ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, February 12, 2009

ਗੁਰਜਿੰਦਰ ਮਾਹੀ - ਲੇਖ

ਦੋਸਤੋ! ਕੋਟਕਪੂਰਾ, ਪੰਜਾਬ ਤੋਂ ਗੁਰਜਿੰਦਰ ਮਾਹੀ ਜੀ ਨੇ ਇੱਕ ਲੇਖ ਨਾਲ਼ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਉਹਨਾਂ ਦੀ ਸਾਹਿਤਕ ਜਾਣਕਾਰੀ ਅਜੇ ਮੇਰੇ ਤੀਕ ਨਹੀਂ ਪਹੁੰਚੀ। ਮੈਂ ਗੁਰਜਿੰਦਰ ਜੀ ਨੂੰ ਆਰਸੀ ਦੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ ਤੇ ਉਹਨਾਂ ਦੇ ਲਿਖੇ ਇਸ ਖ਼ੂਬਸੂਰਤ ਲੇਖ ਨੂੰ ਆਰਸੀ 'ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਹਜ਼ਾਰ ਰੰਗਾਂ ਦੀ ਲਾਟ -ਸੁਖਵਿੰਦਰ ਅੰਮ੍ਰਿਤ

ਲੇਖ

ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤਕ ਹਲਕਿਆਂ ਦੀ ਜਾਣੀ-ਪਹਿਚਾਣੀ ਹਸਤੀ ਹੈਮੈਂ ਉਸਨੂੰ ਸਾਹਿਤਕ ਸਮਾਗਮਾਂ ਵਿੱਚ ਰਚਨਾਵਾਂ ਪੜ੍ਹਦੇ ਤਾਂ ਬਹੁਤ ਵਾਰ ਦੇਖਿਆ ਸੀ, ਪਰ ਉਸ ਬਾਰੇ ਬਹੁਤਾ ਨਹੀ ਸੀ ਜਾਣਦਾਇੱਕ ਵਾਰ ਮੈਂ, ਰਾਜਿੰਦਰਜੀਤ ਅਤੇ ਮੈਡਮ ਸੁਖਵਿੰਦਰ ਅੰਮ੍ਰਿਤ ਚੰਡੀਗੜ੍ਹ ਜਾ ਰਹੇ ਸਾਂ, ਰਾਜਿੰਦਰਜੀਤ ਅਤੇ ਸੁਖਵਿੰਦਰ ਅੰਮ੍ਰਿਤ ਸਾਹਿਤਕ ਰਚਨਾਵਾਂ, ਸਾਹਿਤਕ ਹਸਤੀਆਂ ਅਤੇ ਲੇਖਣ ਕਲਾ ਸਬੰਧੀ ਗੱਲਾਂ ਕਰ ਰਹੇ ਸਨਮੈਂ ਇਕ ਸਿਖਾਂਦਰੂ ਵਾਂਗ ਉਨ੍ਹਾ ਦੀਆਂ ਗੱਲਾਂ ਸੁਣ ਰਿਹਾ ਸਾਂਪਰਿਵਾਰਕ ਰੁਝੇਵਿਆਂ 'ਚੋਂ ਸਾਹਿਤਕ ਸਰਗਰਮੀਆਂ ਲਈ ਸਮਾਂ ਕੱਢਣ ਦੀਆਂ ਗੱਲਾਂ ਕਰਦਿਆਂ ਸੁਖਵਿੰਦਰ ਅੰਮ੍ਰਿਤ ਨੇ ਕਿਹਾ…"ਬੱਚੇ ਸੰਭਲ ਗਏ ਨੇ, ਹੁਣ ਸਾਹਿਤਕ ਸਰਗਰਮੀਆਂ ਲਈ ਸਮਾਂ ਕੱਢਣਾ ਆਸਾਨ ਹੋ ਗਿਆ...ਬੇਟਾ ਆਸਟਰੇਲੀਆ ਪੜ੍ਹਨ ਲਈ ਚਲਾ ਗਿਆ ਹੈ....ਮੇਰੀ ਬੇਟੀ ਵੀ ਸੁਖ ਨਾਲ 23 ਸਾਲਾਂ ਦੀ ਹੋ ਗਈ ਹੈ।" ਮੈਂ ਇਕਦਮ ਹੈਰਾਨੀ ਨਾਲ ਉਸ ਵੱਲ ਦੇਖਿਆ, ਉਸ ਵੱਲ ਦੇਖਕੇ ਉਸ ਦੀ ਗੱਲ 'ਤੇ ਯਕੀਨ ਕਰਨਾ ਔਖਾ ਲੱਗ ਰਿਹਾ ਸੀਮੈਂ ਸਾਰਾ ਰਸਤਾ ਇਸੇ ਉਲਝਣ 'ਚ ਉਲਝਿਆ ਰਿਹਾ

----

ਸਮਾਂ ਬੀਤਣ 'ਤੇ ਪਤਾ ਲੱਗਿਆ, ਉਹ ਸੱਚ ਹੀ ਬੋਲ ਰਹੀ ਸੀ ਉਸ ਦੀਆਂ ਗਜ਼ਲਾਂ, ਕਵਿਤਾਵਾਂ ਵਿੱਚ ਹੀ ਨਹੀ ਉਸ ਦੇ ਜ਼ਿੰਦਗੀ ਜਿਉਂਣ ਦੇ ਅੰਦਾਜ਼ ਵਿੱਚ ਵੀ ਉਹੀ ਤਾਜਗ਼ੀ ਜਾਂ ਜ਼ਿੰਦਾਦਿਲੀ ਵੇਖਣ ਨੂੰ ਮਿਲਦੀ ਜੋ ਉਸਦੀ ਸੂਰਤ-ਸੀਰਤ 'ਚੋ ਝਲਕਦੀ ਹੈਮੈਂ ਉਸ ਦੇ ਘਰ ਗਿਆ ਤਾਂ ਦੇਖਿਆ ਉਸਨੇ ਘਰ ਦੀ ਹਰੇਕ ਸ਼ੈਅ ਨੂੰ ਬੜੇ ਸਲੀਕੇ ਨਾਲ ਰੱਖਿਆ ਹੋਇਆ ਸੀਫਰਨੀਚਰ,ਤਸਵੀਰਾਂ,ਗੁਲਦਸਤੇ ਤੇ ਕਿਤਾਬਾਂ ਨੂੰ ਇਸ ਤਰ੍ਹਾਂ ਸਜਾਇਆ ਹੋਇਆ ਸੀ ਜਿਵੇ ਉਹ ਕਿਸੇ ਬਹਿਰ 'ਚ ਲਿਖੀ ਗ਼ਜ਼ਲ ਦੇ ਸ਼ਿਅਰ ਹੋਣ, ਉਹ ਜੋ ਲਿਖਦੀ ਹੈ ਬਿਲਕੁਲ ਉਹੀ ਜ਼ਿੰਦਗੀ ਜਿਉਂਦੀ ਹੈ, ਜਾਂ ਦੂਜੇ ਸ਼ਬਦਾਂ 'ਚ ਕਹਿ ਲਵੋ ਉਸਦੀ ਕਹਿਣੀ-ਕਰਨੀ ਇੱਕ ਹੀ ਹੈ

----

ਸਾਡੇ ਸਮਾਜ 'ਚ ਔਰਤ ਲੇਖਕਾਂ ਦੀ ਗਿਣਤੀ ਤਾਂ ਉਂਗਲਾਂ 'ਤੇ ਗਿਣਨਯੋਗ ਹੀ ਹੈ, ਉੱਤੋਂ ਗਜ਼ਲ ਵਰਗੀ ਔਖੀ ਵਿਧਾ 'ਚ ਜਿੱਥੇ ਏਨੀਆਂ ਪਾਬੰਦੀਆਂ, ਜ਼ਾਬਤੇ 'ਚ ਆਪਣੀ ਗੱਲ ਕਹਿਣੀ ਹੁੰਦੀ ਹੈ, ਲੱਗਭਗ ਖ਼ਲਾਅ ਹੀ ਹੈਸੁਖਵਿੰਦਰ ਅੰਮ੍ਰਿਤ ਨੇ ਇਸ ਵਿਧਾ 'ਚ ਸਿਰਫ਼ ਮੁਹਾਰਤ ਹੀ ਨਹੀ ਹਾਸਲ ਕੀਤੀ ਸਗੋਂ ਉਸਦਾ ਆਪਣਾ ਇੱਕ ਮੁਕਾਮ ਹੈਉਹ 'ਸੂਰਜ ਦੀ ਦਹਿਲੀਜ਼' ਤੋਂ 'ਚਿਰਾਗ਼ਾਂ ਦੀ ਡਾਰ' ਲੈ ਇਸ ਹਨੇਰੇ ਖ਼ਲਾਅ 'ਚ ਆਪਣੇ ਬ੍ਰਹਿਮੰਡ ਜਿੱਡੇ ਵਿਸ਼ਾਲ ਕੈਨਵਸ 'ਤੇ ਸ਼ਿਅਰ ਰੂਪੀ ਚਿਰਾਗ਼ ਇਸ ਤਰਾਂ ਟਿਕਾਉਂਦੀ ਹੈ ਜਿਵੇਂ ਨਵੀ ਅਕਾਸ਼-ਗੰਗਾ ਹੀ ਸਿਰਜ ਦਿੰਦੀ ਹੈ, ਆਪ ਇਨ੍ਹਾਂ ਤਾਰਿਆਂ 'ਚ ਵਿਚਰਦੀ ਉਹ ਚੰਨ ਵਾਂਗ ਲੱਗਦੀ ਹੈਇਸ ਬਾਰੇ ਆਪਣੇ ਅਲੋਚਕਾਂ ਤੋਂ ਵੀ ਉਹ ਪੂਰੀ ਤਰਾਂ ਸੁਚੇਤ ਹੋ ਲਿਖਦੀ ਹੈ-

ਮੇਰੇ ਸੂਰਜ ! ਕੋਈ ਚੰਦਾਂ ਤੇਰਾ ਚਾਨਣ ਚੁਰਾਉਂਦਾ ਹੈ

ਜ਼ਰਾ ਵਰਜੀਂ ਕਿ ਤੇਰੀ ਧੁੱਪ ਤੇ ਇਲਜ਼ਾਮ ਆਉਂਦਾ ਹੈ।

ਉਸਨੇ ਆਪਣੀ ਸ਼ਖ਼ਸੀਅਤ ਦੇ ਕੱਦ-ਕਾਠ ਨੂੰ ਸਮਾਜਿਕ ਵਲਗਣਾਂ ਤੋਂ ਏਨਾ ਉੱਚਾ ਕਰ ਲਿਆ ਹੈ ਕਿ ਉਹ 'ਹਜ਼ਾਰ ਰੰਗਾਂ ਦੀ ਲਾਟ' ਬਣ ਕੇ ਸਾਹਿਤਕ ਖ਼ਲਾਅ ਦੇ ਹਨੇਰੇ ਨੂੰ ਦੂਰ ਕਰ ਰਹੀ ਹੈਉਸ ਦੇ ਇਸ ਜਲੌਅ ਦੇ ਸੱਚਮੁੱਚ ਹੀ ਹਜ਼ਾਰਾਂ ਸ਼ੇਡਜ ਹਨਉਸ ਦੀਆਂ ਲਿਖਤਾਂ ਨੂੰ ਪੜ੍ਹਦਿਆਂ ਆਸਾਨੀ ਨਾਲ ਇਹ ਅਹਿਸਾਸ ਹੋ ਜਾਂਦਾ ਹੈ ਕਿ ਲਿਖਣ ਸਮੇ ਉਸ ਦੇ ਮਨ 'ਚ ਜਾਂ ਆਸ-ਪਾਸ ਕੀ ਵਾਪਰ ਰਿਹਾ ਹੋਵੇਗਾਦੋ ਪੀੜ੍ਹੀਆਂ ਦੀਆਂ ਸੋਚਾਂ ਦੇ ਟਕਰਾ ਦੇ ਅਹਿਸਾਸ ਨੂੰ ਉਸ ਨੇ ਆਪਣੀ ਗਜ਼ਲ 'ਬੜਾ ਮੈ ਸਾਂਭਿਆ ਉਸ ਨੂੰ……।" ਵਿਚ ਬਾਖ਼ੂਬੀ ਚਿਤਰਿਆ-

ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ

ਕਰੇ ਕਿਉਂ ਹੇਜ ਪੱਤਝੜ ਦਾ ਕੋਈ ਪੱਤਾ ਹਰਾ ਆਖਰ।

ਕਿਹਾ ਪੁੱਤਰ ਨੇ ਇਕ ਦਿਨ,ਕਾਸ਼ ! ਮੈ ਰਾਜੇ ਦਾ ਪੁੱਤ ਹੁੰਦਾ

ਪਿਤਾ ਹੱਸਿਆਬਹੁਤ ਹੱਸਿਆ ਤੇ ਫਿਰ ਪੱਥਰਾ ਗਿਆ ਆਖਰ।

ਉਸ ਨੇ ਜ਼ਿੰਦਗੀ ਦੀ ਸੱਚਾਈ ਅਤੇ ਫਿਲਾਸਫ਼ੀ ਦਾ ਖ਼ੂਬਸੂਰਤ ਸੁਮੇਲ ਕਰਦਿਆਂ ਬੜੇ ਭਾਵਪੂਰਨ ਸ਼ਿਅਰ ਕਹੇ ਹਨ-

ਉਹ ਰੋਟੀ ਕੱਪੜਾ ਮੰਗਦੇ ਨੇ ਜੋ ਅਪਣੇ ਖ਼ੁਦਾਵਾਂ ਤੋਂ

ਖ਼ੁਦਾ ਉਹਨਾ ਨੂੰ ਕੇਵਲ 'ਸਬਰ' 'ਚੁੱਪ' ਦਾ ਫ਼ਲਸਫ਼ਾ ਦਿੰਦੇ ।

ਉਹ ਮੱਥਾ ਰਗੜਦਾ ਬੁੱਤਾਂ ਦੇ ਮੂਹਰੇ ਹੋ ਗਿਆ ਪੱਥਰ

ਉਹਦੇ ਹੋਠਾਂ 'ਤੇ ਆਈ ਫੇਰ ਨਾ ਕੋਈ ਇਲਤਜਾ ਲੋਕੋ

ਸਮਰਪਣ ਸੁਚੱਜੀ ਜ਼ਿੰਦਗੀ ਜਿਉਂਣ ਅਤੇ ਆਪਣੇ ਇਸ਼ਟ ਸਾਹਵੇਂ ਪ੍ਰਵਾਨ ਚੜ੍ਹਨ ਦੀ ਕੁੰਜੀ ਹੈ, ਇਹੀ ਸਮਰਪਣ ਦੀ ਭਾਵਨਾ ਹੀ ਉਸ ਦੀ ਲੇਖਣੀ ਦੀ ਵਿਸ਼ੇਸ਼ਤਾ ਹੈ।

ਲਿਸ਼ਕਣ ਇਹ ਚੰਨ ਤਾਰੇ ਉਸ ਦੇ ਹੀ ਨੂਰ ਕਰ ਕੇ

ਮੇਰੀ ਖ਼ੁਦਾਈ ਰੌਸ਼ਨ ਮੇਰੇ ਹਜ਼ੂਰ ਕਰ ਕੇ।

ਇਸ ਹੱਥਲੀ ਕਿਤਾਬ 'ਚ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਿਅਰ ਖਾਸ ਕਰ 'ਮੁਰਸ਼ਦ-ਨਾਮਾ' ਇਸੇ ਖ਼ੂਬਸੂਰਤ ਲੜੀ ਹਿੱਸਾ ਹੈਉਸ ਦੀ ਕਲਪਨਾ ਦੀ ਵਿਲੱਖਣ ਉਡਾਰੀ ਪਾਠਕ ਦੇ ਦਿਲੋ-ਦਿਮਾਗ਼ 'ਚ ਅਣਕਿਆਸੇ ਤੇ ਅਦਭੁਤ ਬਿੰਬ ਚਿਤਰ ਦਿੰਦੀ ਹੈ,ਇਸੇ ਕਰਕੇ ਉਸਦੇ ਸ਼ਿਅਰ ਪਾਠਕ ਜਾਂ ਸਰੋਤੇ ਦਾ ਵਾਰ ਵਾਰ ਧਿਆਨ ਖਿੱਚਦੇ ਹਨ-

ਉਹ ਮੱਕੇ ਤੋਂ ਪਰੇਂ੍ਹ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਬਾਹਰ

ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ।

ਸੁਖਾਵੇਂ ਰਸਤਿਆਂ 'ਤੇ ਤੋਰ ਮੇਰੀ ਬਹੁਤ ਧੀਮੀ ਸੀ

ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿਚ ਵਿਛਾ ਦਿੱਤੀ।

ਤੜਪਦਾ ਹੈ ਮੇਰਾ ਹਰ ਜ਼ੱਰਾ ਸਿਤਾਰਾ ਹੋਣ ਨੂੰ

ਤੂੰ ਮੇਰੀ ਮਿੱਟੀ 'ਤੇ ਜਦ ਤੋਂ ਲਿਖ ਗਿਆ ਹੈਂ ਕਹਿਕਸ਼ਾ।

ਹਰ ਯੁੱਗ ਵਿਚ ਨਹੀ ਹੁੰਦਾ ਕੋਈ ਬਾਲਮੀਕ ਪੈਦਾ

ਇਸ ਯੁਗ ਦੀ ਸੀਤਾ ਨੂੰ ਦੱਸਿਓ ਕਿ ਕਿਧਰ ਜਾਵੇ ।

ਸਮਾਜਿਕ ਰੀਤਾਂ-ਬੰਧਨਾਂ ਦਾ ਜ਼ਹਿਰ ਪੀ ਕੇ ਵੀ ਜਦੋਂ ਉਸਦੀ ਲਗਨ, ਜਜ਼ਬਾ ਅਤੇ ਸ਼ਿੱਦਤ ਕਮਜ਼ੋਰ ਨਹੀ ਪੈਂਦੀ ਤਾਂ ਮੈਨੂੰ ਉਹ ਅੱਜ ਦੇ ਯੁੱਗ ਦੀ 'ਮੀਰਾ' ਲੱਗਦੀ ਹੈਉਸ ਦੀਆਂ ਲਿਖਤਾਂ 'ਚ ਰੀਤਾਂ ਖਿਲਾਫ਼ ਵਿਦਰੋਹ ਤਾਂ ਹੈ ਪਰ ਪਹਿਲੀਆਂ ਸਥਾਪਿਤ ਲੇਖਕਾਵਾਂ ਵਾਂਗ 'ਮਰਦਾਂ' ਖਿਲਾਫ਼ ਬੇਲੋੜੀ ਨਫ਼ਰਤ ਨਹੀ ਝਲਕਦੀ, ਸਗੋਂ ਹਰ ਰਿਸ਼ਤੇ ਪ੍ਰਤੀ ਉਸਦਾ ਸਮਰਪਣ ਡੁੱਲ੍ਹ-ਡੁੱਲ੍ਹ ਪੈਦਾ ਹੈ

ਮੁਹੱਬਤ ਤੇ ਆਸਥਾ ਇੱਕ ਮੁਕਾਮ 'ਤੇ ਜਾ ਕੇ ਉਸ ਲਈ ਇਕਰੂਪ ਹੋ ਜਾਂਦੇ ਹਨ, ਇਨ੍ਹਾ ਨੂੰ ਨਖੇੜ ਕੇ ਦੇਖਣਾ ਅਸੰਭਵ ਹੋ ਜਾਂਦਾ ਹੈ-

ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ ਹੈ।

ਖ਼ੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਹੈ।

ਰਵਾਇਤੀ ਗ਼ਜ਼ਲ ਵਾਂਗ ਉਹ ਬੋਝਲ ਜਿਹੇ ਸ਼ਬਦਾਂ ਦੀ ਵਰਤੋਂ ਨਹੀ ਕਰਦੀ ਸਗੋਂ ਉਸ ਦੀ ਗ਼ਜ਼ਲ ਦੀ ਇੱਕ ਹੋਰ ਪ੍ਰਾਪਤੀ ਹੈ, ਗੀਤਾਂ ਵਰਗੀ ਰਵਾਨਗੀ ਹੈਉਹ ਔਖੀ ਤੋਂ ਔਖੀ ਮਨੋਦਸ਼ਾ ਸਹਿਜੇ ਹੀ ਬਿਆਨ ਕਰ ਜਾਂਦੀ ਹੈ-

ਹੂ ਬ ਹੂ ਕਿੰਜ ਹਰਫ਼ਾਂ 'ਚ ਉੱਤਰੇ

ਮੇਰੇ ਦਿਲ ਦੀ ਇਹੋ ਬੇਬਸੀ ਹੈ

ਜਿਸ ਦੇ ਜਵਾਬ 'ਚ ਤੂੰ ਹਰ ਵਾਰ ਹਾਉਕਾ ਭਰਿਆ

ਰਹਿ ਰਹਿ ਕੇ ਮੇਰੇ ਮਨ ਵਿਚ ਉਹੀ ਸਵਾਲ ਆਉਂਦਾ।

ਉਹ ਪਹਿਰਨਾਂ ਤੋਂ ਮੁਕਤ ਹੋ ਕੇ ਸੰਤ ਹੋ ਗਏ

ਉਹ ਨਗਨ ਹੋਈ ਚਿਹਰੇ ਤੋਂ ਪਰਦਾ ਉਤਾਰ ਕੇ।

ਹੁਣ ਹੋਰ ਬਹਿਸ ਫ਼ਜ਼ੂਲ ਹੈ

ਇਸ ਚੰਨ ਨੂੰ ਦਾਗ ਕਬੂਲ ਹੈ।

ਕਿ ਮੈਂ ਸ਼ੀਸ਼ਿਆਂ ਤੋਂ ਪੁੱਛਣਾ

ਜੇ ਤੇਰੀ ਨਜ਼ਰ 'ਚ ਹਸੀਨ ਹਾਂ।

ਸੁਖਵਿੰਦਰ ਅਮ੍ਰਿੰਤ ਦੀ 'ਹਜ਼ਾਰ ਰੰਗਾਂ ਦੀ ਲਾਟ' ਦੀ ਆਮਦ ਨਾਲ ਪੰਜਾਬੀ ਗਜ਼ਲ ਦੀ ਅਮੀਰੀ 'ਚ ਚੋਖਾ ਵਾਧਾ ਹੋਇਆਮੈਂ ਅਖੀਰ ਵਿਚ ਉਸਦੇ ਸ਼ਬਦਾਂ ਨਾਲ ਹੀ ਆਪਣੀ ਗੱਲ ਖ਼ਤਮ ਕਰਾਂਗਾ-

ਕਦੇ ਅਗਨ ਹੈ ਕਦੇ ਅੱਥਰੂ

ਕਦੇ ਸਾਜ਼ ਹੈ ਕਦੇ ਤੇਗ ਵੀ

ਉਹ ਹਜ਼ਾਰ ਰੰਗਾਂ ਦੀ ਲਾਟ ਹੈ

ਉਸਦਾ ਹੁਸਨ ਛੁਪ ਸਕਦਾ ਨਹੀਂ

No comments: