ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, October 15, 2009

ਸ਼ਾਮ ਸਿੰਘ (ਅੰਗ-ਸੰਗ) - ਕਿਉਂ ਨਾ ਲਈਏ ਆਪਾਂ ਸਾਰੇ ਖ਼ੈਰ-ਖ਼ਬਰ ਪੰਜਾਬੀ ਦੀ - ਲੇਖ

ਕਿਉਂ ਨਾ ਲਈਏ ਆਪਾਂ ਸਾਰੇ ਖ਼ੈਰ-ਖ਼ਬਰ ਪੰਜਾਬੀ ਦੀ

ਲੇਖ

ਪੰਜਾਬੀ ਭਾਸ਼ਾ ਮਰਨ ਵਾਲੀ ਨਹੀਂਇਸ ਉੱਤੇ ਹਮਲਾਵਰਾਂ ਦੇ ਹਮਲੇ ਕਦੇ ਬੰਦ ਨਹੀਂ ਹੋਏ ਪਰ ਫੇਰ ਵੀ ਇਹ ਰਾਹ ਵਿਚ ਨਹੀਂ ਰੁਕੀਇਸ ਨੂੰ ਭਾਵੇਂ ਸੂਫੀਆਂ ਪਾਲ਼ਿਆ ਹੋਵੇ ਭਾਵੇਂ ਗੁਰੂ-ਪੀਰਾਂ, ਭਾਵੇਂ ਇਸ ਦੇ ਸ਼ੈਦਾਈਆਂ ਨੇ ਉਨਤ/ਪ੍ਰਫੁੱਲਤ ਕੀਤਾ ਹੋਵੇ ਤੇ ਚਾਹੇ ਯੋਧੇ-ਬੀਰਾਂ ਪਰ ਇਹ ਵਕਤ ਦੇ ਮੰਚ ਤੋਂ ਕਦੇ ਗ਼ੈਰ-ਹਾਜ਼ਰ ਨਹੀਂ ਹੋਈ ਤੇ ਨਾ ਹੀ ਹੋਵੇਗੀਜਿਹੜੇ ਲੋਕ ਆਪਣੇ ਮਨ ਭਾਉਂਦੀਆਂ ਖੋਜਾਂ ਕਾਰਨ ਦਿਲ ਪ੍ਰਚਾਣ ਲਈ ਗ਼ਲਤ ਕਿਆਫੇ ਲਾਉਂਦੇ ਹਨ ਉਨ੍ਹਾਂ ਨੂੰ ਹਰ ਹਾਲਤ ਮੂੰਹ ਦੀ ਖਾਣੀ ਪਵੇਗੀ ਕਿਉਂਕਿ ਪੰਜਾਬੀ ਵਿਚ ਸਮਰੱਥਾ ਤੇ ਮਿਠਾਸ ਦਾ ਦਮ ਹੈ ਜਿਸ ਕਾਰਨ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ

-----

ਜਿਹੜੇ ਲੋਕਾਂ ਨੂੰ ਖਦਸ਼ਾ ਹੈ ਕਿ ਇਸ ਬੋਲੀ ਦੇ ਬਹੁਤ ਸਾਰੇ ਸ਼ਬਦ ਲੋਪ ਹੋ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਸ਼ਾ ਦਾ ਰੂਪ ਸਮੇਂ ਨਾਲ ਬਦਲਦਾ ਰਹਿੰਦਾ ਹੈ ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਲਾਈ ਜਾ ਸਕਦੀਦੁਨੀਆਂ ਦੀ ਕੋਈ ਵੀ ਭਾਸ਼ਾ ਨਿਰੋਲ ਸ਼ੁੱਧ ਨਹੀਂ ਮਿਲੇਗੀਦੂਜਿਆਂ ਖੇਤਰਾਂ ਤੇ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਹਰ ਭਾਸ਼ਾ ਵਿਚ ਮਿਲੇ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਯੰਤਰ ਨਾਲ ਬਾਹਰ ਕੱਢ ਕੇ ਨਹੀਂ ਸੁੱਟਿਆ ਜਾ ਸਕਦਾਕੱਢਣੇ ਵੀ ਨਹੀਂ ਚਾਹੀਦੇ ਕਿਉਂਕਿ ਉਹ ਆਪਣੀ ਅਜਿਹੀ ਥਾਂ 'ਤੇ ਜ਼ਰੂਰਤ ਬਣਾ ਲੈਂਦੇ ਹਨ ਜਿਸ ਨੂੰ ਨਾ ਖ਼ਾਲੀ ਕਰਾਇਆ ਜਾ ਸਕਦਾ ਹੈ ਨਾ ਖਾਰਜਹਜ਼ਮ ਹੋ ਜਾਣ ਬਾਅਦ ਭਾਸ਼ਾ ਵਿਚ ਰਚੇ-ਮਿਚੇ ਸ਼ਬਦਾਂ ਨੂੰ ਕੱਢਣ ਬਾਰੇ ਨਹੀਂ ਸੋਚਣਾ ਚਾਹੀਦਾਨਿੱਤ ਲੋਪ ਹੋ ਰਹੇ ਸ਼ਬਦਾਂ ਬਾਰੇ ਝੂਰਨਾ ਨਹੀਂ ਚਾਹੀਦਾ, ਨਾਲ ਦੀ ਨਾਲ ਨਵੇਂ ਸ਼ਬਦਾਂ ਦਾ ਸਵਾਗਤ ਕਰਨਾ ਚਾਹੀਦਾ ਹੈ

-----

ਕਲਮਾਂ ਵਾਲੇ ਅਜਿਹੇ ਸੂਰਮੇ ਹਨ ਜਿਹੜੇ ਭਾਸ਼ਾ ਦੇ ਸੁਪਨਸਾਜ਼ ਹੁੰਦੇ ਹਨ ਅਤੇ ਉਹ ਆਪਣੀ ਭਾਸ਼ਾ ਨੂੰ ਖ਼ਤਮ ਹੋਣ ਦਾ ਸੁਪਨਾ ਤੱਕ ਨਹੀਂ ਲੈਣ ਦਿੰਦੇਉਨ੍ਹਾਂ ਚੋਂ ਕੁੱਝ ਇਕ ਭਾਸ਼ਾ ਦੇ ਖ਼ਤਮ ਹੋਣ ਦੀਆਂ ਗੱਲਾਂ ਕਰਨ ਲੱਗ ਪੈਣ, ਸ਼ਬਦਾਂ ਦੇ ਲੋਪ ਹੋਣ ਬਾਰੇ ਕਵਿਤਾਵਾਂ ਲਿਖਣ ਲੱਗ ਪੈਣ ਅਤੇ ਬਦਲਦੇ ਵਕਤਾਂ ਮੁਤਾਬਕ ਨਵੇਂ ਸ਼ਬਦਾਂ ਨੂੰ ਗਲੇ ਲਗਾਉਂਣ ਲਈ ਤਿਆਰ ਨਾ ਹੋਣ ਤਾਂ ਸਮਝਿਆ ਏਹੀ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਲਪਨਾ ਪੁੱਠੇ ਪਾਸੇ ਤੁਰ ਪਈ ਹੈ

-----

ਹਰ ਭਾਸ਼ਾ ਦੇ ਲੋਕਾਂ ਨੂੰ ਭਾਸ਼ਾ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਵੀ ਹੁੰਦੀ ਹੈ ਅਤੇ ਇਹ ਫ਼ਰਜ਼ ਵੀ ਹੁੰਦਾ ਹੈ ਕਿ ਉਹ ਮਾਂ ਬੋਲੀ ਨੂੰ ਪਹਿਲ ਦੇਣਾ ਕਦੇ ਨਾ ਭੁੱਲਣਸਰਕਾਰਾਂ ਨੂੰ ਸਿੱਧਾ-ਪੁੱਠਾ ਫ਼ਰਜ਼ ਨਿਭਾਈ ਜਾਣ ਦਿਉ ਪਰ ਜਿੰਨਾ ਚਿਰ ਲੋਕ ਮਾਂ-ਬੋਲੀ ਨਾਲ਼ ਖੜ੍ਹੇ ਰਹਿਣਗੇ, ਕੋਈ ਸਰਕਾਰ ਭਾਸ਼ਾ ਦਾ ਕੁੱਝ ਨਹੀਂ ਵਿਗਾੜ ਸਕਦੀਲੋਕ ਸਮੇਂ ਸਿਰ ਜਾਗਣ ਤਾਂ ਸਰਕਾਰ ਹੀ ਉਨ੍ਹਾਂ ਦੀ ਬਣ ਸਕਦੀ ਹੈ ਜਿਹੜੇ ਮਾਂ-ਬੋਲੀ ਲਈ ਪ੍ਰਤੀਬੱਧ ਹੋਣਲੇਖਕ ਆਪਣਾ ਬਣਦਾ ਹਿੱਸਾ ਪਾ ਕੇ ਲੋਕਾਂ ਨੂੰ ਭਾਸ਼ਾ ਪ੍ਰਤੀ ਸੁਚੇਤ ਕਰਦੇ ਰਹਿੰਦੇ ਹਨ ਪਰ ਸੱਚੀ ਗੱਲ ਇਹ ਹੈ ਕਿ ਅਜੇ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਅਹਿਮੀਅਤ ਸਮਝਣ ਹੀ ਨਹੀਂ ਲੱਗੇਜਿਸ ਦਿਨ ਸਮਝਣ ਲੱਗ ਪਏ ਉਸ ਦਿਨ ਕੋਈ ਵੱਡੇ ਤੋਂ ਵੱਡਾ ਆਗੂ ਵੀ ਪੰਜਾਬੀ ਵਿਰੁੱਧ ਇਕ-ਅੱਧ ਕਦਮ ਵੀ ਨਹੀਂ ਪੁੱਟ ਸਕਦਾਅਜੇ ਹਲਕਾ ਜਿਹਾ ਵਿਰੋਧ ਤਾਂ ਅਜਿਹੇ ਆਗੂਆਂ ਦਾ ਹੋ ਰਿਹਾ ਹੈ ਪਰ ਕਿਸੇ ਵੱਡੇ ਪੱਧਰ ਤੇ ਕਿਸੇ ਸਹੀ ਸੰਘਰਸ਼ ਦੀ ਕੋਈ ਰੂਪ-ਰੇਖਾ ਨਹੀਂ ਉਲੀਕੀ ਜਾ ਰਹੀਆਪਣੀ ਆਪਣੀ ਡੱਫਲੀ ਬਜਾਉਣ ਨਾਲੋਂ ਕਿਤੇ ਬੇਹਤਰ ਹੋਵੇਗਾ ਜੇ ਸਾਂਝੇ ਮੰਚ ਤੋਂ ਤੂਤੀਆਂ ਨਹੀਂ ਵੱਡਾ ਨਗਾਰਾ ਵਜਾਇਆ ਜਾਵੇ ਅਤੇ ਬਿਗਲ ਚੋਂ ਉੱਚੀ ਆਵਾਜ਼ ਕੱਢੀ ਜਾਵੇ ਤਾਂ ਕਿਤੇ ਪਤਾ ਲੱਗੇਗਾ ਪੰਜਾਬੀ ਦੇ ਪਹਿਰੇਦਾਰ ਮਾਂ-ਬੋਲੀ ਲਈ ਪ੍ਰਤੀਬਧ ਹੋ ਕੇ ਜਾਗ ਪਏ ਹਨ ਜਿਨ੍ਹਾਂ ਨੂੰ ਹੁਣ ਨਾ ਹੀ ਸੁਲ਼ਾਇਆ ਜਾ ਸਕਦਾ ਹੈ ਨਾ ਦਬਾਇਆਮਾਂ ਬੋਲੀ ਦੀ ਖ਼ੈਰ-ਸੁੱਖ ਚਾਹੁਣ ਵਾਲਿਆਂ ਦੇ ਏਕੇ ਅਤੇ ਤਿਆਰੀ ਬਿਨਾ ਉੱਕਾ ਹੀ ਨਹੀਂ ਸਰਨਾ

-----

ਜਿਹੜੇ ਅਮੀਰੀ ਦੀ ਸ਼ਾਨ ਕਾਰਨ ਕਾਨਵੈਂਟ ਸਕੂਲਾਂ, ਪਬਲਿਕ ਸਕੂਲਾਂ ਅਤੇ ਹੋਰ ਅਜਿਹੇ ਲਬਾਦੇ ਵਾਲੇ ਸਕੂਲਾਂ, ਕਾਲਜਾਂ ਵਲ ਭੱਜਦੇ ਹਨ, ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਦੀ ਉੱਚਤਾ ਅਤੇ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਕੀਤੀ ਜਾ ਰਹੀ ਭੁੱਲ ਨੂੰ ਤਿਆਗ ਕੇ ਸਿੱਧੇ ਰਾਹ ਪੈ ਸਕਣਇਨ੍ਹਾਂ ਗੱਲਾਂ ਨਾਲ ਹੋਰ ਭਾਸ਼ਾਵਾਂ ਸਿੱਖਣ, ਹੋਰ ਭਾਸ਼ਾਵਾਂ ਵਿਚੋਂ ਉਚੇਰਾ ਗਿਆਨ ਪ੍ਰਾਪਤ ਕਰਨ ਦੀ ਵਿਰੋਧਤਾ ਕਰਨ ਦੀ ਕੋਈ ਮਨਸ਼ਾ ਨਹੀਂਮਨਸ਼ਾ ਤੇ ਇੱਛਾ ਤਾਂ ਏਹੀ ਹੈ ਕਿ ਪੰਜਾਬੀਆਂ ਨੂੰ ਹੁਣ ਪੰਜਾਬੀ ਦੀ ਖ਼ੈਰ-ਖਬਰ ਲੈਣ ਤੇ ਰੱਖਣ ਵਾਸਤੇ ਲਗਾਤਾਰ ਯਤਨਸ਼ੀਲ ਰਹਿਣਾ ਪਵੇਗਾ ਤਾਂ ਕਿ ਭਰਮ-ਭੁਲੇਖੇ ਪਾਉਣ ਵਾਲਿਆਂ ਨੂੰ ਚੁੱਪ ਕਰਾਇਆ ਜਾ ਸਕੇਜੇ ਕਿਤੇ ਯੁਨੈਸਕੋ ਨੇ ਸਹੀ ਖੋਜ/ਸਰਵੇਖਣ ਕੀਤਾ ਹੁੰਦਾ ਤਾਂ ਉਹ ਸੰਸਥਾ ਕਦੇ ਇਸ ਸਿੱਟੇ ਤੇ ਨਾ ਪਹੁੰਚਦੀ ਕਿ ਆਉਂਦੇ 50 ਸਾਲਾਂ ਚ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀਯੁਨੈਸਕੋ ਦੇ ਪਿਛਲੱਗਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਉਹ ਉਸ ਸੰਸਥਾ ਦੇ ਪ੍ਰਚਾਰਕ ਨਹੀਂ, ਸਗੋਂ ਪੰਜਾਬੀ ਭਾਸ਼ਾ ਦੇ ਪ੍ਰਚਾਰਕ ਹਨ ਜੋ ਭਾਸ਼ਾ ਪੰਜਾਹ ਸਾਲਾਂ ਵਿਚ ਤਾਂ ਕੀ ਕਦੇ ਵੀ ਖ਼ਤਮ ਨਹੀਂ ਹੋਣ ਲੱਗੀਜਿਹੜੇ ਬਿਨ ਤਨਖਾਹੋਂ ਖਾਹਮ-ਖਾਹ ਹੀ ਯੁਨੈਸਕੋ ਦੀ ਤੂਤੀ ਵਜਾਉਣ ਲੱਗ ਪਏ ਹਨ ਉਹ ਅਰਾਮ ਨਾਲ ਆਪਣੇ ਅੰਦਰ ਬੈਠ ਕੇ ਸੋਚਣ ਅਤੇ ਆਪਣਾ ਯੋਗਦਾਨ ਪਾ ਕੇ ਪੰਜਾਬੀ ਦੀ ਖ਼ੈਰ-ਖ਼ਬਰ ਲੈਣ ਅਤੇ ਇਸੇ ਦਾ ਬਿਗਲ ਵਜਾਉਣ

-----

ਪੰਜਾਬੀ ਭੈਣੋ-ਭਰਾਵੋ ਨਿਡਰ ਹੋਏ ਬਿਨਾ ਅਤੇ ਉੱਚੀ ਬੋਲੇ ਬਗੈਰ ਨਹੀਂ ਸਰਨਾਜਿਹੜੇ ਲੋਕ ਲਾਊਡਨੂੰ ਇਲਜ਼ਾਮ ਵਾਂਗ ਵਰਤਦੇ ਹਨ ਉਨ੍ਹਾਂ ਨੂੰ ਵੀ ਪੰਜਾਬੀ ਬੋਲੀ ਦੇ ਨਗਾਰੇ ਅਤੇ ਬਿਗਲ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾਜੇ ਉਹ ਅਜਿਹਾ ਮੰਨ ਲੈਣ ਤਾਂ ਉਨ੍ਹਾਂ ਦਾ ਉਹ ਡਰ ਵੀ ਹਟ ਜਾਵੇਗਾ ਜਿਹੜਾ ਉਨ੍ਹਾਂ ਨੂੰ ਲਾਊਡ ਅਤੇ ਬੋਲਡ ਤੋਂ ਲੱਗੀ ਜਾ ਰਿਹਾਸਾਰੇ ਹੀ ਪੰਜਾਬੀਆਂ ਨੂੰ ਹਰ ਪੱਧਰ ਤੇ, ਹਰ ਮੰਚ ਤੇ, ਹਰ ਮੋਰਚੇ ਉੱਤੇ ਮਾਂ-ਬੋਲੀ ਦੀ ਖ਼ੈਰ-ਖ਼ਬਰ ਲੈਣ ਲਈ ਤਿਆਰ ਹੀ ਨਹੀਂ ਰਹਿਣਾ ਚਾਹੀਦਾ ਸਗੋਂ ਉਨ੍ਹਾਂ ਤਾਕਤਾਂ ਨਾਲ ਯੁੱਧ ਕਰਨ ਵਾਸਤੇ ਵੀ ਸਰਗਰਮ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਪੰਜਾਬੀ ਵਿਰੋਧੀ ਤਾਕਤ ਪੰਜਾਬੀ ਦੀ ਆਨ ਅਤੇ ਸ਼ਾਨ ਨੂੰ ਤਿਲ ਭਰ ਵੀ ਨੁਕਸਾਨ ਨਾ ਪਹੁੰਚਾ ਸਕੇ

ਇਕ ਸ਼ਿਅਰ :-

...ਸੱਚ ਦੀ ਧੁੱਪ ਸਾੜ ਗਈ ਸੁਕਰਾਤ ਨੂੰ

ਵਕਤ ਨੇ ਰੂਹ ਉਹਦੀ ਪਹਿਚਾਣੀ ਨਹੀਂ...

***********


No comments: