ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਡਾ: ਬਲਦੇਵ ਸਿੰਘ ਖਹਿਰਾ - ਮਿੰਨੀ ਕਹਾਣੀ

ਸਤਿਕਾਰਤ ਡਾ: ਬਲਦੇਵ ਸਿੰਘ ਖਹਿਰਾ ਜੀ ਨੂੰ 'ਆਰਸੀ' ਤੇ ਖ਼ੁਸ਼ਆਮਦੀਦ! ਡਾ: ਖਹਿਰਾ ਸਾਹਿਬ ਨੇ ਬੜੀ ਹੀ ਖ਼ੂਬਸੂਰਤ ਮਿੰਨੀ ਕਹਾਣੀ ਨਾਲ਼ ਪਹਿਲੀ ਦਸਤਕ ਦੇ ਕੇ 'ਆਰਸੀ' ਨੂੰ ਹੋਰ ਸ਼ਿੰਗਾਰ ਦਿੱਤਾ ਹੈ...ਬਹੁਤ-ਬਹੁਤ ਸ਼ੁਕਰੀਆ।
ਥੋਹਰਾਂ ਦੇ ਸਿਰਨਾਵੇਂ
(ਪੋਸਟ: ਨਵੰਬਰ 9, 2008)
" ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ.. ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ..ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ...ਮੈਂ ਤੁਹਾਨੂੰ ਇਸ ਬਿਰਧ ਅਵੱਸਥਾ ਵਿਚ.. ਇਕੱਲੇ ਇਸ ਕੋਠੀ ਵਿਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁਕ-ਆਫਟਰ ਕਰ ਹੀ ਨਹੀਂ ਸਕਦੇ"
ਮਾਤਾ ਪਿਤਾ ਨੁੰ ਖ਼ਾਮੋਸ਼ ਦੇਖ ਕੇ ਉਹ ਫਿਰ ਬੋਲਿਆ, "ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜ਼ਾ ਵੀ ਦੇਣੈ…… ਮੈਂ ਸਾਰਾ ਬੰਦੋਬਸਤ ਕਰ ਲਿਐ…ੳਲਡ–ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ…ਬਾਕੀ ਸਾਰੀ ਉਮਰ ਦੀ ਦੇਖ-ਭਾਲ ਉਹਨਾਂ ਦੇ ਜ਼ਿੰਮੇ.."
"ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ…ਤੇਰੀ ਮਾਂ ਤਾਂ ਜਮ੍ਹਾ ਈ ਨੀ ਮੰਨਦੀ…ਤੂੰ ਜਾਹ ਅਮਰੀਕਾ.. ..ਸਾਨੂੰ ਸਾਡੇ ਹਾਲ 'ਤੇ ਛੱਡ ਦੇਹ...ਸਾਡਾ ਵਾਹਿਗੁਰੂ ਐ….."
"ਮਾਂ!..ਬਾਪੂ ਜੀ! ਤੁਸੀਂ ਬੱਚਿਆਂ ਵਾਂਗੂ ਜ਼ਿੱਦ ਕਿਉਂ ਫੜੀ ਬੈਠੇ ਓ ?..ਕੋਠੀ ਤਾਂ ਵਿਕ ਚੁਕੀ ਐ…ਆਪਣੇ ਮਨ ਨੂੰ ਸਮਝਾਓ" ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਿਆ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
ਤਿੰਨ ਦਿਨ ਬਾਅਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪਰਵਾਹ ਕਰਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ,"ਮਾਂ ਜੀ ਕਿਸੇ ਨੂੰ ਪਛਾਣਦੇ ਈ ਨਹੀਂ...ਬੱਸ ਵਿਹੜੇ 'ਚ ਬੈਠੇ ਕੋਠੀ ਵੱਲ ਈ ਦੇਖੀ ਜਾਂਦੇ ਨੇ ..ਸ਼ਾਇਦ ਉਹ ਪਾਗਲਪਨ ਦੀ ਅਵੱਸਥਾ ਵਿਚ ਨੇ"
"ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ…. ਥੋਨੂੰ ਨੀ ਪਤਾ…
ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ… ਪਿਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ ਸਿਰ 'ਤੇ"
ਇਹ ਉਨ੍ਹਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ।

No comments: