ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਮਿੰਟੂ ਖੁਰਮੀ ਹਿੰਮਤਪੁਰਾ - ਮਿੰਨੀ ਕਹਾਣੀ

ਵਾਅਦੇ
(ਪੋਸਟ: ਨਵੰਬਰ 29, 2008)
“ਮੈਂ ਤੇਰੇ ਲਈ ਤਾਂ ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾਂ। ਕਦੇ ਮੰਗ ਕੇ ਦੇਖ ਮੈਂ ਤੇਰੀ ਖਾਤਰ ਆਪਣੀ ਜਾਨ ਵੀ ਹੱਸ ਕੇ ਵਾਰ ਦੇਵਾਂ। ਤੇਰੇ ਬਗੈਰ ਤਾਂ ਮੇਰੀ ਜ਼ਿੰਦਗੀ ਹੀ ਰੋਹੀ ‘ਚ ‘ਕੱਲੇ ਖੜ੍ਹੇ ਰੁੱਖ ਵਰਗੀ ਐ। ਮੈਨੂੰ ਤੇਰੇ ਤੋਂ ਵੱਖ ਕਰਨ ਵਾਲਾ ਕੋਈ ਨਹੀਂ ਜੰਮਿਆ। ਵਾਅਦਾ ਕਰਦਾਂ ਕਿ ਜੀਵਾਂਗੇ ਵੀ ‘ਕੱਠੇ ਤੇ ਮਰਾਂਗੇ ਵੀ ‘ਕੱਠੇ”, ਪ੍ਰੀਤ ਨੇ ਜੋਤੀ ਦੇ ਵਾਲਾਂ ‘ਚ ਹੱਥ ਫੇਰਦਿਆਂ ਵਾਅਦਿਆਂ ਦੀ ਪਟਾਰੀ ਇੱਕੋ ਸਾਹੇ ਹੀ ਢੇਰੀ ਕਰ ਦਿੱਤੀ ਸੀ।
“ਪ੍ਰੀਤ ਤੇਰੇ ਬਿਨਾਂ ਰਹਿਣਾ ਮੈਨੂੰ ਵੀ ਦੁੱਭਰ ਜਿਹਾ ਲਗਦੈ, ਤੇਰੀ ਖਾਤਰ ਤਾਂ ਮੈਂ ਆਪਣੇ ਮਾਪਿਆਂ ਨਾਲ ਵੀ ਵੈਰ ਪਾ ਸਕਦੀ ਆਂ। ਪਰ ਦੇਖੀਂ ਕਿਤੇ ਅੱਧਵਾਟੇ ਹੀ ਨਾ ਛੱਡ ਜਾਵੀਂ”, ਜੋਤੀ ਨੇ ਵੀ ਸਾਥ ਨਿਭਾਉਣ ਦੀ ਹਾਮੀ ਓਟਦਿਆਂ ਕਿਹਾ।
ਅਚਾਨਕ ਪ੍ਰੀਤ ਦੀ ਨਿਗ੍ਹਾ ਉਹਨਾਂ ਵੱਲ ਆ ਰਹੇ ਦੋ ਪੁਲਸੀਆਂ ‘ਤੇ ਪਈ ਤਾਂ ਪ੍ਰੀਤ ਜੋਤੀ ਨੂੰ ‘ਹੁਣੇ ਆਇਆ’ ਕਹਿਕੇ ਹਨੇਰੀ ਦਾ ਪੁੱਤ ਵਾਵਰੋਲਾ ਬਣ ਗਿਆ ਸੀ। ਇਕੱਲੀ ਬੈਠੀ ਜੋਤੀ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ‘ਉਸਦਾ’ ਪ੍ਰੀਤ ਤਾਰੇ ਤੋੜਨ ਗਿਆ ਹਾਲੇ ਤੱਕ ਮੁੜ ਵਾਪਸ ਕਿਉਂ ਨਹੀਂ ਸੀ ਆਇਆ।

No comments: