ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, January 31, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਇੱਕ ਖ਼ਤ - ਰੂਹ ਦੀ ਰਵਾਨਗੀ ਵਰਗੀ ਮੇਰੀ ਗ਼ਜ਼ਲਮਣੀ ਦੇ ਨਾਂ !

ਮੇਰੇ ਦਿਲ ਦੀ ਕਿਤਾਬ ਦੀਏ ਪਹਿਲੀਏ ਸਤਰੇ !

ਤੈਨੂੰ ਮੁੱਲ ਖਰੀਦੇ 'ਮੁੱਖ ਬੰਦ' ਵਰਗਾ ਪਿਆਰ..!!

ਮੇਰੀ ਗ਼ਜ਼ਲ ਦੀਆਂ ਬਹਿਰਾਂ ਵਾਂਗੂੰ ਤੂੰ ਕਾਹਤੋਂ ਕਈ ਦਿਨਾਂ ਤੋਂ ਉੱਖੜੀ-ਉੱਖੜੀ ਫਿਰਦੀ ਏਂ ? ਖੁੱਲ੍ਹੀ ਕਵਿਤਾ ਵਾਂਗੂੰ ਹੁਣ ਕਦੇ ਖੁੱਲ੍ਹ ਕੇ ਗੱਲ ਨਹੀਂ ਕਰਦੀ ? ਮੇਰੇ ਪਿਆਰ ਨੂੰ ਹੁਣ ਤੂੰ ਕਿਹੜੇ ਤਰਾਜ਼ੂ ਵਿੱਚ ਤੋਲ ਕੇ ਦੇਖਣੈ.? ਪਰ ਪਿਆਰ ਤਾਂ ਮੇਰਾ ਐਨਾ ਭਾਰਾ ਏ, ਜਿਸਨੇ ਵੀ ਦਿਲ 'ਤੇ ਰੱਖਿਐ ! ਬੱਸ, ਚਿੱਬ ਪਾ ਦਿੱਤੇ ਨੇ !! ਫੇਰ ਦਿਲ ਤਾਂ ਏਦਾਂ ਡਿੱਕ ਡੋਲੋ ਖਾਂਦਾ ਏ ; ਜਿਵੇਂ ਭਕਾਨੇ 'ਚ ਪਾਣੀ ਭਰਿਆ ਹੋਵੇ ! ਜੀਅ ਤਾਂ ਕਰਦੈ, ਆਪਣੇ ਇਸ਼ਕ ਦਾ ਟੀਕਾ ਐਸੇ ਦਿਲਾਂ 'ਚ ਸਿੱਧਾ ਹੀ ਲਾ ਦਿਆਂ ਪਰ ਫੇਰ ਕਹਿਣੈ, ਚੰਦਰੇ ਨੇ ਸਾਡਾ ਭਕਾਨਾ ਪੈਂਚਰ ਕਰ ਦਿੱਤਾ ਏ

----

ਨਾਲੇ ਆਸ਼ਕਾਂ ਦੇ ਦਿਲ ਦਾ ਤਾਂ ਤੈਨੂੰ ਪਤਾ ਈ ਐ ! ਕਦੇ ਉਦਾਸ ਹੋ ਜਾਂਦੈ, ਕਦੇ ਟੁੱਟ ਜਾਂਦੈ, ਟੋਟੇ-ਟੋਟੇ ਹੋ ਜਾਂਦੈ !! ਕਦੇ ਚੋਰੀ ਹੋ ਜਾਂਦੈ,..“ਦਿਲ ਚੋਰੀ ਸਾਡਾ ਹੋ ਗਿਆ..ਕੀ ਕਰੀਏ ! ਕੀ ਕਰੀਏ !! ਕਰਨਾ ਕੀ ਐ ? ਸਕਰੈਪ ਵਾਲੇ ਕਬਾੜੀਆਂ ਤੋਂ ਅੱਧ-ਮੁੱਲ 'ਚ ਕੋਈ ਹੋਰ ਸੈਕਿੰਡ ਹੈਂਡ ਲੈ ਕੇ ਕੱਛ 'ਚ ਵੈਲਡਿੰਗ ਕਰਵਾ ਲਓ ਨਾਲੇ ਫਿਰ ਜੇ ਕੋਈ ਗਰਾਰੀ ਬਦਲਣੀ ਪਈ, ਤਾਂ ਦਿਲ ਖੋਲ੍ਹਣਾ ਸੌਖਾ ਹੋਊਗਾ ਚੱਲ ਛੱਡ ! ਸਾਨੂੰ ਕੀ ਲੋੜ ਐ - ਕੱਛਾਂ 'ਚ ਕੁਤਕੁਤੀਆਂ ਕੱਢਣ ਦੀ

----

ਮੇਰੀ ਕੁਤਕੁਤੋ ! ਤਾਂ ਆਪ ਰੁੱਸੀ ਫਿਰਦੀ ਐ- ਕਈ ਦਿਨਾਂ ਦੀ !! ਮੈਂ ਐਨੇ ਤੈਨੂੰ ਖ਼ਤ ਲਿਖੇ ਪਰ ਤੂੰ ਕਦੇ ਕਿਸੇ ਦਾ ਜੁਆਬ ਨਹੀਂ ਦਿੱਤਾ ਹੁਣ ਤਾਂ ਮੇਰਾ ਜੀਅ ਕਰਦੈ, ਸਾਰੇ ਖ਼ਤਾਂ ਦੀ ਇੱਕ ਕਿਤਾਬ ਛਪਵਾ ਲਵਾਂ ਪਰ ਮੇਰੇ ਕੋਲ ਅਜੇ ਕਿਸੇ ਕੋਲੋਂ 'ਮੁੱਖ ਬੰਦ' ਲਿਖਾਉਣ ਜੋਗੇ ਪੈਸੇ ਹੈ ਨਹੀਂ ਨਾਲੇ, ਲੁਧਿਆਣੇ ਵਾਲੇ ਸਾਹਿਤ ਦੇ ਡਾਕਟਰਾਂ ਨੇ ਤਾਂ ਬਾਹਰਲੇ ਲੇਖਕਾਂ ਵਾਸਤੇ ਭਾਅ ਵੀ ਵੱਧ ਹੀ ਰੱਖਿਆ ਹੋਇਆ ਏ , ਥੋਕ 'ਚ ਭੂਮਿਕਾ ਲਿਖਣ ਲਈ ਪੰਡਿਤਾਂ ਦੀ ਯੰਤਰੀ ਵਾਂਗੂੰ 'ਮੁੱਖ ਬੰਦ' ਲਿਖ ਕੇ ਕੱਛਾਂ 'ਚ ਲਈ ਫਿਰਦੇ ਨੇ ਤੁਹਾਡੀ ਲੇਖਣੀ ਦਾ ਟੇਵਾ ਤਾਂ ਪਹਿਲਾਂ ਹੀ ਬਣਾਈ ਬੈਠੇ ਨੇ ਬੱਸ, ਡਾਲਰਾਂ ਵਾਲੀ ਮੁੱਠੀ ਖੋਲ ਕੇ ਜ਼ਰਾ ਹੱਥ ਦਿਖਾਓ ! ਓਦੋਂ ਹੀ ਦੱਸ ਦੇਣਗੇ ਕਿ ਤੁਹਾਡੀ ਕਲਾ 'ਚ ਕਿੰਨਾ ਕੁ ਦਮ ਹੈ ? ਇੱਕ ਦਿਨ ਤੁਹਾਡਾ ਨਾਮ ਸਾਹਿਤਕ ਖੇਤਰ ਵਿੱਚ ਕਿਵੇਂ ਧਰੂੰ ਤਾਰੇ ਵਾਂਗੂੰ ਚਮਕੇਗਾ

----

ਪਰ ਤੈਨੂੰ ਨਹੀਂ ਪਤੈ ? ਇਨ੍ਹਾਂ ਨੇ ਖ਼ੁਦ ਆਪਣਾ ਨਾਂ ਕਿਵੇਂ ਚਮਕਾਇਆ ਏ ?? ਆਪਣੇ-ਆਪ ਨੂੰ ਸਨਮਾਨਿਤ ਕਰਵਾਉਂਣ ਲਈ ਟਰਾਫੀਆਂ ਵੀ ਆਪ ਹੀ ਖਰੀਦ ਕੇ ਵਿਚਾਰੇ ਸਭਿਆਚਾਰਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਲੈ ਕੇ ਦਿੰਦੇ ਰਹੇ ਨੇ ! ਤਾਂ ਜਾ ਕੇ ਗੱਲ ਬਣੀ ਹੁਣ ਤਾਂ ਸੁੱਖ ਨਾਲ ਟਰਾਫੀਆਂ ਤੇ ਸਨਮਾਨ-ਚਿੰਨ੍ਹਾਂ ਨਾਲ ਇਨ੍ਹਾਂ ਦੇ ਘਰ ਭਰੇ ਪਏ ਨੇ ! ਕਈ ਵਾਰ ਹੁਣ ਤਾਂ ਇਹ ਸਨਮਾਨ ਚਿੰਨ ਕਿਰਾਏ 'ਤੇ ਵੀ ਦੇ ਦਿੰਦੇ ਨੇ ! ਨਾਲੇ 'ਲਿਖਤੀ ਕਿਰਤਾਂ' ਦਾ ਮੁੱਲ ਜੇ ਹੁਣ ਨਾ ਪਿਆ , ਤਾਂ ਫਿਰ ਕਦੋਂ ਪਊਗਾ..?

----

ਹੁਣ ਐਡੇ ਵੱਡੇ ਲੇਖਕਾਂ ਕੋਲ ਨਵੇਂ ਲਿਖਾਰੀ ਪਤਾ ਨਹੀਂ ਕਾਹਤੋਂ ਖਾਲੀ ਹੱਥ 'ਪੁਸਤਕ ਰਵਿਊ' ਕਰਵਾਉਣ ਚਲੇ ਜਾਂਦੇ ਨੇ ? ਬਾਹਰੋਂ ਗਏ ਓ ! ਸੌ-ਦੋ ਸੌ ਡਾਲਰ ਨਾਲ ਭਲਾ ਇੱਕ ਦੋ ਬੋਤਲਾਂ ਵਿਸਕੀ-ਸ਼ਿਸਕੀ ਦੀਆਂ ਮਹਾਨ ਵਿਅਕਤੀ ਦੇ ਘਰ ਦੇ ਆਓਂਗੇ , ਤਾਂ ਲੋਹੜਾ ਤਾਂ ਨਹੀਂ ਆਉਣ ਲੱਗਾ ??

ਪਰ ਕਈਆਂ ਨੂੰ ਜੀਣ ਜੋਗੀਏ ! ਵੱਡੇ ਸ਼ਾਇਰਾਂ ਦੀ ਚਾਪਲੂਸੀ ਵੀ ਨਹੀਂ ਕਰਨੀ ਆਉਂਦੀ

----

ਉਂਝ ਦੇਖ ਲੈ ! ਪਹਿਲਾਂ ਤਾਂ ਭ੍ਰਿਸ਼ਟਾਚਾਰ ਨੇ ਪ੍ਰਸਾਸ਼ਨ, ਧਰਮ 'ਤੇ ਸਿਆਸਤ ਵਿੱਚ ਘੁਸਪੈਠ ਕੀਤੀ ਸੀ, ਹੁਣ ਇਹ ਸਾਹਿਤ ਦੇ ਪਵਿੱਤਰ ਵਿਹੜੇ ਵਿੱਚ ਵੀ ਪ੍ਰਵੇਸ਼ ਕਰ ਚੁੱਕਾ ਹੈ ਇਨ੍ਹਾਂ ਦੀਆਂ ਚਾਰ ਕੁ ਕਿਤਾਬਾਂ ਤਾਂ ਕੀ ਛਪ ਗਈਆਂ ? ਸਾਡੇ ਸਾਰੇ ਸਾਹਿਤਕ ਜਗਤ 'ਤੇ ਕਬਜਾ ਕਰ ਕੇ ਬੈਠ ਗਏ ਕਿਤਾਬਾਂ ਵੀ ਕਾਹਦੀਆਂ ? ਅੱਧੀਆਂ ਰਚਨਾਵਾਂ ਤਾਂ ਕਿਸੇ ਹੋਰ ਲੇਖਕਾਂ ਦੇ ਖਿਆਲ ਚੋਰੀ ਕਰਕੇ ਵਿੱਚ ਪਾਈਆਂ ਹੁੰਦੀਆਂ ਨੇ ਹੁਣ ਤਾਂ ਇਹ ਆਪਣੀ ਕਲਾ ਏਦਾਂ ਵੇਚਦੇ ਫਿਰਦੇ ਨੇ ; ਜਿਵੇਂ : ਬਸ ਅੱਡੇ 'ਤੇ ਸੁਰਮਾ ਵੇਚਣ ਵਾਲੇ ਬਸਾਂ ਦੀਆਂ ਬਾਰੀਆਂ ਨਾਲ ਲਮਕਦੇ ਫਿਰਦੇ ਹੋਣ !

----

ਅੜੀਏ ! ਅੱਜਕਲ ਜਿਵੇਂ ਤੂੰ ਬਾਹਰ ਅੰਦਰ ਬੜਾ ਘੁੰਮਦੀ ਫਿਰਦੀ ਏਂ , ਓਵੇਂ ਸਾਡੇ ਅਖੌਤੀ ਨਾਮਵਾਰ ਲੇਖਕ ਵੀ ਵਿਦੇਸ਼ਾਂ ਦੇ ਟੂਰ 'ਤੇ ਬੜਾ ਜਾਣ ਲੱਗ ਪਏ ਨੇ ਸਾਹਿਤ ਦਾ ਪ੍ਰਚਾਰ ਕਰਨ ਆਉਂਦੇ ਨੇ, ਜਾਂ ਅਯਾਸ਼ੀ ਕਰਨ ਅਤੇ ਪੈਸਾ ਬਣਾਉਣ ?

....................

ਇਹ ਤਾਂ ਰੱਬ ਹੀ ਜਾਣੇ ??

ਪਰ ਪਹਿਲੇ ਕਈ ਲੇਖਕਾਂ ਕੋਲ ਤਾਂ ਕਿਤਾਬ ਛਪਵਾਉਣ ਜੋਗੇ ਪੈਸੇ ਨਹੀਂ ਸਨ ਹੁੰਦੇ ਅੱਜਕਲ੍ਹ ਦਿਆਂ ਕੋਲ ਹਵਾਈ ਟਿਕਟਾਂ ਤੇ ਹੋਰ ਖਰਚਾਪਾਣੀ ਕਰਨ ਲਈ ਐਨੀ ਮਾਇਆ ਪਤਾ ਨਹੀਂ ਕਿਥੋਂ ਆ ਜਾਂਦੀ ਏ ?

----

'ਤੇ ਓਧਰ ਦੇਖ ਲੈ ! ਕਿਤਾਬਾਂ ਛਾਪਣ ਵਾਲੇ ਪ੍ਰਕਾਸ਼ਕ !! ਉਹ ਵੀ ਬਾਹਰਲੇ ਲਿਖਾਰੀਆਂ ਦੀ ਛਿੱਲ ਇੰਝ ਲਾਹੁੰਦੇ ਨੇ; ਜਿਵੇਂ: ਬਿਨ-ਬਾਂਗੇ ਮੁਰਗੇ ਦੀ ਘੰਡੀ ਮਰੋੜ ਕੇ ਗਰਮ-ਗਰਮ ਚਮੜੀ ਲਾਹੀਦੀ ਹੁੰਦੀ ਆ ! ਓਧੇੜ ਕੇ ਰੱਖ ਦਿੰਦੇ ਨੇ ਦਿਲ, ਕਾਲਜਾ ਤੇ ਪਤਾਲੂ ਤਾਂ ਉਂਗਲਾਂ ਨਾਲ ਹੀ ਖਿੱਚ ਲੈਂਦੇ ਨੇ ! ਫਿਰ ਚਿਕਨੇ ਲਿਖਾਰੀ ਦੀ ਬਰਿੱਸਟ ਦੇ ਪੀਸ ਬਣਾ-ਬਣਾ ਕੇ ਰੱਖ ਲੈਂਦੇ ਨੇ ! ਬੱਸ, ਓਹਦੇ ਪੱਲੇ ਤਾਂ ਆਂਦਰਾਂ ਦਾ ਗੁੱਛਾ ਹੀ ਰਹਿ ਜਾਂਦਾ ਏ ਅਖੀਰ, ਢਿੱਡ 'ਚ ਮੁੱਠੀਆਂ ਦੇ ਕੇ ਵਾਪਸ ਮੁੜ ਆਉਂਦੈ-ਸੌ ਕੁ ਕਾਪੀਆਂ ਨਾਲ ਲੈ ਕੇ !!

----

ਚੱਲ ਛੱਡ ! ਬੱਸ ਹੀ ਕਰਦਾਂ ਸ਼ਾਇਦ ਕੱਲ ਨੂੰ ਮੈਨੂੰ ਵੀ ਖੱਲ ਲੁਹਾਉਣੀ ਪੈ ਜਾਵੇ ? ਕਿਸੇ ਤੋਂ 'ਮੁੱਖ ਬੰਦ' (ਭੂਮਿਕਾ) ਲਿਖਵਾਉਣੀ ਪੈ ਜਾਵੇ ?? ਪਰ ਮੇਰੇ ਕਾਲਜੇ 'ਤੇ ਤਾਂ ਪਹਿਲਾਂ ਹੀ ਇੱਕ 'ਪੁਸਤਕ ਮੇਲੇ ਵਾਲਾ' ਕਨੇਡਾ ਆਕੇ ਹੀ ਨਹੁੰਦਰਾਂ ਮਾਰ ਗਿਆ ਏ ਚਾਰ ਕੁ ਕਿਤਾਬਾਂ ਦੇ ਪੈਂਹਟ ਡਾਲਰ ਲੈ ਗਿਆ ਬਾਅਦ 'ਚ ਮੈਂ ਚਾਲੀ ਨਾਲ ਗੁਣਾ ਕੀਤੀ ਤਾਂ ਛੱਬੀ ਸੌ ਰੁਪੀਈਆ ਬਣ ਗਿਆ ਪਰ ਇੰਡੀਆ ਤੋਂ ਛੱਬੀ ਸੌ ਦੀਆਂ ਕਿਤਾਬਾਂ ਖਰੀਦ ਕੇ ਭਾਵੇਂ ਅਟੈਚੀ ਭਰ ਕੇ ਲੈ ਆਉਂਦਾ ਨਾਲੇ ਪਤੰਦਰ ਕਿਸੇ ਰਸਾਲੇ ਲਈ ਚੰਦਾ ਲੈ ਗਿਆ ਸਾਲ ਹੋ ਗਿਐ, ਅਜੇ ਤੱਕ ਕੋਈ ਰਸਾਲਾ ਮੇਰੇ ਤੱਕ ਨਹੀਂ ਪਹੁੰਚਿਆ ਆਹ ! ਤਾਂ ਹਾਲ ਹੈ- ਸਾਡੇ 'ਸਾਹਿਤਕ ਸਭਿਆਚਾਰੂ ਵਪਾਰੀਆਂ ਦਾ'

'ਮੈਂ ਤਾਂ ਮਨ ਦੀ ਭੜਾਸ ਕੱਢ ਲਈ ਆ, ਪਰ ਹੁਣ ਕੀ ਬਣਦਾ ਬੁੱਲ ਟੇਰੇ 'ਤੇ !

ਪਰ ਹੁਣ ਬਚ ਕੇ ਰਿਹਾ ਕਰ ਤੂੰ ਨਖਰੋ ! ਨੀ ਕੋਈ ਹੱਥ ਫੇਰ ਜੂ ਤੇਰੇ 'ਤੇ !!

ਪਰ ਮੇਰੀਏ ਰਾਗਮਣੀਏ ! ਹੁਣ ਤੂੰ ਕਿਸੇ ਹੋਰ ਨਾਲ ਰਾਗ ਨਾ ਅਲਾਪਣ ਲੱਗ ਜਾਵੀਂ ?

ਤੂੰ ਮਿਲੀ ਤਾਂ ਦਿਲ ਵਿੱਚ ਜੀਣ ਦੀ ਆਸ ਹੋਈ !

ਤੂੰ ਮਿਲ ਕੇ ਰੋਈ ਤਾਂ ਜੰਗਲ 'ਚ ਬਰਸਾਤ ਹੋਈ !

ਹਾਲੇ ਵੀ ਸ਼ੁਕਰ ਐ ! ਜੇ ਹੱਸ ਕੇ ਮਿਲਦੀ ਤਾਂ ਜੰਗਲ ਵਿਚ ਅੱਗ ਲੱਗ ਜਾਣੀ ਸੀ

ਪਰ ਦੇਖਿਆ ? ਮੈਂ ਵੀ ਸ਼ਾਇਰੀ ਕਰ ਲੈਂਦਾ ਹਾਂ, ਭਾਵੇਂ ਚੋਰੀ ਕਰ ਕੇ ਹੀ ਕਰਾਂ !

ਐਪਰ ਮੈਂ ਚੋਰ ਨਹੀਂ, ਚੋਰਾਂ ਨੂੰ ਪੈਣ ਵਾਲਾ ਮੋਰ ਹਾਂ !

ਤੇਰੇ ਕਦਮਾਂ ਤੋਂ ਅੱਗੇ ਲੰਘਦੀ ਮੂਹਰੇ ਤੁਰਦੀ ਤੋਰ ਹਾਂ !

ਤੇਰੀਆਂ ਨਜ਼ਰਾਂ ਵਿੱਚ ਸ਼ਾਇਰ ਜਾਂ ਮੈਂ ਕੁਝ ਹੋਰ ਹਾਂ !!'

ਪਰ ਮੈਂ ਤੇਰਾ ਹਾਂ ਤੂੰ ਮੈਨੂੰ ਆਪਣਾ ਬਣਾ ਕੇ ਰੱਖੀਂ ਨਹੀਂ ਤਾਂ ਮੈਂ ਵੀ ਲੁਧਿਆਣੇ ਜਾ ਕੇ 'ਮੁੱਖ ਬੰਦ-ਭੂਮਿਕਾ ਸੈਂਟਰ ਫਾਰ ਨਿਊ ਐਂਡ ਫਾਰਨਰ ਰਾਈਟਰਜ਼ ਐਸੋਸੀਏਸ਼ਨ' ਨਾਮੀ ਸੰਸਥਾ ਖੋਲ ਕੇ ਬਹਿ ਜਾਣਾ ਏ

ਪਰ ਫਿਰ ਵੀ ਜੇ ਕਦੇ ਤੂੰ ਆਪਣੇ ਹੁਸਨ ਦੀ ਭੂਮਿਕਾ ਬਨ੍ਹਾਉਣੀ ਹੋਈ ਜਾਂ ਅੰਤਿਕਾ ਲਿਖਵਾਉਣੀ ਹੋਈ ਤਾਂ ਸਿੱਧੀ ਮੇਰੀ ਦੁਕਾਨ 'ਤੇ ਆ ਜਾਵੀਂ ਸੱਚੀਂ ! ਨਾਂਹ ਨਹੀਂ ਕਰੂੰਗਾ ਪਰ ਉਸਦੇ ਬਦਲੇ 'ਚ ਪਿਆਰ ਦੀ ਦਕਸ਼ਣਾ ਤਾਂ ਦੇਣੀ ਹੀ ਪੈਣੀ ਏ..! ਮੇਰੀਏ ਸਾਹਿਤਕ-ਦ੍ਰਿਸ਼ਟੀਏ ! ਅਸਾਹਿਤਕ-ਸ੍ਰਿਸ਼ਟੀਏ !!

ਤੇਰੇ 'ਗ਼ਜ਼ਲੀ ਜੋਬਨ' ਦੇ ਆਖਰੀ ਮਤਲੇ ਵਰਗਾ,

ਤੇਰੇ ਦਿਲ ਦਾ ਸਭਿਆਚਾਰੀ ਅਲੰਬਰਦਾਰ !

ਨਹੀਂ ਸੱਚ, ਲੰਬੜਦਾਰ !!

ਤੇਰਾ ਗੁਰਮੇਲ ਬਦੇਸ਼ਾ ਯਾਰ !!!


2 comments:

Writer-Director said...

Lohrhe de rujhevenyan vichon vi waqt kadhge issnu parheya hai....bilkul gitteyaan te mari hai te chhaal chuka diti hai.... eho jihe hor bahuat kujh di uumeed naal...Darshan darvesh

Gurmail-Badesha said...

Maanyog DARSHAN DARVESH JIO !
aapdi barhi meharbani, ke tusi time kadh ke mainu parhde ho ! dilon dhanvadhi han , baaki a tan nikki jihi koshish hai .May be! kise te assar ho sake,dubara dhanvaad karda hoia; aapda- gurmail badesha.