ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗੁਰਨਾਮ ਗਿੱਲ - ਲੇਖ

ਰੌਸ਼ਨੀ ਦੇ ਹੁੰਦਿਆਂ ਹਨੇਰਾ ਕਿਉਂ?
(ਪੋਸਟ : ਨਵੰਬਰ 13, 2008)

ਆਪਣੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਦੇ ਗਿਆਨ ਦੀਆਂ ਕਿਰਨਾਂ ਦੀ ਰੌਸ਼ਨੀ ਵਿੱਚ, ਕੁੱਝ ਤੁਕਾਂ ਵਿਚਲੇ ਅਰਥਾਂ ਨੂੰ ਸਮਝਣ ਦੇ ਜਤਨ ਵਜੋਂ, ਕਈ ਵਾਰ ਇਉਂ ਲਗਦੈ ਜਿਵੇਂ ਅਸੀਂ 6-7 ਸਦੀਆਂ ਬੀਤ ਜਾਣ ਬਾਦ ਵੀ; ਊਚ-ਨੀਚ, ਜ਼ਾਤ-ਪਾਤ, ਤੀਰਥ-ਅਸ਼ਨਾਨ, ਧਾਗੇ-ਤਵੀਤ, ਮੜ੍ਹੀਆਂ-ਮਸੀਤਾਂ ਅਤੇ ਡੇਰੇਵਾਦ ਦੇ ਘਿਨਾਉਣੇ ਅਤੇ ਸਿਰਫ ਦਿਖਾਵੇ ਦੇ ਕਰਮ-ਕਾਂਡਾਂ ਦੇ ਚਿੱਕੜ ਵਿੱਚੋਂ ਬਾਹਰ ਨਿਕਲ਼ ਸਕਣ ਵਿੱਚ ਅਸਫ਼ਲ ਰਹੇ ਹੋਈਏ! ਇਸ ਗੱਲ ਦਾ ਸਗੋਂ ਹੋਰ ਵੀ ਦੁੱਖ ਹੁੰਦਾ ਹੈ ਕਿ ਸਦੀਆਂ ਪਹਿਲਾਂ ਤਾਂ ਅਨਪੜ੍ਹਤਾ ਸੀ, ਪਰ ਹੁਣ ਲੋਕ ਪੜ੍ਹ ਲਿਖ ਕੇ ਵੀ, ਵਹਿਮਾਂ-ਭਰਮਾਂ ਦਾ ਸ਼ਿਕਾਰ ਕਿਉਂ ਹਨ? ਇਹ ਸਵਾਲ ਅੱਜ ਸਾਡੇ ਕੋਲੋਂ ਉੱਤਰ ਮੰਗਦਾ ਹੈ।
ਬਾਣੀ ‘ਤੇ ਵਿਚਾਰ ਕਰਦਿਆਂ ਅਹਿਸਾਸ ਹੁੰਦਾ ਹੈ ਕਿ ਉਸ ਵੇਲੇ ਹਾਕਮ ਜਾਂ ਜਰਵਾਣੀ ਸ਼੍ਰੇਣੀ ਵਲੋਂ, ਨੀਵੀਂ ਸਮਝੀ ਜਾਣ ਵਾਲੀ ਜ਼ਾਤ ਜਾਂ ਨਿਤਾਣੀ ਜਮਾਤ ਉਪੱਰ ਹੋ ਰਹੀ ਅਤਿ ਦੀ ਵਧੀਕੀ ਵਿਰੁੱਧ, ਇੱਕ ਬਗ਼ਾਵਤ ਅਤੇ ਜਾਗ੍ਰਤੀ ਵਜੋਂ, ਨਿਰਭੈ ‘ਤੇ ਨਿਡਰ ਹੋ ਕੇ ਕੀਤੀ ਗਈ ਸਿਰਜਣਾ ਹੈ। ਪਖੰਡੀ ਧਰਮ-ਜਾਲ ਦਾ ਪਾਜ ਖੋਲ੍ਹਣ ਹਿਤ, ਉਸ ਇੱਕੋ-ਇੱਕ ਸਰਬ-ਸ਼ਕਤੀਮਾਨ ਅਕਾਲ ਪੁਰਖ ਦੇ ਗੁਣਾਂ ਦੀ ਚਰਚਾ ਕਰਦਿਆਂ, ਉਸ ਰੱਬੀ-ਸ਼ਕਤੀ, ਪ੍ਰਮਾਤਮਾ ਦੇ ਹੁਕਮ ਅਨੁਸਾਰ ਜੀਉਂਣ ਪ੍ਰੇਰਨਾ ਹੈ।
ਅਸੀਂ ਜਦੋਂ ਇਹ ਜਾਣ ਲਿਆ ਹੈ ਕਿ ਸ੍ਰਿਸ਼ਟੀ ਦੇ ਸਾਰੇ ਹੀ ਗ੍ਰਹਿ, ਅਨੇਕਾਂ ਹੀ ਧਰਤੀਆਂ ‘ਤੇ ਚੰਦਰਮਾ, ਉਸ ਰੱਬੀ ਸ਼ਕਤੀ ਦੇ ਹੁਕਮ ਅਨੁਸਾਰ ਹੀ, ਅਰਬਾਂ-ਖਰਬਾਂ ਸਾਲਾਂ ਤੋਂ ਇਸੇ ਤਰ੍ਹਾਂ ਚਲਦੇ ਆ ਰਹੇ ਹਨ। ਅੱਜ ਸਵੇਰੇ ਜਿਸ ਵਕਤ ਸੂਰਜ ਚੜ੍ਹਿਆ ਸੀ ਅਤੇ ਜਿਸ ਵਕਤ ਅਸਤ ਹੋਵੇਗਾ, ਇੱਕ ਕ੍ਰੋੜ ਸਾਲ ਪਹਿਲਾਂ ਵੀ ਅੱਜ ਦੇ ਦਿਨ, ਇਸੇ ਵਕਤ ਚੜ੍ਹਿਆ ਸੀ ਅਤੇ ਇਸ ਸਮੇਂ ਹੀ ਅਸਤ ਹੋਇਆ ਸੀ। ਇਹ ਚਮਤਕਾਰ ਕਿਸ ਸ਼ਕਤੀ ਦੇ ਹੱਥ-ਵਸ ਹੈ? ਬੱਸ ਇਸੇ ਦਾ ਨਾ ਹੀ ਪਰਮਾਤਮਾ ਹੈ। ਨਾ ਇਸ ਨੂੰ ਵੇਖਿਆ ਜਾ ਸਕਦਾ ਹੈ, ਨਾ ਹੀ ਸੁਣਿਆ ਜਾ ਸਕਦਾ ਹੈ, ਸਿਰਫ਼ ਮਹਿਸੂਸਿਆ ਜਾ ਸਕਦਾ ਹੈ। ਨਾ ਇਹ ਮੰਦਰ ਵਿੱਚ ਵਸਦਾ ਹੈ, ਨਾ ਠਾਕਰਦੁਆਰੇ, ਨਾ ਮਸਜਿਦ ਵਿੱਚ ਅਤੇ ਨਾ ਹੀ ਗੁਰਦੁਆਰੇ। ਨਹੀਂ ਤਾਂ ਅਜਿਹੇ ਅਸਥਾਨਾਂ ਤੇ ਸਾਰੀ ਉਮਰ, ਤਿੰਨ ਵਕਤ ਜਾਣ ਜਾਂ ਗੁਜ਼ਾਰਨ ਵਾਲ਼ੇ ਲੋਕਾਂ ਨੇ ਇਸ ਸ਼ਕਤੀ ਦਾ ਭੇਦ ਨਾ ਪਾ ਲਿਆ ਹੁੰਦਾ! ਪ੍ਰਮਾਤਮਾ ਤਾਂ ਹਰ ਜਗ੍ਹਾ ਵਸਦਾ ਹੈ, ਆਦਮੀ ਦੇ ਅੰਦਰ ਵੀ ਅਤੇ ਬਾਹਰ ਵੀ। ਅਸੀਂ ਮੰਦਰ ਜਾਂ ਗੁਰਦੁਆਰੇ ਇਸ ਲਈ ਜਾਂਦੇ ਹਾਂ ਕਿ ਸ਼ਾਇਦ ਅਸੀਂ ਕਿਸੇ ਗਿਆਨੀ ਜਾਂ ਮਹਾਂ ਪੁਰਸ਼ ਪਾਸੋਂ, ਗੁਰਬਾਣੀ ਵਿੱਚ ਦਰਜ ਸਾਡੇ ਸਤਿਕਾਰਯੋਗ ਗੁਰੂ ਸਹਿਬਾਨ ਵਲੋਂ, ਵਾਹਿਗੁਰੂ ਦੇ ਸੰਕਲਪ ਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਜਜ਼ਬ ਕਰ ਸਕਣ ਵਿੱਚ ਸਫ਼ਲ ਹੋ ਸਕੀਏ!
ਵਾਹਿਗੁਰੂ ਕਹਿ ਲਵੋ ਜਾਂ ਅਕਾਲ ਪੁਰਖ, ਇਸ ਰੱਬੀ ਸ਼ਕਤੀ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਸਿਰਜਣਾ ‘ਜਪੁ ਜੀ ਸਾਹਿਬ’ ਹੀ ਕਾਫ਼ੀ ਹੈ। ਇਸ ਵਿੱਚੋਂ ਹੀ ਸਾਨੂੰ ਇਲਮ ਹੁੰਦਾ ਹੈ ਕਿ ਸਾਡੀ ਧਰਤੀ ਦਾ ਸਮੁੱਚਾ ਜੀਵਨ ਉਸ ਵਾਹਿਗੁਰੂ ਦੇ ਹੁਕਮ ਦੀ ਪਾਲਣਾ ਨਾਲ਼ ਹੀ ਚੱਲ ਰਿਹਾ ਹੈ। ਹੁਕਮ ਤੋਂ ਬਾਹਰ ਬਰਬਾਦੀ ਹੈ। ਹੁਕਮ ਅੰਦਰ ਰਹਿ ਕੇ ਚਲਣਾ ਹੀ ਵਿਕਾਸ ਹੈ। ਸਾਡੀ ਹੋਂਦ ਅਸਥਾਈ ਹੈ। ਜਿਸ ਜਗ੍ਹਾ ਨੂੰ ਮੈਂ ਆਪਣਾ ਘਰ ਜਾਂ ਜਾਇਦਾਦ ਸਮਝਣ ਦਾ ਭਰਮ ਪਾਲ ਰਿਹਾ ਹਾਂ, ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਲੋਕ ਇਵੇਂ ਹੀ ਭਰਮ ਪਾਲ਼ ਕੇ ਇਸ ਜਗਤ ਤੋਂ ਤੁਰ ਚੁੱਕੇ ਹਨ! ਫਿਰ ਭਲਾ ਪਦਾਰਥਾਂ ਨਾਲ਼ ਏਨਾ ਮੋਹ ਕਿਉਂ? ਪਦਾਰਥਾਂ ਦਾ ਏਨਾਂ ਘੁਮੰਡ ਕਿਉਂ? ਇਹ ਜਾਣਦੇ ਹੋਏ ਕਿ ਸਾਡੇ ਨਾਲ਼, ਨਾ ਜ਼ਮੀਨਾਂ, ਨਾ ਕੋਠੀਆਂ, ਨਾ ਕਾਰੋਬਾਰ ਅਤੇ ਨਾ ਹੀ ਅਹੁਦਿਆਂ ਦਾ ਮਾਣ, ਕੁੱਝ ਵੀ ਨਹੀਂ ਜਾਣਾ। ਆਸਾ ਬਾਣੀ ਵਿੱਚ ਦਰਜ ਸ੍ਰੀ ਨਾਮਦੇਵ ਜੀ ਦੀ ਹੇਠਲੀ ਰਚਨਾ ਇਹੋ ਸੰਕੇਤ ਕਰਦੀ ਹੈ।
……………………………………………।।
ਇਹੁ ਪਰਪੰਚੁ ਪਾਰਬ੍ਰਹਮੁ ਕੀ ਲੀਲਾ, ਬਿਚਰਤ ਆਨ ਨ ਹੋਈ ।।2।।
ਮਿਥਿਆ ਭਰਮੁ ਅਰੁ ਸੁਪਨ ਮਨੋਰਥ, ਸਤਿ ਪਦਾਰਥੁ ਜਾਨਿਆ ।।
ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨੁ ਮਾਨਿਆ ।।3।।
ਕਹਤ ਨਾਮਦਿਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ।।
ਘਟ ਘਟ ਅੰਤਰਿ ਸਰਬ ਨਿਰੰਤਰੁ ਕੇਵਲ ਏਕ ਮੁਰਾਰੀ ।।4।।

ਅਮਲ ਬਿਨਾ, ਨਿਰੇ ਧਾਰਮਿਕ ਕਰਮ-ਕਾਂਡ ਜਾਂ ਤੀਰਥ ਅਸ਼ਨਾਨ ਸਿਰਫ ਪਖੰਡ ਤੋਂ ਵੱਧ ਕੁੱਝ ਨਹੀਂ ਰਹਿ ਜਾਂਦੇ; ਇਸ ਤਰ੍ਹਾਂ ਦੇ ਨਿਰੇ ਦਿਖਾਵੇ ਲੋਕਾਂ ਵਿੱਚ, ਆਪਣੇ ਆਪ ਨੂੰ ਧਰਮੀ ਹੋਣ ਦਾ ਭੁਲੇਖਾ ਪਾਉਣ ਲਈ ਕੀਤੇ ਜਾਂਦੇ ਹਨ।
ਧਰਤੀ, ਅਕਾਸ਼ ਤੇ ਸਾਗਰ ਦੇ ਸਾਰੇ ਹੀ ਜੀਵ, ਇੱਥੋਂ ਤੱਕ ਕਿ ਬਨਾਸਪਤੀ ਵਿੱਚ ਵੀ, ਉਸ ਇੱਕੋ-ਇੱਕ ਰੱਬੀ-ਸ਼ਕਤੀ ਦਾ ਨੂਰ ਹੈ। ਸਭ ਦੀ ਹੋਂਦ, ਪੌਣ ਅਤੇ ਪਾਣੀ ਕਾਰਣ ਹੀ ਹੈ। ਪਾਣੀ ਕਾਰਣ ਭੋਜਨ ਹੈ ਅਤੇ ਪਵਣ ਕਾਰਣ ਆਤਮਾ ਜਾਂ ਸਵਾਸ! ਇਵੇਂ ਹੀ ਸੂਰਜ ਕਾਰਣ ਅਗਨ ਹੈ।ਇਨ੍ਹਾਂ ਨਾਲ਼ ਹੀ ਜਿ਼ਦਗੀ ਹੈ। ਜਦੋਂ ਸਾਡੇ ਸਭ ਦੇ ਅੰਦਰ ਅਤੇ ਬਾਹਰ ਇੱਕ ਹੀ ਪ੍ਰਮਾਤਮਾ ਦੀ ਹੋਂਦ ਜਾਂ (Vital Energy) ਦਾ ਕ੍ਰਿਸ਼ਮਾ ਹੈ ਤਾਂ ਫਿਰ ਉੱਚੇ-ਬੜੇ, ਗ਼ਰੀਬ-ਅਮੀਰ ਅਤੇ ਜ਼ਾਤ-ਪਾਤ ਦਾ ਤਾਂ ਸਵਾਲ ਹੀ ਨਹੀਂ ਰਹਿੰਦਾ। ਫਿਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਤੁਕ ‘ਮਾਨਸ ਕੀ ਜਾਤ …’ ਜਾਂ ਫਿਰ ਕਬੀਰ ਜੀ ਰਚਿਤ ‘ ਅਵਲਿ ਅਲਹ ਨੂਰੁ ਉਪਾਇਆ…’ ਸਾਡੇ ਸਾਰੇ ਸੰਸੇ ਖਤਮ ਕਰ ਦਿੰਦੀਆਂ ਹਨ। ਜਦੋਂ ਕੁਦਰਤ ਦਾ ਇਹ ਗੁਣ ਬੰਦੇ ਦੇ ਮਨ ਵਿੱਚ ਘਰ ਕਰ ਜਾਂਦਾ ਹੈ ਤਾਂ ਉਹ ਕਿਸੇ ਨੂੰ ਵੀ ਚੰਗਾ-ਮੰਦਾ ਨਹੀਂ ਆਖਦਾ, ਸਗੋਂ ਨਿਰਮਾਣਤਾ ਦਾ ਧਾਰਨੀ ਹੋ ਜਾਂਦਾ ਹੈ। ਉਹ ਹਮੇਸ਼ਾ ਦੂਜਿਆਂ ਨੂੰ ਆਪਣੇ ਨਾਲੋਂ ਚੰਗੇ ਜਾਣਕੇ, ਖ਼ੁਦ ਨੂੰ ਨੀਵਾਂ ਜਾਂ ਅਗਿਆਨੀ ਆਖਦਾ ਹੈ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ।।
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ।।7।।

ਨਿਰਮਾਣਤਾ ਉਤਮ ਗੁਣ ਹੈ। ਨਿਰਮਾਣ ਬੰਦੇ ਕੋਲ ਹਰ ਕੋਈ ਬੈਠਣਾ ਲੋਚਦਾ ਹੈ । ਪਰ ਇਸ ਤੋਂ ਉਲਟ, ਹੰਕਾਰੀ ਬੰਦੇ ਨੇੜੇ ਕੋਈ ਵੀ ਢੁੱਕਣਾ ਨਹੀਂ ਚਾਹੁੰਦਾ। ਕਿਸੇ ਨੂੰ ਸੁੰਦਰ ਸਰੀਰ ਦਾ ਹੰਕਾਰ ਹੋ ਸਕਦਾ ਹੈ, ਕਿਸੇ ਨੂੰ ਧਨ-ਦੌਲਤ ਦਾ ਅਤੇ ਕਿਸੇ ਨੂੰ ਆਪਣੇ ਰੁਤਬੇ ਦਾ।
ਪਦਾਰਥ ਬੰਦੇ ਨੂੰ ਅਸਥਾਈ ਸਹੂਲਤਾਂ ਜ਼ਰੂਰ ਦੇ ਸਕਦੇ ਹਨ ਪਰ ਆਤਮਿਕ ਸੁਖ ਨਹੀਂ। ਜੇਕਰ ਕਾਰਾਂ ਤੇ ਕੋਠੀਆਂ ਨਾਲ਼ ਹੀ ਸੁਖ ਮਿਲ ਸਕਦਾ ਤਾਂ ਫਿਰ ਉਹਨਾਂ ‘ਚ ਰਹਿਣ ਵਾਲੇ ਖ਼ੁਦਕੁਸ਼ੀ ਨਾ ਕਰਦੇ! ਇਹ ਸਦੀਵੀ ਆਤਮਿਕ ਸੁਖ, ਸਿਰਫ਼ ਸਾਦਗੀ ਦੇ ਸਕਦੀ ਹੈ। ਅਜਿਹੇ ਸੁਖ ਗੁਰੂਆਂ ਅਤੇ ਭਗਤਾਂ ਦੇ ਹਿੱਸੇ ਆਏ ਹਨ।
ਭਗਤ ਨਾਮਦੇਵ ਜੀ ਨੇ ਇਸੇ ਕਰਕੇ ਹੀ ਰਿਸ਼ੀ ਮਾਰਕੰਡੇ ਦੀ ਮਿਸਾਲ ਧਨਾਸਰੀ ਬਾਣੀ ਵਿੱਚ ਦਰਜ ਕੀਤੀ ਹੈ।

ਗਹਿਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ।।
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ।।
ਹਮਰੋ ਕਰਤਾ ਰਾਮੁ ਸਨੇਹੀ, ਕਾਹੇ ਰੇ ਨਰ ਗਰੁਬ ਕਰਤ ਹਹੁ
ਬਿਨਸਿ ਜਾਇ ਝੂਠੀ ਦੇਹੀ ।। ਰਹਾਉ।।
ਮੇਰੀ ਮੇਰੀ ਕੈਰਉ ਕਰੇ ਦੁਰਜੋਧਨ ਸੇ ਭਾਈ।।

ਕਿਹਾ ਜਾਂਦਾ ਹੈ ਕਿ ਰਿਸ਼ੀ ਮਾਰਕੰਡੇ ਨੇ ਆਪਣੀ ਲੰਬੀ ਉਮਰ ਦਾ ਸੁਖ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਹੀ ਮਾਣਿਆ ਸੀ। ਅਜਿਹੇ ਭਗਤਾਂ ਦੀ ਸੰਗਤ ਲੋਕਾਂ ਲਈ ਬੜਾ ਮਹੱਤਵ ਰਖਦੀ ਹੈ। ਅਸੀਂ ਇਹ ਤਾਂ ਭਲੀ-ਭਾਂਤ ਜਾਣਦੇ ਹੀ ਹਾਂ ਕਿ ਚੰਗੇ ਦੀ ਸੰਗਤ ਚੰਗਾ ਬਣਾਉਂਦੀ ਹੈ ਅਤੇ ਮੰਦੇ ਦੀ ਮੰਦਾ । ਕਬੀਰ ਜੀ ਦਾ ਹੇਠਲਾ ਸ਼ਲੋਕ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ।

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ।।
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ।।

ਸਾਦਗੀ, ਨਿਰਮਾਣਤਾ ਦਾ ਹੀ ਦੂਜਾ ਰੂਪ ਹੈ। ਨਿਰਮਾਣ ਹੋਣ ਨਾਲ਼ ਕੋਈ ਨੀਵਾਂ ਨਹੀਂ ਹੁੰਦਾ, ਸਗੋਂ ਉੱਚਾ ਹੁੰਦਾ ਹੈ। ਮਿਸਾਲ ਵਜੋਂ ਜੇਕਰ ਕੋਈ ਲੀਡਰ ਲੋਕਾਂ ਵਿੱਚ ਨਿਰਮਾਣਤਾ ਨਾਲ਼, ਸਧਾਰਣ ਜਿਹੇ ਰੂਪ ਵਿੱਚ ਵਿਚਰਦਾ ਹੈ ਤਾਂ ਕਈ ਵਾਰ, ਪਾਰਟੀ ਨੂੰ ਅਣਡਿੱਠ ਕਰਕੇ ਵੀ ਲੋਕ ਉਸਨੂੰ ਵੋਟ ਪਾ ਦਿੰਦੇ ਹਨ। ਸਮਾਜ ਵਿੱਚ ਨਿਰਮਾਣ ਹੋ ਕੇ ਵਿਚਰਨ ਨਾਲ਼ ਬੰਦਾ ਸਤਿਕਾਰਿਆ ਜਾਂਦਾ ਹੈ, ਅਤੇ ਹੰਕਾਰੀ-ਫੁੰਕਾਰੀ ਸਦਾ ਦੁਰਕਾਰਿਆ ਜਾਂਦਾ ਹੈ। ਆਪੋ-ਆਪਣੇ ਕਰਮਾਂ ਦਾ ਫਲ ਇਸੇ ਨੂੰ ਆਖਿਆ ਜਾਂਦਾ ਹੈ। ਕਰਮ ਹੀ ਸਾਡੇ ਅਮਲ ਹਨ ਅਤੇ ਅਮਲ ਹੀ ਸਾਡੇ ਕਰਮ । ਦੋਗਲਾਪਨ ਬਹੁਤੀ ਦੇਰ ਛੁਪਿਆ ਨਹੀਂ ਰਹਿੰਦਾ ।
ਗਲੋਬਲ ਸਭਿਅਤਾ ਦੇ ਅਜੋਕੇ ਯੁਗ ਵਿੱਚ, ਸਮਾਨਤਾ ਅਤੇ ਸਹਿਯੋਗ ਲਾਜ਼ਮੀ ਹਨ। ਇਸ ਨਾਲ਼ ਰੰਗ-ਨਸਲ, ਊਚ-ਨੀਚ ਅਤੇ ਜ਼ਾਤ-ਪਾਤ ਦੀਆਂ ਗੱਲਾਂ, ਬੇਤੁਕੀਆਂ ਅਤੇ ਹਾਸੋ-ਹੀਣੀਆਂ ਪ੍ਰਤੀਤ ਹੋਣ ਲੱਗੀਆਂ ਹਨ। ਸਮਾਂ ਆ ਗਿਆ ਹੈ ਪਿਆਰ, ਸਤਿਕਾਰ, ਮਿਲਵਰਤਣ ਅਤੇ ਸਭਿਆਚਾਰਿਕ ਸਾਂਝਾਂ ਨਾਲ਼ ਇੱਕ ਦੂਜੇ ਨੂੰ ਸਮਝਣ ਦਾ। ਸਮਾਜਿਕ ਅਤੇ ਜਜ਼ਬਾਤੀ ਨੇੜਤਾ ਅਤੇ ਪ੍ਰਸਪਰ ਨਿਰਭਰਤਾ ਦਾ।
ਧਰਮ ਦੇ ਨਾਂ ‘ਤੇ ਜੇਕਰ ਅਸੀਂ ਹਾਲੇ ਵੀ; ਰੰਗ-ਨਸਲ, ਜ਼ਾਤ-ਪਾਤ ਅਤੇ ਊਚ-ਨੀਚ ਦਾ ਵਿਤਕਰਾ ਖਤਮ ਨਹੀਂ ਕਰ ਸਕਦੇ ਤਾਂ ਫਿਰ ਆਤਮਿਕ ਜਾਂ ਅਧਿਆਤਮਿਕ ਤੌਰ ਤੇ ਅੱਗੇ ਵਲ ਵਧਣ ਦੀ ਬਜਾਏ, ਪਿੱਛੇ ਵਲ ਝਾਕਦਿਆਂ, ਵਿਸ਼ਵ ਦੀ ਖੂਬਸੂਰਤੀ ਅਤੇ ਮਾਨਵੀ ਵਿਕਾਸ ਦੇ ਰਾਹ ਵਿੱਚ ਰੁਕਾਵਟਾਂ ਹੀ ਪਾ ਰਹੇ ਹੋਵਾਂਗੇ।
ਕਿਸੇ ਵੀ ਚੰਗੇ ਕਾਰਜ ਲਈ, ਅਸੀਂ ਦੂਜਿਆਂ ਵਲੋਂ ਯੋਗਦਾਨ ਦੀ ਵਧੇਰੇ ਆਸ ਰਖਦੇ ਹਾਂ। ਸਾਡੀ ਫ਼ਿਤਰਤ ਹੀ ਕੁੱਝ ਅਜਿਹੀ ਹੈ ਕਿ ਆਪਣੇ ਨਾਲੋਂ ਦੁਜਿਆਂ ਦਾ ਵਧੇਰੇ ਫਿਕਰ ਕਰਨਾ ਭਾਵ ਨੁਕਸ ਛਾਂਟਦੇ ਰਹਿਣਾ।
ਚਾਹੀਦਾ ਤਾਂ ਇਹ ਹੈ ਕਿ ਦੂਜਿਆਂ ਦੇ ਔਗੁਣ ਨੰਗੇ ਕਰਨ ਦੀ ਥਾਂ, ਬੰਦਾ ਆਪਣੇ ਔਗੁਣ ਨੰਗੇ ਕਰਨੇ ਸਿੱਖ ਲਵੇ ਤਾਂ ਫਿਰ ਕੁਦਰਤੀ ਹੀ ਇਨ੍ਹਾਂ ਦੀ ਥਾਂ, ਆਪਣੇ ਆਪ ਗੁਣ ਲੈ ਲੈਣਗੇ। ਸਾਨੂੰ ਦੂਜਿਆਂ ਦੇ ਕਰਮਾਂ ਦੀ ਚਿੰਤਾ ਛੱਡ ਕੇ, ਆਪਣੇ ਕਰਮਾਂ ਦਾ ਫਿਕਰ ਕਰਨਾ ਚਾਹੀਦਾ ਹੈ। ਆਪਣੇ ਵਲੋਂ ਮੈਂ ਕਿਸੇ ਨੂੰ ਕੋਈ ਨਸੀਅਤ ਨਹੀਂ ਕਰ ਰਿਹੈ, ਮੈਂ ਏਨਾ ਸੂਝਵਾਨ ਵੀ ਨਹੀਂ ਜੋ ਆਪਣੇ ਆਪ ਨੂੰ ਇਸ ਕਾਬਿਲ ਸਮਝਣ ਦਾ ਭੁਲੇਖਾ ਖਾ ਸਕਾਂ। ਮੈਂ ਤਾਂ ਸਗੋਂ ਬਾਬਾ ਫ਼ਰੀਦ ਜੀ ਦੇ ਇਸ ਸ਼ਲੋਕ ਦਾ ਆਸਰਾ ਲੈ ਕੇ, ਆਪਣੇ ਹੀ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਜਤਨ ਕਰ ਰਿਹਾ ਹਾਂ।

ਫ਼ਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖ ਨਾ ਲੇਖ ।।
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ।।

ਜ਼ਾਤ-ਪਾਤ ਦੀ ਭਾਵਨਾ ਰੱਖਣੀ, ਗੁਰਬਾਣੀ ਦੀ ਵਿਰੋਧਤਾ ਹੀ ਨਹੀਂ, ਸਗੋਂ ਇੱਕ ਘਿਨਾਉਣੇ ਸਮਾਜਿਕ ਰੋਗ ਨੂੰ ਫੈਲਾਉਣਾ ਹੈ। ਰਾਧਾ ਸੁਆਮੀ ਮਤ ਭਾਰਤ ਤੋਂ ਬਾਹਰ, ਯੂਰਪ ਅਤੇ ਉਤਰੀ ਅਮਰੀਕਾ ਤੱਕ ਇਸ ਕਰਕੇ ਹੀ ਫੈਲ ਸਕਿਆ ਹੈ ਕਿ ਉਹਨਾਂ ਨੇ ਜ਼ਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਦਾ ਰੁੱਖ ਜੜ੍ਹਾਂ ਤੋਂ ਹੀ ਪੁੱਟ ਕੇ ਰੱਖ ਦਿੱਤਾ ਹੈ।
ਇੱਥੇ ਸਤਿਸੰਗ ਵਿੱਚ ਬੈਠਿਆਂ ਇਉਂ ਲਗਦਾ ਹੈ ਜਿਵੇਂ ਧਰਮਾਂ ਵਿੱਚ ਕੋਈ ਦੀਵਾਰ ਨਾ ਹੋਵੇ। ਹਿੰਦੂ, ਸਿੱਖ ਤੇ ਈਸਾਈ ਸਭ ਬਰਾਬਰ ਮਿਲਕੇ ਬੈਠਦੇ ਹਨ; ਲੰਗਰ ਛਕਦੇ ਹਨ। ਚਾਹੇ ਕੋਈ ਪੰਜਾਬੀ ਹੋਵੇ ਜਾਂ ਗੁਜਰਾਤੀ, ਸਿੰਧੀ ਜਾਂ ਬਿਹਾਰੀ; ਕੋਈ ਭੇਦ-ਭਾਵ ਨਹੀਂ! ਇਹ ਆਪਣੇ ਆਪ ਵਿੱਚ ਇੱਕ ਸਬੂਤ ਹੈ ਕਿ ਨਿਰੇ ਕਰਮ-ਕਾਂਡ ਬੰਦੇ ਦਾ ਕੁੱਝ ਨਹੀਂ ਸੁਆਰਦੇ, ਆਖ਼ਰ ਅਮਲ ਹੀ ਬੰਦੇ ਨੂੰ ਬਦਲਦੇ ਹਨ।
ਜਦੋਂ ਸਮਾਧੀ ਰਾਹੀਂ ਬੰਦਾ ਉਸ ਪ੍ਰਮਾਤਮਾ ਦੀ ਸ਼ਕਤੀ ਨੂੰ ਮਹਿਸੂਸ ਕਰਨਾ ਸਿੱਖ ਜਾਂਦਾ ਹੈ ਤਾਂ ਉਸਦਾ ਰੋਜ਼ਾਨਾ ਸਮਾਜਿਕ ਵਿਵਹਾਰ ਅਤੇ ਜੀਵਨ-ਸ਼ੈਲੀ ਆਪਣੇ ਆਪ ਹੀ ਬਦਲ ਜਾਂਦੇ ਹਨ। ਮਨੁੱਖ ਵਿਚਲਾ ਲੋਭੀ, ਈਰਖਾਲੂ, ਕਪਟੀ, ਕਾਮੀ ‘ਤੇ ਹੰਕਾਰੀ ਜੀਵ ਮਰ ਜਾਂਦਾ ਹੈ। ਉਸਦੀ ਜਗ੍ਹਾ ਕ੍ਰਿਪਾਲੂ,ਨਿਮਰ, ਸਾਦਾ, ਸੱਚਾ ਅਤੇ ਈਮਾਨਦਾਰ ਪੁਰਸ਼ ਜਨਮ ਲੈਂਦਾ ਹੈ। ਉਸ ਰੱਬੀ ਸ਼ਕਤੀ ਨਾਲ਼ ਇੱਕ ਸੁਰ ਹੋਣ ਲਈ, ਯੋਗ ਅਭਿਆਸ ਸਹਾਈ ਸਿੱਧ ਹੋ ਸਕਦਾ ਹੈ। ਸਰੀਰਕ ਨਹੀਂ, ਸਵਾਸਾਂ ਦਾ। ਸ਼ਬਦ, ਨਾਦ, ਨਾਮ ਜਾਂ ਸਿਮਰਨ ਲਈ ਇਕਾਂਤ ਅਤੇ ਸ਼ਾਂਤਮਈ ਵਾਤਾਵਰਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਸਾਦਾ ਭੋਜਨ ਅਤੇ ਸਾਦੀ ਰਹਿਣੀ-ਬਹਿਣੀ, ਇੱਕ ਅੱਛੇ ਅਤੇ ਪਾਰਦਰਸ਼ੀ ਮਨੁੱਖ ਦੀ ਨਿਸ਼ਾਨੀ ਹੈ।
ਨਾਮਧਾਰੀ ਗੁਰੂਆਂ ਨੇ, ਸਤਿਗੁਰੂ ਰਾਮ ਸਿੰਘ ਤੋਂ ਲੈਕੇ ਮੌਜੂਦਾ ਸਤਿਗੁਰੂ ਜਗਜੀਤ ਸਿੰਘ ਤੱਕ, ਸਾਦੀ ਰਹਿਣੀ-ਬਹਿਣੀ, ਸਫਾਈ, ਸ਼ਾਕਾਹਾਰੀ ਭੋਜਨ ਅਤੇ ਸੰਗੀਤਕ ਰੁਚੀ ਅਪਨਾਉਣ ਉਪੱਰ ਬੜਾ ਜ਼ੋਰ ਦਿੱਤਾ ਹੈ। ਸ਼ਰਾਬ ਅਤੇ ਮਾਸ ਤੋਂ ਉੱਕਾ ਪਰਹੇਜ਼! ਇਹੋ ਮਾਨਵੀ ਗੁਣ ਰਾਧਾਸੁਆਮੀ ਲੋਕਾਂ ਵਿੱਚ ਵੇਖੇ ਜਾ ਸਕਦੇ ਹਨ। ਗੁਰਬਾਣੀ ਵੀ ਇਹੋ ਸਿੱਖਿਆ ਦਿੰਦੀ ਹੈ ਕਿ ਜਿਹੜਾ ਭੋਜਨ ਖਾਣ ਨਾਲ਼ ਤਨ ਨੂੰ ਬੇਅਰਾਮੀ ਹੋਵੇ ਅਤੇ ਮਨ ਵਿੱਚ ਵਿਕਾਰ ਪੈਦਾ ਹੋਣ; ਉਹ ਕਿਉਂ ਖਾਧਾ ਜਾਵੇ? ਇੱਥੇ ਮੈਨੂੰ ਕਿਸੇ ਅੰਗਰੇਜ਼ ਲੇਖਕ ਦਾ ਫਿਕਰਾ ਯਾਦ ਆਉਂਦਾ ਹੈ:
You are what you eat.
ਮੀਟ ਕਿਸੇ ਨੂੰ ਬਲਵਾਨ ਨਹੀਂ ਕਰਦਾ। ਨਾ ਖਾਣ ਵਾਲ਼ਾ ਨਿਰਬਲ ਨਹੀਂ ਹੁੰਦਾ। ਇਹ ਤਾਂ ਸਿਰਫ ਇੱਕ ਚਸਕਾ ਹੈ, ਨਿਰਾ ਚਸਕਾ! ਸ਼ਿਕਾਰੀ ਜਾਨਵਰਾਂ ਵਿੱਚ ਇਸ ਪ੍ਰਵਿਰਤੀ ਦਾ ਹੋਣਾ ਕੁਦਰਤੀ ਹੈ। ਸ਼ੇਰ ਕਦੇ ਘਾਹ ਨਹੀਂ ਖਾਂਦਾ ਅਤੇ ਹਾਥੀ ਮਾਸ ਨਹੀਂ ਖਾਂਦਾ!

No comments: