ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁਰਿੰਦਰ ਸਿੰਘ ਸੁੱਨੜ - ਯਾਦਾਂ

ਕਦਰਾਂ ਕੀਮਤਾਂ
(ਪੋਸਟ: ਦਸੰਬਰ 3, 2008)
ਜੀਵਨ ਦੀਆਂ ਕਦਰਾਂ-ਕੀਮਤਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਨੇ । ਅੱਜਕਲ ਜੇ ਬੱਚਿਆਂ ਨੂੰ ਸੌ ਡਾਲਰ ਕੋਈ ਖੇਡ ਮੇਲਾ ਦੇਖਣ ਜਾਣ ਲੱਗਿਆਂ ਦੇਈਏ ਤਾਂ ਨੱਕ-ਬੁੱਲ੍ਹ ਵੱਟਦਿਆਂ ਹੀ ਜੇਬ ਵਿੱਚ ਪਾਉਂਦੇ ਹਨ ਤੇ ਰਾਤ ਨੂੰ ਘਰ ਵਾਪਸੀ ਵੇਲੇ ਯਾਦ ਵੀ ਨਹੀਂ ਹੁੰਦਾ ਕਿ ਕਿੱਥੇ ਖਰਚਿਆ । ਮੇਰੇ ਪਿਤਾ ਜੀ ਰੋਜ ਸ਼ਾਮ ਨੂੰ ਸਾਰੇ ਦਿਨ ਦਾ ਹਿਸਾਬ ਕਿਤਾਬ ਲਿਖਿਆ ਕਰਦੇ ਸੀ । ਇੱਕ ਰਾਤ ਮੈਂ ਬਾਰਾਂ ਵਜੇ ਦੇ ਕਰੀਬ ਜਦੋਂ ਕਿਤਾਬਾਂ ਬੰਦ ਕਰਕੇ ਸੌਣ ਲੱਗਾ ਤਾਂ ਪਿਤਾ ਜੀ ਦੇ ਕਮਰੇ ਦੀ ਬੱਤੀ ਜਗਦੀ ਸੀ । ਸਵੇਰੇ ਉੱਠਕੇ ਅਸੀਂ ਸਾਰੇ ਆਪੋ-ਆਪਣਾ ਬਿਸਤਰਾ ਸਿੱਧਾ ਕਰਿਆ ਕਰਦੇ ਸੀ । ਜਦੋਂ ਸਵੇਰ ਨੂੰ ਪਿਤਾ ਜੀ ਨੇ ਆਪਣੇ ਬਿਸਤਰੇ ਦੀ ਚਾਦਰ ਸਿੱਧੀ ਕੀਤੀ ਤਾਂ ਉਸ ਵਿੱਚੋਂ ਇੱਕ ਚਵਾਨੀ ਟੰਨ ਕਰਕੇ ਫਰਸ਼ ਤੇ ਡਿੱਗੀ । ਨਾਲੇ ਤਾਂ ਉਨ੍ਹਾਂ ਨੇ ਚਵਾਨੀ ਚੁੱਕ ਕੇ ਜੇਬ ਵਿੱਚ ਪਾ ਲਈ ਤੇ ਨਾਲੇ ਬੜੀ ਹੈਰਾਨੀ ਜਿਹੀ ਨਾਲ ਕਹਿਣ ਲੱਗੇ 'ਹੱਤ ਤੇਰੇ ਕੀ! ਮੇਰੇ ਤਿੰਨ ਘੰਟੇ ਇਸ ਚਵਾਨੀ ਨੇ ਖ਼ਰਾਬ ਕੀਤੇ ਰਾਤੀਂ । ਤਿੰਨ ਘੰਟੇ ਦੁਬਾਰਾ-ਦੁਬਾਰਾ ਚਵਾਨੀ ਦਾ ਫ਼ਰਕ ਕੱਢਦੇ ਰਹੇ ।ਅੱਜ ਸਿਰਫ਼ ਪੈਸੇ ਦੀ ਹੀ ਨਹੀਂ ਹਰ ਕਿਸੇ ਚੀਜ਼ ਦੀ ਕੀਮਤ ਘਟ ਗਈ ਹੈ । ਰਿਸ਼ਤਿਆਂ ਦੀ ਕੀਮਤ ਘਟ ਗਈ ਏਥੋਂ ਤੱਕ ਕਿ ਇਨਸਾਨ ਦੀ ਸਮੁੱਚੇ ਤੌਰ ਤੇ ਕੀਮਤ ਬਹੁਤ ਘਟ ਗਈ ਹੈ ।
ਪੰਜਾਬ ਵਿੱਚ ਕੋਈ ਐਸਾ ਕਾਨੂੰਨ ਨਹੀਂ ਸੀ ਹੁੰਦਾ ਕਿ ਕਿਸ ਉਮਰ ਦਾ ਵਿਅਕਤੀ ਅਲਕੋਹਲ ਖਰੀਦ ਸਕਦਾ ਹੈ ਸ਼ਾਇਦ ਅੱਜ ਵੀ ਕੋਈ ਕਾਨੂੰਨ ਨਹੀਂ ਹੈ । ਜਦੋਂ 1968-69 ਵਿੱਚ ਅਸੀਂ ਨਵੇਂ ਨਵੇਂ ਕਾਲਜੀਏਟ ਬਣੇ ਉਸ ਸਮੇਂ ਕਦੇ ਕਿਸੇ ਦੇ ਦਿਮਾਗ ਵਿੱਚ ਵੀ ਨਹੀਂ ਸੀ ਆਉਂਦਾ ਕਿ ਠੇਕੇ ਵੀ ਸਾਡਾ ਕੋਈ ਕੰਮ ਹੈ । ਲੇਕਿਨ ਅੱਜ ਦੀ ਜਵਾਨ ਪੀੜੀ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਸ਼ਾਮ ਦੀ ਮਸਤੀ ਦਾ ਇੰਤਜ਼ਾਮ ਕਰਦੀ ਫਿਰਦੀ ਹੈ ।ਅਸੀਂ ਉੱਚੀ-ਉੱਚੀ ਰੌਲਾ ਪਾਉਂਦਿਆਂ ਕਾਲਿਜ ਤੋਂ ਨਿਕਲਣਾ ਜੇ ਕੋਈ ਸਿਆਣਾ ਬੰਦਾ ਅੱਗਿਓਂ ਆਉਂਦਾ ਦੇਖ ਲੈਣਾ ਤਾਂ ਰੌਲਾ ਪਾਉਂਣਾ ਬੰਦ ਕਰ ਦੇਣਾ ਸਿਆਣੇ ਬੰਦੇ ਦਾ ਸਤਿਕਾਰ ਕਰਨਾ । ਮੈਨੂੰ ਯਾਦ ਹੈ ਕਿ ਮੈਂ ਜੇ ਕੋਈ ਚਿੱਟੀ ਦਾੜ੍ਹੀ ਵਾਲਾ ਸਰਦਾਰ ਦੇਖਣਾ ਤਾਂ ਦੋਵੇਂ ਹੱਥ ਜੋੜਕੇ ਸਤਿ ਸ਼੍ਰੀ ਅਕਾਲ ਬੁਲਾਉਣੀ - ਤੇ ਅੱਜਕਲ੍ਹ ਦੇ ਬੱਚੇ ਤਾਂ ਆਪਣੇ ਮਾਪਿਆਂ ਨੂੰ ਵੀ ਚੱਜ ਨਾਲ ਸਤਿਕਾਰ ਭੇਂਟ ਨਹੀਂ ਕਰਦੇ । ਮੇਰੇ ਬਚਪਨ ਦੀ ਇਕ ਗੱਲ ਮੈਨੂੰ ਯਾਦ ਹੈ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਹਾਂ ਇਸ ਦੇ ਨਾਲ ਬੜਾ ਮੇਲ ਖਾਂਦੀ ਹੈ ਲਓ ਸੁਣੋ ਕੀ ਹੋਇਆ :--
ਫਰਵਰੀ 1963 ਦੀ ਗੱਲ ਹੈ ਮੇਰੀ ਉਮਰ ਦਸ ਕੁ ਸਾਲ ਦੀ ਸੀ । ਸਾਡੇ ਘਰੋਂ ਮੀਲ ਕੁ ਦੂਰ ਕਾਲਾ ਸੰਘਿਆਂ ਦੇ ਦੂਸਰੇ ਪਾਸੇ ਹਰ ਸਾਲ ਫੱਗਣ ਦੀ ਸੰਗਰਾਂਦ ਤੇ ਬੜੇ ਵੱਢੇ ਪੱਧਰ ਤੇ ਕੁਸ਼ਤੀਆਂ ਹੋਇਆ ਕਰਦੀਆਂ ਸੀ । ਕਾਲੇ ਦੀ ਛਿੰਝ ਬੜੀ ਦੂਰ-ਦੂਰ ਤੱਕ ਮਸ਼ਹੂਰ ਸੀ । ਹਰ ਸਾਲ ਦੂਰੋਂ ਦੂਰੋਂ ਮਠਿਆਈ ਤੇ ਪਕੌੜੇ ਵਗੈਰਾ ਵੇਚਣ ਵਾਲੇ ਕਈ ਦਿਨ ਪਹਿਲਾਂ ਆ ਜਾਂਦੇ ਤੇ ਰਸਤੇ ਦੇ ਦੋਨੀਂ ਪਾਸੀਂ ਦੁਕਾਨਾਂ ਲਾਅ ਕੇ ਬੈਠ ਜਾਂਦੇ । ਹਜ਼ਾਰਾਂ ਲੋਕ ਕੁਸ਼ਤੀਆਂ ਵੇਖਣ ਆਉਂਦੇ । ਦੋ-ਤਿੰਨ ਦਿਨ ਦਾ ਮੇਲਾ ਹੁੰਦਾ , ਲਾਗਲੇ ਪਿੰਡਾਂ ਵਿੱਚ ਦੂਰੋਂ ਆਏ ਰਿਸ਼ਤੇਦਾਰ ਦੋਸਤ ਮਿੱਤਰ ਰਾਤ ਵੀ ਰਹਿੰਦੇ । ਮੈਂ ਸਵੇਰ ਦਾ ਤਿਆਰ ਹੋ ਕੇ ਬੈਠਾ , ਕੁਸ਼ਤੀਆਂ ਦੀ ਤਾਂ ਹਾਲੇ ਬਹੁਤੀ ਸਮਝ ਨਹੀਂ ਸੀ ਲੇਕਿਨ ਖਾਣ-ਪੀਣ ਦੇ ਚਾਅ ਨਾਲ ਹੀ ਘਰੋਂ ਜਾਇਆ ਕਰਦੇ ਸਾਂ । ਮੇਰੇ ਪਿਤਾ ਜੀ ਕਿਸੇ ਕੰਮ ਸਵੇਰ ਦੇ ਹੀ ਘਰੋਂ ਗਏ ਹੋਏ ਸੀ , ਕਿਸੇ ਕਾਰਣ ਉਨ੍ਹਾਂ ਨੂੰ ਦੇਰ ਹੋ ਗਈ । ਮੈਂ ਕਾਹਲਾ ਪੈ ਰਿਹਾ ਸਾਂ ਜਦੋਂ ਮੈਂ ਜ਼ਿਆਦਾ ਹੀ ਜ਼ਿੱਦ ਕੀਤੀ ਤਾਂ ਮੇਰੇ ਮਾਤਾ ਜੀ ਨੇਂ ਮੈਨੂੰ ਕਿੰਗਰਿਆਂ ਵਾਲਾ ਇੱਕ ਆਨਾ ਦੇ ਦਿੱਤਾ ਤੇ ਨਾਲੇ ਕਿਹਾ ਕਿ ਘਰ ਮੇਰੇ ਕੋਲ ਹੋਰ ਪੈਸੇ ਨਹੀਂ ਹਨ ਕੱਲ ਨੂੰ ਆਪਣੇ ਪਿਤਾ ਜੀ ਕੋਲੋਂ ਵੱਧ ਲੈ ਲਵੀਂ ।
ਕਿੰਗਰਿਆਂ ਵਾਲਾ ਆਨਾ ਜੇਬ ਵਿੱਚ ਪਾਅ ਕੇ ਮੇਲੇ ਵੱਲ ਜਾਣ ਵਾਲੇ ਰਸਤੇ ਦੌੜਿਆ ਜਾਂਦਾ ਸਾਂ । ਇੱਕ ਹੱਥ ਨਾਲ ਆਨੇ ਵਾਲੀ ਜੇਬ ਘੁੱਟ ਕੇ ਹਿੱਕ ਨਾਲ ਲਾਈ ਹੋਈ ਸੀ । ਰਸਤੇ ਵਿੱਚ ਇੱਕ ਜਗ੍ਹਾ ਬਰਸਾਤਾਂ ਦੇ ਪਾਣੀਆਂ ਨਾਲ ਕਾਫੀ ਡੂੰਘਾ ਹੋਇਆ ਹੋਇਆ ਸੀ ਰਾਹ ਤੇ ਉਸ ਡੂੰਘੀ ਜਗ੍ਹਾ ਤੇ ਬਾਲੂ ਰੇਤ ਵਰਗੀ ਕਾਫ਼ੀ ਰੇਤਾ ਸੀ । ਰੇਤਾ ਲੰਘਦਿਆਂ ਮੇਰਾ ਹੱਥ ਆਨੇ ਵਾਲੀ ਜੇਬ ਤੋਂ ਚੁੱਕਿਆ ਗਿਆ ਤੇ ਮੇਰਾ ਆਨਾ ਮੇਰੀ ਨਿੱਕੀ ਜਿਹੀ ਜੇਬੀ ਵਿੱਚੋਂ ਭੁੜਕ ਕੇ ਰੇਤਾ ਵਿੱਚ ਡਿਗ ਪਿਆ । ਰੇਤਾ ਫਰੋਲ ਫਰੋਲ ਮੈਂ ਆਪਣਾ ਆਨਾ ਲੱਭਣ ਲੱਗਾ । ਮੇਰੇ ਕੋਲ ਦੀ ਲੋਕੀਂ ਲੰਘਦੇ ਗਏ । ਦੋ-ਚਾਰ ਜਾਣਦੇ ਪਛਾਣਦੇ ਲੋਕਾਂ ਨੇ ਪੁੱਛਿਆ ਵੀ ਕਿ ਕਾਕਾ ਕੀ ਕਰਦਾਂ ਏਥੇ ਬੈਠਾ ਪਰ ਮੈਂ ਕੀ ਦੱਸਾਂ ਮੇਰੀ ਤਾਂ ਸਾਰੀ ਤਵੱਜੋ ਆਪਣਾਂ ਆਨਾ ਲੱਭਣ ਤੇ ਲੱਗੀ ਹੋਈ ਸੀ । ਯਕੀਨ ਕਰਿਓ ਮੈਂ ਸਾਰਾ ਦਿਨ ਮਿੱਟੀ ਚੋਂ ਆਪਣਾਂ ਆਨਾ ਲੱਭਦਾ ਰਿਹਾ । ਸ਼ਾਮ ਨੂੰ ਜਦੋਂ ਛਿੰਝ ਛਿੜ ਗਈ , ਲੋਕੀਂ ਵਾਪਿਸ ਮੁੜ ਪਏ , ਮਾੜਾ ਮਾੜਾ ਨ੍ਹੇਰਾ ਹੋਣ ਲੱਗ ਪਿਆ ਤਾਂ ਮੈਂ ਆਪਣੇਂ ਗਵਾਚ ਗਏ ਆਨੇ ਬਾਰੇ ਸੋਚਦਾ ਸੋਚਦਾ ਉੱਠਕੇ ਹੌਲ਼ੀ-ਹੌਲ਼ੀ ਆਪਣੇਂ ਘਰ ਨੂੰ ਚਲਾ ਗਿਆ । ਮੈਨੂੰ ਗਵਾਚੇ ਆਨੇ ਦਾ ਏਨਾਂ ਵਿਗੋਚਾ ਲੱਗਾ ਕਿ ਹਾਲੇ ਤੱਕ ਮੈਂ ਉਸਦਾ ਦਰਦ ਮਹਿਸੂਸ ਕਰ ਸਕਦਾ ਹਾਂ।

No comments: