ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, December 4, 2009

ਮੇਜਰ ਮਾਂਗਟ - ਅੱਗ ਦੀ ਨਦੀ – ਕਹਾਣੀ – ਭਾਗ ਪਹਿਲਾ

ਅੱਗ ਦੀ ਨਦੀ

ਭਾਗ ਪਹਿਲਾ

ਕਹਾਣੀ

ਨਹਿਰ ਕਿਨਾਰੇ ਬੈਠਾ ਉਹ ਸੋਚਾਂ ਵਿੱਚ ਡੁੱਬਿਆ ਰਿਹਾਨਹਿਰ ਵਿੱਚ ਜਿਵੇਂ ਪਾਣੀ ਦੀ ਬਜਾਏ ਖ਼ੂਨ ਵਹਿ ਰਿਹਾ ਹੋਵੇ ਤੇ ਉਹ ਵੀ ਉਸਦੇ ਸਕੇ ਭਰਾ ਦਾ ਖ਼ੂਨਜ਼ਿੰਦਗੀ ਉਸ ਲਈ ਬੋਝ ਬਣ ਗਈ ਸੀਜਦੋਂ ਤੋਂ ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਸੀਉਸ ਨੇ ਬਥੇਰਾ ਕਿਹਾ ਸੀ ਕਿ ਉਹ ਦੋਸ਼ੀ ਨਹੀਂ ਹੈ ਅਤੇ ਅਜਿਹਾ ਉਸ ਨੇ ਮਜਬੂਰੀ ਵਸ ਕੀਤਾ ਸੀਪਰ ਉਸਦੀ ਸੁਣਦਾ ਕੌਣ?ਜਦੋਂ ਕਿ ਉਸਦੇ ਦਸਤਖ਼ਤਾਂ ਵਾਲਾ ਪੇਪਰ ਹਰ ਕੋਈ ਪੜ੍ਹ ਚੁੱਕਿਆ ਸੀ ਅਤੇ ਉਸ ਪਰਚੇ ਦੀਆਂ ਫੋਟੋ ਕਾਪੀਆਂ ਅਜੇ ਵੀ ਪਿੰਡ ਵਿੱਚ ਘੁੰਮ ਰਹੀਆਂ ਸਨ,ਜਿਨਾਂ ਉੱਪਰ ਸਪੱਸ਼ਟ ਲਿਖਿਆ ਹੋਇਆ ਸੀ ਕਿ ਹਾਦਸੇ ਦਾ ਕਾਰਨ ਉਸ ਦੇ ਭਰਾ ਦੀ ਸ਼ਰਾਬ ਬਣੀ ਹੈ ਜੋ ਉਹ ਮੇਰੇ ਨਾਲ਼ ਪੀ ਕੇ ਤੁਰਿਆ ਸੀਮੈਂ ਉਸ ਨੂੰ ਬਥੇਰਾ ਰੋਕਿਆ ਕਿ ਨਾ ਜਾਹ ਪਰ ਉਹ ਮੰਨਿਆ ਨਹੀਂ।...ਤੇ ਗੱਡੀ ਵਿੱਚ ਜਾ ਵੱਜਾਇਸ ਵਿੱਚ ਕਾਰ ਵਾਲੇ ਡਰਾਈਵਰ ਦਾ ਕੋਈ ਕਸੂਰ ਨਹੀਂ ਅਤੇ ਨਾਂ ਹੀ ਇਸ ਦੇ ਖ਼ਿਲਾਫ਼ ਕੋਈ ਕੇਸ ਦਰਜ ਕੀਤਾ ਜਾਵੇਮੈਂ ਸੱਠ ਹਜ਼ਾਰ ਰੁਪਈਆ ਲੈ ਕੇ ਏਸ ਕੇਸ ਦਾ ਫੈਸਲਾ ਕਰਦਾ ਹਾਂਹੇਠਾਂ ਉਸਦੇ ਦਸਤਖ਼ਤ ਸਨ ਭਰਪੂਰ ਸਿੰਘਏਹੋ ਕਾਗਜ਼ ਉਸਦੇ ਭਤੀਜੇ ਨੇ ਉਸਦੇ ਮੂੰਹ ਤੇ ਮਾਰਿਆ ਸੀ ਤੇ ਧੱਕੇ ਮਾਰ ਕੇ ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀਆਪਣੇ ਭਰਾ ਦੇ ਭੋਗ ਵਾਲੇ ਦਿਨ ਵੀ ਉਹ ਬਾਹਰ ਹੀ ਤੁਰਦਾ ਫਿਰਦਾ ਰਿਹਾ ਸੀ

-----

ਅੱਜ ਵੀ ਉਹ ਨਹਿਰ ਕਿਨਾਰੇ ਬੈਠਾ ਇਹ ਹੀ ਸੋਚ ਰਿਹਾ ਸੀ ਕਿ ਮੈਂ ਉਸਦਾ ਸਕਾ ਭਰਾ ਹੋ ਕੇ ਉਸਦੇ ਖ਼ੂਨ ਦਾ ਮੁੱਲ ਕਿਵੇਂ ਵੱਟ ਸਕਦਾ ਹਾਂ?ਅਸੀਂ ਇੱਕੋ ਮਾਂ ਦੀ ਕੁੱਖੋਂ ਜਾਏਇਕੱਠੇ ਖੇਡੇ, ਸਕੂਲ ਪੜ੍ਹੇਉਹ ਮੈਨੂੰ ਛੋਟੇ ਹੁੰਦੇ ਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾਮੈਂ ਉਸਦੇ ਖ਼ੂਨ ਦੇ ਪੈਸੇ ਕਿਵੇਂ ਵੱਟ ਸਕਦਾ ਹਾਂ? ਖ਼ੂਨ ਸ਼ਬਦ ਦਿਮਾਗ਼ ਵਿੱਚ ਆਉਂਦਿਆ ਹੀ ਉਸਦਾ ਖ਼ੂਨ ਸਰਦ ਹੋ ਗਿਆ ਸੀਸਾਹਮਣੇ ਵਗਦਾ ਪਾਣੀ ਜਿਵੇਂ ਪਾਣੀ ਨਾਂ ਹੋਵੇ ਸਗੋਂ ਖ਼ੂਨ ਹੋਵੇਪਰ ਇਹ ਗੱਲ ਤਾਂ ਸੱਚ ਸੀ ਕਿ ਇਹ ਸ਼ਬਦ ਉਸਦੇ ਆਪਣੇ ਹੀ ਲਿਖੇ ਹੋਏ ਸਨ ਕਿ ਮੈਂ ਭਰਪੂਰ ਸਿੰਘ ਵਾਸੀ ਮੰਡੇਰ, ਸੁਖਦੇਵ ਸਿੰਘ ਵਾਸੀ ਘੁਮਾਣ ਤੋਂ ਸੱਠ ਹਜ਼ਾਰ ਰੁਪਏ ਆਪਣੇ ਭਰਾ ਜਗਤ ਸਿੰਘ ਦੇ ਇਲਾਜ ਲਈ ਲੈ ਕੇ ਇਹ ਫੈਸਲਾ ਕਰਦਾ ਹਾਂਉਸਦੇ ਦਸਤਖ਼ਤਾਂ ਦੇ ਨਾਲ ਹੀ ਥਾਣੇਦਾਰ ਬਘੇਲ ਸਿੰਘ ਅਤੇ ਦੋ ਹੋਰ ਗਵਾਹਾਂ ਦੇ ਸਾਈਨ ਸਨਉਸਦੇ ਭਤੀਜੇ ਨੇ ਇਸੇ ਚਿੱਠੀ ਦੀ ਕਾਪੀ ਹਾਸਲ ਕਰ ਲਈ ਸੀ ਅਤੇ ਚੀਖਿਆ ਸੀ।

ਐਡਾ ਅਕ੍ਰਿਤਘਣ ਨਿਕਲਿਆ ਤੂੰ....ਆਪਣੇ ਹੀ ਭਰਾ ਦੀ ਪਿੱਠ ਵਿੱਚ ਛੁਰਾ ਖੋਭ ਦਿੱਤਾ? ਕਮੀਨਿਆ ਨਿਕਲ ਜਾ ਏਥੋਂ ਤੂੰ ਸਾਡੇ ਬਾਪ ਦਾ ਕਾਤਲ ਏਂਉਹਦੀ ਮੌਤ ਦਾ ਮੁੱਲ ਵੱਟਿਆ ਏ ਤੂੰਕਿਸ ਨੂੰ ਪੁੱਛ ਕੇ ਤੂੰ ਪੈਸੇ ਲਏ ਸੀ ਸਾਡੇ ਬਾਪ ਦੇ?”

........

ਉਹ ਮੇਰਾ ਵੀ ਤਾਂ ਭਰਾ ਸੀਭਰਪੂਰ ਤੋਂ ਕਿਹਾ ਗਿਆ ਸੀ

.........

ਤਾਂ ਭਰਾ ਤੇਰੇ ਵਰਗੇ ਹੁੰਦੇ ਨੇ?”

ਤੇ ਫੇਰ ਉਸ ਨੇ ਧੱਕੇ ਮਾਰ ਕੇ ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀਪਿੰਡ ਦੇ ਲੋਕਾਂ ਨੇ ਇਹ ਤਮਾਸ਼ਾ ਵੇਖਿਆ ਤੋਇ ਤੋਇ ਕੀਤੀਜਿਵੇਂ ਉਹ ਜਿਊਂਦੇ ਜੀ ਹੀ ਮਰ ਗਿਆ ਹੋਵੇਬਾਹਰ ਆਕੇ ਉਹ ਬਹੁਤ ਰੋਇਆ ਸੀਤੇ ਉਸਦਾ ਰੋਣ ਇੱਕ ਵਾਰ ਫੇਰ ਨਿੱਕਲ ਗਿਆ

-----

ਭਰਾ ਦਾ ਭੋਗ ਪੈ ਗਿਆ ਸੀਭਰਾ ਦਾ ਹੋਣਾ ਬੀਤਿਆ ਕੱਲ੍ਹ ਬਣ ਗਿਆ ਸੀ ਪਰ ਲੋਕਾਂ ਲਈ ਇਹ ਘਟਨਾ ਨਵੀਂ ਨਕੋਰ ਸੀਉਹ ਜਿੱਧਰੋਂ ਵੀ ਨਿਕਲ਼ਦਾ ਲੋਕ ਆਨੀਂ ਬਹਾਨੀਂ ਤਾਹਨੇ ਮਾਰਦੇਜਾਨਵਰਾਂ ਵਿੱਚੀਂ ਉਸ ਨੂੰ ਸੁਣਾ ਕੇ ਗਾਲ੍ਹਾਂ ਕੱਢਦੇਉਸਦਾ ਘਰੋਂ ਬਾਹਰ ਨਿਕਲ਼ਣਾ ਮੁਹਾਲ ਹੋ ਗਿਆਲੋਕ ਜਦ ਵੀ ਉਸ ਨੂੰ ਦੇਖ ਲੈਂਦੇ ਮੂੰਹ ਜੋੜ ਕੇ ਖੁਸਰ-ਫੁਸਰ ਕਰਦੇਕਈ ਪਾਸੇ ਨੂੰ ਮੂੰਹ ਕਰਕੇ ਹੱਸ ਪੈਂਦੇ ਤਾਂ ਉਸਦਾ ਕਾਲਜਾ ਵਿੰਨ੍ਹਿਆਂ ਜਾਂਦਾਘਰ ਜਾਂਦਾ ਤਾਂ ਘਰ ਵਾਲੀ ਆਖਦੀ,

ਹੋਰ ਕਰ ਲੈ ਐਨਾ....ਮਹੀਨਾ ਦਿਨ ਰਾਤ ਘਰ ਨਹੀਂ ਵੜਿਆਜੁਆਕ ਨਹੀਂ ਪੁੱਛੇਲੈ ਲਿਆ ਦੱਖੂ ਦਾਣਾ...ਅਖੇ ਮੇਰਾ ਭਰਾ ਹੈਉਹ ਤੇਰੇ ਭਰਾ ਨਾਲੋਂ ਉਹਨਾਂ ਦਾ ਬਾਪ ਵੱਧ ਤੀ

-----

ਪਰ ਭਰਪੂਰ ਘਰ ਵਾਲੀ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾਂ ਦਿੰਦਾਉਸਦੀ ਚੁੱਪ ਇੱਕ ਰੋਗ ਬਣਦੀ ਜਾ ਰਹੀ ਜਾ ਰਹੀ ਸੀਉਧਰ ਸਤਿੰਦਰ ਜਿਸ ਦਿਨ ਦਾ ਅਮਰੀਕਾ ਤੋਂ ਆਇਆ ਸੀ ਸ਼ਰਾਬ ਨਾਲ ਰੱਜਿਆ ਰਹਿੰਦਾ ਜਦੋਂ ਲੋਕ ਅਫ਼ਸੋਸ ਕਰਨ ਵੀ ਜਾਂਦੇ ਤਾਂ ਉਸਨੇ ਪੀਤੀ ਹੁੰਦੀਪੀਣ ਦਾ ਬਹਾਨਾ ਬਣਾਉਂਦਾ ਉਹ ਆਖਦਾ ਕਿ ਉਹ ਤਾਂ ਪੀਂਦਾ ਹੈ ਉਸ ਦਾ ਦਿਲ ਨਹੀਂ ਖੜ੍ਹਦਾਪਰ ਉਨ੍ਹਾਂ ਦੇ ਘਰੇ ਤਾਂ ਮੀਟ ਵੀ ਨਿੱਤ ਬਣਦਾ ਸੀਜਿਸ ਬਾਰੇ ਉਸ ਦੀ ਪਤਨੀ ਆਖਦੀ ਕਿ ਮੀਟ ਦਾ ਕੀ ਹੈ ਅਮਰੀਕਾ ਤਾਂ ਇਹ ਆਮ ਵਰਗੀ ਗੱਲ ਹੀ ਹੈਨਾਲੇ ਸਤਿੰਦਰ ਰੋਟੀ ਘੱਟ ਹੀ ਖਾਂਦਾ ਹੈ

-----

ਪਰ ਭਰਪੂਰ ਸਮਝਦਾ ਸੀ ਕਿ ਉਨ੍ਹਾਂ ਨੂੰ ਆਪਣੇ ਬਾਪ ਦਾ ਦੁੱਖ ਨਹੀਂ ਹੈਉਹ ਸਿਰਫ ਮਗਰ ਮੱਛ ਦੇ ਹੰਝੂ ਵਹਾ ਰਹੇ ਸਨਅਮਰੀਕਾ ਤੋਂ ਉਹ ਉਦੋਂ ਤਾਂ ਆਏ ਨਾਂ ਜਦੋਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀਉਦੋਂ ਤਾਂ ਉਹ ਫੋਨ ਤੇ ਹੀ ਆਖਦੇ ਕੋਈ ਨਾਂ ਚਾਚਾ ਜਿੰਨਾ ਖ਼ਰਚ ਆਉਂਦਾ ਹੈ ਕਰੀ ਜਾ ਜੋ ਵੀ ਤੇਰਾ ਹੋਵੇਗਾ ਅਸੀਂ ਦੇਵਾਂਗੇਅੱਗੋਂ ਉਹ ਆਖਦਾ ਕੋਈ ਗੱਲ ਨਹੀਂ ਮੇਰਾ ਭਰਾ ਪਹਿਲਾਂ ਹੈਪਰ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਹ ਉਨ੍ਹਾਂ ਦਾ ਬਾਪ ਪਹਿਲਾ ਬਣ ਗਿਆ ਸੀਉਨ੍ਹਾਂ ਦਾ ਆਉਣਾ ਇਸ ਲਈ ਵੀ ਜ਼ਰੂਰੀ ਸੀ ਤਾਂ ਕਿ ਉਹ ਪਿਉ ਦੀ ਜ਼ਮੀਨ ਜਾਇਦਾਦ ਆਪਣੇ ਨਾਉੰ ਕਰਾ ਸਕਣ,ਉਸਦੇ ਪੈਸੇ ਤੇ ਹੋਰ ਪੂੰਜੀ ਤੇ ਹੱਕ ਜਤਾ ਸਕਣਜਿੱਥੇ ਹਰ ਸ਼ਾਮ ਪਟਵਾਰੀ ਉਨ੍ਹਾਂ ਦੇ ਘਰ ਆਕੇ ਹਾਜ਼ਰੀ ਲੁਆਉਂਦਾ ਤੇ ਰੱਜ ਕੇ ਘਰੋਂ ਨਿਕਲ਼ਦਾ ਉਥੇ ਵਕੀਲ ਦਾ ਗੇੜਾ ਵੀ ਰੋਜ਼ ਲੱਗਦਾ ਜਿਸ ਨੇ ਉਨ੍ਹਾਂ ਨੂੰ ਕਮਿਸ਼ਨ ਬਦਲੇ ਲੱਖਾਂ ਰੁਪਏ ਦੀ ਇੰਸ਼ੋਰੈਂਸ ਲੈ ਕੇ ਦੇਣ ਦਾ ਝਾਂਸਾ ਦਿੱਤਾ ਸੀਸਤਿੰਦਰ ਆਪਣੇ ਅਮਰੀਕਾ ਰਹਿੰਦੇ ਦੋ ਭਰਾਵਾਂ ਨੂੰ ਢਿੱਬੀ ਮਾਰ ਕੇ ਆਪਣੇ ਬਾਪ ਦੀ ਮੌਤ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਸੀਭਰਪੂਰ ਨੂੰ ਉਹ ਇੱਕ ਨੰਬਰ ਦਾ ਪਾਖੰਡੀ ਜਾਪਦਾ ਸੀਨਹੀਂ ਤਾਂ ਜਿਸ ਦਾ ਪਿਉ ਮਰ ਗਿਆ ਹੋਵੇ ਉਸ ਨੂੰ ਮੀਟ ਸ਼ਰਾਬਾਂ ਸੁੱਝਣ,ਤਰ੍ਹਾਂ ਤਰ੍ਹਾਂ ਦੇ ਕੱਪੜੇ ਅਤੇ ਪ੍ਰਫਿਊਮ ਲਾਉਣੇ ਸੁੱਝਣ?ਉਹ ਆਪਣੀ ਮਾਂ ਨੂੰ ਆਖਦਾ ਕਿ ਉਹ ਆਪਣੇ ਬਾਪ ਦੇ ਅਧੂਰੇ ਕੰਮ ਪੂਰੇ ਕਰ ਰਿਹਾ ਹੈਜਦੋਂ ਕਿ ਉਹ ਆਪਣੇ ਨਿੱਜੀ ਫਾਇਦੇ ਨੂੰ ਮੁੱਖ ਰੱਖ ਕੇ ਫਿਰ ਰਿਹਾ ਸੀਆਪਣੇ ਦਿਖਾਵੇ ਭਰੇ ਰਹਿਣ ਸਹਿਣ ਨੂੰ ਉਹ ਆਮ ਜਿਹੀ ਗੱਲ ਆਖਦਾ

-----

ਭਰਪੂਰ ਕਦੇ ਕਦੇ ਸੋਚਦਾ ਕਿ ਕੈਸਾ ਵਕਤ ਆ ਗਿਆ ਕਿ ਲੋਕ ਰਿਸ਼ਤਿਆਂ ਦੇ ਝੂਠੇ ਨਕਾਬ ਪਾ ਕੇ ਕੀ ਕੀ ਪਾਖੰਡ ਕਰਦੇ ਹਨਜੀਂਦੇ ਜੀ ਇਸਦੇ ਬਾਪ ਨੇ ਏਸੇ ਸਤਿੰਦਰ ਨੂੰ ਕਦੀ ਵੀ ਚੰਗਾ ਨਹੀਂ ਸੀ ਸਮਝਿਆਇਸਦੀਆਂ ਆਦਤਾਂ ਤੋਂ ਤੰਗ ਆਕੇ ਹੀ ਇਸਦੇ ਬਾਪ ਨੇ ਔਖਾ ਹੋ ਕੇ ਇਸ ਨੂੰ ਅਮਰੀਕਾ ਭੇਜਿਆ ਸੀ ਜ਼ਮੀਨ ਗਹਿਣੇ ਧਰ ਕੇਜੋ ਅਜੇ ਤੱਕ ਵੀ ਗਹਿਣੇ ਹੈਇਹ ਭਾਵੇਂ ਉੱਥੇ ਸੈੱਟ ਵੀ ਹੋ ਗਏ ਸਾਰਾ ਟੱਬਰ ਵੀ ਇਸਨੇ ਉੱਥੇ ਬੁਲਾ ਲਿਆਵਿਆਹ ਕਰਵਾ ਲਿਆ ਅੱਗੋਂ ਬੱਚੇ ਵੀ ਹੋ ਗਏਪਰ ਮਨ ਦੀ ਭੁੱਖ ਨਹੀਂ ਗਈਇਸ ਦਾ ਬਾਪ ਮਰਨ ਸਮੇਂ ਤੱਕ ਵੀ ਦੁਖੀ ਸੀਆਪਣੇ ਸਿਰ ਪੁੱਤਾਂ ਨੂੰ ਨੂੰ ਸੈੱਟ ਕਰਨ ਲਈ ਚੜ੍ਹਿਆ ਕਰਜ਼ਾ ਉਸ ਨੇ ਆਪ ਹੀ ਉਤਾਰਿਆਇਸ ਵਾਰੀ ਉਹ ਆਪਣੀ ਸਕੂਲ ਟੀਚਰ ਵਜੋਂ ਰੀਟਾਇਰਮੈਂਟ ਲੈਣ ਲਈ ਆਇਆ ਸੀ ਉਸ ਨੇ ਆਪਣੇ ਭਰਾ ਨਾਲ ਸਾਰੀਆਂ ਗੱਲਾਂ ਕੀਤੀਆਂਉਹ ਰੀਟਾਇਰਮੈਂਟ ਵਾਲੇ ਪੈਸਿਆਂ ਨਾਲ ਜ਼ਮੀਨ ਛੁਡਾਉਣੀ ਚਾਹੁੰਦਾ ਸੀ ਕਿਉਕਿ ਉਸਦੇ ਅਮਰੀਕਾ ਵਸਦੇ ਪੁੱਤਾਂ ਤੋਂ ਛੁਡਾਈ ਨਹੀਂ ਸੀ ਗਈਪਰ ਮੁੜਕੇ ਇਹ ਭਾਣਾ ਵਰਤ ਗਿਆਜੀਂਦੇ ਜੀ ਉਹ ਆਖਦਾ ਸੀ ਕਿ ਮੈਂ ਇੱਕ ਵਾਰੀ ਅਮਰੀਕਾ ਜਾ ਕੇ ਮੁੜ ਆਉਣਾ ਹੈ ਫੇਰ ਕਦੀ ਵੀ ਉੱਥੇ ਵਾਪਿਸ ਨਹੀਂ ਜਾਣਾਉਸ ਦੀ ਪਤਨੀ ਜਗੀਰ ਕੌਰ ਆਪਣੇ ਮੁੰਡੇ ਦੀ ਮੰਨਦੀ ਸੀ ਕਿਉਂਕਿ ਜਦੋਂ ਸਤਿੰਦਰ ਦਾ ਵਿਆਹ ਕਰਨ ਉਹ ਭਾਰਤ ਆਈ ਸੀ ਤਾਂ ਉਸ ਸੱਤ ਲੱਖ ਰੁਪਈਆ ਤੇ ਮੂੰਹ ਮੰਗਵਾਂ ਦਾਜ ਲਿਆ ਸੀਨੂੰਹ ਨੂੰ ਉਹ ਆਪਣੇ ਰੋਅਬ ਹੇਠ ਰੱਖਦੀ ਸੀਪਹਿਲਾਂ ਤਾਂ ਨੂੰਹ ਅਜੇ ਤਿੜ ਫਿੜ ਕਰਦੀ ਵੀ ਪਰ ਬਾਪ ਦੀ ਮੌਤ ਤੋਂ ਬਾਅਦ ਸਤਿੰਦਰ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਮੰਮੀ ਦੀ ਦੱਬ ਕੇ ਸੇਵਾ ਕਰ ਇਸ ਨੂੰ ਆਪਣੇ ਹੱਥ ਵਿੱਚ ਰੱਖ ਇਸੇ ਗੱਲ ਦਾ ਆਪਾਂ ਨੂੰ ਫਾਇਦਾ ਹੈਫੇਰ ਜਦੋਂ ਵੀ ਕਦੇ ਇੰਡੀਆ ਆਇਆ ਕਰੇਂਗੀ ਤਾਂ ਐਸ਼ਾਂ ਕਰੇਂਗੀਸਤਿੰਦਰ ਦੀ ਇਸ ਗੱਲ ਤੇ ਅਮਲ ਸ਼ੁਰੂ ਹੋ ਗਿਆ ਸੀਜਿਸ ਨੂੰ ਭਰਪੂਰ ਚੰਗੀ ਤਰ੍ਹਾਂ ਸਮਝ ਰਿਹਾ ਸੀ

-----

ਆਪਣੇ ਪਿਉ ਦੀ ਮੌਤ ਦਾ ਅਫ਼ਸੋਸ ਸਤਿੰਦਰ ਕੁੱਝ ਵਧੇਰੇ ਹੀ ਕਰ ਰਿਹਾ ਸੀਪਿਉ ਨਾਲ ਸਬੰਧਤ ਕੰਮਾਂ ਕਾਜਾਂ ਵਿੱਚ ਸਤਿੰਦਰ ਨੇ ਅਮਰੀਕਾ ਰਹਿੰਦੇ ਦੋਹਾਂ ਛੋਟੇ ਭਰਾਵਾਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਸੀ ਸਮਝੀਉਹ ਬਾਪ ਦੀ ਮੌਤ ਤੇ ਉੱਥੇ ਬੈਠੇ ਹੀ ਕਲਪਦੇ ਰਹੇਜਾਂਦੀ ਵਾਰੀ ਦਾ ਮੂੰਹ ਵੀ ਨਾਂ ਦੇਖ ਸਕੇਅਜੇ ਨਵੇਂ ਨਵੇਂ ਹੋਣ ਕਾਰਨ ਉਹ ਆ ਵੀ ਨਹੀਂ ਸਨ ਸਕਦੇਪਰਦੇਸਾਂ ਦੇ ਏਹੋ ਮਾਮਲੇ ਤਾਂ ਦੁਖੀ ਕਰਦੇ ਨੇਉਨ੍ਹਾਂ ਦਾ ਪਿਉ ਮਾਸਟਰ ਜਗਤ ਸਿੰਘ ਵੀਜ਼ਾ ਆਉਣ ਤੋਂ ਕੁੱਝ ਮਹੀਨੇ ਦੀ ਛੁੱਟੀ ਲੈ ਕੇ ਉਨ੍ਹਾਂ ਦੇ ਨਾਲ ਹੀ ਅਮਰੀਕਾ ਚਲਿਆ ਗਿਆ ਸੀਛੇ ਮਹੀਨੇ ਬੀਤਣ ਤੋਂ ਬਾਅਦ ਉਹ ਆਪਣੀ ਰੀਟਾਇਰਮੈਂਟ ਲੈਣ ਲਈ ਭਾਰਤ ਆਇਆ ਸੀਤਾਂ ਇਹ ਭਾਣਾ ਵਰਤ ਗਿਆਲੋਕ ਅੱਜ ਵੀ ਉਸਨੂੰ ਯਾਦ ਕਰਦੇ ਨਾਂ ਥੱਕਦੇਜਮਸ਼ੇਦਪੁਰ ਦੇ ਹਾਈ ਸਕੂਲ ਵਿੱਚ ਉਹ ਸਮਾਜਿਕ ਵਿਗਿਆਨ ਪੜ੍ਹਾਇਆ ਕਰਦਾ ਸੀਬੇਹੱਦ ਸ਼ਰੀਫ ਸੀ ਤੇ ਵਿਦਿਆਰਥੀ ਉਸ ਤੋਂ ਬਹੁਤ ਖ਼ੁਸ਼ ਸਨਪਹਿਲੇ ਸਾਲਾਂ ਵਿੱਚ ਉਹ ਸਾਈਕਲ ਤੇ ਜਾਂ ਬੱਸ ਚੜ ਕੇ ਸਕੂਲ ਪੜ੍ਹਾਉਣ ਜਾਂਦਾ ਰਿਹਾਪਰ ਬਾਅਦ ਵਿੱਚ ਆ ਕੇ ਉਸ ਨੇ ਸਕੂਟਰ ਲੈ ਲਿਆ ਸੀਜਾਣ ਲੱਗਿਆ ਉਹ ਆਪਣੇ ਸਕੂਟਰ ਨੂੰ ਬੰਦ ਕਮਰੇ ਵਿੱਚ ਖੜ੍ਹਾ ਕਰਦੇ ਜਿੰਦਰਾ ਲਗਾ ਗਿਆ ਸੀਹਾਦਸੇ ਵਾਲੇ ਦਿਨ ਉਹ ਆਪਣੀ ਰੀਟਾਇਰਮੈਂਟ ਦੇ ਸਬੰਧ ਵਿੱਚ ਏਸੇ ਸਕੂਟਰ ਤੇ ਲੁਧਿਆਣੇ ਨੂੰ ਜਾ ਰਿਹਾ ਸੀ ਕਿ ਚੰਡੀਗੜ ਲੁਧਿਆਣਾ ਸੜਕ ਤੇ ਇੱਕ ਗੱਡੀ ਵਾਲਾ ਉਸ ਵਿੱਚ ਆ ਵੱਜਾ ਸੀਸਾਰਾ ਕਸੂਰ ਭਾਵੇਂ ਗੱਡੀ ਵਾਲੇ ਦਾ ਸੀ, ਪੁਲੀਸ ਨੇ ਉਸ ਨੂੰ ਫੜ ਵੀ ਲਿਆ ਸੀ ਪਰ ਉਹ ਕੋਈ ਤਕੜੇ ਟਰਾਂਸਪੋਟਰ ਹੋਣ ਕਰਕੇ ਪੁਲੀਸ ਨੇ ਕੋਈ ਖ਼ਾਸ ਕਾਰਵਾਈ ਨਹੀਂ ਸੀ ਕੀਤੀਪੁਲੀਸ ਦੇ ਜ਼ੋਰ ਪਾਉਣ ਤੇ ਉਨ੍ਹਾਂ ਲਹੂ ਨਾਲ ਲੱਥ ਪੱਥ ਹੋਏ ਜਗਤ ਸਿੰਘ ਨੂੰ ਚੁੱਕ ਕੇ ਟਰੱਕ ਵਿੱਚ ਧਰ ਲਿਆ ਸੀਉਨ੍ਹਾਂ ਨੇ ਇਸ ਗੱਲ ਦੀ ਪਰਵਾਹ ਵੀ ਨਹੀਂ ਸੀ ਕੀਤੀ ਕਿ ਉਸ ਦੀਆਂ ਪੱਸਲੀਆਂ ਟੁੱਟੀਆਂ ਹੋਈਆਂ ਹਨ ਤੇ ਖ਼ੂਨ ਵਗ ਰਿਹਾ ਸੀਉਹ ਤਾਂ ਜਗਤ ਸਿੰਘ ਨੂੰ ਛੇਤੀ ਨਾਲ ਹਸਪਤਾਲ ਸੁੱਟ ਖਹਿੜਾ ਛੁਡਾ ਲੈਣਾ ਚਾਹੁੰਦੇ ਸੀਪਰ ਇਸ ਹਾਦਸੇ ਸਮੇਂ ਜਦੋਂ ਸ਼ਨਾਖ਼ਤ ਲਈ ਪੁਲੀਸ ਨੇ ਜਗਤ ਸਿੰਘ ਦਾ ਬਟੂਆ ਫਰੋਲਿਆ ਸੀ ਤਾਂ ਪਤਾ ਲੱਗਿਆ ਸੀ ਕਿ ਉਹ ਅਮਰੀਕਾ ਤੋਂ ਆਇਆ ਹੈਬਾਹਰਲੀ ਸਾਮੀ ਹੋਣ ਕਰਕੇ ਪੁਲੀਸ ਨੇ ਕੁੱਝ ਧਿਆਨ ਦਿੱਤਾ ਸੀ ਕਿ ਕੋਈ ਤਾਂ ਮਗਰ ਆਊ ਹੀ..ਏਸੇ ਕਰਕੇ ਇੱਕ ਸਿਪਾਹੀ ਜਗਤ ਸਿੰਘ ਦੇ ਪਿੰਡ ਨੂੰ ਭਜਾਇਆ ਸੀਤੇ ਪਿੰਡੋਂ ਉਸਦਾ ਭਰਾ ਭਰਪੂਰ ਸਿੰਘ ਭੱਜਾ ਆਇਆ ਸੀਹਾਦਸੇ ਵਾਲੀ ਥਾਂ ਤੇ ਲੱਗਿਆ ਖ਼ੂਨ ਦਾ ਛੱਪੜ ਵੇਖ ਕੇ ਉਸ ਦਾ ਮੱਥਾ ਠਣਕਿਆ ਸੀਪਰ ਉੱਥੇ ਪੁੱਜਣ ਤੇ ਪਤਾ ਲੱਗਾ ਕਿ ਉਸਦੇ ਭਰਾ ਨੂੰ ਸਮਰਾਲਾ ਸ਼ਹਿਰ ਦੇ ਹਸਪਤਾਲ ਲੈ ਗਏ ਹਨ ਉੱਥੇ ਗਿਆ ਤਾਂ ਪਤਾ ਲੱਗਾ ਕਿ ਅੱਗੋਂ ਲੁਧਿਆਣੇ ਸੀ: ਐੱਮ: ਸੀ: ਹਸਪਤਾਲ ਲੈ ਗਏ ਹਨ ਕਿਉਂਕਿ ਸਮਰਾਲੇ ਉਸਦੇ ਖ਼ੂਨ ਦਾ ਗਰੁੱਪ ਨਹੀਂ ਸੀ ਮਿਲਿਆਜਦੋਂ ਭਰਪੂਰ ਸਿੰਘ ਲੁਧਿਆਣੇ ਪੁੱਛਦਾ ਪੁਛਾਉਂਦਾ ਪਹੁੰਚਿਆ ਤਾਂ ਉਸ ਨੇ ਵੇਖਿਆ ਸੀ ਕਿ ਉਸਦਾ ਭਰਾ ਸੱਟਾਂ ਦਾ ਭੰਨਿਆ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦੇ ਬੈੱਡ ਤੇ ਪਿਆ ਹੈਜਿਸ ਨੂੰ ਵੇਖ ਕੇ ਉਸਦੀ ਧਾਅ ਨਿੱਕਲ ਗਈਉਸਦੇ ਇਲਾਜ ਬਾਰੇ ਪੁੱਛਣ ਤੇ ਪਤਾ ਲੱਗਿਆ ਕਿ ਡਾ: ਉਸਦੇ ਵਾਰਿਸਾਂ ਨੂੰ ਉਡੀਕ ਰਹੇ ਹਨਟਰੱਕ ਡਰਾਈਵਰ ਅਤੇ ਪੁਲਿਸ ਵਾਲਾ ਇੱਕ ਖੂੰਜੇ ਕੁਰਸੀਆਂ ਤੇ ਬੈਠੇ ਸਨਸ਼ਾਇਦ ਅਮਰੀਕਾ ਦਾ ਐਡਰੈੱਸ ਹੋਣ ਕਰਕੇ ਪੁਲੀਸ ਨੇ ਦੂਜੀ ਪਾਰਟੀ ਨੂੰ ਵੀ ਉਡੀਕਣਾ ਜਰੂਰੀ ਸਮਝਿਆ ਸੀ

-----

ਰੋਂਦੇ ਭਰਪੂਰ ਨੂੰ ਵੇਖ ਕੇ ਡਾਕਟਰਾਂ ਨੇ ਕਿਹਾ ਸੀ ਇਹ ਵੇਲਾ ਰੋਣ ਦਾ ਨਹੀਂ ਇਸ ਨੂੰ ਬਚਾਉਣ ਦਾ ਹੈ

.........

ਭਰਪੂਰ ਨੇ ਕਿਹਾ ਇਸ ਲਈ ਤਾਂ ਮੇਰੀ ਜਾਨ ਵੀ ਹਾਜਰ ਹੈ

.........

ਉਸੇ ਵਕਤ ਪੁਲੀਸ ਦਾ ਬੰਦਾ ਬੋਲਿਆ ਜੀ ਅਸੀਂ ਬੜੀ ਮੁਸ਼ਕਲ ਨਾਲ ਇਹ ਬੈੱਡ ਤੇ ਕਮਰਾ ਤਾਂ ਲੈ ਦਿੱਤਾ ਹੈਹੁਣ ਅੱਗੋਂ ਤੁਸੀਂ ਡਾਕਟਰ ਨਾਲ ਗੱਲ ਕਰ ਲਵੋ

...........

ਇੱਕ ਡਾਕਟਰ ਨੇ ਦੂਜੇ ਕੋਲ ਦੂਜੇ ਨੇ ਤੀਜੇ ਕੋਲ ਉਸ ਨੂੰ ਭੇਜਿਆ ਤਾਂ ਵੱਡੇ ਡਾਕਟਰ ਦਾ ਕਹਿਣਾ ਸੀ ਇਸਦੇ ਬਚਾਅ ਲਈ ਸਾਨੂੰ ਜਾਨ ਨਹੀਂ ਪੈਸਾ ਚਾਹੀਦਾ ਹੈ ਤਾਂ ਅਪਰੇਸ਼ਨ ਹੋ ਸਕੇਗਾ

..........

ਭਰਪੂਰ ਨੇ ਪਿੰਡੋਂ ਲਿਆਂਦੇ ਸਾਰੇ ਪੈਸੇ ਡਾਕਟਰ ਨੂੰ ਫੜਾ ਦਿੱਤੇ ਕਿ ਆਹ ਲਉ ਪੰਜ ਸੌ ਰੁਪਈਆ ਹੈ

ਅੱਗੋਂ ਡਾਕਟਰ ਨੇ ਕਿਹਾ ਮਜ਼ਾਕ ਕਰਦਾ ਏਂ?ਤੇਰੇ ਭਰਾ ਦੀ ਜਾਨ ਜਾ ਰਹੀ ਏ ਤੇ ਤੂੰ ਉਸ ਨੂੰ ਬਚਾਉਣ ਦੇ ਸਿਰਫ ਪੰਜ ਸੌ ਰੁਪਈਏ ਦੇ ਰਿਹਾ ਏਂ?ਇਸ ਤਾਂ ਅਜੇ ਫੀਸ ਹੈ ਸਾਡੀ ਮੈ ਡਾਕਟਰ ਸਲੂਜਾ ਅਤੇ ਸਿੱਧੂ ਨੂੰ ਵੀ ਹਿੱਸਾ ਦੇਣਾ ਹੈਫੇਰ ਦਵਾਈਆਂ ਕਿੱਥੋਂ ਆਉਣਗੀਆਂ? ਦਵਾਈਆਂ ਅਤੇ ਅਪ੍ਰੇਸ਼ਨ ਬਗੈਰ ਤਾਂ ਤੇਰੇ ਭਰਾ ਦੀ ਜਾਨ ਕਿਸੇ ਵੀ ਹਾਲਤ ਵਿੱਚ ਬਚ ਨਹੀਂ ਸਕਦੀਅਪ੍ਰੇਸ਼ਨ ਤੇ ਤੀਹ ਹਜ਼ਾਰ ਤੱਕ ਖਰਚਾ ਆ ਸਕਦਾ ਹੈ

............

ਤੇ ਫੇਰ ਇੱਕ ਢਿੱਡਲ਼ ਜਿਹੇ ਬੰਦੇ ਨੇ ਬੰਦੇ ਭਰਪੂਰ ਦੀ ਬਾਂਹ ਫੜਦੇ ਹੋਏ ਕਿਹਾ, “ਛੋਟੇ ਭਾਈ ਮੇਰਾ ਨਾਂਉ ਗੁਰਮੀਤ ਸਿੰਘ ਗਰੇਵਾਲ ਹੈਮੈਂ ਗਰੇਵਾਲ ਟ੍ਰਾਂਸਪੋਰਟ ਤੋਂ ਹਾਂਮੇਰੀ ਹੀ ਗੱਡੀ ਸੀ ਜੋ ਡਰਾਈਵਰ ਚਲਾਉਂਦਾ ਸੀਭਰਾਵਾ ਮੈਨੂੰ ਵੀ ਬਹੁਤ ਦੁੱਖ ਹੈ ਪਰ ਪ੍ਰਮਾਤਮਾ ਨੂੰ ਏਹੋ ਮਨਜ਼ੂਰ ਸੀ ਉਸਦੀ ਕਰਨੀ ਨੂੰ ਕੌਣ ਟਾਲ਼ ਸਕਦਾ ਹੈਅਮਰੀਕਾ ਤੋਂ ਆਏ ਬੰਦੇ ਨੂੰ ਏਥੇ ਸਕੂਟਰ ਚਲਾਉਣਾ ਹੀ ਨਹੀਂ ਚਾਹੀਦਾਉੱਥੇ ਟ੍ਰੈਫਿਕ ਉਲਟੇ ਪਾਸੇ ਚੱਲਦਾ ਹੈਡਰਾਈਵਰ ਦੱਸਦਾ ਸੀ ਕਿ ਇਸ ਨੇ ਉਲਟ ਪਾਸੇ ਤੋਂ ਸਕੂਟਰ ਮੂਹਰੇ ਲੈ ਆਂਦਾ ਉਸ ਨੇ ਬਥੇਰੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰੱਬ ਦੀ ਕਰਨੀ ਕੌਣ ਟਾਲ਼ ਸਕਦਾ ਹੈਛੋਟੇ ਭਾਈ ਤੂੰ ਦਿਲ ਨਾ ਛੱਡ ਇਹਦਾ ਇਲਾਜ ਕਰਵਾ ਆਹ ਫੜ ਤੀਹ ਹਜ਼ਾਰ ਰੁਪਈਆਤੂੰ ਸ਼ੁਕਰ ਕਰ ਉੱਤੇ ਟਾਇਰ ਚੜ੍ਹਨੋਂ ਬਚ ਗਏ।ਉਸ ਨੇ ਨੋਟਾਂ ਦੀ ਗੱਡੀ ਭਰਪੂਰ ਦੇ ਹੱਥ ਦੇ ਦਿੱਤੀ

----

ਉੱਧਰ ਡਾਕਟਰ ਅਪਰੇਸ਼ਨ ਲਈ ਪੈਸੇ ਮੰਗ ਰਹੇ ਸਨ ਤੇ ਭਰਪੂਰ ਸੋਚ ਰਿਹਾ ਸੀ ਕਿ ਭਰਾ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈਉਹ ਭਰਾ ਜੋ ਛੋਟਾ ਹੁੰਦਾ ਉਸ ਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾ ਸੀਉਸ ਕੋਲ ਆਪਣੇ ਕੋਲ ਤਾਂ ਪੈਸੇ ਨਹੀਂ ਸਨਤੇ ਹੋਰ ਰਾਹ ਵੀ ਕੋਈ ਨਹੀਂ ਸੀ ਉਸ ਨੇ ਪੈਸੇ ਫੜ ਲਏਤਾਂ ਗੁਰਮੀਤ ਫੇਰ ਬੋਲਿਆ ਮੇਰਾ ਵੱਡਾ ਭਰਾ ਲਛਮਣ ਸਿੰਘ ਗਰੇਵਾਲ ਐਮ ਐਲ ਏ ਹੈਤੇ ਸਮਰਾਲੇ ਸਾਰੇ ਸ਼ਰਾਬ ਦੇ ਠੇਕੇ ਵੀ ਆਪਣੇ ਹਨ,ਕਿਸੇ ਵੀ ਮੱਦਦ ਦੀ ਲੋੜ ਪਏ ਤਾਂ ਦੱਸਣਾ

.........

ਪੁਲੀਸ ਵਾਲੇ ਨੇ ਭਰਪੂਰ ਨੂੰ ਪੁੱਛਿਆ ਨਾ ਹੋਰ ਏਹਦਾ ਏਧਰ ਕੋਈ ਨਹੀ”?

................

ਨਹੀਂ ਜੀ ਅੱਜ ਕੱਲ ਤਾਂ ਮੇਰੇ ਕੋਲ ਹੀ ਰਹਿੰਦਾ ਹੈਇਸਦਾ ਆਪਣਾ ਘਰ ਵੀ ਹੈਤਿੰਨ ਮੁੰਡੇ ਅਤੇ ਘਰ ਵਾਲੀ ਅਮਰੀਕਾ ਰਹਿੰਦੇ ਹਨਇਸਦੇ ਵੱਡੇ ਮੁੰਡੇ ਨੂੰ ਮੈਂ ਹੁਣੇ ਐੱਸ ਟੀ ਡੀ ਤੋਂ ਐਕਸੀਡੈਂਟ ਦੀ ਖ਼ਬਰ ਦੇਵਾਂਗਾ ਫੇਰ ਸ਼ਾਇਦ ਉਹ ਆ ਜਾਵੇ

.........

ਪੁਲੀਸ ਵਾਲੇ ਨੇ ਫੇਰ ਪੁੱਛਿਆ ਤੈਨੂੰ ਪੱਕਾ ਪਤਾ ਹੈ ਕਿ ਇਸਦਾ ਮੁੰਡਾ ਆ ਜਾਵੇਗਾ”?

............

ਜੀ ਪੱਕਾ ਪਤਾ ਤਾਂ ਨਹੀਂ ਅਜੇ ਗੱਲ ਕਰਨੀ ਹੈ”?

..............

ਫੇਰ ਤਾਂ ਤੇਰੇ ਭਰਾ ਦੀ ਜਾਨ ਚਲੀ ਜਾਵੇਗੀਭਰਾ ਮੁੜਕੇ ਨਹੀਂ ਮਿਲਦੇ ਉਸ ਨੂੰ ਬਚਾ ਲੈਇਲਾਜ ਲਈ ਤੇਰੇ ਕੋਲ ਪੈਸੇ ਹੈ ਗੇ? ਘੱਟੋ -ਘੱਟ ਪੰਜਾਹ ਸੱਠ ਹਜ਼ਾਰ ਰੁਪਈਆ ਲੱਗ ਜਾਵੇਗਾ

..........

ਪੰਜਾਹ ਸੱਠ ਹਜ਼ਾਰਭਰਪੂਰ ਦਾ ਸਾਹ ਉਤਾਂਹ ਚੜ੍ਹ ਗਿਆ, ਮੇਰੇ ਕੋਲ ਤਾਂ ਸਿਰਫ ਪੰਜ ਸੌ ਰੁਪਈਆ ਹੈ ਜਾਂ ਆਹ ਤੀਹ ਹਜ਼ਾਰ ਏਨ੍ਹਾਂ ਨੇ ਦਿੱਤਾ ਹੈ ਜੋ ਉਸੇ ਵਕਤ ਡਾਕਟਰ ਨੇ ਫੜ ਲਿਆ ਹੈਅਜੇ ਦਸ ਹਜ਼ਾਰ ਹੋਰ ਮੰਗਦੇ ਹਨਫੇਰ ਰੋਜ ਦੀਆਂ ਦਵਾਈਆਂਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ?ਜੇ ਮੇਰੇ ਵਸ ਹੋਵੇ ਤਾਂ ਇੱਕ ਇੱਕ ਕਤਰਾ ਖ਼ੂਨ ਦਾ ਦੇ ਦੇਵਾਂਭਰਪੂਰ ਦਾ ਰੋਣ ਨਿੱਕਲ ਗਿਆ

..........

ਪੁਲੀਸ ਵਾਲਾ ਬੋਲਿਆ ਰੋਣ ਨਾਲ ਕੁੱਝ ਨਹੀਂ ਬਣਨਾਤੀਹ ਹਜ਼ਾਰ ਤਾਂ ਤੂੰ ਦੇ ਹੀ ਦਿੱਤਾ ਹੈਮੈਂ ਗੱਲ ਕਰਦਾ ਹਾਂ ਅੱਜ ਦਾ ਕੰਮ ਸਰ ਜਾਵੇਗਾਅਜੇ ਪੁਲੀਸ ਨੇ ਵੀ ਕੁੱਝ ਨਹੀਂ ਲਿਆਤੈਨੂੰ ਕੱਲ੍ਹ ਨੂੰ ਥਾਣੇ ਆਉਣਾ ਪੈਣਾ ਹੈਮੈਂ ਉਨ੍ਹਾਂ ਨਾਲ ਗੱਲ ਕਰਕੇ ਵੇਖ ਲਵਾਂਗਾਜਦ ਨੂੰ ਤਾਂ ਫੇਰ ਸ਼ਾਇਦ ਇਸ ਦਾ ਮੁੰਡਾ ਆ ਹੀ ਜਾਵੇ

..........

ਭਰਪੂਰ ਅੱਛਾ ਜੀਕਹਿੰਦਾ ਹੋਇਆ ਇੱਕ ਨੁੱਕਰ ਵਿੱਚ ਲੱਗ ਕੇ ਬਹਿ ਗਿਆਫੇਰ ਪੁਲੀਸ ਵਾਲਾ ਦੂਸਰੇ ਬੰਦੇ ਕੋਲ ਜਾ ਖੜ੍ਹਿਆਉਹ ਬਾਹਾਂ ਹਿਲਾ ਕੇ ਕੁੱਝ ਕਹਿ ਰਿਹਾ ਸੀ ਜੋ ਭਰਪੂਰ ਨੂੰ ਸੁਣਾਈ ਨਾ ਦਿੱਤਾਫੇਰ ਪੁਲੀਸ ਵਾਲਾ ਅਤੇ ਗੁਰਮੀਤ ਸਿੰਘ ਕਿਸੇ ਪਾਸੇ ਗਏ ਜਦੋਂ ਵਾਪਸ ਆਏ ਤਾਂ ਦੋਨੋਂ ਖ਼ੁਸ਼ ਸਨਪੁਲੀਸ ਵਾਲਾ ਵਾਰ ਵਾਰ ਆਪਣੀ ਜੇਬ ਨੂੰ ਟੋਹ ਰਿਹਾ ਸੀ

------

ਉਸ ਤੋਂ ਬਾਅਦ ਜਗਤ ਸਿੰਘ ਨੂੰ ਅਪਰੇਸ਼ਨ ਲਈ ਲਿਜਾਇਆ ਗਿਆਡਾਕਟਰ ਭੱਜ ਨੱਸ ਕਰਦੇ ਰਹੇਭਰਪੂਰ ਨੂੰ ਵਾਰ ਵਾਰ ਦਵਾਈਆਂ ਲਿਆਉਣ ਲਈ ਸ਼ਹਿਰ ਭਜਾਉਂਦੇ ਰਹੇਅਪਰੇਸ਼ਨ ਹੋ ਗਿਆ ਸੀਟੁੱਟੀਆਂ ਪੱਸਲ਼ੀਆਂ ਅਤੇ ਟੁੱਟੀ ਲੱਤ ਬੰਨ ਦਿੱਤੇ ਗਏ ਸਨਪਰ ਅਜੇ ਵੀ ਜਗਤ ਸਿੰਘ ਨੂੰ ਹੋਸ਼ ਨਹੀਂ ਸੀ ਆਈ

ਡਾਕਟਰ ਭਰਪੂਰ ਸਿੰਘ ਤੇ ਅਹਿਸਾਨ ਜਤਾ ਰਹੇ ਸਨਤੇ ਆਖ ਰਹੇ ਸਨ ਕਿ ਅੱਜ ਦਾ ਕੰਮ ਤਾਂ ਚੱਲ ਗਿਅ ਕੱਲ ਨੂੰ ਦਵਾਈਆਂ ਲਈ ਤੇ ਅਗਲੇ ਇਲਾਜ ਲਈ ਤੈਨੂੰ ਹੋਰ ਪੈਸੇ ਜਮਾਂ ਕਰਵਾਉਣੇ ਪੈਣਗੇਹਰ ਰੋਜ ਸਵੇਰੇ ਚਾਰ ਹਜ਼ਾਰ ਰੁਪਈਆਕੱਲ ਨੂੰ ਅੱਠ ਹਜ਼ਾਰ ਕਰਵਾਉਣਾ ਪਵੇਗਾ ਕਿਉਕਿ ਮਰੀਜ ਲਈ ਸਪੈਸ਼ਲ ਬੈੱਡ ਦੀ ਜ਼ਰੂਰਤ ਹੈਇਹ ਬੈੱਡ ਉੱਥੋਂ ਹੀ ਮਿਲੇਗਾ ਜਿਹੜੇ ਮੈਡੀਕਲ ਸੈਂਟਰ ਤੋਂ ਤੁਹਾਨੂੰ ਦਵਾਈਆਂ ਲਿਆਉਣ ਭੇਜੀਦਾ ਹੈ

ਭਰਪੂਰ ਸਿੰਘ ਡਾਕਟਰ ਦੀ ਗੱਲ ਸੁਣ ਕੇ ਸੁੰਨ ਹੋ ਗਿਆਫੇਰ ਉਹ ਐੱਸ ਟੀ ਡੀ ਤੋਂ ਆਪਣੇ ਭਤੀਜਿਆਂ ਨੂੰ ਅਮਰੀਕਾ ਫੋਨ ਕਰਨ ਭੱਜਿਆਉਸਦੀ ਜੇਬ ਵਿੱਚ ਤਾਂ ਦਵਾਈਆਂ ਲਿਆ ਕੇ ਸਿਰਫ਼ ਇੱਕ ਸੌ ਚਾਲੀ ਰੁਪਏ ਬਚੇ ਸਨ ਜਦੋਂ ਕਿ ਐੱਸ ਟੀ ਡੀ ਵਾਲੇ ਇੱਕ ਮਿੰਟ ਦੇ ਅੱਸੀ ਰੁਪਏ ਲੈਂਦੇ ਸਨਡੇਢ ਮਿੰਟ ਵਿੱਚ ਕੀ ਗੱਲ ਹੋਵੇਗੀ ਉਹ ਸੋਚਦਾ ਜਾ ਰਿਹਾ ਸੀਹਸਪਤਾਲ ਦੇ ਸਾਹਮਣੇ ਬਣੇ ਪੀ: ਸੀ: ਉ: ਦੇ ਅੰਦਰ ਦਾਖਲ ਹੋਣ ਸਾਰ ਉਸ ਨੇ ਉੱਥੇ ਬੈਠੇ ਮੁੰਡੇ ਨੂੰ ਕਿਹਾ ਅਮਰੀਕਾ ਫੋਨ ਲਾਉਣਾ ਹੈ ਬੱਸ ਸਿਰਫ ਇੱਕ ਮਿੰਟ ਹੀ ਲਾਉਣਾ ਹੈ ਜਦੋਂ ਮਿੰਟ ਪੂਰਾ ਹੋ ਗਿਆ ਮੈਨੂੰ ਦੱਸ ਦਈਂ

-----

ਮੁੰਡੇ ਨੇ ਚੰਗਾਕਹਿੰਦੇ ਹੋਏ ਉਸ ਤੋਂ ਲੈ ਕੇ ਲਿਖਿਆ ਨੰਬਰ ਲਾਇਆਨੰਬਰ ਲਾਉਣ ਸਾਰ ਫੋਨ ਮਿਲ ਗਿਆ ਤੇ ਚੁੱਕਿਆ ਵੀ ਸਤਿੰਦਰ ਨੇਤੇ ਭਰਪੂਰ ਨੇ ਇੱਕੋ ਸਾਹੇ ਗੱਲ ਨਬੇੜਨੀ ਚਾਹੀ ਜਗਤੇ ਬਾਈ ਦਾ ਅੱਜ ਸਵੇਰੇ ਐਂਕਸੀਡੈਂਟ ਹੋ ਗਿਆ ਸੱਟਾਂ ਕਾਫੀ ਹਨ,ਉਹ ਸੀ ਐੱਮ ਸੀ ਹਸਪਤਾਲ ਵਿੱਚ ਹੈਅਪਰੇਸ਼ਨ ਹੋ ਗਿਆ ਜੇ ਤੁਹਾਡੇ ਚੋਂ ਕੋਈ ਆ ਸਕਦਾ ਹੈ ਤਾਂ ਆ ਜਾਵੋ ਨਹੀਂ ਤਾਂ ਆਪਣੀ ਮੰਮੀ ਨੂੰ ਜ਼ਰੂਰ ਭੇਜ ਦੇਵੋਂਸਤਿੰਦਰ ਅੱਗੋਂ ਕੋਈ ਸਵਾਲ ਪੁੱਛਦਾ ਤਾਂ ਇੱਕ ਮਿੰਟ ਹੋ ਗਿਆ ਭਰਪੂਰ ਨੂੰ ਆਪਣੀ ਜੇਬ ਦਾ ਖ਼ਿਆਲ ਆਇਆ ਤੇ ਉਸ ਨੇ ਵਿੱਚੋਂ ਹੀ ਫੋਨ ਕੱਟ ਦਿੱਤਾਸਤਿੰਦਰ ਉਧਰੋਂ ਹੈਲੋ ਹੈਲੋ ਕਰਦਾ ਹੀ ਰਹਿ ਗਿਆ

-----

ਭਰਪੂਰ ਮੁੜਕੇ ਫੇਰ ਹਸਪਤਾਲ ਆ ਗਿਆਉਸਨੇ ਦੇਖਿਆ ਉੱਥੇ ਪਿੰਡਦੇ ਕੁੱਝ ਹੋਰ ਲੋਕ ਵੀ ਆ ਗਏ ਸਨ ਖ਼ਬਰ ਲੈਣ ਨੂੰਪੁਲਿਸ ਵਾਲਾ ਅਤੇ ਟ੍ਰਾਂਸਪੋਟਰ ਸਾਹਮਣੇ ਖੜ੍ਹੇ ਹੱਸ ਰਹੇ ਸਨਉਨ੍ਹਾਂ ਭਰਪੂਰ ਨੂੰ ਕੁੱਝ ਕਹਿਣ ਲਈ ਕੋਲ ਬੁਲਾਇਆ ਦੋਹਾਂ ਕੋਲੋਂ ਸ਼ਰਾਬ ਦੀ ਬੂ ਆ ਰਹੀ ਸੀਉਨ੍ਹਾਂ ਭਰਪੂਰ ਨੂੰ ਵੀ ਸੁਲ੍ਹਾ ਮਾਰੀ ਕਿ ਇਸ ਦੁੱਖ ਦੇ ਸਮੇਂ ਵਿੱਚ ਘੁੱਟ ਲਾ ਲਵੇਦਿਲ ਖੜ੍ਹ ਜਾਵੇਗਾਪਰ ਭਰਾ ਦੀ ਹਾਲਤ ਵੇਖ ਕੇ ਦਿਲ ਤਾਂ ਉਸਦਾ ਡੁੱਬਦਾ ਜਾ ਰਿਹਾ ਸੀਪੁਲੀਸ ਵਾਲੇ ਨੇ ਕੁੱਝ ਸਖ਼ਤੀ ਨਾਲ ਕੱਲ੍ਹ ਨੂੰ ਉਸ ਨੂੰ ਥਾਣੇ ਆਉਣ ਦਾ ਹੁਕਮ ਚਾੜ੍ਹਿਆਸ਼ਾਮ ਢਲ ਗਈ ਸੀਆਖਰੀ ਬੱਸ ਪਿੰਡ ਨੂੰ ਜਾਣ ਵਿੱਚ ਥੋੜ੍ਹਾ ਸਮਾਂ ਰਹਿ ਗਿਆ ਸੀਉਸ ਨੇ ਕਿਸੇ ਰਿਸ਼ਤੇਦਾਰ ਨੂੰ ਰਾਤ ਨੂੰ ਹਸਪਤਾਲ ਰਹਿਣ ਲਈ ਮਨਾਇਆ ਤੇ ਬੇਹੋਸ਼ ਪਏ ਭਰਾ ਨੂੰ ਛੱਡ ਕੱਲ ਦਾ ਇੰਤਜ਼ਾਮ ਕਰਨ ਲਈ ਉਹ ਪਿੰਡ ਜਾਣ ਵਾਲੀ ਬੱਸ ਫੜਨ ਲਈ ਦੌੜ ਪਿਆਘਰ ਜਾਕੇ ਉਸਨੇ ਸਾਰੀ ਕਹਾਣੀ ਪਤਨੀ ਨੂੰ ਦੱਸੀਖ਼ਬਰ ਲੈਣ ਵਾਲੇ ਲੋਕ ਦੇਰ ਰਾਤ ਤੱਕ ਉਨਾਂ ਦੇ ਘਰ ਆਂਉਦੇ ਰਹੇਸਾਰੀ ਰਾਤ ਉਸ ਨੂੰ ਨੀਂਦ ਨਹੀਂ ਸੀ ਪਈਰਾਤ ਨੂੰ ਭੈੜੇ ਭੈੜੇ ਸੁਪਨੇ ਆਏ ਜਿਵੇਂ ਉਨ੍ਹਾਂ ਦੇ ਆਪਣੇ ਪਿੰਡ ਦੀ ਨਹਿਰ ਵਿੱਚ ਪਾਣੀ ਨਹੀਂ ਸਗੋਂ ਖ਼ੂਨ ਵਗ ਰਿਹਾ ਹੋਵੇਕਦੇ ਇਹ ਖ਼ੂਨ ਅੱਗ ਵਿੱਚ ਬਦਲ ਜਾਂਦਾ ਤੇ ਉਹ ਉਭੜਵਾਹੇ ਫੇਰ ਉੱਠ ਖੜਦਾ

-----

ਲੜੀ ਜੋੜਨ ਲਈ ਦੂਜਾ ਭਾਗ ( ਹੇਠਾਂ ਵਾਲ਼ੀ ਪੋਸਟ ) ਦੇਖੋ ਜੀ।

No comments: