ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਡਾ: ਜਸਬੀਰ ਕੌਰ - ਲੇਖ

ਦੋਸਤੋ! ਅੱਜ ਡਾ: ਜਸਬੀਰ ਕੌਰ ਜੀ ਨੇ ਪਹਿਲੀ ਵਾਰ 'ਆਰਸੀ' ਦੇ ਸੂਝਵਾਨ ਪਾਠਕਾਂ / ਲੇਖਕਾਂ ਦੇ ਨਾਲ਼ ਇੱਕ ਬੇਹੱਦ ਖ਼ੂਬਸੂਰਤ ਲੇਖ ਦੇ ਨਾਲ਼ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੇ ਲਿਖਤਾਂ ਪੰਜਾਬੀ ਦੇ ਉੱਚ-ਪੱਧਰੇ ਰਸਾਲਿਆਂ, ਅਖ਼ਬਾਰਾਂ ਅਤੇ ਵੈੱਬ ਸਾਈਟਾਂ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਪੰਜਾਬੀ ਜ਼ੁਬਾਨ ਨੂੰ ਬਣਦਾ ਮਾਣ ਦਣਾਉਂਣ ਲਈ ਆਪਣੀਆਂ ਲਿਖਤਾਂ 'ਚ ਬਹੁਤ ਹੰਭਲ਼ਾ ਮਾਰ ਰਹੇ ਹਨ...ਸਾਨੂੰ ਐਹੋ ਜਿਹੇ ਲੇਖਕਾਂ ਤੇ ਚਿੰਤਕਾਂ ਦੀ ਬਹੁਤ ਜ਼ਰੂਰਤ ਹੈ। ਡਾ: ਸਾਹਿਬਾ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਅਤੇ ਖ਼ੂਬਸੂਰਤ ਸ਼ਬਦਾਂ 'ਚ ਮੇਲ ਕਰਕੇ ਲੇਖ ਭੇਜਣ ਲਈ ਸ਼ੁਕਰੀਆ। 'ਆਰਸੀ' ਤੇ ਤੁਹਾਡਾ ਖ਼ੈਰਮਖ਼ਦਮ ਹੈ।
=====
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ!
(ਪੋਸਟ: ਨਵੰਬਰ 18, 2008)

ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ! ਇਹ ਕਥਨ ਹਕੀਕਤ ਬਣ ਕੇ ਉਸ ਵੇਲੇ ਮੇਰੇ ਸਾਹਮਣੇ ਆਇਆ ਜਦੋਂ ਮੈਂ ਪਿੱਛੇ ਜਿਹੇ ਆਪਣੇ ਪਿੰਡ ਗਈ। ਸਾਡੇ ਘਰ ਕੁਝ ਹੋਰ ਬੰਦੇ ਵੀ ਬੈਠੇ ਸਨ। ਮੈਂ ਉਨ੍ਹਾਂ ਨੂੰ ਪਛਾਣਿਆ ਨਹੀਂ ਸੀ। ਫਿਰ ਪੁੱਛਣ ਤੇ ਪਤਾ ਲੱਗਿਆ ਕਿ ਉਹ ਪਾਕਿਸਤਾਨ ਤੋਂ ਆਏ ਸਨ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ। ਮੈਂ ਉਨ੍ਹਾਂ ਨੂੰ ਦੇਖ ਕੇ ਸੋਚ ਰਹੀ ਸਾਂ ਕਿ ਪਤਾ ਨਹੀਂ ਇਨ੍ਹਾਂ ਨੂੰ ਪੰਜਾਬੀ ਆਉਂਦੀ ਹੋਵੇਗੀ ਜਾਂ ਨਹੀਂ। ਮੈਂ ਅਜੇ ਸੋਚ ਹੀ ਰਹੀ ਸਾਂ ਕਿ ਉਨ੍ਹਾਂ ਵਿਚੋਂ ਇਕ ਸ਼ਖਸ ਜਿਸ ਦਾ ਨਾਂ ਉਸਮਾਨ ਚੌਧਰੀ ਜੀ ਸੀ ਨੇ ਬੜੇ ਅਦਬ ਨਾਲ ਮੈਨੂੰ ਹੱਥ ਜੋੜ ਕੇ ਸਤਿ ਸਿਰੀ ਅਕਾਲ ਬੁਲਾਈ। ਮੈਂ ਹੈਰਾਨ ਹੋ ਕੇ ਉਸਮਾਨ ਜੀ ਨੂੰ ਪੁੱਛਿਆ ਕਿ ਤੁਸੀਂ ਤੇ ਬਿਲਕੁਲ ਸਾਡੇ ਵਰਗੀ ਪੰਜਾਬੀ ਬੋਲਦੇ ਹੋ। ਤੇ ਉਹ ਹੱਸ ਕੇ ਕਹਿਣ ਲੱਗੇ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਬੰਦੇ ਹਾਂ। ਉਸਮਾਨ ਜੀ ਦੇ ਮੁੱਖੋਂ ਪੰਜਾਬੀ ਸੁਣ ਕੇ ਲੱਗਾ ਕਿ ਜਿਵੇਂ ਸਰਹੱਦਾਂ ਦੇ ਸਭ ਫ਼ਾਸਲੇ ਮਿਟ ਗਏ ਹੋਣ। ਮੌਕੇ ਦਾ ਫ਼ਾਇਦਾ ਉਠਾਉਂਦਿਆਂ ਪੰਜਾਬੀ ਜ਼ੁਬਾਨ ਉੱਤੇ ਬਾਤ ਪਾ ਲਈ ਤੇ ਉੱਥੇ ਹਾਜ਼ਰ ਸਭ ਲੋਕਾਂ ਨੂੰ ਪੁੱਛਿਆ ਕਿ ਇਹ ਜੋ ਪੰਜਾਬੀ ਬਾਰੇ ਸ਼ੋਰ ਮੱਚ ਰਿਹਾ ਹੈ ਕਿ ਪੰਜਾਬੀ ਜ਼ੁਬਾਨ ਆਉਂਦੇ 50 ਸਾਲਾਂ ਤਕ ਖ਼ਤਮ ਹੋ ਜਾਏਗੀ ਕੀ ਇਹ ਸੱਚ ਹੈ? ਤਾਂ ਉਨ੍ਹਾਂ ਵਿਚ ਹਾਜ਼ਰ ਕੇਹਰ ਸਿੰਘ ਜੋ ਪੜ੍ਹੇ ਲਿਖੇ ਬਜ਼ੁਰਗ ਸਨ ਦਾ ਕਹਿਣਾ ਇਹ ਸੀ, “ਬੀਬਾ ਤੁਹਾਡੇ ਵਰਗੇ ਬਹੁਤੇ ਪਾੜੇ ਹੀ ਇਹ ਰੌਲਾ ਪਤਾ ਨਹੀਂ ਕਿੰਨੇ ਚਿਰ ਤੋਂ ਪਾ ਰਹੇ ਨੇ। ਪਰ ਜਦੋਂ ਤੱਕ ਗੁਰਾਂ ਦੀ ਇਸ ਜ਼ੁਬਾਨ ਨੂੰ ਗੁਰਾਂ ਦਾ ਅਸ਼ੀਰਵਾਦ ਹੈ, ਇਹ ਦੂਣ-ਸਵਾਈ ਵਧੂ। ਥੋਡੇ ਰੌਲਾ ਪੌਣ ਨਾਲ ਇਹ ਖ਼ਤਮ ਨਹੀਂ ਹੋਣ ਲੱਗੀ। ਸਾਰੀ ਦੁਨੀਆਂ ਵਿਚ ਤੇ ਪੰਜਾਬੀ ਜਾ ਵਸੇ ਨੇ। ਪੰਜਾਬੀ ਸਾਰੀ ਦੁਨੀਆਂ ਵਿਚ ਬੋਲੀ ਜਾ ਰਹੀ ਹੈ। ਫਿਰ ਤੁਸੀਂ ਕਿਉਂ ਆ ਰੌਲਾ ਪਾਈ ਜਾਂਦੇ ਹੋ ਕਿ ਪੰਜਾਬੀ ਮੁੱਕ ਜਾਊ? ਆ ਸਾਡੇ ਵੀਰ ਪਾਕਿਸਤਾਨ ਤੋਂ ਆਏ ਨੇ। ਇਹ ਵੀ ਸਾਡੇ ਵਾਂਗ ਪੰਜਾਬੀ ਬੋਲਦੇ ਨੇ। ਇਨ੍ਹਾਂ ਦੀ ਰਹਿਣੀ ਬਹਿਣੀ ਸਾਡੇ ਵਰਗੀ ਹੈ।” ਇੰਨੇ ਨੂੰ ਉੱਥੇ ਬੈਠੇ ਉਸਮਾਨ ਚੌਧਰੀ ਜੋ ਪਾਕਿਸਤਾਨ ਤੋਂ ਸਨ ਬੋਲੇ, “ਸਰਹੱਦਾਂ ਨੇ ਲੋਕ ਵੰਡੇ ਨੇ ਪਰ ਦਿਲ ਤੇ ਜ਼ੁਬਾਨ ਨਹੀਂ ਵੰਡੇ ਗਏ। ਅਸੀਂ ਪੰਜਾਬੀ ਨੂੰ ਸ਼ਾਹਮੁਖੀ ਕਹਿੰਦੇ ਹਾਂ ਤੁਸੀਂ ਪੰਜਾਬੀ ਕਹਿ ਲੈਂਦੇ ਹੋ। ਪਰ ਜ਼ੁਬਾਨ ਤੇ ਇਕੋ ਵੇ। ਇਸ ਜ਼ੁਬਾਨ ਨੂੰ ਬੋਲਣ ਵਾਲੇ ਸਭ ਇਕੋ ਅੱਲ੍ਹਾ ਦੇ ਬੰਦੇ ਨੇ ਤੇ ਜਿਸ ਸ਼ੈਅ ਨੂੰ ਅੱਲ੍ਹਾ ਦੀ ਮਿਹਰ ਹੋਵੇ ਉਹ ਕਦੇ ਵੀ ਮੁੱਕ ਨਹੀਂ ਸਕਦੀ।”

ਉਪਰੋਕਤ ਗੱਲ-ਬਾਤ ਦਾ ਨਤੀਜਾ ਇਹ ਨਿਕਲਿਆ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਲੋਕ ਪੰਜਾਬੀ ਜ਼ੁਬਾਨ ਨਾਲ ਜਜ਼ਬਾਤੀ ਤੌਰ ਤੇ ਜੁੜੇ ਹੋਏ ਹਨ। ਜਾਂ ਸ਼ਾਇਦ ਪੰਜਾਬੀ ਜ਼ੁਬਾਨ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਭਾਵੁਕ ਤੌਰ ਤੇ ਜੋੜਿਆ ਹੋਇਆ ਹੈ। ਸੋ ਅੱਜ ਮੈਂ ਕਿਸੇ ਵੀ ਕਿਤਾਬੀ ਹਵਾਲੇ ਬਿਨਾਂ ਆਮ ਲੋਕਾਂ ਦੀ ਪੰਜਾਬੀ ਜ਼ੁਬਾਨ ਬਾਰੇ ਰਾਏ ਤੇ ਗੱਲ ਕਰਾਂਗੀ। ਕੇਹਰ ਸਿੰਘ ਦੇ ਕਹਿਣ ਮੁਤਾਬਿਕ ਪੜ੍ਹਿਆ ਲਿਖਿਆ ਵਿਦਵਾਨ ਵਰਗ ਆਪਣੀ ਥਾਵੇਂ ਰੌਲਾ ਪਾਉਂਦਾ ਹੈ ਕਿ ਪੰਜਾਬੀ ਨੂੰ ਬਚਾਉ ਕਿ ਆਮ ਬੰਦੇ ਦੀ ਜ਼ੁਬਾਨ ਖਤਮ ਹੋ ਰਹੀ ਹੈ। ਆਮ ਆਦਮੀ ਨੂੰ ਇਸ ਨਾਲ ਕੋਈ ਵਾਸਤਾ ਨਹੀਂ। ਵਿਦਵਾਨ ਅੰਕੜਿਆਂ ਮੁਤਾਬਿਕ ਆਪਣੀ ਰਾਏ ਪੇਸ਼ ਕਰ ਦਿੰਦੇ ਹਨ। ਰਾਜਨੀਤੀਵਾਨ ਕਾਗ਼ਜ਼ਾਂ ਵਿਚ ਪੰਜਾਬੀ ਲਾਜ਼ਮੀ ਕਰ ਕੇ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਹਨ। ਨਾ ਕਿਸੇ ਵਿਦਵਾਨ ਨੂੰ ਤੇ ਨਾ ਕਿਸੇ ਰਾਜਨੀਤੀਵਾਨ ਨੂੰ ਕਦੇ ਆਮ ਬੰਦੇ ਨਾਲ ਕੋਈ ਸਰੋਕਾਰ ਰਿਹਾ ਹੈ। ਆਮ ਲੋਕ ਪੰਜਾਬੀ ਜ਼ੁਬਾਨ ਉੱਪਰ ਖੜੇ ਖ਼ਤਰੇ ਤੋਂ ਅਣਜਾਣ ਹਨ ਅਤੇ ਆਪਣੀ ਸਮਝ ਮੁਤਾਬਿਕ ਉਹ ਸਾਰੀ ਦੁਨਿਆਂ ਵਿਚ ਪੰਜਾਬੀ ਨੂੰ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਮੰਨਦੇ ਹਨ। ਕਾਸ਼ ਕਿ ਇਸ ਤਰ੍ਹਾਂ ਹੀ ਹੁੰਦਾ। ਜੇ ਅਸੀਂ ਸਭ ਮਿਲ ਕੇ ਕੋਸ਼ਿਸ਼ ਕਰੀਏ ਤੇ ਇਹ ਹੋਣਾ ਕੋਈ ਔਖਾ ਵੀ ਨਹੀਂ ਕਿ ਪੰਜਾਬੀ ਸਾਰੀ ਦੁਨੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਬਣੇ।

ਅੱਜ ਪੰਜਾਬੀ ਕੌਮ ਦੁਨੀਆਂ ਦੇ ਹਰ ਕੋਨੇ ਵਿਚ ਜਾ ਵਸੀ ਹੈ। ਪੰਜਾਬੀਆਂ ਨੇ ਦੁਨੀਆਂ ਦੇ ਲੋਕਾਂ ਨੂੰ ਪੰਜਾਬੀ ਸਿੱਖਣ ਲਈ ਮਜਬੂਰ ਕੀਤਾ ਹੈ। ਬਹੁਤ ਸਾਰੇ ਅੰਗ੍ਰੇਜ਼ ਲੋਕ ਸਿੰਘ ਸਜੇ ਹਨ। ਇੱਥੋਂ ਤੱਕ ਕਿ ਹੁਣ ਸਪੈਨਿਸ਼ ਵਿਚ “ਗੁਰੁ ਗ੍ਰੰਥ ਸਾਹਿਬ” ਜੀ ਦਾ ਪ੍ਰਕਾਸ਼ ਹੋਇਆ ਹੈ, ਅਤੇ ਇਹ ਪੰਜਾਬੀਅਤ ਲਈ ਬੜੇ ਮਾਣ ਵਾਲੀ ਗੱਲ ਹੈ। ਦੁਨੀਆਂ ਨੂੰ ਤਾਂ ਪੰਜਾਬੀ ਆ ਜਾਵੇਗੀ ਪਰ ਪੰਜਾਬੀ ਆਪਣੇ ਵਿਹੜੇ ਵਿਚ ਫਿਰ ਰੌਣਕ ਬਣ ਕੇ ਕਦੋਂ ਟਹਿਕੇਗੀ? ਕੇਵਲ ਕਾਗ਼ਜ਼ਾਂ ਵਿਚ ਅੰਕੜੇ ਲਾਗੂ ਕਰ ਦੇਣ ਨਾਲ ਪੰਜਾਬੀ ਜ਼ੁਬਾਨ ਦੇ ਮੌਜੂਦਾ ਹਾਲਾਤ ਠੀਕ ਨਹੀਂ ਹੋਣੇ। ਅੱਜ ਲੋੜ ਹੈ ਆਮ ਬੰਦੇ ਨੂੰ ਇਸ ਲਹਿਰ ਦਾ ਹਿੱਸਾ ਬਣਾਉਣ ਦੀ। ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿਚ ਹੈ, ਤੇ ਇਹ ਪੰਜਾਬੀ ਜ਼ੁਬਾਨ ਨਾਲ ਭਾਵੁਕ ਤੌਰ ਤੇ ਜੁੜੀ ਹੋਈ ਹੈ। ਮੌਜੂਦਾ ਹਾਲਾਤ ਵਿਚ ਇਹ ਪੰਜਾਬੀ ਦੀ ਜ਼ਮੀਨੀ ਹਕੀਕਤ ਤੋਂ ਨਾਵਾਕਿਫ਼ ਹੈ। ਪੰਜਾਬ ਦੀ ਸ਼ਹਿਰੀ ਵਸੋਂ ਇਸ ਦੇ ਉਲਟ ਹੈ। ਇਹ ਪੜ੍ਹੇ ਲਿਖੇ ਪੰਜਾਬੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਤੋਂ ਦੂਰ ਕਰ ਰਹੇ ਹਨ। ਅਸਲ ਵਿਚ ਪੰਜਾਬੀ ਨੂੰ ਪਿੱਛੇ ਧੱਕਣ ਲਈ ਇਹ ਪੜ੍ਹਿਆ-ਲਿਖਿਆ ਸ਼ਹਿਰੀ ਵਰਗ ਜ਼ਿੰਮੇਵਾਰ ਹੈ। ਮੈਂ ਇੱਥੇ ਪੰਜਾਬ ਦੇ ਇਕ ਨਿੱਜੀ ਸਕੂਲ ਦੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ। ਇੱਥੇ ਜੇ ਕੋਈ ਬੱਚਾ ਪੰਜਾਬੀ ਵਿਚ ਗੱਲ ਕਰਦਾ ਹੈ ਤਾਂ ਅਧਿਆਪਕ ਉਸ ਨੂੰ ਕਹਿੰਦੇ ਨੇ, “How dare you speak in Punjabi in this school when you know that this is an international English medium school?” ਜਾਣੀ ਕਿ ਤੇਰੀ ਹਿੰਮਤ ਕਿਵੇਂ ਹੋਈ ਇਸ ਸਕੂਲ ਵਿਚ ਪੰਜਾਬੀ ਵਿਚ ਬੋਲਣ ਦੀ ਜਦੋਂ ਕਿ ਤੈਨੂੰ ਪਤਾ ਕਿ ਇਹ ਅੰਤਰਰਾਸ਼ਟਰੀ ਅੰਗ੍ਰੇਜ਼ੀ ਮੀਡੀਅਮ ਸਕੂਲ ਹੈ। ਸੋ ਅਜਿਹੇ ਵੀ ਸਕੂਲ ਹਨ ਜੋ ਮਾਦਰੀ ਜ਼ੁਬਾਨ ਸਿਖਾਉਣ ਦੀ ਬਜਾਏ ਇਸ ਨੂੰ ਬੋਲਣ ਨੂੰ ਕਿਸੇ ਜੁਰਮ ਤੋਂ ਘੱਟ ਨਹੀਂ ਮੰਨਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਅਧਿਆਪਕ ਦੁਆਰਾ ਉਪਰੋਕਤ ਲਫਜ਼ ਬੋਲੇ ਗਏ, ਉਹ ਆਪ ਪੰਜਾਬੀ ਹੈ ਤੇ ਸਕੂਲ ਦਾ ਪ੍ਰਿੰਸੀਪਲ ਵੀ ਪੰਜਾਬੀ ਹੈ। ਮੈਂ ਸਿਰਫ਼ ਇਸ ਗੱਲ ਵਲ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਵਲੋਂ ਦਸਵੀਂ ਤੱਕ ਪੰਜਾਬੀ ਦੀ ਪੜਾਈ ਲਾਜ਼ਮੀ ਕੀਤੀ ਗਈ ਹੈ, ਪਰ ਪੰਜਾਬ ਸਰਕਾਰ ਦੇ ਇਸ ਫ਼ਰਮਾਨ ਨੂੰ ਕੇਵਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੀ ਮਾਨਤਾ ਮਿਲੀ ਹੈ। ਨਿੱਜੀ ਸੰਸਥਾਵਾਂ ਦੇ ਸਕੂਲ ਪੰਜਾਬ ਸਰਕਾਰ ਦੇ ਇਸ ਫ਼ਰਮਾਨ ਨੂੰ ਮੰਨਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਦੀ ਸਿੱਖਿਆ ਦੀ ਪ੍ਰਮੁੱਖ ਲੋੜ ਅੰਗ੍ਰੇਜ਼ੀ ਹੈ। ਅੱਜ ਪੰਜਾਬੀ ਭਾਸ਼ਾ ਕੇਵਲ ਪਿੰਡਾਂ ਤੱਕ ਹੀ ਰਹਿ ਗਈ ਹੈ। ਜੇ ਅਸੀਂ ਅੰਤਰਰਾਸ਼ਟਰੀ ਸਕੂਲ ਬਣਾ ਕੇ ਵੀ ਬੱਚਿਆਂ ਨੂੰ ਪੰਜਾਬੀ ਹੀ ਸਿਖਾਉਣੀ ਹੈ ਤਾਂ ਫਿਰ ਇਸ ਉਦੇਸ਼ ਲਈ ਸਰਕਾਰੀ ਸਕੂਲ ਵਧੇਰੇ ਬਿਹਤਰ ਹਨ।

ਸਵਾਲ ਕੇਵਲ ਸਕੂਲਾਂ ਤੱਕ ਹੀ ਸੀਮਤ ਨਹੀਂ ਰਹਿ ਜਾਂਦਾ। ਖ਼ੁਦ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ। ਕਹਿੰਦੇ ਨੇ ਕਿ ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਪੰਜਾਬੀ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਜ਼ਰੂਰ ਦਿੱਤੀ ਹੈ ਪਰ ਪੰਜਾਬ ਸਰਕਾਰ ਦੇ ਆਪਣੇ ਕੰਮ ਅਜੇ ਵੀ ਅੰਗਰੇਜ਼ੀ ਵਿਚ ਹੀ ਹੰਦੇ ਹਨ। ਪੰਜਾਬ ਸਰਕਾਰ ਦੀਆਂ ਇੰਟਰਨੈੱਟ ਦੀਆਂ ਸਾਰੀਆਂ ਸਾਈਟਾਂ ਅੰਗ੍ਰੇਜ਼ੀ ਵਿਚ ਹਨ, ਜਦੋਂ ਕਿ ਅੱਜ ਕਲ ਪੰਜਾਬੀ ਸਾਈਟ ਹੋਣਾ ਜਾਂ ਬਣਾਉਣਾ ਕੋਈ ਔਖਾ ਨਹੀਂ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਜਾਣਕਾਰੀ ਇੰਟਰਨੈੱਟ ਤੇ ਅੰਗ੍ਰੇਜ਼ੀ ਵਿਚ ਹੈ, ਉਸੇ ਦਾ ਉਲਥਾ ਪੰਜਾਬੀ ਵਿਚ ਵੀ ਇੰਟਰਨੈੱਟ ਤੇ ਉਪਲਬਧ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਕਿਸੇ ਵੀ ਉੱਚ ਅਧਿਕਾਰੀ ਦੇ ਦਫ਼ਤਰ ਚਲੇ ਜਾਉ ਕਿਤੇ ਵੀ ਨਾਂ ਦੀ ਤਖਤੀ ਪੰਜਾਬੀ ਵਿਚ ਨਹੀਂ ਮਿਲਦੀ।

ਪਿੱਛੇ ਜਿਹੇ ਕਨੇਡਾ ਦੇ ਪੰਜਾਬੀ ਰੇਡੀਉ (ਸੁਰ-ਸਾਜ਼) ਤੇ ਇੰਟਰਵੀਊ ਦੌਰਾਨ ਗੁਰਪ੍ਰੀਤ ਮਾਨ, ਜੋ ਮੇਰਾ ਇੰਟਰਵੀਊ ਲੈ ਰਹੇ ਸਨ, ਨੇ ਮੈਨੂੰ ਸਵਾਲ ਕੀਤਾ ਕਿ “ਤੁਹਾਨੂੰ ਨਹੀਂ ਲਗਦਾ ਕਿ ਕਨੇਡਾ ਅਤੇ ਅਮਰੀਕਾ ਵਿਚ ਵਸਦੇ ਪੰਜਾਬੀ ਪੰਜਾਬ ਵਿਚ ਵਸਦੇ ਪੰਜਾਬੀਆਂ ਨਾਲੋਂ ਪੰਜਾਬੀ ਬੋਲੀ ਲਈ ਵਧੇਰੇ ਯਤਨਸ਼ੀਲ ਹਨ ਤੇ ਉਨ੍ਹਾਂ ਦੇ ਇਸ ਸਵਾਲ ਤੇ ਮੇਰਾ ਜਵਾਬ ਸੀ ਕਿ ਮਾਂ ਬੋਲੀ, ਤੇ ਮਾਂ-ਭੂਮੀ ਦੀ ਕਦਰ ਉਦੋਂ ਸਮਝ ਆਉਂਦੀ ਹੈ ਜਦੋਂ ਬੰਦਾ ਇਨ੍ਹਾਂ ਦੋਹਾਂ ਤੋਂ ਵਾਂਝਾ ਹੋ ਜਾਂਦਾ ਹੈ। ਪੰਜਾਬ ਵਿਚ ਵਸਦੇ ਪੰਜਾਬੀ ਸ਼ਾਇਦ ਅਜੇ ਇਸ ਅਹਿਸਾਸ ਤੋਂ ਕੋਰੇ ਨੇ। ਪਹਿਲੀ ਨਵੰਬਰ ਦਾ ਦਿਨ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਅੱਜ ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਇਹ ਦਿਨ ਵੀ ਯਾਦ ਹੋਵੇਗਾ। ਸੰਨ 2001 ਦੇ ਅੰਕੜਿਆਂ ਮੁਤਾਬਿਕ ਇਸ ਵੇਲੇ ਪੰਜਾਬ ਦੀ ਕੁਲ ਜਨ-ਸੰਖਿਆ 2,42,89,296 ਹੈ, ਤੇ ਮੌਜੂਦਾ ਪੰਜਾਬ ਦਾ ਕੁਲ ਰਕਬਾ 50,362 ਵਰਗ ਕਿਲੋਮੀਟਰ ਹੈ। ਇੰਨੇ ਵੱਡੇ ਵਿਹੜੇ ਦੀ ਮਾਲਕਣ ਅਤੇ ਲੱਖਾਂ ਬੱਚਿਆਂ ਦੀ ਮਾਂ ਵੀ ਅੱਜ ਜੇ ਆਪਣੀ ਹੋਣੀ ਤੇ ਅੱਥਰੂ ਕੇਰ ਰਹੀ ਹੈ, ਆਪਣੀ ਹੋਂਦ ਬਚਾਉਣ ਦੀ ਗੁਹਾਰ ਲਾ ਰਹੀ ਹੈ, ਤਾਂ ਇਸ ਦੇ ਜਿੰਮੇਵਾਰ ਉਸ ਮਾਂ ਦੇ ਬੱਚੇ ਹੀ ਨੇ ਜਿਨ੍ਹਾਂ ਆਪਣੀ ਮਾਂ ਦੀ ਕਦਰ ਹੀ ਨਾ ਪਾਈ।

No comments: