ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, September 8, 2009

ਕੇਹਰ ਸ਼ਰੀਫ਼ - ਪੰਜਾਬੀ ਦੀ ਖੱਟੀ - ਲੇਖ

ਪੰਜਾਬੀ ਦੀ ਖੱਟੀ

ਲੇਖ

ਅੱਜ ਦਾ ਜ਼ਮਾਨਾ ਉਸ ਪੜਾਅ ਤੇ ਪਹੁੰਚ ਗਿਆ ਹੈ ਜਿੱਥੇ ਨਵੀਆਂ ਕਦਰਾਂ-ਕੀਮਤਾਂ ਦਾ ਅਧਾਰ ਆਮ ਕਰਕੇ ਮੁਨਾਫ਼ਾ ਹੀ ਮਿਥਿਆ ਜਾ ਰਿਹਾ ਹੈਭਾਵੇਂ ਕੁੱਝ ਲੋਕ ਇਸ ਪ੍ਰਵਿਰਤੀ ਤੋਂ ਸਦਾ ਹੀ ਦੂਰ ਰਹਿਣਗੇ, ਪਰ ਆਮ ਸੋਚ ਦੀ ਗੱਲ ਕਰਨੀ ਹੋਵੇ ਤਾਂ ਉਹ ਆਪਣੇ ਆਪੇ ਦੁਆਲੇ ਹੀ ਘੁੰਮਦੀ ਨਜ਼ਰ ਆਵੇਗੀਗੱਲ ਜਿਵੇਂ ਕਿਵੇਂ ਅੱਗਾ ਸੁਆਰਨ ਦੀ ਹੋਵੇ, ਵੱਧ ਕਮਾਈ ਵਾਲੇ ਕੰਮ-ਕਾਰ ਜਾਂ ਧੰਦੇ ਅਪਨਾਉਣ ਦੀ ਹੋਵੇ, ਕਿਸੇ ਦਾ ਹੱਕ ਮਾਰ ਕੇ ਧਨ ਦੇ ਉੱਚੇ ਅੰਬਾਰ ਲਾਉਣ ਦੀ ਹੋਵੇ, ਮਾੜੇ ਕੰਮਾਂ ਦੇ ਆਸਰੇ ਵੀ ਸਮਾਜ ਅੰਦਰ ਨਾਂ ਬਣਾਉਣ ਦਾ ਭਰਮ ਪਾਲਣ ਦੀ ਹੋਵੇ ਆਦਿਜਿਹੜਾ ਅੱਜ ਵੀ ਉੱਚੇ-ਸੁੱਚੇ ਇਖ਼ਲਾਕ ਅਤੇ ਵਿਰਸੇ ਵਿਚੋਂ ਮਿਲੇ ਚੰਗੇਪਨ ਨੂੰ ਅਪਨਾਉਣ ਅਤੇ ਸੁਥਰਾ ਜੀਵਨ ਜੀਊਣ ਦੀ ਗੱਲ/ਖ਼ਾਹਿਸ਼ ਕਰਦਾ ਹੈ ਜਾਂ ਉਸ ਉੱਤੇ ਅਮਲ ਕਰਦਾ ਹੈ ਉਸਨੂੰ ਬੇਗਾਨਿਆਂ ਵਲੋਂ ਹੀ ਨਹੀਂ ਸਗੋਂ ਆਪਣਿਆਂ ਹੱਥੋਂ ਹੀ ਨਿੱਤ ਸ਼ਰੇਆਮ ਖੱਜਲ-ਖੁਆਰ ਅਤੇ ਜ਼ਲੀਲ ਹੁੰਦੇ ਦੇਖਿਆ ਜਾ ਸਕਦਾ ਹੈਇਹ ਆਧੁਨਿਕ ਯੁੱਗ ਅੰਦਰ ਸਿਰਜੇ ਜਾ ਰਹੇ ਨਵੇਂ ਮੁਨਾਫ਼ਾਖੋਰ ਸੱਭਿਆਚਾਰਦਾ ਹੀ ਅਟੁੱਟ ਅੰਗ ਕਿਹਾ ਜਾ ਸਕਦਾ ਹੈਜਿੱਥੇ ਹਰ ਕਿਸਮ ਦੀ ਧੌਂਸ/ਧੱਕੇ ਨੂੰ ਲਿਆਕਤਵਜੋਂ ਲਿਆ ਜਾਂਦਾ ਹੈਜਿੱਥੇ ਕਈ ਵਾਰ ਗਊ ਨਾਲੋਂ ਗਧਾ ਵਧੀਆ ਗਿਣਿਆ ਜਾਂਦਾ ਹੈਹਾਲਾਂਕਿ ਇਹ ਵਰਤਾਰਾ ਪੰਜਾਬੀ ਸੱਭਿਆਚਾਰਕ ਰਹੁ-ਰੀਤਾਂ ਅਤੇ ਪੰਜਾਬੀ ਜੀਊਣ ਢੰਗ ਦੇ ਵਿਰੋਧ ਵਿਚ ਜਾਂਦਾ ਹੈ

-----

ਪੰਜਾਬੀਆਂ (ਚੜ੍ਹਦੇ-ਲਹਿੰਦੇ) ਦੀ ਮਾਂ ਬੋਲੀ ਪੰਜਾਬੀ ਹੈ ਅਤੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੀ ਕਾਫੀ ਗਿਣਤੀ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਅੰਦਰ ਵੀ ਵਸਦੀ ਹੈਇਸ ਜ਼ੁਬਾਨ ਦੇ ਮੁੱਦਈ, ਇਸ ਦੇ ਵਿਕਾਸ ਵਾਸਤੇ ਕੰਮ ਕਰਨ ਵਾਲੇ, ਇਸ ਦੀ ਕਲਮਾਂ ਨਾਲ ਸੇਵਾ ਕਰਨ ਵਾਲੇ ਹਰ ਹੀਲੇ ਜਤਨ ਕਰਦੇ ਹਨ ਕਿ ਉਨ੍ਹਾਂ ਦੀ ਜ਼ੁਬਾਨ ਦੁਨੀਆਂ ਦੀਆਂ ਹੋਰ ਵਿਕਸਤ ਜ਼ੁਬਾਨਾਂ ਨਾਲ ਕਦਮ ਮਿਲਾ ਕੇ ਤੁਰੇ ਅਤੇ ਉਨ੍ਹਾਂ ਦੀ ਬੋਲੀ ਤੇ ਭਾਸ਼ਾ ਦਾ ਹਰ ਥਾਵੇਂ ਸਤਿਕਾਰ ਹੋਵੇ

-----

ਬਹੁਤ ਸਾਰੇ ਆਪਣੇ ਵਿਤੋਂ ਬਾਹਰੇ ਹੋ ਕੇ ਬਿਨਾਂ ਕਿਸੇ ਲੋਭ/ਲਾਲਚ ਤੋਂ, ਸਾਧਨ ਵਿਹੂਣੇ ਹੋਣ ਦੇ ਬਾਵਜੂਦ ਵੀ ਹਰ ਹੀਲੇ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੀ ਮਾਂ ਬੋਲੀ ਦੀ ਸੇਵਾ ਖ਼ਾਤਿਰ ਜੋ ਕੁੱਝ ਵੀ ਕਰ ਸਕਦੇ ਹੋਣ ਕਰਨ ਅਤੇ ਉਹ ਕਰਦੇ ਵੀ ਹਨਇਸ ਤਰ੍ਹਾਂ ਉਹ ਮਾਂ ਬੋਲੀ ਪ੍ਰਤੀ ਆਪਣੇ ਵਲੋਂ ਪੁੱਤਾਂ ਵਾਲੇ/ਜਮਾਂਦਰੂ ਫ਼ਰਜ਼ ਦੀ ਪਾਲਣਾ ਕਰਦੇ ਹਨਪੰਜਾਬੀ ਲੇਖਕਾਂ, ਪਾਠਕਾਂ ਜਾਂ ਅਦਬੀ ਪੱਖੋਂ ਕਿਸੇ ਤਰ੍ਹਾਂ ਵੀ ਇਸ ਦੀ ਸੇਵਾ ਕਰਨ ਵਾਲਿਆਂ ਨੂੰ ਨਕਾਰਿਆ ਨਹੀਂ ਜਾ ਸਕਦਾਭਾਵੇਂ ਕਿ ਸਰਕਾਰੀ ਪੱਧਰ ਉੱਤੇ ਅਜਿਹਾ ਨਹੀਂ ਹੁੰਦਾ, ਉੱਥੇ ਕਾਰਨ ਕੁੱਝ ਹੋਰ ਹੁੰਦੇ ਹਨਬਸਤੀਵਾਦੀ ਗੁਲਾਮੀ ਦੀ ਮਾਨਸਿਕਤਾ ਵਾਲੀ ਰਹਿੰਦ-ਖੂੰਹਦ ਦੇ ਸ਼ਿਕਾਰ, ਬੌਨੀ ਸੋਚ ਵਾਲੇ ਵੱਡੇ ਅਹੁਦਿਆਂ ਉੱਤੇ ਉੱਚੀਆਂ ਕੁਰਸੀਆਂ ਵਿਚ ਫਸੇ ਬੈਠੇ ਬੋਲੀ/ਭਾਸ਼ਾ ਦੇ ਮਹੱਤਵ ਨੂੰ ਜਾਣ-ਬੁੱਝ ਕੇ ਨਕਾਰਨ ਵਾਲੇ ਅਫਸਰਸ਼ਾਹੀ ਦੇ ਤਗਮਿਆਂ ਵਾਲਿਆਂ ਤੋਂ ਅਜਿਹੀ ਆਸ ਕੀਤੀ ਵੀ ਨਹੀਂ ਜਾ ਸਕਦੀਇਨ੍ਹਾਂ ਵਿਚੋਂ ਬਹੁਤੇ ਆਪਣੀ ਲਿਆਕਤ ਨਾਲ ਨਹੀਂ ਸਗੋਂ ਇਹ ਉਹ ਹੀ ਲੋਕ ਹੁੰਦੇ ਹਨ ਜੋ ਅਪਣਾ ਬੇਅਕਲੀ ਵਾਲਾ ਲੰਙ ਢਕਣ ਦੇ ਕਾਰਜ ਵਜੋਂ ਸਿਆਸਤ ਦਾ ਵਪਾਰ ਕਰ ਰਹੇ ਦੱਲੇ ਕਿਸਮ ਦੇ ਸਿਆਸਤਦਾਨਾਂਦੇ ਗੋਡੇ ਘੁੱਟ ਕੇ ਜਾਂ ਸੋਨੇ ਦੀ ਜੁੱਤੀ ਮਾਰ ਕੇ ਇਸ ਕੁਰਸੀ ਤੱਕ ਅੱਪੜੇ ਹੁੰਦੇ ਹਨਆਮ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦੀ ਕਦਰ ਤਾਸ਼ ਵਾਲੀ ਬਦਰੰਗ ਦੀ ਦੁੱਕੀ ਜਿੰਨੀ ਹੁੰਦੀ ਹੈਪਰ ਉਨ੍ਹਾਂ ਦੀ ਰਾਜਸੀ ਤੇ ਪ੍ਰਸ਼ਾਸਕੀ ਤਾਕਤ ਵਾਲੀ ਨਾਗ ਕੁੰਡਲੀ ਮਸਲਿਆਂ ਨੂੰ ਉਲਝਾਉਂਣ ਵਿਚ ਹੀ ਰੁੱਝੀ ਰਹਿੰਦੀ ਹੈਇਸੇ ਧਾਰਨਾ ਅਧੀਨ ਉਨ੍ਹਾਂ ਨੇ ਪੰਜਾਬੀ ਨੂੰ ਵੀ ਹੁਣ ਤੱਕ ਉਲਝਾਇਆ ਹੀ ਹੋਇਆ ਹੈਉਹ ਆਪਣੇ ਆਪ ਨੂੰ ਫੰਨੇ ਖਾਂ ਹੋਣ ਦੇ ਨਾਲ ਹੀ ਗਿਆਨਵਾਨ ਵੀ ਸਮਝਦੇ ਹਨ ਤੇ ਇੱਜਤਦਾਰ ਵੀ ਅਤੇ ਬਾਕੀਆਂ ਨੂੰ ਲੱਲੂ-ਪੰਜੂਆਪਣੀਆਂ ਇਨ੍ਹਾਂ ਕਰਤੂਤਾਂ ਕਰਕੇ ਹੀ ਉਹ ਪੰਜਾਬੀ ਦੇ ਕਪੁੱਤ ਕਹਾਉਣ ਦੇ ਹੱਕਦਾਰ ਬਣਦੇ ਹਨ

-----

ਸਮਾਜ ਪ੍ਰਤੀ ਆਪਣਾ ਕੋਈ ਫ਼ਰਜ਼ ਸਮਝਦੇ ਹੋਏ ਸੁਚੇਤ ਬੁੱਧੀ ਵਾਲੇ ਜਦੋਂ ਕਲਮ, ਬੁਰਸ਼ ਜਾਂ ਕੋਈ ਸਾਜ਼ ਹੱਥ ਫੜਕੇ (ਲੱਚਰਤਾ ਆਸਰੇ ਪਲਦੇ ਗੰਦੇ ਕੀੜੇ ਜੋ ਕਲਾਕਾਰ’ ‘ਫਨਕਾਰਹੋਣ ਦਾ ਦੰਭੀ ਭਰਮ ਪਾਲਦੇ ਹਨ ਉਹ ਇਨ੍ਹਾਂ ਵਿਚ ਸ਼ਾਮਲ ਨਹੀਂ ਹੁੰਦੇ) ਜ਼ਿੰਦਗੀ ਦੇ ਰੌਸ਼ਨ ਤੇ ਚੰਗੇਰੇ ਭਵਿੱਖ ਦਾ ਸੁੱਚਾ ਗੀਤ ਗਾਉਣ ਤੁਰਦੇ ਹਨ, ਲੋਕਾਂ ਦੇ ਮਨਾਂ ਅੰਦਰ ਨਵੀਂ ਚੇਤਨਾ ਜਗਾਉਣ ਦਾ ਹੋਕਾ ਦਿੰਦੇ ਹਨ ਅਤੇ ਆਪ ਖ਼ੁਦ ਸੁਚੇਤ ਤੌਰ ਤੇ ਜ਼ਿੰਦਗੀ ਲਈ ਪਿਆਰ ਪ੍ਰਗਟਾਉਂਦਿਆ ਜ਼ਿੰਦਗੀ ਦਾ ਸੁੱਚਾ ਗੀਤ ਗਾਉਂਦੇ ਲੋਕ ਕਾਫ਼ਲਿਆਂ ਦਾ ਅੰਗ ਬਣਦੇ ਹਨਜਿਸ ਦੇ ਆਸਰੇ ਨਵੀਂ ਕਿਸਮ ਦਾ ਸਭੈ ਸਾਂਝੀਵਾਲ ਸਦਾਇਣ.....ਵਾਲਾ ਲੋਕ ਭਾਈਚਾਰਾ ਸਿਰਜਦੇ/ਉਸਾਰਦੇ ਹਨਜਿਹੜਾ ਕੌਮਾਂ, ਧਰਮਾਂ, ਨਸਲਾਂ ਤੇ ਜਾਤਾਂ-ਪਾਤਾਂ ਵਾਲੇ ਝੂਠੇ ਤਾਣੇ-ਬਾਣੇ ਤੋਂ ਉੱਪਰ ਤੇ ਪਵਿੱਤਰ ਹੁੰਦਾ ਹੈ- ਲੇਖਕਾਂ ਦਾ ਭਾਈਚਾਰਾ, ਜੋ ਮੁਹੱਬਤਾਂ ਭਰੇ ਸਾਂਝੀਵਾਲਤਾ ਦੇ ਆਦਰਸ਼ਾਂ ਦਾ ਰਾਹ ਮੋਕਲ਼ਾ ਕਰਦਾ ਹੈਜਿਸਦੇ ਆਸਰੇ ਜ਼ਿੰਦਗੀ ਖ਼ੁਦ ਹਾਸਿਆਂ ਦਾ ਮਨਮੋਹਣਾ ਗੀਤ ਬਣ ਜਾਂਦੀ ਹੈ

-----

ਸੱਚ, ਇਨਸਾਫ਼ ਅਤੇ ਬਰਾਬਰੀ ਨੂੰ ਅਪਣਾਇਆ ਇਹ ਕਾਫ਼ਲਾ ਜਦੋਂ ਤੁਰਦਾ ਹੈ ਤਾਂ ਚਾਨਣ ਦਾ ਛੱਟਾ ਦਿੰਦਾ ਹੈਫੇਰ, ਦੁਨੀਆਂ ਅੰਦਰ ਹਨੇਰ ਡੋਲਦਾ ਤੇ ਬਦੀ ਕੰਬਦੀ ਹੈਜਦੋਂ ਲੋਕ ਚੇਤਨਾ ਵਿਗਸਦੀ ਹੈ ਤਾਂ ਉਨ੍ਹਾਂ ਅੰਦਰ ਚੰਗੇ ਮਾੜੇ ਦੀ ਪਰਖ ਕਰਨ ਦਾ ਰੁਝਾਨ ਜ਼ੋਰ ਫੜਦਾ ਹੈਲੋਕ ਦਲੀਲ ਭਰੇ ਨਵੇਂ ਸੋਚ ਢੰਗ ਦੇ ਆਸਰੇ ਤਰਕਵਾਦੀ ਹੋਣ ਲਗਦੇ ਹਨਇਸ ਅਮਲ ਦੇ ਸਿੱਟੇ ਵਜੋਂ ਜ਼ਿੰਦਗੀ ਉਸਾਰੀ ਵਾਲੇ ਪਾਸੇ ਕਦਮ ਪੁੱਟਦੀ ਹੈ

-----

ਇੰਨਾ ਕੁੱਝ ਹੋਣ ਦੇ ਬਾਵਜੂਦ ਪੰਜਾਬੀ ਦੇ ਬਹੁਤ ਸਾਰੇ ਲੇਖਕ ਇਹ ਵੀ ਆਖਦੇ ਸੁਣੀਂਦੇ ਹਨ ਕਿ ਦੱਸੋ ਜੀ ਮੈਂ ਪੰਜਾਬੀ ਵਿਚ ਲਿਖ ਕੇ ਕੀ ਖੱਟਿਆ? ਭਲਾਂ ਜੇ ਉਹ ਕਿਸੇ ਹੋਰ ਜ਼ੁਬਾਨ ਵਿਚ ਲਿਖਦੇ ਤਾਂ ਕੀ ਖੱਟਦੇ? ਜਾਂ ਫੇਰ ੳਹ ਕਿਸੇ ਹੋਰ ਜ਼ੁਬਾਨ ਵਿਚ ਲਿਖਣ ਦੇ ਯੋਗ ਵੀ ਹਨ? ਇਹ ਉਹ ਨਹੀਂ ਦੱਸਦੇਇਹ ਕੁੱਝ ਕਹਿਣ ਤੋਂ ਪਹਿਲਾਂ ਉਹ ਨਹੀਂ ਸੋਚਦੇ ਕਿ ਆਪਣੀ ਮਾਂ, ਮਾਂ ਬੋਲੀ ਪ੍ਰਤੀ ਵੀ ਸੁਚੇਤ ਇਨਸਾਨ ਦਾ ਕੋਈ ਫ਼ਰਜ਼ ਵੀ ਹੁੰਦਾ ਹੈਜਿਹੜਾ ਆਪਣੀ ਮਾਂ ਦੇ ਚੁੰਘੇ ਹੋਏ ਪਵਿੱਤਰ ਦੁੱਧ ਦੀ ਲਾਜ ਵੀ ਨਾ ਪਾਲੇ, ਉਹ ਕਾਹਦਾ ਇਨਸਾਨ ਤੇ ਕਾਹਦਾ ਪੁੱਤ ਹੋਇਆ, ਲੇਖਕ ਤਾਂ ਹੋਣਾ ਹੀ ਕਿੱਥੋਂ ਹੋਇਆ?

-----

ਜਿਹੜੇ ਬੁੱਧੀਮਾਨ ਲੋਕ ਆਪਣੀ ਮਾਂ ਬੋਲੀ ਵਿਚ ਲਿਖਦੇ ਹਨ ਉਹ ਜਾਣਦੇ ਹਨ ਕਿ ਜਿਹੜਾ ਇੱਜਤ-ਮਾਣ ਉਨ੍ਹਾਂ ਦਾ ਲੇਖਕ ਦੇ ਤੌਰ ਤੇ ਹੈ ਉਹ ਉਨ੍ਹਾਂ ਦੀ ਬੋਲੀ/ਭਾਸ਼ਾ (ਇਹ ਹਰ ਜ਼ੁਬਾਨ ਬਾਰੇ ਸਰਵ ਸਾਂਝਾ ਪ੍ਰਵਾਨਿਤ ਵਰਤਾਰਾ ਹੈ) ਕਰਕੇ ਹੀ ਹੈ, ਜਿਸ ਵਿਚ ਲਿਖ ਕੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਨੂੰ ਪ੍ਰਭਾਵਿਤ ਕੀਤਾਜਿੱਥੇ ਗਰੀਬੀ-ਅਮੀਰੀ ਨਾਲੋਂ ਰਚਨਾ ਅੱਗੇ ਹੋ ਕੇ ਬੋਲਦੀ ਹੈਸਰਕਾਰੀ ਪੱਧਰ ਜਾਂ ਹਲਕਿਆਂ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਉੱਥੇ ਤਾਂ ਅੰਨ੍ਹੀ ਪੀਂਹਦੀ ਐ ਤੇ ਕੁੱਤੇ ਚੱਟਦੇ ਐਪੁੱਤੋਂ, ਕਪੁੱਤ ਹੋ ਗਏ ਮਰੀ ਨੈਤਿਕਤਾ ਵਾਲਿਆਂ ਤੋਂ ਇਸ ਨਾਲੋਂ ਵੱਖਰੇ ਅਮਲ ਦੀ ਆਸ ਵੀ ਨਹੀਂ ਕੀਤੀ ਜਾ ਸਕਦੀਜਿਹੜੇ ਆਪਣੀ ਮਾਂ ਜਾਂ ਮਾਂ ਬੋਲੀ ਦੇ ਨਾਂ ਚਾਰ ਛਿੱਲੜਾਂ ਬਦਲੇ ਬੇਦਾਵਾ ਲਿਖ ਗਏ ਹੋਣ ਉਨ੍ਹਾਂ ਨੂੰ ਪੁੱਤ ਨਹੀਂ ਕਪੁੱਤ ਹੀ ਕਿਹਾ ਜਾ ਸਕਦਾ ਹੈ

----

ਜਦੋਂ ਵੀ ਅਸੀਂ ਆਪਣੀ ਬੋਲੀ ਦੇ ਮਾਣ ਮੱਤੇ ਹੀਰਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਉਨ੍ਹਾਂ ਲੇਖਕਾਂ ਦਾ ਨਾਂ ਬੋਲਦਾ ਹੈ ਜੋ ਆਪਣੀਆਂ ਲਿਖਤਾਂ ਨਾਲ ਸਮਾਜ ਅੰਦਰ ਬਹੁਤ ਉੱਚਾ ਸਥਾਨ ਪ੍ਰਾਪਤ ਕਰ ਗਏ ਹਨਜਿਨ੍ਹਾਂ ਉਮਰ ਭਰ ਗੁਰਬਤ ਹੰਢਾਉਂਣੀ ਤਾਂ ਕਬੂਲ ਕਰ ਲਈ ਪਰ ਆਪਣੀ ਮਾਂ ਦੇ ਚੁੰਘੇ ਦੁੱਧ ਦੀ ਲਾਜ ਪਾਲੀ/ਕਰਜ਼ ਉਤਾਰਿਆਉਨ੍ਹਾਂ ਆਪਣੀ ਮਿਹਨਤ ਨਾਲ ਮਾਇਕ ਪੱਖੋਂ ਭਾਵੇਂ ਨਹੀਂ ਪਰ ਸਮਾਜੀ ਤੇ ਇਖ਼ਲਾਕੀ ਪੱਖੋਂ ਬਹੁਤ ਕਮਾਈ ਕੀਤੀ ਉਹ ਭਾਵੇਂ ਬਾਵਾ ਬਲਵੰਤ ਹੋਵੇ, ਨੰਦ ਲਾਲ ਨੂਰਪੁਰੀ ਹੋਵੇ, ਸੰਤੋਖ ਸਿੰਘ ਧੀਰ ਹੋਵੇ, ਗੁਰਦਾਸ ਰਾਮ ਆਲਮ ਹੋਵੇ, ਸੰਤ ਰਾਮ ਉਦਾਸੀ ਹੋਵੇ, ਲਾਲ ਸਿੰਘ ਦਿਲ ਹੋਵੇ ਆਦਿ ਨਾਵਾਂ ਦੀ ਲਾਈਨ ਲੰਬੀ ਹੈਇਸੇ ਤਰ੍ਹਾਂ ਲਹਿੰਦੇ ਪੰਜਾਬ ਵਲੋਂ ਉਸਤਾਦ ਦਾਮਨ, ਫਰਜ਼ੰਦ ਅਲੀ ਤੇ ਬਾਬਾ ਨਜ਼ਮੀ ਆਦਿ ਅਤੇ ਹੋਰ ਬਹੁਤ ਸਾਰੇ ਵੀ ਹੋਣਗੇ ਜਿਨ੍ਹਾਂ ਨੂੰ ਚੜ੍ਹਦੇ ਪੰਜਾਬ ਦੀ ਨਵੀਂ ਪੀੜ੍ਹੀ ਜਾਣਦੀ ਨਾ ਹੋਵੇਪ੍ਰਦੇਸੀਂ ਵਸਦੇ ਪੰਜਾਬੀਆਂ ਨੇ ਵੀ ਆਪਣੇ ਵਿਤ ਮੁਤਾਬਿਕ ਆਪਣੀ ਮਾਂ ਬੋਲੀ ਦੇ ਵਿਕਾਸ ਅਤੇ ਸੇਵਾ ਵਿਚ ਬਣਦਾ ਹਿੱਸਾ ਪਾਇਆ ਅਤੇ ਪਾਈ ਜਾ ਰਹੇ ਹਨਗੱਲ ਤਾਂ ਸਾਧਨ ਵਿਹੂਣੇ ਹੋਣ ਦੇ ਬਾਵਜੂਦ ਵੀ ਆਪਣੇ ਖ਼ੂਨ ਨਾਲ ਦੀਵਾ ਬਾਲ ਕੇ ਜੱਗ ਰੌਸ਼ਨ ਕਰਨ ਦੀ ਹੁੰਦੀ ਹੈ, ਇਹਦੇ ਵਾਸਤੇ ਮਨੁੱਖ ਕੋਲ ਸਭ ਤੋਂ ਪਹਿਲਾਂ ਦਿਲ-ਗੁਰਦਾ ਚਾਹੀਦਾ ਹੈਇਨ੍ਹਾਂ ਸੂਝ ਵਾਲੇ ਸਿਰੜੀ ਕਲਮਕਾਰਾਂ ਦੀ ਕੀਤੀ ਸੱਚੀ ਤੇ ਸੁੱਚੀ ਕ੍ਰਿਤ-ਕਮਾਈ ਦੇ ਸਾਹਮਣੇ ਕਿਸੇ ਲੱਖਪਤੀ ਜਾਂ ਕਰੋੜਪਤੀ ਦਾ ਨਾਂ ਵੀ ਨਿਗੂਣਾ ਜਿਹਾ ਲਗਦਾ ਹੈ

-----

ਦੁਨੀਆਂ ਅੰਦਰ ਵਸਦੇ ਪੰਜਾਬੀ ਹਰ ਥਾਵੇਂ ਸਭਾ-ਸਭਾਵਾਂ, ਸੰਸਥਾਵਾਂ ਕਾਇਮ ਕਰਕੇ ਆਪਣੇ ਸੂਰਮਿਆਂ, ਸਿਆਣਿਆਂ ਦਾ ਮਾਣ ਵੀ ਕਰਦੇ ਹਨਵੱਖੋ-ਵੱਖ ਥਾਵਾਂ ਤੋਂ ਮਿਲ ਬੈਠਣ ਦੇ ਸੱਦਾ ਪੱਤਰ ਵੀ ਮਿਲਦੇ ਹਨਲੇਖਕ ਆਪਣੀ ਕਲਮ ਦੇ ਆਸਰੇ ਦੁਨੀਆਂ ਗਾਹ ਮਾਰਦਾ ਹੈਜਿੱਥੇ ਵੀ ਪਹੁੰਚਦਾ ਹੈ ਲੋਕ ਹੱਥਾਂ ਤੇ ਚੁੱਕਦੇ ਹਨ, ਪਲਕੀਂ ਛਾਵਾਂ ਕਰਦੇ ਹਨਪ੍ਰਦੇਸੀਂ ਵਸਦੇ ਵੀ ਆਪੋ-ਵਿੱਚੀਂ ਸਬੰਧਤ ਰਹਿੰਦੇ ਹਨਇਕ-ਦੂਜੇ ਮੁਲਕੀਂ ਜਾਣ ਲੱਗਿਆਂ ਨਾ ਰੋਟੀ ਪਾਣੀ ਦਾ ਫ਼ਿਕਰ ਨਾ ਰਿਹਾਇਸ਼ ਦਾਫੋਨ ਕੀਤਾ ਤੇ ਉੱਥੇ ਜਾ ਪਹੁੰਚੇਮਹਿਫ਼ਿਲਾਂ ਜੁੜਦੀਆਂ ਹਨ, ਬਹਿਸਾਂ ਹੁੰਦੀਆਂ ਹਨਬੇਗਾਨੇ ਮੁਲਕ ਵਿਚ ਘਰ ਵਰਗਾ ਖਾਣਾ, ਭਾਈਚਾਰੇ ਦੀ ਘਾਟ ਵੀ ਨਹੀਂ ਰੜਕਦੀਉਸ ਮੁਲਕ ਬਾਰੇ ਗਿਆਨ ਪ੍ਰਾਪਤ ਕਰਨ ਦਾ ਸੌਖਾ ਸਾਧਨ

-----

ਆਪਣੇ ਰਿਸ਼ਤੇਦਾਰਾਂ ਦੇ ਆਇਆਂ ਤੋਂ ਤਾਂ ਭਾਵੇਂ ਕੋਈ ਤੱਤਾ-ਭੱਬਾ ਕਰੇ ਪਰ ਲੇਖਕ ਪਾਠਕ ਘੇਰੇ ਵਿਚੋਂ ਜੁੜੇ ਕਿਸੇ ਕਲਮਾਂ ਵਾਲੇ ਨੂੰ ਹੱਸ ਕੇ ਜੀ ਆਇਆਂ ਆਖਦੇ ਹਨਵਿਤੋਂ ਬਾਹਰੀ ਆਉ ਭਗਤ ਕਰਦੇ ਹਨਇਹ ਸਭ ਪੰਜਾਬੀ ਦੀ ਹੀ ਖੱਟੀ ਹੈਬਾਬਾ ਫਰੀਦ ਜੀ ਦੀ ਜ਼ੁਬਾਨ ਨਿਗੂਣੀ ਨਹੀਂਦੁਨੀਆਂ ਦੇ ਹਰ ਮੁਲਕ ਵਿਚ ਇਸਦੀ ਤੰਦ ਖਿਲਰੀ ਮਿਲਦੀ ਹੈਇਸ ਜ਼ੁਬਾਨ ਵਿਚ ਲਿਖਣਾਂ ਭਾਵੇਂ ਹਾਲ ਦੀ ਘੜੀ ਤੱਕ ਮੁਨਾਫ਼ੇ ਵਾਲਾ ਕੰਮ ਨਹੀਂ (ਜਿਸਦੇ ਪੰਜਾਬੀ ਖ਼ੁਦ ਹੀ ਜ਼ਿੰਮੇਵਾਰ ਹਨ) ਪਰ ਇੱਜ਼ਤ-ਮਾਣ ਪੱਖੋਂ ਹੋਈ/ਹੁੰਦੀ ਖੱਟੀ ਨੂੰ ਨਕਾਰਨਾ ਵੀ ਚੰਗਾ ਨਹੀਂਉਂਜ ਵੀ ਇਨ੍ਹਾਂ ਕਲਮਾਂ ਵਾਲਿਆਂ ਦੀਆਂ ਸਾਝਾਂ ਕਿਸੇ ਵੀ ਸਕੀਰੀ ਤੋਂ ਗੂੜ੍ਹੀਆਂ ਅਤੇ ਮੋਹ ਭਰੀਆਂ ਹੁੰਦੀਆਂ ਹਨਮੋਹ ਦੀ ਖੱਟੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ


No comments: