ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਦੋਸਤੋ! ਮੈਂ ਸਰੀ, ਕੈਨੇਡਾ ਵਸਦੇ ਸਤਿਕਾਰਤ ਗੁਰਮੇਲ ਬਦੇਸ਼ਾ ਜੀ ਦੀ ਨਜ਼ਮ ਪੋਸਟ ਕਰਨ ਵਕਤ ਉਹਨਾਂ ਦੇ ਲਿਖੇ ਮਜ਼ਾਹੀਆ ਖ਼ਤਾਂ ਦਾ ਜ਼ਿਕਰ ਕੀਤਾ ਸੀ, ਜੋ ਅੱਜਕੱਲ੍ਹ ਸਾਹਿਤਕ ਹਲਕਿਆਂ 'ਚ ਬੜੀ ਚਰਚਾ 'ਚ ਹਨ। ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੀ ਬੇਨਤੀ ਪਰਵਾਨ ਕਰਕੇ ਇੱਕ ਬਹੁਤ ਖ਼ੂਬਸੂਰਤ ਖ਼ਤ 'ਆਰਸੀ' ਦੇ ਪਾਠਕਾਂ ਲਈ ਲਿਖ ਕੇ ਭੇਜਿਆ ਹੈ...ਮੈਂ ਅੱਜ ਇਹ ਖ਼ਤ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ!

----------

ਇੱਕ ਖ਼ਤ ਘੱਗਰੇ ਦੀ ਲੌਣ ਵਰਗੀ ਕੁੜੀ ਦੇ ਨਾਂ

(ਪੋਸਟ: ਦਸੰਬਰ 4, 2008)

ਢਾਕੇ ਦੀ ਮਲਮਲ ਵਰਗੀਏ!

ਮਾਂ ਦੀਏ ਦੁਲਾਰੀਏ-ਲਾਲ ਫੁਲਕਾਰੀਏ !!

ਲੱਠੇ ਦੀ ਚਾਦਰ ਵਰਗੇ

ਤੇਰੇ ਗੁਰਮੇਲ ਵਲੋਂ .......

ਰੱਤੇ ਸਾਲੂ ਵਰਗਾ ਪਿਆਰ !!!

ਲਿਸ਼ਕਣੇ ਗੋਟੇ ਵਰਗੀਏ ! ਪੱਗ ਦੇ ਤੁਰਲੇ ਵਾਂਗੂੰ ਆਕੜੇ ਮੇਰੇ ਖ਼ਿਆਲ ਤੈਨੂੰ ਪੁੱਛਦੇ ਨੇ ਕਿ ਕਿਤੇ ਤੂੰ ਚੁੰਨੀ ਲੈਣੀ ਨਾ ਭੁੱਲ ਜਾਵੇਂ ..? ਘੁੰਡ ਕੱਢਣਾ ਤਾਂ ਚੱਲ ਦੂਰ ਦੀ ਗੱਲ !!ਪਰ ਮੇਰੀਆਂ ਸਧਰਾਂ ਦੀ ਸੇਜ ਤੇਰੀ ਘੁੰਡ ਚੁਕਾਈ ਦੀ ਉਡੀਕ ਵਿੱਚ ਉੱਸਲਵੱਟੇ ਲੈ ਰਹੀਆਂ ਨੇ , ਤੇਰੀਆਂ ਯਾਦਾਂ ਦਾ ਕੱਚਾ ਦੁੱਧ ਸਰ੍ਹਾਣੇ ਪਿਆ ; ਵੇਖੀਂ ਕਿਤੇ ਖੱਟਾ ਹੀ ਨਾ ਹੋ ਜਾਵੇ? ਜੁਦਾਈ ਦਾ ਜਾਗ ਲਾ ਕੇ ਮੈਥੋਂ ਆਪਣੇ ਹੱਥੀਂ ਜਮਾਇਆ ਨਹੀਂ ਜਾਣਾ ਕੱਚਾ ਪੀਣਿਆਂ ਨੂੰ ਅਜੇ ਅਧ-ਰਿੜਕੇ ਦਾ ਸ਼ੌਂਕ ਨਹੀਂ ਜਾਗਿਆ ਮੈਂ ਤਾਂ ਅੜੀਏ! ਤੈਥੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਆਪਣੇ ਹਾਉਂਕਿਆਂ ਦੀ ਪੰਡ ਤੇਰੀ ਝੋਲੀ ਵਿੱਚ ਪਾ ਸਕਦਾ ਹਾਂ, ਪੀਪਾ ਹੰਝੂਆਂ ਦਾ ਤੇਰੇ ਹੁਸਨ ਦੇ ਮਾਨ-ਸਰੋਵਰ ਦੇ ਹੜ੍ਹ ਵਿੱਚ ਰੋੜ੍ਹ ਸਕਦਾ ਹਾਂ ,ਆਹੋ ! ਏਨੇ ਨਾਲ ਕਿਹੜਾ ਬੰਨ੍ਹ ਟੁੱਟਣ ਲੱਗੇ ਨੇ ? ਪੀੜਾਂ ਦੇ ਬੋਲ ਦਾ ਗੱਡਾ ਤੇਰੇ ਇਸ਼ਕ ਦੇ ਪਿੜ ਵਿੱਚ ਉਲਾਰ ਸਕਦਾ ਹਾਂ,ਮੈਂ ਤਾਂ ਆਪਣੇ ਲਈ ਇੱਕ ਪਰਾਗਾ ਵੀ ਨਹੀਂ ਰੱਖਣਾ ਚਾਹੁੰਦਾਂ, ਬੇਸ਼ੱਕ, ਭੁੱਖਾ ਮਰਦਾਂ ਤਾਂ ਮਰ ਜਾਵਾਂ ! ਨਾਲੇ ਇਹ ਵਣਜ ਤਾਂ ਹੁਣ ਘਾਟੇ ਦਾ ਸੌਦਾ ਹੀ ਬਣ ਕੇ ਰਹਿ ਗਿਆ ਏ

ਇਸ਼ਕ ਦੀਏ ਪੱਟੀਏ! ਕਰਜ਼ਾਈ ਜੱਟ ਦੀਏ ਜੱਟੀਏ! ਮੈਂ ਤਾਂ ਸਾਰੀ ਦੌਲਤ ਤੇਰੇ ਨਾਂ ਕਰ ਸਕਦਾ ਹਾਂ, ਵੀਹ ਹਜ਼ਾਰ ਦੀ ਲਾਇਨ ਆਫ਼ ਕਰੈਡਿਟ, ਜੋ ਕਿ ਸਾਰੀ ਭਰੀ ਪਈ ਏ, ਤੇਰੇ ਨਾਮ ਕਰ ਸਕਦਾ ਹਾਂ ਕੁਲੈਕਸ਼ਨ ਏਜੰਸੀਆਂ ਦੇ ਨਿੱਤ ਥੱਬਾ ਆਉਂਦੇ ਬਿੱਲ ਪਤਾ ਬਦਲਾਕੇ ਤੇਰੇ ਜੁੰਮੇ ਲਾ ਸਕਦਾ ਹਾਂ ਤੇਰੀ ਉਡੀਕ ਵਿੱਚ ਭਾਂਡਿਆਂ ਨਾਲ ਭਰੇ ਦੋਵੇਂ ਸਿੰਕ ਜੇ ਕਹਿੰਨੀ ਏਂ ਤਾਂ ਇਨ੍ਹਾਂ ਨੂੰ ਵੀ ਹੱਥ ਨਹੀਂ ਲਾਉਂਦਾ, ਬੇਸ਼ਕ ਆਪੇ ਆਕੇ ਧੋ-ਮਾਂਜ ਲਵੀਂ,ਮੇਰੀ ਕੀ ਹੈਸੀਅਤ ਕਿ ਇੱਕ ਚਮਚੇ ਨੂੰ ਹੱਥ ਵੀ ਲਾ ਜਾਵਾਂ..? ਅਜੇ 15-20 ਕੁ ਦਿਨ ਹੀ ਹੋਏ ਨੇ ,ਤਾਜੀਆਂ ਹੀ ਦਾਲਾਂ ਸਬਜ਼ੀਆਂ ਬਣਾਈਆਂ ਪਈਆਂ ਨੇ,ਤੇਰੀ ਉਡੀਕ ਵਿੱਚ ਇਹ ਵੀ ਬੇਹੀਆਂ ਹੋਣ ਦਾ ਨਾਂ ਨਹੀਂ ਲੈਂਦੀਆਂ ਪਰ ਲਗਦੈ ,ਤੇਰੀ ਝਾਕ ਵਿੱਚ ਮੈਨੂੰ ਉੱਲੀ ਲੱਗ ਜਾਣੀ ਏ, ਫੇਰ ਤੇਰੇ ਮਾਪਿਆਂ ਨੂੰ ਸੱਜਰਾ ਜਵਾਈ ਭਾਲ਼ਿਆਂ ਵੀ ਨਹੀਂ ਥਿਆਉਣਾ ,ਬੇਹੇ ਨੂੰ ਤੜਕਾ ਲਾਉਣ ਦਾ ਕੀ ਫਾਇਦਾ..?

ਤੇਰੀ ਤਨਹਾਈ ਵਿੱਚ ਹਿੱਕ ਤੇ ਹੱਥ ਮਾਰਕੇ ਦੁਹੱਥੜੀਂ ਪਿੱਟਦਾ ਹਾਂ ਤਾਂ ਪਿੰਡੇ ਦੀ ਧੂੜ ਨਾਸਾਂ ਨੂੰ ਚੜ੍ਹ ਆਉਂਦੀ ਏ, ਲੰਘਦੀ-ਟੱਪਦੀ ਕਦੇ ਮੇਰੇ ਪਿੰਡੇ ਦੀ ਵੈਅਕੁਮ ਹੀ ਕਰ ਜਾ ,ਮੇਰੀ ਜੈਨੀਟੋਰਨੀਏ ! ਤੇਰੀ ਯਾਦ ਚ ਗਿੱਟੇ-ਗੋਡੇ ਰਗੜਦਾ ਰਹਿੰਨਾ ਹਾਂ, ਮੈਲ਼ ਦੀਆਂ ਬੱਤੀਆਂ ਬਣ-ਬਣਕੇ ਸੋਫੇ ਤੇ ਅਣ-ਸੱਦੇ ਮਹਿਮਾਨਾਂ ਵਾਂਗੂੰ ਬਹਿ ਜਾਂਦੀਆਂ ਨੇ ਤੂੰ ਆਵੇਂ ਤਾਂ ਮੇਰੇ ਘਰ ਆਈਆਂ ਤੇਰੀਆਂ ਸਹੇਲੀਆਂ ਨਾਲ ਰਲ ਕੇ ਪਿਆਰ ਦੇ ਦੀਵਿਆਂ ਚ ਇਨ੍ਹਾਂ ਨੂੰ ਰੱਖ ਕੇ ਮੈਲ਼ੀ-ਮੈਲ਼ੀ ਦਿਵਾਲੀ ਹੀ ਮਨਾ ਲਈਏ

ਮੇਰੇ ਜਿਗਰ ਦੀਏ ਬੁਰਕੀਏ ! ਤੂੰ ਆਵੇਂ ਤਾਂ ਓਵਨ ਚ ਰੱਖ ਕੇ ਤੈਨੰ ਕੱਚਾ ਕਾਲਜਾ ਭੁੰਨ ਕੇ ਖੁਆਵਾਂ ਸੁਪਰ ਸਟੋਰ ਵਿੱਚ ਚਿਕਨ ਲਿਵਰਸਸਤਾ ਲੱਗਾ ਸੀ, ਇੱਕਠਾ ਚਾਰ ਪੌਂਡ ਹੀ ਲੈ ਆਇਆ ਹਾਂ,ਹੁਣ ਇਕੱਲੇ ਤੋਂ ਖਾ ਨਹੀਂ ਹੁੰਦਾਏਥੇ ਤਾਂ ਭੋਲੂ-ਟੋਮੀ ਹੋਣੀਂ ਵੀ ਆਵਾਰਾ ਨਹੀਂ ਫਿਰਦੇ, ਨਹੀਂ ਤਾਂ ਉਨਾਂ ਵਿਚਾਰੇ ਦਰਵੇਸ਼ਾਂ ਨੂੰ ਹੀ ਪਾ ਦਿੰਦਾ

ਮੇਰੀ ਭੂੰਡ-ਭਟੱਕੋ ! ਮਿਲਾਪੜੀ ਜਿਹੀ ਖਿੱਚ ਦੀਆਂ ਦਿਲ ਵਿੱਚ ਚਰੜ-ਭੂੰਡੀਆਂ ਨਿਕਲ ਰਹੀਆਂ ਨੇ! ਹੁਣ ਤੂੰ ਪੁੱਛਣੈ ਕਿ ਇਹ ਕੀ ਹੁੰਦੀਆਂ ਨੇ ? ਠੰਡੀਏ ਅੰਗਿਆਰੀਏ..! ਜਦੋਂ ਪੱਥਰ ਨਾਲ ਪੱਥਰ ਰਗੜੀਏ,ਜਿਹੜੀ ਵਿੱਚੋਂ ਅੱਗ ਨਿਕਲਦੀ ਏ; ਉਹਨੂੰ ਚਰੜ-ਭੂੰਡੀਆਂ ਕਹਿੰਦੇ ਨੇ ! ਕਦੇ ਮਿਲੇਂ ਤਾਂ ਕੱਢ ਕੇ ਦਿਖਾਊਂਗਾ …!

ਅੜੀਏ ! ਤੂੰ ਕਾਹਤੋਂ ਕੁਆਰੀ ਰੰਡੇਪਾ ਕੱਟੀ ਜਾਨੀ ਏਂ ? ਤੇਰੀ ਮਾਂਗ ਦਾ ਸੰਧੂਰ ਸਾਡੇ ਸੀਰੀ ਦੇ ਲਹੂ ਵਰਗੇ ਹੰਝੂ ਵਹਾ ਕੇ ਵਿੱਚੋ-ਵਿੱਚੀ ਖੁਰਦਾ ਜਾ ਰਿਹਾ ਏ ਹੁਣ ਤਾਂ ਤੇਰੇ ਹੋਣ ਵਾਲੇ ਸਿਰ ਦੇ ਸਾਂਈ ਨੂੰ ਲੋਕ ਸਿਰ ਦਾ ਮਧਾਣੀ ਚੀਰਾਕਹਿਣ ਲੱਗ ਪਏ ਨੇ ..!

ਤੇਰੇ ਪਿਆਰ ਦਾ ਝਰਨਾ ਮੇਰੇ ਇਸ਼ਕ ਦੇ ਸੁੱਕੇ ਖਾਲ ਚ ਕਦੋਂ ਕੁ ਵਹਿਣਾ ਏ ? ਭਾਦੋਂ ਦੀ ਦੁਪਹਿਰ ਵਿੱਚ ਖਾਲ ਵੀ ਘੜਕੇ ਨਾਈਆਂ ਦੀ ਮੁੰਨੀ ਕੱਟੀ ਵਾਂਗੂੰ ਛਾਂਗਿਆ ਪਿਆ ਏ ਵੇਖੀਂ ਕਿਤੇ, ਮੈਂ ਕੰਨੀ ਦੇ ਕਿਆਰੇ ਵਾਂਗੂੰ ਸੁੱਕਾ ਹੀ ਨਾ ਰਹਿ ਜਾਵਾਂ ? ਚੋਰੀ-ਚੋਰੀ ਨੱਕਾ ਕੋਈ ਹੋਰ ਈ ਨਾ ਮੋੜ ਜਾਵੇ ? ਸਧਰਾਂ ਦਾ ਵੇਹਲਾ ਪਿਆ ਵਾਹਣ ਸਿੰਙ ਕੇ ਇਕ ਵਾਰ ਰੌਣੀ ਕਰ ਜਾ, ਫੇਰ ਵੇਖੀਂ, ਰੋਹੀ ਦੇ ਕੱਲਰਾਂ ਵਿੱਚ ਵੀ ਚਾਵਾਂ ਦੇ ਸੰਧੂਰੀ ਫੁੱਲ ਟਹਿਕ ਪੈਣਗੇ ! ਜੇ ਅਮਰੀਕਨ ਸੁੰਡੀ ਨਾ ਪਈ ਤਾਂ ..!! ਮੈਂ ਪੋਲੇ-ਪੋਲੇ ਹੱਥਾਂ ਨਾਲ ਇਹ ਫੁੱਲ ਤੋੜ ਕੇ ਕਦੋਂ ਤੇਰੀਆਂ ਜ਼ੁਲਫਾਂ ਵਿੱਚ ਟੰਗੂਗਾ ? ਮੈਂ ਕਦੋਂ ਤੇਰੀਆਂ ਜੂੰਆਂ ਨੂੰ ਬਾਗ-ਬਗੀਚਿਆਂ ਦੀ ਸੈਰ ਕਰਵਾਊਂਗਾ ??

ਮੇਰੀਏ ਅਨਾਰਕਲੀਏ ! ਜੰਡ-ਕਰੀਰਾਂ ਵਰਗੀ ਮੇਰੀ ਜਵਾਨੀ ਤੇਰੇ ਲਾਰਿਆਂ ਵਾਲੇ ਥੋਹਰ ਦੇ ਫੁੱਲ ਸੁੰਘ-ਸੁੰਘਕੇ ਅੱਕਾਂ ਦੇ ਦੁੱਧ ਤੋਂ ਵੀ ਕੌੜੀ ਹੋਈ ਜਾਂਦੀ ਏ !! ਜੇ ਭੋਰਾ ਘੱਟ ਕੌੜੀ ਹੁੰਦੀ ਤਾਂ ਬੋਲਾ-ਨੋਨੀ ਜੂਸ ਵਰਗਾ ਕੋਈ ਜੂਸ ਬਣਾ ਕੇ ਹੀ ਵੇਚਣ ਲੱਗ ਪੈਂਦਾ ! ਇਸ਼ਕ ਦੇ ਨਾਲ-ਨਾਲ ਮਾੜੀ-ਮੋਟੀ ਕਮਾਈ ਕੀਤੀ ਵੀ ਆਪਣੇ ਬੱਚਿਆਂ ਦੀ ਗਰੈਜੂਏਸ਼ਨ ਦੇ ਕੰਮ ਆਉਣੀ ਸੀ ,ਕੋਈ ਐਜੂਕੇਸ਼ਨ ਪਲੈਨ ਵੀ ਨਹੀਂ ਸੀ ਲੈਣੀ ਪੈਂਣੀ ..!

ਕਦੇ ਗੁਲਕੰਦ ਵਰਗੇ ਹੁਸਨ ਦੀ ਪਿਉਂਦ ਚਾੜ੍ਹ ਕੇ ਮਿਠਾਸ ਭਰਿਆ ਅਹਿਸਾਸ ਹੀ ਦਿਵਾ ਦੇ ! ਮਿੱਠੀਏ ! ਐਵੇਂ ਡਰ ਨਾ ਮੈਨੂੰ ਸ਼ੂਗਰ ਨਹੀਂ ਹੋਣ ਲੱਗੀ ,ਏਥੇ ਹਰਬਲ ਦੀ ਇੱਕ ਪੁੜੀ ਸੌ ਬਿਮਾਰੀਆਂ ਤੋਂ ਨਿਜ਼ਾਤ ਦਿਵਾ ਦਿੰਦੀ ਏ ! ਕਮਲੇ ਡਾਕਟਰਾਂ ਨੇ ਐਵੇਂ ਡਿਗਰੀਆਂ ਲੈ ਕੇ ਐਨੇ ਹਸਪਤਾਲ ਖੋਲ੍ਹੇ ਹੋਏ ਨੇ ..?

ਤੇਰੀ ਯਾਦ ਚ.........

ਸਿਖਰ ਦੁਪਹਿਰੇ ਹੀ ਮੁਰਝਾਇਆ ਪਿਆ;

ਦੁਪਹਿਰ-ਖਿੜੀ ਦੇ ਫੁੱਲ ਵਰਗਾ

ਤੇਰਾ ਯਾਰ….

ਗੁਰਮੇਲ ਬਦੇਸ਼ਾ…!!

No comments: