ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, September 26, 2009

ਬਲਜੀਤ ਬਾਸੀ - ਵਾੜ ਕਰੇਲਿਆਂ ਦੇ ਬੀਅ - ਵਿਅੰਗ

ਵਾੜ ਕਰੇਲਿਆਂ ਦੇ ਬੀਅ

ਵਿਅੰਗ

ਘੁੰਮਵੀਂ ਕੁਰਸੀ ਦੇ ਜਕੜਬੰਦ ਚ ਗੱਡਿਆ, ਸੱਜੀ ਕੂਹਣੀ ਮੇਜ਼ ਤੇ ਟਿਕਾਈ ਤੇ ਅੱਖਾਂ ਕੰਪਿਊਟਰ ਦੀ ਸਕਰੀਨ ਤੇ ਜਮਾਈ, ਮੈਂ ਤਨੋਂ ਮਨੋਂ ਕੰਪਿਊਟਰ ਨਾਲ ਨਰੜਿਆ ਪਿਆ ਸੀਕੁਰਸੀ, ਮੈਂ ਤੇ ਕੰਪਿਊਟਰ ਜਿਵੇਂ ਕੀਲਾ, ਮੱਝ ਤੇ ਖੁਰਲੀਦੁਨੀਆ ਤੋਂ ਬੇਫ਼ਿਕਰ, ਕੀ ਬਣੂ ਦੁਨੀਆ ਦੇ ਫ਼ਿਕਰਾਂ ਚ ਡੁੱਬਾ ਮੈਂ ਤਾਂ ਸੂਲੀ ਤੇ ਲਟਕਣ ਲਈ ਵੀ ਤਾਹੂ ਰਹਿੰਦਾ ਹਾਂਫਿਰ ਯਾਹੂ ਨਿਊਜ਼ ਚ ਆਈ ਇਹ ਖ਼ਬਰ ਤਾਂ ਹੈ ਈ ਬੜੀ ਸਨਸਨੀਖੇਜ਼ ਸੀਅਮਰੀਕਾ ਦੇ ਬਜਦੇ ਡੌਰੂ ਹੁਣ ਦੂਰ-ਰਸ ਨਤੀਜੇ ਲਿਆ ਰਹੇ ਹਨਧਨ ਦੀ ਕਮੀ ਕਾਰਨ ਪੁਲਾੜ ਖੋਜ ਸਬੰਧੀ ਏਜੰਸੀ, ਨਾਸਾ ਦੇ ਚੰਦ ਤੇ ਪੁਲਾੜਯਾਨ ਭੇਜਣ ਦੇ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ ਹੈਘੋਰ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਬੀਮਾਰੀ, ਹਿੰਸਾ, ਵਾਤਾਵਰਣ ਪ੍ਰਦੂਸ਼ਣ: ਧਰਤੀ ਤੇ ਹੀ ਬਥੇਰੇ ਚੰਦ ਚੜ੍ਹੇ ਪਏ ਹਨ, ਆਕਾਸ਼ੀ ਚੰਦ ਤੇ ਜਾ ਕੇ ਹੁਣ ਅੰਬ ਲੈਣੇ ਹਨ? ਕੀ ਧਰਤੀ ਨੂੰ ਸੁਆਰ ਕੇ ਜਿਉਂਣਯੋਗ ਬਣਾ ਲਿਆ ਹੈ?

----

ਉਧਰ ਤਾਰਿਆਂ ਸਿਤਾਰਿਆਂ ਦੀ ਦੁਨੀਆਂ ਵਿੱਚ ਸਦਾ ਗਲ਼ਤਾਨ ਨਾਸਾ ਦੇ 58000 ਮੁਲਾਜ਼ਮਾਂ ਨੂੰ ਉਭੜ ਖਾਬੜ ਜ਼ਮੀਨੀ ਹਕੀਕਤ ਨੇ ਅਰਸ਼ੋਂ ਫ਼ਰਸ਼ ਤੇ ਪਟਕਾ ਮਾਰਿਆ ਹੈਮੇਰਾ ਕੀ ਪ੍ਰਤਿਕਰਮ ਹੋਣਾ ਚਾਹੀਦਾ ਹੈ? ਮੈਂ ਵਿਹਲੇ ਪਏ ਖੱਬੇ ਹੱਥ ਨਾਲ ਸਿਰ ਖੁਰਚਿਆ, ਇਕ ਧੌਲਾ ਤਾਂ ਪੁਟਿਆ ਗਿਆ ਪਰ ਕੋਈ ਮੌਲਿਕ ਵਿਚਾਰ ਹੱਥ ਨਹੀਂ ਆਇਆਦਿਮਾਗ ਨੂੰ ਹੁਣ ਵਰਤਣ ਦੀ ਲੋੜ ਵੀ ਨਹੀਂ ਰਹੀ, ਇੰਟਰਨੈੱਟ ਦਾ ਜਾਲ ਸਮੱਸਤ ਬ੍ਰਹਿਮੰਡ ਹੰਗਾਲ ਕੇ ਤੁਹਾਡੇ ਇਕ ਪ੍ਰਸ਼ਨ ਦੇ ਹਜ਼ਾਰਾਂ ਉੱਤਰ ਅੱਖ ਦੇ ਫੋਰੇ ਚ ਤੁਹਾਡੇ ਦੀਦਿਆਂ ਅੱਗੇ ਲਿਆ ਧਰਦਾ ਹੈਹਸਦੀ ਨੇ ਫੁੱਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ ਵਾਲੀ ਗੱਲ ਬਣੀ ਪਈ ਹੈ

ਚੰਦ ਦੀ ਉਡਾਣ ਚ ਵਿਘਨ ਪੈਣ ਤੋਂ ਪੈਦਾ ਹੋਏ ਬਹੁ-ਪੱਖੀ ਮਸਲਿਆਂ ਦਾ ਵਿਸਥਾਰ ਮੈਨੂੰ ਇਸ ਛੋਟੀ ਜਿਹੀ ਖ਼ਬਰ ਤੋਂ ਕੀ ਲਭਣਾ ਸੀਗੂਗਲ ਨੇ ਸੈਨਤ ਕੀਤੀ, ਸਿਧੀ ਨਾਸਾ ਦੀ ਵੈਬਸਾਈਟ ਤੇ ਵੱਗ ਜਾਹਗੂਗਲ ਤੋਂ ਹੀ ਨਾਸਾ ਦਾ ਸਿਰਨਾਵਾਂ ਲੈ ਕੇ ਮੈਂ ਕੀਬੋਰਡ ਤੇ ਟਿੱਕ ਟਿੱਕ ਕੀਤੀ ਤੇ ਨਾਸਾ ਤੇ ਉਡ ਗਿਆ

ਐਪਰ ਨਾਸਾ ਤੇ ਉਤਾਰਾ ਕਰਦਿਆਂ ਹੀ ਮੇਰੀ ਨਜ਼ਰ ਇਕ ਹੋਰ ਜਗਬੁਝ ਕਰਦੀ ਖ਼ਬਰ ਨੇ ਕਾਬੂ ਕਰ ਲਈ, 'ਭਾਰਤ ਦੇ ਜ਼ਮੀਨ ਅੰਦਰਲੇ ਪਾਣੀ ਦੀ ਸਤਹ ਹੇਠਾਂ ਜਾ ਰਹੀ ਹੈ' ਬਿਨਾ ਸ਼ੱਕ ਆਕਾਸ਼ੀ ਨਛੱਤਰਾਂ ਦੇ ਮੁਕਾਬਲੇ ਧਰਤੀ ਦੀ ਖਬਰ ਮੇਰੇ ਲਈ ਵਧੇਰੇ ਲੁਭਾਇਮਾਨ ਸੀ ਤੇ ਉਹ ਵੀ ਜਿਸ ਦਾ ਸਬੰਧ ਮੇਰੀ ਸਰਜ਼ਮੀਨ ਨਾਲ ਹੋਵੇਪਤਾ ਨਹੀਂ ਇਸ ਦੇਸ਼ ਦਾ ਅੰਨ ਪਾਣੀ ਖਾ ਕੇ ਵੀ ਮਨ ਭਾਰਤ ਭਾਰਤ ਕੂਕਦਾ ਰਹਿੰਦਾ ਹੈ; ਭਾਰਤ ਤੇ ਕੋਈ ਭਾਰੀ ਪੈ ਜਾਵੇ, ਮੇਰੇ ਮਨ ਤੇ ਭਾਰੀ ਪੈ ਜਾਂਦੀ ਹੈਖ਼ਬਰ ਦੇ ਹੋਰ ਅੱਗੇ ਗਿਆ ਤਾਂ ਪਤਾ ਲਗਾ ਕਿ ਪ੍ਰਭਾਵਤ ਇਲਾਕਾ ਅਸਲ ਵਿੱਚ ਮੇਰਾ ਪਿਆਰਾ ਪੰਜਾਬ ਅਤੇ ਇਸ ਦੇ ਆਸ ਪਾਸ ਦਾ ਇਲਾਕਾ ਹੀ ਹੈਮੈਂ ਠਠੰਬਰ ਗਿਆ, ਪੰਜਾਬ ਦੇ ਮੰਦੇ ਭਾਗ, ਨਿੱਤ ਨਵਾਂ ਉੱਜੜ ਜਾਣ ਦਾ ਸਰਾਪਏਥੇ ਹਰ ਸਾਲ ਪਾਣੀ ਦਾ ਫੇਹ ਇੱਕ ਫੁੱਟ ਨੀਵਾਂ ਹੋਈ ਜਾ ਰਿਹਾ ਹੈਨਾਸਾ ਦੇ ਗੁਰੂਤਾ (ਧਰਤੀ ਦੀ ਖਿੱਚ) ਅਤੇ ਮੌਸਮ ਦੀ ਪੜਤਾਲ ਕਰ ਰਹੇ ਜੌੜੇ ਪੁਲਾੜਯਾਨ ਧਰਤੀ ਦੀ ਗੁਰੂਤਾ ਵਿੱਚ ਆਈ ਭੋਰਾ ਭਰ ਤਬਦੀਲੀ ਵੀ ਬੁੱਝ ਲੈਂਦੇ ਹਨ, ਏਥੋਂ ਤਕ ਕਿ ਧਰਤੀ ਦੇ ਅੰਦਰ ਜਾਂ ਇਸਦੇ ਉਪਰ ਆਈ ਪਾਣੀ ਦੀ ਤਬਦੀਲੀ ਵੀ ਨੋਟ ਕਰ ਲੈਂਦੇ ਹਨਨਾਸਾ ਦੇ ਜਲਵਿਗਿਆਨੀਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਪਾਣੀ ਦੇ ਪ੍ਰਬੰਧ ਲਈ ਲੁੜੀਂਦੇ ਉਪਾਅ ਨਾ ਕੀਤੇ ਗਏ ਤਾਂ ਸਾਢੇ ਗਿਆਰਾਂ ਕਰੋੜ ਲੋਕਾਂ ਤੇ ਭਾਰੀ ਪੈ ਜਾਵੇਗੀ; ਖੇਤੀ ਦੀ ਪੈਦਾਵਾਰ ਦਾ ਘਾਣ ਹੋ ਜਾਵੇਗਾ, ਪੀਣ ਵਾਲਾ ਪਾਣੀ ਦੁਰਲੱਭ ਹੋ ਜਾਵੇਗਾਇਲਾਕੇ ਦੀ ਜਨਸੰਖਿਆ ਵਿੱਚ ਬੇਵਹਾ ਵਾਧਾ, ਤੇਜ਼ ਆਰਥਕ ਵਿਕਾਸ ਅਤੇ ਪਿਆਸੇ ਖੇਤਾਂ ਲਈ ਲੁੜੀਂਦੇ ਪਾਣੀ ਕਾਰਨ ਜ਼ਮੀਨ ਅੰਦਰਲੇ ਪਾਣੀ ਦੇ ਸਰੋਤ ਸੁੱਕ ਗਏ ਹਨਪਾਣੀ ਦੀ ਘਾਟ ਪੂਰੀ ਕਰਨ ਲਈ ਹੁਣ ਦਰਿਆਵਾਂ ਮੀਂਹਾਂ ਦਾ ਪਾਣੀ ਜਮ੍ਹਾਂ ਕਰਕੇ ਬਨਾਉਟੀ ਝੀਲਾਂ ਡਿੱਗੀਆਂ ਆਦਿ ਬਣਾਉਣੀਆਂ ਪੈਣਗੀਆਂਝੀਲਾਂ ਤੇ ਡਿੱਗੀਆਂ ਨਾਲ ਓਤਪੋਤ ਇਸ ਨਵੇਂ ਪੰਜਾਬ ਦੇ ਭੂ-ਦ੍ਰਿਸ਼ ਦੀ ਪੂਰਵ-ਕਲਪਨਾ ਕਰਕੇ ਮੇਰੇ ਅੱਗੇ ਭੰਬੂ ਤਾਰੇ ਨੱਚਣ ਲੱਗੇ

----

ਸਾਰੇ ਗਲੋਬ ਦੀ ਚਿੰਤਾ ਵਿੱਚ ਡੁੱਬੇ ਅਮਰੀਕੀ ਟਿੱਪਣੀਕਾਰਾਂ ਦੀਆਂ ਕੁੱਝ ਟਿਪਣੀਆਂ ਪੜ੍ਹਨ ਨੂੰ ਮਿਲੀਆਂ: ਭਾਰਤ ਵਿਕਸਤ ਹੋ ਰਿਹਾ ਹੈ ਤੇ ਅਮੀਰ ਹੁੰਦੇ ਲੋਕ ਹੁਣ ਵਧੇਰੇ ਤੋਂ ਵਧੇਰੇ ਮੀਟ ਖਾਣ ਲੱਗ ਪਏ ਹਨਇੱਕ ਏਕੜ ਭੋਇੰ ਤੇ ਬੀਜਿਆ ਅੰਨ ਜਿੰਨੇ ਲੋਕਾਂ ਦਾ ਢਿੱਡ ਭਰਦਾ ਹੈ, ਓਨੇ ਹੀ ਲੋਕਾਂ ਦਾ ਢਿੱਡ ਸੱਤ ਏਕੜ ਭੋਇੰ ਤੇ ਪਾਲੇ ਪਸ਼ੂਆਂ ਦਾ ਮੀਟ ਭਰਦਾ ਹੈ, ਪਾਣੀ ਦੀ ਮੰਗ ਵਧਣੀ ਹੀ ਸੀਏਨੀ ਹਿਰਦੇਵੇਧਕ ਸਥਿਤੀ ਦੇ ਸਨਮੁੱਖ ਵੀ ਮੈਂ ਹਾਸਰਸ ਦੇ ਰੌਂ ਵਿੱਚ ਆ ਗਿਆਕੀ ਇਹ ਭਾਰਤ ਦੇ ਵਿਕਸਤ ਹੋਣ ਦੀ ਸਜ਼ਾ ਹੈ ਜਾਂ ਅਹਿੰਸਾਵਾਦੀ ਦੇਸ਼ ਦੇ ਲੋਕਾਂ ਵਲੋਂ ਮੀਟ ਖਾਣ ਕਾਰਨ ਦੇਵਤਿਆਂ ਦੀ ਕਰੋਪੀ? ਧਰਤੀ ਹੇਠਲਾ ਪਾਣੀ ਸ਼ਰਮ ਦਾ ਮਾਰਿਆ ਥੱਲੇ ਹੀ ਥੱਲੇ ਜਾ ਰਿਹਾ ਹੈਕ੍ਰੋਧਿਤ ਧਵਲਾ ਕਿਤੇ ਧਰਤੀ ਨੂੰ ਕਹਿਕਸ਼ਾਂ ਚ ਹੀ ਨਾ ਵਗਾਹ ਮਾਰੇਭਾਰਤ ਦੇ ਤਥਾਕਥਿਤ ਵਿਕਾਸ ਨੇ ਅਮਰੀਕੀ ਚਿੰਤਕਾਂ ਦਾ ਬੜਾ ਢਿੱਡ ਦੁਖਾਇਆ ਹੈਪਹਿਲਾਂ ਦੁਨੀਆਂ ਵਿੱਚ ਖ਼ੁਰਾਕ ਦੀ ਕਮੀ ਭਾਰਤ ਸਿਰ, ਫਿਰ ਤੇਲ ਦੀ ਕਮੀ ਭਾਰਤ ਸਿਰ ਤੇ ਹੁਣ ਪਾਣੀ ਦੀ ਕਮੀ ਭਾਰਤ ਦੇ ਸਿਰਗ਼ਰੀਬ ਦੀ ਜੋਰੂ ਸਭ ਦੀ ਜੋਰੂ

-----

ਪਰ ਏਥੇ ਅਮਰੀਕੀ ਮੁਨਾਫ਼ਾਪ੍ਰਸਤਾਂ ਨੂੰ ਦੋਸ਼ੀ ਠਹਿਰਾਉਂਦੇ ਬੜੇ ਸ਼ਾਤਰ ਚਿੰਤਕ ਵੀ ਹਨ: ਅਮਰੀਕੀ ਦਖਲ ਨਾਲ ਲਿਆਂਦੇ ਹਰੇ ਇਨਕਲਾਬ ਕਾਰਨ ਕਿਸਾਨਾਂ ਨੇ ਰਵਾਇਤੀ ਖੇਤੀ ਢੰਗ, ਬੀਜ, ਸੰਦ ਅਤੇ ਖਾਦ ਵਜੋਂ ਗੋਹੇ ਦੀ ਵਰਤੋਂ ਛੱਡ ਦਿੱਤੀਉਹ ਅਮਰੀਕੀ ਕਾਰਪੋਰੇਸ਼ਨਾਂ ਵਲੋਂ ਤਿਆਰ ਕੀਤੇ ਬੀਜ, ਕੀਟਨਾਸ਼ਕ ਦਵਾਈਆਂ, ਖਾਦ, ਮਸ਼ੀਨਰੀ ਆਦਿ ਤੇ ਨਿਰਭਰ ਹੋ ਗਏਸਿੱਟੇ ਵਜੋਂ ਅਮਰੀਕੀ ਕਾਰਪੋਰੇਸ਼ਨਾਂ ਤਾਂ ਮੁਨਾਫ਼ੇ ਨਾਲ਼ ਪਾਟਣ ਵਾਲੀਆਂ ਹੋ ਗਈਆਂ ਪਰ ਭਾਰਤ ਦੀ ਆਰਥਕਤਾ ਤਹਿਸ ਨਹਿਸ ਹੋ ਗਈਗ਼ਰੀਬ ਨਿਵਾਜ਼ ਇਨ੍ਹਾਂ ਅਮਰੀਕੀਆਂ ਦਾ ਮੱਤ ਹੈ ਕਿ ਭਾਰਤੀਆਂ ਦਾ ਹੱਥ ਗੋਹੇ ਵਿੱਚ ਹੀ ਚੰਗਾ ਲਗਦਾ ਹੈਮੈਂ ਬੌਂਦਲ਼ ਜਿਹਾ ਗਿਆ ਹਾਂ, ਏਨੀਆਂ ਕਰੂਰ ਗੱਲਾਂ ਮੇਰਾ ਕੋਮਲ ਮਨ ਪਚਾਅ ਨਹੀਂ ਸਕਦਾ

-----

ਸਮੱਸਿਆ ਦੇ ਹੋਰ ਪਹਿਲੂਆਂ ਨਾਲ ਦੋ ਚਾਰ ਹੋਣ ਲਈ ਕਿੰਨੇ ਹੀ ਲਿੰਕ ਤੇ ਸਦਾ ਹਾਜ਼ਰ ਨਾਜ਼ਰ ਗੂਗਲ ਦੇ ਇਸ਼ਤਿਹਾਰਾਂ ਦੀ ਹੱਟ ਲੱਗੀ ਹੋਈ ਸੀਮੈਨੂੰ ਖ਼ੁਦ ਅੱਜ ਕੱਲ੍ਹ ਬੁਧੀਜੀਵੀ ਤੇ ਵਿਸ਼ਵ ਚਿੰਤਕ ਬਣਨ ਦਾ ਫਤੂਰ ਚੜ੍ਹਿਆ ਰਹਿੰਦਾ ਹੈ ਇਸ ਲਈ ਕੋਈ ਵੀ ਗਰਮਾ ਗਰਮ ਮਸਲਾ ਵਿਚਾਰਨੋਂ ਨਹੀਂ ਛੱਡਦਾਹੋਰ ਵਿਸਥਾਰ ਵਿੱਚ ਜਾਣ ਲਈ ਮੈਂ ਅਜੇ ਮਊਸ ਤੇ ਉਂਗਲ ਰੱਖੀ ਹੀ ਸੀ ਕਿ ਅਚਾਨਕ ਬਾਹਰ ਦਰਵਾਜ਼ੇ ਦੀ ਘੰਟੀ ਵਜਦੀ ਸੁਣੀਘੜੀ ਦੇਖੀ, ਸ਼ਾਮ ਦੇ ਪੂਰੇ ਪੰਜ ਵਜ ਗਏ ਸਨ ਤੇ ਮੈਂ ਸਵੇਰ ਦੇ ਨੌਂ ਵਜੇ ਤੋਂ ਇੰਟਰਨੈੱਟ ਦੇ ਕੰਧਾੜੇ ਚੜ੍ਹ ਕੇ ਬੈਠਾ ਸਾਂਦਿਮਾਗੀ ਵਿਲਾਸ ਚੋਂ ਨਿਕਲਣ ਨੂੰ ਅਜੇ ਕਿੱਥੇ ਮਨ ਕਰਦਾ ਸੀਸੜ ਗਈ ਕਿਸਮਤ, ਪਤਾ ਨਹੀਂ ਮੈਨੂੰ ਮੇਰੀ ਬੌਧਿਕ ਸਾਧਨਾ ਤੋਂ ਵਿਚਲਿਤ ਕਰਨ ਲਈ ਕੌਣ ਦੁਨੀਆਦਾਰ ਆ ਧਮਕਿਆ ਹੈਭਾਰੀ ਮਨ ਨਾਲ ਉੱਠਣ ਲੱਗਾ ਤਾਂ ਮਹਿਸੂਸ ਹੋਇਆ ਕਿ ਮੇਰੇ ਤਾਂ ਪੈਰ ਹੀ ਨਹੀਂ ਹਨਛੱਪੜ ਚੋਂ ਨਿਕਲੇ ਕੁੱਤੇ ਵਾਂਗ ਸਰੀਰ ਨੂੰ ਜ਼ੋਰ ਨਾਲ ਛੰਡਿਆ ਤਾਂ ਕੁਝ ਹੋਸ਼ ਹਵਾਸ ਆਏਪਤਾ ਲੱਗਾ ਪੈਰ ਤਾਂ ਸੌਂ ਚੁੱਕੇ ਹਨਘਿਸੜਦੇ ਪੈਰਾਂ ਨਾਲ ਦਰਵਾਜ਼ੇ ਵੱਲ ਵਧਿਆ

-----

ਝਾਤ ਮੋਰੀ ਰਾਹੀਂ ਦੇਖਿਆ; ਮਾਰੇ ਗਏ, ਇਹ ਤਾਂ ਆਪਣੀ ਭਰਜਾਈ ਸਾਹਿਬਾ ਸੀਮੇਰੇ ਪੈਰ ਲੜਖਾਉਣ ਲੱਗ ਪਏ, ਮਊਸ ਤੇ ਖਿਝ ਆਉਣ ਲੱਗੀ, ਕੀ ਇਹ ਮੇਰੇ ਸਰੀਰ ਨੂੰ ਉਡਾਕੇ ਘੜੀ ਪਲ ਭਰਜਾਈ ਦੀ ਦੁਨੀਆ ਤੋਂ ਪਰੇ ਨਹੀਂ ਲਿਜਾ ਸਕਦਾ? ਪਰ ਦਿਉਰ ਮਾਤਰ ਹਾਂ, ਸਥੂਲ ਭਰਜਾਈ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ, ਚੱਲ ਮਨਾਂਬੂਹਾ ਖੋਲ੍ਹਣ ਪਿਛੋਂ ਹੱਥ ਮੱਥੇ ਤੇ ਵੱਜਣ ਲਈ ਉਪਰ ਉਠ ਗਏ ਪਰ ਸ੍ਰਿਸ਼ਟਾਚਾਰ ਨੇ ਰੋਕ ਲਏਭਰਜਾਈ ਨੂੰ ਖਿੜੇ ਮੱਥੇ ਮਿਲਣ ਦਾ ਦਸਤੂਰ ਹੈ ਪਰ ਸ੍ਰਿਸ਼ਟਾਚਾਰ ਦਾ ਭੂਤ ਮੇਰੇ ਮੱਥੇ ਤੇ ਤਿਉੜੀਆਂ ਪੈਣ ਨੂੰ ਰੋਕ ਨਾ ਸਕਿਆ

-----

ਮੈਨੂੰ ਹੋਣੀ ਦਿਸਣ ਲੱਗੀ: ਅੱਜ ਕੁੱਤੇ ਦੀ ਪੂਛ ਨੂੰ ਭਿਉਂ ਭਿਉਂ ਕੇ ਜੁੱਤੀਆਂ ਪੈਣਗੀਆਂਕੀ ਕਰੀਏ ਘਰ ਦੀਆਂ ਗੱਲਾਂ ਪਰ ਮੂੰਹ ਵਿੱਚ ਗੱਲ ਰਹਿੰਦੀ ਵੀ ਨਹੀਂਇਹ ਭਰਜਾਈ ਸਾਡੀ ਹੈ ਨਿਰੀ ਦੇਸੀਪੁਣੇ ਦਾ ਮਜਮੂਆਉਸਦੇ ਮੂਹਰੇ ਜ਼ਰਾ ਢੇਂਊ ਲਫ਼ਜ਼ ਉਚਾਰ ਦਿਉ ਤੇ ਫਿਰ ਦੇਖੋ ਉਸਦੀਆਂ ਵੜਾਛਾਂ ਦੀ ਲਮਕ ਤੇ ਅੱਖੀਆਂ ਦੀ ਚਮਕਸ਼ਾਇਦ ਤੁਹਾਨੂੰ ਆਖੇ ,"ਜ਼ਰਾ ਫੇਰ ਬੋਲੀਂ ਜੋ ਕਿਹਾ ।" ਕਦੇ ਕੈਲੀਫੋਰਨੀਆ ਗਈ ਭਰਵੇਂ ਟਿੰਡੋ ਖਾ ਆਈ, ਕਹਿੰਦੀ ਮੈਂ ਤਾਂ ਵਸਣਾ ਹੀ ਕੈਲੀਫੋਰਨੀਆ ਹੈਨਾਲੇ ਟਿੰਡੋ ਖਾਣ ਨੂੰ ਮਿਲਦੇ ਹਨ ਨਾਲੇ ਮਿਸ਼ੀਗਨ ਰਹਿੰਦਿਆਂ ਹੱਡਾਂ ਚ ਵੜਦੇ ਪਾਲੇ ਤੋਂ ਛੁਟਕਾਰਾਇਹ ਤਾਂ ਸਾਡੇ ਭਰਾ ਦੇ ਆਪਣੇ ਗੁਰਦੇ ਕਪੂਰਿਆਂ ਵਿੱਚ ਜਾਨ ਤੇ ਸਾਡੀ ਚੁੱਕ ਸੀ ਕਿ ਕੈਲੀਫੋਰਨੀਆ ਵਸਣ ਵਾਲੀ ਗੱਲ ਨਾ ਹੋ ਸਕੀਭਾਬੀ ਸਾਡੀ ਜਦੋਂ ਦੇਖੋ ਵੜੀਆਂ, ਸਾਗ, ਵੇਸਣ, ਪੰਜੀਰੀ, ਸੰਢੋਲਾ, ਕੁੱਲਰ ਆਦਿ ਦੀਆਂ ਜਾਂ ਗੱਲਾਂ ਕਰ ਰਹੀ ਹੁੰਦੀ ਹੈ ਜਾਂ ਇਨ੍ਹਾਂ ਖੁਰਾਕਾਂ ਨੂੰ ਚੁੱਲ੍ਹੇ ਤੇ ਚਾੜ੍ਹ ਕੇ ਗੋਰੇ ਗੁਆਂਢੀਆਂ ਦੀਆਂ ਨਾਸਾਂ ਵਿੱਚ ਵਾੜ ਰਹੀ ਹੁੰਦੀ ਹੈਤੁਅੱਜਬ ਦੀ ਗੱਲ ਹੈ ਕਿ ਉਹ ਭਾਰਤ ਵਰਸ਼ ਵੱਲ ਮੂੰਹ ਨਹੀਂ ਕਰਦੀ

----

ਉਹ ਡੱਪ ਡੱਪ ਕਰਦੀ ਆਈ ਤੇ ਸੋਫ਼ੇ ਤੇ ਪਸਰ ਗਈਉਸਦੇ ਸ਼ਾਂਤ ਦਿਸਦੇ ਮੂੰਹ ਵਿੱਚ ਜਵਾਲਾਮੁਖੀ ਲੁਕਿਆ ਪਿਆ ਸੀਘਰ ਵਿੱਚ ਸੁਨਸੁਨੀ ਫੈਲ ਗਈਮੈਂ ਤਾਂ ਅਤਿ ਦੇ ਘਰੋਗੀ ਕਾਰਨਾਂ ਕਰਕੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਿਹਾ ਸੀਕੰਨੀ ਬਚਾ ਕੇ ਕਿਚਨ ਵਿੱਚ ਚਾਹ ਧਰਨ ਲਗ ਪਿਆਪਰ ਹੁਣ ਘਰੋਗੀ ਕਾਰਨਾਂ ਦਾ ਭਾਂਡਾ ਫੋੜਨਾ ਹੀ ਪੈਣਾ ਹੈਕਿੰਨੇ ਹੀ ਦਿਨ ਹੋ ਗਏ ਮੇਰੇ ਪਿਛੇ ਪਈ ਹੋਈ ਸੀ, ਅਖੇ ਵਾੜ ਕਰੇਲਿਆਂ ਦੇ ਬੀਅ ਕਿਤਿਓਂ ਲੱਭ ਕੇ ਦੇਹਫਿਰ ਪਤਾ ਨਹੀਂ ਉਸ ਨੂੰ ਕਿਸਨੇ ਇਹ ਵੀ ਦੱਸ ਦਿੱਤਾ ਕਿ ਕੰਪਿਊਟਰ ਚੋਂ ਖੋਜ ਕਰੇ ਤੇ ਅਲੱਭ ਚੀਜ਼ਾਂ ਵੀ ਲੱਭ ਪੈਂਦੀਆਂ ਹਨਹੋਰ ਤਾਂ ਹੋਰ ਇਹ ਵੀ ਗਿਆਨ ਹੋ ਗਿਆ ਕਿ ਇੰਟਰਨੈੱਟ ਰਾਹੀਂ ਸਭ ਕੁਝ ਖਰੀਦਆ ਵੀ ਜਾ ਸਕਦਾ ਹੈਕਈ ਚਿਰਾਂ ਤੋਂ ਉਸਨੂੰ ਵਾੜ ਕਰੇਲਿਆ ਦਾ ਝੱਲ ਚੜ੍ਹਿਆ ਹੋਇਆ ਸੀਕਹਿੰਦੀ ਦਸੌਰੀ ਮਤਲਬ ਕਿ ਅਮਰੀਕੀ ਕਰੇਲੇ ਵੀ ਕੋਈ ਕਰੇਲੇ ਹੁੰਦੇ ਹਨ, ਢੋਲ ਜਿਹੇ, ਨਾ ਉਨ੍ਹਾਂ ਦਾ ਸੁਹਜ, ਨਾ ਸੁਆਦਪਤਾ ਨਹੀਂ ਸਾਡੀ ਭਰਜਾਈ ਦਾ ਸੁਹਜ ਸੁਆਦ ਕਦੋਂ ਅਤੇ ਕਿਵੇਂ ਏਨਾ ਸੂਖ਼ਮ ਹੋ ਗਿਆਬੱਸ ਚੱਤੋ ਪਹਿਰ ਅੰਗੂਠਾ ਭਰ ਇਨ੍ਹਾਂ ਵਾੜ ਕਰੇਲਿਆਂ ਵਿੱਚ ਹੀ ਉਸਦੀ ਸੁਤਾਅ ਰਹਿਣ ਲੱਗ ਪਈਕਹਿੰਦੀ ਹੱਡਾਂ ਦੀ ਸਾਰੀ ਠੰਡ, ਗੋਡਿਆਂ ਦੀ ਸਾਰੀ ਰੀਹ, ਨੱਕ ਦੀ ਸਾਰੀ ਨਲੀ, ਪੇਟ ਦੀ ਸਾਰੀ ਵਾਯੂ ਤੇ ਕਰੂਰੇ ਦੀ ਸਾਰੀ ਸ਼ੱਕਰ ਗੱਲ ਕੀ ਰੋਗੀ ਕਾਇਆ ਦੀ ਸਾਰੀ ਵਾਇ ਵਾਦੀ ਇਹ ਵਾੜ ਕਰੇਲੇ ਹੀ ਕਢਦੇ ਹਨਫਿਰ ਇਨ੍ਹਾਂ ਦੂਖ ਨਿਵਾਰਨੇ ਕਰੇਲਿਆਂ ਦੀ ਗੱਲ ਕਰਦਿਆਂ ਉਹ ਅਜੇਹਾ ਚਟਖਾਰਾ ਮਾਰੇਗੀ ਜਿਵੇਂ ਵਾਕਿਆ ਹੀ ਇਕ ਕਰੇਲਾ ਉਸਦੇ ਦੰਦਾਂ ਥੱਲੇ ਆ ਗਿਆ ਹੋਵੇ

-----

ਕੁਝ ਇੱਕ ਦਿਨਾਂ ਤੋਂ ਉਹ ਬਾਰ ਬਾਰ ਫੋਨ ਕਰਕੇ ਮੈਨੂੰ ਯਾਦ ਕਰਵਾਉਂਦੀ ਰਹੀ ਕਿ ਇੰਟਰਨੈੱਟ ਤੋਂ ਵਾੜ ਕਰੇਲਿਆਂ ਦੇ ਬੀਆਂ ਦਾ ਆਰਡਰ ਕਰ ਦੇਹ, ਬੀਜਣ ਦੀ ਰੁੱਤ ਆਈ ਹੋਈ ਹੈ ਫਿਰ ਲੰਘ ਜਾਵੇਗੀਪਰ ਵਾੜ ਕਰੇਲੇ ਜਿਹੀ ਮਹੀਨ ਚੀਜ਼ ਮੇਰੇ ਮੋਟੇ ਦਿਮਾਗ ਵਿੱਚ ਟਿਕਦੀ ਨਹੀਂ ਸੀਕਈ ਵਾਰੀ ਵਾੜ ਕਰੇਲੇ ਵਾੜ ਕਰੇਲੇ ਜਪਦਾ ਕੰਪਿਊਟਰ ਤੇ ਬੈਠਾ ਪਰ ਇੰਟਰਨੈੱਟ ਖੋਲ੍ਹਦਿਆਂ ਹੀ ਦੁਨੀਆ ਦੀ ਚਿੰਤਾ ਹੱਡ ਖਾਣ ਲੱਗ ਜਾਂਦੀਅੱਜ ਸਵੇਰੇ ਧਮਕੀ ਦੇ ਮਾਰੀ ਸੀ ,"ਵਾੜ ਕਰੇਲੇ, ਨਹੀਂ ਤਾਂ ਆਖਰੀ ਮੇਲੇ।"

----

ਆਖਰ ਗੁੱਸਾ ਖਾ ਕੇ ਮੈਂ ਕੰਪਿਊਟਰ ਤੇ ਬੈਠ ਕੇ ਇੰਟਰਨੈੱਟ ਦਾ ਪ੍ਰਕਾਸ਼ ਕਰ ਹੀ ਲਿਆਪਰ ਕੀ ਸੁਣਾਈਏ ਇਸ ਚੰਚਲ ਮਨ ਦੀ ਵਿਥਿਆ, ਖੋਤੀ ਤਾਂ ਮੋੜ ਘੇੜ ਕੇ ਬੋਹੜ ਥੱਲੇ ਆ ਬਹਿੰਦੀ ਹੈ ਪਰ ਇੰਟਰਨੈੱਟ ਖੋਲ੍ਹੀ ਬੈਠਾ ਖੋਤਾ ਮਜਾਲ ਹੈ ਇਕ ਵਾਰੀ ਜਿਸ ਸਾਈਟ ਤੋਂ ਚੱਲਿਆ ਪੂਰੀ ਦਿਹਾੜੀ ਲਾ ਕੇ ਵੀ ਮੁੜ ਉਸ ਤੇ ਵਾਪਸ ਆ ਜਾਵੇਕਹਿੰਦੇ ਹਨ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇਪਰ ਇੰਟਰਨੈੱਟ ਦਾ ਤਾਂ ਕੰਮ ਹੀ ਭੁਲਾਉਣਾ ਹੈ, ਕਿਸੇ ਤਣ ਪੱਤਣ ਲਾਉਣਾ ਨਹੀਂਇਕ ਵਾਰੀ ਮਊਸ ਤੇ ਉਂਗਲਾਂ ਦੇ ਪੋਟੇ ਰੱਖੇ ਨਹੀਂ, ਇਹ ਤੁਹਾਨੂੰ ਤੁਹਾਡੀਆਂ ਹੀ ਉਂਗਲਾਂ ਤੇ ਨਚਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਇਕ ਅਸਗਾਹ ਭਟਕਣ ਵੱਲ ਠੇਲ੍ਹ ਦਿੰਦਾ ਹੈ ਜਿਸਦੇ ਪੜਾਅ ਹੀ ਪੜਾਅ ਹਨ ਮੰਜ਼ਿਲ ਕੋਈ ਨਹੀਂਕੁਝ ਇਸੇ ਤਰਾਂ ਵਿਚਾਰੇ ਸੁੜ ਸੁੜ ਕਰਦੇ ਕਵੀ ਜਗਤਾਰ ਦਾ ਹਾਲ ਹਵਾ ਨੇ ਕੀਤਾ ਸੀ:

ਮੈਨੂੰ ਗ਼ੁਬਾਰੇ ਵਾਂਗਰਾਂ ਉਡਾਈ ਫਿਰੇ ਹਵਾ

ਮੇਰੇ ਅੱਗੇ ਵੀ ਖ਼ਿਲਾਅ, ਮੇਰੇ ਪਿਛੇ ਵੀ ਖਿਲਾਅ

-----

ਮੈਂ ਇੰਟਰਨੈੱਟ ਚਾਲੂ ਕਰਦਿਆਂ ਹੀ ਗੂਗਲ ਵਿੱਚ 'ਵਾੜ ਕਰੇਲਿਆਂ ਦੇ ਬੀਅ' ਟਾਈਪ ਕਰ ਦਿੱਤਾਪਲਕ ਝਮਕਦੇ ਹੀ ਕਰੇਲਿਆਂ ਦੇ ਬੀਅ ਵੇਚਦੀਆਂ ਦਰਜਣਾਂ ਦੁਕਾਨਾਂ ਦੀਆਂ ਸਾਈਟਾਂ ਦਾ ਵੇਰਵਾ ਆ ਗਿਆਇਕ ਵਾਰੀ ਤਾਂ ਮੈਂ ਵਿਸਮਾਦ ਵਿਸਮਾਦ ਹੋ ਗਿਆ ਕਿ ਅਮਰੀਕਾ ਬੈਠੇ ਮੈਂ ਕਿੰਨੀ ਦੇਸੀ ਚੀਜ਼ ਪਾ ਲਈ ਹੈ ਜਿਵੇਂ ਐਂਜਲੀਨਾ ਜੌਲੀ ਦੇ ਸਿਰ ਵਿੱਚ ਜੂੰਆਂ ਦਿਸ ਪਈਆਂ ਹੋਣਮੈਂ ਇਕ ਸਾਈਟ ਚੁਣੀ ਜਿਥੇ ਵਾੜ ਕਰੇਲਿਆਂ ਤੋਂ ਇਲਾਵਾ ਚੱਪਣਕੱਦੂ, ਤੁੰਮੇ, ਗੁੱਗਲ, ਤਾਂਦਲਾ, ਮਘਾਂ, ਕੜੀਪੱਤੇ ਆਦਿ ਦੇ ਬੀਅ ਮਿਲਦੇ ਸਨਪਰ ਇਸ ਤੋਂ ਪਹਿਲਾਂ ਕਿ ਮੈਂ ਵਾੜ ਕਰੇਲਿਆਂ ਦੇ ਬੀਆਂ ਦਾ ਭਾਅ ਪਤਾ ਕਰਕੇ ਆਰਡਰ ਕਰਦਾ, ਮੇਰੀ ਨਜ਼ਰ ਸਬਜ਼ੀਆਂ ਬਾਰੇ ਚੁਟਕਲਿਆਂ ਦੇ ਇਕ ਲਿੰਕ ਤੇ ਪੈ ਗਈਚੁਟਕਲੇ ਬੋਰ ਜ਼ਿੰਦਗੀ ਦਾ ਮਸਾਲਾ ਹਨ, ਪਹਿਲਾਂ ਇਨ੍ਹਾਂ ਨਾਲ ਮਨ ਕਰਾਰਾ ਕਰ ਲਈਏ ਫਿਰ ਵਾੜ ਕਰੇਲੇ ਵੀ ਦੇਖੇ ਜਾਣਗੇਸਾਈਟ ਤੇ ਗਿਆ ਤਾਂ ਸਭ ਤੋਂ ਪਹਿਲਾਂ ਕਰੇਲਿਆਂ ਬਾਰੇ ਹੀ ਚੁਟਕਲਾ ਪੜ੍ਹਨ ਨੂੰ ਮਿਲਿਆ : ਇੱਕ ਵਾਰੀ ਸੰਤਾ ਆਪਣੇ ਦੋਸਤ ਬੰਤੇ ਦੇ ਘਰ ਰੋਟੀ ਤੇ ਗਿਆਖਾਣੇ ਦੀ ਖਾਸ ਚੀਜ਼ ਭਰੇ ਹੋਏ ਕਰੇਲੇ ਸਨਸੰਤੇ ਨੇ ਪਹਿਲਾਂ ਕਦੇ ਕਰੇਲੇ ਨਹੀਂ ਸਨ ਖਾਧੇਉਹ ਲਪੇਟੇ ਹੋਏ ਧਾਗਿਆਂ ਸਮੇਤ ਛੇ ਕਰੇਲੇ ਡਕਾਰ ਗਿਆ। "ਸੁਆਦ ਆ ਗਿਆ ਭਾਬੀ ਜੀ।" ਸੰਤਾ ਕਹਿੰਦਾਦੂਜੇ ਦਿਨ ਟਾਇਲਟ ਵਿੱਚ ਬੈਠਿਆਂ ਸੰਤੇ ਨੇ ਦੇਖਿਆ ਕਿ ਧਾਗੇ ਬਾਹਰ ਆ ਰਹੇ ਹਨਡਰੇ ਹੋਏ ਸੰਤੇ ਨੇ ਪਤਨੀ ਨੂੰ ਵਾਜ ਮਾਰੀ,"ਮਰ ਗਿਆ ਧਰਮ ਕੌਰੇ ਮੈਂ ਤਾਂ, ਆਈਂ ਦੇਖੀਂ ਜ਼ਰਾ, ਮੈਂ ਤਾਂ ਉਧੜੀ ਜਾ ਰਿਹਾਂ, ਮੈਂ ਤਾਂ ਖ਼ਤਮ ਹੋ ਰਿਹਾਂ!"

-----

ਬੱਸ ਫਿਰ ਕੀ ਸੀ, ਦੇਹ ਗੇੜੀ ਤੇ ਗੇੜੀ ਚੁਟਕਲਿਆਂ ਵਾਲੀਆਂ ਸਾਈਟਾਂ ਤੇਕੀ ਹੋਇਆ ਕਿ ਮੈਂ ਇਕ ਅਜੇਹੀ ਸਾਈਟ ਤੇ ਫੁਸਲਾਇਆ ਗਿਆ ਜਿਥੇ ਅਜੇਹੇ ਚੁਟਕਲੇ ਪੜ੍ਹਨ ਨੂੰ ਮਿਲੇ ਜਿਨਾਂ ਨੂੰ ਮੈਂ ਤਾਂ ਚੋਂਦੇ ਚੋਂਦੇ ਕਹਾਂਗਾ ਪਰ ਸ਼ਰੀਫ ਲੋਕ ਗੰਦੇ ਜਾਂ ਫਾਹਸ਼ ਤੇ ਸਾਹਿਤਕਾਰ ਫੈਸਲਾ ਨਹੀਂ ਕਰ ਸਕੇ ਅਜੇਹੇ ਮਸਾਲੇ ਨੂੰ ਅਸ਼ਲੀਲ ਆਖਣ ਜਾਂ ਲੱਚਰਮੇਰਾ ਲੰਚ ਇਨ੍ਹਾਂ ਵਿੱਚ ਹੀ ਲੰਘ ਗਿਆਸੁਆਦ ਸੁਆਦ ਹੋਇਆ ਪਤਾ ਨਹੀਂ ਮੈਂ ਕੀ ਕਲਿੱਕ ਕਰ ਬੈਠਾ ਕਿ ਮੈਂ ਦੋ ਕਦਮ ਹੋਰ ਅੱਗੇ ਗ਼ਰਕ ਗਿਆਉਥੇ ਜੋ ਕੁਝ ਹੋ ਰਿਹਾ ਸੀ ਮੇਰੀ ਭੱਦਰ ਕਲਮ ਬਿਆਨ ਨਹੀਂ ਕਰ ਸਕਦੀਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜਦ ਮੈਂ ਭਦਰਪੁਰਸ਼ ਹੋਣ ਦਾ ਦਮ ਨਹੀਂ ਭਰਦਾ, ਮੇਰੀ ਕਲਮ ਕਿਉਂ ਭਦਰਤਾ ਦੀ ਸਿਆਹੀ ਵਿੱਚ ਰੰਗੀ ਪਈ ਹੈਮੈਂ ਦੌੜ ਕੇ ਪੱਕਾ ਕੀਤਾ ਕਿ ਮੇਰੇ ਘਰ ਦੇ ਦੋਨੋਂ ਅਗਲੇ ਪਿਛਲੇ ਦਰਵਾਜ਼ਿਆਂ ਦੇ ਕੁੰਡੇ ਬੰਦ ਹਨਹਰ ਰੰਗ, ਨਸਲ, ਦੇਸ, ਉਮਰ ਤੇ ਹਰ ਪਰਕਾਰ ਦੇ ਮਾਸ ਦਾ ਇਕ ਖੌਲਦਾ ਦਰਿਆ ਪੇਸ਼ ਪੇਸ਼ ਸੀਮੈਂ ਕਿੰਨੇ ਤਰਾਂ ਦੀ ਹੋ ਰਹੀ ਮਾਸ-ਕ੍ਰੀੜਾ ਵਿੱਚ ਗੜੂੰਦ ਹੋ ਗਿਆਸਾਈਟ ਤੋਂ ਝਿਲਮਿਲਾਉਂਦੀਆਂ ਨਗਨ ਹੁਸੀਨਾਵਾਂ ਦੇ ਮੈਨੂੰ ਬੁਲਾਵੇ ਆਉਣ ਲੱਗ ਪਏ, ਹਰ ਤਰ੍ਹਾਂ ਦੇ ਝਾਂਸੇ ਮਿਲ ਰਹੇ ਸਨਉਤੇਜਤ ਕਰਨ ਲਈ ਹਰ ਸੰਭਵ ਸਮਾਨ ਵਰਤਿਆ ਜਾ ਰਿਹਾ ਸੀਮੈਥੋਂ ਰਿਹਾ ਨਹੀਂ ਸੀ ਜਾ ਰਿਹਾ, ਸਬਰ ਟੁੱਟ ਰਿਹਾ ਸੀ, ਹਾਰ ਕੇ ਮੈਂ ਹਨੂਮਾਨ ਧਿਆਉਣ ਲੱਗ ਪਿਆ ਤੇ ਚੌਪਈ ਦਾ ਪਾਠ ਕਰਨ ਲੱਗਾਤਦ ਹੀ ਪਤਾ ਲੱਗਾ ਜਦ ਸਕਰੀਨ ਤੇ ਇਕ ਠੱਪਾ ਲੱਗ ਗਿਆ:

"ਤੁਹਾਡੇ ਕੰਪਿਊਟਰ ਤੇ ਜ਼ਬਰਦਸਤ ਮਾਰੂ ਹਮਲਾ ਹੋਇਆ ਹੈ, ਇਸਨੂੰ ਬਚਾਉਣ ਲਈ ਸਾਡੇ ਵਾਇਰਸਨਾਸ਼ਕ ਦੇ ਗਾਹਕ ਬਣੋ, ਭੇਟਾ ਸਿਰਫ 9.99 ਡਾਲਰ, ਅਜ਼ਮਾਇਸ਼ ਮੁਫਤ। "

ਮੇਰੀ ਨੀਲੀ ਦੁਨੀਆ ਯਕਾ ਯਕ ਠੱਪ ਹੋ ਗਈਤਣਿਆ ਹੋਇਆ ਤਨ ਮਨ ਝੂਠਾ ਪੈ ਗਿਆਲਾਚਾਰ ਜਿਹਾ ਹੋਇਆ ਇਕ ਵਾਰੀ ਤਾਂ ਮੈਂ ਲੂਣ ਪਏ ਗੰਡੋਏ ਵਾਂਗ ਤੜਫਿਆ, ਪਰ ਆਪਣੇ ਆਪ ਨੂੰ ਸੰਭਾਲ ਲਿਆ

-----

ਮੈਂ ਕੰਪਿਊਟਰੀ ਤਜਰਬੇ ਦੌਰਾਨ ਬਥੇਰੀਆਂ ਖਾਧੀਆਂ ਪੀਤੀਆਂ ਹਨਮੈਨੂੰ ਪਤਾ ਸੀ ਇਹ ਗਿੱਦੜਭਬਕੀ ਹੈ, ਜੇ ਕੋਈ ਮਾਰੂ ਹਮਲਾ ਹੋਇਆ ਹੈ ਤਾਂ ਇਸ ਲੁੱਚੀ ਸਾਈਟ ਦਾ ਹੀ ਕਾਰਾ ਹੈਇਸ ਠੱਪੇ ਨੂੰ ਬੰਦ ਕਰਨ ਲਈ ਅਨੇਕਾਂ ਵਾਰੀ ਮੈਂ ਇਸਦੇ ਕਾਟੇ ਤੇ ਕਲਿੱਕ ਕੀਤਾ ਪਰ ਇਹ ਢੀਠ ਬਹਿੰਕੜ ਬੌਲਦ ਵਾਂਗ ਜ਼ਿੱਦ ਕਰਕੇ ਬੈਠ ਗਿਆ, ਟੱਸ ਤੋਂ ਮੱਸ ਨਾ ਹੋਵੇਸਾਡਾ ਵਾਇਰਸਨਾਸ਼ਕ ਖਰੀਦੋ ਤਾਂ ਉਠਾਂਗਾਪਰ ਕੁਝ ਚਿਰ ਪਿਛੋਂ ਪਤਾ ਨਹੀਂ ਇਸ ਦੇ ਆਪਣੇ ਹੀ ਮਨ ਸੁਮੱਤਿਆ ਆਈ, ਇਹ ਛਪਨ ਹੀ ਹੋ ਗਿਆਮੈਂ ਸੁਖ ਦਾ ਸਾਹ ਲਿਆ ਕਿ ਅਚਾਨਕ ਕੰਪਿਊਟਰ ਚੋਂ ਸੰਦੇਸ਼ਾ ਮਿਲਿਆ,"ਤੁਹਾਡੀ ਮੇਲ ਆਈ ਹੈ।" ਮੈਂ ਆਪਣੀ ਈਮੇਲ ਚੈੱਕ ਕਰਨ ਲੱਗ ਪਿਆਪੰਜਾਬ ਤੋਂ ਇਕ ਦੋਸਤ ਦਾ ਸੁਨੇਹਾ ਸੀ ਕਿ ਉਸਨੇ ਮੇਰੇ ਕਹਿਣ ਤੇ ਕਿਸੇ ਬੰਦੇ ਹੱਥ ਕੁਝ ਦੇਸੀ ਦਵਾਈਆਂ ਭੇਜ ਦਿੱਤੀਆਂ ਹਨਉਹ ਬੰਦਾ ਮੇਰੇ ਹੀ ਸ਼ਹਿਰ ਰਹਿੰਦਾ ਹੈ ਤੇ ਉਸਦਾ ਪਤਾ ਵੀ ਲਿਖ ਭੇਜਿਆ ਸੀ

-----

ਈਮੇਲ ਬੰਦ ਕਰਕੇ ਮੈਂ ਬੰਦੇ ਦੇ ਘਰ ਦੀਆਂ ਡਾਇਰੈਕਸ਼ਨਾਂ ਲੈਣ ਲਈ ਆਪਣੇ ਵਲੋਂ ਯਾਹੂ ਮੈਪ ਕਲਿਕ ਕੀਤਾ ਪਰ ਨਿਕਲ ਆਇਆ ਯਾਹੂ ਨਿਊਜ਼ਬੱਸ ਫਿਰ ਕੀ ਸੀ ਖਬਰਾਂ ਪੜ੍ਹਦਾ ਪੜ੍ਹਦਾ ਮੈਂ ਚੰਦ ਵਾਲੀ ਖਬਰ ਤੇ ਫਿਰ ਧਰਤੀ ਹੇਠਲੇ ਪਾਣੀ ਵਾਲੀ ਖ਼ਬਰ ਤੇ ਚਲਾ ਗਿਆਗੱਲ ਕੀ ਵਾੜ ਕਰੇਲਿਆਂ ਦੇ ਬੀਅ ਢੂੰਡਣ ਗਿਆ ਮੈਂ ਕਈ ਗਲੀਆਂ ਕੁੰਜ-ਗਲੀਆਂ ਚੋਂ ਲੰਘਦਾ ਨਾਸਾ ਤੇ ਪਹੁੰਚ ਗਿਆਮੋਹਨ ਸਿੰਘ ਦੇ ਗੀਤ ਦੇ ਬੋਲ ਯਾਦ ਆਏ: ਆਇਆ ਨੀ ਖੌਰੇ ਅੰਬਰ ਘੁੰਮ ਘੁੰਮ ਕਿਹੜੇ

-----

ਸੋਚਣ ਲਗਾ ਮੈਂ ਅੱਠ ਘੰਟੇ ਇੰਟਰਨੈੱਟ ਤੇ ਗਾਲ ਦਿਤੇ, ਕੀ ਲੱਭਾ? ਸਾਡੀ ਲੋਕ ਬੋਲੀ ਵਿੱਚ ਪਾਏ ਜਾਂਦੇ ਸਵਾਲ, ਬਾਰੀਂ ਬਰਸੀ ਖਟਣ ਗਿਆ ਸੀ, ਕੀ ਖਟ ਲਿਆਇਆ? ਦਾ ਜਵਾਬ ਬਹੁਤ ਤੁਛ ਜਿਹੀ ਚੀਜ਼ ਹੁੰਦਾ ਹੈਸ਼ਾਇਦ ਏਹੀ ਹਾਲ ਇੰਟਰਨੈੱਟ ਦਾ ਹੈਮੈਂ ਕਿਧਰ ਕਿਧਰ ਗਿਆ ਪਰ ਕਿਸੇ ਚੀਜ਼ ਦਾ ਲੜ ਸਿਰਾ ਨਹੀਂ ਫੜਿਆਬਾਹਰ ਮੀਂਹ ਵਰ੍ਹਦਾ ਹੈ ਜਾਂ ਸੁੱਕ ਪਕਾ ਹੈ, ਹੁਣ ਸਵੇਰ ਹੈ ਜਾਂ ਸ਼ਾਮ, ਘਰ ਕੌਣ ਆਇਆ ਕੌਣ ਗਿਆ, ਕੋਈ ਸੁਰਤ ਨਹੀਂਬੱਸ ਮਊਸ ਦੇ ਪਿਛੇ ਲੱਗ ਗੁਬਾਰੇ ਵਾਂਗ ਪਰਵਾਜ਼ ਭਰਦਾ ਸੁੰਨੇ ਅਕਾਸ਼ ਦੇ ਰਕਬੇ ਤਰਦਾ ਰਿਹਾਮਊਸ ਵਿਚਾਰੇ ਦਾ ਵੀ ਕੀ ਦੋਸ਼ ਉਹ ਤਾਂ ਜਦ ਵੀ ਮੈਂ ਉਸ ਤੇ ਉਂਗਲੀ ਦੱਬਦਾ ਸੀ ਕਹਿੰਦਾ ਸੀ 'ਟਿਕ', ਬਸ ਮੈਂ ਆਪ ਹੀ ਸਾਂ ਜੋ ਅਟਿਕ ਬਣਿਆ ਪਿਆ ਸਾਂਮਨੋ-ਚਕਿਤਸਕ ਕਹਿੰਦੇ ਹਨ ਕਿ ਇੰਟਰਨੈੱਟ ਦੀ ਮਟਰਗਸ਼ਤੀ ਸ਼ਰਾਬਨੋਸ਼ੀ ਵਾਂਗ ਇਕ ਗੰਭੀਰ ਮਨੋਰੋਗ ਬਣ ਚੁੱਕਾ ਹੈ ਤੇ ਮਨੋ-ਚਕਿਤਸਕਾਂ ਤੋਂ ਇਸਦਾ ਇਲਾਜ ਕਰਾਉਣਾ ਨਹਾਇਤ ਜ਼ਰੂਰੀ ਹੈਇੰਟਰਨੈੱਟ ਛੇੜ ਛਾੜ ਕਰਕੇ ਸਾਡਾ ਤੰਤੂ ਪ੍ਰਬੰਧ ਵਿਗਾੜੀ ਜਾ ਰਿਹਾ ਹੈ, ਸਾਡੀ ਯਾਦਦਾਸ਼ਤ ਨੂੰ ਨਵੀਂ ਤਰਤੀਬ ਦੇ ਰਿਹਾ ਹੈਇਸ ਸੂਰਤੇ-ਹਾਲ ਵਿੱਚ ਉਡਦਿਆਂ ਨੂੰ ਫੜਨ ਫੜਨ ਕਰਦਾ ਚਿੱਤ ਕਿਸੇ ਚੀਜ਼ ਤੇ ਇਕਾਗਰ ਨਹੀਂ ਹੋ ਸਕਦਾਗੂਗਲ ਤੇ ਹੋਰ ਖੋਜ ਇੰਜਣਾਂ ਦੇ ਆਪਣੇ ਸੁਆਰਥੀ ਹਿਤ ਹਨ: ਜਿੰਨਾ ਜ਼ਿਆਦਾ ਭਟਕੋਗੇ ਓਨੇ ਇਨ੍ਹਾਂ ਦੇ ਇਸ਼ਤਿਹਾਰਾਂ ਦੇ ਮਾਇਆਜਾਲ ਵਿੱਚ ਖਚਿਤ ਹੁੰਦੇ ਜਾਵੋਗੇਤੁਸੀਂ ਕਦੀ ਤਾਂ ਕਿਸੇ ਇਸ਼ਤਿਹਾਰ ਤੋਂ ਭਰਮਾਏ ਹੀ ਜਾਵੋਗੇਇਨ੍ਹਾਂ ਖੋਜ ਇੰਜਣਾਂ ਦੇ ਪੌਂ ਬਾਰਾਂ ਰਹਿਣੇ ਹਨਅਜਿਹੀ ਅਸਗਾਹ ਭਟਕਣ ਵਿੱਚ ਤੁਸੀਂ ਤਾਲਸਤਾਇ ਦੇ 'ਜੰਗ ਤੇ ਅਮਨ' ਜਾਂ ਭਾਈ ਵੀਰ ਸਿੰਘ ਦੇ 'ਭਾਈ ਨੌਧ ਸਿੰਘ' ਜਿਹੀਆਂ ਗੰਭੀਰ ਤੇ ਲੰਮੀਆਂ ਲਿਖਤਾਂ ਨਹੀਂ ਪੜ੍ਹ ਸਕਦੇ

-----

ਮੈਂ ਭਰਜਾਈ ਨੂੰ ਚਾਹ ਦਾ ਕੱਪ ਫੜਾਉਣ ਲੱਗਿਆ ਪਰ ਉਸਦੀਆਂ ਪਾੜਖਾਣੀਆਂ ਅੱਖਾਂ ਦੀ ਤਾਬ ਨਾ ਝੱਲ ਸਕਿਆਮੈਂ ਨੀਵੀਂ ਪਾ ਲਈਉਸਨੇ ਚਾਹ ਦਾ ਕੱਪ ਫੜਦਿਆਂ ਹੀ ਮੇਜ਼ ਤੇ ਰੱਖ ਦਿੱਤਾਜੀਅ ਕੀਤਾ ਉਸਦੇ ਅੱਗੇ ਡੰਡੌਤ ਕਰਾਂ ਤੇ ਹੁਣੇ ਉਸਦੇ ਸਾਹਮਣੇ ਵਾੜ ਕਰੇਲੇ ਦੇ ਬੀਆਂ ਦਾ ਆਰਡਰ ਦੇ ਦੇਵਾਂਪਰ ਉਸਨੇ ਆਪਣਾ ਪਰਸ ਖੋਲ੍ਹ ਲਿਆ ਤੇ ਫਿਰ ਉਸ ਵਿਚੋਂ ਇਕ ਹੋਰ ਛੋਟਾ ਪਰਸ ਕਢ ਲਿਆਉਸਨੂੰ ਖੋਲ੍ਹਕੇ ਬੱਲਾ ਰੱਤੇ ਇਕ ਕਾਗਜ਼ ਦੀ ਪੁੜੀ ਕੱਢ ਲਈਪਤਾ ਨਹੀਂ, ਜੀਉ ਡਰਤੁ ਹੈ, ਆਖਰੀ ਮੇਲਾ ਜਿਹਾ ਕੁਝ ਲਿਖਿਆ ਹੋਵੇਗਾ ਇਸ ਉੱਤੇਕਾਗਜ਼ ਦੀ ਪੁੜੀ ਖੋਲ੍ਹਕੇ ਮੇਰੀਆਂ ਅੱਖਾਂ ਦੇ ਸਾਹਮਣੇ ਕਰਦਿਆਂ ਹੋਇਆਂ ਆਖਿਓਸ,"ਕੀ ਤੈਨੂੰ ਜ਼ਿੰਦਗੀ ਵਿਚ ਇਕ ਵਾਰ ਇਕ ਛੋਟਾ ਜਿਹਾ ਕੰਮ ਕਹਿ ਬੈਠੀਕੰਨਾਂ ਨੂੰ ਹੱਥ ਲਾਏ ਜੇ ਮੁੜਕੇ ਤੈਨੂੰ ਕੁਝ ਆਖ ਜਾਵਾਂਮੇਰੀਆਂ ਸਹੇਲੀਆਂ ਕਈ ਦਰਜੇ ਚੰਗੀਆਂਕੁਲਦੀਪ ਇੰਡੀਆ ਤੋਂ ਮੁੜੀ ਹੈ ਕੱਲ੍ਹ ਤੇ ਉਸਨੇ ਵਾੜ ਕਰੇਲਿਆਂ ਦੇ ਬੀਅ ਲਿਆਂਦੇ ਹਨਆਹ ਦੇਖ, ਦੋ ਬੀਅ ਮੈਨੂੰ ਵੀ ਦੇ ਦਿੱਤੇ ਹਨਤੇਰੇ ਭਰੋਸੇ ਰਹਿੰਦੀ ਤਾਂ ਮੈਂ ਵੱਤ ਹੀ ਲੰਘਾ ਦੇਣੀ ਸੀ।" ਪੁੜੀ ਚ ਪਏ ਲਾਲਾਂ ਜਿਹੇ ਦੋ ਬੀਅ ਮੇਰੇ ਵੱਲ ਘੂਰ ਰਹੇ ਸਨ


No comments: