ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਇੱਕ ਸਦੀ ਪਹਿਲਾਂ ਵਾਲੇ ਪੰਜਾਬ ਦੀ ਜਿਲ੍ਹਿਆਂ ਅਨੁਸਾਰ ਗੱਲ ਕਰਨ ਨੂੰ ਜੀਅ ਕਰਦਾ ਹੈ। ਸੌ ਸਾਲ ਪਹਿਲਾਂ ਸਾਡਾ ਪੰਜਾਬ ਕਿਸ ਤਰਾਂ ਲਗਦਾ ਸੀ, ਆਓ ਇੱਕ ਨਜ਼ਰ ਆਪਣੇ ਅਤੀਤ ਤੇ ਮਾਰੀਏ – ਸੁਰਿੰਦਰ ਸ. ਸੁੱਨੜ
======
ਪੰਜਾਬ ਇੱਕ ਸਦੀ ਪਹਿਲਾਂ ( ਭਾਗ ਪਹਿਲਾ)
(ਪੋਸਟ: ਨਵੰਬਰ 22, 2008)
ਅਟਕ
ਬਿਆਸੀ ਮੀਲ ਇੰਦਸ ਦਰਿਆ ਦੇ ਪੂਰਬੀ ਕੰਡੇ ਦੇ ਨਾਲ ਨਾਲ ਅਟਕ ਜਿਲਾ 4223 ਵਰਗ ਮੀਲ ਖੇਤਰ ਦਾ ਜਿਲ੍ਹਾ ਸੀ। ਹਜ਼ਾਰਾ ਅਤੇ ਮੁੱਰਰੀ ਪਹਾੜਾਂ ਦੀ ਗੋਦ ਵਿੱਚ ਇੰਦਸ ਤੇ ਜੇਹਲਮ ਦਰਿਆਵਾਂ ਵਿਚਕਾਰ ਘੁੱਗ ਵੱਸਦਾ ਇਲਾਕਾ ਸੀ। ਕਾਦਰ ਦੀ ਕੁਦਰਤ ਦਾ ਸ਼ਾਇਦ ਹੀ ਕੋਈ ਐਸਾ ਨਜ਼ਾਰਾ ਹੋਵੇਗਾ ਜੋ ਅਟਕ ਜਿਲੇ ਵਿੱਚ ਨਹੀਂ ਮਿਲਦਾ। ਬਾਸਲ ਤੋਂ ਕਾਲਾ ਚਿੱਟਾ ਨੂੰ ਜਾਂਦੀ ਸੜਕ ਜਦੋਂ ਜੰਗਲਾਂ ਵਿੱਚੋਂ ਦੀ ਲੰਘਦੀ ਤਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਇਸ ਇਲਾਕੇ ਤੇ ਕੁਦਰਤ ਕਿੰਨੀ ਮੇਹਰਬਾਨ ਹੈ। ਅਟਕ ਦੀ ਪੁਰਾਣੀ ਸਰਾਂ, ਕਿਲ੍ਹਾ ਤੇ ਖੰਡਰਾਤ ਅਟਕ ਦੇ ਅਤੀਤ ਦੀ ਕਹਾਣੀ ਕਰਦੇ।ਇੰਦਸ ਜਦੋਂ ਪਹਾੜਾਂ ਨਾਲ ਸਮਝੌਤਾ ਕਰਕੇ ਸਮੁੰਦਰ ਦੀ ਸ਼ਕਲ ਧਾਰਦੀ ਤਾਂ ਚੜਦੇ ਤੇ ਅਸਤ ਹੁੰਦੇ ਸੂਰਜ਼ ਦਾ ਨਜ਼ਾਰਾ ਜਿਸ ਕਿਸੇ ਵੀ ਦੇਖਿਆ ਬੱਸ ਦੇਖਦਾ ਹੀ ਰਹਿ ਗਿਆ।ਇੰਦਸ ਨਦੀ ਦੇ ਇੱਕ ਪਾਸੇ ਪਸ਼ਾਵਰ ਅਤੇ ਉੱਤਰੀ ਫਰੰਟੀਅਰ ਤੇ ਦੂਜੇ ਪਾਸੇ ਅਟਕ। 82 ਮੀਲ ਦਾ ਸਾਥ ਕਰਕੇ ਜਦ ਇੰਦਸ ਪਾਸਾ ਵੱਟ ਜਾਂਦੀ ਤਾਂ ਬਾਕੀ ਦਾ ਪੱਛਮੀਂ ਕੰਢਾ ਮੀਆਂਵਾਲ ਜਿਲ੍ਹੇ ਦੀ ਮੀਆਂਵਾਲ ਤਹਿਸੀਲ ਨਾਲ ਲਗਦਾ ਸੀ।ਦੱਖਣੀ ਹੱਦ ਸ਼ਾਹਪੁਰ ਦੀ ਖੁਸ਼ਬ ਤਹਿਸੀਲ, ਜੇਹਲਮ ਦੀ ਚੱਕਵਾਲ ਤਹਿਸੀਲ ਅਤੇ ਰਾਵਲਪਿੰਡੀ ਦੀਆਂ ਗੁੱਜਰਖ਼ਾਨ ਤੇ ਰਾਵਲਪਿੰਡੀ ਤਹਿਸੀਲਾਂ ਪੂਰਬ ਵੱਲੋ ਲਗਦੀਆਂ। ਉੱਤਰ ਵਿੱਚ ਪੂਰਬੀ ਪਹਾੜੀਆਂ (ਹਜ਼ਾਰੇ ਦੀਆਂ ਪਹਾੜੀਆਂ) ਤੇ ਵਿੱਚ ਵਿਚਾਲੇ ਨਹਾਇਤ ਖ਼ੂਬਸੂਰਤ ਅਟਕ ਸੀ। ਚਾਰ ਤਹਿਸੀਲਾਂ ਸਨ ਉੱਤਰ ਵਿੱਚ ਅਟਕ ਤਹਿਸੀਲ, ਦੱਖਣ ਵਿੱਚ ਤਾਲਾਗੰਗ, ਪੱਛਮ ਵਿੱਚ ਪਿੰਡੀਘੇਬ ਅਤੇ ਪੂਰਬ ਵਿੱਚ ਤਹਿਸੀਲ ਫ਼ਤਿਹਜੰਗ ਸੀ।
ਕਾਬਲ ਦਰਿਆ ਜਦੋਂ ਇੰਦਸ ਵਿੱਚ ਛਾਲ ਮਾਰਦਾ ਤੇ ਇੰਦਸ ਵਿੱਚ ਡੁੱਬ ਕੇ ਇੰਦਸ ਹੀ ਬਣ ਜਾਂਦਾ ਉਸ ਤੋਂ ਬਿੰਦ ਕੁ ਮਗਰੋਂ ਹੀ ਕਾਬਲ ਦੀ ਰੀਸੇ ਅਟਕ ਦਾ ਪਾਣੀਂ ਵੀ ਇੰਦਸ ਦੀ ਮਲਕੀਅਤ ਬਣ ਬੈਠਦਾ। 1883 ਵਿੱਚ ਰੇਲ ਦਾ ਪੁਲ ਬਣ ਜਾਣ ਤੋਂ ਪਹਿਲਾਂ ਲੋਕ ਲੱਕੜ ਦੇ ਬਣਾਏ ਹੋਏ ਪੁਲ ਉੱਤੋਂ ਦੀ ਹੀ ਇੰਦਸ ਦੇ ਪਾਰ ਲੰਘਦੇ। ਰੇਲ ਦਾ ਦੂਜਾ ਪੁਲ 1904 ਵਿੱਚ ਖੁਸ਼ਲਗੜ ਬਣ ਜਾਣ ਤੋਂ ਬਾਅਦ ਵੀ ਲੋਕ ਕਿਸ਼ਤੀ ਤੇ ਬੈਠ ਕੇ ਪਾਰ ਲੰਘਣਾ ਵਧੀਆ ਸਮਝਦੇ। ਅਟਕ ਜਿਲ੍ਹੇ ਦੇ ਸਾਰੇ ਨਦੀਆਂ ਨਾਲੇ ਇੱਕ ਦੂਜੇ ਵਿੱਚ ਰਲ਼ਦੇ-ਰਲ਼ਾਉਂਦੇ ਇੰਦਸ ਵਿੱਚ ਆਣ ਰਲਦੇ ਪਰ ਇੰਦਸ ਦੀ ਚਲਾਕੀ ਵੇਖੋ ਕਿ ਇੱਕ ਵਾਰ ਜੋ ਵੀ ਪਾਣੀ ਕਬਜ਼ੇ ਵਿੱਚ ਆ ਗਿਆ ਉਸ ਵਿੱਚੋਂ ਚੁਲੀ ਭਰ ਪਾਣੀ ਵੀ ਵਾਪਿਸ ਅਟਕ ਦਾ ਕੋਈ ਖੇਤ ਸਿੰਜਣ ਵਾਸਤੇ ਨਹੀਂ ਦਿੱਤਾ। ਅਟਕ ਜਿਲੇ ਦੀ ਢਲਾਣ ਜੋ ਪੱਛਮ ਵੱਲ ਨੂੰ ਸੀ ਇਸੇ ਲਈ ਤਾਂ ਅਟਕ ਜਿਲੇ ਦਾ ਸਾਰਾ ਪਾਣੀ ਭੱਜ ਭੱਜ ਕੇ ਇੰਦਸ ਵਿੱਚ ਜਾ ਰਲਦਾ। ਚੈਹਲ ਅਤੇ ਹਾਰੋ ਦਾ ਪਾਣੀ ਉੱਤਰੀ ਇਲਾਕੇ ਨੂੰ ਸਿੰਜਦਾ ਪਰ ਮੌਕਾ ਮਿਲਣ ਤੇ ਇੰਦਸ ਵਿੱਚ ਸਮਾ ਕੇ ਹੀ ਸਾਹ ਲੈਂਦਾ। ਪਾਣੀਆਂ ਨੇ ਕਈ ਵਾਰ ਅਟਕ ਜਿਲੇ ਵਿੱਚ ਹੂੰਝਾ ਵੀ ਫੇਰਿਆ ਲੇਕਿਨ ਪਾਣੀਆਂ ਦਾ ਕਰਕੇ ਹੀ ਦੁਬਾਰਾ ਚੈਹਲ ਪਹਿਲ ਹੋ ਗਈ। ਅਟਕ ਵਿੱਚ ਕੁਦਰਤ ਦੀਆਂ ਏਨੀਆਂ ਨਿਆਮਤਾਂ ਸਨ ਕਿ ਇਨਸਾਨ ਨੂੰ ਜਿਊਣ ਲਈ ਬਹੁਤੀਆਂ ਸਿਆਣਪਾਂ ਦੀ ਲੋੜ ਹੀ ਨਹੀਂ।
ਅੰਗ੍ਰੇਜ਼ੀ ਫੌਜ ਦੇ ਇੱਕ ਅਫ਼ਸਰ ਟੌਡ ਆਰ. ਆਈ. ਐਮ.ਨੇ ਲਿਖਿਆ ਹੈ ਕਿ ਪਿੰਡੀਘੇਬ ਤੋਂ ਕੋਈ ਦੋ ਕੁ ਮੀਲ ਦੱਖਣ ਵੱਲ ਇੱਕ ਨਿੱਕੀ ਜਿਹੀ ਝੀਲ ਦੇ ਕਿਨਾਰੇ ਪੱਥਰਯੁਗ ਦੇ ਵੇਲੇ ਦੇ ਕਈ ਹਥਿਆਰ, ਪੱਥਰ ਦੇ ਬਰਛੇ ਕੁਹਾੜੀਆਂ ਅਤੇ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਮਿਲੀਆਂ। ਉਹ ਨਿਸ਼ਾਨੀਆਂ ਇਨ ਬਿਨ ਉਸੇ ਤਰਾਂ ਦੀਆਂ ਸਨ ਜਿਸ ਤਰਾਂ ਦੀਆਂ ਨਿਸ਼ਾਨੀਆਂ ਨੂੰ ਯੌਰਪ (ਫਰਾਂਸ) ਵਿੱਚ 40,000 ਸਾਲ ਪੁਰਾਣੀਆਂ ਗਿਣਿਆ ਜਾਂਦਾ ਹੈ। 327 ਬੀ ਸੀ. ਵਿੱਚ ਜਦੋਂ ਸਕੰਦਰ (ਅਲਗਜ਼ੈਂਡਰ) ਨੇ ਇੰਦਸ ਨਦੀ ਪਾਰ ਕੀਤੀ ਤਾਂ ਅਟਕ ਇਲਾਕੇ ਵਿੱਚ ਉਸਦਾ ਵਾਹਵਾ ਮੂੰਹ ਮਿੱਠਾ ਹੋਇਆ। ਟੈਕਸ਼ਲਾ ਲੋਕ ਬਹੁਤ ਹੀ ਅਮੀਰ ਕੌਮ ਗਿਣੀ ਜਾਂਦੀ ਸੀ। ਟੈਕਸ਼ਲਾ ਨੂੰ ਦੋਹੀਂ ਹੱਥੀਂ ਲੁੱਟਣ ਤੋਂ ਬਾਅਦ ਹੀ ਜੇਹਲਮ ਪਾਰ ਕਰਕੇ ਪੋਰਸ ਨਾਲ ਪੰਗਾ ਪਿਆ ਸਕੰਦਰ ( ਅਲਗਜ਼ੈਂਡਰ ) ਦਾ। ਇਤਹਾਸਕਾਰ 1500 ਬੀ. ਸੀ. ਤੋਂ ਕਿਤੇ ਪਹਿਲਾਂ ਬਣੀਆਂ ਖੂਹੀਆਂ ਦੀ ਗੱਲ ਲਿਖਦੇ ਹਨ। ਨਾਲੀਆਂ ਬਣਾ ਕੇ ਲੋਕ ਆਪਣੇ ਘਰਾਂ ਦਾ ਪਾਣੀ ਇਨ੍ਹਾਂ ਖੂਹੀਆਂ ਵਿੱਚ ਸੁੱਟਦੇ ਸਨ। ਟੈਕਸ਼ਲਾ ਤੋਂ ਹਵੇਲੀਆਂ ਨੂੰ ਜਾਂਦੀ ਰੇਲਵੇ ਲਾਈਨ ਤੇ ਆਉਂਦੇ ਭੀਰਮੰਡ ਸ਼ਹਿਰ ਨੂੰ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸ਼ਹਿਰ ਗਿਣਿਆ ਜਾਂਦਾ ਹੈ। ਭੀਰਮੰਡ ਦੀ ਖੁਦਾਈ ਕਰਦਿਆਂ ਥੇਹ ਦੀਆਂ ਤਿੰਨ ਤੈਹਾਂ ਮਿਲੀਆਂ। ਇਸ ਤੋਂ ਕਿਆਸ ਲਾਇਆ ਜਾ ਸਕਦਾ ਹੈ ਕਿ ਇਹ ਆਬਾਦੀ ਤਿੰਨ ਵਾਰ ਜਰੂਰ ਗ਼ਰਕ ਹੋਈ। ਉੱਪਰਲੀ ਤਹਿ ਤੋਂ 6 ਫੁੱਟ ਥੱਲੇ ਦੂਜੀ ਤਹਿ ਵਿੱਚੋਂ 1167 ਚਾਂਦੀ ਦੇ ਸਿੱਕੇ ਬਹੁਤ ਸਾਰੇ ਸੋਨੇ ਦੇ ਸਿੱਕੇ ਅਤੇ ਗਹਿਣੇ ਜਿਨ੍ਹਾਂ ਵਿੱਚ ਚਾਂਦੀ ਦੇ ਗਹਿਣੇ ਵੀ ਸਨ, ਇੱਕ ਘੜੇ ਵਿੱਚ ਬੰਦ ਕਰਕੇ ਰੱਖੇ ਮਿਲੇ। ਕਈ ਸਿੱਕਿਆਂ ਤੇ ਸਿਕੰਦਰ ਅਲਗਜੈਂਡਰ ਦਾ ਸਿਰ ਵੀ ਬਣਿਆ ਸੀ। ਖੁਦਾਈ ਕਰਦਿਆਂ ਵੱਡੇ ਵੱਡੇ ਦੀਵਾਨ ਹਾਲ ਅਤੇ ਇੱਕ ਬੁੱਧ ਦਾ ਮੰਦਰ ਵੀ ਮਿਲਿਆ।
ਧਾਰਮਕ ਨਜ਼ਰੀਏ ਨਾਲ ਦੇਖੀਏ ਤਾਂ ਅਟਕ ਵਿਚ ਬੁੱਧ ਮੱਤ ਦੀਆਂ ਨਿਸ਼ਾਨੀਆਂ ਦੇ ਨਾਲ ਨਾਲ ਹਿੰਦੂ-ਮੱਤ ਨਾਲ ਸਬੰਧਤ ਨਿਸ਼ਾਨੀਆਂ, ਪੁਰਾਤਨ ਦੇਵੀ ਦੇਵਤਿਆਂ ਦੀਆਂ ਮੂਰਤਾਂ ਤੇ ਇਸਲਾਮਿਕ ਕਦਰਾਂ ਕੀਮਤਾਂ ਦੀਆਂ ਨਿਸ਼ਾਨੀਆਂ ਵੀ ਸਮੇਂ ਸਮੇਂ ਖੋਜੀਆਂ ਨੇ ਖੋਜੀਆਂ।ਹਿਊਨਸਾਂਗ ਦੇ ਸਮੇਂ ਦੀਆਂ ਨਿਸ਼ਾਨੀਆਂ ਮਿਲੀਆਂ। ਆਨੰਦ ਪਾਲ ਦੀਆਂ ਹਿੰਦੂ ਫੌਜਾਂ ਅਤੇ ਮਹਿਮੂਦ ਗਜ਼ਨਵੀ ਦੀ ਲੜਾਈ ਅਟਕ ਜਿਲੇ ਵਿੱਚ ਹੋਈ, ਇਸ ਲੜਾਈ ਵਿੱਚ ਭਾਵੇਂ ਰਾਜਪੂਤਾਂ ਦੀ ਹਾਰ ਹੋਈ ਪਰ 30,000 ਫੌਜ ਦੇ ਅਚਾਨਕ ਹਮਲੇ ਨੇ ਮੁਹੰਮਦਨ ਫੌਜਾਂ ਨੂੰ ਬਹੁਤ ਵੱਡੀ ਸੱਟ ਮਾਰੀ। ਮਹਿਮੂਦ ਗਜਨਵੀ ਦੀਆਂ ਫੌਜਾਂ ਹਰਦੀਆਂ ਹਰਦੀਆਂ ਮਸਾਂ ਜਿੱਤੀਆਂ। ਤੇਰਵੀਂ ਸਦੀ ਵਿੱਚ ਗੌਰੀ ਵੀ ਮਰਦਾ ਮਰਦਾ ਬਚਿਆ ਜਦ ਰਾਤ ਦੇ ਅੰਧੇਰੇ ਵਿੱਚ ਉਸ ਦੇ ਟੈਂਟ ਤੇ ਹਮਲਾ ਬੋਲਿਆ ਗਿਆ। ਸਾਰੇ ਦੇ ਸਾਰੇ ਹਮਲਾਆਵਰ ਜੋ ਭਾਰਤ ਨੂੰ ਲੁੱਟਣ ਲਈ ਆਉਂਦੇ ਉਨ੍ਹਾਂ ਦਾ ਕੋਈ ਨਾਂ ਕੋਈ ਵਾਹ ਅਟਕ ਦੇ ਲੋਕਾਂ ਨਾਲ ਜਰੂਰ ਪੈਂਦਾ। ਜੰਜੂਆ ਲੋਕ ਜਿਨ੍ਹਾਂ ਵਿੱਚ ਜੱਟ ਗੁੱਜਰ ਤੇ ਹੋਰ ਕਈ ਕਿਸਮ ਦੇ ਲੋਕ ਸਨ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ। ਮੁਸੀਬਤ ਪੈਣ ਤੇ ਇਕੱਠੇ ਹੋ ਜਾਂਦੇ ਤੇ ਵੱਡਿਆਂ ਵੱਡਿਆਂ ਨੂੰ ਚਨੇ ਚਬਾ ਦੇਂਦੇ। ਅਟਕ ਜਿਲ੍ਹਾ ਨਾਦਰ ਸ਼ਾਹ, ਅਹਿਮਦ ਸ਼ਾਹ ਅਤੇ ਹੋਰ ਕਈ ਹਮਲਾਆਵਰਾਂ ਦਾ ਰਸਤਾ ਬਣਿਆਂ ਰਿਹਾ। ਸਿੱਖਾਂ ਦੀ ਕੋਈ ਵੀ ਮਿਸਲ ਜੇਹਲਮ ਦੇ ਪਾਰ ਨਹੀਂ ਸੀ।1765 ਵਿੱਚ ਪਹਿਲੀ ਵਾਰ ਗੁੱਜਰ ਸਿੰਘ ਭੰਗੀ ਨੇ ਕੁਝ ਇਲਾਕੇ ਤੇ ਕਬਜ਼ਾ ਕੀਤਾ। ਫਤਿਹਜੰਗ ਤਸੀਲ ਤੇ ਸ਼ੁਕਰਚੱਕੀਆ ਤਹਿਸੀਲ ਦੇ ਸਰਦਾਰ ਚਤਰ ਸਿੰਘ ਨੇ ਕਬਜ਼ਾ ਕਰ ਲਿਆ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਦਾ ਸਾਰਾ ਜਿਲਾ ਸ਼ਾਮਲ ਸੀ।19 ਵੀਂ ਸਦੀ ਦੇ ਸ਼ੁਰੂ ਵਿੱਚ ਸਾਰਾ ਜਿਲ੍ਹਾ ਸੰਪੂਰਣ ਸਿੱਖ ਰਾਜ ਬਣ ਗਿਆ। ਲਹੌਰ ਤੋਂ ਦੂਰ ਹੋਣ ਕਰਕੇ ਇਹ ਇਲਾਕਾ ਕਿਰਾਏ ਤੇ ਚੜਦਾ ਰਿਹਾ। ਵੱਖ-ਵੱਖ ਲੋਕਾਂ ਨੇ ਮਾਮਲਾ ਤਾਰ ਕੇ ਇੰਦਸ ਤੇ ਜੇਹਲਮ ਵਿਚਲਾ ਇਲਾਕਾ ਮੱਲੀ ਰੱਖਿਆ। ਅਟਕ ਨੂੰ ਸੰਵਿਧਾਨਕ ਤੌਰ ਤੇ ਜਿਲਾ ਪਹਿਲੀ ਅਪ੍ਰੈਲ 1904 ਵਿੱਚ ਬਣਾਇਆ ਗਿਆ।
ਅਟਕ ਦੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਓ। ਜਿਸਦਾ ਮਰਜ਼ੀ ਝੰਡਾ ਝੁੱਲਦਾ ਰਿਹਾ ਹੋਵੇ ਪਰ ਇੱਕ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਅਟਕ ਦੇ ਲੋਕ ਜਿਨ੍ਹਾਂ ਵਿੱਚ ਇੰਦਸ ਨਦੀ ਦੇ ਕੰਡੇ ਤੇ ਸ਼ਾਲਾਤੁਲਾ ਦਾ ਜੰਮ ਪਲ ਪਾਨਣੀ ਵੀ ਸ਼ਾਮਿਲ ਹੈ। ( ਜਿਸ ਨੇ ਦੁਨੀਆਂ ਦੀ ਸਭ ਤੋਂ ਪਹਿਲੀ ਵਿਆਕਰਣ ਬਣਾਈ ) ਪੰਜਾਬੀ ਸਨ, ਪੰਜਾਬੀ ਹਨ ਅਤੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਹੀ ਰਹਿਣਗੇ, "ਜੀਵੇ ਪੰਜਾਬ"।

No comments: