ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਬਲਬੀਰ ਸਿੰਘ ਮੋਮੀ - ਕਹਾਣੀ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਨਿਵਾਸੀ ਲੇਖਕ ਸਤਿਕਾਰਤ ਬਲਬੀਰ ਮੋਮੀ ਜੀ ਨੇ ਆਪਣੀਆਂ ਲਿਖਤਾਂ ਆਰਸੀ ਲਈ ਭੇਜੀਆਂ ਹਨ। ਬਠਿੰਡੇ ਜ਼ਿਲੇ ਚ 20 ਨਵੰਬਰ, 1935 (ਅੰਦਾਜ਼ਨ) ਨੂੰ ਜਨਮੇ ਮੋਮੀ ਸਾਹਿਬ ਪੰਜਾਬੀ ਸਾਹਿਤ ਚ ਐਮ.ਏ. ਹਨ ਅਤੇ 1982 ਤੋਂ ਕੈਨੇਡਾ ਚ ਪਰਿਵਾਰ ਸਹਿਤ ਰਹਿ ਰਹੇ ਹਨ। ਸੰਨ 1954 ਤੋਂ ਅਧਿਆਪਨ ਸ਼ੁਰੂ ਕਰਕੇ ਅੱਜਕੱਲ੍ਹ ਉਹ ਟਰਾਂਟੋ ਤੋਂ ਛਪਦੇ ਪੰਜਾਬੀ ਡੇਲੀ ਅਖ਼ਬਾਰ ਦੇ ਮੈਗਜ਼ੀਨ ਐਡੀਟਰ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਕਹਾਣੀ ਸੰਗ੍ਰਹਿ: ਮਸਾਲੇ ਵਾਲਾ ਘੋੜਾ, 1959, 1973; ਜੇ ਮੈਂ ਮਰ ਜਾਵਾਂ: 1965; ਸ਼ੀਸ਼ੇ ਦਾ ਸਮੁੰਦਰ, 1968; ਫੁੱਲ ਖਿੜੇ ਹਨ (ਸੰਪਾਦਨਾ) 1971; ਸਰ ਦਾ ਬੂਝਾ, 1973 ਨਾਵਲ: ਜੀਜਾ ਜੀ, 1961, ਪੀਲਾ ਗੁਲਾਬ, 1975, ਇਕ ਫੁੱਲ ਮੇਰਾ ਵੀ, 1986; ਅਲਵਿਦਾ ਹਿੰਦੋਸਤਾਨ (ਲਿਖਣ ਅਧੀਨ) ਨਾਟਕ: ਨੌਕਰੀਆਂ ਹੀ ਨੌਕਰੀਆਂ: 1960; ਲੌਢਾ ਵੇਲਾ, 1961 ਅਤੇ ਕੁਝ ਇਕਾਂਗੀ ਨਾਟਕ ਤੇ ਬਹੁਤ ਸਾਰੇ ਅਨੁਵਾਦ ਜਿਨ੍ਹਾਂ ਚ ਸਿਆਦਤ ਹਸਨ ਮੰਟੋ ਦੀਆਂ ਕਹਾਣੀਆਂ ਦਾ ਪੰਜਾਬੀ ਚ ਅਨੁਵਾਦ, ਖੋਜ-ਪੱਤਰ ਤੇ ਰੇਖਾ-ਚਿੱਤਰ ਸ਼ਾਮਲ ਹਨ।

ਸਾਹਿਤਕ ਤੌਰ ਤੇ ਸਰਗਰਮ ਬਲਬੀਰ ਮੋਮੀ ਜੀ ਸਾਹਿਤਕ ਸੇਵਾਵਾਂ ਬਦਲੇ ਬਹੁਤ ਸਾਹਿਤ ਸਭਾਵਾਂ ਵੱਲੋਂ ਸਨਮਾਨੇ ਜਾ ਚੁੱਕੇ ਹਨ। ਕਈ ਇਨਾਮਾਂ, ਜਿਨ੍ਹਾਂ ਚੋਂ : ਮਾਣ-ਸਨਮਾਨ: ਮੁੱਖ ਮੰਤਰੀ ਪੰਜਾਬ ਸ: ਲਛਮਨ ਸਿੰਘ ਗਿੱਲ ਦੁਆਰਾ ਟੈਗੋਰ ਥਿਏਟਰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸਨਮਾਨ ਪੱਤਰ, ਅਪ੍ਰੈਲ 1968; ਕਲਾ ਮੰਚ 1976; ਪੰਜਾਬੀ ਦਰਬਾਰ ਜਲੰਧਰ, 1980; ਸਾਹਿਤ ਸਮੀਖਿਆ ਬੋਰਡ ਚੰਡੀਗੜ੍ਹ, 1989; ਨੈਸ਼ਨਲ ਸਾਹਿਤ ਅਕਾਡਮੀ ਮੋਹਾਲੀ, 1989; ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ, 1989; ਕਵੀ ਮੰਡਲ, ਚੰਡੀਗੜ੍ਹ ਅਮਰੀਕਨ ਪੰਜਾਬੀ ਸਾਹਿਤ ਸਭਾ ਬਾਲਟੀਮੋਰ, 1992; ਚੰਡੀਗੜ੍ਹ ਵਿਖੇ 7 ਜਨਵਰੀ 1994 ਨੂੰ ਸ: ਬੇਅੰਤ ਸਿੰਘ ਮੁਖ ਮੰਤਰੀ ਦੁਆਰਾ ਸਨਮਾਨ, ਗਲੋਬਲ ਐਨ.ਆਰ.ਆਈ. ਐਵਾਰਡ, ਟਰਾਂਟੋ ਪੰਜਾਬੀ ਕਲਾ ਸੰਗਮ ਨਵੀਂ ਦਿੱਲੀ ਵੱਲੋਂ 16 ਦਸੰਬਰ, 2001 ਨੂੰ 21 ਹਜ਼ਾਰ ਰੁਪੈ ਅਤੇ ਲੋਈ ਦਾ ਅਵਾਰਡ ਹਰਭਜਨ ਸਿੰਘ ਰਤਨ ਦਵਾਰਾ; ਪਾਖਰ ਸਿੰਘ ਸੰਸਥਾ ਵੱਲੋਂ ਸਨਮਾਨ ਯੋਰਕਵੁਡ ਲਾਇਬਰੇਰੀ ਵਿਖੇ, 15-11-2002, ਮੱਖਣ ਸ਼ਾਹ ਲੁਬਾਣਾ ਅਵਾਰਡ 21 ਜਨਵਰੀ, 2007 ਆਦਿ ਪ੍ਰਮੁੱਖ ਹਨ।

ਉਹਨਾਂ ਨੇ ਈਮੇਲ ਚ ਆਰਸੀ ਲਈ ਸ਼ੁੱਭ-ਇੱਛਾਵਾਂ ਭੇਜੀਆਂ ਨੇ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਪ੍ਰਕਾਸ਼ਿਤ ਕਿਤਾਬ ਦੋ ਦੇਸ਼ਾਂ ਦੇ ਲੋਕ ਚੋਂ ਯਾਦਾਂ ਭਰਪੂਰ ਕਹਾਣੀ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ । ਮੋਮੀ ਸਾਹਿਬ ਨੂੰ ਆਰਸੀ ਦਾ ਲਿੰਕ ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਭੇਜਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ!

ਕੌੜੀ ਗਿਰੀ

(ਹਿੰਦ ਪਾਕ ਸਬੰਧਾਂ ਨੂੰ ਸਮਰਪਤ)

(ਪੋਸਟ: ਦਸੰਬਰ 25, 2008)

ਪਾਕਿਸਤਾਨ ਬਣਿਆ ਤਾਂ ਸਾਡੇ ਪਿੰਡ ਤੇ ਮੁਸਲਮਾਨਾਂ ਵਿਚੋਂ ਗੁੰਡਾ ਅਨਸਰਾਂ ਨੇ ਰਾਤ ਨੂੰ ਹਮਲਾ ਕਰ ਦਿੱਤਾ। ਲੁੱਟ ਮਾਰ ਕਰ ਕੇ ਪਿੰਡ ਨੂੰ ਅੱਗ ਲਾ ਦਿੱਤੀ। ਕਾਫੀ ਲੋਕ ਮਾਰੇ ਗਏ ਤੇ ਕੁਝ ਲੁਕ ਲੁਕਾ ਕੇ ਭੱਜ ਗਏ. ਜਵਾਨ ਔਰਤਾਂ ਤੇ ਕੁੜੀਆਂ ਉਧਾਲ ਲਈਆਂ ਗਈਆਂ। ਉਧਾਲੀਆਂ ਜਾਣ ਵਾਲੀਆਂ ਔਰਤਾਂ ਵਿਚ ਮੈਥੋਂ ਮੇਰੀ ਭੈਣ ਵਡੀ ਰਣਬੀਰ ਕੌਰ ਵੀ ਸੀ। ਉਸ ਦੀ ਉਮਰ ਉਸ ਵੇਲੇ ਮਸਾਂ ਤੇਰਾਂ ਸਾਲਾਂ ਦੀ ਸੀ ਪਰ ਖਾਂਦੇ ਪੀਂਦੇ ਘਰ ਦੀ ਕੁੜੀ ਹੋਣ ਕਾਰਨ ਹੱਡਾਂ-ਪੈਰਾਂ ਦੀ ਖੁੱਲ੍ਹੀ ਤੇ ਕੱਦ-ਕਾਠ ਦੀ ਲੰਮੀ ਸੀ। ਉਹ ਵੇਲਾ ਕਿੰਨਾ ਭਿਆਨਕ ਸੀ ਜਦੋਂ ਸਾਡੇ ਘਰ ਨੂੰ ਅੱਗ ਲੱਗੀ ਹੋਈ ਸੀ ਤੇ ਮੇਰੇ ਬਾਪ ਦੀ ਲਾਸ਼ ਸਾਹਮਣੇ ਖ਼ੂਨ ਨਾਲ ਲੱਥ-ਪੱਥ ਪਈ ਸੀ। ਗੁੰਡੇ ਮੇਰੀ ਭੈਣ ਦੀ ਬਾਂਹ ਖਿੱਚ ਕੇ ਧੂਹ ਰਹੇ ਸਨ। ਇਕ ਛੁਰੇਮਾਰ ਨੇ ਮੇਰੇ ਵੱਲ ਛੁਰਾ ਉਲਾਰਿਆ ਹੋਇਆ ਸੀ ਤੇ ਮੇਰੀ ਮਾਂ ਮੈਨੂੰ ਆਪਣੀ ਛਾਤੀ ਨਾਲ ਘੁੱਟੀ ਧਾੜਵੀਆਂ ਅੱਗੇ ਹੱਥ ਜੋੜ ਰਹੀ ਸੀ।

ਆਖਰ ਗੁੰਡੇ ਰੋਂਦੀ ਕੁਰਲਾਂਦੀ ਮੇਰੀ ਭੈਣ ਨੂੰ ਖਿੱਚ ਕੇ ਲੈ ਗਏ ਅਤੇ ਸਾਨੂੰ ਪਿੰਡੋਂ ਬਾਹਰ ਧੱਕ ਦਿੱਤਾ ਗਿਆ। ਅਸੀਂ ਧੱਕੇ ਖਾਂਦੇ, ਲੁਕਦੇ ਛਿਪਦੇ ਤੇ ਭੁੱਖੇ ਤਿਆਹੇ ਕਈ ਦਿਨਾਂ ਪਿੱਛੋਂ ਹਿੰਦੂ ਸਿੱਖਾਂ ਦੇ ਇਕ ਕੈਂਪ ਸੱਚਾ ਸੌਦਾ ਵਿਖੇ ਪੁੱਜੇ। ਏਥੇ ਸਾਡੇ ਵਰਗੇ ਲੱਖਾਂ ਹੋਰ ਬੇਘਰ ਸਿੱਖ ਤੇ ਹਿੰਦੂ ਮੁਠੀ ਭਰ ਭਾਰਤੀ ਫੌਜ ਦੀ ਹਿਫਾਜ਼ਤ ਵਿਚ ਡੱਕੇ ਹੋਏ ਸੀ। ਰੋਟੀ, ਪਾਣੀ ਤਾਂ ਕਿਧਰੇ ਰਿਹਾ, ਏਥੇ ਹੋ ਰਹੀਆਂ ਕੁਦਰਤੀ ਤੇ ਗ਼ੈਰ ਕੁਦਰਤੀ ਮੌਤਾਂ ਪਿਛੋਂ ਲਾਸ਼ਾਂ ਸਾੜਨ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਚਲਦੀ ਗੱਡੀ ਵਿਚੋਂ ਪਾਕਿਸਤਾਨੀ ਮਿਲਟਰੀ ਕਈ ਵਾਰਾਂ ਸਟੇਸ਼ਨ ਲਾਗੇ ਰੇਲਵੇ ਲਾਈਨ ਦੇ ਦੋਹੀਂ ਪਾਸੀਂ ਬੈਠੇ ਨਿਹੱਥੇ ਹਿੰਦੂ ਸਿੱਖਾਂ ਤੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਹਜ਼ਾਰਾਂ ਦੀ ਗਿਣਤੀ ਵਿਚ ਨਿਰਦੋਸ਼ਾਂ ਨੂੰ ਭੁੰਨ ਚੁੱਕੀ ਸੀ। ਮੌਤ ਦਾ ਸਾਇਆ ਹਰ ਵੇਲੇ ਸਿਰ ਤੇ ਲਟਕ ਰਿਹਾ ਸੀ। ਜ਼ਿੰਦਗੀ ਵਿਚ ਸਭ ਤੋਂ ਔਖੇ ਤੰਗੀ ਤੁਰਸ਼ੀ ਦੇ ਕਈ ਦਿਨ ਉਥੇ ਕੱਟ ਕੇ ਭਾਰਤੀ ਫ਼ੌਜ ਦੀ ਇਕ ਟੋਲੀ ਦੀ ਹਿਫਾਜ਼ਤ ਵਿਚ ਅਸੀਂ ਹਿੰਦੁਸਤਾਨ ਆ ਗਏ. ਮੇਰੀ ਮਾਂ ਮੇਰੇ ਬਾਪ ਦੀ ਮੌਤ, ਧੀ ਦੇ ਵਿਛੋੜੇ ਤੇ ਘਰ ਬਾਰ ਲੁੱਟੇ ਜਾਣ ਦੇ ਗ਼ਮ ਦੀ ਝਾਲ ਨਾ ਝੱਲ ਸਕੀ ਤੇ ਪਾਗਲ ਹੋ ਗਈ।

ਫਿਰੋਜ਼ਪੁਰ, ਫਰੀਦਕੋਟ, ਕਰਨਾਲ, ਸ਼ਾਹਬਾਦ, ਸਮਾਣਾ ਆਦਿ ਥਾਵਾਂ ਤੇ ਧੱਕੇ ਖਾਂਦੇ ਅਸੀਂ ਬਠਿੰਡੇ ਆ ਗਏ। ਮੈਂ ਦਿਨ ਵੇਲੇ ਬਾਜ਼ਾਰਾਂ ਵਿਚ ਭੁਕਾਨੇ, ਕੰਘੇ, ਕੜੇ, ਗੁਟਕੇ, ਦਾਤਣਾਂ ਆਦਿ ਵੇਚ ਕੇ ਥੋੜ੍ਹੇ ਜਿਹੇ ਪੈਸੇ ਕਮਾਂਦਾ ਤੇ ਰਾਤੀਂ ਕਿਲੇ ਲਾਗੇ ਇਕ ਛੋਟੀ ਜਿਹੀ ਕੋਠੜੀ ਵਿਚ ਕੌੜੇ ਤੇਲ ਦੇ ਦੀਵੇ ਦੀ ਲੋਅ ਵਿਚ ਪ੍ਰਾਈਵੇਟ ਇਮਤਿਹਾਨ ਦੇਣ ਦੀ ਤਿਆਰੀ ਕਰਦਾ। ਮਾਂ ਲੋਕਾਂ ਦੇ ਭਾਂਡੇ ਮਾਂਜ ਛੱਡਦੀ, ਕੱਪੜੇ ਧੋ ਦੇਂਦੀ, ਪਾਥੀਆਂ ਪੱਥ ਦਿੰਦੀ, ਕਣਕ ਛੱਟ ਦਿੰਦੀ ਤੇ ਥੋੜ੍ਹਾ ਬਹੁਤ ਆਟਾ ਦਾਲ ਲੈ ਆਉਂਦੀ. ਦੋ ਸਾਲ ਦਾ ਸਮਾਂ ਬੜੀ ਔਖਿਆਈ ਨਾਲ ਲੰਘਿਆ। ਫਿਰ ਪਾਕਿਸਤਾਨ ਵਿਚ ਰਹਿ ਗਈ ਜ਼ਮੀਨ ਜਾਇਦਾਦ ਵਜੋਂ ਸਾਨੂੰ ਜ਼ਮੀਨ ਅਲਾਟ ਹੋ ਗਈ। ਘਰ ਘਾਟ ਵੀ ਮਿਲ ਗਿਆ ਪਰ ਨਾ ਤਾਂ ਮਾਂ ਹੀ ਪੂਰੀ ਤਰ੍ਹਾਂ ਠੀਕ ਹੋ ਸਕੀ ਅਤੇ ਨਾ ਹੀ ਬਾਪੂ ਤੇ ਭੈਣ ਦਾ ਵਿਛੋੜਾ ਹੀ ਭੁੱਲ ਸਕਿਆ. ਪਾਕਿਸਤਾਨ ਵਿਚ ਰਹਿ ਗਈਆਂ ਹਿੰਦੂ ਸਿੱਖ ਔਰਤਾਂ ਨੂੰ ਲੱਭ ਕੇ ਹਿੰਦੁਸਤਾਨ ਪਹੁੰਚਾਉਣ ਤੇ ਹਿੰਦੁਸਤਾਨ ਵਿਚ ਰਹਿ ਗਈਆਂ ਮੁਸਲਮਾਨ ਔਰਤਾਂ ਨੂੰ ਪਾਕਿਸਤਾਨ ਪਹੁੰਚਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਮੇਰੀ ਭੈਣ ਦਾ ਕੋਈ ਥਹੁ ਪਤਾ ਨਾ ਲੱਗਾ।

ਜੋ ਔਰਤਾਂ ਪਾਕਿਸਤਾਨੋਂ ਆਈਆਂ ਸਨ, ਉਨ੍ਹਾਂ ਦੀ ਹਾਲਤ ਬੜੀ ਮਾੜੀ ਸੀ. ਕਈ ਕੁਆਰੀਆਂ ਦੇ ਕੁੱਛੜ ਬਾਲ ਸਨ। ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਗਲ਼ ਲਾਉਣੋਂ ਹਿਚਕਚਾ ਰਹੇ ਸਨ. ਕਈਆਂ ਦੇ ਮੱਥਿਆਂ, ਗੱਲ੍ਹਾਂ, ਛਾਤੀਆਂ, ਪੇਟ ਅਤੇ ਪੱਟਾਂ ਤੇ ਪਾਕਿਸਤਾਨ ਜ਼ਿੰਦਾਬਾਦ ਉਕਰਿਆ ਹੋਇਆ ਸੀ। ਕਈਆਂ ਦੇ ਡੌਲਿਆਂ ਤੇ ਹਰਾਮਣਾਂ ਤੇ ਕਾਫਰਾਂ ਕੀ ਔਲਾਦ ਦੇ ਠੱਪੇ ਲੱਗੇ ਹੋਏ ਸਨ। ਕਈਆਂ ਦੀਆਂ ਛਾਤੀਆਂ ਵੱਢੀਆਂ ਹੋਈਆਂ ਸਨ ਤੇ ਕਈਆਂ ਨੂੰ ਬੜੇ ਭਿਆਨਕ ਸਰੀਰਕ ਰੋਗ ਲੱਗੇ ਹੋਏ ਸਨ। ਮੇਰੇ ਮਨ ਵਿਚੋਂ ਆਪਣੀ ਭੈਣ ਦਾ ਖ਼ਿਆਲ ਬਿਲਕੁਲ ਹੀ ਜਾਂਦਾ ਨਹੀਂ ਸੀ। ਸਾਡੇ ਪਿੰਡ ਦੀਆਂ ਉਧਾਲੀਆਂ ਔਰਤਾਂ ਵਿਚੋਂ ਜੋ ਵਾਪਸ ਆਈਆਂ ਸਨ ਉਨ੍ਹਾਂ ਦੀ ਜ਼ਬਾਨੀ ਏਨਾ ਕੁ ਪਤਾ ਲੱਗਾ ਸੀ ਕਿ ਮੇਰੀ ਭੈਣ ਜ਼ਿੰਦਾ ਸੀ ਤੇ ਬਹਾਵਲਪੁਰ ਦਾ ਕੋਈ ਨਵਾਬ ਗੁੰਡਿਆਂ ਤੋਂ ਛੁਡਵਾ ਕੇ ਆਪਣੇ ਨਾਲ ਲੈ ਗਿਆ ਸੀ। ਉਸ ਨਵਾਬ ਦੀ ਪਾਕਿਸਤਾਨ ਵਿਚ ਬਹੁਤ ਚਲਦੀ ਸੀ ਤੇ ਉਹ ਉਸ ਨੂੰ ਭਾਰਤ ਨਹੀਂ ਆਉਣਾ ਦਿੰਦਾ ਸੀ।ਮੈਂ ਜਦੋਂ ਕੁਝ ਹੋਰ ਵੱਡਾ ਹੋਇਆ ਤੇ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲੱਗ ਗਿਆ ਤਾਂ ਆਪਣੀ ਭੈਣ ਨੂੰ ਲੱਭਣ ਵਾਸਤੇ ਮੁੜ ਕੋਸ਼ਿਸ਼ ਕੀਤੀ।

ਪਾਸਪੋਰਟ ਬਣਵਾ ਕੇ ਤੇ ਦਿੱਲੀਓਂ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਵਾਪਸ ਗਿਆ। ਜ਼ਿਲੇ ਦੇ ਵੱਡੇ ਅਫ਼ਸਰਾਂ ਨੂੰ ਵੀ ਮਿਲਿਆ ਪਰ ਕੋਈਕਾਮਯਾਬੀ ਨਾ ਹੋਈ। ਹਿੰਦੁਸਤਾਨ ਵਾਪਸ ਆਉਣ ਤੋਂ ਇਕ ਰਾਤ ਪਹਿਲਾਂ ਮੈਂ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਵਿਚ ਠਹਿਰਿਆ ਹੋਇਆ ਸਾਂ। ਇਹ ਗੁਰਦੁਆਰਾ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਥਾਂ ਤੇ ਬਣਿਆ ਹੋਇਆ ਸੀ। ਏਥੇ ਪਾਕਿਸਤਾਨੀ ਪੁਲੀਸ ਦਾ ਪਹਿਰਾ ਸੀ।

ਇੰਚਾਰਜ ਹੌਲਦਾਰ ਨਾਲ ਗੱਲ ਕੀਤੀ. ਗੱਲ ਸੁਣ ਕੇ ਉਹ ਕੁਝ ਚਿਰ ਖ਼ਾਮੋਸ਼ ਰਿਹਾ ਤੇ ਫਿਰ ਕਹਿਣ ਲੱਗਾ, “ਮੈਨੂੰ ਪਛਾਣਦੈਂ?”. “ਨਹੀਂ!” “ਮੈਂ ਤੇਰੇ ਪਿੰਡ ਦੇ ਤੇਲੀਆਂ ਦਾ ਮੁੰਡਾ ਨਵਾਬ ਵਾਂ। ਰਣਬੀਰ ਕੌਰ ਦਾ ਮੈਨੂੰ ਪਤਾ ਏ। ਮੈਂ ਤੈਨੂੰ ਉਹਦੇ ਬਾਰੇ ਸਭ ਕੁਝ ਦੱਸ ਸਕਨਾਂ।” “ਭਰਾ ਇਹ ਤੇਰਾ ਮੇਰੇ ਤੇ ਬੜਾ ਵੱਡਾ ਅਹਿਸਾਨ ਹੋਵੇਗਾ. ਛੇਤੀ ਦੱਸ ਉਹ ਕਿੱਥੇ ਵੇ?” “ਕਾਹਲਾ ਨਾ ਪਓ ਸਰਦਾਰ, ਉਹ ਬੜੇ ਚੰਗੇ ਘਰ ਵਿਆਹੀ ਹੋਈ ਏ. ਉਹਦੇ ਦੋ ਖ਼ੂਬਸੂਰਤ ਬੱਚੇ ਵੀ ਨੇ। ਉਹਦਾ ਘਰ ਵਾਲਾ ਬੜਾ ਅਮੀਰ ਤੇ ਸਾਊ ਏ। ਕਦੀ ਯੂਰਪ ਚਲਾ ਜਾਂਦੈ ਤੇ ਕਦੀ ਪਾਕਿਸਤਾਨ ਆ ਜਾਂਦੈ। ਉਹਦੇ ਘਰ ਕਾਰ, ਟੈਲੀਵਿਜ਼ਨ, ਫਰਿਜ ਤੇ ਹੋਰ ਬੜਾ ਕੀਮਤੀ ਸਾਮਾਨ ਏ। ਬਹਾਵਲਪੁਰ ਦਾ ਜਿਹੜਾ ਨਵਾਬ ਉਸ ਨੂੰ ਗੁੰਡਿਆਂ ਤੋਂ ਛੁਡਵਾ ਕੇ ਲੈ ਗਿਆ ਸੀ, ਉਸ ਦਾ ਉਹ ਕਰੀਬੀ ਰਿਸ਼ਤੇਦਾਰ ਏ।” “ਮੇਰੀ ਭੈਣ ਖ਼ੁਸ਼ ਏ,” ਚੱਲ ਮੈਨੂੰ ਹੁਣੇ ਮਿਲਾ ਕੇ ਲਿਆ।

ਹੁਣ ਨਹੀਂ, ਸਵੇਰੇ ਕੋਈ ਸਬੀਲ ਬਣਾਵਾਂਗੇ, ਉਹਨੂੰ ਮਿਲਣਾ ਕੋਈ ਆਸਾਨ ਨਹੀਂ ਹੈ।” “ਕਿਉਂ ਮੇਰੀ ਉਹ ਸਕੀ ਭੈਣ ਏ, ਮੈਂ ਉਸ ਨੂੰ ਮਿਲ ਕਿਉਂ ਨਹੀਂ ਸਕਦਾ?” “ਤੁਸੀਂ ਸਮਝਦੇ ਨਹੀਂ ਸਰਦਾਰ ਸਾਹਿਬ, ਕਈ ਮਜਬੂਰੀਆਂ ਨੇ ਜੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ।” “ਕੀ ਮਜਬੂਰੀਆਂ ਨੇ?” “ਜੇ ਸਰਕਾਰਾਂ ਨੂੰ ਪਤਾ ਲਗ ਗਿਆ ਤਾਂ ਤੁਹਾਡੀ ਭੈਣ ਪਾਕਿਸਤਾਨ ਵਿਚ ਨਹੀਂ ਰਹਿ ਸਕੇਗੀ. ਉਹਨੂੰ ਮੁਲਕਾਂ ਦੇ ਮੁਆਇਦੇ ਮੁਤਾਬਕ ਹਿੰਦੁਸਤਾਨ ਭੇਜਣਾ ਪਵੇਗਾ। ਉਹ ਸ਼ਾਇਦ ਆਪਣੇ ਬੱਚੇ ਤੇ ਖਾਵੰਦ ਛੱਡ ਕੇ ਹਿੰਦੁਸਤਾਨ ਜਾਣਾ ਪਸੰਦ ਨਾ ਕਰੇ। ਔਰਤ ਨੂੰ ਆਪਣੇ ਬੱਚੇ, ਆਪਣਾ ਖਾਵੰਦ ਤੇ ਆਪਣਾ ਘਰ ਬਹੁਤ ਪਿਆਰਾ ਹੁੰਦੈ।” “ਚੱਲ ਨਾ ਜਾਵੇ ਪਾਰ ਮੈਨੂੰ ਇਕ ਵਾਰ ਮਿਲ ਤਾਂ ਪਵੇ। ਮੇਰੀ ਭਟਕ ਰਹੀ ਰੂਹ ਨੂੰ ਕੁਝ ਸਕੂਨ ਤਾਂ ਨਸੀਬ ਹੋਵੇ.” “ਉਸ ਨੂੰ ਖੁਫੀਆ ਤਰੀਕੇ ਨਾਲ ਇਤਲਾਹ ਭੇਜਣੀ ਪਵੇਗੀ। ਫਿਰ ਕੋਈ ਮੁਲਾਕਾਤ ਦਾ ਰਾਹ ਨਿਕਲ ਸਕਦੈ. ਮੈਨੂੰ ਆਪਣੀ ਨੌਕਰੀ ਦਾ ਖ਼ਤਰਾ ਵੀ ਹੈ। ਤੁਸੀਂ ਇੰਜ ਕਰੋ, ਹੁਣ ਵਾਪਸ ਹਿੰਦੁਸਤਾਨ ਚਲੇ ਜਾਓ ਤੇ ਦੁਬਾਰਾ ਵੀਜ਼ਾ ਲੈ ਕੇ ਆਉਣਾ। ਤੁਹਾਡੇ ਵੀਜ਼ੇ ਦੀ ਮਿਆਦ ਕੱਲ੍ਹ ਖਤਮ ਹੋ ਰਹੀ ਹੈ. ਜਦੋਂ ਦੁਬਾਰਾ ਆਉਗੇ ਤਾਂ ਮੈਂ ਤੁਹਾਨੂੰ ਤੁਹਾਡੀ ਹਮਸ਼ੀਰਾ ਨੂੰ ਮਿਲਾਉਣ ਲਈ ਜ਼ਰੂਰ ਬਰ ਜ਼ਰੂਰ ਕੋਈ ਰਾਹ ਕੱਢ ਲਵਾਂਗਾ।

ਕੀ ਮੈਂ ਆਪਣੇ ਵੀਜ਼ੇ ਦੀ ਮਿਆਦ ਨਹੀਂ ਵਧਵਾ ਸਕਦਾ? ਮੈਂ ਰਣਬੀਰ ਨੂੰ ਮਿਲੇ ਬਿਨਾਂ ਨਹੀਂ ਜਾਵਾਂਗਾ।” “ਸ਼ਾਇਦ ਤੁਹਾਨੂੰ ਇਲਮ ਨਹੀਂ ਕਿ ਪਾਕਿਸਤਾਨ ਸੀ ਆਈ ਡੀ ਦੀ ਤੁਹਾਡੇ ਤੇ ਬਹੁਤ ਕੜੀ ਨਜ਼ਰ ਏ. ਕੱਲ੍ਹ ਤੁਹਾਨੂੰ ਵਾਪਸ ਹਿੰਦੁਸਤਾਨ ਜਾਣਾ ਪਵੇਗਾ। ਗਜ਼ਾਲਾ ਤੁਹਾਨੂੰ ਅਗਲੀ ਵਾਰ ਜ਼ਰੂਰ ਮਿਲਾ ਦਿਆਂਗਾ।” “ਗਜ਼ਾਲਾ ਕੌਣ?” “ਗਜ਼ਾਲਾ ਤੁਹਾਡੀ ਭੈਣ ਦਾ ਹੀ ਦੂਜਾ ਨਾਂ ਏ। ਹੁਣ ਉਸ ਨੂੰ ਰਣਬੀਰ ਕੌਰ ਦੇ ਨਾਂ ਨਾਲ ਕੋਈ ਨਹੀਂ ਜਾਣਦਾ. ਉਸ ਦਾ ਨਵਾਂ ਨਾਂ ਗਜ਼ਾਲਾ ਅਖਤਰ ਏ।” “ਰਹਿੰਦੀ ਕਿਸ ਪਾਸੇ ਹੈ?” “ਰਹਿੰਦੀ ਲਾਹੌਰ ਦੀ ਗੁਲਬਰਗ ਆਬਾਦੀ ਵਿਚ ਏ। ਉਸ ਦੇ ਘਰ ਜਾਣਾ ਆਸਾਨ ਨਹੀਂ। ਉਹ ਪਰਦਾ ਕਰਦੀ ਏ। ਮੇਰਾ ਮਤਲਬ ਬੁਰਕਾ ਪਾਉਂਦੀ ਏ। ਘਰ ਵਿਚ ਉਹਨੂੰ ਕਾਫੀ ਸਹੂਲਤਾਂ ਨੇ ਪਰ ਫਿਰ ਵੀ ਉਸ ਨੂੰ ਆਜ਼ਾਦੀ ਨਾਲ ਟੁਰਨ ਫਿਰਨ ਦੀ ਮਨਾਹੀ ਏ।

ਮੈਂ ਹਵਾਲਦਾਰ ਨਵਾਬ ਦੀ ਗੱਲ ਸੁਣ ਕੇ ਚੁੱਪ ਕਰ ਗਿਆ। ਉਸ ਸਾਰੀ ਰਾਤ ਮੈਂ ਉਸਲਵੱਟੇ ਲੈਂਦਾ ਰਿਹਾ ਪਰ ਨੀਂਦ ਨਾ ਆਈ। ਕੁਦਰਤ ਦੀ ਇਹ ਕੈਸੀ ਸਿਤਮ ਜ਼ਰੀਫੀ ਸੀ ਕਿ ਜਿਸ ਭੈਣ ਨੂੰ ਲੱਭਣ ਵਾਸਤੇ ਮੈਂ ਏਨੀ ਕੋਸ਼ਿਸ਼ ਕੀਤੀ ਸੀ ਉਹ ਏਸੇ ਲਾਹੌਰ ਵਿਚ ਈ ਰਹਿੰਦੀ ਸੀ ਤੇ ਮੈਥੋਂ ਕੁਝ ਮੀਲ ਦੂਰ ਉਸ ਦਾ ਘਰ ਸੀ ਪਰ ਮੈਂ ਉਸ ਨੂੰ ਮਿਲ ਨਹੀਂ ਸਾਂ ਸਕਦਾ, ਵੇਖ ਨਹੀਂ ਸਾਂ ਸਕਦਾ, ਗੱਲ ਨਹੀਂ ਸਾਂ ਕਰ ਸਕਦਾ।

ਅਗਲੇ ਦਿਨ ਮੈਂ ਨਵਾਬ ਨੂੰ ਗਜ਼ਾਲਾ ਦੇ ਨਾਂ ਇਕ ਚਿੱਠੀ ਦੇ ਕੇ ਅਤੇ ਨਵਾਬ ਦਾ ਪਤਾ ਲੈ ਕੇ ਮੈਂ ਹਿੰਦੁਸਤਾਨ ਵਾਪਸ ਆ ਗਿਆ ਕਿਉਂਕਿ ਮੇਰੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਤੇ ਮਿਆਦ ਵਧਣੋਂ ਇਨਕਾਰ ਹੋ ਗਿਆ ਸੀ। ਹੁਣ ਦਿਲ ਭੈਣ ਨੂੰ ਮਿਲਣ ਲਈ ਪਹਿਲਾਂ ਨਾਲੋਂ ਵੀ ਵਧੇਰੇ ਬੇਤਾਬ ਹੋ ਗਿਆ ਸੀ। ਏਨੀ ਤਸੱਲੀ ਜ਼ਰੂਰ ਸੀ ਕਿ ਗਜ਼ਾਲਾ ਜ਼ਿੰਦਾ ਸੀ. ਘਰ ਬਾਰ ਵਾਲੀ ਸੀ, ਬੱਚਿਆਂ ਦੀ ਮਾਂ ਸੀ ਤੇ ਪਤੀ ਵੀ ਚੰਗਾ ਮਿਲ ਗਿਆ ਸੀ. ਕੀ ਹੋਇਆ ਜੇ ਉਹ ਮੁਸਲਮਾਨ ਹੋ ਗਈ ਸੀ. ਉਂਜ ਵੀ ਤਾਂ ਔਰਤ ਦਾ ਕੋਈ ਧਰਮ ਨਹੀਂ ਹੁੰਦਾ। ਜੀਹਦੇ ਲੜ ਲੱਗ ਗਈ ਉਹੀ ਉਸ ਦਾ ਧਰਮ ਬਣ ਜਾਂਦਾ ਹੈ. ਪਿਛਲੇ ਸੈਂਕੜੇ ਸਾਲਾਂ ਵਿਚ ਕਿੰਨੀਆਂ ਹਜ਼ਾਰਾਂ ਲੱਖਾਂ ਔਰਤਾਂ ਮੁਸਲਮਾਨ ਹਮਲਾਵਰ ਹਿੰਦੁਸਤਾਨ ਵਿਚੋਂ ਜ਼ਬਰਦਸਤੀ ਉਧਾਲ ਕੇ ਆਪਣੇ ਮੁਸਲਮਾਨ ਦੇਸ਼ਾਂ ਵਿਚ ਲਿਜਾ ਉਨ੍ਹਾਂ ਦੇ ਧਰਮ ਬਦਲ ਚੁੱਕੇ ਸਨ। ਮਾਂ ਨੂੰ ਜਦੋਂ ਮੈਂ ਭੈਣ ਦੇ ਜ਼ਿੰਦਾ ਹੋਣ ਬਾਰੇ ਦੱਸਿਆ ਤਾਂ ਜਿਵੇਂ ਉਹਦੇ ਕਲੇਜੇ ਦਾ ਰੁੱਗ ਭਰਿਆ ਗਿਆ। ਉਹ ਹੋਰ ਵੀ ਉੱਚੀ ਉੱਚੀ ਰੋਣ ਲੱਗ ਗਈ। ਸਿਰ ਦੇ ਵਾਲ ਪੁੱਟ ਲਏ ਤੇ ਉਹਦਾ ਪਾਗਲਪਨ ਘਟਣ ਦੀ ਥਾਂ ਇਕ ਵਾਰ ਫੇਰ ਵਧ ਗਿਆ।

ਏਸ ਘਟਨਾ ਪਿਛੋਂ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲਣਾ ਬੰਦ ਹੋ ਗਿਆ। ਨਵਾਬ ਨੂੰ ਮੈਂ ਕਈ ਚਿੱਠੀਆਂ ਲਿਖੀਆਂ ਪਰ ਕੋਈ ਜਵਾਬ ਨਾ ਆਇਆ। ਰੁਲਦੀ ਖੁਲਦੀ ਇਕ ਚਿੱਠੀ ਗਜ਼ਾਲਾ ਵੱਲੋਂ ਆਈ। ਗੁਰਮੁਖੀ ਦੇ ਟੁੱਟੇ ਫੁੱਟੇ ਅੱਖਰਾਂ ਵਿਚ ਸੁਖ ਸਾਂਦ ਲਿਖੀ ਹੋਈ ਸੀ ਅਤੇ ਆ ਕੇ ਮਿਲ ਜਾਣ ਦੀ ਤਾਂਘ ਦੱਸੀ ਸੀ। ਇਸ ਤੋਂ ਕੁਝ ਸਾਲਾਂ ਬਾਅਦ ਪਾਕਿਸਤਾਨ ਨਾਲ ਲੜਾਈ ਛਿੜ ਪਈ ਤੇ ਪਾਕਿਸਤਾਨ ਨਾਲ ਆਵਾਜਾਈ ਬੰਦ ਹੋ ਗਈ। ਹੁਣ ਕੇਵਲ ਗੁਰਦੁਆਰਿਆਂ ਦੀ ਯਾਤਰਾ ਦੇ ਬਹਾਨੇ ਹੀ ਪਾਕਿਸਤਾਨ ਜਾਇਆ ਜਾ ਸਕਦਾ ਸੀ। ਕਈ ਵਾਰ ਜੱਥੇ ਵਿਚ ਨਾਂ ਪੁਆਉਣ ਦੀ ਕੋਸ਼ਿਸ਼ ਕੀਤੀ ਪਰ ਨਾਂ ਨਾ ਪੈ ਸਕਿਆ। ਇੰਜ ਕਈ ਵਰ੍ਹੇ ਹੋਰ ਬੀਤ ਗਏ। ਪਾਕਿਸਤਾਨ ਨਾਲ ਇਕ ਹੋਰ ਜੰਗ ਛਿੜ ਪਈ। ਜੰਗ ਦੀ ਸਮਾਪਤੀ ਪਿਛੋਂ ਆਵਾਜਾਈ ਵਿਚ ਰੁਕਾਵਟਾਂ ਪਹਿਲਾਂ ਨਾਲੋਂ ਵੀ ਵਧ ਗਈਆਂ।

ਚਿੱਠੀ ਪੱਤਰ ਕਰਨ ਵਾਲੇ ਹੋਰਨਾਂ ਦੇਸ਼ਾਂ ਰਾਹੀਂ ਚਿੱਠੀ ਪੱਤਰ ਕਰਦੇ ਤੇ ਇੰਜ ਚਿੱਠੀ ਦਾ ਜਵਾਬ ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਨਾ ਆਉਂਦਾ. ਕਾਫੀ ਦੌੜ ਭੱਜ ਕਰ ਕੇ ਮੈਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਜਥੇ ਵਿਚ ਨਾਂ ਪੁਆਣ ਵਿਚ ਕਾਮਯਾਬੀ ਮਿਲ ਗਈ। ਤੁਰਨ ਲੱਗਿਆਂ ਉਸ ਮੁਲਕ ਦੇ ਰਿਵਾਜ ਅਨੁਸਾਰ ਮੈਂ ਗਜ਼ਾਲਾ ਲਈ ਵਧੀਆ ਕਰੇਬ ਦਾ ਬੁਰਕਿਆਂ ਲਈ ਕੱਪੜਾ, ਦੁਪੱਟੇ ਅਤੇ ਹੋਰ ਵੀ ਤੋਹਫ਼ੇ ਖਰੀਦੇ. ਉਹਦੇ ਬੱਚਿਆਂ ਲਈ ਖਿਡੌਣੇ ਅਤੇ ਉਹਦੇ ਖ਼ਾਵੰਦ ਲਈ ਵਧੀਆ ਕੰਬਲ ਮੁੱਲ ਲਿਆ। ਮਾਂ ਨੂੰ ਮੈਂ ਨਾਲ ਲਿਜਾਣਾ ਚਾਹੁੰਦਾ ਸਾਂ ਪਰ ਉਹਦੇ ਨੀਮ ਪਾਗਲ ਹੋਣ ਕਾਰਨ ਗੱਲ ਨਾ ਬਣ ਸਕੀ। ਵਾਘੇ ਤੋਂ ਪਾਰ ਬੱਸਾਂ ਵਿਚ ਬਿਠਾ ਕੇ ਪੁਲੀਸ ਦੇ ਪਹਿਰੇ ਵਿਚ ਸਾਨੂੰ ਲਾਹੌਰ ਲਿਜਾਇਆ ਗਿਆ ਤੇ ਸਾਰੇ ਯਾਤਰੀਆਂ ਨੂੰ ਗੁਰਦੁਆਰੇ ਦੀ ਚਾਰਦੀਵਾਰੀ ਅੰਦਰ ਬੰਦ ਕਰ ਦਿੱਤਾ ਗਿਆ।

ਮੈਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀ ਧੁਰ ਉਪਰਲੀ ਮੰਜ਼ਿਲ ਤੇ ਚੜ੍ਹ ਕੇ ਚੁਫੇਰੇ ਝਾਤ ਮਾਰੀ। ਇਕ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਤੇ ਨਾਲ ਲੱਗਦੀ ਸ਼ਾਹੀ ਮਸਜਿਦ ਸੀ ਜਿਸ ਦੇ ਉੱਚੇ ਉੱਚੇ ਮੀਨਾਰ ਸਨ। ਦੂਜੀ ਬਾਹੀ ਮੀਨਾਰੇ ਯਾਦਗਾਰ-ਪਾਕਿਸਤਾਨ ਸੀ ਜੋ ਅਸਮਾਨ ਨਾਲ ਗੱਲਾਂ ਕਰ ਰਿਹਾ ਸੀ ਤੇ ਉਸ ਤੋਂ ਦੂਰ ਪਰ੍ਹੇ ਰਾਵੀ ਵਗ ਰਹੀ ਸੀ ਜਿਸ ਦੇ ਪਰਲੇ ਕੰਢੇ ਰੇਲਵੇ ਲਾਈਨ ਦੇ ਖੱਬੇ ਨੂਰ ਜਹਾਂ ਤੇ ਸੱਜੇ ਜਹਾਂਗੀਰ ਬਾਦਸ਼ਾਹ ਦੇ ਮਕਬਰੇ ਸਨ। ਪੰਛੀ ਖੁੱਲ੍ਹੀ ਹਵਾ ਵਿਚ ਏਧਰ ਉਧਰ ਉੱਡ ਰਹੇ ਸਨ ਪਰ ਅਸੀਂ ਮਨੁੱਖ ਗੁਰਦੁਆਰੇ ਅੰਦਰ ਬੰਦ ਸਾਂ. ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ। ਸਾਰੇ ਗੇਟਾਂ ਤੇ ਪੁਲੀਸ ਦਾ ਪਹਿਰਾ ਸੀ. ਸਾਡੇ ਸਭ ਦੇ ਪਾਸਪੋਰਟ ਪੁਲਿਸ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਏ ਸਨ। ਸਾਦਾ ਕੱਪੜਿਆਂ ਵਿਚ

ਪਾਕਿਸਤਾਨ ਦੀ ਖੁਫ਼ੀਆ ਪੁਲੀਸ ਦੇ ਮੁਲਾਜ਼ਮ ਯਾਤਰੀਆਂ ਦੀ ਹਰ ਹਰਕਤ ਤੇ ਪੂਰੀ ਨਜ਼ਰ ਰੱਖ ਰਹੇ ਸਨ. ਨੇੜੇ ਨੇੜੇ ਢੁਕ ਕੇ ਗੱਲਾਂ ਸੁਣਦੇ ਸਨ ਤੇ ਗੁਰਦੁਆਰੇ ਅੰਦਰ ਜੋ ਲੈਕਚਰ ਹੁੰਦੇ ਸਨ, ਉਹ ਖੁੱਲ੍ਹੇ ਆਮ ਨੋਟ ਕਰੀ ਜਾਂਦੇ ਸਨ. ਜਥੇ ਵਿਚ ਗਏ ਲੇਖਕ ਕਿਸਮ ਦੇ ਲੋਕਾਂ ਤੇ ਉਹ ਵਿਸ਼ੇਸ਼ ਪਹਿਰਾ ਦਿੰਦੇ ਸਨ ਤੇ ਉਨ੍ਹਾਂ ਨੂੰ ਇਸ਼ਤਿਹਾਰੀ ਮੁਲਜ਼ਮਾਂ ਵਾਂਗ ਜ਼ਿਆਦਾ ਖ਼ਤਰਨਾਕ ਸਮਝਦੇ ਸਨ। ਸਿੱਖ ਯਾਤਰੀ ਡਿਊਟੀ ਮੈਜਿਸਟਰੇਟ ਤੋਂ ਸ਼ਹਿਰ ਵਿਚ ਜਾਣ ਦੀ ਇਜਾਜ਼ਤ ਵਾਸਤੇ ਤਰਲੇ ਕੱਢ ਰਹੇ ਸਨ ਪਰ ਉਹ ਇਜਾਜ਼ਤ ਨਹੀਂ ਦੇ ਰਿਹਾ ਸੀ। ਇਕ ਸਿੰਧੀ ਸਿੱਖ ਉਸ ਅੱਗੇ ਪਾਕਿ ਪੁਲੀਸ ਵੱਲੋਂ ਕੀਤੇ ਦੁਰਵਿਹਾਰ ਦੀ ਸ਼ਿਕਾਇਤ ਕਰ ਰਿਹਾ ਸੀ ਤੇ ਉਹ ਉਸ ਦੀ ਗੱਲ ਸੁਣਨ ਦੀ ਬਜਾਏ ਪੁਲੀਸ ਨੂੰ ਕਹਿ ਰਿਹਾ ਸੀ ਕਿ ਇਸ ਨੂੰ ਹੋਰ ਸਬਕ ਸਿਖਾਓ ਤੇ ਉਸਦਾ ਸ਼ਨਾਖਤੀ ਕਾਰਡ ਉਸ ਕੋਲੋਂ ਖੋਹ ਕੇ ਆਪਣੇ ਕੋਲ ਰੱਖ ਲਿਆ ਸੀ। ਡਿਊਟੀ ਮੈਜਿਸਟਰੇਟ ਨੂੰ ਯਾਤਰੀਆਂ ਨੂੰ ਬਾਹਰ ਸ਼ਹਿਰ ਵਿਚ ਘੁੰਮਣ ਲਈ ਡਿਪਟੀ ਕਮਿਸ਼ਨਰ ਵੱਲੋਂ ਮਨਾਹੀ ਸੀ ਤੇ ਡਿਪਟੀ ਕਮਿਸ਼ਨਰ ਨੂੰ ਹੋਮ ਸੈਕਟਰੀ ਵੱਲੋਂ. ਦੋ ਦਿਨ ਏਸੇ ਤਰ੍ਹਾਂ ਬੀਤ ਗਏ।

ਆਖਰੀ ਦਿਨ ਸ਼ਾਮ ਦੇ ਪੰਜ ਵਜੇ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ। ਮੈਂ ਗਜ਼ਾਲਾ ਲਈ ਤੋਹਫ਼ੇ ਲੈ ਕੇ ਜਦ ਟੈਕਸੀ ਵਿਚ ਬੈਠਣ ਲੱਗਾ ਤਾਂ ਸੀ ਆਈ ਡੀ ਦਾ ਇਕ ਬਿਨਾਂ ਵਰਦੀ ਅਫ਼ਸਰ ਵੀ ਮੇਰੇ ਨਾਲ ਹੀ ਬੈਠ ਗਿਆ। ਤੋਹਫ਼ਿਆਂ ਵਾਲਾ ਲਿਫਾਫਾ ਉਸ ਮੇਰੇ ਹੱਥੋਂ ਲੈ ਲਿਆ ਤੇ ਕਿਹਾ ਉਹ ਮੇਰੇ ਨਾਲ ਹੀ ਜਾਵੇਗਾ। ਅਸੀਂ ਦੋਵੇਂ ਮਹਿਮਾਨਖਾਨੇ ਵਿਚ ਬੈਠੇ ਗਜ਼ਾਲਾ ਦਾ ਇੰਤਜ਼ਾਰ ਕਰ ਰਹੇ ਸਾਂ। ਕੁਝ ਚਿਰ ਪਿੱਛੋਂ ਗਜ਼ਾਲਾ ਦਾ ਖਾਵੰਦ ਆਇਆ ਤੇ ਉਸ ਮੈਨੂੰ ਜੱਫੀ ਵਿਚ ਘੁੱਟ ਲਿਆ। ਫਿਰ ਉਸ ਆਪਣੇ ਬੱਚਿਆਂ ਨਾਲ ਮਿਲਾਇਆ। ਮੈਂ ਉਨ੍ਹਾਂ ਨੂੰ ਆਪਣੀ ਗੋਦੀ ਵਿਚ ਬਿਠਾ ਕੇ ਪਿਆਰ ਕੀਤਾ. ਬੱਚਿਆਂ ਨੇ ਲੰਮੇ ਲੰਮੇ ਕੁੜਤੇ ਤੇ ਸਲਵਾਰਾਂ ਪਾਈਆਂ ਹੋਈਆਂ ਸਨ। ਫਿਰ ਪਰਦੇ ਪਿਛੋਂ ਗਜ਼ਾਲਾ ਬੁਰਕਾ ਪਾਈਂ ਅੰਦਰ ਆਈ। ਮੇਰੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਗਈ। ਉਸ ਦਾ ਖਾਵੰਦ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਚੁੱਪ ਨਹੀਂ ਹੋ ਰਹੀ ਸੀ। ਰੋਂਦੀ ਰੋਂਦੀ ਉਹ ਵੈਣ ਪਾਉਣ ਲੱਗ ਗਈ।

ਉਹਦੀਆਂ ਅੱਖਾਂ ਦੁਆਲੇ ਸਿਆਹ ਘੇਰੇ ਸਨ ਤੇ ਅੱਖਾਂ ਅੰਦਰ ਨੂੰ ਵੜੀਆਂ ਹੋਈਆਂ ਸਨ। ਕੱਦ ਲੰਮਾ ਤੇ ਸਰੀਰ ਭਾਰਾ ਸੀ। ਮੈਂ ਵੀ ਰੋ ਰਿਹਾ ਸਾਂ। ਬੱਚੇ ਵੀ ਸਾਨੂੰ ਵੇਖ ਕੇ ਅੱਖਾਂ ਭਰ ਆਏ ਸਨ। ਸੀ ਆਈ ਡੀ ਅਫਸਰ ਵੀ ਕੁਝ ਪਲਾਂ ਲਈ ਪਸੀਜ ਗਿਆ ਸੀ। ਮੈਂ ਉਹਦੇ ਹੱਥੋਂ ਤੋਹਫ਼ਿਆਂ ਦਾ ਬੰਡਲ ਫੜ ਕੇ ਗਜ਼ਾਲਾ ਨੂੰ ਦੇ ਦਿੱਤਾ। ਉਸ ਹਿੱਕ ਨਾਲ ਲਾ ਕੇ ਆਪਣੇ ਖਾਵੰਦ ਨੂੰ ਫੜਾ ਦਿੱਤਾ। ਅਜੇ ਤੀਕ ਅਸਾਂ ਜ਼ਬਾਨ ਸਾਂਝੀ ਨਹੀਂ ਸੀ ਕੀਤੀ। ਗਜ਼ਾਲਾ ਦੀ ਸਿਰ ਦੇ ਨੀਮ ਲਾਲ ਵਾਲਾਂ ਵਾਲੀ ਸੱਸ ਮੇਰੇ ਸਿਰ ਤੇ ਪਿਆਰ ਦਿਤਾ। ਸੀ ਆਈ ਡੀ ਦਾ ਅਫਸਰ ਦੋ ਘੰਟਿਆਂ ਦੀ ਮੁਅਲਤ ਦੇ ਕੇ ਚਲਾ ਗਿਆ। ਗਜ਼ਾਲਾ, ਉਸ ਦਾ ਖਾਵੰਦ, ਬੱਚੇ, ਸੱਸ ਤੇ ਨਨਾਣਾਂ, ਅਸੀਂ ਸਾਰੇ ਰਲ ਕੇ ਚਾਹ ਪੀ ਰਹੇ ਸਾਂ। ਚਾਹ ਨਾਲ ਉਨ੍ਹਾਂ ਨੇ ਬੜੀਆਂ ਚੀਜ਼ਾਂ ਪਰੋਸੀਆਂ ਸਨ। ਅਨੇਕਾਂ ਵਰ੍ਹਿਆਂ ਬਾਅਦ ਇਹ ਮਿਲਾਪ ਦਾ ਦਿਨ ਆਇਆ ਸੀ। ਗੱਲਾਂ ਸੁਣਦਿਆਂ ਗਜ਼ਾਲਾ ਦੀਆਂ ਅੱਖਾਂ ਭਰ ਆਉਂਦੀਆਂ ਸਨ। ਸੰਖੇਪ ਵਿਚ ਪਾਕਿਸਤਾਨੋਂ ਉਜੜਨ ਪਿਛੋਂ ਭਾਰਤ ਵਿਚ ਜਾ ਕੇ ਟਿਕਣ ਦੀ ਕਹਾਣੀ ਸੁਣਾਈ। ਮਾਂ ਦੇ ਪਾਗਲ ਹੋਣ ਬਾਰੇ ਸੁਣ ਕੇ ਉਹਨੂੰ ਦੰਦਲ ਪੈ ਗਈ. ਹੋਸ਼ ਆਉਣ ਤੇ ਉਸ ਮੇਰਾ ਸਿਰ ਆਪਣੀ ਛਾਤੀ ਨਾਲ ਘੁੱਟ ਲਿਆ। ਮੇਰੀਆਂ ਅੱਖਾਂ ਅੱਗੇ ਉਹ ਦਿਨ ਆ ਰਹੇ ਸਨ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਬੜਾ ਲੜਿਆ ਕਰਦੇ ਸਾਂ। ਕੁਝ ਸਮੇਂ ਬਾਅਦ ਉਹ ਆਪਣੀ ਸੱਸ ਦੇ ਇਸ਼ਾਰੇ ਤੇ ਸ਼ਾਮ ਦਾ ਖਾਣਾ ਤਿਆਰ ਕਰਾਉਣ ਲਈ ਰਸੋਈ ਵਿਚ ਚਲੀ ਗਈ। ਮੈਂ ਸਾਰਿਆਂ ਨੂੰ ਪਰਿਵਾਰ ਸਮੇਤ ਹਿੰਦੁਸਤਾਨ ਆਉਣ ਦਾ ਸੱਦਾ ਦਿੱਤਾ ਪਰ ਉਨ੍ਹਾਂ ਮਜਬੂਰੀ ਜ਼ਾਹਿਰ ਕੀਤੀ।ਜਿੰਨਾ ਚਿਰ ਤੀਕ ਦੋਵਾਂ ਦੋਸ਼ਾਂ ਦੇ ਹਾਲਾਤ ਠੀਕ ਨਾ ਹੋ ਜਾਣ, ਉਹ ਕਿਵੇਂ ਆ ਸਕਦੇ ਹਨ.ਪਰ ਗਜ਼ਾਲਾ ਦਾ ਖ਼ਾਵੰਦ ਕਹਿ ਰਿਹਾ ਸੀ, “ਇਨਸ਼ਾ ਅੱਲਾ ਕਦੀ ਤਾਂ ਜ਼ਰੂਰ ਮਿਲਾਂਗੇ।ਉਹਦਾ ਵੀ ਹਿੰਦੁਸਤਾਨ ਵੇਖਣ ਨੂੰ ਬੜਾ ਜੀਅ ਕਰਦਾ ਸੀ। ਸ਼ਾਮ ਦਾ ਖਾਣਾ ਖਾਣ ਹੀ ਲੱਗੇ ਸਾਂ ਕਿ ਸੀ ਆਈ ਡੀ ਅਫਸਰ ਦਾ ਗਿਆ ਤੇ ਉਸ ਦੋ ਘੰਟੇ ਪੂਰੇ ਹੋਣ ਦੀ ਸੂਚਨਾ ਦੇ ਦਿੱਤੀ। ਗਜ਼ਾਲਾ ਦੇ ਖ਼ਾਵੰਦ ਨੇ ਬੜਾ ਇਸਰਾਰ ਕੀਤਾ ਤੇ ਆਪਣੇ ਅਸਰ ਰਸੂਖ ਦਾ ਵਾਸਤਾ ਵੀ ਪਾਇਆ ਪਰ ਉਹ ਨਾ ਮੰਨਿਆ। ਪੁਲੀਸ ਦੀ ਜੀਪ ਬਾਹਰ ਖੜ੍ਹੀ ਸੀ। ਉਸ ਵਿਚ ਬੈਠ ਕੇ ਵਾਪਸ ਗੁਰਦੁਆਰੇ ਚੱਲਣ ਲਈ ਕਿਹਾ ਗਿਆ। ਟੁਰਨ ਲੱਗਿਆਂ ਗਜ਼ਾਲਾ ਤੇ ਉਸ ਦੇ ਖਾਵੰਦ ਨੇ ਕਿਹਾ ਕਿ ਉਹ ਮੈਨੂੰ ਵਿਦਾ ਕਰਨ ਲਈ ਸਵੇਰੇ ਗੁਰਦੁਆਰੇ ਆਉਣਗੇ।

ਉਹ ਰਾਤ ਮੈਂ ਬੜੀ ਖੁਸ਼ੀ ਨਾਲ ਟਪਾਈ। ਮੇਰੀ ਅਨੇਕਾਂ ਵਰ੍ਹਿਆਂ ਦੀ ਮਿਹਨਤ ਤੇ ਕੋਸ਼ਿਸ਼ ਸਫਲ ਹੋਈ ਸੀ। ਗਜ਼ਾਲਾ ਦਾ ਤੇ ਮੇਰਾ ਖ਼ੂਨ ਦਾ ਰਿਸ਼ਤਾ ਸੀ। ਭਾਵੇਂ ਹੁਣ ਅਸੀਂ ਦੋ ਵੱਖ ਵੱਖ ਦੇਸ਼ਾਂ ਤੇ ਧਰਮਾਂ ਦੇ ਮੰਨਣ ਵਾਲੇ ਸਾਂ ਪਰ ਸਾਡਾ ਮਾਂ ਬਾਪ ਇਕ ਸੀ। ਮਜ਼ਹਬ ਤੇ ਹਕੂਮਤਾਂ ਸਾਡੇ ਰਿਸ਼ਤਿਆਂ ਵਿਚਕਾਰ ਹਿਮਾਲਾ ਜਿਹੀ ਉੱਚੀ ਦੀਵਾਰ ਵਾਂਗ ਖੜ੍ਹੇ ਸਨ ਪਰ ਦਿਲ ਦੇ ਜਜ਼ਬਿਆਂ ਨੂੰ ਕਿਹੜੀ ਤਾਕਤ ਰੋਕ ਸਕਦੀ ਸੀ। ਅਗਲੀ ਸਵੇਰੇ ਭੈਣ ਨੂੰ ਮਿਲ ਕੇ ਫਿਰ ਸਦਾ ਲਈ ਵਿਛੜ ਜਾਣ ਦਾ ਦੁੱਖ ਭਾਵੇਂ ਪਹਿਲਾਂ ਨਾਲੋਂ ਵੀ ਘੱਟ ਨਹੀਂ ਸੀ ਪਰ ਫਿਰ ਵੀ ਇਕ ਤਸੱਲੀ ਜਿਹੀ ਦਾ ਮਨ ਅੰਦਰ ਤਾਣਾ ਤਣਿਆ ਗਿਆ ਸੀ। ਅਗਲੀ ਸਵੇਰੇ ਯਾਤਰੀ ਆਪੋ ਆਪਣਾ ਸਾਮਾਨ ਬੰਨ੍ਹ ਕੇ ਗੁਰਦੁਆਰੇ ਦੇ ਬਾਹਰ ਖੜ੍ਹੀਆਂ ਬੱਸਾਂ ਵਿਚ ਸਵਾਰ ਹੋ ਰਹੇ ਸਨ। ਗਰਮੀ ਬੜੀ ਸੀ ਤੇ ਸਵੇਰੇ ਦਾ ਤਿੱਖਾ ਸੂਰਜ ਟਾਰਚ ਦੀ ਤੇਜ਼ ਰੌਸ਼ਨੀ ਵਾਂਗ ਆਪਣੀਆਂ ਗਰਮ ਕਿਰਨਾਂ ਨਾਲ ਬੱਸਾਂ ਵਿਚ ਬੈਠੇ ਯਾਤਰੀਆਂ ਨੂੰ ਗਰਮੀ ਤੇ ਪਸੀਨੇ ਨਾਲ ਪ੍ਰੇਸ਼ਾਨ ਕਰ ਰਿਹਾ ਸੀ।

ਮੁਸਾਫਰ ਪਾਣੀ ਪੀਣ ਲਈ ਬੱਸਾਂ ਵਿਚੋਂ ਥੱਲੇ ਉਤਰਦੇ ਤੇ ਪੁਲੀਸ ਦੇ ਸਿਪਾਹੀ ਉਨ੍ਹਾਂ ਨੂੰ ਫਿਰ ਬੱਸਾਂ ਵਿਚ ਚਲੇ ਜਾਣ ਦਾ ਹੁਕਮ ਦਿੰਦੇ। ਬੱਸਾਂ ਵਿਚ ਬੈਠੇ ਮੁਸਾਫਰਾਂ ਦੀ ਪਾਸਪੋਰਟਾਂ ਅਨੁਸਾਰ ਗਿਣਤੀ ਕਰ ਕੇ, ਉਨ੍ਹਾਂ ਦੇ ਪਾਸਪੋਰਟ ਸ਼ਨਾਖਤ ਪਿੱਛੋਂ ਵਾਪਸ ਕਰਕੇ ਬੱਸਾਂ ਨੇ ਪੁਲੀਸ ਦੀ ਨਿਗਰਾਨੀ ਹੇਠ ਬਾਰਡਰ ਨੂੰ ਚੱਲਣਾ ਸੀ। ਪੁਲੀਸ ਕਰਮਚਾਰੀ ਮੈਨੂੰ ਵੀ ਛੇਤੀ ਛੇਤੀ ਸਾਮਾਨ ਬੰਨ੍ਹ ਕੇ ਬੱਸ ਵਿਚ ਸਵਾਰ ਹੋਣ ਲਈ ਕਹਿ ਰਹੇ ਸਨ ਪਰ ਮੈਂ ਗਜ਼ਾਲਾ ਦੀ ਉਡੀਕ ਵਿਚ ਜਾਣ ਬੁੱਝ ਕੇ ਲੇਟ ਹੋ ਰਿਹਾ ਸਾਂ ਪਰ ਗਜ਼ਾਲਾ ਨਾ ਆਈ।ਮੈਂ ਸਾਮਾਨ ਚੁੱਕ ਕੇ ਸਭ ਤੋਂ ਆਖਰੀ ਬੱਸ ਵਿਚ ਬਾਰੀ ਵੱਲ ਮੂੰਹ ਕਰ ਕੇ ਬੈਠ ਗਿਆ। ਏਨੇ ਨੂੰ ਇਕ ਕਾਰ ਬੱਸ ਲਾਗੇ ਆ ਕੇ ਖਲੋ ਗਈ। ਗਜ਼ਾਲਾ, ਉਹਦਾ ਖਾਵੰਦ ਤੇ ਉਹਦੇ ਬੱਚੇ ਕਾਰ ਵਿਚ ਬੈਠੇ ਸਨ। ਗਜ਼ਾਲਾ ਨੇ ਕਾਲਾ ਬੁਰਕਾ ਪਾਇਆ ਹੋਇਆ ਸੀ ਪਰ ਚਿਹਰੇ ਤੋਂ ਨਕਾਬ ਚੁੱਕਿਆ ਹੋਇਆ ਸੀ। ਕਿੰਨੇ ਸਾਰੇ ਸੀ ਆਈ ਡੀ ਮੁਲਾਜ਼ਮ ਕਾਰ ਦੇ ਦੁਆਲੇ ਆ ਕੇ ਖਲੋ ਗਏ।

ਗਜ਼ਾਲਾ ਤੇ ਉਸ ਦੇ ਬੱਚਿਆਂ ਨੂੰ ਕਾਰ ਵਿਚੋਂ ਬਾਹਰ ਨਾ ਨਿਕਲਣ ਦਿੱਤਾ ਗਿਆ ਅਤੇ ਨਾ ਹੀ ਮੈਨੂੰ ਬੱਸ ਵਿਚੋਂ ਉਤਰਨ ਦਿੱਤਾ ਗਿਆ। ਮੈਂ ਬੱਸ ਵਿਚੋਂ ਹੀ ਗਜ਼ਾਲਾ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ. ਉਸ ਕਾਰ ਵਿਚੋਂ ਬਾਹਰ ਆਉਣ ਲਈ ਬੜਾ ਕਿਹਾ ਪਰ ਕਿਸੇ ਨਾ ਮੰਨੀ। ਗਜ਼ਾਲਾ ਦੇ ਖ਼ਾਵੰਦ ਨੇ ਮੈਨੂੰ ਇਕ ਲਿਫਾਫਾ ਫੜਾਇਆ ਜੋ ਫੌਰਨ ਹੀ ਸੀ ਆਈ ਡੀ ਦੇ ਅਫਸਰ ਵੇਖਣ ਲੱਗ ਪਏ। ਲਿਫਾਫੇ ਵਿਚ ਗਜ਼ਾਲਾ ਦੀਆਂ ਆਪਣੇ ਬੱਚਿਆਂ ਤੇ ਖ਼ਾਵੰਦ ਨਾਲ ਤਸਵੀਰਾਂ ਸਨ। ਫਿਰ ਤਸਵੀਰਾਂ ਵਾਲਾ ਲਿਫਾਫਾ ਮੈਨੂੰ ਦੇ ਦਿੱਤਾ ਗਿਆ। ਫਿਰ ਇਕ ਹੋਰ ਲਿਫਾਫਾ ਉਸ ਦੇ ਖਾਵੰਦ ਨੇ ਮੈਨੂੰ ਫੜਾਇਆ ਜਿਸ ਵਿਚ ਬਦਾਮ ਸਨ। ਉਹ ਲਿਫਾਫਾ ਵੀ ਅਧਿਕਾਰੀਆਂ ਨੇ ਮੇਰੇ ਹੱਥੋਂ ਫੜ ਕੇ ਵੇਖਣ ਲਈ ਖੋਹ ਲਿਆ। ਮੈਂ ਬੜੇ ਠਰ੍ਹੰਮੇ ਨਾਲ ਉਸ ਸੀ ਆਈ ਡੀ ਅਫਸਰ ਨੂੰ ਕਿਹਾ, “ਖ਼ਾਨ ਸਾਹਿਬ ਕੀ ਵੇਖਦੇ ਹੋ, ਇਹ ਬਾਦਾਮ ਹਨ। ਇਨ੍ਹਾਂ ਵਿਚ ਮਿੱਠੀਆਂ ਮਿੱਠੀਆਂ ਗਿਰੀਆਂ ਹੁੰਦੀਆਂ ਹਨ ਪਰ ਵਿਚ ਵਿਚ ਕੋਈ ਕੌੜੀ ਗਿਰੀ ਵੀ ਹੁੰਦੀ ਏ ਜੋ ਮਿੱਠੀਆਂ ਗਿਰੀਆਂ ਦਾ ਸਵਾਦ ਵੀ ਖ਼ਰਾਬ ਕਰ ਦਿੰਦੀ ਏ ।.

1 comment:

Dee said...

Momi ji,
Tuhadi sister da virlap sun ke man ulatiya te bhut paseez geya,eh achanak digi bhianak mazboori da rang te dard jhalna smaz tu baher hia.
You area a excellent mom dil brother who was searching for his sister,these days reshtey kachey ho rahey han.
Very interesting jevaan gatha,please hor likho es tarah de lekh.
I came to know the names of the railway station in Pakstan too.
Davinder kaur
California