ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, October 8, 2009

ਸਵਰਨ ਸਿੰਘ ਟਹਿਣਾ - ਗ਼ੁਰਬਤ ਦਾ ਝੰਬਿਆ ਹੀ ਜਹਾਨੋਂ ਤੁਰ ਗਿਆ ਸਨਮੁੱਖ ਸਿੰਘ ਆਜ਼ਾਦ - ਲੇਖ

ਉੱਘੇ ਗੀਤਕਾਰ ਮਰਹੂਮ ਸਨਮੁੱਖ ਸਿੰਘ ਆਜ਼ਾਦ ਜੀ 22 ਸਤੰਬਰ, 2009 ਨੂੰ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।
********************************************
ਸਾਹਿਤਕ ਨਾਮ: ਸਵਰਨ ਸਿੰਘ ਟਹਿਣਾ

ਅਜੋਕਾ ਨਿਵਾਸ: ਜਲੰਧਰ ( ਨਵਾਂ ਜ਼ਮਾਨਾ ਅਖ਼ਬਾਰ ਚ ਸਬ-ਐਡੀਟਰ)

ਕਿਤਾਬਾਂ: 'ਅਹਿਸਾਸ' ਅਤੇ 'ਗੁਰਪਾਲ ਸਿੰਘ ਦਾ ਗਾਇਕੀ ਸਫ਼ਰ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਉਂ ਹੀ ਛਪੀਆਂ ਕਿਤਾਬਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਹੋਵੇਗੀ, ਅਪਡੇਟ ਕਰ ਦਿੱਤੀ ਜਾਏਗੀ।

ਦੋਸਤੋ! ਅੱਜ ਸਵਰਨ ਸਿੰਘ ਟਹਿਣਾ ਜੀ ਨੇ ਉੱਘੇ ਗੀਤਕਾਰ ਮਰਹੂਮ ਸਨਮੁੱਖ ਸਿੰਘ ਆਜ਼ਾਦ ਜੀ ਬਾਰੇ ਇੱਕ ਜਾਣਕਾਰੀ ਲੇਖ ਆਰਸੀ ਲਈ ਭੇਜ ਕੇ ਹਾਜ਼ਰੀ ਲਵਾਈ ਹੈ। ਆਜ਼ਾਦ ਸਾਹਿਬ 22 ਸਤੰਬਰ, 2009 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਆਰਸੀ ਪਰਿਵਾਰ ਵੱਲੋਂ ਸਵਰਨ ਜੀ ਨੂੰ ਜੀਅ ਆਇਆਂ ਨੂੰ ਆਖਦੀ ਹੋਈ ਅਤੇ ਆਜ਼ਾਦ ਸਾਹਿਬ ਦੀ ਕਲਮ ਨੂੰ ਸਲਾਮ ਕਰਦੀ ਅਤੇ ਵਿਛੜੀ ਆਤਮਾ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦੀ ਹੋਈ ਇਹ ਲੇਖ ਸ਼ਾਮਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

***********

ਮੇਰੀ ਮੌਤ ਤੇ ਨਾ ਰੋਇਓ...ਮੇਰੀ ਸੋਚ ਨੂੰ ਬਚਾਇਓ

ਲੇਖ

ਆਪਣੇ ਰੰਗ-ਬਰੰਗੇ ਗੀਤਾਂ ਜ਼ਰੀਏ ਦਰਜਨਾਂ ਗਾਇਕਾਂ ਦੀਆਂ ਤਕਦੀਰਾਂ ਬਦਲਣ ਵਾਲੇ ਪੰਜਾਬੀ ਗੀਤਕਾਰੀ ਦੇ ਮਾਣ ਸਨਮੁੱਖ ਸਿੰਘ ਅਜ਼ਾਦ ਦੇ ਵਿਛੋੜੇ ਨੇ ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸ਼ੁੱਭ-ਚਿੰਤਕਾਂ ਨੂੰ ਕਰਾਰਾ ਝਟਕਾ ਲਾਇਆ ਹੈ, ਉਥੇ ਕਲਾ ਦੇ ਵਣਜਾਰਿਆਂ ਦੀ ਸਰਕਾਰੇ-ਦਰਬਾਰੇ ਸੁਣਵਾਈ ਨਾ ਹੋਣ ਵਾਲੀ ਗੱਲ ਨੂੰ ਵੀ ਗੁਪਤ ਰੂਪ ਵਿੱਚ ਸਾਹਮਣੇ ਲੈ ਆਂਦਾ ਹੈਸਨਮੁੱਖ ਸਿੰਘ ਅਜ਼ਾਦ ਦੇ ਗੀਤਾਂ ਦਾ ਹਰ ਪੰਜਾਬੀ ਨੇ ਰੱਜ ਕੇ ਆਨੰਦ ਮਾਣਿਆ, ਵੱਡੇ-ਵੱਡੇ ਗਾਇਕਾਂ ਨੇ ਉਸ ਦੇ ਗੀਤ ਗਾ ਕੇ ਮਾਣ ਮਹਿਸੂਸ ਕੀਤਾ, ਪਰ ਮੰਦੀ ਦਾ, ਆਰਥਿਕਤਾ ਦਾ ਝੰਬਿਆ ਉਹ ਸਾਰੀ ਉਮਰ ਸੁੱਕੇ ਪੱਤੇ ਵਾਂਗ ਕੰਬਦਾ ਰਿਹਾਉਸ ਦੇ ਅੰਤਲੇ ਸਾਲ ਕਿਹੋ ਜਿਹੇ ਸਨ, ਇਸ ਗੱਲ ਦਾ ਪਤਾ ਲੁਧਿਆਣੇ ਦੀ ਸੰਗੀਤ ਮੰਡੀ ਵਿੱਚ ਜਾ ਕੇ ਕਿਸੇ ਤੋਂ ਵੀ ਪੁੱਛਿਆ ਜਾ ਸਕਦਾ ਹੈਉਸ ਦੇ ਜਨੂੰਨੀ ਪ੍ਰਸ਼ੰਸ਼ਕ ਉਸ ਨੂੰ ਕੌੜੇ ਘੁੱਟ ਲਈ ਸੌ-ਪੰਜਾਹ ਦੇ ਛੱਡਦੇ ਸਨ, ਰੋਟੀ-ਟੁੱਕ ਉਹ ਬਾਹਰੋਂ ਖਾ ਲੈਂਦਾ ਸੀ...ਪਰ ਡਰਾਮੇਬਾਜ਼ ਸ਼ੁੱਭ-ਚਿੰਤਕ ਉਸ ਨੂੰ ਦੇਖਦਿਆਂ ਹੀ ਮੋੜ ਕੱਟ ਜਾਂਦੇ ਸਨ, ਅਖੇ, ‘ਇਹਦਾ ਕੰਮ ਤਾਂ ਮੰਗਣਾ ਹੀ ਰਹਿ ਗਿਐ...ਪਰਸੋਂ ਤਾਂ ਵੀਹ ਰੁਪਏ ਦਿੱਤੇ ਸਨ...

-----

ਵੱਖ-ਵੱਖ ਗਾਇਕਾਂ ਦੀ ਆਵਾਜ਼ ਚ ਸਨਮੁੱਖ ਸਿੰਘ ਅਜ਼ਾਦ ਦੇ ਗੀਤ ਸੁਣਦਿਆਂ ਮਨ ਨੂੰ ਅਵੱਲਾ ਜਿਹਾ ਸਰੂਰ ਆਉਂਦਾ ਹੈ, ਪਰ ਇਹ ਸਰੂਰ ਉਦੋਂ ਗਾਇਬ ਹੋ ਜਾਂਦਾ ਹੈ, ਜਦੋਂ ਉਸ ਦੇ ਜ਼ਿੰਦਗੀਨਾਮੇ ਵੱਲ ਤੱਕੀਦਾ ਹੈਅੰਤਲੇ ਸਾਲਾਂ ਵਿੱਚ ਉਹ ਇਹ ਕਹਿੰਦਾ ਆਮ ਸੁਣੀਂਦਾ ਸੀ, ‘ਮਗਰੋਂ ਢਕਵੰਜ ਕਰਨਗੇ...ਸਨਮੁੱਖ ਦੇ ਤੁਰ ਜਾਣ ਨਾਲ ਬੜਾ ਘਾਟਾ ਪਿਐ...ਚੰਗਾ ਗੀਤਕਾਰ ਸੀ ਉਹ...ਉਹ ਦੀ ਕਦਰ ਹੋਣੀ ਚਾਹੀਦੀ ਸੀ...ਉਹਦੀ ਯਾਦ ਤਾਜ਼ਾ ਰੱਖਣ ਲਈ ਸਮਾਗਮ ਰਚਾਉਣੇ ਚਾਹੀਦੇ ਨੇ....ਪਰ ਹੁਣ ਕੋਈ ਕੰਜਰ ਨਹੀਂ ਪੁੱਛਦਾ...ਸਨਮੁੱਖ ਦਾ ਨਿੱਕੀ-ਨਿੱਕੀ ਗੱਲ ਤੇ ਖਿਝਣਾ, ਗੱਲਾਂ ਸੁਣਨ ਵਾਲੇ ਨੂੰ ਟੁੱਟ-ਟੁੱਟ ਪੈਣਾ...ਹਰ ਇੱਕ ਦੀ ਮਾਂ ਦੀ, ਭੈਣ ਦੀ ਕਰਨਾ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਵਾ ਦਿੰਦਾ ਸੀ ਕਿ ਉਹ ਅੰਦਰੋਂ ਕਿੰਨਾ ਦੁਖੀ ਹੈ...ਉਹ ਲੰਘੇ ਤੇ ਕਿੰਨਾ ਅਫ਼ਸੋਸ ਕਰਦੈਉਤੋਂ-ਉਤੋਂ ਭਾਵੇਂ ਉਹ ਆਖਦਾ, ‘ਮੈਂ ਬੇਸਕੂਰ ਹੋ ਕੇ ਵੀ ਕਸੂਰਵਾਰ ਬਣ ਬੈਠਾਂ’...ਪਰ ਉਹ ਦੇ ਅੰਦਰ ਦੀ ਹਾਲਤ ਕੁੱਝ ਹੋਰ ਹੀ ਸੀ

-----

ਡੇਢ ਕੁ ਸਾਲ ਪਹਿਲਾਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਜ਼ਾਦ ਨੇ ਖ਼ੁਦ ਨੂੰ ਸਾੜ ਲਿਆ ਸੀਦਵਾਈ ਜੋਗੇ ਉਸ ਕੋਲ ਪੈਸੇ ਨਹੀਂ ਸਨਉਹ ਦਾ ਮੂੰਹ ਪੱਟੀਆਂ ਨਾਲ ਭਰਿਆ ਹੋਇਆ ਸੀ ਤੇ ਲੁਧਿਆਣੇ ਦੇ ਇੱਕ ਹਾਲ ਦੇਵ ਥਰੀਕੇ ਐਪਰੀਸੇਸ਼ਨ ਸੋਸਾਇਟੀ ਯੂ.ਕੇ.ਨੇ ਇੱਕ ਸਮਾਗਮ ਰਚਾ ਕੇ ਜਿੱਥੇ ਦੇਵ ਥਰੀਕਿਆਂ ਵਾਲੇ ਦਾ ਸਨਮਾਨ ਕੀਤਾ ਸੀ, ਈਦੂ ਸ਼ਰੀਫ਼ ਨੂੰ ਸਨਮਾਨਿਆ ਸੀ, ਉਥੇ ਸਨਮੁੱਖ ਸਿੰਘ ਆਜ਼ਾਦ ਨੂੰ ਵੀ ਦਸ ਹਜ਼ਾਰ ਰੁਪਿਆ ਇਲਾਜ ਲਈ ਦਿੱਤਾ ਸੀ

----

ਸਨਮੁੱਖ ਦਾ ਪਹਿਲਾ ਗੀਤ 16 ਸਾਲ ਦੀ ਉਮਰ ਵਿੱਚ ਸਰੋਤਿਆਂ ਸਨਮੁੱਖ ਹੋਇਆ ਸੀ ਤੇ ਉਸੇ ਗੀਤ ਤੋਂ ਪਤਾ ਲੱਗ ਗਿਆ ਸੀ ਕਿ ਉਹ ਭਵਿੱਖ ਦਾ ਵੱਡਾ ਗੀਤਕਾਰ ਹੈ, ਪਰ ਉਹ ਵੱਡਾ ਹੁੰਦਾ ਹੋਇਆ ਵੀ ਅੱਧੀ ਜ਼ਿੰਦਗੀ ਛੋਟਿਆਂ ਅੱਗੇ ਹੱਥ ਅੱਡਦਾ ਰਿਹਾਉਸ ਦਾ ਪਹਿਲਾ ਗੀਤ ਨੂਰਜਹਾਂ ਨੇ ਗਾਇਆ ਤੇ ਉਸ ਤੋਂ ਬਾਅਦ ਉਸ ਦੀ ਗੀਤਕਾਰੀ ਦਾ ਏਨਾ ਸ਼ਾਨਦਾਰ ਸਫ਼ਰ ਸ਼ੁਰੂ ਹੋਇਆ ਕਿ ਵੱਡੇ ਤੋਂ ਵੱਡੇ ਫ਼ਨਕਾਰਾਂ ਨੇ ਉਸ ਦੇ ਗੀਤਾਂ ਨੂੰ ਗਾਉਣ ਦਾ ਮਾਣ ਹਾਸਿਲ ਕੀਤਾ

-----

ਸਨਮੁੱਖ ਸਿੰਘ ਪੜ੍ਹਿਆ ਨਾ ਮਾਤਰ ਹੀਦੂਜੀ ਕਲਾਸ ਵਿੱਚ ਹੀ ਉਸ ਦੀ ਬ੍ਰੇਕ ਲੱਗ ਗਈਗੀਤ ਲਿਖਣ ਦੀ ਚੇਟਕ ਉਸ ਨੂੰ ਅਜਿਹੀ ਲੱਗੀ ਕਿ ਇਸੇ ਕਰਕੇ ਉਸ ਦੀ ਪਛਾਣ ਬਣੀ...ਫੇਰ ਏਸੇ ਕਰਕੇ ਉਸ ਦੀਆਂ ਆਦਤਾਂ ਵਿਗੜੀਆਂ....ਤੇ ਏਸੇ ਕਰਕੇ ਉਹ ਗੁਰਬਤ ਦਾ ਸੇਕ ਨਾ ਸਹਾਰਦਿਆਂ ਅੰਤਲੇ ਵੇਲ਼ੇ ਦੁੱਖ ਭੋਗਦਾ ਰਿਹਾ

-----

ਨੁਸਰਤ ਫ਼ਤਹਿ ਅਲੀ ਖ਼ਾਨ, ਗੁਲਾਮ ਅਲੀ ਖ਼ਾਨ, ਲਤਾ ਮੰਗੇਸ਼ਕਰ, ਨੂਰਜਹਾਂ, ਰੇਸ਼ਮਾਂ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜਗਮੋਹਣ ਕੌਰ, ਆਸਾ ਸਿੰਘ ਮਸਤਾਨਾ, ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰ ਸਿੰਘ ਚਮਕੀਲਾ ਤੋਂ ਲੈ ਕੇ ਨਵੇਂ ਪੋਚ ਦੇ ਅਣਗਿਣਤ ਕਲਾਕਾਰਾਂ ਨੇ ਅਜ਼ਾਦ ਦੇ ਗੀਤ ਗਾਏਅਜ਼ਾਦ ਜਦੋਂ ਮਸਤੀ ਚ ਆਉਂਦਾ ਤਾਂ ਖ਼ੁਦ ਹੀ ਦੱਸ ਦਿੰਦਾ, ‘ਬੜਾ ਪੈਸਾ ਕਮਾਇਆ ਮੈਂ...ਬੜੇ ਮੁਲਕਾਂ ਦੀ ਸੈਰ ਕੀਤੀ...ਭਾਰਤ ਦਾ ਕੋਨਾ-ਕੋਨਾ ਗਾਹ ਮਾਰਿਆ...ਬੜੇ ਕੰਮ ਕਰ-ਕਰ ਕੇ ਦੇਖੇ...ਬੜੀ ਰਾਇਲਟੀ ਆਈ....ਪਰ ਮੈਂ ਪੈਸੇ ਦੀ ਭੋਰਾ ਕਦਰ ਨਾ ਕੀਤੀ...ਜਿੰਨੇ ਪੈਸੇ ਮੇਰੇ ਕੋਲ ਆਉਂਦੇ...ਉਹ ਦੇ ਨਾਲੋਂ ਵੱਧ ਖਰਚਾ ਕਰਨ ਚ ਭੋਰਾ ਢਿੱਲ ਨਾ ਵਰਤਦਾ ਮੈਂ....ਸ਼ਰਾਬ ਚ ਬੜੇ ਪੈਸੇ ਪੱਟੇ ਮੈਂ....ਹੁਣ ਸਹੁਰਾ ਕੋਈ ਨਹੀਂ ਪਿਲਾਉਂਦਾ...ਸਾਰੇ ਦੂਰ ਭੱਜਦੇ ਨੇ ਮੈਥੋਂ....

-----

ਸਨਮੁੱਖ ਸਿੰਘ ਆਜ਼ਾਦ ਉਰਫ਼ ਮੋਖੇ ਸ਼ਾਹ ਦਿਲ ਦਾ ਮਾੜਾ ਨਹੀਂ ਸੀ, ਬਸ ਉਸ ਦੀ ਤਕਦੀਰ ਹੀ ਅਜਿਹੀ ਸੀ ਕਿ ਏਨਾ ਨਾਂ ਹੋਣ ਦੇ ਬਾਵਜੂਦ ਉਸ ਦੀ ਕਿਸਮਤ ਚ ਠੇਡੇ ਲਿਖੇ ਸਨ ਇਹੋ ਜਿਹੀ ਤਕਦੀਰ ਪਿੱਛੇ ਵੱਡਾ ਕਾਰਨ ਉਸ ਦਾ ਆਪਣਾ ਵੀ ਸੀਉਹ ਮੌਜੀ ਬੰਦਾ ਸੀ...ਦੁਨੀਆ ਦੀ ਪ੍ਰਵਾਹ ਨਾ ਕਰਨ ਵਾਲਾ...ਸਭ ਨੂੰ ਟਿੱਚ ਸਮਝਣ ਵਾਲਾਉਹ ਖ਼ੁਦ ਕਿਹਾ ਕਰਦਾ ਸੀ, ‘ਸਾਰੀ ਉਮਰ ਅਵਾਰਗੀ ਕੀਤੀ ਐ ਮੈਂ...ਹੁਣ ਵੀ ਅਵਾਰਾ ਹੀ ਹਾਂ ਮੈ...ਕਿੰਨੇ ਵੱਡੇ-ਵੱਡੇ ਲੋਕਾਂ ਨਾਲ ਬਹਿਣੀ-ਉੱਠਣੀ ਹੁੰਦੀ ਸੀ ਮੇਰੀ...ਤੇ ਜਿੱਥੇ ਮੈਂ ਹੁਣ ਹਾਂ...ਏਥੇ ਆ ਕੇ ਵੀ ਮੈਂ ਮਨ ਹੌਲਾ ਕਦੇ ਨਹੀਂ ਕੀਤਾ

-----

ਉਹ ਦੇ ਗੀਤ ਅੱਖੀਆਂ...ਅੱਖੀਆਂ...ਅੱਖੀਆਂ’ (ਨੁਸਰਤ ਫ਼ਤਹਿ ਅਲੀ ਖ਼ਾਨ), ‘ਮੇਰੇ ਦਿਲ ਦਾ ਮਹਿਰਮ ਚਾਕ ਨੀਂ’ (ਗੁਲਾਮ ਅਲੀ), ‘ਤੂੰ ਤਾਂ ਸੌਂ ਗਈ ਗੂੜ੍ਹੀ ਨੀਂਦੇ’ (ਲਤਾ ਮੰਗੇਸ਼ਕਰ), ‘ਦਿਲ ਟੁੱਟਿਆ ਖ਼ਬਰ ਨਾ ਹੋਈ’ (ਸ਼ੌਕਤ ਅਲੀ), ‘ਹਾਏ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’ (ਰੇਸ਼ਮਾ), ‘ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ (ਆਫ਼ਸ਼ਾਂ ਤੇ ਜਗਮੋਹਣ ਕੌਰ), ‘ਤੂੰਬਾ ਵੱਜਦਾ ਨਾ ਤਾਰ ਤੋਂ ਬਿਨਾਂ’ (ਜਗਮੋਹਣ ਕੌਰ), ‘ਕੰਘੀ ਵਾਹਵਾਂ ਤਾਂ ਦੁਖਣ ਮੇਰੇ ਵਾਲ਼ ਨੀਂ ਮਾਏ’ (ਸੁਰਿੰਦਰ ਕੌਰ), ‘ਵੇ ਥਾਣੇਦਾਰਾ ਦੋ ਮੰਜੀਆਂ ਦੀ ਥਾਂ’ (ਨਰਿੰਦਰ ਬੀਬਾ) ਗੀਤਾਂ ਨੇ ਉਸ ਨੂੰ ਅੰਤਰ-ਰਾਸ਼ਟਰੀ ਗੀਤਕਾਰ ਬਣਾਇਆਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਡੌਲੀ ਗੁਲੇਰੀਆ, ਹੰਸ ਰਾਜ ਹੰਸ, ਹਰਭਜਨ ਮਾਨ ਸਮੇਤ ਹੋਰ ਅਨੇਕਾਂ ਗਾਇਕਾਂ ਨੇ ਉਸ ਦੇ ਗੀਤਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਿੱਤੀਆਂ

-----

ਐਚ.ਐਮ.ਵੀ ਨੇ ਸਨਮੁੱਖ ਸਿੰਘ ਅਜ਼ਾਦ ਨੂੰ ਲੰਮਾ ਸਮਾਂ ਰਾਇਲਟੀ ਦਿੱਤੀਉਹਨੇ ਜ਼ਿੰਦਗੀ ਦੇ ਖ਼ੂਬ ਨਜ਼ਾਰੇ ਲਏਯਾਰ-ਬੇਲੀ ਉਹ ਦੇ ਦੁਆਲੇ ਝੁੰਡ ਬਣਾ ਕੇ ਬੈਠੇ ਰਹਿੰਦੇਉਹ ਉਨ੍ਹਾਂ ਨੂੰ ਗੀਤ ਸੁਣਾਉਂਦਾ...ਟਿੱਚਰਾਂ ਕਰਦਾ ਤੇ ਹਾਸਾ ਖਿਲਾਰਦਾ...ਜਗਦੇਵ ਸਿੰਘ ਜੱਸੋਵਾਲ, ਹਾਕਮ ਬਖਤੜੀਵਾਲਾ ਅਤੇ ਕਈ ਹੋਰਨਾਂ ਨੇ ਉਸ ਦੀ ਬਣਦੀ-ਸਰਦੀ ਮੱਦਦ ਕੀਤੀ, ਪਰ ਜਿੰਨੀ ਮੱਦਦ ਮਿਲਦੀ ਉਹਨੇ ਦੀ ਉਹ ਸ਼ਰਾਬ ਪੀ ਲੈਂਦਾਜੇਬੋਂ ਸਦਾ ਵਿਹਲਾ ਅਤੇ ਗੱਲਾਂ ਤੋਂ ਸਦਾ ਤਾਜ਼ਾ ਤਰੀਨ ਮਿਲਦਾ

-----

ਹੁਣ ਸਨਮੁੱਖ ਸਿੰਘ ਸਾਡੇ ਵਿੱਚ ਨਹੀਂ ਰਿਹਾ, ਪਰ ਉਸ ਨਾਲ ਜੁੜੀਆਂ ਯਾਦਾਂ ਸਾਡੀ ਝੋਲੀ ਵਿੱਚ ਪਈਆਂ ਹੋਈਆਂ ਨੇਉਸ ਦੇ ਗੁਣਾਂ ਨੂੰ ਇੱਕ-ਅੱਧ ਔਗੁਣ ਅੱਗੇ ਘਟਾ ਕੇ ਨਹੀਂ ਦੇਖਿਆ ਜਾ ਸਕਦਾਜਿਨ੍ਹਾਂ ਨੇ ਉਸ ਦੀ ਇਸ ਕਰਕੇ ਮੱਦਦ ਨਹੀਂ ਕੀਤੀ ਕਿ ਇਹ ਤਾਂ ਸ਼ਰਾਬੀ-ਕਬਾਬੀ ਐ, ਉਨ੍ਹਾਂ ਨੇ ਕਦੇ ਇਹ ਕਿਉਂ ਨਹੀਂ ਸੋਚਿਆ ਕਿ ਕਮਾਲ ਦਾ ਗੀਤਕਾਰ, ਮੰਚ ਸੰਚਾਲਕ, ਭੰਗੜਚੀ ਅਤੇ ਹੋਰ ਗੁਣਾਂ ਦਾ ਮਾਲਕ ਵੀ ਰਿਹੈਸਭ ਤੋਂ ਵੱਧ ਦੁੱਖ ਇਸ ਗੱਲੋਂ ਹੁੰਦਾ ਹੈ ਕਿ ਸਾਡੀਆਂ ਸਰਕਾਰਾਂ ਕਲਾਵਾਨ ਲੋਕਾਂ ਲਈ ਕੁੱਝ ਨਹੀਂ ਸੋਚਦੀਆਂ

-----

ਸਨਮੁੱਖ ਸਿੰਘ ਆਜ਼ਾਦ ਵਾਂਗ ਹੀ ਚਤਰ ਸਿੰਘ ਪਰਵਾਨਾ ਅਨੇਕਾਂ ਹਿੱਟ ਗੀਤ ਲਿਖਣ ਦੇ ਬਾਜਵੂਦ ਠੋਕਰਾਂ ਖਾਣ ਲਈ ਮਜਬੂਰ ਹੈਰੋਜ਼ੀ-ਰੋਟੀ ਦੇ ਜੁਗਾੜ ਲਈ ਪਰਵਾਨਾ ਅੱਜ-ਕੱਲ੍ਹ ਛੋਟੇ ਮੋਟੇ ਮੇਲਿਆਂ ਤੇ ਗਾ ਕੇ ਦੋ-ਦੋ, ਚਾਰ-ਚਾਰ ਸੌ ਇਕੱਠਾ ਕਰ ਰਿਹਾ ਹੈਇਹੋ ਹਾਲਤ ਮਿਰਜ਼ਾ ਸੰਗੋਵਾਲੀਆ ਦੀ ਹੈ, ਜਿਸ ਦਾ ਲਿਖਿਆ ਗੀਤ, ‘ਕੱਢ ਦੇਊ ਤੇਰੀਆਂ ਰੜਕਾਂ ਬਾਪੂ ਦਾ ਖੂੰਡਾਅੱਜ ਤੱਕ ਸਭਨਾਂ ਦੇ ਚੇਤਿਆਂ ਤੇ ਛਾਇਆ ਹੋਇਆ ਹੈ ਅਤੇ ਲਗਭਗ ਇਹੋ ਹਾਲ ਅਮਰ ਸਿੰਘ ਮਸਤਾਨਾ ਦੀ ਹੈ, ਜਿਸ ਨੇ ਕਦੇ ਕਦੇ ਖੇਡ ਲਿਆ ਕਰੀਂਵਰਗੇ ਸਦਾਬਹਾਰ ਗੀਤ ਰਚੇ

-----

ਸਾਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਗੀਤਕਾਰਾਂ ਅਤੇ ਗਾਇਕਾਂ ਨੂੰ ਅਸੀਂ ਜਿਊਂਦੇ ਜੀਅ ਹੀ ਮਾਣ-ਸਤਿਕਾਰ ਦੇਈਏ, ਨਹੀਂ ਤਾਂ ਤੁਰ ਜਾਣ ਪਿੱਛੋਂ ਇਨ੍ਹਾਂ ਦੇ ਨਾਂ ਤੇ ਮੇਲੇ ਕਰਾਉਣ ਦਾ ਕੋਈ ਅਰਥ ਨਹੀਂਉਨ੍ਹਾਂ ਮੇਲਿਆਂ ਤੇ ਰੱਜਿਆਂ ਨੂੰ ਹੋਰ ਰਜਾਉਣ ਦੀ ਥਾਂ ਜੇ ਅਸੀਂ ਇਨ੍ਹਾਂ ਥੁੜ੍ਹਾਂ ਮਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਵਰਗੀ ਚੰਗੀ ਗੱਲ ਕੋਈ ਹੋਰ ਨਹੀਂ ਹੋਵੇਗੀ

ਸਨਮੁੱਖ ਸਿੰਘ ਆਜ਼ਾਦ ਧਰਮਿੰਦਰ ਨਾਲ਼

1 comment:

harvinder said...

sanmukh azad mast-moula banda si.PAU,Ludhiana vich padhde hoe aseen aksar ohnaa nu shaam vele rickshe te jhulde hoe jaande dekhde si.Chup-chap rehan wale,kade-kade vajad ch aa ke saddak te hi nachan lag jaande si.Bekhudi,Bekarari,Bekari ate Badkismti iho je bandiaan di honi hundi hai....koi ki kar sakda... Harvinder