ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਰੋਜ਼ੀ ਸਿੰਘ - ਕਹਾਣੀ

ਪਸ਼ਚਾਤਾਪ
(ਪੋਸਟ: ਨਵੰਬਰ 6, 2008)
ਗਲ਼ੀ ਵੱਲੋਂ ਉਚੀ ਕੰਧ ਤੋਂ ਪੈਟਰੋਲ ਦੀ ਪਹਿਲੀ ਬੋਤਲ ਵਰਾਂਡੇ ਦੇ ਕੌਲ਼ੇ ਨਾਲ ਟਕਰਾਈ ਤੇ ਬਿਖਰ ਗਈ, ਦੂਜੀ ਬੋਤਲ ਦੱਖਣ ਵਾਲੇ ਪਾਸਿਓਂ ਆਈ ਤੇ ਵਿਹੜੇ ਵਿੱਚ ਹੀ ਟੋਟੇ-ਟੋਟੇ ਹੋ ਗਈ, ਜਿੰਨੀ ਦੇਰ ਵਿੱਚ ਘਰ ਦੇ ਵਿਅਕਤੀਆਂ ਨੂੰ ਕੁਝ ਸਮਝ ਆਉਂਦੀ ਪੂਰਾ ਘਰ ਪੈਟਰੋਲ ਤੇ ਮਿੱਟੀ ਦੇ ਤੇਲ ਦੀ ਹਵਾੜ ਨਾਲ ਭਰ ਗਿਆ। ਕੰਧ ਦੇ ਉਤੋਂ ਦੀ ਇੱਕ ਬਲਦੀ ਮਿਸ਼ਾਲ ਦੇ ਵਿਹੜੇ ਵਿੱਚ ਡਿਗਣ ਸਾਰ ਅੱਗ ਦੇ ਭਾਂਬੜ ਕੰਧਾ ਤੋ ਉਚੇ ਹੋ ਗਏ। ਕੁਝ ਦੇਰ ਚੀਕਾਂ ਵੱਜੀਆਂ ਤੇ ਬੰਦ ਹੋ ਗਈਆਂ, ਸੜੇ ਮਾਸ ਦੀ ਗੰਦ ਗਲ਼ੀ ਵਿੱਚ ਫੈਲ ਗਈ।
ਭੀੜ ਵਿੱਚੋਂ ਕੁਝ ਗੁੰਡਿਆਂ ਨੇ, ਕਿਸੇ ਨੇਕ ਹਿੰਦੂ ਦੇ ਘਰ ਸ਼ਰਨ ਲਈ ਬੈਠੇ ਇੱਕ ਪਾਦਰੀ ਤੇ ਨੰਨ ਨੂੰ ਘੜੀਸ ਕੇ ਬਾਹਰ ਸੜਕ 'ਤੇ ਲੈ ਆਂਦਾ ਸੀ। ਭੀੜ ਵਿੱਚੋਂ ਹੀ ਕੁਝ ਦੰਗਈਆਂ ਨੇ ਪਾਦਰੀ ਨੂੰ ਸੜਕ 'ਤੇ ਲੰਮੇ ਪਾ ਕੇ ਠੁੱਡਾਂ, ਦਸਤਿਆਂ ਤੇ ਰਾਡਾਂ ਨਾਲ ਕੁੱਟਣ ਸ਼ੁਰੂ ਕਰ ਦਿੱਤਾ। ਹਰ ਹਰ ਮਹਾਂਦੇਵ ਦੇ ਨਾਅਰਿਆਂ ਦੀ ਗੂੰਜ ਵਿੱਚ ਪਾਦਰੀ ਦੀਆਂ ਚੀਕਾਂ, ਹਾੜੇ ਤੇ ਤਰਲੇ ਗੁਆਚ ਗਏ। ਇਸੇ ਹੀ ਭੀੜ ਵਿੱਚੋਂ ਕੁਝ ਨੇ ਨੰਨ ਨੂੰ ਪਹਿਲਾਂ ਆਪਣੀਆਂ ਨਾ-ਪਾਕ ਬਾਹਵਾਂ ਵਿੱਚ ਘੁੱਟਿਆ, ਨੱਪਿਆ, ਤੇ ਉਸ ਨੂੰ ਮਾਰਿਆ ਕੁੱਟਿਆ। ਪਤਾ ਨਹੀਂ ਕਿੰਨੀਆਂ ਕੁ ਵਹਿਸ਼ੀ ਨਜ਼ਰਾਂ ਉਸਦੀ ਛਾਤੀ ਦੇ ਉਭਾਰਾਂ ਨੂੰ ਛੁੰਹਦੀਆਂ ਤੇ ਕਿੰਨੇ ਕੁ ਦਰਿੰਦਿਆਂ ਦੇ ਜ਼ਾਲਮ ਹੱਥ ਉਸਦੀਆਂ ਗੱਲ੍ਹਾਂ 'ਤੇ ਆਪਣੀਆਂ ਛਾਪਾਂ ਛੱਡ ਗਏ। ਇਹ ਸਭ ਵੀ ਉਹ ਸਹਿਣ ਕਰਦੀ ਰਹੀ, ਪਰ ਦੰਗਾਕਾਰੀਆਂ ਨੇ ਉਸ ਦੇ ਬਲਾਉਜ਼ ਨੂੰ ਟੋਟੇ-ਟੋਟੇ ਕਰ ਦਿੱਤਾ ਸੀ। ਪਾਦਰੀ ਦੀਆਂ ਅਧਮੋਈਆਂ ਅੱਖਾਂ ਸਾਹਮਣੇ ਭੜਕੀ ਭੀੜ ਨੰਨ ਨੂੰ ਸੜਕ ਨਾਲ ਬਣੀ ਇੱਕ ਇਮਾਰਤ ਵਿੱਚ ਲੈ ਗਈ ਤੇ ਉਸ ਨਾਲ ਵਾਰੀ-ਵਾਰੀ ਵਹਿਸ਼ਤ ਦੀ ਖੇਡ ਖੇਡਦੀ ਰਹੀ। ਉਸ ਨੇ ਡਾਢੀ ਕੋਸ਼ਿਸ਼ ਕੀਤੀ ਇਹਨਾਂ ਬੇ-ਰਹਿਮ ਸ਼ਿਕਾਰੀਆਂ ਦੇ ਪੰਜਿਆਂ 'ਚੋਂ ਨਿਕਲਣ ਦੀ ਪਰ ਬੇਪਛਾਣ, ਬੇਦਰਦ ਭੀੜ ਦੇ ਪੰਜਿਆਂ 'ਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁਮਕਿਨ ਸੀ। ਦਰਿੰਦਗੀ ਦੀ ਇਹ ਖੇਡ ਦੋ ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਦੰਗਈਆਂ ਨੇ ਅਲਫ਼ ਨੰਗੇ ਪਾਦਰੀ ਤੇ ਨੰਨ ਨੂੰ ਰੱਸੇ ਨਾਲ ਬੰਨ੍ਹ ਕੇ ਉਪਰ ਮਿੱਟੀ ਦਾ ਤੇਲ ਛਿੜਕ ਦਿੱਤਾ ਸੀ। ਇੱਕ ਚੁਸਤ ਜਿਹਾ ਬੰਦਾ ਜਲਦੀ-ਜਲਦੀ ਭੀੜ ਵਿੱਚੋਂ ਅੱਗੇ ਆਇਆ ਤੇ ਮਾਚਿਸ ਕੱਢ ਕੇ ਅੱਗ ਲਾਉਣ ਲਈ ਕਾਹਲ ਕਰਨ ਲੱਗਾ ਕਿ ਇੰਨੇ ਨੂੰ ਪਿਛੋਂ ਆਵਾਜ਼ ਆਈ, ''ਰੁਕੋ....! ਇਹਨਾਂ ਨੂੰ ਇਥੇ ਨਾ ਸਾੜੋ, ਇਥੇ ਸੜਨ ਦੀ ਬਦਬੂ ਆਵੇਗੀ, ਤੇ ਵਾਤਾਵਰਨ ਖਰਾਬ ਹੋਏਗਾ, ਅਸੀਂ ਸਫਾਈ-ਪਸੰਦ ਲੋਕ ਆਂ..., ਨਾਲੇ ਇਥੇ ਸਾੜਨ ਨਾਲ ਘੱਟ ਮਜ਼ਾ ਆਵੇਗਾ। ਸ਼ਹਿਰ ਦੇ ਚੌਕ 'ਚ ਲੈ ਚੱਲੋ...,'' ਤੇ ਸਾਰੀ ਭੀੜ ਨੰਨ ਤੇ ਪਾਦਰੀ ਨੂੰ ਅੱਗੇ-ਅੱਗੇ ਲਾਈ ਚੌਕ ਵੱਲ ਟੁਰ ਪਈ। ਹਰ ਹਰ ਮਹਾਂਦੇਵ, ਦੇ ਨਾਅਰਿਆਂ ਦੀ ਅਵਾਜ਼ ਹੋਰ ਉੱਚੀ ਹੋ ਗਈ। ਚੌਕ ਤੱਕ ਜਾਂਦਿਆਂ ਜਾਂਦਿਆਂ ਰਾਹ ਵਿੱਚ ਸਰਕਾਰੀ ਵਰਦੀ ਪਾਹਿਨ ਕੇ ਖਲੋਤੇ ਦੰਗਾਕਾਰੀਆਂ ਦੇ ਆਕਾਵਾਂ ਦੀ ਬੁਰਕੀ 'ਤੇ ਪਲਣ ਵਾਲੇ ਕੁੱਤਿਆਂ ਨੇ ਵੀ ਆਪਣੀਆਂ ਵਹਿਸ਼ੀ ਨਜ਼ਰਾਂ ਨਾਲ ਨੰਨ ਦੀ ਛਾਤੀ ਦੇ ਨੰਗੇ ਉਭਾਰਾਂ ਵੱਲ ਤੱਕ ਕੇ ਚੁਸਕੇ ਲਏ, ਪਰ ਕਿਸੇ ਨੇ ਉਸ ਨੂੰ ਕੱਜਣ ਦੀ ਹਿੰਮਤ ਨਾ ਕੀਤੀ, ਜਦੋਂ ਕੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਵੀ ਹਾੜੇ ਕੱਢੇ ਅਤੇ ਮਦਦ ਲਈ ਗੁਹਾਰ ਲਾਈ, ਪਰ...!
ਹਾੜੇ ਤੇ ਤਰਲੇ ਕੱਢ-ਕੱਢ ਕੇ ਪਾਦਰੀ ਤੇ ਨੰਨ ਦੀ ਆਵਾਜ਼ ਬੰਦ ਹੋ ਗਈ। ਇੰਨੀਆਂ ਸੱਟਾਂ ਨਾਲ ਉਹਨਾਂ ਦਾ ਸਰੀਰ ਸੁੰਨ ਹੋ ਗਿਆ। ਕਿਧਰੇ ਵੀ ਕੋਈ ਰਾਹ ਨਾ ਲਭਦਾ ਵੇਖ ਉਹਨਾਂ ਨੇ ਆਪਣੇ ਆਪ ਨੂੰ ਭੀੜ ਦੇ ਸਮਰਪਣ ਕਰ ਦਿੱਤਾ, ਹੋਰ ਰਹਿ ਵੀ ਕੀ ਗਿਆ ਸੀ, ਤੇ ਉਹ ਹੋਰ ਕਰ ਵੀ ਕੀ ਸਕਦੇ ਸੀ। ਚੌਕ ਤੱਕ ਪਹੁੰਚਦਿਆਂ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਏ। ਮਿੱਟੀ ਦਾ ਤੇਲ ਇੱਕ ਵਾਰ ਫੇਰ ਉਹਨਾਂ ਉੱਤੇ ਛਿੜਕਿਆ ਗਿਆ। ਜ਼ਖ਼ਮਾਂ 'ਤੇ ਤੇਲ ਦੇ ਸੜਨ ਨੇ ਉਹਨਾਂ ਦੇ ਬੇਜਾਨ ਸ਼ਰੀਰ ਵਿੱਚ ਇੱਕ ਵਾਰ ਫੇਰ ਹਲਚਲ ਪੈਦਾ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਮਾਚਿਸ ਦੀ ਚੰਗਿਆੜੀ ਉਹਨਾਂ ਦੇ ਮਾਸ ਦੀ ਗੰਧ ਚੌਕ ਵਿੱਚ ਖਿਲਾਰ ਦਿੰਦੀ, ਇੱਕ ਅਧਖੜ ਉਮਰ ਦੇ ਵਿਅਕਤੀ ਨੇ ਜ਼ੋਰ ਨਾਲ ਆਖਿਆ, ''ਇਹਨਾਂ ਨੂੰ ਕਿਉਂ ਸਾੜਦੇ ਓ...?'' ''ਇਹ ਈਸਾਈ ਨੇ, ਇਹਨਾਂ ਨੇ ਸਾਡੇ ਰਹਿਬਰ ਦਾ ਕਤਲ ਕੀਤੈ, ਸਜ਼ਾ ਤਾਂ ਮਿਲੇਗੀ ਨਾ...!'' ਭੀੜ ਵਿੱਚੋਂ ਅਨੇਕਾਂ ਆਵਾਜ਼ਾਂ ਇੱਕਸਾਰ ਵਾਤਾਵਰਨ ਵਿੱਚ ਫੈਲ ਗਈਆਂ। ਇੱਕ ਹੋਰ ਨੌਜਵਾਨ ਨੇ ਪਾਦਰੀ ਦੇ ਵਾਲਾਂ ਤੋਂ ਫੜ ਕੇ ਉਸਦਾ ਮੁੰਹ ਉਤਾਹ ਚੁੱਕਦਿਆਂ ਤੇ ਮੋਟੀ ਸਾਰੀ ਗਾਲ੍ਹ ਕੱਢਦੇ ਆਖਿਆ, ''ਦੱਸ ਓਏ ਕਿੰਨੇ ਪੈਸੇ ਦਿੱਤੇ ਤੁਸੀਂ ਕਾਤਲਾਂ ਨੂੰ ।'' ਇੱਕ ਵਾਰ ਫਿਰ ਨਾਅਰਿਆਂ ਦੀ ਆਵਾਜ਼ ਉੱਚੀ ਹੋਈ ਤੇ ਮਾਚਿਸ ਦੀ ਪਹਿਲੀ ਤੀਲ ਨਾਲ ਹੀ ਉਹਨਾਂ ਦੋਹਵਾਂ ਜਿੰਦਾਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਧਮੋਏ ਸਰੀਰ ਇੱਕ-ਦੋ ਵਾਰ ਇਧਰ ਉਧਰ ਭੱਜੇ ਤੇ ਫਿਰ ਧੜੱਮ ਕਰਕ ਧਰਤੀ 'ਤੇ ਢਹਿ ਪਏ। ਸੜੇ ਮਾਸ ਦੀ ਗੰਧ ਗਲੀਆਂ ਵਿੱਚ ਫੈਲ ਗਈ। ਭੜਕੀ ਭੀੜ ਨੇ ਤਾੜੀਆਂ ਮਾਰੀਆਂ ਤੇ ਠਹਾਕੇ ਲਗਾਏ।
ਸ਼ਾਮ ਪੈ ਚੁੱਕੀ ਸੀ ਤੇ ਹਿੰਦੂ ਤਬਕੇ ਦੇ ਜਨੂੰਨੀ ਲੋਕ ਨੇ ਇੱਕ ਦੂਜੇ ਨੂੰ ਫਿਰ ਮਿਲਣ ਦਾ ਵਾਅਦਾ ਕਰ ਕੇ ਆਪੋ-ਆਪਣੇ ਮੁਕਾਮਾਂ ਨੂੰ ਚਾਲੇ ਪਾ ਦਿੱਤੇ। ਦੰਗਈਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਾਰਾ ਕੰਮ ਮੁੱਕਣ ਤੋਂ ਬਾਅਦ ਪੁਲਿਸ ਪਾਦਰੀ ਤੇ ਨੰਨ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਛੱਡ ਆਈ। ਸ਼ਾਮ ਨੂੰ ਗਲੀਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਅਤੇ ਈਸਾਈ ਲੋਕਾਂ ਨੂੰ ਆਪੋ-ਆਪਣੇ ਟਿਕਾਣਿਆਂ 'ਤੇ ਹੀ ਦੜੇ ਰਹਿਣ ਦਾ ਹੋਕਾ ਵੀ ਲਾਇਆ ਗਿਆ ਤਾਂ ਕੇ ਦੰਗਈਆਂ ਵੱਲੋਂ ਉਹਨਾ ਨੂੰ ਮਾਰਨ ਲਈ ਜ਼ਿਆਦਾ ਖੇਚਲ ਨਾ ਕਰਨੀ ਪਵੇ।
ਰਾਤ ਦੀ ਖ਼ਾਮੋਸ਼ੀ ਤੋਂ ਬਾਅਦ ਸਵੇਰਾ ਫਿਰ ਤ੍ਰਭਕ ਉਠਿਆ ਸੀ। ਚੌਕਾਂ-ਚੌਰਾਹਿਆਂ ਵਿੱਚ ਟਾਇਰ ਸਾੜੇ ਗਏ। ਬੇ-ਅਰਥ, ਬੇ-ਅਦਬ ਤੇ ਬੇਕਿਰਕ ਭੀੜਾਂ ਕਿਸੇ ਸ਼ਿਕਾਰ ਦੀ ਭਾਲ ਵਿੱਚ ਵਾਹੋਦਾਹੀ ਇੱਧਰ-ਉਧਰ ਭੱਜਣ ਲੱਗੀਆਂ। ਸ਼ਹਿਰ ਦੇ ਸਾਰੇ ਗਿਰਜਾਘਰਾਂ ਨੂੰ ਪਹਿਲਾਂ ਹੀ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਚਾਰ-ਚੁਫ਼ੇਰੇ ਬੇ-ਪਛਾਣ ਦੰਗਾਕਾਰੀਆਂ ਦਾ ਹੜ੍ਹ ਪਸਰਿਆ ਹੋਇਆ ਸੀ। ਧੂੰਏ ਨੂੰ ਚੀਰਦੀ ਇੱਕ ਆਵਾਜ਼ ਭੀੜ ਦੇ ਕੰਨੀ ਪਈ..., ਤੇ ਸਾਰੀ ਭੀੜ ਚਰਚ ਦੇ ਗੁਆਂਢ ਵਾਲੇ ਘਰ 'ਤੇ ਝਪਟ ਪਈ। ਘਰ ਦੀ ਔਰਤ ਤੇ ਇੱਕ ਛੋਟੀ ਬੱਚੀ ਨੂੰ ਦੰਗਈਆਂ ਨੇ ਚੁੱਕ ਲਿਆ ਅਤੇ ਮਰਦਾਂ ਨੂੰ ਦਰਖ਼ਤ ਨਾਲ ਬੰਨ੍ਹ ਕੇ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਗਿਰਝਾਂ ਵਰਗੇ ਅਣਗਿਣਤ ਇਨਸਾਨਾਂ ਨੇ ਬੱਚੀ ਅਤੇ ਉਸ ਦੀ ਮਾਂ ਨੂੰ ਬੇਪੱਤ ਕਰਕੇ ਨੋਚ-ਨੋਚ ਖਾ ਲਿਆ ਤੇ ਮਚਦੇ ਟਾਇਰਾਂ ਦੇ ਢੇਰ 'ਤੇ ਸੁੱਟ ਦਿੱਤਾ। ਮਾਸ ਦੀ ਬੋ ਇੱਕ ਵਾਰ ਫਿਰ ਗਲੀਆਂ ਵਿੱਚ ਫੈਲ ਗਈ। ਫ਼ਿਰਕੂ ਜਨੂੰਨੀਆਂ ਦੀ ਭੀੜ ਨੇ ਫਿਰ ਤਾੜੀਆਂ ਵਜਾਈਆਂ ਤੇ ਠਹਾਕੇ ਮਾਰੇ...!
ਅਗਲਾ ਨਿਸ਼ਾਨਾ ਇੱਕ ਅਨਾਥ ਆਸ਼ਰਮ ਨੂੰ ਬਣਾਇਆ ਗਿਆ। ਆਸ਼ਰਮ ਦੇ ਪਾਦਰੀ ਨੂੰ ਭੀੜ ਨੇ ਕਮਰੇ 'ਚੋਂ ਧਰੂਹ ਕੇ ਬਾਹਰ ਵਿਹੜੇ ਵਿੱਚ ਲੈ ਆਂਦਾ। ਉਹਨਾਂ ਨੇ ਹੱਥ ਵਿੱਚ ਲਾਠੀਆਂ, ਲੋਹੇ ਦੇ ਡੰਡੇ, ਕੁਹਾੜੀਆਂ ਤੇ ਦਾਤਰਾਂ ਫੜੀਆਂ ਹੋਈਆਂ ਸੀ। ਪਾਦਰੀ ਨੂੰ ਕੁੱਟ ਪੈਂਦੀ ਵੇਖ ਆਸ਼ਰਮ ਦੇ ਕੁਝ ਬੱਚੇ ਤੇ ਇੱਕ ਵੀਹ-ਇੱਕੀ ਸਾਲਾਂ ਦੀ ਅਨਾਥ ਲੜਕੀ ਜੋ ਆਪਣੀ ਪੜ੍ਹਾਈ ਦਾ ਖਰਚਾ ਚਲਾਉਣ ਲਈ ਆਸ਼ਰਮ ਵਿੱਚ ਪਾਰਟ ਟਾਇਮ ਨੌਕਰੀ ਕਰਦੀ ਸੀ, ਪਾਦਰੀ ਨੂੰ ਬਚਾਉਣ ਲਈ ਬਾਹਰ ਆ ਗਏ। ਲਾਲਚੀ ਬਘਿਆੜਾਂ ਦੀ ਭੀੜ ਨੇ ਜਦ ਗੋਰੇ ਚਿੱਟੇ ਜਿਸਮ ਦੀ ਝਲਕ ਵੇਖੀ ਤਾਂ ਉਹਨਾਂ ਪਾਦਰੀ ਦੇ ਟੋਟੇ ਕਰ ਕੇ, ਲੜਕੀ ਨੂੰ ਕਾਬੂ ਕਰ ਲਿਆ ਤੇ ਉਸ ਨਾਲ ਵਾਰੀ-ਵਾਰੀ ਦਰਿੰਦਗੀ ਦੀ ਖੇਡ ਖੇਡੀ ਅਤੇ ਉਸਨੂੰ ਨੰਗਿਆਂ ਕਰ ਕੇ ਬਾਜ਼ਾਰ ਵਿੱਚ ਘੁੰਮਾਇਆ ਤੇ ਫਿਰ ਆਪਣੀ ਬਹਾਦਰੀ ਦਾ ਕਰਤਬ ਦਿਖਾਉਂਦਿਆਂ ਇੱਕ ਦੰਗਾਕਾਰੀ ਨੇ ਫੁਰਤੀ ਨਾਲ ਉਸ 'ਤੇ ਤੇਲ ਦੀ ਬੋਤਲ ਛਿੜਕ ਦਿੱਤੀ ਅਤੇ ਦੂਸਰੇ ਨੇ ਜਲਦੀ ਨਾਲ ਅੱਗ ਲਾ ਦਿੱਤੀ। ਸਭ ਕੁਝ ਏਨੀ ਜਲਦੀ-ਜਲਦੀ ਹੋ ਰਿਹਾ ਸੀ ਕਿ ਦੰਗਈਆਂ ਨੂੰ ਸਾਹ ਚੜ੍ਹ ਗਿਆ। ਦੂਜੇ ਪਾਸੇ ਤੋਂ ਕੁਝ ਸੇਵਾਦਾਰਾਂ ਵੱਲੋਂ ਭੀੜ ਦੀ ਥਕਾਵਟ ਦੂਰ ਕਰਨ ਲਈ ਕੇਲਿਆਂ ਦਾ ਲੰਗਰ ਵੰਡਿਆ ਗਿਆ। ਪੁਲਿਸ ਵਾਲਿਆਂ ਨੇ ਵੀ ਇਸ ਸੇਵਾ ਵਿੱਚ ਆਪਣਾ-ਆਪਾ ਸਫ਼ਲ ਕਰਨ ਲਈ ਬਹੁਤ ਸਾਰੇ ਦੰਗਈਆਂ ਨੂੰ ਪਾਣੀ ਦੀਆਂ ਬੋਤਲਾਂ ਭੇਂਟ ਕਰਕੇ ਤਸੱਲੀਬਖ਼ਸ਼ ਸੇਵਾ ਕਰਨ ਦਾ ਸੌਭਾਗ ਪ੍ਰਾਪਤ ਕਰ ਲਿਆ।
ਸ਼ਾਮ ਨੂੰ ਭੀੜ ਦੀ ਅਗਵਾਈ ਕਰਦਾ ਇੱਕ ਨੇਤਾ ਕਿਸਮ ਦਾ ਦੰਗਈ ਚੌਕ ਵਿੱਚ ਬਣੇ ਟ੍ਰੈਫ਼ਿਕ ਵਾਲੇ ਥੜ੍ਹੇ 'ਤੇ ਖਲੋ ਕੇ ਦੰਗਾਕਾਰੀਆਂ ਨੂੰ ਸੰਬੋਧਨ ਕਰਨ ਲੱਗਾ..., ''ਮੇਰੇ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਬਈ ਧਰਮ ਦੀ ਮਜ਼ਬੂਤੀ ਲਈ ਅਤੇ ਧਰਮ ਦੀ ਰੱਖਿਆ ਵਾਸਤੇ ਅਤੇ ਆਪਣੇ ਰਹਿਬਰ ਦੀ ਮੌਤ ਦੇ ਬਦਲੇ ਲਈ ਜੋ ਸਾਡੇ ਵੱਲੋਂ ਮੁਹਿਮ ਛੇੜੀ ਗਈ ਹੈ, ਉਸ ਸਬੰਧੀ ਅੱਜ ਤੀਜੇ ਦਿਨ ਵੀ ਅਸੀਂ ਕੋਈ ਜ਼ਿਆਦਾ ਨੁਕਸਾਨ ਨਹੀਂ ਕਰ ਸਕੇ। ਇੱਕ ਤਾਂ ਮਿੱਟੀ ਦੇ ਤੇਲ ਦੀ ਕੁਆਲਿਟੀ ਬਹੁਤੀ ਚੰਗੀ ਨਹੀਂ ਏ, ਜਿਸ ਕਰਕੇ ਜਲਦੀ ਅੱਗ ਨਹੀਂ ਮਚਦੀ, ਤੇ ਦੂਜਾ ਸਾਨੂੰ ਜ਼ਿਆਦਾ ਲੋਕ ਵੀ ਨਹੀਂ ਮਿਲ ਰਹੇ ਸਾੜਨ ਵਾਸਤੇ। ਕੱਲ੍ਹ ਨੂੰ ਸੰਘਣੀ ਈਸਾਈ ਆਬਾਦੀ ਵਾਲੇ ਇਲਾਕਿਆਂ 'ਤੇ ਹਮਲਾ ਕੀਤਾ ਜਾਵੇਗਾ, ਤੇ ਹਰ ਵਿਅਕਤੀ ਆਪਣੇ ਨਾਲ ਪੈਟਰੋਲ ਦੀ ਇੱਕ-ਇੱਕ ਬੋਤਲ ਜ਼ਰੂਰ ਲੈ ਕੇ ਆਵੇ। ਤੇ ਹਾਂ..., ਇੱਕ ਗੱਲ ਹੋਰ..., ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਹਿੰਦੂ ਦਾ ਕੋਈ ਨੁਕਸਾਨ ਨਾ ਹੋਵੇ..., ਈਸਾਈ ਔਰਤਾਂ ਦੀ ਪੱਤ ਲੁੱਟਣਾ ਧਰਮ ਦੀ ਸੇਵਾ ਬਰਾਬਰ ਹੀ ਏ.... ਹਰ ਹਰ ਮਹਾਂਦੇਵ.....!'' ਉਸ ਦਾ ਭਾਸ਼ਨ ਖ਼ਤਮ ਹੋਣ 'ਤੇ ਮਜ਼ਹਬੀ ਜਨੂੰਨ ਦੀ ਭਰੀ ਭੀੜ ਨੇ ਨਾਅਰੇ ਮਾਰੇ ਤੇ ਆਪੋ ਆਪਣੇ ਰਸਤਿਆਂ ਵੱਲ ਟੁਰ ਪਏ।

ਫ਼ਿਰਕੂ ਜਨੂਨ ਤੇ ਦੰਗਿਆਂ ਕਾਰਨ ਇਲਾਕੇ ਦੇ ਈਸਾਈ ਧਰਮ ਦੇ ਲੋਕ ਜੰਗਲਾਂ ਵਿੱਚ ਸ਼ਰਨ ਲੈਣ ਅਤੇ ਬਾਹਰਲੇ ਰਾਜਾ ਵਿੱਚ ਜਾਣ ਲਈ ਮਜਬੂਰ ਹੋ ਗਏ ਸਨ। ਘਰਾਂ ਦੇ ਘਰ, ਚਰਚਾਂ ਅਤੇ ਆਸ਼ਰਮ ਅੱਗ ਦੀ ਭੇਟ ਚੜ੍ਹ ਗਏ । ਕਰੀਬ ਇੱਕ ਮਹੀਨੇ ਤੋਂ ਦੰਗਈਆਂ ਦੇ ਹਮਲੇ ਜਾਰੀ ਸਨ। ਹੁਣ ਤਾਂ ਆਲਮ ਇਹ ਸੀ ਕਿ ਪੁਲਿਸ ਮੁਲਾਜ਼ਮ ਤੇ ਸਰਕਾਰ ਦੇ ਆਦਮੀ ਵੀ ਇਹਨਾਂ ਹਮਲਾਵਰਾਂ ਦੀ ਭੀੜ ਵਿੱਚ ਸ਼ਾਮਿਲ ਹੋ ਕਿ ਧਰਮ ਦੀ ਸੇਵਾ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਸਨ। ਕੋਤਵਾਲੀ ਸ਼ਿਕਾਇਤ ਲੈ ਕੇ ਗਈ ਮਾਰੀਆਂ ਨੰਨ ਦਾ ਵੀ ਤਾਂ ਦਰੋਗੇ ਨੇ ਇਹੀ ਹਸ਼ਰ ਕੀਤਾ ਸੀ। ਤੇ ਉਸਦੀਆਂ ਚੀਕਾਂ ਕੋਤਵਾਲੀ ਦੀਆਂ ਉੱਚੀਆਂ ਕੰਧਾਂ ਨਾਲ ਟਕਰਾ ਕੇ ਦੰਮ ਤੋੜ ਗਈਆਂ। ਅਰਧ-ਨਗਨ ਹਾਲਤ ਵਿੱਚ ਜਦ ਉਹ ਆਪਣੀ ਫ਼ਰਿਆਦ ਦਰੋਗੇ ਨੂੰ ਲਿਖਾ ਕੇ ਬਾਹਰ ਨਿਕਲੀ ਤਾਂ ਸਿਪਾਹੀ ਨੇ ਦਰੋਗੇ ਨੂੰ ਕਿਹਾ ਸੀ, ''ਸਾਹਬ ਇਹ ਤਾਂ ਪਾਪ ਏ, ਘੋਰ ਪਾਪ...'' ਤਾਂ ਦਰੋਗੇ ਨੇ ਅੱਗੋਂ ਗਾਲ੍ਹ ਕੱਢ ਕੇ ਆਖਿਆ ਸੀ, ''ਚੱਲ ਸਾਲਾ ਪਾਪ ਦਾ, ਇਹ ਤਾਂ ਸੇਵਾ ਏ ਸੇਵਾ, ਧਰਮ ਦੀ ਸੇਵਾ..., ਤੈਨੂੰ ਪਤਾ ਨਹੀਂ ਉਹ ਈਸਾਈ ਕੁੜੀ ਸੀ..., ਜਿਨ੍ਹਾਂ ਨੇ ਸਾਡੇ ਆਗੂ ਨੂੰ ਮਾਰਿਆ ਸੀ...।'' ਹਾਲਾਂ ਕਿ ਇਹ ਸਾਬਤ ਹੋ ਚੁੱਕਾ ਸੀ ਕੇ ਹਿੰਦੂਆਂ ਦੇ ਨੇਤਾ ਦਾ ਕਤਲ ਈਸਾਈਆਂ ਨੇ ਨਹੀਂ ਸੀ ਕੀਤੀ, ਸਗੋਂ ਨਕਸਲੀਆਂ ਨੇ ਕੀਤਾ ਏ, ਇਸਦੇ ਬਾਵਜੂਦ ਵੀ ਈਸਾਈਆਂ ਉੱਤੇ ਕਾਤਲਾਨਾ ਹਮਲੇ ਨਹੀਂ ਰੁਕੇ।
ਅੱਗਜ਼ਨੀ, ਹੱਤਿਆਵਾਂ ਤੇ ਬਲਾਤਕਾਰਾਂ ਦਾ ਇਹ ਸਿਲਸਿਲਾ ਬਦਸਤੂਰ ਜਾਰੀ ਸੀ, ਨਿੱਤ ਅੱਗਜ਼ਨੀ, ਬਲਾਤਕਾਰ ਤੇ ਕਤਲੋਗ਼ਾਰਤ ਨਾਲ ਲੋਕਾਂ ਦੇ ਹਿਰਦੇ ਵਲੂੰਧਰੇ ਗਏ। ਹਰ ਰੋਜ਼ ਹਮਲਿਆਂ ਤੋਂ ਬਾਅਦ ਨੇਤਾ ਕਿਸਮ ਦਾ ਵਿਅਕਤੀ ਚੌਕ ਦੇ ਥੜ੍ਹੇ ਤੋਂ ਖਲੋ ਕੇ ਅਗਲੇ ਦਿਨ ਦੀ ਕਾਰਵਾਈ ਦੰਗਈਆਂ ਨੂੰ ਪੜ੍ਹ ਕੇ ਸੁਣਾ ਦਿੰਦਾ। ਅਗਲੇ ਦਿਨ ਉਲੀਕੇ ਪ੍ਰੋਗਰਾਮ ਅਨੁਸਾਰ ਹਮਲਾਵਰ ਸਵੇਰ ਤੋਂ ਹੀ ਭੀੜ ਦਾ ਰੂਪ ਅਖ਼ਤਿਆਰ ਕਰ ਲੈਂਦੇ; ਇੱਕ ਅਜਿਹੀ ਭੀੜ ਜਿਸਦਾ ਕੋਈ ਚਿਹਰਾ ਨਹੀਂ ਸੀ, ਜਿਸਦੀ ਕੋਈ ਪਹਿਚਾਣ ਨਹੀਂ ਸੀ, ਜਿਸਦੀ ਕੋਈ ਸੀਮਾ ਨਹੀਂ ਸੀ ਤੇ ਜਿਸਦਾ ਕੋਈ ਆਕਾਰ ਨਹੀਂ ਸੀ। ਜੇ ਚਿਹਰਾ, ਰੂਪ ਤੇ ਪਹਿਚਾਣ ਹੈ ਵੀ ਸੀ ਤਾਂ ਵੀ ਕੋਈ ਪੁਲਿਸ ਵਾਲਾ ਜਾਂ ਸਕਰਾਰੀ ਬੰਦਾ ਉਸ ਨੂੰ ਪਹਿਚਾਨਣਾ ਨਹੀਂ ਸੀ ਚਾਹੁੰਦਾ, ਤੇ ਤਮਾਸ਼ਾਈ ਬਣ ਕੇ ਇਹ ਸਭ ਕੁਝ ਤੱਕਦਾ ਰਹਿੰਦਾ। ਇਥੋਂ ਤੱਕ ਕਿ ਇਹਨਾਂ ਜਨੂੰਨੀ ਲੋਕਾਂ ਦੀ ਮਦਦ ਕਰਨ ਨੂੰ ਅਖੌਤੀ ਧਰਮ ਦੀ ਸੇਵਾ ਮੰਨਦਾ।
ਅੱਜ ਫਿਰ ਇਹ ਫ਼ਿਰਕੂ ਜਨੂੰਨੀ ਭੀੜ ਆਪਣੇ ਨੇਤਾ ਕਿਸਮ ਦੇ ਮੋਹਰੀ ਦੇ ਭਾਸ਼ਨ ਮੁਤਾਬਿਕ ਬਣੇ ਪ੍ਰੋਗਰਾਮ ਅਨੁਸਾਰ ਨਿਕਲੇ। ਦੁਪਹਿਰ ਤੱਕ ਉਹਨਾਂ ਨੂੰ ਕੋਈ ਸ਼ਿਕਾਰ ਨਾ ਲੱਭਾ, ਪਰ ਸ਼ਹਿਰ ਦੇ ਦੱਖਣ ਵੱਲ ਉਹਨਾਂ ਨੂੰ ਇੱਕ ਘਰ ਵਿੱਚ ਈਸਾਈ ਇਸਤਰੀਆਂ ਹੋਣ ਦੀ ਇਤਲਾਹ ਮਿਲ ਗਈ ਸੀ। ਖ਼ਬਰ ਮਿਲਦਿਆਂ ਹੀ ਦੰਗਈਆਂ ਨੇ ਦੱਖਣ ਵੱਲ ਦਾ ਰੁਖ਼ ਕਰ ਲਿਆ। ਹਮਲਾਵਰਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਨਾਅਰਿਆਂ ਦੀ ਗੂੰਜ ਵਿੱਚ ਘਰ ਵਿੱਚ ਮੌਜੂਦ ਔਰਤਾਂ 'ਤੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ। ਤਿੰਨ-ਚਾਰ ਕੁੜੀਆਂ ਨਾਲ ਸਮੂਹਿਕ ਬਲਾਕਤਾਰ ਕੀਤਾ ਗਿਆ। ਕੁਝ ਔਰਤਾਂ ਨੂੰ ਬਾਹਰ ਗਲੀ ਵਿੱਚ ਬੇਪੱਤ ਕੀਤਾ ਗਿਆ। ਬਲਾਤਕਾਰ ਦਾ ਸ਼ਿਕਾਰ ਇੱਕ ਕੁੜੀ ਉੱਤੇ ਭੀੜ ਵਿੱਚੋਂ ਦੋ-ਤਿੰਨ ਹੋਰ ਦੰਗਈ ਆ ਚੜ੍ਹੇ...., ਉਸ ਨੇ ਕੁਝ ਚਿਰ ਲਈ ਆਪਣੀਆਂ ਨਾਜ਼ੁਕ ਤੇ ਬੇਜਾਨ ਬਾਹਵਾਂ ਲੱਤਾਂ ਨਾਲ ਵਿਰੋਧ ਕੀਤਾ। ਉਸ ਦੀ ਕਿਸੇ ਇੱਕ ਵਿਰੋਧੀ ਕਾਰਵਾਈ ਨਾਲ ਹੀ ਉਸ ਦੀਆਂ ਗੱਲ੍ਹਾਂ ਤੇ ਬਲਾਤਕਾਰੀਆਂ ਦੀਆਂ ਚੰਡਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਤੋਂ ਬਾਅਦ ਇੱਕ ਅਖੌਤੀ ਧਰਮੀ ਦੰਗਾਕਾਰੀ ਧਰਮ ਦੀ ਸੇਵਾ ਵਿੱਚ ਰੁਝ ਜਾਂਦੇ, ਤੇ ਉੱਚੀ-ਉੱਚੀ ਆਖਦੇ ''ਅਸੀਂ ਧਰਮ ਦੀ ਸੇਵਾ ਪਏ ਕਰਦੇ ਆਂ, ਧਰਮ ਦੀ ਸੇਵਾ...'' ਤੇ ਨਾਲ ਹੀ ਉੱਚੀ-ਉੱਚੀ ਨਾਅਰਿਆਂ ਦੀ ਆਵਾਜ਼ ਗੂੰਜਣ ਲੱਗਦੀ। ਕੁੜੀ ਦੇ ਹੱਥ 'ਤੇ 'ਓਮ' ਵਰਗਾ ਨਿਸ਼ਾਨ ਵੇਖ ਕੇ ਇੱਕ ਦੰਗਈ ਨੇ ਚੀਕ ਮਾਰ ਕੇ ਆਖਿਆ... ''ਰੁਕੋ ਇਹ ਹਿੰਦੂ ਕੁੜੀ ਏ ਇਹ..., ਇਹ ਤਾਂ ਸਾਡੇ ਕੋਲੋਂ ਘੋਰ ਅਪਰਾਧ ਹੋ ਗਿਆ ਏ...'' ਭੀੜ ਵਿੱਚੋਂ ਦੋ ਤਿੰਨ ਹੋਰ ਬੰਦੇ ਅੱਗੇ ਆਏ, ਕੁੜੀ ਦੇ ਹੱਥ ਤੇ ਕੋਈ ਨਿਸ਼ਾਨ ਅਤੇ ਬਾਂਹ ਤੇ ਕੁਝ ਉਕਰਿਆ ਵੇਖ ਕੇ ਯਕੀਨ ਕਰਨ ਤੋਂ ਬਾਅਦ ਇਕ ਦੰਗਾਕਾਰੀ ਨੇ ਚੀਕ-ਚੀਕ ਕੇ ਆਖਿਆ , ਰੁਕੋ ਹਿਦੂ ਕੁੜੀ ਏ ਇਹ, ਸਾਡੇ ਧਰਮ ਦੀ ਕੁੜੀ ਏ.... ਇਹ ਤਾਂ ਸਾਡੇ ਕੋਲੋ ਘੋਰ ਅਪਰਾਧ ਹੋ ਗਿਆ ਏ..... ਭੀੜ ਵਿੱਚੋਂ ਕਿਸੇ ਨੇ ਖੇਸ ਨਾਲ ਕੁੜੀਆਂ ਦੀਆਂ ਨੰਗੀਆਂ ਛਾਤੀਆਂ ਕੱਜਦੇ ਹੋਏ ਕਿਹਾ, ''ਹਰੀ ਓਮ, ਹਰੀ ਓਮ...ਇਹ ਤਾਂ ਗੰਭੀਰ ਅਪਰਾਧ ਹੋਇਆ ਏ..., ਧਰਮ ਦਾ ਸੱਤਿਆਨਾਸ ਹੋ ਗਿਆ ਏ....।'' ਖੇਸ ਵਿੱਚ ਲਪੇਟੀ ਕੁੜੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਭੀੜ ਸਟ੍ਰੈਚਰ ਨੂੰ ਧੂੰਹਦੀ ਲੋਥ-ਨੁਮਾ ਕੁੜੀ ਨੂੰ ਹਸਪਤਾਲ ਦੇ ਵਰਾਂਡੇ ਵਿੱਚ ਲਿਜਾ ਰਹੀ ਸੀ। ਬੂਹੇ ਅੱਗੇ ਪਹੁੰਚ ਕੇ ਕੁੜੀ ਦੇ ਬੇਜਾਨ ਜਿਸਮ ਵਿੱਚ ਕੁਝ ਕੁ ਜਾਨ ਆਈ। ਦੰਗਾਕਾਰੀਆਂ ਦੇ ਅਗੂ ਨੇ ਭੀੜ ਵੱਲ ਵੇਖਦਿਆਂ ਕਿਹਾ, ''ਇਹ ਸਾਡੇ ਧਰਮ ਦੀ ਏ ਇਸ ਲਈ ਜੀਅ-ਜਾਨ ਲਾ ਕੇ ਇਸ ਦੀ ਸੇਵਾ ਕਰੋ... ਇਹੋ ਸਾਡਾ ਪਸ਼ਚਾਤਾਪ ਏ...'' ਨੀਮ ਬੇਹੋਸ਼ ਕੁੜੀ ਦੇ ਕੰਨਾਂ ਵਿੱਚ ਜਦ 'ਸੇਵਾ' ਸ਼ਬਦ ਪਿਆ ਤਾਂ ਉਸਨੇ ਆਪਣੇ ਨਗਨ ਜਿਸਮ ਤੋਂ ਖੇਸ ਖਿਸਕਾ ਕੇ ਹੇਠਾਂ ਕਰ ਦਿੱਤਾ...!

No comments: