ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਇੱਕ ਖ਼ਤ- ਗੁਰਮੀਤ ਬਾਵਾ ਦੀ ਹੇਕ ਵਰਗੀ ਕੁੜੀ ਦੇ ਨਾਂ !

(ਪੋਸਟ: ਜਨਵਰੀ 9, 2009)

ਮੇਰੀ ਪਿਆਰੀ ਬੈਂਜੋ !


ਤੈਨੂੰ ਯਮਲੇ ਜੱਟ ਦੀ ਤੂੰਬੀ ਵਰਗਾ ਪਿਆਰ !!


ਮੇਰੇ ਸੁਪਨਿਆਂ ਦੀਏ ਸੁਰ-ਤਾਲੇ !


ਗੁਰਦਾਸ ਮਾਨ ਦੀ ਝਾਂਜਰ ਵਾਂਗੂੰ ਬੜੇ ਦਿਨ ਹੋ ਗਏ ਨੇ, ਕਦੇ ਤੂੰ ਦਿਲ ਦੇ ਵਿਹੜੇ 'ਚ ਹੁਣ ਛਣਕਦੀ ਹੀ ਨਹੀਂ


ਕਿਤੇ ਚਮਕੀਲੇ ਦਾ ਅਖਾੜਾ ਤਾਂ ਨਹੀਂ ਸੁਣਨ ਚਲੀ ਗਈ ? ਜਾਂ ਕਿਤੇ ਦਿਲਸ਼ਾਦ ਜਾਂ ਬਿੰਦਰਖੀਏ ਤੋਂ ਗੁਆਚੇ ਲੌਂਗ ਬਾਰੇ ਪਤਾ ਤਾਂ ਨਹੀਂ ਕਰਨ ਚਲੀ ਗਈ ?? ਸੱਚੀਂ! ਪੁਰਾਣੇ ਗਾਣਿਆ ਵਾਂਗੂੰ ਤੇਰੀ ਬੜੀ ਯਾਦ ਆਉਂਦੀ ਏ ਵੈਸੇ ਦੇਖ ਲੈ ! ਜਦੋਂ ਸਦੀਕ ਜਾਂ ਰਣਜੀਤ ਕੌਰ ਗਾਉਂਦੇ ਹੁੰਦੇ ਸੀ , ਤਾਂ ਸਾਹ ਰੋਕ ਕੇ ਸੁਣੀ ਦਾ ਹੁੰਦਾ ਸੀ ; ਜਿਵੇਂ : ਮੈਂ ਤੇਰੀਆਂ ਸੁਣਦਾ ਹੁੰਦਾਂ ,“ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਦੀਂਹਦਾ ਵੀਰ...!ਆਹੋ ! ਛੱਤੀ ਦਾ ਵੀਰ ਕੰਮ ਜੁ ਚੰਗੇ ਕਰਦਾ ਸੀ ਇਹ ਤਾਂ ਸ਼ੁਕਰ ਕਰੋ ਕਿ ਥੋਡੀ ਘੋੜੀ ਸਹੀ ਸਲਾਮਤ ਘਰੇ ਮੁੜ ਆਈ ਓਧਰ ਚੰਦੜ ਵੀ ਸਾਰੇ ਘੋੜਿਆਂ 'ਤੇ ਚੜ ਕੇ ਆਏ ਸੀ ਨਹੀਂ ਤਾਂ ਤੂੰ ਫਿਰ ਉਲਾਂਭਾ ਦੇਣਾ ਸੀ ਕਿ ਸਾਹਿਬਾਂ ਦੇ ਬਦਲੇ 'ਚ ਉਹ ਸਾਡੀ ਘੋੜੀ ਕੱਢ ਕੇ ਲੈ ਗਏ ਨੇ !ਪਰ ਮੇਰੀਏ ਛੰਦ-ਪਰਾਗੀਏ ! ਗਾਣੇ ਤਾਂ ਅੱਜਕਲ ਦੇ ਗਾਇਕ ਵੀ ਗਾ ਕੇ ਧੁੱਕੀਆਂ ਪੱਟੀ ਜਾਂਦੇ ਨੇ ,“ਜਿਹੜਾ ਤੇਰਾ ਵਰ ਲੱਭਿਆ , ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ...!ਕੁੜੀ ਤਾਂ ਸੁਣ-ਸੁਣ ਕੇ ਦੋ-ਚਿੱਤੀ ਵਿੱਚ ਪੈ ਜਾਂਦੀ ਏ ,ਕਿ ਕਿਤੇ ਸਹੁਰੀਂ ਜਾਕੇ ਲਿੱਦ ਸੁੱਟਣੀ ਨਾ ਪੈ ਜਾਵੇ ? ਪਰ ਜਦ ਵਿਆਹ ਤੋਂ ਬਾਅਦ ਉਥੇ ਬਾਹਰਲੇ ਵਿਹੜੇ ਜਾ ਕੇ ਦੇਖਦੀ ਹੈ ਕਿ ਕੋਈ ਘੋੜੀ ਤਾਂ ਨਜ਼ਰ ਨਹੀਂ ਆਉਂਦੀ , ਸਾਰਾ ਘਰ ਤਾਂ ਸ਼ਿਕਾਰੀ ਕੁੱਤੀਆਂ ਨਾਲ ਭਰਿਆ ਪਿਐ , ਤਾਂ ਆਪਣੇ ਮਾਹੀ ਨੂੰ ਪੁੱਛਦੀ ਹੈ ,“ ਜੀ ! ਮੈਂ ਤਾਂ ਸੁਣਿਆ ਸੀ , ਤੁਹਾਨੂੰ ਘੋੜੀਆਂ ਰੱਖਣ ਦਾ ਸ਼ੌਂਕ ਹੈ..ਤੇ ਆਹ ਕੀ..?” ਤੇ ਅੱਗੋਂ ਮਾਹੀ ਆਖਦੈ , “ਹੁਣ ਅਸੀਂ ਬਿਜ਼ਨੈੱਸ ਚੇਂਜ਼ ਕਰ ਲਿਐ ..।


ਵੈਸੇ, ਕਈ ਕਲਾਕਾਰ ਅੱਜਕਲ ਪਿਆਰ ਦੀਆਂ ਗੱਲਾਂ ਨਾਲੋਂ ਗੀਤਾਂ 'ਚ ਕੰਮ-ਧੰਦੇ ਦੀਆਂ ਗੱਲਾਂ ਜ਼ਿਆਦਾ ਕਰਦੇ ਨੇ ਪਾਣੀ ਹੋ 'ਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦਿੱਤਾ...ਕਈਆਂ ਨੇ ਤਾਂ ਗਾਣਾ ਸੁਣ ਕੇ ਹੀ ਝੋਨਾ ਸੁਕਾ ਲਿਆ..ਵੈਸੇ ਬਠਿੰਡੇ ਵਾਲੇ ਜਦੋਂ ਦੇ ਨਰਮਾ- ਕਪਾਹ ਛੱਡ ਕੇ ਝੋਨੇ ਵੱਲ ਆਏ ਨੇ ਤਾਂ ਖੇਤੀਬਾੜੀ ਯੂਨੀਵਰਸਿਟੀ ਵਾਲਿਆ ਵਾਂਗੂੰ ਗੀਤਾਂ 'ਚ ਵੀ ਝੋਨੇ ਦੀਆਂ ਕਿਸਮਾਂ ਬਹੁਤ ਪੈਦਾ ਕਰਨ ਲੱਗ ਪਏ ਨੇ; ਝੋਨਾ ਨੰ:ਵੰਨ, ਝੋਨਾ-ਟੂ, ਥਰੀ-ਫੋਰ ..'ਜੱਟ ਵੀ ਸੋਚਣ ਲੱਗ ਪਏ ਨੇ , ਸ਼ਾਇਦ ਕੋਈ ਹੋਰ ਵਧੀਆ ਕਿਸਮ ਆ ਜਾਵੇ ਫਿਰ ਹੀ ਝੋਨਾ ਲਾਵਾਂਗੇ ..।'


'ਤੇ ਏਧਰ ਤੇਰੇ ਚਾਚੇ ਹੋਣੀ ਵੀ ਦੇਖ ਲੈ ! ਖਾਣ ਪੀਣ ਦੀਆਂ ਗੱਲਾਂ ਵੀ ਗੀਤਾਂ 'ਚ ਹੀ ਕਰਦੇ ਨੇ ਚਾਚਾ ਹੱਡੀਆਂ ਚੂੰਡਣ ਦਾ ਸ਼ੌਂਕੀ ਨੀ ! ਮੁਰਗੇ ਨੂੰ ਲਾ ਲੈ ਤੜਕਾ...ਵੈਸੇ ਤੇਰੇ ਚਾਚੇ ਦੀ ਆਦਤ ਵੀ ਸਾਡੇ ਟੋਮੀ ਵਾਲੀ ਲਗਦੀ ਐ ! ਭਲਾ ਕੋਈ ਉਹਨੂੰ ਪੁੱਛਣ ਵਾਲਾ ਹੋਵੇ ਕਿ ਜੇ ਹੱਡੀਆਂ ਹੀ ਚੂੰਡਣੀਆਂ ਨੇ , ਤਾਂ ਪਹਿਲਵਾਨ ਦੇ ਢਾਬੇ ਦੇ ਪਿਛਲੇ ਪਾਸੇ ਜਾ ਕੇ ਬੈਠ ਜੇ ਉਥੇ ਸੁਆਦ ਨਹੀਂ ਲਗਦੀਆਂ ਤਾਂ ਮੋਗੇ 'ਵੈਕਟੋਰੀਆ ਪੈਲਿਸ' ਦੇ ਆਲੇ-ਦੁਆਲੇ ਪੂਛ ਹਿਲਾ ! ਬੋਨਿਸ ਵਿੱਚ ਹੱਡੀਆਂ ਦੇ ਨਾਲ਼ ਭੋਰਾ ਮਾਸ ਵੀ ਮਿ਼ ਸਕਦਾ ਹੈ ਨਾਲੇ ਸਾਡੇ ਇਲਾਕੇ ਦੇ ਲੋਕ ਤਾਂ ਦਿਲ ਦਰਿਆ ਨੇ..! ਮੁਰਗੇ ਦਾ ਲੈੱਗ ਪੀਸ ਤਾਂ ਕੀ ? ਮਹੀਂਵਾਲ ਵਾਂਗੂੰ ਪੱਟ ਦਾ ਮਾਸ ਵੀ ਖੁਆ ਸਕਦੇ ਨੇ ! ਕੋਈ ਖਾਣ ਵਾਲਾ ਤਾਂ ਬਣੇ..!! ਨਾਲੇ ਤਾਜ਼ਾ ! ਬੱਕਰੇ ਦੇ ਪੱਟ ਦਾ ਮਾਸ !! ਆਹੋ ! ਮਹੀਂਵਾਲ ਨੇ ਕਿਹੜਾ ਆਵਦੇ ਪੱਟ ਦਾ ਮਾਸ ਸੋਹਣੀ ਨੂੰ ਖੁਵਾਇਆ ਸੀ ..? ਪੱਟ ਤਾਂ ਓਹਦੇ ਕ੍ਰਿਸ਼ਨ ਦੀ ਬੰਸਰੀ ਵਰਗੇ ਸੀ ਜਦੋਂ ਸੋਹਣੀ ਨੂੰ ਮਿਲਣ ਆਉਂਦਾ ਹੁੰਦਾ ਸੀ ਤਾਂ ਪੱਟਾਂ 'ਤੇ ਤਾਂ ਜੁਆਕਾਂ ਦੇ ਡੈਪਰ ਲਪੇਟ ਕੇ ਉੱਤੇ ਧੋਤੀ ਬੰਹ੍ਹ ਲੈਂਦਾ ਸੀ ਪਰ ਓਸ ਡੁੱਬ ਜਾਣੀ ਨੂੰ ਵੀ ਕੀ ਪਤਾ ਲਗਣਾ ਸੀ ,ਕਦੇ ਧੋਤੀ ਪਿੰਜਣੀਆਂ ਤੋਂ ਉਤਾਂਹ ਕੀਤੀ ਹੁੰਦੀ ਤਾਂ ਹੀ ਸੀ ..


ਨੀ ! ਮੇਰੇ ਘੜੇ ਦੀਏ-ਘੜੋਲੀਏ !! ਗੁੱਸਾ ਨਾ ਕਰ ਜਾਵੀਂ ! ਪਿਛਲੀ ਵਾਰ ਤੇਰੀ ਭੈਣ ਤੇ ਭਣੋਈਆ ਤਾਂ ਗੱਲ ਦਿਲ 'ਤੇ ਲਾ ਕੇ ਬਹਿ ਗਏ ਨੇ ! ਸੱਟ ਦਿਲ 'ਤੇ ਲੱਗੀ ਏ ..ਤਾਂ ਕਰਕੇ..! ਪਰ ਜੀਜੇ ਨਾਲ ਪੰਗੇ ਲੈਣੋ ਲਗਦੈ, ਹਟ ਤਾਂ ਨਹੀਂ ਸਕਦੇ ! ਅੱਜਕਲ ਸੁਣਿਐ ,ਤੇਰੀ ਭੇਣ ਇੰਗਲੈਂਡ ਵਾਲੇ ਥੋਡੇ ਵੱਡੇ ਪ੍ਰਾਹੁਣੇ ਨਾਲ ਪੇਚਾ ਪਾਉਣ ਨੂੰ ਫਿਰਦੀ ਏ ! ਚਿੱਠੀਆਂ ਵਲ-ਵਲ ਕੇ ਭੇਜਦੀ ਏ ! ਸ਼ਤੀਰਾਂ ਨੂੰ ਜੱਫੇ ਪਾਉਣੋ ਹਟ ਜਾ ਪਤਲੀਏ ਨਾਰੇ ..!!


ਓ ਹੋ ! ਮੇਰੀ ਸੁਰਤ ਵੀ ਦੇਖ ਲੈ ਵਿਚੋਂ ਕਿਧਰ ਚਲੀ ਜਾਂਦੀ ਏ ? ਪਰ ਦਿਲ 'ਚ ਤਾਂ ਕਹਿੰਦੀ ਹੋਊਗੀ , “ਸਾਨੂੰ ਰੋਜ਼ ਦਾ ਸਤਾਉਣੋ ਹਟ ਜਾ ..! ਵੇ ਸੀਟੀ ਮਾਰ ਕੇ ਬੁਲਾਉਣੋ ਹਟ ਜਾ !!” 'ਤੇ ਅੱਗੋਂ ਵੱਡਾ ਬਾਈ ਕਹਿੰਦਾ ਹੋਊਗਾ, 'ਵਜਾਈ ਜਾਣ ਦੇ, ਜਦੋਂ ਓਹਦੀਆਂ ਬਰਾਸ਼ਾਂ ਦੁਖਣ ਲੱਗ ਪਈਆਂ ਆਪੇ ਹਟ ਜਾਊਗਾ..'ਚੱਲ ਛੱਡ !


ਪਰ ਮੇਰੀਏ ਗਿਟਾਰ ਵਰਗੀਏ ਨਾਰੇ ! ਮਾਣਕ ਨਵੇਂ ਗਾਇਕਾਂ ਬਾਰੇ ਕਹਿੰਦਾ ਹੁੰਦੈ, 'ਅਸੀਂ ਤਾਂ ਗਾਉਣ ਵੇਲੇ ਵਿਚੋਂ ਸਾਹ ਲੈਣ ਲਈ ਸਾਜ਼ਾਂ ਦਾ ਆਸਰਾ ਲੈਂਦੇ ਹੁੰਦੇ ਸੀ, 'ਤੇ ਅੱਜਕਲ ਦੇ ਗਾਇਕ ਸਾਜ਼ਾਂ ਨੂੰ ਸਾਹ ਦਿਵਾਉਣ ਲਈ ਗਾਉਂਦੇ ਨੇ ! ਪਰ ਮਾਣਕ ਸਾਹਿਬ ਦੀ ਕਿਆ ਬਾਤ ਹੈ ..?..'ਹੁਣ ਤੱਕ ਹਿੱਕ ਦੇ ਜ਼ੋਰ ਨਾਲ ਗਾਉਂਦਾ ਰਿਹਾ...! ਜਿਥੇ ਤੇਰਾ ਸੀ ਅਜੀਤ ਸਿੰਘ ਚਾਚਾ .! ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ .ਹੱਸ ਕੇ..! ਦੇਸ ਲਈ ਕਿੰਝ ਮਰਨਾ ਓ ਗਿਆ ਦੱਸ ਕੇ ...!!' ਇਹ ਸਤਰਾਂ ਭਗਤ ਸਿੰਘ ਨੂੰ ਸੰਭੋਧਿਤ ਸਨ ਵੈਸੇ ਸੁਣਿਐ, ਅਜੀਤ ਸਿੰਘ ਨੂੰ ਫਾਂਸੀ ਤਾਂ ਭਗਤ ਸਿੰਘ ਤੋਂ ਬਾਅਦ 'ਚ ਲੱਗੀ ਸੀ ..'ਤੇ ਓਧਰ ਦੇਖ ਲੈ ! ਦੀਦਾਰ ਸੰਧੂ !! ਨੀ ਮੈਂ ਪੁੱਤ ਬੁੜੀ ਦਾ 'ਕੱਲਾ..! ਵਹੁਟੀ ਜਿਉਂ ਚਾਂਦੀ ਦਾ ਛੱਲਾ..!! 'ਤੇ ਏਸੇ ਗੀਤ 'ਚ ਅੱਗੇ ਜਾ ਕੇ ਕਹਿੰਦੈ, 'ਨੀ ਤੇਰਾ ਜੇਠ ਖੰਘੂਰੇ ਮਾਰੇ..! ਘਰ ਵਿੱਚ ਚੁੱਪ ਵਰਤ ਗਈ ਸਾਰੇ..”!! ਅੱਜ ਦੀਦਾਰ ਜੇ ਜਿਉਂਦਾ ਹੁੰਦਾ ਤਾਂ ਪੁੱਛਦੇ , ਬਈ ਜੇ ਪੁੱਤ ਬੁੜੀ ਦਾ ਇਕੱਲਾ ਸੀ , ਤਾਂ ਵਿਹੜੇ 'ਚ ਜੇਠ ਕਿਧਰੋਂ ਆ ਗਿਆ ..? ਜਾਂ ਹੋ ਸਕਦੈ ਕੋਈ ਧੱਕੇ ਨਾਲ ਹੀ ਬਣ ਗਿਆ ਹੋਵੇ !ਚੱਲ ਕੋਈ ਨਾ , ਪੀਤੀ-ਖਾਧੀ ਵਿੱਚ ਵਾਧਾ ਘਾਟਾ ਹੋ ਈ ਜਾਂਦਾ ਏ.! ਪਰ ਪੁਰਾਣੇ ਗਾਇਕ ਪੁਰਾਣੇ ਹੀ ਸੀ


ਅੱਜਕੱਲ੍ਹ ਦੇ ਤਾਂ ਬੱਸ ਨੱਚਣ-ਟੱਪਣ ਜੋਗੇ ਹੀ ਰਹਿ ਗਏ ਨੇ !.. ਪੰਜਾਬੀਆਂ ਦਾ ਢੋਲ ਵੱਜਦਾ..ਲਗਦੈ, ਮੈਥੋਂ ਇਹ ਢੋਲ ਦਾ ਪੋਲ ਖੁਲਵਾ ਕੇ ਹੀ ਹਟਣ ਗੇ ਹੁਣ ਤਾਂ ਸਾਨੂੰ ਅਸੀਸਾਂ ਵੀ ਹਰ ਕੋਈ 'ਨਾਚੇਂ-ਗਾਂਏਂ..!..ਗੀਧੇ- ਬੰਗੜੇ ਪਾਂਏਂ!!' ਦੀਆਂ ਹੀ ਦਿੰਦਾ ਹੈ ਉਨ੍ਹਾਂ ਨੂੰ ਵੀ ਪਤੈ ਕਿ ਇਨ੍ਹਾਂ ਦਾ ਤਾਂ ਕੰਮ ਹੀ ਇਹੋ ਰਹਿ ਗਿਐ ! ਇੱਕੋ ਹੀ ਆਦਮੀ ਧਾਰਮਿਕ ਗਾਣੇ 'ਚ ਚੜਦੀ ਕਲਾ ਵਾਲਾ ਨਿਹੰਗ ਸਿੰਘ ਬਣਿਆ ਹੁੰਦੈ , ਤੇ ਓਹੀ ਕਥਿਤ ਸਭਿਆਚਾਰਕ ਗੀਤ 'ਚ ਦਾੜਾ ਖਿਲਾਰ ਕੇ ਨੱਚਣ ਲੱਗਾ ਹੁੰਦਾ ਏ - ਅੱਧ ਨੰਗੀਆਂ ਕੁੜੀਆਂ-ਚਿੜੀਆਂ ਦੇ ਨਾਲ ਪਰ ਸ਼ਾਇਦ ਕਲਾਕਾਰ ਹੋਣ ਦੇ ਨਾਤੇ ਇਹ ਸੱਭ ਕੁਝ ਕਰਨਾ ਪੈ ਰਿਹਾ ਹੋਵੇਨਾਲੇ ਪਾਪੀ ਪੇਟ ਕਾ ਭੀ ਸਵਾਲ ਹੋਤਾ ਹੈ ਨਾ ..!


ਤੇ ਜਿਹੜੀਆਂ ਨਾਲ ਨੱਚ ਦੀਆਂ ਹੁੰਦੀਆਂ ਨੇ, ਉਹ ਤਾਂ ਸ਼ਰੇਆਮ ਪੇਟ ਦਿਖਾ ਕੇ ਪੇਟ ਦਾ ਸੁਆਲ ਨੰਗਾ ਕਰ-ਕਰ ਕੇ ਦਿਖਾ ਰਹੀਆਂ ਹੁੰਦੀਆਂ ਨੇ , ਕਿ ਆਹ ਦੇਖੋ ! ਆਹ ਢਿੱਡ ਹੀ ਸੱਭ ਕੁਝ ਕਰਾ ਰਿਹਾ ਹੈ ਓਏ ਵੇਖੋ ਲੋਕੋ ! ਸਾਡੇ ਮਾਂ-ਪਿਉ ਤਾਂ ਸਾਨੂੰ ਪਾਉਣ ਨੂੰ ਪੂਰੇ ਕੱਪੜੇ ਵੀ ਨਹੀਂ ਦਿੰਦੇ ਤੇ ਜਿਹੜੇ ਉਪਰਲੇ ਜ਼ਰੂਰੀ ਜ਼ਰੂਰੀ ਪਾਰਟ ਲਕੋਏ ਨੇ ,ਇਹ ਵੀ ਅਸੀਂ ਸਾਰੀ ਟੀਮ ਵਾਲੀਆਂ ਨੇ ਇੱਕ ਕਮੀਜ਼ ਦਾ ਕੱਪੜਾ ਲੈਕੇ ਗਰੀਬੀ ਦਾਅਵੇ ਨਾਲ ਹੱਥ ਘੁੱਟ ਕੇ ਮਸਾਂ ਪੂਰੇ ਪੂਰੇ ਬਣਵਾ ਕੇ ਸ਼ੂਟਿੰਗ ਤੇ ਆਈਆਂ ਹਾਂ ਵੈਸੇ ਜੇ ਅੱਜ ਗਾਂਧੀ ਜਿਉਂਦਾ ਹੁੰਦਾ, ਤਾਂ ਏਹੋ ਜਿਹੀਆਂ ਭਾਰਤੀ ਨਾਰੀਆਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਕਿ ਕਿਸੇ ਨੇ ਤਾਂ ਬਾਪੂ ਦੇ ਚਰਖੇ ਦੀ ਲਾਜ ਰੱਖੀ ਨਾਲੇ ਇਨਾਂ ਦੀਆਂ ਪਾਰਦਰਸ਼ੀ ਵੀਡੀਓਜ਼ ਦੇਖਣ ਦਿਖਾਉਣ ਲਈ ਪੋਰਟੇਬਲ ਡੀ.ਵੀ.ਡੀ ਪਲੇਅਰ ਬੱਕਰੀ ਦੇ ਸਿੰਗਾਂ 'ਤੇ ਲਾ ਕੇ ਰੱਖਦਾ


ਹੁਣ ਤਾਂ ਕਿਸੇ ਚੰਗੇ ਖਾਨਦਾਨ ਵਾਲੇ ਘਰ ਜਾ ਕੇ ਪੁੱਛੀਏ, 'ਥੋਡੀ ਕੁੜੀ 'ਸੈਂਡੀ' (ਜਿਹੜੀ ਨਿੱਕੀ ਹੁੰਦੀ ਸੀਂਢਲ ਜਿਹੀ ਹੁੰਦੀ ਸੀ ) ਕਿੱਥੇ ਗਈ ਹੈ..? ਤਾਂ ਅੱਗੋਂ ਬੜੇ ਮਾਣ ਨਾਲ ਕਹਿਣ ਗੇ, “ਸੁੱਖ ਨਾਲ ਉਹ ਤਾਂ ਹੁਣ ਗਿੱਧੇ ਦੀ ਕਪਤਾਨ ਬਣ ਗਈ ਹੈ , ਟੀਮ ਲੈ ਕੇ ਚੰਡੀਗੜ੍ਹ ਗਈ ਆ ..ਕਈਆਂ ਦੀਆਂ ਤਾਂ ਰੀਹਰਸਲਾਂ ਵੀ ਪਹਿਲਾਂ ਹੋਟਲਾਂ-ਮੋਟਲਾਂ 'ਚ ਕਰਵਾਉਂਦੇ ਨੇ ! ਫਿਰ ਕਿਤੇ ਜਾ ਕੇ ਸਲੈਕਟ ਹੁੰਦੀਆਂ ਨੇ.! ਹੁਣ ਤਾਂ ਬਾਹਰੋਂ ਜਾਕੇ ਵਿਆਹ ਕਰਵਾਉਣ ਵਾਲੇ ਮੁੰਡੇ ਬੇਸ਼ੱਕ, ਹੋਰ ਕੁਝ ਨਾ ਪੁੱਛਣ ਪਰ ਇਹ ਜ਼ਰੂਰ ਪੁੱਛਦੇ ਨੇ, “ਕਿਤੇ ਕੁੜੀ ਡਾਨਸ-ਡੂੰਸ ਤਾਂ ਨਹੀਂ ਕਰਦੀ..?”


'ਤੇ ਇਹੇ ਹੀ ਹਾਲ ਪੰਜਾਬ ਦੇ ਮੁੰਡਿਆਂ ਦਾ ਹੈ ਕਈਆਂ ਦੇ ਘਰੇ ਮਾਂ ਤਾਂ ਬੇਸ਼ੱਕ, ਦਵਾਈ ਖੁਣੋ ਮੰਜੇ ਤੇ ਪਈ ਰਹੇ ,ਪਰ ਪੁੱਤ ਨੇ ਕਿਸੇ ਗਾਉਣ ਵਾਲੇ ਦੇ ਮੂਹਰੇ ਨੱਚਣ ਜ਼ਰੂਰ ਜਾਣਾ ਹੁੰਦੈ ਪਰ ਕਈ ਮਾਪੇ ਵੀ ਇਹ ਸੋਚਦੇ ਨੇ ਸ਼ਇਦ ਕਿਸੇ ਬਹਾਨੇ ਸਾਡੀ ਕੁੜੀ ਮੁੰਡਾ ਕਨੇਡਾ ਅਮਰੀਕਾ ਹੀ ਚਲਿਆ ਜਾਵੇ


ਵੱਟੇ-ਸੱਟੇ ਦੇ ਵਿਆਹਾਂ ਵਾਂਗੂੰ ਦਿਲ 'ਚ ਘੁੰਮਦੀਏ ਕੁੜੀਏ ! ਮੈਂ ਵੀ ਤੇਰਾ ਹਾਲ ਪੁੱਛਣ ਦੀ ਬਜਾਇ ਹੋਰ ਹੀ ਪਾਸੇ ਤੁਰ ਪੈਨਾਂ! ਹੁਣ ਤੂੰ ਸੁਣਾ ! ਆਪਣੇ ਪਿਆਰ ਦੀ ਢੱਡ ਸਾਰੰਗੀ ਨੂੰ ਕੀਹਦੀ ਨਜ਼ਰ ਲੱਗ ਗਈ ਏ ? ਸੁਰ ਤਾਲ 'ਚ ਹੋ ਕੇ ਕਿੰਨ੍ਹਾ ਚਿਰ ਹੋ ਗਿਐ - ਮੁਹੱਬਤਾਂ ਦਾ ਰਾਗ ਆਲਾਪੇ ਨੂੰ ? ਮੈਂ ਤਾਂ ਹੁਣ ਬੱਸ 'ਕੱਲਾ ਹੀ ਵਾਸ਼ਰੂਮ 'ਚ ਵੜ ਕੇ ਗਾਣੇ ਗਾਉਂਦਾ ਰਹਿੰਦਾ ਹਾਂ ਘਰੇ ਵਿਹਲਾ ਬੈਠਾ ਤੇਰੇ ਹਿਜ਼ਰ ਦੀਆਂ ਬੁਰਕੀਆਂ ਖਾ ਖਾ ਕੇ ਨੁਸਰਤ ਫ਼ਤਿਹ ਅਲੀ ਖ਼ਾਨ ਬਣੀ ਜਾ ਰਿਹਾ ਹਾਂ ਪਰ ਤੂੰ ਪਤਾ ਨਹੀਂ ਕੀਹਦੇ ਨਾਲ ਗੋਡਣੀਆਂ ਲਾਕੇ ਕੱਵਾਲੀਆਂ ਗਾਉਣ ਚਲੀ ਗਈਂ ਏਂ ? ਦਿਲ ਮਰ ਜਾਣਾ ਤਾਂ ਵਿਆਹ ਵਾਲੇ ਘਰੇ ਫਿਰਦੀ ਨੈਨ ਵਾਂਗੂੰ ਅੰਦਰੋ-ਅੰਦਰੀ ਚੂੰਡੀਆਂ ਵਢਾਈ ਜਾਂਦੈ ! ਕਿ ਮੇਰਾ ਲੱਡੂ ਕੋਈ ਹੋਰ ਹੀ ਨਾ ਭੋਰ ਜਾਵੇ..??


ਤੂੰ ਇੱਕ ਵਾਰੀ ਆ ਤਾਂ ਸਹੀ,ਤੇਰੇ ਸਭ ਉਲਾਂਭੇ ਲਾਹ ਦੇਊਂਗਾ ਮੈਨੂੰ ਇਥੇ ਬਥੇਰੇ ਪ੍ਰਮੋਟਰ ਜਾਣਦੇ ਨੇ ! ਇੰਡੀਆ ਤੋਂ ਤੇਰੀ ਜਗਰਾਵਾਂ ਵਾਲੀ ਭੈਣ ਵੀ ਵਧੀਆ ਢੰਗ ਨਾਲ ਹੱਥੀਂ ਤਰਾਸ਼ੀ ਕਲਾਕਾਰਬਣਾ ਕੇ ਕੈਨੇਡਾ ਬੁਲਾ ਲਵਾਂਗੇ ! ਫੇਰ ਭਾਵੇਂ ਤੇਰਾ ਜੀਜਾ ਤੋਰੀ ਵਾਂਗੂੰ ਮੂੰਹ ਲਮਕਾ ਕੇ ਹੀ ਬਹਿ ਜਾਵੇ ! ਇਥੇ ਆਕੇ ਭਾਵੇਂ ਮਿੱਤਰਾਂ ਦੀ ਛੱਤਰੀ ਤੋਂ ਉੱਡ ਹੀ ਜਾਵੇਫੇਰ ਮੈਂ ਤਾਂ ਸਦੀਕ ਵਾਂਗੂੰ ਇਸੇ ਗਲੋਂ ਟਿੰਡ ਵਿੱਚ ਕਾਨਾ ਪਾਈ ਰੱਖਣੈ ! ਪਰ ਅੜੀਏ ! ਕਦੇ ਤੂੰ ਵੀ ਮੈਂਨੂੰ ਆਕੇ ਆਖੇਂਗੀ ,“ਮੈਂ ਸ਼ਰਬਤ ਦੀ ਬੋਤਲ ਵੇ..ਮੈਨੂੰ ਗਟ ਗਟ ਕਰਕੇ ਪੀ ਮਿੱਤਰਾ..!”.. ਤੇ ਫਿਰ ਮੈਂ ਅੱਗੋਂ ਆਖਾਂ; ' ਸਾਰੀ ਇਕੇ ਘੁੱਟ..!.. ਐਨਾ ਮਿੱਠਾ ਪੀ ਕੇ ਸ਼ੂਗਰ ਕਰਵਾਉਣੀ ਐ..??..ਚੱਲ ਕੋਈ ਨਾ..!

ਇੱਕ ਵਾਰੀ ਆ ਤਾਂ ਸਹੀ..!! ਮੇਰੀਏ ਖੰਡ ਮਿਸ਼ਰੀਏ !


ਤੇਰੀ ਉਡੀਕ ਵਿੱਚ :


ਛੁਣਛੁਣੇ ਵਰਗਾ


ਤੇਰਾ ਯਾਰ -

ਗੁਰਮੇਲ ਬਦੇਸ਼ਾ

No comments: