।969 ਵਿੱਚ ਨਾਨਕ ਰਿਸ਼ਮਾਂ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਭਟਕਦੀ ਰਾਤ-।978, ਪੀਹੜੀਆਂ ਦੇ ਫਾਸਲੇ-।979, ਸੰਦਲ ਦਾ ਸ਼ਰਬਤ-2000, ਸ਼ੀਸ਼ੇ ਦੇ ਟੁਕੜੇ-2004, ਖੇੜੇ ਦਾ ਸਿਰਨਾਵਾਂ 2007, ਪੰਜ ਕਹਾਣੀ ਸੰਗਰਹਿ, ਇੱਕ ਨਾਵਲ ਤਿੜਕੇ ਚਿਹਰੇ-2002, ਕਾਵਿ ਸੰਗ੍ਰਿਹ ਗੁਲਦਸਤਾ-2003, ਕਾਵਿ ਸੰਗ੍ਰਿਹ ‘ਅੰਬਰ ਦੀ ਫੁਲਕਾਰੀ’-2008, ‘ਅਲਾਸਕਾ ਸਫਰਨਾਮਾ’ ਛਪਾਈ ਅਧੀਨ, ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਇਹ ਸਫ਼ਰ ਜਾਰੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ, ਰਾਮਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸੱਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਾਹਿਤ ਸਭਾ ਕੈਲੇਫੋਰਨੀਆਂ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਨਾਲ ਸੰਬੰਧਿਤ ਹਨ।
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਇੱਕ ਖ਼ੂਬਸੂਰਤ ਕਹਾਣੀ ਨੂੰ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!
(ਪੋਸਟ: ਦਸੰਬਰ 28, 2008)
ਸਵੇਰੇ ਸਵੇਰੇ ਠੇਕੇਦਾਰ ਤੇ ਉਸ ਦੇ ਮਿਸਤਰੀਆਂ ਨੂੰ ਹਦਾਇਤ ਕਰਦਾ ਹਾਂ।
ਤਾੜਨਾ ਕਰਦੇ ਕਰਦੇ ਮੇਰਾ ਮਨ ਤਲਖ਼ੀ ਜਿਹੀ ਮਹਿਸੂਸ ਕਰਨ ਲੱਗਾ।
‘ਐਵੇਂ ਮੂਡ ਖਰਾਬ ਕੀਤਾ ਸਵੇਰੇ ਸਵੇਰੇ...।‘ ਮੈਂ ਆਪਣੀ ਥੋੜ੍ਹ-ਦਿਲੀ ਤੇ ਪਛਤਾਉਂਦਾ ਵੀ ਹਾਂ।
ਅੱਜ ਦੇ ਨਿਯਮਿਤ ਪ੍ਰੋਗਰਾਮ ਅਨੁਸਾਰ ਨੌਂ ਵਜੇ ਹਸਪਤਾਲ ਪਹੁੰਚਿਆ। ਡਾਕਟਰਾਂ ਦੀਆਂ ਸਭ ਕੁਰਸੀਆਂ ਖਾਲੀ ਤੇ ਦਰਵਾਜ਼ਿਆਂ ਦੇ ਬਾਹਰ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਵੇਖ ਕੇ ਘਬਰਾ ਗਿਆ। ਮੇਰਾ ਹੌਸਲਾ ਜਿਹਾ ਟੁੱਟ ਗਿਆ। ਪਤਾ ਲੱਗਾ ਕਿ ਬੱਚਿਆਂ ਦੇ ਪੋਲੀਓ ਮੁਹਿੰਮ ਬਾਰੇ ਸਾਰੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਰੈਲੀ ਤੇ ਗਏ ਹੋਏ ਹਨ, ਲੋਕਾਂ ਨੂੰ ਜਾਗਰੂਕ ਕਰਨ ਲਈ।
ਇਕ ਹਾਦਸਾ-ਗ੍ਰਸਤ ਬੱਚਾ ਲਹੂ ਲੁਹਾਨ ਹੋਇਆ, ਅੱਧਵਰਿੱਤਾ ਸਹਿਕਦਾ ਪਾਹਰਿਆ-ਪਾਹਰਿਆ ਕਰਦਾ ਅੰਦਰ ਲੈ ਕੇ ਆਏ ਵਾਰਿਸ ਉਸ ਨੂੰ ਆਪਣੇ ਸਾਹਮਣੇ ਆਪਣੀ ਅੱਖੀਂ ਤੜਫ਼ਦਾ ਵੇਖ ਕੇ ਨਾਲ ਨਾਲ ਮਰਦੇ ਰਹੇ।ਕਿਸੇ ਦੇ ਸਲਾਹ ਦੇਣ ਤੇ ਨਾਲ ਦੀ ਪ੍ਰਾਈਵੇਟ ਕਲੀਨਿਕ ਵੱਲ ਤੁਰਨ ਹੀ ਲੱਗੇ ਸਨ ਕਿ ਬੱਚਾ ਲੁੜ੍ਹਕ ਗਿਆ। ਪੋਲੀਓ ਮੁਹਿੰਮ ਦੀ ਬਲੀ ਚੜ੍ਹ ਗਿਆ।
ਸਾਢੇ ਨੋਂ ਵਜੇ ਲੋਕਾਂ ਦੇ ਸਾਹ ਵਿਚ ਸਾਹ ਆਇਆ, ਲਾਲ ਕਰਾਸ ਵਾਲੀਆਂ ਦੋ ਤਿੰਨ ਗੱਡੀਆਂ ਹੱਸ ਪਤਾਲ ਦੇ ਅਹਾਤੇ ਵਿਚ ਵੜੀਆਂ ਤੇ ਉੱਤਰ ਕੇ ਡਾਕਟਰ ਸਾਹਿਬ ਟਹਿਲਦੇ ਟਹਿਲਦੇ ਸਟਾਫ਼ ਰੂਮ ਵਿੱਚ ਜਾ ਵੜੇ। ਲੋਕ ਬੰਦ ਪਏ ਸਟਾਫ਼ ਰੂਮ ਦੇ ਬਾਹਰ ਹੱਡਾਰੋੜੀ ਦੀਆਂ ਗਿੱਝਾਂ ਵਾਂਗ ਟਿਕਟਿਕੀ ਲਗਾ ਕੇ ਉਹਨਾਂ ਦੇ ਬਾਹਰ ਨਿਕਲਨ ਦੀ ਉਡੀਕ ਵਿਚ ਅੱਖਾਂ ਵਿਛਾਈ ਖੜੇ ਸਨ।
ਇਥੇ ਤਾਂ ਕੁਝ ਟਾਈਮ ਲੱਗੇਗਾ...ਚਲੋ....ਦਫ਼ਤਰ ਹੀ ਜਾ ਕੇ ਦਿਖਾਈ ਦੇ ਆਵਾਂ। ਦਫ਼ਤਰ ਜਾ ਵੜਦਾ ਹਾਂ, ਡਰਦਾ ਡਰਦਾ। ਘੜੀ ਦੇਖਦਾ ਹਾਂ ਦਸ ਵੱਜ ਗਏ ਨੇ, ਸਾਹਿਬ ਦੀ ਫਿਟਕਾਰ ਤੋਂ ਗ਼ੈਰਤ ਕਰਦਾ ਹਾਂ। ਪਰ ਰੱਬ ਦਾ ਸੌ-ਸੌ ਵਾਰ ਸ਼ੁਕਰ ਕੀਤਾ।ਸਾਹਿਬ ਦੀ ਕੈਬਨ ਵੀ ਅਜੇ ਖਾਲੀ ਸੀ।ਚੌਕੀਦਾਰ ਬਾਹਰ ਬੈਠਾ ਊਂਘ ਰਿਹਾ ਸੀ ਜਿਵੇਂ ਰਾਤ ਮੁਕਲਾਵਾ ਕੱਟ ਕੇ ਆਇਆ ਹੋਵੇ। ਹੋਰ ਸਾਰਾ ਸਟਾਫ਼ ਮੈਨੂੰ ਵੇਖ ਕੇ ਹਰਲ ਹਰਲ ਕਰਦੇ ਆਪਣੀਆਂ ਆਪਣੀਆਂ ਸੀਟਾਂ ਤੇ ਦੌੜਦੇ ਮੈਂ ਅੱਖੀਂ ਲਏ ਸਨ। ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ,ਪਰ ਮੈਂ ਕੁਝ ਨਹੀਂ ਕਹਾਂਗਾ ਅੱਜ! ਮਤਾਂ ਕੋਈ ਕਹਿ ਦੇਵੇ...‘ਸਾਹਿਬ ਜੀ! ਪਹਿਲਾਂ ਆਪਣੀ ਕੁਰਸੀ ਥੱਲੇ ਸੋਟਾ ਫੇਰੋ....।‘ ਮਾਰੇ ਨਾਲੋਂ ਭਜਾਇਆ ਚੰਗਾ....। ਸਾਰੇ ਆਪਣੀਆਂ ਸੀਟਾਂ ਵੱਲ ਚਲੇ ਗਏ ਨੇ। ਚਲੋ ਸ਼ੁਕਰ!...
‘ਲਿਆ ਪਈ! ਪਹਿਲਾਂ ਪਾਣੀ ਤੇ ਫਿਰ ਚਾਹ!‘ ਚਪੜਾਸੀ ਦੇ ਸਲੂਟ ਦਾ ਜੁਆਬ ਦਿੰਦਾ ਹਾਂ।ਟੇਬਲ ਤੇ ਪਏ ਅੱਜ ਦੇ ਅਖ਼ਬਾਰ ਖੋਲ੍ਹ ਕੇ ਪੜ੍ਹਨ ਲਗਦਾ ਹਾਂ। ਚਪੜਾਸੀ ਫਿਰ ਆ ਜਾਂਦਾ ਹੈ...ਤੇ ਦੱਸਦਾ ਹੈ।
‘ਵੱਡੇ ਸਾਹਿਬ ਦੀ ਬੀਵੀ ਦੀ ਤਬੀਅਤ ਇਕ ਦਮ ਖ਼ਰਾਬ ਹੋ ਗਈ ਇਸ ਲਈ ਉਹਨਾਂ ਮੈਨੂੰ ਕਿਹਾ ਹੈ,ਤੁਸੀਂ ਸਾਰਾ ਦਿਨ ਦਫ਼ਤਰ ਬੈਠਣਾ ਤੇ ਚੰਗੀ ਤਰ੍ਹਾਂ ਚੁਕੰਨੇ ਹੋ ਕੇ ਦੇਖ ਭਾਲ ਕਰਨੀ ਹੈ...।‘ ਚਾਹ ਦਾ ਕੱਪ ਹੱਥ ‘ਚ ਫੜਿਆ ਡੋਲ੍ਹ ਜਾਂਦਾ ਹੈ।
‘ਕੀ ਮੈਂ ਪਹਿਲਾਂ ਚੁਕੰਨੀ ਦੇਖ ਭਾਲ ਨਹੀਂ ਕਰਦਾ,ਪਹਿਲਾਂ ਨਹੀਂ ਬੈਠਦਾ?‘ਮਨ ਹੀ ਮਨ ਵਿੱਚ ਉੱਠਿਆ ਸਵਾਲ ਆਪੇ ਗੁੰਮ ਹੋ ਗਿਆ।
‘ਸਾਰਾ ਦਿਨ ਦਫ਼ਤਰ ਬੈਠਣਾ ਤੇ ਮੇਰੇ ਵਰਗੇ ਚੱਕਰ ਵਰਤੀ ਲਈ? ਕਿੰਨਾ ਕਠਿਨ...।‘ ਚਾਹ ਜਿਵੇਂ ਮੇਰੇ ਲਈ ਕੜਵੀ ਨਿੰਮ ਦੀ ਘੁੱਟ ਬਣ ਗਈ ਹੋਵੇ। ਹਸਪਤਾਲ ਜਾਣਾ ਵੀ ਜ਼ਰੂਰੀ ਸੀ। ਦੋ ਚਾਰ ਫਾਈਲਾਂ ਇੱਧਰ ਉੱਧਰ ਉਲੱਦਦਾ ਹਾਂ।ਕੁਝ-ਕੁਝ ਕਲਮ ਝਰੀਟਦਾ ਹਾਂ ਤੇ ਐਨਕ ਲਾਹ ਕੇ ਮੇਜ਼ ਤੇ ਰੱਖ ਕੇ ਬਾਹਰ ਨੂੰ ਹੋ ਤੁਰਦਾ ਹਾਂ।
ਮਰੀਜ਼ਾਂ ਦੀਆਂ ਕਤਾਰਾਂ ਅੱਗੇ ਨਾਲੋਂ ਹੋਰ ਲੰਮੀਆਂ ਹੋ ਗਈਆਂ ਨੇ। ਸਟਾਫ਼ ਰੂਮ ਦਾ ਦਰਵਾਜਾ ਅਜੇ ਬੰਦ ਹੈ।ਸ਼ਾਇਦ ਕੋਈ ਜ਼ਰੂਰੀ ਮੀਟਿੰਗ ਹੋ ਰਹੀ ਹੈ। ਹਾਂ ਪਰਚੀਆਂ ਵਾਲੀ ਖਿੜਕੀ ਕੁਝ-ਕੁਝ ਵਿਰਲੀ ਹੋਈ ਹੈ। ਮੈਂ ਜਾ ਕੇ ਪਰਚੀ ਕਟਾਉਂਦਾ ਹਾਂ...ਇਕ ਰੁਪਈਆ ਦੇਣ ਦੀ ਬਿਜਾਏ ਆਪਣਾ ਸਰਕਾਰੀ ਪਹਿਚਾਣ ਪੱਤਰ ਉਸ ਅੱਗੇ ਕਰਕੇ ਰੁਪਈਆ ਬਚਾ ਕੇ ਆਪਣਾ ਕੱਦ ਹੋਰਾਂ ਸੈਂਕੜੇ ਮਰੀਜ਼ਾਂ ਤੋਂ ਉੱਚਾ-ਉੱਚਾ ਸਮਝਦਾ ਹਾਂ।
ਡਾਕਟਰ ਸਾਹਿਬ ਆ ਬੈਠੇ ਨੇ।ਮੈਂ ਨੀਝ ਲਗਾਉਂਦਾ ਹਾਂ, ਕਿਵੇਂ ਨਾ ਕਿਵੇਂ ਇਸ ਲੰਮੀ ਕਤਾਰ ਤੋਂ ਪਾਸੇ ਪਾਸੇ ਹੋ ਕੇ ਹੀ ਅੰਦਰ ਲੰਘ ਜਾਵਾਂ। ਡਾਕਟਰ ਸ਼ਾਇਦ ਆਪੇ ਹੀ ਅਵਾਜ਼ ਮਾਰ ਦੇਵੇ...ਜਾਂ ਸ਼ਾਇਦ ਮਰੀਜ਼ ਭਗਤਾਂ ਉਣ ਵਾਲਾ ਸੇਵਾਦਾਰ ਹੀ ਆਵਾਜ਼ ਦੇ ਦੇਵੇ ਸਰਕਾਰੀ ਗਜ਼ਟਿਡ ਅਧਿਕਾਰੀ ਨੂੰ...ਪਰ ਇੱਥੇ ਕਿਸੇ ਨਾ ਪਛਾਣਿਆ।
ਪਾਸੇ ਪਾਸੇ ਜਾ ਕੇ ਮਰੀਜ਼ਾਂ ਦੀ ਭੀੜ ਨਾਲ ਜੂਝਦੇ ਚਪੜਾਸੀ ਦੇ ਕੰਨ ਵਿੱਚ ਕੁਝ ਕਿਹਾ। ਚਪੜਾਸੀ ਨੇ ਦਰਵਾਜਾ ਖੋਲ੍ਹ ਕੇ ਅੰਦਰ ਲੰਘਾ ਦਿੱਤਾ। ਡਾਕਟਰ ਦੇ ਲਾਗੇ ਸਟੂਲ ਤੇ ਬੈਠਣ ਹੀ ਲੱਗਾ ਸੀ ਕਿ ਬੱਤੀ ਚਲੇ ਗਈ। ਗੁੱਲ ਹੋਈ ਬੱਤੀ ਨਾਲ ਚਾਰ ਚੁਫ਼ੇਰੇ ਕਾਲਾ ਸ਼ਾਹ ਅੰਧੇਰਾ ਪਸਰ ਗਿਆ। ਹਫਤਾ ਤਫੜੀ ਜਿਹੀ ਮੱਚ ਗਈ ਚਾਰ ਚੁਫ਼ੇਰੇ। ਮੇਰੇ ਵੱਲ ਪਰਚੀ ਲੈਣ ਲਈ ਵਧਿਆ ਡਾਕਟਰ ਦਾ ਹੱਥ ਮੁੜ ਹਨੇਰੇ ਵਿੱਚ ਗਾਇਬ ਹੋ ਗਿਆ। ਪੱਖਿਆਂ ਦੇ ਬੰਦ ਹੋਣ ਕਰਕੇ ਹੁੰਮਸ ਮਰੀਜ਼ਾਂ ਦੀਆਂ ਤਕਲੀਫ਼ਾਂ ‘ਚ ਤੇਜੀ ਲਿਆਉਣ ਲੱਗਾ।
ਜੈਨਰੇਟਰ ਸਟਾਰਟ ਕਰਨ ਦੀ ਆਵਾਜ਼ ਆਈ...ਸ਼ੁਕਰ ਪ੍ਰਮਾਤਮਾ ਦਾ ਬੱਤੀ ਆ ਜਾਏਂਗੀ। ਲੋਕਾਂ ਦੇ ਰੁਕੇ ਹੋਏ ਸਾਹ ਕੁਝ ਕੁਝ ਸੌਖੇ ਚੱਲਣ ਲੱਗੇ। ‘ਘਰਰ....ਘਰਰਰ ਘਰ...ਘੀਂ...ਘੀਂ...।‘ ਦੀ ਆਵਾਜ਼! ਦੋ ਚਾਰ ਵੇਰਾਂ, ਬੱਤੀ ਨੇ ਝਟਕਾ ਜਿਹਾ ਮਾਰਿਆ ਤੇ ਫਿਰ ਗੁੱਲ।
‘ਜੈਨਰੇਟਰ ਵਿਚ ਤੇਲ ਨਹੀਂ....।‘ਉਧਰੋਂ ਆਵਾਜ਼ ਆਈ।
ਇਸ ਦਾ ਉਪਰੇਟਰ ਕੇਨੀ ਫੜ ਕੇ ਬਾਹਰ ਨਿਕਲ ਗਿਆ ਤੇ ਪੈਟਰੋਲ ਪੰਪ ਲਾਗੇ ਨਜ਼ਦੀਕ ਹੀ ਹੋਣ ਕਰਕੇ ਜਲਦੀ ਹੀ ਵਾਪਸ ਮੁੜ ਆਇਆ। ਤੇਲ ਪਾ ਦਿੱਤਾ ਤੇ ਫੇਰ ਚਾਲੂ ਕਰਨ ਦੀ ਉਹੀ ਕਿਰਿਆ ਬਾਰ ਬਾਰ ਦੁਹਰਾਉਣ ਲੱਗੇ ਪਰ ਮਸ਼ੀਨ ਸੀ ਕਿ ਘੀਂ ਘਰਰ ਤੋਂ ਅੱਗੇ ਚੱਲਣ ਤੋਂ ਜੁਆਬ ਦੇ ਦਿੰਦੀ।
‘ਓ ਭਾਈ ਸਾਹਿਬ! ਇਸ ਦੀ ਨਾਲੀ ਵਿਚ ਹਵਾ ਭਰ ਗਈ ਹੈ...ਪਹਿਲਾਂ ਹਵਾ ਕੱਢੇ...।‘ ਇਕ ਕਿਸਾਨ ਲਗਦੇ ਭੱਦਰ ਪੁਰਸ਼ ਨੇ ਅੱਗੇ ਹੋ ਕੇ ਆਪਣੀ ਸੇਵਾ ਅਰਪਣ ਕੀਤੀ।
‘ਲਿਆਉ ਚਾਬੀ ਦਿਉ...ਪੇਚਕਸ ਦਿਉ।‘
ਆਸੇ ਪਾਸੇ ਹੱਥ ਮਾਰਿਆ ਚਾਬੀ ਕਿਤੇ ਨਾ ਮਿਲੀ। ਮੁੜ ਉਸ ਸੱਜਣ ਪੁਰਸ਼ ਨੇ ਬਾਹਰੋਂ ਜਾ ਕੇ ਆਪਣੀ ਡਿੱਗੀ ‘ਚੋਂ ਲਿਆ ਕੇ ਚਾਬੀ ਲਗਾ ਕੇ ਗੇੜਾ ਦੇ ਦਿੱਤਾ ਤੇ ਫਰਾਟੇ ਮਾਰਦੇ ਜੈਨਰੇਟਰ ਨੇ ਚਾਰ ਚੁਫੇਰੇ ਚਾਨਣੀ ਤੇ ਹਵਾ ਦੇ ਛਿੱਟੇ ਦੇ ਮਾਰੇ। ਲੋਕਾਂ ਦੇ ਚਿਹਰੇ ਦੀਆਂ ਰੌਣਕਾਂ ਪਰਤ ਆਈਆਂ। ਹਸਪਤਾਲ ਦੀਆਂ ਹਨੇਰੀਆਂ ਗੈਲਰੀਆਂ ਫਿਰ ਚਾਨਣ ਵਿੱਚ ਡੁੱਬ ਗਈਆਂ। ਜੈਨਰੇਟਰ ਦੀ ਖੜ ਖੜ ਇਕ ਦਮ ਉੱਚੀ ਹੋਈ, ਧੂੰਏਂ ਦੇ ਬੱਦਲ ਹਸਪਤਾਲ ਦੀ ਸਾਰੀ ਗੈਲਰੀ ਵਿੱਚ ਫੈਲ ਗਏ ਤੇ ਫਿਰ ਆਵਾਜ਼ ਬੰਦ ਹੋ ਗਈ। ਸਾਰਾ ਚੁਗਿਰਦਾ ਫਿਰ ਡੂੰਘੇ ਹਨ੍ਹੇਰੇ ਦੀ ਲਪੇਟ ਵਿੱਚ ਆ ਗਿਆ। ਉਪਰੇਟਰ ਗੁੱਸੇ ਨਾਲ ਪਸੀਨੋਂ-ਪਸੀਨੀ ਹੋਇਆ ਹਫਿਆ ਪਿਆ ਸੀ।
ਕੁਝ ਡਾਕਟਰ ਆਏ। ਉਹਨਾਂ ਵਿਚੋਂ ਕੁਝ ਨੇ ਮੂੰਹ ਤੇ ਮਖੌਟੇ ਤੇ ਹੱਥਾਂ ਤੇ ਦਸਤਾਨੇ ਪਾਏ ਹੋਏ ਸਨ,ਜ਼ਾਹਿਰ ਹੈ ਕਿ ਉਹ ਉਪਰੇਸ਼ਨ ਥੀਏਟਰ ਵਿਚੋਂ ਆਏ ਹੋਣਗੇ, ਕਿਸੇ ਬਦਕਿਸਮਤ ਦੀ ਚੀਰ-ਫਾੜ ਵਿੱਚ ਛੱਡ ਕੇ। ਅੰਦਰ ਵਾਰਡ ਵਿਚੋਂ ਮਰੀਜ਼ ਤੇ ਉਹਨਾਂ ਦੇ ਸੇਵਾਦਾਰ ਤਨਾਓ ਗ੍ਰਸਤ ਹੋਏ ਹੱਥਾਂ ‘ਚ ਪੱਖੀਆਂ ਫੜੀ ਮੁੜਕੋ-ਮੁੜਕੀ ਹੋਏ ਬਾਹਰ ਖੁੱਲ੍ਹੇ ਲਾਅਨ ਵਿੱਚ ਆ ਗਏ ।
‘ਅਰੇ ਭਾਈ ਕਿਆ ਬਾਤ ਹੈ? ਚਲਦਾ ਨਹੀਂ ਇਹ? ਕਿਉਂ?‘
‘ਸਰ ਮੈਂ ਆਪ ਕੋ ਏਕ ਮਹੀਨੇ ਕਾ ਕਹਿ ਰਿਹਾ ਹਾਂ ਕਿ ਇਸ ਦੀ ਤੇਲ ਵਾਲੀ ਪਾਈਪ ਲੀਕ ਕਰਦੀ ਹੈ।‘ਉਪਰੇਟਰ ਬੁੜ ਬੁੜ ਕਰਦਾ ਕੁਝ ਆਪਣੇ ਆਪ ਨੂੰ ਤੇ ਕੁਝ ਸਰਕਾਰ ਨੂੰ ਕੋਸਣ ਲੱਗਾ।
‘ਚੱਲ ਹੁਣੇ ਹੀ ਪਾਈਪ ਲਿਆ, ਬਿੱਲ ਬਣਾ ਤੇ ਹੁਣੇ ਹੀ ਪਾਸ ਕਰਾ।‘ਡਾਕਟਰ ਨੇ ਹੁਕਮ ਕੀਤਾ।
ਉਹ ਹੈਂਡਲ ਥੱਲੇ ਸੁੱਟ ਕੇ ਬਿੱਲ ਬਣਾਉਣ ਲੱਗ ਪਿਆ ਤੇ ਖਜ਼ਾਨਚੀ ਕੋਲੋਂ ਨਕਦ ਪੈਸੇ ਲੈ ਕੇ ਵਾਪਿਸ ਪਾਈਪ ਲੈ ਕੇ ਪਰਤ ਆਇਆ।
ਸਾਢੇ ਬਾਰਾਂ ਵੱਜ ਗਏ। ਪਾਈਪ ਲਗਾਈ...ਜੈਨਰੇਟਰ ਚੱਲਿਆ।ਹੋਰਾਂ ਮਰੀਜ਼ਾਂ ਵਾਂਗ ਮੈਂ ਫਿਰ ਦੌੜ ਕੇ ਡਾਕਟਰ ਵੱਲ ਜਾਂਦਾ ਆਪਣੀ ਵਾਰੀ ਸਾਂਭਣ ਦੀ ਕੋਸ਼ਿਸ਼ ਕਰਦਾ ਹਾਂ। ਉਹ ਪਰਚੀ ਫੜਦਾ ਹੈ...ਮੇਰੇ ਵੱਲ ਵੇਖਦਾ ਹੈ...ਸੁਆਲੀਆ ਅੱਖਾਂ ਨਾਲ।
‘ਸਰ ਪੇਟ ਵਿੱਚ ਦਰਦ ਰਹਿੰਦਾ ਹੈ...।‘ ਮੈਂ ਜੁਆਬ ਦਿੰਦਾ ਹਾਂ। ਉਹ ਪਰਚੀ ਤੇ ਝਰੀਟ ਜਿਹੀ ਮਾਰਦਾ ਹੈ।
‘ਸਕੈਨਿੰਗ ਕਰਾਊ...।‘
‘ਸਕੈਨਿੰਗ ਲੈਬ ਵੱਲ ਜਾਂਦਾ ਹਾਂ...ਉਥੇ ਵੀ ਭੀੜ ਹੈ ਪਰ ਜਲਦੀ ਹੀ ਨੰਬਰ ਆ ਜਾਂਦਾ ਹੈ...ਡਾਕਟਰ ਪਰਚੀ ਪੜ੍ਹ ਕੇ,
‘ਦੋ ਸੌ ਰੁਪੈ ਜਮਾਂ ਕਰਾਓ...।‘ ਹੁਕਮ ਚਾੜ੍ਹਦਾ ਹੈ।
‘ਸਰ ਮੈਂ ਸਰਕਾਰੀ ਅਫ਼ਸਰ ਹਾਂ...।‘
‘ਤਾਂ ਫਿਰ ਤੁਸੀਂ ਕੱਲ੍ਹ ਨੂੰ ਆ ਜਾਇਓ ਵਿਹਲੇ ਵੇਲੇ…।‘ ਉਸ ਦੀ ਜਬਾਨ ਤਲਖ਼ ਹੋ ਗਈ ਹੈ, ਠੀਕ ਜਿਵੇਂ ਕੰਡਕਟਰ ਬੱਸ ਵਿਚ ਚੜ੍ਹਦੀਆਂ ਪੁਰਾਣੀਆਂ ਮੁਫ਼ਤ ਵਾਲੀਆਂ ਬਜ਼ੁਰਗ ਸਵਾਰੀਆਂ ਨੂੰ ਵੇਖ ਕੇ ਮੱਥੇ ਵੱਟ ਚੜ੍ਹਾਉਂਦਾ ਅਵਾ ਤਵਾ ਬੋਲਦਾ ਹੈ। ਪੈਸੇ ਜਮਾ ਕਰਵਾ ਕੇ ਆਉਂਦਾ ਹਾਂ...।
‘‘ਲੇਟੋ...ਜੁੱਤੀ ਲਾਹ ਲਓ...।‘ ਇਕ ਪ੍ਰਾਈਵੇਟ ਕੱਪੜਿਆਂ ਵਾਲੀ ਬੀਬੀ ਨਰਸ ਲਗਦੀ ਸਟਰੇਚਰ ਤੇ ਚੜ੍ਹਨ ਲਈ ਮੇਰੀ ਮਦਦ ਕਰਦੀ ਹੈ...।
ਡਾਕਟਰ ਪੇਟ ਤੇ ਗਰੀਸ ਜਿਹੀ ਲਗਾ ਕੇ ਟੂਟੀ ਲਗਾਉਂਦਾ ਹੈ...।
‘ਫਿਰ ਇਕ ਦਮ ਹਨੇਰਾ! ਘੁੱਪ ਹਨੇਰਾ...।‘ ਜੈਨਰੇਟਰ ਫਿਰ ਬੰਦ ਹੋ ਜਾਂਦਾ ਹੈ। ਮੇਰਾ ਸਾਰਾ ਲਿੱਬੜਿਆ ਪੇਟ ਛੱਡ ਕੇ ਡਾਕਟਰ ਬਾਹਰ ਦੌੜ ਜਾਂਦਾ ਹੈ ਤੇ ਪਿੱਛੇ ਹੀ ਨਰਸ।
ਇਕ ਵੱਜ ਗਿਆ...ਜੈਨਰੇਟਰ ਨਾਲ ਸਾਰਾ ਸਟਾਫ਼ ਉਲਝਿਆ ਪਿਆ ਰਿਹਾ। ਪਰ ਇਹ ਠੀਕ ਨਹੀਂ ਹੋ ਸਕਿਆ।
‘ਬਾਹਰੋਂ ਮਕੈਨਿਕ ਇੰਜੀਨੀਅਰ ਮੰਗਵਾਉਣਾ ਪਵੇਗਾ।‘
ਕੁਝ ਹੋਰ ਡਾਕਟਰ ਪੇਚਕਸ ਪਲਾਸ ਲੈ ਕੇ ਉਪਰੇਟਰ ਦੀ ਮਦਦ ਕਰਦੇ, ਨਟ ਬੋਲੀ ਖੋਲ੍ਹਣ ਲਗਦੇ ਨੇ, ਕਦੇ ਬੰਦ ਕਰਦੇ ਨੇ, ਪਰ ਉਹ ਨਹੀਂ ਮੰਨਿਆ ‘ਮੈਂ ਨਾ ਮਾਨੂੰ‘ ਵਾਲੀ ਰੱਟ ਲਗਾਈ ਗਿਆ।
ਬਿਜਲੀ ਤੇ ਡਾਕਟਰਾਂ ਦੇ ਇਕੋ ਜਿਹੇ ਵਰਤਾਰੇ ਵੇਖ ਕੇ ਭੀੜ ਘਟਣ ਲਗਦੀ ਹੈ।ਇਸ ਅਨਿਸ਼ਚਿਤਤਾ ਦੇ ਦੌਰ ਵਿਚੋਂ ਬਹੁਤੇ ਲੋਕ ਬਾਹਰ ਨਿਕਲ ਜਾਂਦੇ ਹਨ। ਬੱਤੀ ਨੇ ਫਿਰ ਝਮੱਕਾ ਜਿਹਾ ਮਾਰਿਆ ਤੇ ਆ ਪਹੁੰਚੀ।
ਕਰਿੰਦਿਆ ਦੀ ਜਾਨ ਵਿਚ ਜਾਨ ਆਈ।
ਦੋ ਮੈਡੀਕਲ ਨੁਮਾਇੰਦੇ ਲੰਮੀ ਲਾਈਨ ਚੋਂ ਧੁੱਸ ਦਿੱਤੇ ਉਲੰਘ ਕੇ ਅੰਦਰ ਜਾ ਵੜੇ ਨੇ। ਡਾਕਟਰ ਨਾਲ ਹੱਥ ਮਿਲਾਉਂਦੇ ਹਨ। ਦਵਾਈਆਂ ਦੇ ਸੈਂਪਲ ਪੈਕੇਟ ਮੇਜ਼ ਤੇ ਟਿਕਾਉਂਦੇ ਹਨ ਤੇ ਦੂਜੇ ਹੀ ਝਟਕੇ ਨਾਲ ਨਾਲ ਡਾਕਟਰ ਉਹ ਮੇਜ਼ ਦੇ ਦਰਾਜ਼ ਵਿਚ ਸੁੱਟੀ ਜਾਂਦਾ ਹੈ। ਇਕ ਬੰਦ ਲਿਫ਼ਾਫ਼ਾ ਜੇਬ ‘ਚ ਪਾ ਲੈਂਦਾ ਹੈ।
‘ਟਰਨ...ਟਰਨ...।‘ ਘੰਟੀ ਵੱਜਦੀ ਹੈ।
‘ਦੋ ਕੱਪ ਚਾਹ...।‘ ਉਹ ਗੱਪਾਂ ਲਗਾਉਣ ਲੱਗ ਪਏ ਹਨ।
ਚਾਹ ਸੁੜ੍ਹਾਕ ਕੇ ਉਡੀਕ ਵਿੱਚ ਡੁੱਬੀ ਭੀੜ ਨੂੰ ਚੀਰਦੇ ਬਾਹਰ ਨਿਕਲ ਜਾਂਦੇ ਹਨ। ਮੈਂ ਮੁੜ ਡਾਕਟਰ ਵੱਲ ਜਾਂਦਾ ਹਾਂ।ਉਸ ਨੇ ਪੈੱਨ ਬੰਦ ਕਰਕੇ ਜੇਬ ਵਿਚ ਪਾ ਲਿਆ ਤੇ ਐਨਕ ਡੱਬੀ ਵਿਚ ਬੰਦ ਕਰਨ ਲੱਗਾ ਹੈ।
‘ਕੱਲ੍ਹ ਆ ਜਾਣਾ!....ਪਲੀਜ਼ ਤਕਲੀਫ਼ ਮੁਆਫ਼! ਚੰਗੀ ਤਰਾਂ ਵੇਖਾਂ ਗੇ,ਇਸ ਭੀੜ ਭੜਕੇ ਤੋਂ ਪਾਸੇ!...ਜਾਂ ਸ਼ਾਮ ਨੂੰ ਘਰ ਆ ਜਾਣਾ...।‘ ਉਹ ਘੜੀ ਵੱਲ ਝਾਤੀ ਮਾਰਦਾ ਜੇਬ ਚੋਂ ਕੱਢ ਕੇ ਆਪਣਾ ਕਾਰਡ ਮੈਨੂੰ ਫੜਾਉਂਦਾ ਹੈ।
ਫਿਰ ਮੁੜ ਆਪਣੇ ਦਫ਼ਤਰ ਆਉਂਦਾ ਹਾਂ। ਸਾਹਿਬ ਅਜੇ ਵੀ ਨਹੀਂ ਆਏ।ਘਰ ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂ। ਕੰਪਿਊਟਰ ਰੂਮ ਵਿੱਚ ਕਰਮਚਾਰੀ ਸਾਰੇ ਇਕੱਠੇ ਹੋਏ ਹਿੜ-ਹਿੜ ਕਰ ਰਹੇ ਹਨ। ਮਲਕੜੇ ਜਿਹੇ ਮੈਨੂੰ ਦਾਖਲ ਹੁੰਦੇ ਨੂੰ ਵੇਖ ਕੇ ਲਾਲ ਪੀਲੀ ਹੋਈ ਕੰਪਿਊਟਰ ਦੀ ਸਕਰੀਨ ਬੰਦ ਹੋ ਜਾਂਦੀ ਹੈ।
‘ਉਏ ਕੁਝ ਸ਼ਰਮ ਕਰੋ ਉਏ! ਕਿਉਂ ਹੱਡ ਹਰਾਮੀਆਂ ਕਰਨ ਲੱਗੇ ਹੋ...।‘
‘ਆਉ ਸਰ! ਤੁਹਾਨੂੰ ਜਲਵੇ ਵਿਖਾਈਏ...।‘ ਇਕ ਬਾਬੂ ਮਾਊਸ ਨਾਲ ਉਸ ਤੀਰ ਜਿਹੇ ਨੂੰ ਟਪਾਈ ਫਿਰਦਾ ਹੈ।
‘ਹੈ ਤੇਰੇ ਦੀ... ਇਹੋ ਜਿਹੇ ਵੈਸ਼ਨੋ ਸੀਨ!‘ ਮੈਂ ਬਾਹਰ ਨਿਕਲ ਆਉਂਦਾ ਹਾਂ। ਮੇਰਾ ਮਨ ਬੜਾ ਉਦਾਸ ਉਚਾਟ ਜਿਹਾ ਹੋ ਜਾਂਦਾ ਹੈ। ਮੈਂ ਆਰਾਮ ਕਮਰੇ ਵਿਚ ਜਾ ਕੇ ਲੰਮਾ ਪੈ ਕੇ ਅੱਖਾਂ ਮੀਟ ਲੈਂਦਾ ਹਾਂ। ਸਵੇਰੇ ਘਰ ਵਿੱਚ ਛੱਡੀ ਵੱਡੀ ਸਾਰੀ ਕਾਰੀਗਰਾਂ ਦੀ ਹੇੜ੍ਹ ਤੇ ਉਹਨਾਂ ਨੂੰ ਦੇਣ ਵਾਲੀ ਉਜਰਤ, ਮੇਰੇ ਦਿਮਾਗ ਵਿੱਚ ਸੁਨਾਮੀ ਲਹਿਰਾਂ ਮਚਾਉਣ ਲੱਗੀ ਹੈ।
‘ਤਬੀਅਤ ਤੋ ਠੀਕ ਹੈ ਸਾਹਿਬ।‘
ਚਪੜਾਸੀ ਪੜਦਾ ਸਰਕਾ ਕੇ ਅੰਦਰ ਆਉਂਦਾ ਹੈ। ਘੜੀ ਵੱਲ ਨਜ਼ਰ ਮਾਰੀ, ਪੰਜ ਵੱਜ ਗਏ ਹਨ। ਮੈਂ ਸਮਝ ਗਿਆ, ਉਸ ਦਾ ਮਤਲਬ ਮੇਰੀ ਤਬੀਅਤ ਦੀ ਚਿੰਤਾ ਨਹੀਂ, ਘਰ ਨੂੰ ਦੌੜਨ ਦੀ ਕਾਹਲ਼ ਹੈ।
ਉੱਠ ਕੇ ਘਰ ਆ ਜਾਂਦਾ ਹਾਂ।
ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗਦੀ ਹੈ।ਪੰਚਾਂ ਦਾ ਕਿਹਾ ਸਿਰ ਮੱਥੇ,ਪਰਨਾਲਾ ਉਥੇ ਦਾ ਉਥੇ ਸੁਣਿਆਂ ਸੀ ਪਰ ਅੱਜ ਪਰਨਾਲਾ ਉਥੇ ਵੀ ਨਹੀਂ ਸੀ, ਸਗੋਂ ਇਹ ਤਾਂ ਖਿਸਕ ਕੇ ਹੋਰ ਪਾਸੇ ਕਸੂਤੀ ਜਗ੍ਹਾ ਚਲਾ ਗਿਆ ਸੀ ,ਹੋਰ ਖ਼ਤਰਨਾਕ ਜਗ੍ਹਾ ਤੇ।
‘ਸਾਹਿਬ ਜੀ ਬੜੀ ਮੁਸ਼ਕਲ ਬਚੇ ਅੱਜ! ਤੁਸੀਂ ਇਹ ਸ਼ਟਰਿੰਗ ਦਾ ਸਮਾਨ ਕੱਚਾ ਲਿਆ ਕੇ ਦੇ ਗਏ।ਫੱਟੇ ਤੇ ਬੱਲੀਆਂ ਬਹੁਤ ਕਮਜ਼ੋਰ ਸਨ।ਸਾਡੀ ਗੋਅ ਟੁੱਟ ਗਈ,ਨਿੰਮਾਂ ਹਸਪਤਾਲ ਦਾਖਲ ਹੈ।ਬਾਕੀ ਤਾਂ ਸਭ ਬਚਾਅ ਹੋ ਗਿਆ, ਹੱਥ ਦੇ ਕੇ ਰੱਖਿਆ ਰੱਬ ਨੇ...। ਉਸਦੇ ਪਲੱਸਤਰ ਲੱਗਾ ਹੈ। ਉਸ ਲਈ ਪੈਸਿਆਂ ਦਾ ਇੰਤਜ਼ਾਮ ਕਰੋ।‘ਭੈੜੀ ਜਿਹੀ ਬੂਥੀ ਬਣਾਈ ਠੇਕੇਦਾਰ ਮੇਰਾ ਰਸਤਾ ਕੱਟਦਾ ਹੈ।
‘ਮਨ ਹਰਾਮੀ ਹੁੱਜਤਾਂ ਢੇਰ।‘ਮਨ ਵਿੱਚ ਉਬਾਲ ਉਬਾਲਦੇ ਰਿੱਝਦੇ ਭੁੱਜਦੇ ਮੇਰਾ ਆਪਾ ਬਹਿਕਣ ਲੱਗਦਾ ਹੈ।
‘ਜੇ ਆਪ ਉਹ ਇਹੀ ਸਮਾਨ ਉਥੋਂ ਲੈ ਕੇ ਆਉਂਦਾ, ਵਿਚੋਂ ਕਮਿਸ਼ਨ ਮਿਲਨੀ ਸੀ ਇਸਨੂੰ ਤੇ ਨਾਲੇ ਆਉਂਦਾ ਜਾਂਦਾ ਦੋ ਚਾਰ ਘੰਟੇ ਅਵਾਰਾਗਰਦੀ ਕਰਦਾ ਤਾਂ ਇਹੀ ਸਮਾਨ ਨਿੱਗਰ ਚੰਗਾ ਹੋ ਜਾਣਾ ਸੀ, ਹੁਣ ਭਾਵੇਂ ਆਪੇ ਹੀ ਰੱਸੀ ਖਿਸਕਾ ਕੇ ਮਜ਼ਦੂਰਾਂ ਨੂੰ ਡੇਗ ਕੇ ਇਹ ਅਡੰਬਰ ਰਚਿਆ ਹੋਵੇ...।‘ਮੈਂ ਉਸ ਦੀਆਂ ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ।
‘ਪੈਸੇ ਦੇ ਦਿਉ ਸਾਹਿਬ ਜੀ! ਮੈਂ ਤੁਹਾਨੂੰ ਟੈਲੀਫੋਨ ਹੀ ਕਰਨ ਵਾਲਾ ਸੀ, ਚੰਗਾ ਹੋਇਆ ਤੁਸੀਂ, ਟਾਈਮ ਸਿਰ ਆ ਗਏ।'
ਉਹ ਇਸ ਜਾਣੇ ਅਨਜਾਣੇ ਹੋਏ ਹਾਦਸੇ ਦਾ ਮੁੱਲ ਵੱਟਣਾ ਚਾਹੁੰਦਾ ਸੀ। ਇਸ ਦਾ ਖਮਿਆਜ਼ਾ ਮੇਰੇ ਸਿਰ ਮੜ੍ਹਨਾ ਚਾਹੁੰਦਾ ਸੀ।
‘ਤੰਦ ਨਹੀਂ ਇਥੇ ਤਾਂ ਤਾਣੀ ਹੀ ਉਲਝੀ ਪਈ ਹੈ ਤੇ ਇਸ ਊਤਪੁਣੇ ਵਿਚ ਮੈਂ ਵੀ ਸ਼ਾਮਲ ਹਾਂ... ਇਸ ਹਜੂਮ ਵਿੱਚ, ਜਿੱਥੇ ਲੈਣੇ ਦੇ ਦੇਣੇ ਪੈ ਜਾਂਦੇ ਹਨ।‘
ਉਸ ਨੂੰ ਜੁਆਬ ਦੇਣ ਤੋਂ ਬਿਨਾ ਹੀ ਗੁੱਸੇ ਦੀ ਕੁੜੱਤਣ ਫੱਕ ਕੇ ਅੰਦਰ ਲੰਘ ਜਾਂਦਾ ਹਾਂ ਪਿਛਲੇ ਪਾਸੇ ਮਕਾਨ ਵਿੱਚ। ਫਸੀ ਨੂੰ ਫਟਕਣ ਕੀ।ਅਲਮਾਰੀ ਵਿੱਚੋਂ ਦੋ ਹਜ਼ਾਰ ਰੁਪਏ ਲਿਆ ਕੇ ਵਾਪਸੀ ਹੱਥ ਜੋੜਦਾ ਉਸ ਨੂੰ ਫੜਾ ਦਿੰਦਾ ਹਾਂ ਮਲਕੜੇ ਜਿਹੇ ਚੁੱਪ-ਚੁਪੀਤੇ।
ਉਹ ਪੈਸੇ ਫੜ ਕੇ ਝੂਠਾ ਜਿਹਾ ਧੰਨਵਾਦ ਕਰਦਾ ਮੇਰੇ ਵੱਲ ਤਿਰਛੀ ਜਿਹੀ ਨਜ਼ਰੇ ਹੱਸਦਾ ਪਰੇ ਤੁਰ ਜਾਂਦਾ ਹੈ, ਜਿਵੇਂ ਕਹਿ ਰਿਹਾ ਹੋਵੇ…, ਜੱਟ ਗੰਨਾ ਨਹੀਂ ਦਿੰਦਾ, ਰੋੜੀ ਦੇ ਦਿੰਦਾ ਹੈ।
No comments:
Post a Comment