆਦ ਹੋਇਆ ਪਤਾ ਨਹੀਂ ਮੈਂ ਕੀ ਕਲਿੱਕ ਕਰ ਬੈਠਾ ਕਿ ਮੈਂ ਦੋ ਕਦਮ ਹੋਰ ਅੱਗੇ ਗ਼ਰਕ ਗਿਆਉਥੇ ਜੋ ਕੁਝ ਹੋ ਰਿਹਾ ਸੀ ਮੇਰੀ ਭੱਦਰ ਕਲਮ ਬਿਆਨ ਨਹੀਂ ਕਰ ਸਕਦੀਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜਦ ਮੈਂ ਭਦਰਪੁਰਸ਼ ਹੋਣ ਦਾ ਦਮ ਨਹੀਂ ਭਰਦਾ, ਮੇਰੀ ਕਲਮ ਕਿਉਂ ਭਦਰਤਾ ਦੀ ਸਿਆਹੀ ਵਿੱਚ ਰੰਗੀ ਪਈ ਹੈਮੈਂ ਦੌੜ ਕੇ ਪੱਕਾ ਕੀਤਾ ਕਿ ਮੇਰੇ ਘਰ ਦੇ ਦੋਨੋਂ ਅਗਲੇ ਪਿਛਲੇ ਦਰਵਾਜ਼ਿਆਂ ਦੇ ਕੁੰਡੇ ਬੰਦ ਹਨਹਰ ਰੰਗ, ਨਸਲ, ਦੇਸ, ਉਮਰ ਤੇ ਹਰ ਪਰਕਾਰ ਦੇ ਮਾਸ ਦਾ ਇਕ ਖੌਲਦਾ ਦਰਿਆ ਪੇਸ਼ ਪੇਸ਼ ਸੀਮੈਂ ਕਿੰਨੇ ਤਰਾਂ ਦੀ ਹੋ ਰਹੀ ਮਾਸ-ਕ੍ਰੀੜਾ ਵਿੱਚ ਗੜੂੰਦ ਹੋ ਗਿਆਸਾਈਟ ਤੋਂ ਝਿਲਮਿਲਾਉਂਦੀਆਂ ਨਗਨ ਹੁਸੀਨਾਵਾਂ ਦੇ ਮੈਨੂੰ ਬੁਲਾਵੇ ਆਉਣ ਲੱਗ ਪਏ, ਹਰ ਤਰ੍ਹਾਂ ਦੇ ਝਾਂਸੇ ਮਿਲ ਰਹੇ ਸਨਉਤੇਜਤ ਕਰਨ ਲਈ ਹਰ ਸੰਭਵ ਸਮਾਨ ਵਰਤਿਆ ਜਾ ਰਿਹਾ ਸੀਮੈਥੋਂ ਰਿਹਾ ਨਹੀਂ ਸੀ ਜਾ ਰਿਹਾ, ਸਬਰ ਟੁੱਟ ਰਿਹਾ ਸੀ, ਹਾਰ ਕੇ ਮੈਂ ਹਨੂਮਾਨ ਧਿਆਉਣ ਲੱਗ ਪਿਆ ਤੇ ਚੌਪਈ ਦਾ ਪਾਠ ਕਰਨ ਲੱਗਾਤਦ ਹੀ ਪਤਾ ਲੱਗਾ ਜਦ ਸਕਰੀਨ ਤੇ ਇਕ ਠੱਪਾ ਲੱਗ ਗਿਆ:

"ਤੁਹਾਡੇ ਕੰਪਿਊਟਰ ਤੇ ਜ਼ਬਰਦਸਤ ਮਾਰੂ ਹਮਲਾ ਹੋਇਆ ਹੈ, ਇਸਨੂੰ ਬਚਾਉਣ ਲਈ ਸਾਡੇ ਵਾਇਰਸਨਾਸ਼ਕ ਦੇ ਗਾਹਕ ਬਣੋ, ਭੇਟਾ ਸਿਰਫ 9.99 ਡਾਲਰ, ਅਜ਼ਮਾਇਸ਼ ਮੁਫਤ। "

ਮੇਰੀ ਨੀਲੀ ਦੁਨੀਆ ਯਕਾ ਯਕ ਠੱਪ ਹੋ ਗਈਤਣਿਆ ਹੋਇਆ ਤਨ ਮਨ ਝੂਠਾ ਪੈ ਗਿਆਲਾਚਾਰ ਜਿਹਾ ਹੋਇਆ ਇਕ ਵਾਰੀ ਤਾਂ ਮੈਂ ਲੂਣ ਪਏ ਗੰਡੋਏ ਵਾਂਗ ਤੜਫਿਆ, ਪਰ ਆਪਣੇ ਆਪ ਨੂੰ ਸੰਭਾਲ ਲਿਆ

-----

ਮੈਂ ਕੰਪਿਊਟਰੀ ਤਜਰਬੇ ਦੌਰਾਨ ਬਥੇਰੀਆਂ ਖਾਧੀਆਂ ਪੀਤੀਆਂ ਹਨਮੈਨੂੰ ਪਤਾ ਸੀ ਇਹ ਗਿੱਦੜਭਬਕੀ ਹੈ, ਜੇ ਕੋਈ ਮਾਰੂ ਹਮਲਾ ਹੋਇਆ ਹੈ ਤਾਂ ਇਸ ਲੁੱਚੀ ਸਾਈਟ ਦਾ ਹੀ ਕਾਰਾ ਹੈਇਸ ਠੱਪੇ ਨੂੰ ਬੰਦ ਕਰਨ ਲਈ ਅਨੇਕਾਂ ਵਾਰੀ ਮੈਂ ਇਸਦੇ ਕਾਟੇ ਤੇ ਕਲਿੱਕ ਕੀਤਾ ਪਰ ਇਹ ਢੀਠ ਬਹਿੰਕੜ ਬੌਲਦ ਵਾਂਗ ਜ਼ਿੱਦ ਕਰਕੇ ਬੈਠ ਗਿਆ, ਟੱਸ ਤੋਂ ਮੱਸ ਨਾ ਹੋਵੇਸਾਡਾ ਵਾਇਰਸਨਾਸ਼ਕ ਖਰੀਦੋ ਤਾਂ ਉਠਾਂਗਾਪਰ ਕੁਝ ਚਿਰ ਪਿਛੋਂ ਪਤਾ ਨਹੀਂ ਇਸ ਦੇ ਆਪਣੇ ਹੀ ਮਨ ਸੁਮੱਤਿਆ ਆਈ, ਇਹ ਛਪਨ ਹੀ ਹੋ ਗਿਆਮੈਂ ਸੁਖ ਦਾ ਸਾਹ ਲਿਆ ਕਿ ਅਚਾਨਕ ਕੰਪਿਊਟਰ ਚੋਂ ਸੰਦੇਸ਼ਾ ਮਿਲਿਆ,"ਤੁਹਾਡੀ ਮੇਲ ਆਈ ਹੈ।" ਮੈਂ ਆਪਣੀ ਈਮੇਲ ਚੈੱਕ ਕਰਨ ਲੱਗ ਪਿਆਪੰਜਾਬ ਤੋਂ ਇਕ ਦੋਸਤ ਦਾ ਸੁਨੇਹਾ ਸੀ ਕਿ ਉਸਨੇ ਮੇਰੇ ਕਹਿਣ ਤੇ ਕਿਸੇ ਬੰਦੇ ਹੱਥ ਕੁਝ ਦੇਸੀ ਦਵਾਈਆਂ ਭੇਜ ਦਿੱਤੀਆਂ ਹਨਉਹ ਬੰਦਾ ਮੇਰੇ ਹੀ ਸ਼ਹਿਰ ਰਹਿੰਦਾ ਹੈ ਤੇ ਉਸਦਾ ਪਤਾ ਵੀ ਲਿਖ ਭੇਜਿਆ ਸੀ

-----

ਈਮੇਲ ਬੰਦ ਕਰਕੇ ਮੈਂ ਬੰਦੇ ਦੇ ਘਰ ਦੀਆਂ ਡਾਇਰੈਕਸ਼ਨਾਂ ਲੈਣ ਲਈ ਆਪਣੇ ਵਲੋਂ ਯਾਹੂ ਮੈਪ ਕਲਿਕ ਕੀਤਾ ਪਰ ਨਿਕਲ ਆਇਆ ਯਾਹੂ ਨਿਊਜ਼ਬੱਸ ਫਿਰ ਕੀ ਸੀ ਖਬਰਾਂ ਪੜ੍ਹਦਾ ਪੜ੍ਹਦਾ ਮੈਂ ਚੰਦ ਵਾਲੀ ਖਬਰ ਤੇ ਫਿਰ ਧਰਤੀ ਹੇਠਲੇ ਪਾਣੀ ਵਾਲੀ ਖ਼ਬਰ ਤੇ ਚਲਾ ਗਿਆਗੱਲ ਕੀ ਵਾੜ ਕਰੇਲਿਆਂ ਦੇ ਬੀਅ ਢੂੰਡਣ ਗਿਆ ਮੈਂ ਕਈ ਗਲੀਆਂ ਕੁੰਜ-ਗਲੀਆਂ ਚੋਂ ਲੰਘਦਾ ਨਾਸਾ ਤੇ ਪਹੁੰਚ ਗਿਆਮੋਹਨ ਸਿੰਘ ਦੇ ਗੀਤ ਦੇ ਬੋਲ ਯਾਦ ਆਏ: ਆਇਆ ਨੀ ਖੌਰੇ ਅੰਬਰ ਘੁੰਮ ਘੁੰਮ ਕਿਹੜੇ

-----

ਸੋਚਣ ਲਗਾ ਮੈਂ ਅੱਠ ਘੰਟੇ ਇੰਟਰਨੈੱਟ ਤੇ ਗਾਲ ਦਿਤੇ, ਕੀ ਲੱਭਾ? ਸਾਡੀ ਲੋਕ ਬੋਲੀ ਵਿੱਚ ਪਾਏ ਜਾਂਦੇ ਸਵਾਲ, ਬਾਰੀਂ ਬਰਸੀ ਖਟਣ ਗਿਆ ਸੀ, ਕੀ ਖਟ ਲਿਆਇਆ? ਦਾ ਜਵਾਬ ਬਹੁਤ ਤੁਛ ਜਿਹੀ ਚੀਜ਼ ਹੁੰਦਾ ਹੈਸ਼ਾਇਦ ਏਹੀ ਹਾਲ ਇੰਟਰਨੈੱਟ ਦਾ ਹੈਮੈਂ ਕਿਧਰ ਕਿਧਰ ਗਿਆ ਪਰ ਕਿਸੇ ਚੀਜ਼ ਦਾ ਲੜ ਸਿਰਾ ਨਹੀਂ ਫੜਿਆਬਾਹਰ ਮੀਂਹ ਵਰ੍ਹਦਾ ਹੈ ਜਾਂ ਸੁੱਕ ਪਕਾ ਹੈ, ਹੁਣ ਸਵੇਰ ਹੈ ਜਾਂ ਸ਼ਾਮ, ਘਰ ਕੌਣ ਆਇਆ ਕੌਣ ਗਿਆ, ਕੋਈ ਸੁਰਤ ਨਹੀਂਬੱਸ ਮਊਸ ਦੇ ਪਿਛੇ ਲੱਗ ਗੁਬਾਰੇ ਵਾਂਗ ਪਰਵਾਜ਼ ਭਰਦਾ ਸੁੰਨੇ ਅਕਾਸ਼ ਦੇ ਰਕਬੇ ਤਰਦਾ ਰਿਹਾਮਊਸ ਵਿਚਾਰੇ ਦਾ ਵੀ ਕੀ ਦੋਸ਼ ਉਹ ਤਾਂ ਜਦ ਵੀ ਮੈਂ ਉਸ ਤੇ ਉਂਗਲੀ ਦੱਬਦਾ ਸੀ ਕਹਿੰਦਾ ਸੀ 'ਟਿਕ', ਬਸ ਮੈਂ ਆਪ ਹੀ ਸਾਂ ਜੋ ਅਟਿਕ ਬਣਿਆ ਪਿਆ ਸਾਂਮਨੋ-ਚਕਿਤਸਕ ਕਹਿੰਦੇ ਹਨ ਕਿ ਇੰਟਰਨੈੱਟ ਦੀ ਮਟਰਗਸ਼ਤੀ ਸ਼ਰਾਬਨੋਸ਼ੀ ਵਾਂਗ ਇਕ ਗੰਭੀਰ ਮਨੋਰੋਗ ਬਣ ਚੁੱਕਾ ਹੈ ਤੇ ਮਨੋ-ਚਕਿਤਸਕਾਂ ਤੋਂ ਇਸਦਾ ਇਲਾਜ ਕਰਾਉਣਾ ਨਹਾਇਤ ਜ਼ਰੂਰੀ ਹੈਇੰਟਰਨੈੱਟ ਛੇੜ ਛਾੜ ਕਰਕੇ ਸਾਡਾ ਤੰਤੂ ਪ੍ਰਬੰਧ ਵਿਗਾੜੀ ਜਾ ਰਿਹਾ ਹੈ, ਸਾਡੀ ਯਾਦਦਾਸ਼ਤ ਨੂੰ ਨਵੀਂ ਤਰਤੀਬ ਦੇ ਰਿਹਾ ਹੈਇਸ ਸੂਰਤੇ-ਹਾਲ ਵਿੱਚ ਉਡਦਿਆਂ ਨੂੰ ਫੜਨ ਫੜਨ ਕਰਦਾ ਚਿੱਤ ਕਿਸੇ ਚੀਜ਼ ਤੇ ਇਕਾਗਰ ਨਹੀਂ ਹੋ ਸਕਦਾਗੂਗਲ ਤੇ ਹੋਰ ਖੋਜ ਇੰਜਣਾਂ ਦੇ ਆਪਣੇ ਸੁਆਰਥੀ ਹਿਤ ਹਨ: ਜਿੰਨਾ ਜ਼ਿਆਦਾ ਭਟਕੋਗੇ ਓਨੇ ਇਨ੍ਹਾਂ ਦੇ ਇਸ਼ਤਿਹਾਰਾਂ ਦੇ ਮਾਇਆਜਾਲ ਵਿੱਚ ਖਚਿਤ ਹੁੰਦੇ ਜਾਵੋਗੇਤੁਸੀਂ ਕਦੀ ਤਾਂ ਕਿਸੇ ਇਸ਼ਤਿਹਾਰ ਤੋਂ ਭਰਮਾਏ ਹੀ ਜਾਵੋਗੇਇਨ੍ਹਾਂ ਖੋਜ ਇੰਜਣਾਂ ਦੇ ਪੌਂ ਬਾਰਾਂ ਰਹਿਣੇ ਹਨਅਜਿਹੀ ਅਸਗਾਹ ਭਟਕਣ ਵਿੱਚ ਤੁਸੀਂ ਤਾਲਸਤਾਇ ਦੇ 'ਜੰਗ ਤੇ ਅਮਨ' ਜਾਂ ਭਾਈ ਵੀਰ ਸਿੰਘ ਦੇ 'ਭਾਈ ਨੌਧ ਸਿੰਘ' ਜਿਹੀਆਂ ਗੰਭੀਰ ਤੇ ਲੰਮੀਆਂ ਲਿਖਤਾਂ ਨਹੀਂ ਪੜ੍ਹ ਸਕਦੇ

-----

ਮੈਂ ਭਰਜਾਈ ਨੂੰ ਚਾਹ ਦਾ ਕੱਪ ਫੜਾਉਣ ਲੱਗਿਆ ਪਰ ਉਸਦੀਆਂ ਪਾੜਖਾਣੀਆਂ ਅੱਖਾਂ ਦੀ ਤਾਬ ਨਾ ਝੱਲ ਸਕਿਆਮੈਂ ਨੀਵੀਂ ਪਾ ਲਈਉਸਨੇ ਚਾਹ ਦਾ ਕੱਪ ਫੜਦਿਆਂ ਹੀ ਮੇਜ਼ ਤੇ ਰੱਖ ਦਿੱਤਾਜੀਅ ਕੀਤਾ ਉਸਦੇ ਅੱਗੇ ਡੰਡੌਤ ਕਰਾਂ ਤੇ ਹੁਣੇ ਉਸਦੇ ਸਾਹਮਣੇ ਵਾੜ ਕਰੇਲੇ ਦੇ ਬੀਆਂ ਦਾ ਆਰਡਰ ਦੇ ਦੇਵਾਂਪਰ ਉਸਨੇ ਆਪਣਾ ਪਰਸ ਖੋਲ੍ਹ ਲਿਆ ਤੇ ਫਿਰ ਉਸ ਵਿਚੋਂ ਇਕ ਹੋਰ ਛੋਟਾ ਪਰਸ ਕਢ ਲਿਆਉਸਨੂੰ ਖੋਲ੍ਹਕੇ ਬੱਲਾ ਰੱਤੇ ਇਕ ਕਾਗਜ਼ ਦੀ ਪੁੜੀ ਕੱਢ ਲਈਪਤਾ ਨਹੀਂ, ਜੀਉ ਡਰਤੁ ਹੈ, ਆਖਰੀ ਮੇਲਾ ਜਿਹਾ ਕੁਝ ਲਿਖਿਆ ਹੋਵੇਗਾ ਇਸ ਉੱਤੇਕਾਗਜ਼ ਦੀ ਪੁੜੀ ਖੋਲ੍ਹਕੇ ਮੇਰੀਆਂ ਅੱਖਾਂ ਦੇ ਸਾਹਮਣੇ ਕਰਦਿਆਂ ਹੋਇਆਂ ਆਖਿਓਸ,"ਕੀ ਤੈਨੂੰ ਜ਼ਿੰਦਗੀ ਵਿਚ ਇਕ ਵਾਰ ਇਕ ਛੋਟਾ ਜਿਹਾ ਕੰਮ ਕਹਿ ਬੈਠੀਕੰਨਾਂ ਨੂੰ ਹੱਥ ਲਾਏ ਜੇ ਮੁੜਕੇ ਤੈਨੂੰ ਕੁਝ ਆਖ ਜਾਵਾਂਮੇਰੀਆਂ ਸਹੇਲੀਆਂ ਕਈ ਦਰਜੇ ਚੰਗੀਆਂਕੁਲਦੀਪ ਇੰਡੀਆ ਤੋਂ ਮੁੜੀ ਹੈ ਕੱਲ੍ਹ ਤੇ ਉਸਨੇ ਵਾੜ ਕਰੇਲਿਆਂ ਦੇ ਬੀਅ ਲਿਆਂਦੇ ਹਨਆਹ ਦੇਖ, ਦੋ ਬੀਅ ਮੈਨੂੰ ਵੀ ਦੇ ਦਿੱਤੇ ਹਨਤੇਰੇ ਭਰੋਸੇ ਰਹਿੰਦੀ ਤਾਂ ਮੈਂ ਵੱਤ ਹੀ ਲੰਘਾ ਦੇਣੀ ਸੀ।" ਪੁੜੀ ਚ ਪਏ ਲਾਲਾਂ ਜਿਹੇ ਦੋ ਬੀਅ ਮੇਰੇ ਵੱਲ ਘੂਰ ਰਹੇ ਸਨ


Tuesday, September 22, 2009

ਸ਼ਾਮ ਸਿੰਘ (ਅੰਗ ਸੰਗ) - ਕਿਉਂ ਅਣਖ ਨੂੰ ਜਾਨ ਤੋਂ ਉੱਪਰ ਸਮਝੀ ਜਾਂਦੇ ਲੋਕ - ਲੇਖ

ਕਿਉਂ ਅਣਖ ਨੂੰ ਜਾਨ ਤੋਂ ਉੱਪਰ ਸਮਝੀ ਜਾਂਦੇ ਲੋਕ

ਲੇਖ

ਠੀਕ ਹੋ ਸਕਦੈ ਅਣਖ ਦੇ ਰਾਹ ਤੁਰਨਾ ਪਰ ਉੱਥੇ ਜਿੱਥੇ ਕਿਸੇ ਦਾ ਭਲਾ ਹੁੰਦਾ ਹੋਵੇ, ਇੱਜ਼ਤ ਦਾ ਬਚਾਅ ਹੁੰਦਾ ਹੋਵੇ, ਗੌਰਵ ਦੀ ਰੱਖਿਆ ਹੁੰਦੀ ਹੋਵੇ, ਦੇਸ਼ ਦੇ ਮਾਣ-ਸਨਮਾਨ ਨੂੰ ਬਚਾਇਆ ਜਾਂਦਾ ਹੋਵੇ ਅਤੇ ਪਰਉਪਕਾਰੀ ਉੱਚ ਕਦਰਾਂ-ਕੀਮਤਾਂ ਨੂੰ ਬੁਲੰਦ ਰੱਖਣ ਲਈ ਯਤਨ ਕੀਤੇ ਜਾਂਦੇ ਹੋਣ, ਸਤਿਕਾਰ ਨੂੰ ਬਣਾਈ ਰੱਖਣ ਲਈ ਅਤੇ ਆਨਰ ਨੂੰ ਜਤਾਈ ਰੱਖਣ ਵਾਸਤੇ ਉੱਨਾ ਚਿਰ ਤੱਕ ਠੀਕ ਹਨ ਜਦ ਤੱਕ ਕਿਸੇ ਦੂਜੇ ਦਾ ਨੁਕਸਾਨ ਨਾ ਹੁੰਦਾ ਹੋਵੇ

-----

ਮੜਕ ਨਾਲ ਜੀਊਣਾ, ਮਾਣ ਨਾਲ ਵਿਚਰਨਾ ਹਰ ਮਨੁੱਖ ਦੀ ਰੀਝ ਹੁੰਦੀ ਹੈ ਪਰ ਉਸ ਹੱਦ ਤੱਕ ਜਿੱਥੋਂ ਤੱਕ ਕਦਰਾਂ ਕੀਮਤਾਂ ਦੀ ਛਾਂ ਸਾਥ ਦਿੰਦੀ ਹੋਵੇਅਸੀਂ ਜੀਊਣਾ ਮੜਕ ਦੇ ਨਾਲ ਦੋ ਪੈਰ ਘੱਟ ਤੁਰਨਾ ਪਰ ਇਹ ਫੇਰ ਹੋ ਗਿਆ ਕਿ ਅਸੀਂ ਜੀਊਣਾ ਮੜਕ ਦੇ ਨਾਲ ਦੋ ਪੈਰ ਵੱਧ ਤੁਰਨਾਮੜਕ ਦੀ ਸ਼ਾਨ ਬਣਾਉਣੀ ਕੋਈ ਮਾੜੀ ਗੱਲ ਨਹੀਂ ਪਰ ਇਸ ਨੂੰ ਅਣਖ ਦੇ ਰਾਹ ਪਾ ਦੇਣਾ ਠੀਕ ਨਹੀਂਭਰਮ ਭੁਲੇਖਿਆਂ ਨਾਲ ਅਣਖ ਦਾ ਗੁਡਾ ਖੜ੍ਹਾ ਕਰ ਦੇਣਾ ਫੋਕਾ ਕਾਰਜ ਹੈ ਜਿਸ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ

-----

ਸਮਾਜਕ ਵਿਵਹਾਰ ਤੁਰਦਾ ਤੁਰਦਾ ਸਮਾਜ ਦੇ ਸਿਰ ਉੱਤੇ ਕਈ ਤਰ੍ਹਾਂ ਦੀ ਛਤਰੀ ਤਾਣ ਦਿੰਦਾ ਹੈ ਜਿਸ ਤੋਂ ਬਾਹਰ ਰਹਿਣਾ ਆਸਾਨ ਨਹੀਂ ਰਹਿੰਦਾਪਰ ਨਿੱਤ ਨਵਾਂ ਰੂਪ ਲੈਂਦੇ ਮਹੌਲ ਵਿਚ ਨਵੀਆਂ ਸੋਚਾਂ ਜਨਮ ਲੈਂਦੀਆਂ ਹਨ ਅਤੇ ਨਵੇਂ ਵਿਚਾਰ, ਨਵੇਂ ਰੰਗ-ਢੰਗ ਜਨਮ ਧਾਰਦੇ ਹਨ ਅਤੇ ਨਵੇਂ ਵਿਵਹਾਰ ਜਿਨ੍ਹਾਂ ਚੋਂ ਤਾਜ਼ੇ ਸੁਪਨੇ ਪੈਦਾ ਹੁੰਦੇ ਹਨ ਅਤੇ ਨਿਵੇਕਲੇ ਦਿਸਹੱਦੇਬੀਤੇ ਦਾ ਬਹੁਤ ਸਾਰਾ ਅਡੰਬਰ ਪਿੱਛੇ ਰਹਿ ਜਾਂਦਾ ਹੈ ਅਤੇ ਅੱਜ ਦੇ ਜਾਗਰਤ ਮਨੁੱਖ ਲਈ ਸੱਚ ਦੇ ਚਾਨਣ ਦੇ ਬੂਹੇ ਖੁੱਲ੍ਹਣੋਂ ਨਹੀਂ ਰਹਿੰਦੇ

-----

ਪੂਰੀ ਦੁਨੀਆਂ ਮਨੁੱਖ ਦੀ ਮੁੱਠੀ ਵਿਚ ਆ ਗਈ ਜਿਸ ਕਾਰਨ ਬਹੁਤ ਕੁੱਝ ਨਜ਼ਰ ਦੀ ਤਲੀ ਤੇ ਆ ਗਿਆਵੱਖ-ਵੱਖ ਸੱਭਿਆਚਾਰਾਂ ਦਾ ਇਕ ਦੂਜੇ ਉੱਤੇ ਪ੍ਰਭਾਵ ਪੈਣਾ ਦੂਰ ਦੀ ਗੱਲ ਨਹੀਂ ਰਹਿ ਗਈਬਹੁਤ ਪੱਖਾਂ ਤੋਂ ਹਨੇਰੇ ਵਿਚ ਵਿਚਰਦੇ ਸਮਾਜ ਦੇ ਸੱਭਿਆਚਾਰ ਨੂੰ ਤੰਗ-ਵਲਗਣਾਂ ਤੋਂ ਮੁਕਤੀ ਨਹੀਂ ਮਿਲਦੀ ਜਦ ਕਿ ਵਿਕਸਤ ਮੁਲਕਾਂ ਦੇ ਖੁੱਲ੍ਹਾਂ ਵਾਲੇ ਸੱਭਿਆਚਾਰਾਂ ਨੇ ਆਪਣਾ ਗਹਿਰਾ ਅਤੇ ਅਮਿਟ ਪ੍ਰਭਾਵ ਛੱਡੇ ਬਿਨਾਂ ਨਹੀਂ ਰਹਿਣਾ ਹੁੰਦਾਵੱਖ ਵੱਖ ਧਰਤੀਆਂ ਤੇ ਰਹਿਣ ਵਾਲੇ ਲੋਕਾਂ ਨੇ ਇਨ੍ਹਾਂ ਪ੍ਰਭਾਵਾਂ ਤੋਂ ਬਚ ਨਹੀਂ ਸਕਣਾ ਹੁੰਦਾ

-----

ਘਰ ਅੰਦਰ ਦਾਖਲ ਹੋਏ ਟੈਲੀਵੀਜ਼ਨ ਅਤੇ ਹੋਰ ਸੰਚਾਰ ਸਾਧਨ ਅੱਜ ਦੇ ਬੱਚਿਆਂ ਅੱਗੇ ਏਨਾ ਕੁੱਝ ਪਰੋਸਦੇ ਹਨ ਜਿਸ ਤੋਂ ਉਹ ਅਣਭਿੱਜ ਨਹੀਂ ਰਹਿ ਸਕਦੇਉਹ ਪਹਿਰਾਵੇ ਦਾ ਅਸਰ ਕਬੂਲਦੇ ਹਨ ਅਤੇ ਖਾਣ ਪੀਣ ਦਾ ਵੀ, ਅਦਬੋ-ਆਦਾਬ ਦਾ ਪ੍ਰਭਾਵ ਮੰਨਦੇ ਹਨ ਅਤੇ ਵਿਵਹਾਰ ਦਾ ਵੀ, ਹਿੰਸਾ ਅਤੇ ਸ਼ਾਂਤੀ ਦਾ ਵੀ ਅਸਰ ਕਬੂਲਦੇ ਹਨ ਅਤੇ ਮੁਹੱਬਤ ਦੇ ਪਾਰਦਰਸ਼ੀ ਖੁੱਲ੍ਹਮ-ਖੁੱਲ੍ਹੇ ਕਲੋਲਾਂ ਦਾ ਵੀਹੱਡ ਮਾਸ ਦੇ ਜਿਸਮ ਅੰਦਰ ਉੱਠਦੀਆਂ ਤਰੰਗਾਂ ਮਗਰ ਤੁਰਦੇ ਹਨ ਅਤੇ ਆਪਣੇ ਪ੍ਰੇਮ ਰੰਗੇ ਸੁਪਨਿਆਂ ਮਗਰ ਦੌੜਦੇ ਹਨ ਤਾਂ ਅੜਿੱਕਾ ਬਣਕੇ ਕਈ ਔਕੜਾਂ ਰਾਹ ਵਿਚ ਆ ਖੜੋਦੀਆਂ

-----

ਮਹਾਂ ਪੁਰਸ਼ ਦੱਸਦੇ ਹਨ ਕਿ ਮਨੁੱਖ ਦਾ ਸੋਮਾਂ ਇਕ ਹੀ ਹੈ ਅਤੇ ਇਕ ਤੋਂ ਵੱਧ ਨਹੀਂਸਭ ਮਾਂ ਦੀ ਕੁੱਖ ਵਿਚੋਂ ਆਉਂਦੇ ਹਨ ਅਤੇ ਇਕ ਹੀ ਨੂਰ ਤੋਂ ਪਰ ਸਮਾਜ ਉਨ੍ਹਾਂ ਤੇ ਆਪੋ ਆਪਣੇ ਧਰਮ, ਜਾਤ, ਫਿਰਕੇ ਅਤੇ ਗੋਤ ਦੀਆਂ ਮੋਹਰਾਂ ਲਾਉਣੋ ਨਹੀਂ ਹਟਦਾਕਿਸੇ ਕੋਲ ਵੀ ਇਹ ਅਧਿਕਾਰ ਨਹੀਂ ਕਿ ਉਹ ਇਕੋ ਸੋਮੇ ਤੋਂ ਆਏ ਮਨੁੱਖਾਂ ਵਿਚ ਵੱਖੋ ਵੱਖਰੀਆਂ ਵੰਡੀਆਂ ਪਾਵੇ ਪਰ ਪਾਉਣ ਵਾਲੇ ਬਾਜ਼ ਨਹੀਂ ਆਉਂਦੇਉਨ੍ਹਾਂ ਨੂੰ ਕੌਣ ਸਮਝਾਵੇ ਕਿ ਇਹ ਜਾਤ-ਗੋਤ ਆਦਿ ਹਨੇਰਾ ਢੋਣ ਤੋਂ ਵੱਧ ਕੁੱਝ ਨਹੀਂ, ਸਿਰਫ ਮੂਰਖਤਾ ਦਾ ਸਿਰਾ ਹੀ ਕਹੇ ਜਾ ਸਕਦੇ ਹਨ

-----

ਮੁਹੱਬਤੀ-ਜੋੜਿਆਂ ਤੇ ਜਿਹੜਾ ਜ਼ੁਲਮ ਅੱਜ ਕਈ ਤਰ੍ਹਾਂ ਦੀਆਂ ਪੰਚਾਇਤਾਂ ਢਾਹੁੰਦੀਆਂ ਹਨ ਉਸ ਲਈ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਗੈਰ-ਕਾਨੂੰਨੀ ਅਤੇ ਗੈਰ-ਮਨੁੱਖੀ ਕਾਰਵਾਈਆਂ ਕਰਨ ਬਾਰੇ ਸੋਚ ਤੱਕ ਵੀ ਨਾ ਸਕਣਰਾਜਨੀਤਕਾਂ ਅਤੇ ਹਾਕਮਾਂ ਨੂੰ ਹਰ ਮਸਲਾ ਵੋਟ ਦੇ ਨਜ਼ਰੀਏ ਤੋਂ ਨਹੀਂ ਦੇਖਣਾਂ ਚਾਹੀਦਾ ਸਗੋਂ ਅਣਖ (ਆਨਰ ਕਿਲਿੰਗ) ਦੇ ਨਾਂ ਤੇ ਪ੍ਰੇਮੀਆਂ ਦੀਆਂ ਲਈਆਂ ਜਾਂਦੀਆਂ ਜਾਨਾਂ ਨੂੰ ਹਰ ਹੀਲੇ ਬਚਾਇਆ ਜਾ ਸਕੇਵੈਸੇ ਵੀ ਜਾਨ ਨਾਲੋਂ ਅਣਖ ਨੂੰ ਬਿਨਾਂ ਵਜ੍ਹਾ ਵੱਧ ਅਹਿਮੀਅਤ ਦੇਣੀ ਅਗਿਆਨ ਵੀ ਹੈ ਤੇ ਬੜੀ ਵੱਡੀ ਭੁੱਲ ਵੀ ਜਿਸ ਨੂੰ ਕਿਸੇ ਵੀ ਕੀਮਤ ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ, ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ

-----

ਜਿਹੜੀ ਖੱਪ ਖਾਪ ਪੰਚਾਇਤਾਂ ਨੇ ਪਾਈ ਹੋਈ ਹੈ ਉਸ ਬਾਰੇ ਹਾਕਮਾਂ ਨੇ ਅਜੇ ਤੱਕ ਕੁੱਝ ਨਹੀਂ ਕੀਤਾ ਜਿਸ ਲਈ ਉਨ੍ਹਾਂ ਨੂੰ ਵੀ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ ਅਤੇ ਉਨ੍ਹਾਂ ਸਮਾਜਕ ਰਹਿਬਰਾਂ ਨੂੰ ਵੀ ਜਿਹੜੇ ਸਮਾਜ ਵਿਚਲੇ ਬਾਹੂਬਲੀਆਂ (ਲੱਠਬਾਜਾਂ) ਨੂੰ ਹਨੇਰੇ ਚ ਵਿਚਰਨੋ ਨਹੀਂ ਵਰਜਦੇ

-----

ਪੰਜਾਬੀ ਨਾਲ ਮਜ਼ਾਕ

ਜਲੰਧਰ ਨੇੜਲੇ ਪਿੰਡੋਂ ਮੇਰੇ ਇਕ ਵਾਕਿਫ਼ ਦਾ ਫੋਨ ਆਇਆ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਲਾਗੂ ਹੋਣ ਦਾ ਐਲਾਨ ਹੋ ਗਿਆ ਹੈ, ਕੀ ਇਹ ਚੰਡੀਗੜ੍ਹ ਵਿਚ ਵੀ ਹੋ ਗਈ? ਸਵਾਲ ਦਰੁਸਤ ਸੀ ਪਰ ਮੈਂ ਅੱਗਿਉਂ ਕੋਈ ਜਵਾਬ ਨਾ ਦਿੱਤਾ, ਦੇਣ ਜੋਗਾ ਹੀ ਨਹੀਂ ਸਾਂਉਸ ਨੂੰ ਲੰਮੀ ਚੌੜੀ ਗੱਲਬਾਤ ਰਾਹੀਂ ਦੱਸਣਾ ਪੈਣਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੀ ਨਹੀਂ ਤੇ ਪੰਜਾਬ ਵਿਚ ਵੀ ਲਾਗੂ ਹੋਣ ਦਾ ਐਲਾਨ ਹੀ ਹੋਇਆ ਲਾਗੂ ਉੱਥੇ ਵੀ ਨਹੀਂ ਹੋਣੀ ਕਿਉਂਕਿ ਐਲਾਨ ਤਾਂ ਪਹਿਲਾਂ ਵੀ ਬੜੀ ਵਾਰ ਹੋਏ ਹਨ ਪਰ ਇਹ ਵਿਚਾਰੀ ਲਾਗੂ ਨਹੀਂ ਹੋਣੀਐਲਾਨ ਕਰਨ ਵਾਲੇ ਉਹ ਹਨ ਜਿਹੜੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਤੋਂ ਨਹੀਂ ਹਟੇ

----

ਬੀਤੇ ਦਾ ਖ਼ਿਆਲ ਆਇਆ ਤਾਂ ਲਛਮਣ ਸਿੰਘ ਗਿੱਲ ਦੀ ਲਾਗੂ ਕੀਤੀ ਪੰਜਾਬੀ ਸਾਹਮਣੇ ਆ ਖੜ੍ਹੀ ਹੋਈਦਫਤਰਾਂ ਚ ਕੰਮ ਪੰਜਾਬੀ ਵਿਚ ਹੋਣ ਲੱਗ ਪਿਆ ਸੀ ਅਤੇ ਪੁੱਛ-ਪ੍ਰਤੀਤ ਹੋਣ ਲੱਗੀ ਸੀ ਪੰਜਾਬੀ ਦੀਲਾਗੂ ਹੋਈ ਉਹ ਪੰਜਾਬੀ ਕਿੱਥੇ ਗਈ? ਦਫਤਰਾਂ ਚੋਂ ਕਿਵੇਂ ਅਤੇ ਕਦੋਂ ਲੋਪ ਹੋ ਗਈਕਿਸ ਦੋਖੀ ਨੇ ਉਸ ਵਲੋਂ ਲਾਗੂ ਕੀਤੀ ਪੰਜਾਬੀ ਨੂੰ ਮੁੜ ਦਫਤਰਾਂ ਅਤੇ ਫਾਈਲਾਂ ਵਿਚੋਂ ਬਾਹਰ ਭਜਾ ਦਿੱਤਾ

-----

ਚਲੋ ਹੋਈ ਬੀਤੀ ਨੂੰ ਛੱਡੀਏਹੁਣ ਦੇ ਵਜ਼ੀਰਾਂ ਨੇ ਤਾਂ ਜ਼ੋਰ-ਸ਼ੋਰ ਨਾਲ ਡੰਕੇ ਦੀ ਚੋਟ ਤੇ ਪੰਜਾਬੀ ਲਾਗੂ ਕਰਨ ਦੇ ਪਾਰਦਰਸ਼ੀ ਵਾਅਦੇ ਕੀਤੇ ਪਰ ਇਸ ਦੇ ਲਾਗੂ ਕਰਨ ਲਈ ਬਣਾਈਆਂ ਗਈਆਂ ਕਮੇਟੀਆਂ ਨੂੰ ਕੋਈ ਅਧਿਕਾਰ ਨਹੀਂ ਦਿੱਤੇ ਗਏਕਮੇਟੀਆਂ ਵਿਚ ਵੀ ਉਨ੍ਹਾਂ ਲੋਕਾਂ ਦੀ ਭਰਮਾਰ ਹੈ ਜਿਨ੍ਹਾਂ ਦੇ ਦਿਲ ਚ ਪੰਜਾਬੀ ਲਈ ਨਾ ਤਾਂ ਕੋਈ ਹੇਜ ਹੈ ਨਾ ਹੀ ਪ੍ਰਤੀਬੱਧਤਾਨਾਲ ਹੀ ਨਾਲ ਕਮੇਟੀਆਂ ਤੇ ਸਰਕਾਰੀ ਗਲਬਾ ਗੱਲ ਕਿਸੇ ਤਣ-ਪੱਤਣ ਨਹੀਂ ਲੱਗਣ ਦੇਵੇਗਾ

-----

ਪੰਜਾਬੀ ਨਾਲ ਬਹੁਤ ਦੇਰ ਤੋਂ ਮਜ਼ਾਕ ਹੋ ਰਿਹਾ ਹੈ ਤੇ ਹੁਣ ਫੇਰ ਹੋ ਰਿਹਾਇਹ ਉਦੋਂ ਤੱਕ ਹੁੰਦਾ ਰਹੇਗਾ ਜਦ ਤੱਕ ਸੁਹਿਰਦਤਾ, ਗੰਭੀਰਤਾ ਅਤੇ ਇਮਾਨਦਾਰੀ ਦੀਆਂ ਤਰੰਗਾਂ ਪੰਜਾਬੀ ਨੂੰ ਲਾਗੂ ਕਰਨ ਵਾਲਿਆਂ ਦੇ ਦਿਲੋ-ਦਿਮਾਗ ਵਿਚ ਪੈਦਾ ਨਹੀਂ ਹੁੰਦੀਆਂ

-----

ਦੁਮ-ਛੱਲਾ : ਫਿਲਮ ਅਦਾਕਾਰ ਓਮ ਪੁਰੀ ਨੇ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਚ ਕਿਹਾ ਕਿ ਮੇਰਾ ਮੁੰਡਾ ਵੀ ਪੰਜਾਬੀ ਵਿਚ ਗਾਲ੍ਹਾਂ ਕੱਢਣੀਆਂ ਸਿੱਖ ਗਿਆਲੋਕ ਹੱਸ ਪਏ ਤੇ ਤਾੜੀਆਂ ਮਾਰਨ ਲੱਗ ਪਏਇਹ ਹੋਰ ਵੱਡਾ ਮਜ਼ਾਕ


ਸੁਖਿੰਦਰ - ਲੇਖ

ਜ਼ਿੰਦਗੀ ਦੇ ਦੁੱਖ ਸੁੱਖ ਫਰੋਲਦੀਆਂ ਕਹਾਣੀਆਂ ਮਿੰਨੀ ਗਰੇਵਾਲ

ਲੇਖ

ਮਿੰਨੀ ਗਰੇਵਾਲ ਨੇ ਆਪਣਾ ਕਹਾਣੀ ਸੰਗ੍ਰਹਿ ਚਾਂਦੀ ਦਾ ਗੇਟ2002 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਉਹ ਦੋ ਹੋਰ ਪੁਸਤਕਾਂ ਕੈਕਟਸ ਦੇ ਫੁੱਲਅਤੇ ਫੁੱਲ ਪੱਤੀਆਂਵੀ ਪ੍ਰਕਾਸ਼ਿਤ ਕਰ ਚੁੱਕੀ ਸੀ

ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਵਿੱਚੋਂ ਮਿੰਨੀ ਗਰੇਵਾਲ ਇੱਕ ਨਿਵੇਕਲੀ ਕਿਸਮ ਦੀਆਂ ਕਹਾਣੀਆਂ ਲਿਖਣ ਵਾਲੀ ਕਹਾਣੀਕਾਰਾ ਹੈਉਸਦੀਆਂ ਕਹਾਣੀਆਂ ਵਿੱਚ ਕਾਵਿਕ ਗੁਣ ਭਾਰਾ ਰਹਿੰਦਾ ਹੈਉਸ ਦੀਆਂ ਕਹਾਣੀਆਂ ਪੜ੍ਹਦਿਆਂ ਕਈ ਵੇਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਕਹਾਣੀ ਲਿਖਦੀ ਲਿਖਦੀ ਕਾਵਿ-ਸਿਰਜਣਾ ਕਰਨ ਵੱਲ ਤੁਰ ਪਈ ਹੋਵੇਉਹ ਆਪਣੀਆਂ ਕਹਾਣੀਆਂ ਲਿਖਣ ਵੇਲੇ ਅਨੇਕਾਂ ਤਕਨੀਕਾਂ ਦਾ ਪ੍ਰਯੋਗ ਕਰਦੀ ਹੈਮਿੰਨੀ ਗਰੇਵਾਲ ਦੀਆਂ ਕਹਾਣੀਆਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਵੱਖੋ ਵੱਖ ਵਿਸ਼ਿਆਂ ਉੱਤੇ ਕਹਾਣੀਆਂ ਲਿਖਣ ਵੇਲੇ ਵੱਖੋ ਵੱਖ ਤਕਨੀਕਾਂ ਦਾ ਪ੍ਰਯੋਗ ਕਰਦੀ ਹੈਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸਦੀ ਕਹਾਣੀ ਲਿਖਣ ਦੀ ਤਕਨੀਕ ਨੇ ਇੱਕ ਤੋਂ ਵੱਧ ਕਹਾਣੀਕਾਰਾਂ ਦੀ ਸਿਰਜਣ ਪ੍ਰਕ੍ਰਿਆ ਦਾ ਪ੍ਰਭਾਵ ਕਬੂਲਿਆ ਹੋਵੇਇਹ ਪ੍ਰਭਾਵ ਚਰਚਿਤ ਪੰਜਾਬੀ ਕਹਾਣੀਕਾਰਾਂ ਤੋਂ ਬਿਨ੍ਹਾਂ ਅੰਗ੍ਰੇਜ਼ੀ ਜਾਂ ਹੋਰਨਾਂ ਜ਼ੁਬਾਨਾਂ ਦੇ ਕਹਾਣੀਕਾਰਾਂ ਦਾ ਵੀ ਹੋ ਸਕਦਾ ਹੈ

-----

ਮਿੰਨੀ ਗਰੇਵਾਲ ਦੀਆਂ ਕਹਾਣੀਆਂ ਪੜ੍ਹਣ ਤੋਂ ਬਾਹਦ ਇੱਕ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਮਾਨਸਿਕਤਾ ਦੇ ਵੱਖੋ ਵੱਖ ਪਹਿਲੂਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਔਰਤ ਸਾਹਮਣੇ ਪੇਸ਼ ਰਾਜਨੀਤਿਕ, ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਵੀ ਪੇਸ਼ ਕਰਦੀ ਹੈਨਿਰਸੰਦੇਹ, ਮਿੰਨੀ ਗਰੇਵਾਲ ਨੂੰ ਕੈਨੇਡਾ ਦੀਆਂ ਉਨ੍ਹਾਂ ਕੁਝ ਕੁ ਚੇਤੰਨ ਅਤੇ ਜਾਗਰੂਕ ਲੇਖਕਾਵਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਕਿ ਇਸ ਗੱਲ ਨੂੰ ਬੜੇ ਸਪੱਸ਼ਟ ਰੂਪ ਵਿੱਚ ਸਮਝਦੀਆਂ ਹਨ ਕਿ ਜਦੋਂ ਤੱਕ ਔਰਤ ਉੱਤੇ ਸਦੀਆਂ ਤੋਂ ਹੋ ਰਹੇ ਅਤਿਆਚਾਰਾਂ ਵਿਰੁੱਧ ਜ਼ੋਰਦਾਰ ਆਵਾਜ਼ ਨਹੀਂ ਉਠਾਈ ਜਾਂਦੀ ਓਨੀ ਦੇਰ ਤੱਕ ਮਰਦ-ਪ੍ਰਧਾਨ ਸਮਾਜ ਵੱਲੋਂ ਪ੍ਰਚਲਤ ਕੀਤੀਆਂ ਗਈਆਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਬਦਲਿਆ ਨਹੀਂ ਜਾ ਸਕਦਾਮਿੰਨੀ ਗਰੇਵਾਲ ਦੇ ਕਹਾਣੀ ਸੰਗ੍ਰਹਿ ਚਾਂਦੀ ਦਾ ਗੇਟਵਿਚਲੀਆਂ ਕਹਾਣੀਆਂ ਅੰਦਰ ਪ੍ਰਗਟਾਏ ਗਏ ਅਜਿਹੇ ਸ਼ਕਤੀਸ਼ਾਲੀ ਵਿਚਾਰਾਂ ਦੀ ਥਾਹ ਪਾਉਣ ਲਈ ਉਸ ਦੀ ਕਹਾਣੀ ਮੋਤੀਆਂ ਵਾਲੀ ਕਾਲੀ ਗੁਰਗਾਬੀਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਹਰ ਕਬਰ ਵਿੱਚ ਮੈਂ ਹਾਂ, ਹਰ ਪੱਤੇ ਦੀਆਂ ਰਗਾਂ ਵਿੱਚ ਮੈਂ ਹਾਂਧਰਤੀ ਉੱਤੇ ਉੱਗੇ ਹਰ ਫੁੱਲ ਵਿੱਚ ਮੈਂ ਹਾਂ ਅਤੇ ਉਡਦੀ ਮਿਟੀ ਦੇ ਹਰ ਕਿਣਕੇ ਵਿੱਚ ਮੈਂ ਹਾਂਜੋ ਰੂਹਾਂ ਮਰ ਗਈਆਂ ਹਨ, ਜੋ ਰੂਹਾਂ ਮਾਰ ਦਿੱਤੀਆਂ ਗਈਆਂ ਹਨ ਅਤੇ ਜੋ ਮਾਰੀਆਂ ਜਾਣ ਵਾਲੀਆਂ ਹਨ ਉਹਨਾਂ ਰੂਹਾਂ ਦੇ ਹਰ ਜਿਸਮ ਵਿੱਚ ਮੈਂ ਹਾਂਮੈਂ ਹਰ ਯੁੱਗ ਜੰਮੀ ਹਾਂ ਅਤੇ ਧਰਤੀ ਦੇ ਹਰ ਕੋਨੇ ਵਿੱਚ ਪੈਦਾ ਹੋਈ ਹਾਂਇਸ ਰੂਹ ਉੱਤੇ, ਇਸ ਸਰੀਰ ਉੱਤੇ ਧੁੱਪਾਂ ਦੀ ਕੜਕਦੀ ਗਰਮੀ ਸਹੀ ਹੈ ਅਤੇ ਨਾੜਾਂ ਵਿੱਚ ਦੌੜਦੇ ਲਹੂ ਨੂੰ ਸੁੰਨ ਕਰ ਦੇਣ ਵਾਲੀਆਂ ਬਰਫ਼ਾਂ ਸਹੀਆਂ ਹਨਨਿਆਣੇ ਜੰਮੇ ਹਨ ਅਤੇ ਸੁੱਕੀ ਧਰਤੀ ਬੀਜੀ ਹੈਫਿਰ ਵੀ ਮੈਂ ਪਾਣੀਆਂ ਵਿੱਚ ਡੁਬੋਈ ਗਈ ਹਾਂ, ਮੇਰਾ ਸਰੀਰ ਤੀਰਾਂ ਨਾਲ ਛੱਲਣੀ ਕੀਤਾ ਗਿਆ ਹੈਮੇਰਾ ਕਤਲ ਤਲਵਾਰਾਂ ਨਾਲ ਹੋਇਆ ਹੈ, ਮੈਨੂੰ ਅੱਗਾਂ ਵਿੱਚ ਸਾੜਿਆ ਹੈ ਅਤੇ ਦੀਵਾਰਾਂ ਵਿੱਚ ਚਿਣਿਆ ਹੈ

ਫਿਰ ਵੀ ਹਰ ਯੁੱਗ ਵਿੱਚ ਮੈਂ ਜਨਮ ਲੈਂਦੀ ਹਾਂ, ਪਿਆਰ ਕਰਦੀ ਹਾਂ, ਖੁਸ਼ਬੂਆਂ ਨਾਲ ਇਸ ਧਰਤੀ ਉੱਤੇ ਛਾ ਜਾਂਦੀ ਹਾਂਪਿਆਰ ਕਰਨਾ ਮੇਰੀ ਰੂਹ ਦਾ, ਮੇਰੇ ਜਿਸਮ ਦਾ ਜਮਾਂਦਰੂ ਹੱਕ ਹੈਜਦ ਤਕ ਇਸ ਧਰਤੀ ਉਤੇ ਬੀਜ ਪੁੰਗਰਦੇ ਰਹਿਣਗੇ ਮੈਂ ਜਨਮ ਲੈਂਦੀ ਰਹਾਂਗੀ

ਮੋਤੀਆਂ ਵਾਲੀ ਕਾਲੀ ਗੁਰਗਾਬੀਕਹਾਣੀ ਦਾ ਇਹ ਆਖਰੀ ਪਹਿਰਾ, ਬਹੁਤ ਸੰਖੇਪ ਰੂਪ ਵਿੱਚ ਪਰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਔਰਤ ਦੇ ਭੂਤ, ਭਵਿੱਖ ਅਤੇ ਵਰਤਮਾਨ ਦੀਆਂ ਇਤਿਹਾਸਕ ਹਕੀਕਤਾਂ ਪੇਸ਼ ਕਰਦਾ ਹੈਜਿਸ ਤਰ੍ਹਾਂ ਆਪਣੇ ਵਰਤਮਾਨ ਨੂੰ ਖ਼ੂਬਸੂਰਤ ਬਣਾਉਣ ਲਈ ਸਾਡੇ ਲਈ ਆਪਣੇ ਭੂਤਕਾਲ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ; ਇਸੇ ਤਰ੍ਹਾਂ ਹੀ ਆਪਣੇ ਭਵਿੱਖ ਨੂੰ ਆਪਣੇ ਸੁਫਨਿਆਂ ਅਨੁਸਾਰ ਢਲਿਆ ਹੋਇਆ ਵੇਖਣ ਲਈ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਭੂਤਕਾਲ ਨੂੰ ਸਮਝਣ ਦੇ ਨਾਲ ਨਾਲ ਆਪਣੇ ਵਰਤਮਾਨ ਨੂੰ ਵੀ ਸਮਝੀਏ

-----

ਸਦੀਆਂ ਤੋਂ ਭਾਰਤੀ ਸਮਾਜ ਔਰਤ ਉੱਤੇ ਜ਼ੁਲਮ ਕਰਦਾ ਆ ਰਿਹਾ ਹੈਅਜਿਹੇ ਜ਼ੁਲਮ ਨਾਲ ਹੀ ਸਬੰਧਤ ਹੈ ਭਾਰਤੀ ਸਮਾਜ ਵਿੱਚ ਪ੍ਰਚਲਿਤ ਸਤੀ ਦੀ ਰਸਮਪਤੀ ਦੀ ਮੌਤ ਤੋਂ ਬਾਹਦ ਔਰਤ ਕੋਲੋਂ ਜਿਉਣ ਦਾ ਹੱਕ ਵੀ ਖੋਹ ਲੈਣ ਦੀ ਇਹ ਘਿਨਾਉਣੀ ਸਮਾਜਿਕ ਰੀਤਪਰ ਕਮਾਲ ਦੀ ਗੱਲ ਇਹ ਹੈ ਕਿ ਮਰਦ-ਪ੍ਰਧਾਨ ਸਮਾਜ ਨੇ ਇਸ ਘਿਨਾਉਣੀ ਸਮਾਜਿਕ ਰੀਤ ਨੂੰ ਵੀ ਇਸ ਤਰ੍ਹਾਂ ਦੀ ਚਲਾਕੀ ਨਾਲ ਪੇਸ਼ ਕੀਤਾ ਕਿ ਔਰਤਾਂ ਦਾ ਕੁਝ ਹਿੱਸਾ ਇਸ ਸਤੀ ਦੀ ਰਸਮ ਦੀ ਨਿੰਦਾ ਕਰਨ ਦੀ ਥਾਂ ਇਸ ਰੀਤ ਦੀ ਮਹਿਮਾ ਗਾਉਣ ਲੱਗਾਜਿਸ ਸਦਕਾ ਆਪਣੇ ਪਤੀ ਦੀ ਮੌਤ ਤੋਂ ਬਾਹਦ ਆਪਣੇ ਆਪ ਨੂੰ ਵੀ ਚਿਖਾ ਦੇ ਹਵਾਲੇ ਕਰ ਦੇਣ ਵਾਲੀਆਂ ਔਰਤਾਂ ਨੂੰ ਬਹਾਦਰ ਔਰਤਾਂ ਕਿਹਾ ਜਾਣ ਲੱਗਾਇਸ ਤੱਥ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ਮੋਤੀਆਂ ਵਾਲੀ ਕਾਲੀ ਗੁਰਗਾਬੀਵਿੱਚ ਬੜੀ ਸ਼ਿੱਦਤ ਨਾਲ ਉਘਾੜਦੀ ਹੈਉਹ ਇਸ ਗੱਲ ਨੂੰ ਵੀ ਉਘਾੜਦੀ ਹੈ ਕਿ ਔਰਤ ਉੱਤੇ ਅਜਿਹੇ ਅਤਿਆਚਾਰ ਕਰਨ ਵਾਲਾ ਅਜਿਹਾ ਸਮਾਜਿਕ ਸਭਿਆਚਾਰਕ ਸਿਸਟਮ ਉਸਾਰਨ ਲਈ ਦਲਾਲਾਂ ਵਾਲੀ ਭੂਮਿਕਾ ਨਿਭਾਉਣ ਸਦਕਾ ਧਰਮ ਅਤੇ ਧਾਰਮਿਕ ਰਹਿਨੁਮਾ ਵੀ ਪੂਰੀ ਤਰ੍ਹਾਂ ਗੁਨਾਹਗਾਰ ਹਨ:

ਕੁਝ ਹਫਤਿਆਂ ਪਿਛੋਂ ਤਰਿਪਤਾ ਸੱਚਮੁੱਚ ਹੀ ਸ਼ਮਸ਼ਾਨ ਘਾਟ ਵਿੱਚ ਹਮੇਸ਼ਾਂ ਲਈ ਲੁਕੋ ਦਿਤੀ ਗਈਸਾੜ ਕੇ ਸੁਆਹ ਕਰ ਦਿੱਤੀ ਗਈਫਿਰ ਜ਼ਬਰਦਸਤੀ ਉਹਨੂੰ ਚੁੱਕ ਉਹਦੇ ਪਤੀ ਦੀ ਚਿਤਾ ਉੱਤੇ ਬਿਠਾ ਦਿੱਤਾਚਿਤਾ ਜਲਦੀ ਰਹੀਕੋਲ ਖਲੋਤੇ ਪੰਡਿਤ ਮੰਤਰ ਪੜ੍ਹਦੇ ਰਹੇਔਰਤਾਂ ਸਤੀ ਦੀ ਕੁਰਬਾਨੀ ਦੇ ਗੀਤ ਗਾਉਂਦੀਆਂ ਰਹੀਆਂਤ੍ਰਿਪਤਾ ਦਾ ਜਿਸਮ ਰੋਮ ਰੋਮ ਸੜਦਾ ਰਿਹਾਸੜਦੇ ਕੱਚੇ ਮਾਸ ਦੀ ਬੂ ਉਹਦੇ ਨੱਕ, ਕੰਨਾਂ ਅਤੇ ਫੇਫ਼ੜਿਆਂ ਵਿੱਚ ਭਰ ਗਈ ਸੀ

----

ਸਤੀ ਦੀ ਰਸਮ ਭਾਵੇਂ ਕਿ ਭਾਰਤੀ ਸਮਾਜ ਵਿੱਚ ਹੁਣ ਪਹਿਲਾਂ ਵਾਂਗ ਪ੍ਰਚਲਤ ਨਹੀਂ ਰਹੀ; ਪਰ ਫਿਰ ਵੀ ਜਿੱਥੇ ਕਿਤੇ ਵੀ ਕਠੋਰ ਧਾਰਮਿਕ ਰਹਿਨੁਮਾਵਾਂ ਦਾ ਜ਼ੋਰ ਚੱਲਦਾ ਹੈ ਉਹ ਭਾਰਤੀ ਔਰਤਾਂ ਉੱਤੇ ਇਹ ਰਸਮ ਲਾਗੂ ਕਰਕੇ ਉਨ੍ਹਾਂ ਨੂੰ ਆਪਣੇ ਪਤੀਆਂ ਦੀਆਂ ਜਲ ਰਹੀਆਂ ਚਿਤਾਵਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ

ਅਜੋਕੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਹੈ ਪਤੀ ਵੱਲੋਂ ਆਪਣੀ ਹੀ ਪਤਨੀ ਉੱਤੇ ਹਿੰਸਾਤਮਕ ਹਮਲਾ ਕਰਨਾ - ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਅਤੇ ਕਈ ਹਾਲਤਾਂ ਵਿੱਚ ਪਤਨੀ ਦਾ ਕਤਲ ਕਰ ਦੇਣਾਪਰ ਇਹ ਸਮੱਸਿਆ ਉਦੋਂ ਕੁਝ ਵਧੇਰੇ ਗੁੰਝਲਦਾਰ ਬਣ ਜਾਂਦੀ ਹੈ ਜਦੋਂ ਕੋਈ ਔਰਤ ਹੀ ਕਿਸੇ ਹੋਰ ਔਰਤ ਉੱਤੇ ਹਿੰਸਾਤਮਕ ਹਮਲਾ ਕਰਨ ਲਈ ਕਿਸੇ ਮਰਦ ਨੂੰ ਹੱਲਾਸ਼ੇਰੀ ਦੇ ਰਹੀ ਹੋਵੇਸਾਡੇ ਸਮਾਜ ਦੀ ਅਜਿਹੀ ਸਮੱਸਿਆ ਦੇ ਇਸ ਲੁੱਕਵੇਂ ਪਰ ਅਹਿਮ ਪਹਿਲੂ ਨੂੰ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ਇੱਕ ਬੇਨਾਮ ਕਹਾਣੀਦੀਆਂ ਇਨ੍ਹਾਂ ਸਤਰਾਂ ਰਾਹੀਂ ਬੜੀ ਸ਼ਿੱਦਤ ਨਾਲ ਉਘਾੜਦੀ ਹੈ:

ਇੱਕ ਰਾਤ ਤਾਂ ਮੇਰੇ ਆਦਮੀ ਨੇ ਮੈਨੂੰ ਬਹੁਤ ਮਾਰਿਆ ਸੀਦਰਵਾਜ਼ੇ ਵਿੱਚ ਖੜ੍ਹੀ ਸੱਸ, ਮੇਰੇ ਆਦਮੀ ਨੂੰ ਇੱਕ ਹੋਰ ਖਿੱਚਕੇ ਮਾਰਦੀ ਹੱਲਾਸ਼ੇਰੀ ਦੇਈ ਜਾ ਰਹੀ ਸੀਇਸ ਮਾਰ ਕੁਟਾਈ ਦਾ ਕਾਰਣ ਰੋਟੀ ਦਾ ਸੁਆਲ ਸੀਕੰਮ ਤੋਂ ਮੈਂ ਥੱਕੀ ਆਈ ਸੀ ਤੇ ਮੈਂ ਆਪਣੀ ਸੱਸ ਨੂੰ ਸੁਝਾਅ ਦਿੱਤਾ ਕਿ ਅੱਜ ਰੋਟੀ ਦੀ ਥਾਂ ਚਾਵਲ ਬਣਾ ਲੈਂਦੀ ਹਾਂਮੇਰੀ ਗੱਲ ਮੁੱਕੀ ਹੀ ਸੀ ਕਿ ਸੱਸ ਨੇ ਰੌਲਾ ਹੀ ਚੁਕ ਦਿੱਤਾਚੀਕਾਂ ਮਾਰ ਮਾਰ ਦੁਨੀਆਂ ਨੂੰ ਸੁਣਾਉਣ ਲੱਗੀ ਕਿ ਉਹਦੀ ਨੂੰਹ ਕੋਲੋਂ ਟੱਬਰ ਜੋਗੀਆਂ ਰੋਟੀਆਂ ਨਹੀਂ ਪੱਕਦੀਆਂ, ਚਾਵਲ ਖਾਣ ਨੂੰ ਕਹਿੰਦੀ ਹੈਕਿਹੋ ਜਿਹੀ ਔਰਤ ਹੈ ਇਹ....

-----

ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸਬੰਧਤ ਇੱਕ ਹੋਰ ਸਮੱਸਿਆ ਵੀ ਮੀਡੀਆ ਦੀਆਂ ਸੁਰਖੀਆਂ ਬਣਦੀ ਰਹਿੰਦੀ ਹੈਇਹ ਸਮੱਸਿਆ ਹੈ ਭਾਰਤੀ / ਪਾਕਿਸਤਾਨੀ ਮੂਲ ਦੀਆਂ ਨੌਜਵਾਨ ਔਰਤਾਂ ਦਾ ਗ਼ੈਰ ਭਾਰਤੀ / ਪਾਕਿਸਤਾਨੀ ਮਰਦਾਂ ਨਾਲ ਵਿਆਹ ਕਰ ਲੈਣਾਭਾਰਤ / ਪਾਕਿਸਤਾਨ ਵਿੱਚ ਤਾਂ ਇਹ ਸਮੱਸਿਆ ਜ਼ਾਤ-ਪਾਤ ਦੇ ਰੂਪ ਵਿੱਚ ਉੱਭਰਦੀ ਹੈ; ਪਰ ਪੱਛਮੀ ਮੁਲਕਾਂ ਵਿੱਚ ਰਹਿ ਰਹੇ ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਵਿੱਚ ਇਹ ਸਮੱਸਿਆ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਵੱਲੋਂ ਹੋਰਨਾਂ ਧਰਮਾਂ ਦੇ ਮਰਦਾਂ ਨਾਲ ਵਿਆਹ ਕਰਨ ਕਾਰਨ ਪੈਦਾ ਹੁੰਦੀ ਹੈਮਿੰਨੀ ਗਰੇਵਾਲ ਆਪਣੀ ਕਹਾਣੀ ਮੋਤੀਆਂ ਵਾਲੀ ਕਾਲੀ ਗੁਰਗਾਬੀਦੀਆਂ ਇਨ੍ਹਾਂ ਸਤਰਾਂ ਰਾਹੀਂ ਇਸ ਸਮੱਸਿਆ ਵੱਲ ਵੀ ਸੰਕੇਤ ਕਰਦੀ ਹੈ:

ਮੰਗਣੀ ਦੀ ਰਸਮ ਪੂਰੀ ਕਰਕੇ, ਵਿਆਹ ਦੀ ਤਿਆਰੀ ਕਰਨ ਉਹਦੇ ਮਾਪੇ ਕੈਨੇਡਾ ਮੁੜ ਆਏਮਹੀਨੇ ਦੇ ਅੰਦਰ ਅੰਦਰ ਵਿਆਹ ਦੀ ਤਿਆਰੀ ਪਿਛੋਂ ਉਹ ਹਿੰਦੁਸਤਾਨ ਮੁੜ ਆਉਣਗੇ ਤੇ ਮਹੀਨੇ ਦੇ ਖ਼ਤਮ ਹੋਣ ਤੱਕ ਅਲਕਾ ਪੰਜਾਬ ਦੀ ਮਿੱਟੀ ਵਿੱਚ ਅਤੇ ਪੰਜਾਬ ਦੀਆਂ ਖ਼ੁਸ਼ਬੂਆਂ ਵਿੱਚ ਰਚ ਮਿਚ ਜਾਵੇਗੀ

ਸ਼ਹਿਰ ਵਿੱਚ ਰਹਿੰਦੀ ਨਾਨੀ ਦੇ ਗੁਆਂਢ ਵਿਚ, ਕੁੱਲ ਦੋ ਘਰ ਛਡ ਕੇ ਇਕ ਬਹੁਤ ਹੀ ਸੁਹਣਾ ਮੁੰਡਾ ਰਹਿੰਦਾ ਸੀਹਰ ਰੋਜ਼ ਸ਼ਾਮ ਅਤੇ ਸਵੇਰੇ ਉਹ ਆਪਣੀ ਗੀਤਾਂ ਭਰੀ ਆਵਾਜ਼ ਨਾਲ, ਸਾਰੇ ਮੁੱਹੱਲੇ ਦੇ ਵਾਤਾਵਰਣ ਨੂੰ ਗਾਣਿਆਂ ਦੀ ਗੂੰਜ ਨਾਲ ਢੱਕ ਦਿਆ ਕਰਦਾ ਸੀਸੁਹਣੇ ਮੁੰਡੇ ਦੀ ਆਵਾਜ਼ ਅਲਕਾ ਦੇ ਕੰਨਾਂ ਤੋਂ ਹੁੰਦੀ ਹੋਈ, ਉਹਦੀ ਛਾਤੀ ਵਿੱਚ ਛੇਕ ਕਰਦੀ ਹੋਈ ਉਹਦੇ ਢਿਡ ਤਕ ਉਤਰ ਗਈਉਸ ਸੁਹਣੇ ਮੁੰਡੇ ਕ੍ਰਿਸ਼ਨ ਨਾਲ ਨਜ਼ਰਾਂ ਮਿਲਦਿਆਂ ਸਾਰ ਦੁਹਾਂ ਦਿਲਾਂ ਵਿੱਚ ਪਿਆਰ ਦਾ ਅਲੱੜ ਤੂਫ਼ਾਨ ਉੱਠਿਆਦੁਨੀਆਂ ਦੀਆਂ ਨਜ਼ਰਾਂ ਤੋਂ ਉਹਲੇ, ਸਵੇਰ ਦੀ ਬੁੱਕਲ ਵਿਚ, ਅਲਕਾ ਅਤੇ ਕ੍ਰਿਸ਼ਨ ਨੇ ਮੰਦਰ ਦੇ ਪੁਜਾਰੀ ਸਾਮ੍ਹਣੇ, ਭਗਵਾਨ ਦੇ ਦਰਬਾਰ ਵਿਚ, ਪੇਸ਼ ਹੋ ਕੇ ਉਮਰਾਂ ਦਾ ਵਾਅਦਾ ਕਰ ਲਿਆਕੈਨੇਡਾ ਵਿਚ ਬੈਠੇ ਮਾਪਿਆਂ ਨੂੰ ਟੈਲੀਫੋਨ ਰਾਹੀਂ ਇਸ ਘਟਨਾ ਦਾ ਦੂਜੇ ਦਿਨ ਹੀ ਪਤਾ ਲੱਗ ਗਿਆਉਹਦੀ ਮਾਂ ਨੇ ਮੁੜ ਆਪਣੇ ਭਰਾ ਨਾਲ ਮੀਟਿੰਗ ਕੀਤੀਬਰਾਦਰੀ ਵਿੱਚ ਇੱਜ਼ਤ ਦੀ ਚਿੱਟੀ ਚਾਦਰ ਓੜੀ ਰੱਖਣ ਲਈ ਤਿੰਨਾਂ ਹਸਤੀਆਂ ਨੇ ਸਾਰੀ ਰਾਤ ਸਲਾਹਾਂ ਕੀਤੀਆਂਦੂਜੇ ਦਿਨ ਭਰਾ ਟੈਲੀਫੋਨ ਦੀਆਂ ਤਾਰਾਂ ਨਾਲ ਜੁੜਿਆ ਰਿਹਾ

-----

ਵਹਿੰਦੇ ਪਾਣੀਆਂ ਦੇ ਪਰਛਾਵੇਂਕਹਾਣੀ ਵਿੱਚ ਮਿੰਨੀ ਗਰੇਵਾਲ ਸਾਡੇ ਸਮਾਜ ਦੀ ਇੱਕ ਹੋਰ ਅਹਿਮ ਸਮੱਸਿਆ ਵੱਲ ਸਾਡਾ ਧਿਆਨ ਖਿੱਚਦੀ ਹੈਇਹ ਸਮੱਸਿਆ ਹੈ: ਅਣਵਿਆਹੀਆਂ ਔਰਤਾਂ ਵੱਲੋਂ ਜੰਮੇ ਬੱਚੇਅਜਿਹੀਆਂ ਅਣਵਿਆਹੀਆਂ ਮਾਵਾਂ ਦੀ ਤਰਸਨਾਕ ਹਾਲਤ ਦਾ ਬਿਆਨ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ਵਹਿੰਦੇ ਪਾਣੀਆਂ ਦੇ ਪਰਛਾਵੇਂਵਿੱਚ ਬੜੀ ਖ਼ੂਬਸੂਰਤੀ ਨਾਲ ਕਰਦੀ ਹੈ:

1.ਮੀਰਾ ਸੋਚ, ਮੇਰੇ ਵੱਲ ਵੇਖ, ਕਰਿਸਚਨ ਦੇ ਘਰ ਦੇ ਬਾਹਰ ਮੈਂ ਅੱਧੀ ਅੱਧੀ ਰਾਤ ਤਾਈਂ ਇੱਕ ਲੰਡਰ ਕੁੱਤੇ ਵਾਂਗ ਪੂਛ ਹਿਲਾਂਦੀ ਰਹਿੰਦੀ ਸੀਰੋਟੀ ਦੀ ਖੂਸ਼ਬੂ ਨਾਲ ਕੁੱਤੇ ਦੀਆਂ ਲਾਲਾਂ ਡਿਗਦੀਆਂ ਹਨ, ਅੱਖਾਂ ਵਿੱਚ ਚਮਕ ਆਉਂਦੀ ਹੈਪਰ ਮੈਂ ਬੈਠਦੀ ਸਾਂ ਆਪਣੇ ਸਰੀਰ ਵਿੱਚ ਪਲ ਰਹੇ ਬੱਚੇ ਦੀ ਖਾਤਰਬੱਚੇ ਨੂੰ ਦਿੱਤੇ ਜਾਣ ਵਾਲੇ ਪਿਓ ਦੇ ਨਾਂਅ ਅਤੇ ਇੱਜ਼ਤ ਦੀ ਖਾਤਿਰਕਿੰਨੀਆਂ ਰਾਤਾਂ ਮੈਂ ਉਥੇ ਹਨੇਰੇ ਵਿੱਚ ਬੈਠ ਬਿਤਾਈਆਂਅਖੀਰ ਇੱਕ ਲੰਡਰ ਕੁੱਤੇ ਵਾਂਗ ਹੀ ਦੁਰ੍ਹੇ ਦੁਰ੍ਹੇ ਕਰ ਮੈਨੂੰ ਉਸ ਦਰਵਾਜ਼ੇ ਤੋਂ ਭਜਾ ਦਿੱਤਾ ਗਿਆ...

2.ਤੂੰ ਅੰਦਾਜ਼ਾ ਕਰ ਸਕਦੀ ਹੈਂ ਮੀਰਾ, ਕਿ ਅੱਜ ਤੋਂ ਪੈਂਤੀ ਸਾਲ ਪਹਿਲੋਂ ਇੱਕ ਅਣਵਿਆਹੀ ਕੁਆਰੀ ਕੁੜੀ ਜੇ ਮਾਂ ਬਣਨ ਵਾਲੀ ਹੋ ਜਾਵੇ ਤਾਂ ਉਸਦਾ ਕੀ ਹਸ਼ਰ ਹੁੰਦਾ ਸੀ!! ਮਾਪੇ ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਸਨਅਪਣੇ ਸ਼ਹਿਰੋਂ ਸੌਆਂ ਮੀਲ ਦੂਰ ਕਿਸੇ ਓਪਰੇ ਸ਼ਹਿਰ ਦੇ ਯਤੀਮਖਾਨੇ ਵਿੱਚ ਉਹਨੂੰ ਛੱਡ ਆਉਂਦੇ ਸਨਬੱਚਾ ਜੰਮਣ ਪਿੱਛੋਂ, ਮਾਂ ਉਹਦੀ ਸ਼ਕਲ ਵੀ ਨਾ ਵੇਖ ਸਕਦੀ ਜਦ ਬੱਚੇ ਨੂੰ ਕੋਈ ਤੀਜਾ ਪਰਾਇਆ ਅਜਨਬੀ ਜੋੜਾ ਗੋਦੀ ਲੈ ਲੈਂਦਾਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਅਪਣੀਆਂ ਮਾਵਾਂ ਤੋਂ ਵਿੱਛੜ ਗਏ

ਆਪਣੀ ਇੱਜ਼ਤ ਪਾਕ ਰੱਖਣ ਲਈ ਮੇਰੇ ਮਾਪੇ ਵੀ ਮੈਨੂੰ ਜ਼ਬਰਦਸਤੀ ਇੱਕ ਓਪਰੇ ਸ਼ਹਿਰ ਛੱਡ ਆਏਜਿੱਥੇ ਮੈਂ ਜੰਮੀ ਪਲੀ, ਜਿਸ ਵਿਹੜੇ ਵਿੱਚ ਬਚਪਨ ਦੀਆਂ ਖੇਡਾਂ ਖੇਡ ਮੈਂ ਜਵਾਨ ਹੋਈ ਉਸ ਘਰ ਦਾ ਦਰਵਾਜ਼ਾ ਮੇਰੇ ਵਾਸਤੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ

-----

ਅਨੇਕਾਂ ਹਾਲਤਾਂ ਵਿੱਚ ਤਾਂ ਗੱਲ ਇਸ ਤੋਂ ਵੀ ਵੱਧ ਜਾਂਦੀ ਹੈਆਪਣੀ ਇੱਜ਼ਤ ਦੇ ਨਾਮ ਉੱਤੇ ਮਾਪੇ ਆਪਣੀਆਂ ਹੀ ਨੌਜਵਾਨ ਧੀਆਂ ਦਾ ਕਤਲ ਵੀ ਕਰ ਦਿੰਦੇ ਹਨਕੈਨੇਡਾ, ਇੰਗਲੈਂਡ, ਅਮਰੀਕਾ ਵਰਗੇ ਉੱਨਤ ਦੇਸ਼ਾਂ ਦੇ ਮੀਡੀਆ ਵਿੱਚ ਵੀ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਪੜ੍ਹਣ ਲਈ ਆਮ ਮਿਲਦੀਆਂ ਰਹਿੰਦੀਆਂ ਹਨਮਾਪਿਆਂ ਵੱਲੋਂ ਆਪਣੀ ਇੱਜ਼ਤ-ਮਾਨ ਦੇ ਨਾਮ ਉੱਤੇ ਨੌਜਆਨ ਧੀਆਂ ਦੇ ਕੀਤੇ ਜਾ ਰਹੇ ਕਤਲ ਪੱਛਮੀ ਦੇਸ਼ਾਂ ਵਿੱਚ ਇੱਕ ਅਹਿਮ ਸਮਾਜਿਕ-ਸਭਿਆਚਾਰਕ ਮਸਲਾ ਬਣ ਕੇ ਉੱਭਰ ਰਿਹਾ ਹੈਇੱਥੇ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਹੋ ਸਕਦੀ ਕਿ ਅਜਿਹੇ ਕਾਤਲ ਮਾਪਿਆਂ ਦਾ ਸਬੰਧ, ਵਧੇਰੇ ਕਰਕੇ, ਭਾਰਤ ਜਾਂ ਪਾਕਿਸਤਾਨ ਨਾਲ ਹੀ ਹੁੰਦਾ ਹੈਅਜਿਹੇ ਮਾਪੇ ਵਧੇਰੇ ਕਰਕੇ ਧਾਰਮਿਕ ਕੱਟੜਵਾਦੀ ਵਿਚਾਰਾਂ ਦੇ ਧਾਰਣੀ ਅਤੇ ਪਿਛਾਂਹ-ਖਿੱਚੂ ਵਿਚਾਰਾਂ ਵਾਲੇ ਹੁੰਦੇ ਹਨ

-----

ਚਾਂਦੀ ਦਾ ਗੇਟਕਹਾਣੀ-ਸੰਗ੍ਰਹਿ ਵਿੱਚ ਮਿੰਨੀ ਗਰੇਵਾਲ ਕੁਝ ਅਜਿਹੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਛੇੜਦੀ ਹੈ ਜਿਨ੍ਹਾਂ ਦਾ ਸਬੰਧ ਮਨੁੱਖ ਦੇ ਸੂਖਮ ਹਾਵਾਂ-ਭਾਵਾਂ ਨਾਲ ਵਧੇਰੇ ਹੁੰਦਾ ਹੈਕਹਾਣੀ ਦੋ ਅਸਮਾਨਸਾਨੂੰ ਇੱਕ ਅਜਿਹੀ ਹੀ ਸਮੱਸਿਆ ਦੇ ਰੂ-ਬ-ਰੂ ਕਰਦੀ ਹੈਪਿਆਰ ਦੀਆਂ ਤਰੰਗਾਂ ਕਿਸੀ ਵੀ ਉਮਰ ਦੇ ਮਨੁੱਖ ਦੇ ਦਿਲ ਵਿੱਚ ਉੱਠ ਸਕਦੀਆਂ ਹਨਇਨ੍ਹਾਂ ਤਰੰਗਾਂ ਦਾ ਸਬੰਧ ਨਾ ਉਮਰ ਨਾਲ ਹੁੰਦਾ ਹੈ, ਨਾ ਧਰਮ ਨਾਲ, ਨਾ ਜ਼ਾਤ-ਪਾਤ ਨਾਲ, ਨਾ ਰੰਗ ਨਾਲ, ਨਾ ਨਸਲ ਨਾਲਇਹ ਤਰੰਗਾਂ ਨ ਦੇਸ਼ਾਂ ਦੀਆਂ ਸਰਹੱਦਾਂ ਦੀ ਪ੍ਰਵਾਹ ਕਰਦੀਆਂ ਹਨ ਅਤੇ ਨ ਮਹਾਂਦੀਪਾਂ ਦੀਆਂ ਦੂਰੀਆਂ ਦੀਦੋ ਅਸਮਾਨਕਹਾਣੀ ਦੀ ਪਾਤਰ ਲਕਸ਼ਮੀ ਅਤੇ ਟਾਮਸ ਵਿਚਾਲੇ ਵੀ ਕੁਝ ਅਜਿਹਾ ਹੀ ਵਾਪਰਦਾ ਹੈਅਜਿਹੇ ਸੂਖਮ ਅਹਿਸਾਸਾਂ ਦੀ ਪੇਸ਼ਕਾਰੀ ਕਰਦੀ ਕਹਾਣੀ ਦੋ ਅਸਮਾਨ’ ‘ਚੋਂ ਪੇਸ਼ ਹਨ ਦੋ ਉਦਾਹਰਣਾਂ:

1.ਕੀ ਤੇਰੇ ਨਾਲ ਇੰਜ ਹੋਇਆ ਏ ਕਦੇ ਰਾਮੂ? ਤੂੰ ਕਿਸੇ ਨੂੰ ਪਿਆਰ ਕੀਤਾ ਹੋਵੇ ਅਤੇ ਉਹਦੇ ਸਾਹਮਣੇ ਬੈਠ ਕੇ ਉਸਨੂੰ ਦੱਸ ਵੀ ਨਾ ਸਕਿਆ ਹੋਵੇਂਲਕਸ਼ਮੀ ਨੇ ਪੁੱਛਿਆ

ਹਾਂ ਹੋਇਆ ਏਇੰਜ ਹੋਣਾ ਕੋਈ ਅਣਹੋਣੀ ਗਲ ਨਹੀਂ ਹੈਗਲਾ ਸਾਫ ਕਰ, ਲਕਸ਼ਮੀ ਵਲ ਵੇਖਦਿਆਂ ਰਾਮੂ ਬੋਲਿਆ

ਤੂੰ ਪਿਆਰ ਕਰਦਾ ਸੀ? ਉਹਨੂੰ ਮਿਲਦਾ ਵੀ ਸੀ? ਫਿਰ ਵੀ ਕੁਝ ਨਹੀਂ ਕਿਹਾ?” ਲਕਸ਼ਮੀ ਨੇ ਹੈਰਾਨੀ ਭਰੀ ਆਵਾਜ਼ ਵਿੱਚ ਪੁੱਛਿਆ

ਹਾਂ, ਹਰ ਰੋਜ਼ ਮਿਲਦਾ ਸੀਕਦੇ ਕਦੇ ਤਾਂ ਹੁਣ ਵੀ ਮਿਲਦਾ ਹਾਂ ਪਰ ਕਹਿ ਕੁਝ ਨਹੀਂ ਸਕਿਆਇਸ ਤੋਂ ਵੱਡਾ ਕੀ ਕਹਿਰ ਹੋਵੇਗਾ? ਮੇਰੀ ਗੱਲ ਕੀ ਤੂੰ ਸਮਝਦੀ ਏਂ ਲਕਸ਼ਮੀ ਬਾਈ?” ਮੰਜੀ ਨੂੰ ਪਿਛਾਂਹ ਘੜੀਸ ਰਾਮੂ ਉਠ ਖੜੋਤਾਪਾਣੀ ਲੈਣ ਦੇ ਬਹਾਨੇ ਉਸ ਲਕਸ਼ਮੀ ਵੱਲ ਪਿੱਠ ਕਰ ਲਈ

2.ਕੁਝ ਦੇਰ ਦੋਵੇਂ ਚੁਪ ਚਾਪ ਖੜੇ ਰਹੇ

ਚਿੱਠੀ ਦੇਣ ਤੋਂ ਲਕਸ਼ਮੀ ਝਿੱਜਕ ਰਹੀ ਸੀ

ਚਿੱਠੀ ਫੜਣ ਤੋਂ ਰਾਮੂ ਝਿੱਜਕ ਰਿਹਾ ਸੀ

ਮੈਂ ਪੜ੍ਹ ਲਿਖ ਲੈਂਦਾ ਹਾਂਤੂੰ ਚਿੱਠੀ ਪੜ੍ਹਵਾਣ ਲਈ ਆਈ ਏਂ ਨਾ?” ਚਿੱਠੀ ਪੜ੍ਹਣ ਲਈ ਰਾਮੂ ਨੇ ਹੱਥ ਅਗਾਂਹ ਕਰਦਿਆਂ ਪੁੱਛਿਆਲਕਸ਼ਮੀ ਉਵੇਂ ਹੀ ਖੜੀ ਰਹੀ, ਜਿਵੇਂ ਉਸ ਰਾਮੂ ਦੀ ਗਲ ਹੀ ਨਾ ਸੁਣੀ ਹੋਵੇ ਅਤੇ ਨਾ ਹੀ ਉਹਦਾ ਅਗਾਂਹ ਵਧਿਆ ਹੱਥ ਵੇਖਿਆ ਹੋਵੇਰਾਮੂ ਨੂੰ ਚਿੱਠੀ ਦੇਣ ਦੀ ਥਾਂ ਉਸ ਚਿੱਠੀ ਵਾਲਾ ਹੱਥ ਆਪਣੀ ਸਾੜੀ ਦੇ ਪੱਲੇ ਨਾਲ ਵਲੇਟ ਲਿਆ

ਕੀ ਗੱਲ ਲਕਸ਼ਮੀ ਬਾਈ? ਚਿੱਠੀ ਨਹੀਂ ਪੜ੍ਹਵਾਏਂਗੀ?” ਰਾਮੂ ਨੇ ਪੁੱਛਿਆ

ਨਹੀਂ....

ਇਰਾਦਾ ਬਦਲ ਗਿਆ?”

ਹਾਂ! ਕੀ ਫਾਇਦਾ ਚਿੱਠੀ ਪੜ੍ਹਾਣ ਦਾਬੜੀ ਬੇਦਿਲੀ ਨਾਲ ਉਹ ਬੋਲੀ

ਚਿੱਠੀ ਪੜ੍ਹਣ ਵਿੱਚ ਫਾਇਦੇ ਅਤੇ ਨੁਕਸਾਨ ਦੀ ਕਿਹੜੀ ਗਲ ਏਚਿੱਠੀ ਤਾਂ ਉਹਦਾ ਸੁਨੇਹਾ ਲੈ ਕੇ ਆਈ ਹੈਤਸੱਲੀ ਦੇਣ ਵਾਲੀ ਆਵਾਜ਼ ਵਿੱਚ ਰਾਮੂ ਬੋਲਿਆ

ਕੀ ਪਤਾ ਕੀ ਸੁਨੇਹਾ ਲੈ ਕੇ ਆਈ ਏ ਇਹ ਬੇਜਾਨ ਚਿੱਠੀਮੈਂ ਨਹੀਂ ਜਾਣਨਾ ਚਾਹੁੰਦੀ...

ਪਰ ਤੂੰ ਤਾਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰ...

ਹਾਂ ਰਾਮੂਮੈਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰਪਰ ਇਹ ਚਿੱਠੀ ਪੜ੍ਹਣ ਤੋਂ, ਸੁਣਨ ਤੋਂ ਮੈਨੁੰ ਡਰ ਲਗਦਾ ਹੈ

ਡਰ! ਕਾਹਦਾ ਡਰ!ਲਕਸ਼ਮੀ ਦੇ ਬੇਜਾਨ ਚਿਹਰੇ ਵਲ ਵੇਖਦਿਆਂ ਰਾਮੂ ਨੇ ਸਵਾਲ ਕੀਤਾ

ਇਸ ਚਿੱਠੀ ਵਿੱਚ ਜੇ ਉਸ ਖਾਲੀ ਸਫ਼ਰ ਦਾ ਹਾਲ ਲਿਖਿਆ ਹੋਵੇਜਾਂ ਫਿਰ ਮੌਸਮ ਦੀਆਂ ਹੀ ਗੱਲਾਂ ਕੀਤੀਆਂ ਹੋਣ, ਤਾਂ ਮੇਰਾ ਦਿਲ ਕਿਵੇਂ ਬਰਦਾਸ਼ਤ ਕਰੇਗਾ ਰਾਮੂ...

ਗੱਲ ਪੂਰੀ ਕੀਤੇ ਬਗ਼ੈਰ ਲਕਸ਼ਮੀ ਉਥੋਂ ਜਾ ਚੁੱਕੀ ਸੀ

-----

ਕੈਨੇਡਾ / ਅਮਰੀਕਾ ਦੀਆਂ ਅਖਬਾਰਾਂ ਵਿੱਚ ਅਸੀਂ ਨਿਤ ਅਜਿਹੀਆਂ ਖਬਰਾਂ ਪੜ੍ਹਦੇ ਹਾਂ ਕਿ ਇੱਕ ਕਾਲੇ ਰੰਗ ਦਾ ਨੌਜਵਾਨ ਇੱਕ ਗਰੋਸਰੀ ਸਟੋਰ ਤੋਂ ਗਰੋਸਰੀ ਚੋਰੀ ਕਰਦਾ ਪੁਲਿਸ ਨੇ ਗ੍ਰਿਫਤਾਰ ਕਰ ਲਿਆਅਨੇਕਾਂ ਹਾਲਤਾਂ ਵਿੱਚ ਅਜਿਹੀਆਂ ਖ਼ਬਰਾਂ ਵੀ ਪੜ੍ਹਣ ਨੂੰ ਮਿਲਦੀਆਂ ਹਨ ਕਿ ਕਿਸੀ ਗੈਸ ਸਟੇਸ਼ਨ ਤੋਂ 100 ਡਾਲਰ ਲੁੱਟ ਕੇ ਲਿਜਾਂਦਾ ਹੋਇਆ ਇੱਕ ਕਾਲੇ ਰੰਗ ਦਾ ਨੌਜਵਾਨ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆਅਜਿਹੀਆਂ ਖ਼ਬਰਾਂ ਨੂੰ ਹਰ ਟੈਲੀਵੀਜ਼ਨ ਸਟੇਸ਼ਨ ਬਾਰ ਬਾਰ ਦਿਖਾਂਦਾ ਹੈ ਅਤੇ ਟੋਰਾਂਟੋ ਦਾ 24 ਘੰਟੇ ਖਬਰਾਂ ਦੇਣ ਵਾਲਾ 680 ਨਿਊਜ਼ ਰੇਡੀਓ ਸਟੇਸ਼ਨ ਵੀ ਬਾਰ ਬਾਰ ਦੁਹਰਾਂਦਾ ਹੈਪਰ ਉਸ ਦੇ ਮੁਕਾਬਲੇ ਵਿੱਚ ਲੱਖਾਂ ਡਾਲਰਾਂ ਦੀ ਹੇਰਾਫੇਰੀ ਕਰ ਜਾਣ ਵਾਲੇ ਅਮੀਰ ਵਿਉਪਾਰੀਆਂ ਦੀ ਖ਼ਬਰ ਦਿਨ ਵਿੱਚ ਵੱਧ ਤੋਂ ਵੱਧ ਇੱਕ ਦੋ ਵਾਰ ਸੁਣਾ ਕੇ ਚੁੱਪ ਧਾਰ ਲਈ ਜਾਂਦੀ ਹੈਇੰਨਾ ਹੀ ਨਹੀਂ ਦੇਸ਼ ਦੀਆਂ ਉੱਚ ਅਦਾਲਤਾਂ ਵੀ ਇੰਨ੍ਹਾਂ ਵੱਡੇ ਮਗਰਮੱਛਾਂ ਨੂੰ ਇੱਕ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਕੇ ਦੇਸ਼ ਦੀ ਜਨਤਾ ਦੇ ਦਿਮਾਗ਼ਾਂ ਵਿੱਚ ਇਹ ਵਿਚਾਰ ਭਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਦੇਸ਼ ਦਾ ਕਾਨੂੰਨ ਹਰ ਕਿਸੀ ਉੱਤੇ ਇੱਕੋ ਜਿੰਨਾ ਹੀ ਲਾਗੂ ਹੁੰਦਾ ਹੈ- ਕੋਈ ਅਮੀਰ ਹੋਵੇ ਚਾਹੇ ਗਰੀਬਜਦੋਂ ਕਿ ਜੇਕਰ ਕੋਈ ਬੇਘਰ, ਬੇਸਹਾਰਾ ਗਰੀਬ ਵਿਅਕਤੀ 100 ਡਾਲਰ ਦੀ ਚੋਰੀ ਕਰਦਾ ਵੀ ਫੜਿਆ ਜਾਵੇ ਤਾਂ ਅਦਾਲਤ ਉਸਨੂੰ ਕਈ ਕਈ ਸਾਲ ਦੀ ਸਜ਼ਾ ਸੁਣਾ ਦਿੰਦੀ ਹੈਸਾਡੇ ਸਮਾਜ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ਸੁਨਹਿਰੀ ਧਾਗੇਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈਇਸ ਕਹਾਣੀ ਦੀ ਮੁੱਖ ਪਾਤਰ ਵਿਜਯੰਤੀ ਜੋ ਕਿ ਆਪਣੇ ਲਈ ਜ਼ਰੂਰੀ ਦਵਾਈ ਖ੍ਰੀਦਣੀ ਵੀ ਤਨਖਾਹ ਮਿਲਣ ਵਾਲੇ ਦਿਨ ਤੱਕ ਅੱਗੇ ਪਾ ਕੇ ਆਪਣੀ ਜੇਬ ਵਿਚਲੇ ਡਾਲਰਾਂ ਦੀ ਗਿਣਤੀ ਮਿਣਤੀ ਕਰਕੇ ਘਰ ਦੀ ਗਰੋਸਰੀ ਖ੍ਰੀਦਦੀ ਹੈਤਾਂ ਜੁ ਉਸ ਦੀ ਜੇਬ੍ਹ ਵਿੱਚ ਹਫਤਾ ਭਰ ਕੰਮ ਉੱਤੇ ਪਹੁੰਚਣ ਲਈ ਬੱਸ ਦੀਆਂ ਟਿਕਟਾਂ ਖ੍ਰੀਦਣ ਜੋਗੇ ਕੁਝ ਕੁ ਡਾਲਰ ਵੀ ਬਚ ਜਾਣਪਰ ਜਦੋਂ ਗਰੋਸਰੀ ਖ੍ਰੀਦਣ ਤੋਂ ਬਾਹਦ ਅਚਾਨਕ ਕਾਊਂਟਰ ਉੱਤੇ ਖੜ੍ਹੀ ਕੁੜੀ ਉਸਨੂੰ ਬਿਨ੍ਹਾਂ ਧਿਆਨ ਦਿੱਤਿਆਂ ਗਰੋਸਰੀ ਦੇ ਡਾਲਰ ਲਏ ਬਗ਼ੈਰ ਲਾਈਨ ਵਿੱਚੋਂ ਅੱਗੇ ਲੰਘਾ ਦਿੰਦੀ ਹੈ ਤਾਂ ਵਿਜਯੰਤੀ ਦੇ ਮਨ ਵਿੱਚ ਇੱਕ ਗੁਨਾਹ ਦੀ ਭਾਵਨਾ ਬੈਠ ਜਾਂਦੀ ਹੈ ਕਿ ਉਸਨੇ ਆਪਣੀ ਗਰੋਸਰੀ ਦੀ ਕੀਮਤ ਅਦਾ ਨਹੀਂ ਕੀਤੀਜਦੋਂ ਕਿ ਇਸ ਵਿੱਚ ਉਸਦਾ ਰਤਾ ਭਰ ਵੀ ਦੋਸ਼ ਨਹੀਂਲਾਈਨ ਵਿੱਚੋਂ ਲੰਘ ਜਾਣ ਤੋਂ ਬਾਹਦ ਵੀ ਉਹ ਗਰੋਸਰੀ ਸਟੋਰ ਦੇ ਬੂਹੇ ਕੋਲ ਘੰਟਿਆਂ ਬੱਧੀ ਬੈਠੀ ਇਹ ਸੋਚਦੀ ਰਹਿੰਦੀ ਹੈ ਕਿ ਜੇਕਰ ਕਿਤੇ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਉਸਨੂੰ ਗਰੋਸਰੀ ਚੋਰੀ ਕਰਨ ਦੇ ਦੋਸ਼ ਹੇਠ ਫੜ ਲਿਆ ਤਾਂ ਕੀ ਹੋਵੇਗਾ? ਉਸਦੀ ਬੇਇਜ਼ਤੀ ਕੀਤੀ ਜਾਵੇਗੀਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਜਾਵੇਗੀ ਅਤੇ ਜਿੱਥੋਂ ਵੀ ਉਹ ਲੰਘੇਗੀ ਲੋਕ ਉਸ ਵੱਲ ਉਂਗਲਾਂ ਕਰ ਕਰ ਕਹਿਣਗੇ ਕਿ ਉਹ ਜਾਂਦੀ ਹੈ ਵਿਜਯੰਤੀਜਿਸਨੂੰ ਗਰੋਸਰੀ ਸਟੋਰ ਵਿੱਚੋਂ ਗਰੋਸਰੀ ਚੋਰੀ ਕਰਕੇ ਲਿਜਾਂਦੀ ਨੂੰ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਰੰਗੇ ਹੱਥੀਂ ਫੜ ਲਿਆ ਸੀਪਰ ਇਸਦੇ ਉਲਟ, ਜਿਵੇਂ ਕਿ ਅਕਸਰ ਹੁੰਦਾ ਹੈਉਸ ਦਿਨ ਦੀ ਅਖ਼ਬਾਰ ਦੀ ਮੁੱਢਲੀ ਸੁਰਖੀ ਸਾਡੇ ਸਮਾਜ ਦੇ ਕਾਨੂੰਨ ਦਾ ਦੋਗਲਾਪਨ ਦਿਖਾਂਦੀ ਹੋਈ ਇਹ ਸਾਫ ਸ਼ਬਦਾਂ ਵਿੱਚ ਦਸ ਰਹੀ ਸੀ ਕਿ ਦੇਸ਼ ਦਾ ਕਾਨੂੰਨ ਅਮੀਰ ਵਿਅਕਤੀਆਂ ਲਈ ਹੋਰ ਹੁੰਦਾ ਹੈ ਅਤੇ ਦੇਸ਼ ਦੇ ਗਰੀਬ ਵਿਅਕਤੀਆਂ ਲਈ ਹੋਰਇਸ ਗੱਲ ਦਾ ਅਹਿਸਾਸ ਮਿੰਨੀ ਗਰੇਵਾਲ ਦੀ ਕਹਾਣੀ ਸੁਨਹਿਰੀ ਧਾਗੇਦੀਆਂ ਇਨ੍ਹਾਂ ਖ਼ੂਬਸੂਰਤ ਸਤਰਾਂ ਪੜ੍ਹਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ:

ਬੈਂਚ ਉਥੇ ਬੈਠੀ ਵਿਜਯੰਤੀ ਨੇ ਦੁਬਾਰਾ ਫਿਰ ਅਖ਼ਬਾਰ ਦੀ ਸੁਰਖੀ ਵਲ ਦੇਖਿਆ ਅਤੇ ਏਸ ਵਾਰੀ ਉਹਦੀਆਂ ਨਜ਼ਰਾਂ ਸੁਰਖੀ ਉਤੇ ਅਟਕ ਗਈਆਂ

ਵੱਡੇ ਵੱਡੇ, ਕਾਲੇ, ਕਾਲੇ, ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ:

ਸ਼ਹਿਰ ਦੇ ਪ੍ਰਸਿੱਧ ਕਰੋੜਪਤੀ ਦੀ ਬੀਵੀ, ਚੋਰੀ ਕਰਦੀ ਫੜੀ ਗਈ ਪਰ ਉਸ ਵਿਰੁੱਧ ਕੋਈ ਚਾਰਜ ਨਹੀਂ ਲਿਆਂਦਾ ਜਾਵੇਗਾ...

ਅੱਗੇ ਲਿਖਿਆ ਸੀ

ਸਟੋਰ ਦੀ ਸਿਕਯੂਰਿਟੀ ਨੇ ਮਿਸਜ਼ ਬਰਾਊਨ ਨੂੰ ਕੱਪੜੇ ਚੋਰੀ ਕਰਦਿਆਂ ਰੰਗੇ ਹੱਥ ਫੜਿਆਪਰ ਡਿਪਾਰਟਮੈਂਟ ਸਟੋਰ ਦੀ ਮੈਨਜਮੈਂਟ ਦਾ ਕਹਿਣਾ ਹੈ ਕਿ ਮਿਸਜ਼ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀਕਿਉਂਕਿ ਉਹਦੇ ਕਰੋੜਪਤੀ ਸ਼ੌਹਰ ਨੇ ਚੋਰੀ ਕੀਤੀਆਂ ਚੀਜ਼ਾਂ ਦੇ ਪੈਸੇ ਚੁਕਾ ਦਿਤੇ...

ਅਖਬਾਰ ਦੀ ਇਸ ਸੁਰਖੀ ਦਾ, ਇਨ੍ਹਾਂ ਕਾਲੇ ਮੋਟੇ ਸ਼ਬਦਾਂ ਦਾ ਪੂਰਾ ਅਰਥ ਵਿਜਯੰਤੀ ਦੇ ਦਿਮਾਗ਼ ਨੇ ਹਾਲੇ ਬਰਾਬਰ ਨਹੀਂ ਸੀ ਸਮਝਿਆ

ਸਟੋਰ ਦੀਆਂ ਬੱਤੀਆਂ ਬੁਝਣ ਲਗੀਆਂ

ਯੂਨੀਫਾਰਮ ਪਾਈ ਗਰੋਸਰੀ ਸਟੋਰ ਦਾ ਇਕ ਆਦਮੀ ਸਟੋਰ ਦੇ ਦਰਵਾਜ਼ੇ ਬੰਦ ਕਰਨ ਲੱਗਿਆ

ਚਾਂਦੀ ਦਾ ਗੇਟਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਰਾਹੀਂ ਭਾਵੇਂ ਕਿ ਮਿੰਨੀ ਗਰੇਵਾਲ ਨੇ ਅਨੇਕਾਂ ਹੋਰ ਵਿਸ਼ਿਆਂ ਦੀ ਵੀ ਗੱਲ ਕੀਤੀ ਹੈ; ਪਰ ਮੈਂ ਸਿਰਫ ਉਸ ਦੀ ਕਹਾਣੀ ਮੇਹਰਬਾਨੀਆਂਬਾਰੇ ਚਰਚਾ ਕਰਕੇ ਆਪਣੀ ਗੱਲ ਸਮੇਟਣ ਦੀ ਕੋਸ਼ਿਸ਼ ਕਰਾਂਗਾ

-----

ਪੱਛਮੀ ਦੇਸ਼ਾਂ ਦਾ ਆਰਥਿਕ ਤਾਣਾ-ਬਾਣਾ ਕੁਝ ਇਸ ਤਰ੍ਹਾਂ ਉਸਾਰਿਆ ਗਿਆ ਹੈ ਕਿ ਪੂੰਜੀਵਾਦ ਦਾ ਅਜਗਰ ਤੁਹਾਨੂੰ ਆਪਣੇ ਵੱਲ ਖਿੱਚਦਾ ਹੀ ਜਾਂਦਾ ਹੈਉਦੋਂ ਤੱਕ, ਜਦੋਂ ਤੱਕ ਕਿ ਤੁਸੀਂ ਉਸ ਦੇ ਮੂੰਹ ਵਿੱਚ ਪੂਰੀ ਤਰ੍ਹਾਂ ਫਸ ਨਹੀਂ ਜਾਂਦੇਇੱਥੇ ਦਾ ਕੰਨਜ਼ੀਊਮਰ ਕਲਚਰ ਤੁਹਾਨੂੰ ਡਾਲਰਾਂ ਦੀ ਅੰਨ੍ਹੀ ਦੌੜ ਵਿੱਚ ਕੁਝ ਇਸ ਤਰ੍ਹਾਂ ਪਾ ਦਿੰਦਾ ਹੈ ਕਿ ਤੁਹਾਡੇ ਮਨ-ਮਸਤਕ ਵਿੱਚ ਹਰ ਪਲ ਡਾਲਰ, ਡਾਲਰ ਦੀ ਹੀ ਗੂੰਜ ਗੂੰਜਦੀ ਹੈਚਮਕੀਲੀਆਂ ਭੜਕੀਲੀਆਂ ਵਸਤਾਂ ਨਾਲ ਚੁੰਧਿਆਈਆਂ ਚੀਜ਼ਾਂ ਖ੍ਰੀਦ ਖ੍ਰੀਦ ਕੇ ਆਪਣੇ ਘਰਾਂ ਨੂੰ ਭਰਨ ਲਈ ਤੁਸੀਂ ਅੰਨ੍ਹੇਵਾਹ ਘੋੜਿਆਂ ਵਾਂਗ ਸਰਪਟ ਦੌੜਦੇ ਰਹਿੰਦੇ ਹੋਤੁਹਾਡੇ ਕੋਲ ਏਨਾ ਵੀ ਸਮਾਂ ਨਹੀਂ ਬਚਦਾ ਕਿ ਤੁਸੀਂ ਆਰਾਮ ਨਾਲ ਬੈਠਕੇ ਕਦੀ ਰੋਟੀ ਵੀ ਖਾਹ ਸਕੋ, ਆਰਾਮ ਨਾਲ ਬੈਠਕੇ ਆਪਣੀ ਬੀਵੀ, ਬੱਚਿਆਂ ਜਾਂ ਪ੍ਰਵਾਰ ਦੇ ਹੋਰਨਾਂ ਲੋਕਾਂ ਨਾਲ ਕੋਈ ਖੁਸ਼ਗਵਾਰ ਪਲ ਸਾਂਝੇ ਕਰ ਸਕੋਂਅਨੇਕਾਂ ਹਾਲਤਾਂ ਵਿੱਚ ਤਾਂ ਇੰਜ ਵੀ ਹੁੰਦਾ ਹੈ ਕਿ ਬੀਵੀ ਕੰਮ ਤੋਂ ਪਰਤਦੀ ਹੈ ਤਾਂ ਘਰ ਵਾਲਾ ਕੰਮ ਉੱਤੇ ਜਾ ਰਿਹਾ ਹੁੰਦਾ ਹੈਮਹੀਨਾ, ਮਹੀਨਾ ਭਰ ਉਨ੍ਹਾਂ ਕੋਲ ਇੰਨਾ ਕੁ ਸਮਾਂ ਵੀ ਨਹੀਂ ਹੁੰਦਾ ਕਿ ਉਹ ਦੋ ਪਲ ਇਕੱਠੇ ਬੈਠਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਹੀ ਕੋਈ ਗੱਲ ਕਰ ਸਕਣਬੱਚਿਆਂ ਦਾ ਦਿਨ ਰਾਤ ਤਾਂ ਉਨ੍ਹਾਂ ਦੇ ਬੇਬੀ ਸਿਟਰਾਂ ਕੋਲ ਹੀ ਲੰਘਦਾ ਹੈਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਾਰੇ, ਉਨ੍ਹਾਂ ਦੀਆਂ ਖੁਸ਼ੀਆਂ-ਗ਼ਮੀਆਂ ਬਾਰੇ, ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲੋਂ ਉਨ੍ਹਾਂ ਦੇ ਬੇਬੀ ਸਿਟਰਾਂ ਨੂੰ ਵਧੇਰੇ ਜਾਣਕਾਰੀ ਹੁੰਦੀ ਹੈਅਜੋਕੇ ਸਮਿਆਂ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ਮੇਹਰਬਾਨੀਆਂਦੇ ਪਾਤਰਾਂ ਸੁਲੇਖਾ ਅਤੇ ਮਾਲਤੀ ਦਰਮਿਆਨ ਚੱਲ ਰਹੇ ਵਾਰਤਾਲਾਪ ਰਾਹੀਂ ਕੁਝ ਇਸ ਅੰਦਾਜ਼ ਨਾਲ ਪੇਸ਼ ਕਰਦੀ ਹੈ:

ਐਦਾਂ ਖੁੱਲ੍ਹੇ ਡੁੱਲ੍ਹੇ ਪੈਸੇ ਖਰਚ ਕਰਦੀ ਹੈਂ ਤਾਂ ਰਮੇਸ਼ ਵਿਚਾਰਾ ਬਹੁਤ ਗੁੱਸੇ ਹੁੰਦਾ ਹੋਵੇਗਾਮਾਲਤੀ ਨੇ ਟਾਂਚ ਲਾ ਕੇ ਪੁੱਛਿਆ

ਗੁੱਸਾ ਕਰਨ ਲਈ ਵੀ ਵਕਤ ਚਾਹੀਦਾ ਹੈ ਮਾਲਤੀਰਮੇਸ਼ ਕੋਲ ਤਾਂ ਇੰਨਾ ਸਮਾਂ ਹੈ ਹੀ ਨਹੀਂ ਕਿ ਉਹ ਬੱਚਿਆਂ ਨਾਲ ਦੋ ਗੱਲਾਂ ਕਰੇਉਨ੍ਹਾਂ ਦੀਆਂ ਚੀਜ਼ਾਂ ਵੇਖੇ ਜਾਂ ਫਿਰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਸਵੇਰੇ ਸਾਜਰੇ ਉਹ ਘਰੋਂ ਚਲਾ ਜਾਂਦਾ ਹੈ ਤੇ ਰਾਤ ਪਈ ਮੁੜਦਾ ਹੈਸਵੇਰੇ ਨਿਆਣੇ ਸੁੱਤੇ ਪਏ ਹੁੰਦੇ ਹਨ ਤੇ ਰਾਤ ਨੂੰ ਉਹ ਆਪ ਹੀ ਥੱਕਿਆ ਘਰ ਮੁੜਦਾ ਹੈਅਤੇ ਮੈਂ ਹਰ ਚੀਜ਼ ਦਾ ਚਰਚਾ ਨਹੀਂ ਕਰਦੀ, ਨਾ ਹੀ ਢੰਡੋਰਾ ਦੇਂਦੀ ਹਾਂ

-----

ਕੈਨੇਡੀਅਨ ਪੰਜਾਬੀ ਕਹਾਣੀਕਾਰਾ ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ਚਾਂਦੀ ਦਾ ਗੇਟਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀਆਂ ਕਹਾਣੀਆਂ ਦਾ ਸੁਭਾਅ ਕੈਨੇਡਾ ਦੇ ਹੋਰਨਾਂ ਪੰਜਾਬੀ ਕਹਾਣੀਕਾਰਾਂ ਵੱਲੋਂ ਲਿਖੀਆਂ ਜਾ ਰਹੀਆਂ ਕਹਾਣੀਆਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੈਉਸਦੀਆਂ ਕਹਾਣੀਆਂ ਉਪਰ ਜੇਕਰ ਉਸਦਾ ਨਾਮ ਨਾ ਵੀ ਲਿਖਿਆ ਹੋਵੇ ਤਾਂ ਵੀ ਉਹ ਸਹਿਜੇ ਹੀ ਪਹਿਚਾਣੀਆਂ ਜਾ ਸਕਦੀਆਂ ਹਨਕਹਾਣੀ ਲਿਖਣ ਵੇਲੇ ਉਹ ਆਪਣੀ ਕਹਾਣੀ ਵਿੱਚ ਅਜਿਹੇ ਸੰਕੇਤ ਵੀ ਛੱਡਦੀ ਜਾਂਦੀ ਹੈ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਕੋਈ ਕਹਾਣੀ ਪੱਛਮੀ ਸਭਿਆਚਾਰ ਵਿੱਚ ਰਹਿ ਕੇ ਲਿਖੀ ਹੋਈ ਹੈ ਜਾਂ ਕਿ ਉਹ ਕਹਾਣੀ ਕਿਸੀ ਪੂਰਬੀ ਸਭਿਆਚਾਰ ਵਾਲੇ ਦੇਸ਼ ਨਾਲ ਸਬੰਧ ਰੱਖਦੀ ਹੈਉਸਦੀਆਂ ਕਹਾਣੀਆਂ ਦਾ ਇੱਕ ਹੋਰ ਗੁਣ ਵੀ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈਉਹ ਹਰ ਕਹਾਣੀ ਨੂੰ ਕਿਸੇ ਵੱਖਰੇ ਵਿਸ਼ੇ ਨਾਲ ਸਬੰਧਤ ਕਰਕੇ ਉਸ ਦੀ ਪੇਸ਼ਕਾਰੀ ਲਈ ਕੋਈ ਢੁੱਕਵੀਂ ਕਹਾਣੀ ਤਕਨੀਕ ਵਰਤਦੀ ਹੈਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਇੱਕ ਕਹਾਣੀ ਸੰਗ੍ਰਹਿ ਦਾ ਹਿੱਸਾ ਬਣਦੀਆਂ ਹੋਈਆਂ ਵੀ ਵੰਨ-ਸੁਵੰਨਤਾ ਦਾ ਪ੍ਰਭਾਵ ਪੈਦਾ ਕਰਦੀਆਂ ਹਨ

-----

ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ਚਾਂਦੀ ਦਾ ਗੇਟਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਵੰਨ-ਸੁਵੰਨਤਾ ਪੈਦਾ ਕਰਦਾ ਹੈਇਹ ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਹਦ ਮੇਰੇ ਉੱਤੇ ਜੋ ਪ੍ਰਭਾਵ ਪਿਆ ਹੈ ਉਸ ਅਨੁਸਾਰ ਮੈਂ ਮਿੰਨੀ ਗਰੇਵਾਲ ਨੂੰ ਇੱਕ ਚੇਤੰਨ ਅਤੇ ਜਾਗਰੂਕ ਕਹਾਣੀ ਲੇਖਕਾ ਮੰਨਦਾ ਹਾਂਕਹਾਣੀ ਲਿਖਦਿਆਂ ਮਿੰਨੀ ਗਰੇਵਾਲ ਨਾ ਸਿਰਫ ਸਾਡੇ ਸਮਾਜ ਵਿੱਚ ਔਰਤ ਦਰ ਪੇਸ਼ ਸਭਿਆਚਾਰਕ, ਸਮਾਜਿਕ, ਰਾਜਨੀਤਿਕ ਜਾਂ ਧਾਰਮਿਕ ਸਮੱਸਿਆਵਾਂ ਨੂੰ ਹੀ ਬੜੀ ਚੰਗੀ ਤਰ੍ਹਾਂ ਪੇਸ਼ ਕਰਦੀ ਹੈ; ਬਲਕਿ ਉਹ ਬੜੇ ਕਲਾਤਮਕ ਢੰਗ ਨਾਲ ਔਰਤ ਉੱਤੇ ਹੁੰਦੇ ਅਤਿਆਚਾਰਾਂ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕਰਦੀ ਹੈਅਜੋਕੇ ਸਮਿਆਂ ਵਿੱਚ ਆਪਣੇ ਹੱਕਾਂ ਲਈ ਚੇਤੰਨ ਹੋ ਰਹੀ ਔਰਤ ਦੀ ਇਹੀ ਇੱਕ ਪਹਿਚਾਣ ਕਾਫੀ ਹੈਇਹੀ ਗੱਲ ਸਾਡੇ ਸਭਨਾਂ ਲਈ ਹੌਂਸਲਾ ਦੇਣ ਵਾਲੀ ਹੈ