ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, June 27, 2009

ਗੁਰਮੇਲ ਬਦੇਸ਼ਾ - ਮਿੰਨੀ ਕਹਾਣੀ

ਪੂਜਾ ਪਾਠ ਬਨਾਮ ਨੇਕ ਕਮਾਈ

ਮਿੰਨੀ ਕਹਾਣੀ

ਓ ਰਾਮੂ ! ਵਨੋਦ ਕਿਥੇ ਆ ?” ਕਿਸਾਨ ਨੇ ਸੇਠ ਦੀ ਦੁਕਾਨ 'ਤੇ ਆਕੇ ਪੁੱਛਿਆ ।

“ ਸਰਦਾਰ ਜੀ ! ਵਿਨੋਦ ਕੁਮਾਰ ਜੀ ਤੋ ਪੀਛੇ ਪੂਜਾ ਪਾਠ ਕਰ ਰਹੇ ਹੈਂ ।”ਰਾਮੂ ਨੇ ਕਾਊਂਟਰ ਉਪਰ ਗਿੱਲਾ ਕਪੜਾ ਫੇਰਦੇ ਨੇ ਉਸ ਨੂੰ ਕਿਹਾ ।

“ਕਬ ਵੇਹਲਾ ਹੋਊਗਾ ?”

“ਹੋ ਸਕਤੈ ਪੰਦਰਾਂ - ਬੀਸ ਮਿੰਟ ਮੇ !”
“ਓਨੇ ਚਿਰ ਨੂੰ ਤਾਂ ਮੇਰਾ ਪਿੰਡ ਆਲਾ ਟੈਂਪੂ ਲੰਘ ਜਾਣੈ !..... ਜਾ ਉਹਨੂੰ ਜਾ ਕੇ ਪੁੱਛ !.. ਪੰਦਰਾਂ ਆਲੀ 'ਮੱਛੀ ਮੋਟਰ' ਮੰਗਵਾਈ ਐ ਕਿ ਨਹੀਂ ?”
'ਜੀ ! ਪੂਛਤਾ ਹੂੰ ।' ਕਹਿ ਕੇ ਉਹ ਆਪਣੇ ਮਾਲਕ ਕੋਲ ਪੰਦਰਾਂ ਹਾਰਸਪਾਵਰ ਵਾਲੀ ਸਬਮਰਸੀਬਲ ਮੋਟਰ ਬਾਰੇ ਪੁੱਛਣ ਚਲਾ ਜਾਂਦਾ ਹੈ । ਵਿਨੋਦ ਕੁਮਾਰ ਫੋਟੋ ਅੱਗੇ ਪੋਥੀ ਲੈਕੇ ਬੈਠਾ ਸੁਬਾਹ-ਸੁਬਾਹ ਪਾਠ ਕਰ ਰਿਹਾ ਹੁੰਦਾ ਹੈ । ਰਾਮੂ ਨੇ ਜਾ ਕੇ ਉਸਦੀ ਬਿਰਤੀ ਭੰਗ ਕਰ ਦਿੱਤੀ ।
“ਸਰ ! ਵੋਹ ਸਰਦਾਰ ਜੀ ਆਜ ਫਿਰ ਆ ਗਏ ਹੈਂ , ਪੰਦਰਾਂ ਹਾਰਸਪਾਵਰ ਵਾਲੀ ਮੋਟਰ ਲੇਨੇ !”

“...................?........!.... ਐਸੇ ਕਰ... !... ਉਨ ਕੇ ਵੋਹ ਵਾਲੀ ਚੁਕਾ ਦੋ !” ਸੇਠ ਨੇ ਪਰਾਂ ਪਏ ਬਕਸੇ ਵੱਲ ਇਸ਼ਾਰਾ ਕਰ ਕੇ ਕਿਹਾ ।
“ਸਰ, ਵੋਹ ਤੋ ਬਾਰਾਹ (12) ਹੌਰਸਪਾਵਰ ਵਾਲੀ ਹੈ ।”
“ਜੱਟੋਂ ਕੋ ਕਿਆ ਪਤਾ ਹੌਰਸਪਾਵਰ ਕਾ ? ..ਉਨ ਕੋ ਪੰਦਰਾਂ ਵਾਲੀ ਬਤਾ ਕਰ ਬਾਰਾਹ ਵਾਲੀ ਹੀ ਦੇ ਦੋ ! ... ਔਰ ਸੁਣ !!... ਜ਼ਰਾ , ਲੇਬਲ ਚੇਂਜ ਕਰ ਦੇਨਾ ..” । ਇਨ੍ਹਾ ਕਹਿ ਕੇ ਸੇਠ ਫਿਰ ਪਾਠ ਪੂਜਾ ਕਰਨ ਵਿੱਚ ਮਗਨ ਹੋ ਗਿਆ ।
ਅਤੇ 'ਅੱਛਾ ਜੀ ! ਐਸਾ ਹੀ ਕਰਤਾ ਹੂੰ ।' ਕਹਿ ਕੇ ਰਾਮੂ ਕਾਊਂਟਰ ਵੱਲ ਨੂੰ ਚਲਾ ਗਿਆ ।

No comments: