ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਆਪਣਾ ਅਤੀਤ - (ਭਾਗ ਦੂਜਾ )
(ਪੋਸਟ: ਨਵੰਬਰ 15, 2008)
ਇਤਿਹਾਸ ਬੀਤ ਗਈ ਕਹਾਣੀ ਨੂੰ ਆਖਦੇ ਨੇ । ਕੱਲ੍ਹ ਜੋ ਬੀਤ ਗਿਆ ਉਸ ਕੱਲ੍ਹ ਦੀ ਕਹਾਣੀ ਅੱਜ ਇਤਿਹਾਸ ਲੱਗ ਰਹੀ ਹੈ । ਲੇਕਿਨ ਜੋ ਕੱਲ੍ਹ ਆਉਣ ਵਾਲਾ ਹੈ ਉਸ ਕੱਲ੍ਹ ਵਿੱਚ ਅੱਜ ਦਾ ਵਰਤਮਾਨ ਇਤਿਹਾਸ ਲੱਗੇਗਾ । ਇੱਕ ਇਤਿਹਾਸ ਬੀਤ ਚੁੱਕਾ ਇੱਕ ਹਾਲੇ ਬੀਤ ਰਿਹਾ । ਬੀਤ ਚੁੱਕੇ ਸਮੇਂ ਨੂੰ ਅਸੀਂ ਇਸ ਲਈ ਯਾਦ ਕਰਦੇ ਹਾਂ ਕਿ ਜੋ ਗਲਤੀਆਂ ਸਾਡੇ ਤੋਂ ਜਾਣੇ-ਅਨਜਾਣੇ ਹੋ ਗਈਆਂ ਅੱਗੇ ਤੋਂ ਨਾ ਕਰੀਏ । ਲੇਕਿਨ ਗਿਣ ਕੇ ਦੇਖ ਲਓ ਹਰ ਨਵੇਂ ਇਤਹਾਸ ਵਿੱਚ ਅਸੀਂ ਪੁਰਾਣੇ ਤੋਂ ਵੱਧ ਗਲਤੀਆਂ ਕਰਦੇ ਹਾਂ । ਜਾਣਦਿਆਂ ਅਨਜਾਣ ਬਣਕੇ ਅਸੀਂ ਅੱਜ ਤੱਕ ਕੀ ਖੱਟਿਆ? ਆਪਣਾ ਇਤਿਹਾਸ ਹੋਰ ਤਾਂ ਕਿਸੇ ਨੇ ਨਹੀਂ ਬਣਾਇਆ । ਚੰਗੀਆਂ ਜਾਂ ਮਾੜੀਆਂ ਆਪਣੇ ਆਪਣਿਆਂ ਦੀਆਂ ਹੀ ਤਾਂ ਕਰਤੂਤਾਂ ਹਨ , ਚਲੋ ਸਿਫ਼ਤਾਂ ਕਹਿ ਲਓ । ਲੇਕਿਨ ਜੋ ਇਤਿਹਾਸ ਅਸੀਂ ਅੱਜ ਬਣਾ ਰਹੇ ਹਾਂ , ਆਪਣੀਆਂ ਆਉਂਣ ਵਾਲੀਆਂ ਪੀੜ੍ਹੀਆਂ ਪਤਾ ਨਹੀਂ ਕਿਨ੍ਹਾਂ ਅੱਖਰਾਂ ਵਿੱਚ ਲਿਖਣ । ਐਨੇ ਪੁਰਾਤਨ ਤੇ ਅਮੀਰ ਵਿਰਸੇ ਨੂੰ ਅਸੀਂ ਕਿਵੇਂ ਲੀਰੋ-ਲੀਰ ਕਰੀ ਬੈਠੇ ਹਾਂ , ਇਸਦੇ ਕਾਰਣ ਘਟਨਾਵਾਂ ਤੇ ਨਤੀਜੇ ਅਸੀਂ ਜਾਣਦੇ ਹਾਂ । ਲੇਕਿਨ ਪਤਾ ਨਹੀਂ ਕਿਉਂ ਇਵੇਂ ਲੱਗਦਾ ਜਿਵੇਂ ਸਾਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਹੈ ।
ਪੰਜ ਹਜ਼ਾਰ ਸਾਲ ਪੁਰਾਣਾ ਸਾਡਾ ਇਤਿਹਾਸ ਅੰਕਿਤ ਹੋਇਆ ਮਿਲਦਾ ਹੈ । ਉਸ ਤੋਂ ਪਹਿਲਾਂ ਦਾ ਕੋਈ ਸਾਰਥਕ ਸਬੂਤ ਨਹੀਂ ਮਿਲਦਾ । ਰਿਗ ਵੇਦ ਵਿੱਚ ਲਫ਼ਜ਼ ਵਰਤਿਆ ਸਪਤਸਿੰਧੂ , ਦੇਵਨਾਗਰੀ ਲਿੱਪੀ ਤੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਵੇਦਾਂ ਦੇ ਅਰਥ ਕਰਨ ਵਾਲੇ ਇਸਦੇ ਅਰਥ ਕਰਦੇ ਹਨ ਸੱਤ ਪਾਣੀ । ਸੱਤ ਦਰਿਆ ਇੰਦੂ – ਜੇਹਲਮ – ਝਨ੍ਹਾਬ – ਰਾਵੀ- ਬਿਆਸ – ਸਤਲੁਜ ਅਤੇ ਸਰਸਵਤੀ ਜਿਸ ਨੂੰ ਘੱਗਰ ਦਰਿਆ ਵੀ ਆਖਦੇ ਹਨ । ਇਹ ਇਲਾਕਾ ਤਕਰੀਬਨ ਦੋ ਲੱਖ ਵਰਗ ਮੀਲ ਦਾ ਇਲਾਕਾ ਸੀ ਅਜੋਕੇ ਪੰਜਾਬ ਤੋਂ ਲਗ ਭਗ ਸੱਤ ਗੁਣਾ ਵੱਡਾ , ਇਸ ਇਲਾਕੇ ਦੇ ਲੋਕ ਪੰਜਾਬੀ ਸਨ । ਲਾਹੌਰੀ ਪੰਜਾਬੀ , ਬਿਸ਼ਤ ਦੋਆਬੀ , ਲਹਿੰਦੀ ਪੰਜਾਬੀ , ਸਿੰਧੀ ਤੇ ਪਹਾੜੀ ਬੋਲਦੇ । ਮਿਹਨਤ ਮਜ਼ਦੂਰੀ ਕਰਨ ਵਾਲੇ ਸਿੱਧੇ-ਸਾਦੇ ਲੋਕ ਸਨ ਕਿਉਂਕਿ ਪੰਜਾਬੀ ਤਾਂ ਇਨ੍ਹਾ ਆਮ ਲੋਕਾਂ ਦੀ ਭਾਸ਼ਾ ਸੀ ਇਸ ਕਰਕੇ ਸਾਡੇ ਧਾਰਮਿਕ ਆਗੂਆਂ ਨੇ ਪਤਾ ਨਹੀਂ ਕੀ ਸੋਚਕੇ ਵੇਦਾਂ ਸ਼ਾਸਤਰਾਂ ਦੀ ਰਚਨਾ ਕਰਨ ਲੱਗਿਆ ਐਸੀ ਭਾਸ਼ਾ ਚੁਣੀ ਜਿਸਨੂੰ ਆਮ ਲੋਕ ਪੜ੍ਹ ਨਾ ਸਕਣ । ਇਹ ਹੀ ਕਾਰਨ ਹੈ ਕਿ ਉਰਦੂ ਫਾਰਸੀ ਹੌਲੀ ਹੌਲੀ ਕਾਬਜ਼ ਹੋ ਗਈ । ਉਰਦੂ ਭਾਸ਼ਾ ਕਿਉਂਕਿ ਪੰਜਾਬੀ ਨਾਲ ਮਿਲਦੀ ਜੁਲਦੀ ਭਾਸ਼ਾ ਸੀ ,ਇਸ ਕਰਕੇ ਬਹੁਤ ਜਲਦੀ ਪਰਚੱਲਤ ਹੋ ਗਈ । ਸੰਸਕ੍ਰਿਤ ਸਿਰਫ ਗਰੰਥਾਂ ਤੀਕ ਹੀ ਸੀਮਤ ਰਹਿ ਗਈ ਤੇ ਉਰਦੂ ਫਾਰਸੀ ਸਰਕਾਰੇ ਦਰਬਾਰੇ ਵੀ ਕਾਬਜ਼ ਹੋ ਗਈ ।
ਰਹਿੰਦੀ ਕਸਰ ਸੂਫ਼ੀ ਕਵੀਆਂ ਨੇ ਪੂਰੀ ਕਰ ਦਿੱਤੀ । ਆਮ ਲੋਕਾਂ ਦੇ ਸਮਝ ਵਿੱਚ ਨਾ ਆ ਸਕਣ ਵਾਲੀ ਭਾਸ਼ਾ ਸੰਸਕ੍ਰਿਤ ਵਿੱਚ ਲਿਖ ਕੇ ਜੋ ਜੀਵਨ ਦਾ ਰਹੱਸ ਵੇਦਾਂ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ , ਸਰਲ ਭਾਸ਼ਾ ਵਿੱਚ ਸੂਫ਼ੀਆਂ ਨੇ ਲੋਕਾਂ ਤੱਕ ਪਹੁੰਚਾਇਆ । ਆਮ ਜੀਵਨ ਵਿੱਚੋਂ ਉਦਾਹਰਣਾਂ ਦੇ ਕੇ ਆਮ ਲੋਕਾਂ ਦੇ ਸਮਝ ਵਿੱਚ ਆ ਸਕਣ ਵਾਲੀ ਭਾਸ਼ਾ ਵਿੱਚ ਲਿਖੀ ਸੂਫ਼ੀ ਕਵਿਤਾ ਪੰਜਾਬੀਆਂ ਨੇ ਰੱਜ ਰੱਜ ਕੇ ਗਾਈ । ਉਰਦੂ ਫਾਰਸੀ ਏਨੀ ਪ੍ਰਚੱਲਤ ਹੋ ਗਈ ਕਿ ਲੋਕਾਂ ਨੇ ਲਿਖਣੀ ਪੜਨੀ ਵੀ ਸਿੱਖ ਲਈ । ਪੰਜਾਬ ਦੇ ਆਮ ਲੋਕਾਂ ਨੇ ਸਭ ਤੋਂ ਪਹਿਲਾਂ ਉਰਦੂ ਫ਼ਾਰਸੀ ਵਾਲੀ ਲਿੱਪੀ ਜੋ ਪੁੱਠੇ ਪਾਸਿਓਂ ਲਿਖ ਹੁੰਦੀ ਹੈ , ਲਿਖਣੀ ਪੜ੍ਹਨੀ ਸਿੱਖੀ । ਸਡੀ ਕੌਮ ਦੇ ਲੰਬੜਦਾਰਾਂ ਨੇ ਸੋਚਣ ਦੀ ਖੇਚਲ ਹੀ ਨਹੀਂ ਕੀਤੀ ਕੇ ਪੰਜਾਬੀ ਨੂੰ ਉਰਦੂ ਵਿੱਚ ਲਿਖਣਾ ਸਿੱਖਕੇ ਭਾਸ਼ਾ ਨੂੰ ਸੰਵਾਰ ਰਹੇ ਹਨ ਜਾਂ ਵਿਗਾੜ ਰਹੇ ਹਨ । ਇਸ ਵਿਸ਼ੇ ਤੇ ਅਸੀਂ ਘੂਕ ਸੁੱਤੇ ਰਹੇ ਤੇ ਕੀ ਦਾ ਕੀ ਹੋ ਗਿਆ ? ਸ਼ੇਰੇ -ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਕਾਰੀ ਭਾਸ਼ਾ ਉਰਦੂ ਫ਼ਾਰਸੀ ਸੀ । ਭਾਵੇਂ ਤਿੰਨ ਸੌ ਸਾਲ ਪਹਿਲਾਂ ਗੁਰੁ ਅੰਗਦ ਦੇਵ ਜੀ ਨੇ ਪੈਂਤੀ-ਅੱਖਰੀ ਆਮ ਲੋਕਾਂ ਵਾਸਤੇ ਪੰਜਾਬੀ ਭਾਸ਼ਾ ਦੀ ਪੰਜਾਬੀ ਲਿੱਪੀ ਗੁਰਮੁਖੀ ਬਣਾਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਰਾਜੇ ਨੂੰ ਤੇ ਨਾ ਪਰਜਾ ਨੂੰ ਖ਼ਿਆਲ ਆਇਆ ਕਿ ਕਿੱਡੀ ਵੱਡੀ ਗਲਤੀ ਕਰ ਰਹੇ ਹਨ ।ਅੱਜ ਤੱਕ ਕਿਸੇ ਨੇ ਇਹ ਗਲਤੀ ਨਹੀਂ ਚਿਤਾਰੀ ।
ਆਪਣੀ ਮਾਤ ਭਾਸ਼ਾ ਦਾ ਅਤੀਤ ਦਿਲ ਨੂੰ ਦਰਦ ਦੇ ਸਿਵਾ ਹੋਰ ਕੁਝ ਨਹੀਂ ਦੇ ਸਕਦਾ । ਰੋਣ ਨੂੰ ਦਿਲ ਕਰਦਾ ਹੈ ਪਰ ਰੋਅ ਕੇ ਦੱਸੀਏ ਕਿਸਨੂੰ ? ਕਿਸ ਦੀ ਸ਼ਕਾਇਤ ਕਿਸ ਕੋਲ ਕਰੀਏ ? ਕਹਿੰਦੇ ਮਾਂ ਹੋਵੇ ਯਾਰਨੀ , ਪੁੱਤ ਨਾ ਚਿਤਾਰੇ ਲੇਕਿਨ ਪੁੱਤ ਕਰੇ ਤਾਂ ਕੀ ਕਰੇ ? ਕਾਬਲ ਦਰਿਆ ਤੌਂ ਲੈ ਕੇ ਜਮੁਨਾ ਤੱਕ ਜੋ ਵੀ ਵਸੋਂ ਸੀ ਸਾਰੇ ਦੇ ਸਾਰੇ ਪੰਜਾਬੀ ਸੀ ਅੱਜ ਕੀ ਹੋਇਆ ? ਰਹਾਇਸ਼ ਤਾਂ ਓਥੇ ਹੀ ਹੈ , ਲੋਕ ਵੀ ਓਹੀ ਨੇ , ਦਾਦੇ-ਪੜਦਾਦੇ ਤਾਂ ਸਾਰੇ ਪੰਜਾਬੀ ਸੀ ਲੇਕਨ ਪੋਤਰੇ-ਨੱਤੇ ਕੋਈ ਅਫ਼ਗਾਨਿਸਤਾਨੀ ਕਹਾਉਂਦਾ ਹੈ ਤੇ ਕੋਈ ਪਾਕਿਸਤਾਨੀ , ਹੋਰ ਤਾਂ ਹੋਰ ਅੰਬਾਲੇ ਬੈਠੇ ਉਹੀ ਲੋਕ ਪੰਜਾਬੀਆਂ ਨੂੰ ਆਪਣੇ ਦੁਸ਼ਮਣ ਮੰਨਦੇ ਹਨ । ਮੈਂ ਇੱਕ ਦਿਨ ਬੈਠਾ ਸੋਚਦਾ ਸਾਂ ਕਿ ਜੇ ਕਿਸੇ ਨੇ ਹੋਰ ਕਿਸੇ ਭਾਸ਼ਾ ਵਿੱਚ ਲਿਖਣਾ ਹੋਵੇ –

ਚੰਬੇ ਦੀਏ ਬੰਦ ਕਲੀਏ , ਕਿਹੜੇ ਵੇਲੇ ਤੈਨੂੰ ਰੱਬ ਨੇ ਬਣਾਇਆ ,
ਸੋਚਾਂ ਵਿੱਚ ਆਪ ਪੈ ਗਿਆ , ਦੂਜਾ ਚੰਦ ਕਿੱਧਰੋਂ ਚੜ੍ਹ ਆਇਆ ।

ਤਾਂ ਭਲਾ ਕਿਵੇਂ ਲਿਖੂ ਕਿਉਂਕਿ ਚੰਬੇ ਦੀਆਂ ਕਲੀਆਂ ਵਿਚਾਰੀਆਂ ਪੰਜਾਬਣਾਂ ਤਾਂ ਰਹੀਆਂ ਹੀ ਨਹੀਂ । ਸਮਝ ਨਹੀ ਲਗਦੀ ਆਪਣੇ ਅਤੀਤ ਨੂੰ ਯਾਦ ਕਰਕੇ ਰੋਵਾਂ ਕਿ ਹੱਸਾਂ ? ਆਪਣਾ ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੋਣਾ ।
ਸ਼ਾਇਦ ਅਸੀਂ ਪਤਾ ਲਾਉਣਾ ਹੀ ਨਹੀਂ ਚਾਹੁੰਦੇ ਕਿ ਕਿੱਧਰ ਨੂੰ ਜਾ ਰਹੇ ਹਾਂ । ਸਾਡੇ ਬੱਚੇ ਅੰਗ੍ਰੇਜ਼ੀ ਸਿੱਖਦੇ ਸਾਨੂੰ ਬੜੇ ਚੰਗੇ ਲਗਦੇ ਨੇ ਲੇਕਿਨ ਅੰਗ੍ਰੇਜ਼ੀ ਦਾ ਪਾਰਾ ਕਿਤੇ ਸਾਡੇ ਹੱਡ ਤਾਂ ਨਾ ਗਾਲ਼ ਦਊ । ਮਦਰ ਟਰੀਸਾ ਨੂੰ ਸਾਰੀ ਦੁਨੀਆ ਬੜੇ ਸਤਿਕਾਰ ਨਾਲ ਯਾਦ ਕਰਦੀ ਹੈ । ਬਹੁਤ ਬੱਚਿਆਂ ਦੀ ਮਾਂ ਬਣ ਸਕਣ ਦਾ ਮਾਣ ਪਰਾਪਤ ਕੀਤਾ ਮਦਰ ਟਰੀਸਾ ਨੇ । ਲੱਖਾਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਕੋਈ ਹਾਰੀ ਸਾਰੀ ਦਾ ਕੰਮ ਤਾਂ ਹੈ ਨਹੀ ਲੇਕਿਨ ਲੱਖਾਂ ਬੱਚੇ ਐਨੇ ਸੌਖੇ ਤਰੀਕੇ ਨਾਲ ਇਸਾਈ ਵੀ ਨਹੀਂ ਸੀ ਬਣਾਏ ਜਾ ਸਕਦੇ । ਪੰਜਾਬ ਦੀ ਧਰਤੀ ਤੇ ਲਗਦਾ ਕਈ ਮਦਰ ਟਰੀਸਾ ਨੋਬਲ ਪਰਾਈਜ਼ ਲੈ ਲੈ ਕੇ ਗਈਆਂ । ਪਰ ਸਾਡੀ ਜਾਤ ਜ਼ਰੂਰ ਵਿਗਾੜ ਕੇ ਧਰ ਗਈਆਂ ।
ਹਿੰਦੀ ਦਾ ਇੱਕ ਗੀਤ ਹੈ – ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੌ ਕਿਆ ਕੀਆ । ਪਰ ਮੈਨੂੰ ਤਾਂ ਫ਼ਿਕਰ ਹੈ ਕਿ ਸਭ ਕੁਝ ਲੁਟਾ ਕੇ ਵੀ ਸਾਨੂੰ ਹੋਸ਼ ਨਹੀਂ ਆਈ । ਸਾਡੀ ਕੌਮ ਦੇ ਆਗੂਆਂ ਨੂੰ ਕੀ ਕਹਾਂ ? ਆਪਣੀਆਂ ਕੁਰਸੀਆਂ ਖ਼ਾਤਰ ਪੰਜਾਬ , ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਨਾਸ਼ ਕਰੀ ਜਾਂਦੇ ਹਨ । ਆਪਣੀ ਕੁਰਸੀ ਨਹੀਂ ਛੱਡਣੀ ਬਾਕੀ ਭਾਵੇਂ ਸਭ ਕੁਝ ਜਾਂਦਾ ਰਹੇ । ਮੈਨੂੰ ਤਾਂ ਕਈ ਵਾਰ ਡਰ ਲਗਦਾ ਕਿ ਜੇ ਕੁਰਸੀ ਡਾਹੁੰਣ ਜੋਗੀ ਜਗ੍ਹਾ ਹੀ ਨਾ ਰਹੀ ਸਾਡੇ ਕੋਲ ਤਾਂ ਸਾਡੇ ਚੌਧਰੀ ਆਪਣੀ ਕੁਰਸੀ ਰੱਖਣਗੇ ਕਿੱਥੇ? ਕਈ ਵਾਰ ਦਿਲ ਕਰਦਾ ਤਕੜਾ ਹੋ ਕੇ ਆਪਣੀ ਕੌਮ ਦੇ ਚੌਧਰੀਆਂ ਨੂੰ ਕਹਾਂ – ਵੀਰਾ ! ਛੱਡ ਕੇ ਦੇਖੋ , ਕੀ ਰੱਖਿਆ ਬੱਲੇ-ਬੱਲੇ ਵਿੱਚ , ਪਰ ਡਰ ਵੀ ਲਗਦਾ ਸੁਰਜੀਤ ਪਾਤਰ ਦੇ ਬੋਲ ਯਾਦ ਕਰਦਾਂ --- ਜੀਣ ਜੋਗਾ ਤਾਂ ਹੋ --- ਤੇਰਾ ਵੀ ਕਤਲ ਕਰ ਦਿਆਂਗੇ । ਮੈਨੂੰ ਤਾਂ ਲਗਦਾ ਡਰ , ਚੁੱਪ ਰਹਿਣਾ ਕੁਝ ਨਹੀਂ ਕਹਿਣਾ । ਵੰਡਣਾ ਪਤਾ ਨਹੀਂ ਕੀ ਹੈ , ਆਪਣੀ ਚੀਜ਼ ਜੇ ਆਪ ਨਹੀਂ ਵੰਡ ਸਕਦੇ ਤਾਂ ਵੰਡੀਆਂ ਪਾਉਣ ਲਈ ਸੱਦੀ ਬਿੱਲੀ ਨੇ ਸਭ ਕੁਝ ਖਾ ਜਾਣਾ । ਚੱਲ ਮੈਨੂੰ ਕੀ ਮਰਨ ਭੁੱਖੇ।

No comments: