ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, January 4, 2010

ਡਾ: ਤਾਰਾ ਸਿੰਘ ਆਲਮ – ਦੇਸ਼ ਦੀ ਕਰਨੀ ਪੈਣੀ ਫਿਰ ਉਸਾਰੀ - ਲੇਖ

ਸਾਹਿਤਕ ਨਾਮ: ਡਾ: ਤਾਰਾ ਸਿੰਘ ਆਲਮ

ਅਜੋਕਾ ਨਿਵਾਸ: ਲੰਡਨ, ਯੂ.ਕੇ.

ਕਿਤਾਬਾਂ: ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਜਲਦ ਹੀ ਅਪਡੇਟ ਕਰ ਦਿੱਤੀ ਜਾਏਗੀ।

-----

ਦੋਸਤੋ! ਸਾਡੇ ਲਈ ਮਾਣ ਵਾਲ਼ੀ ਗੱਲ ਹੈ ਕਿ ਯੂ.ਕੇ. ਵਸਦੇ ਲੇਖਕ ਡਾ: ਤਾਰਾ ਸਿੰਘ ਆਲਮ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਲੇਖ ਭੇਜ ਕੇ ਆਰਸੀ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਡਾ: ਸਾਹਿਬ ਨੇ ਇਹ ਲੇਖ ਆਰਸੀ ਲਈ ਕੋਈ ਪੰਦਰਾਂ ਕੁ ਦਿਨ ਪਹਿਲਾਂ ਘੱਲਿਆ ਸੀ। ਮੁਆਫ਼ੀ ਚਾਹੁੰਦੀ ਹਾਂ ਕਿ ਕੁਝ ਨਿੱਜੀ ਰੁਝੇਵਿਆਂ ਕਰਕੇ ਮੈਂ ਇਹ ਲੇਖ ਪੋਸਟ ਕਰਨ 'ਚ ਕਾਫ਼ੀ ਲੇਟ ਹੋ ਗਈ ਹਾਂ। ਆਰਸੀ ਪਰਿਵਾਰ ਵੱਲੋਂ ਆਲਮ ਸਾਹਿਬ ਨੂੰ ਖ਼ੁਸ਼ਆਮਦੀਦ। ਅੱਜ ਇਸ ਲੇਖ ਨੂੰ ਆਰਸੀ ਰਿਸ਼ਮਾਂ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਦੇਸ਼ ਦੀ ਕਰਨੀ ਪੈਣੀ ਫਿਰ ਉਸਾਰੀ

ਲੇਖ

ਸਾਰੀਆਂ ਬੋਲੀਆਂ, ਸਾਰੇ ਧਰਮ, ਸਾਰੇ ਦੇਸ਼, ਸਾਰੇ ਲੋਕ ਹੀ ਸਤਿਕਾਰਯੋਗ ਹਨਭਾਰਤ ਦੇ ਕਿਸੇ ਵੀ ਸੂਬੇ ਵਿੱਚ ਕੋਈ ਪੰਜਾਬੀ ਵਸਦਾ ਹੈ, ਉਹ ਉਸ ਸੂਬੇ ਦੀ ਬੋਲੀ ਸਿੱਖੇ, ਬੋਲੇ, ਪੜ੍ਹੇ, ਬੜੀ ਚੰਗੀ ਗੱਲ ਹੈਜੇ ਉਹ ਕਿਸੇ ਵੀ ਵਿਦੇਸ਼ੀ ਖਿੱਤੇ ਵਿੱਚ ਹੈ, ਲੋੜ ਮੁਤਾਬਿਕ ਉਹ ਕੋਈ ਵੀ ਬੋਲੀ ਬੋਲੇ, ਪੜ੍ਹੇ ਜਾਂ ਉਸ ਵਿੱਚ ਮੁਹਾਰਤ ਹਾਸਲ ਕਰੇ, ਇਹ ਬੜੀ ਚੰਗੀ ਗੱਲ ਹੈਕਿਸੇ ਵੀ ਦੂਸਰੇ ਦੇਸ਼ ਜਾਂ ਸੂਬੇ ਵਿੱਚ ਰਹਿ ਕੇ ਤੁਸੀਂ ਉੱਥੋਂ ਦੇ ਹਾਲਾਤ, ਸੱਭਿਆਚਾਰ, ਬੋਲੀ ਅਤੇ ਮੌਸਮ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇਜੇ ਅਸੀਂ ਬਚਣ ਦੀ ਕੋਸ਼ਿਸ਼ ਵੀ ਕਰੀਏ ਤਾਂ ਕੁਝ ਨਾ ਕੁਝ ਹਿੱਸਾ ਹੀ ਸਾਡੇ ਹਿੱਸੇ ਆਵੇਗਾ, ਜਿਸਨੂੰ ਅਸੀਂ ਕਿਸੇ ਹੀਲੇ-ਵਸੀਲੇ ਨਾਲ ਰੋਕ ਨਹੀਂ ਸਕਦੇ
-----

ਪੰਜਾਬੀ ਲਈ ਕਹੀਏ ਜਾਂ ਕੁਝ ਟੇਢੀਆਂ ਸਿਆਸੀ ਚਾਲਾਂ ਹੇਠ, ਪੰਜਾਬੀ ਸੂਬੇ ਦੇ ਨਾਂ ਹੇਠਾਂ ਮੋਰਚੇ ਲੱਗੇ, ਲੋਕਾਂ ਨੇ ਕੁਰਬਾਨੀਆਂ ਦਿੱਤੀਆਂਲਛਮਣ ਸਿੰਘ ਗਿੱਲ ਵੇਲੇ ਪੰਜਾਬ ਵਿੱਚ ਪੰਜਾਬੀ ਲਾਗੂ ਕੀਤੀ ਗਈ ਚਾਹੇ ਉਹ ਥੋੜ੍ਹੀ ਸੀ ਜਾਂ ਬਹੁਤੀ ਪੰਜਾਬੀ ਵਿੱਚ ਬੋਰਡ ਲਿਖੇ ਗਏ, ਜਿੰਨੇ ਚੰਗੇ ਹੀਲੇ- ਵਸੀਲੇ ਜੁੜੇ, ਉਦੋਂ ਦੇ ਹਾਲਾਤਾਂ ਮੁਤਾਬਕ ਵਰਤੇ ਗਏਅੱਜ ਵੀ ਪੰਜਾਬ ਵਿੱਚ ਸਰਕਾਰਾਂ ਵੱਲੋਂ ਪੰਜਾਬੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਕੁਝ ਹੋਰ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਹਨਕਿਹਾ ਗਿਐ ਕਿ ਅਫ਼ਸਰ, ਮੰਤਰੀ ਸਭ ਪੰਜਾਬੀ ਵਿੱਚ ਦਸਤਖ਼ਤ ਕਰਨਗੇ, ਪੰਜਾਬੀ ਵਿੱਚ ਫੈਸਲੇ ਸੁਣਾਏ ਜਾਣਗੇਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਗੁਰੂ, ਭਗਤ ਸਭਨਾਂ ਦੇ ਹੀ ਸਾਂਝੇ ਹਨ ਏਵੇਂ ਪੰਜਾਬ ਵੀ ਹਿੰਦੂਆਂ, ਸਿੱਖਾਂ, ਈਸਾਈਆਂ, ਮੁਸਲਮਾਨਾਂ, ਜੈਨੀਆਂ, ਬੋਧੀਆਂ ਦਾ ਵੀ ਸਾਂਝਾ ਹੈਅਸੀਂ ਪੰਜਾਬੀ ਆਪਣੇ ਆਪਨੂੰ ਅਲੱਗ ਕਰਕੇ ਪੰਜਾਬੀ ਬੋਲੀ ਅਤੇ ਆਪਣੀ ਸਾਂਝੀ ਪਹਿਚਾਣ ਨੂੰ ਬੇਗਾਨੀ ਕਰ ਬੈਠੇ ਹਾਂ
-----
ਅੱਜ ਸਰਕਾਰ ਦੀ ਲਾਗੂ ਕੀਤੀ ਪੰਜਾਬੀ ਦਾ, ਪੰਜਾਬੀ ਦੇ ਵਿਕਾਸ ਲਈ ਕੀ ਫਾਇਦਾ ਹੋਵੇਗਾ ? ਆਮ ਜਨ ਸਾਧਾਰਨ ਲਈ ਜਿੰਨਾ ਕੁ ਇਸ ਦਾ ਫਾਇਦਾ ਹੋਵੇਗਾ, ਉਸ ਤੋਂ ਕਈ ਗੁਣਾ ਵੱਧ ਪ੍ਰਚਾਰ ਕਰਕੇ ਇਸ਼ਤਿਹਾਰਬਾਜੀ ਵਿੱਚ ਇਸਦਾ ਮੂਲ ਮੰਤਵ ਗੁਆਚ ਜਾਵੇਗਾਜਿੰਨੀ ਦੇਰ ਤੱਕ ਸੰਪੂਰਨ ਵਿਦਿਅਕ ਢਾਂਚਾ, ਵਿੱਦਿਆ ਦਾ ਹਰ ਇੱਕ ਵਿਸ਼ਾ ਪੰਜਾਬੀ ਵਿੱਚ ਸਕੂਲਾਂ ਵਿੱਚ, ਕਾਲਜਾਂ ਵਿੱਚ ਪੜ੍ਹਾਇਆ ਨਹੀਂ ਜਾਵੇਗਾ ਓਨੀ ਦੇਰ ਤੱਕ ਅਸੀਂ ਪੂਰਨ ਤੌਰ 'ਤੇ ਕਿਸੇ ਵੀ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇਓਨੀ ਦੇਰ ਤੱਕ ਅਸੀਂ ਗ਼ੁਲਾਮ ਹੀ ਰਹਾਂਗੇ
-----

ਵਿਦੇਸ਼ਾਂ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਅੰਗਰੇਜ਼ੀ ਦੇ ਕਾਇਦਿਆਂ ਰਾਹੀਂ ਸਿਖਾ ਕੇ ਅਪਣੀ ਮਾਂ ਦੇ ਨੈਣ-ਨਕਸ਼ ਵਿਗਾੜ ਦਿਤੇ ਹਨ, ਆਪਣੀ ਮਾਂ ਦੀ ਜੀਭ 'ਤੇ ਕੱਟ ਮਾਰੇ ਹਨ ਵਿਦੇਸ਼ਾਂ ਵਿਚ ਰਹਿਣ ਵਾਲੇ ਬੱਚੇ ਊੜੇ ਨੂੰ ਊਰਾ, ਆੜੇ ਨੂੰ ਆਰਾ, ਭਾਰੇ ਨੂੰ ਪਾਰਾ ਬੋਲਦੇ ਹਨਅਸੀਂ ਸਭ ਚਾਅ ਅਤੇ ਮਾਣ ਨਾਲ ਕਹਿੰਦੇ ਹਾਂ, ਏਥੋਂ ਦੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ! ਕਿਉਂਕਿ ਉਹਨਾਂ ਨੂੰ ਅਸੀਂ ਪੰਜਾਬੀ ਸਿਖਾਉਣ ਲਈ ਅਤੇ ਉਹਨਾਂ ਨਾਲ ਪੰਜਾਬੀ ਬੋਲਣ ਲਈ ਸਮਾਂ ਹੀ ਨਹੀਂ ਕੱਢਿਆਦੁਨੀਆਂ ਦੀ ਹਰ ਇਕ ਬੋਲੀ ਦੀ ਪਹਿਚਾਣ ਉਸ ਦਾ ਸ਼ੁੱਧ ਉਚਾਰਨ ਹੁੰਦੀ ਹੈਜਿਹੜੇ ਲੋਕ ਮਾਂ ਬੋਲੀ ਦੀ ਜੀਭ ਕੱਟ ਰਹੇ ਹਨ ਉਹ ਕਿੰਨੀਆਂ ਸਜ਼ਾਵਾਂ ਭੁਗਤਣਗੇ?
-----

ਮੈਨੂੰ ਪਤਾ ਹੈ ਕਿ ਮੇਰੇ ਲਿਖਣ ਜਾਂ ਬੋਲਣ ਨਾਲ ਵੀ ਕੋਈ ਜ਼ਿਆਦਾ ਫ਼ਰਕ ਨਹੀਂ ਪੈਣਾ ਕਿਉਂਕਿ ਮੇਰੇ ਤੋਂ ਪਹਿਲਾਂ ਹਜ਼ਾਰਾਂ ਲੋਕ ਮੇਰੇ ਤੋਂ ਲੱਖਾਂ ਗੁਣਾ ਸਿਆਣੇ ਹੋਏ ਹਨ ਅਤੇ ਬਾਅਦ ਵਿਚ ਵੀ ਹੋਣਗੇ ਪਹਿਲਾਂ ਅਤੇ ਅੱਜ ਬਹੁਤ ਲੋਕਾਂ ਨੇ ਪੰਜਾਬੀ ਦੇ ਵਿਕਾਸ ਲਈ ਦੇਸ਼ ਲਈ ਕੌਮ ਲਈ ਬਹੁਤ ਕੰਮ ਕੀਤਾ ਹੈਹੋਇਆ ਕੀ? ਕੀ ਦੇਸ਼ ਵਿਚੋਂ ਰਿਸ਼ਵਤ, ਬਲੈਕ ਮਾਰਕੀਟਿੰਗ, ਗਰਭਪਾਤ, ਦਹੇਜ, ਵਿਆਹ ਸ਼ਾਦੀਆਂ 'ਤੇ ਬੇ-ਲੋੜੀਂਦਾ ਖ਼ਰਚਾ, ਹੱਕੀ ਨੌਕਰੀਆਂ ਲੈਣ ਲਈ ਵੀ ਲੱਖਾਂ ਦੀ ਰਿਸ਼ਵਤ, ਚੰਗੇ ਸਕੂਲਾਂ 'ਚ ਦਾਖਲੇ ਦੇ ਨਾਂਅ 'ਤੇ ਡੋਨੇਸ਼ਨ ਦੇ ਰੂਪ 'ਚ ਲੱਖਾਂ ਦਾ ਚੜ੍ਹਾਵਾ, ਨਸ਼ੇ, ਡੋਡੇ ਭੁੱਕੀ, ਨਸ਼ੇ ਦੀਆਂ ਗੋਲੀਆਂ, ਹੈਰੋਇਨ, ਕੋਕੀਨ ਆਦਿ ਦੀ ਸ਼ਰੇਆਮ ਵਿਕਰੀ ਹਟ ਗਈਪ੍ਰਦੂਸ਼ਨ ਹਟਾਉਣ ਲਈ ਰੋਜ਼ ਕਿੰਨੇ ਭਾਸ਼ਨ ਕਿੰਨੇ ਸੈਮੀਨਾਰ ਹੋ ਰਹੇ ਹਨਭਾਸ਼ਨਾਂ ਨਾਲ ਅਖ਼ਬਾਰੀ ਖ਼ਬਰਾਂ ਨਾਲ ਭਾਵ ਗੱਲਾਂ ਨਾਲ ਭੁੱਖਿਆਂ ਦਾ ਢਿੱਡ ਭਰਨ ਦੀ ਜੋ ਲੋਕ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਵੀ ਪਤਾ ਹੈ ਕਿ ਅਸੀਂ ਇਹ ਪਾਖੰਡ ਕਰ ਰਹੇ ਹਾਂਅੱਜ ਸੰਤਾਂ, ਲੇਖਕਾਂ, ਪ੍ਰਚਾਰਕਾਂ, ਸਮਾਜ ਸੇਵਕਾਂ ਨੂੰ ਸੱਚੇ ਦਿਲੋਂ ਸੁਹਿਰਦ ਹੋ ਕੇ ਬੋਲਣਾ ਚਾਹੀਦਾ ਹੈ ਪਰ ਮਨਾਂ ਅੰਦਰੋਂ ਸਵਾਰਥ ਬੋਲਣ ਨਹੀਂ ਦਿੰਦਾ ਖ਼ਾਸ ਕਰਕੇ ਭਾਰਤ ਦੇ ਸਾਰੇ ਧਰਮਾਂ ਚੋਂ ਅਜੇ ਊਚ- ਨੀਚ, ਜਾਤ- ਪਾਤ ਨਹੀਂ ਨਿਕਲੀ, ਅਜੇ ਤਕ ਨਸਲੀ ਵਿਤਕਰੇ ਨਸਲੀ ਲੜਾਈਆਂ ਹੋ ਰਹੀਆਂ ਹਨਜੇ ਭਾਰਤੀ ਧਰਮਾਂ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਚਾਰ ਪੰਜ ਸੌ ਸਾਲ ਹੋਰ ਦੇਸ਼ ਵਿਕਸਤ ਨਹੀਂ ਹੋਵੇਗਾ
-----

ਕੀ ਅੱਜ ਦੇ ਅਗਾਂਹਵਧੂ ਕਲਯੁਗ ਵਿੱਚ ਉੱਚ ਪੱਧਰੇ ਪੜ੍ਹੇ ਲਿਖੇ ਵਰਗ; ਸੰਤਾਂ, ਧਾਰਮਕ ਪ੍ਰਚਾਰਕਾਂ, ਧਾਰਮਕ ਨੇਤਾਵਾਂ, ਸਿਆਸੀ ਨੇਤਾਵਾਂ, ਸ਼ਾਇਰਾਂ ਲੇਖਕਾਂ, ਬੁੱਧੀਜੀਵੀਆਂ ਵਿੱਚ ਕੋਈ ਏਕਤਾ ਹੋਈ ਹੈ? ਜੇ ਇਹਨਾਂ ਵਿੱਚ ਕੋਈ ਸਾਂਝ ਨਹੀਂ ਹੈ ਤਾਂ ਸਾਰੇ ਰਹਿਬਰ ਕੁਰਸੀ ਦੇ ਲੋਭ ਵਿੱਚ ਪਾਗਲ ਅਤੇ ਸ਼ੋਹਰਤ ਅਤੇ ਦਿਖਾਵੇ ਲਈ ਹਲਕਾਏ ਇਕ ਦੂਜੇ ਨੂੰ ਵੱਢਦੇ ਫਿਰਦੇ ਹਨ ਤਾਂ ਸਮਾਜ ਨੂੰ ਕੌਣ ਜੋੜ ਸਕਦਾ ਹੈਮੈਂ ਸਿਰਫ਼ ਆਪਣਾ ਫ਼ਰਜ਼ ਨਿਭਾਅ ਰਿਹਾ ਹਾਂ ਲਗਦਾ ਹੈ ਕਿ ਇਹ ਸਭ ਕੁਝ ਅਜੇ ਹੋਰ ਵਧੇਗਾਅੱਜ ਇਨਸਾਨ ਆਪਣੀ 'ਮੈਂ' ਵਿੱਚ ਅੰਨ੍ਹਾ, ਸਵਾਰਥ ਵਿੱਚ ਬੋਲਾ, ਲੋਭ ਵਿੱਚ ਕੁਝ ਵੀ ਕਰਨ ਲਈ ਤਿਆਰ ਹੈ
----

ਸਾਡੇ ਦਿਲੋ- ਦਿਮਾਗ ਵਿੱਚ ਇਹ ਪੱਕੇ ਤੌਰ 'ਤੇ ਬੈਠ ਗਿਆ ਹੈ ਕਿ ਅਸੀਂ ਅੰਗਰੇਜ਼ੀ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਹਾਂ, ਨਿਕੰਮੇ ਹਾਂਅਸੀਂ ਅਜੇ ਤੱਕ ਆਪਣੀ ਬੋਲੀ ਬਾਰੇ ਹੀ ਸੰਜੀਦਾ ਨਹੀਂ ਹਾਂਪੰਜਾਬ ਜੋ ਕਿ ਪੰਜਾਬੀ ਲਈ ਜਿੰਦ-ਜਾਨ ਹੈ, ਏਥੇ ਹੀ ਪੰਜਾਬੀ ਬੋਲੀ ਜੰਮੀ ਪਲੀ ਜੁਆਨ ਹੋਈ ਪਰ ਹਾਲੇ ਪੂਰੀ ਜੁਆਨ ਹੋਣ ਹੀ ਲੱਗੀ ਸੀ ਕਿ ਸਾਡੇ 'ਤੇ ਫੇਰ ਬੜੇ ਸੂਖ਼ਮ ਢੰਗ ਨਾਲ ਵਿਦੇਸ਼ੀ ਤਾਕਤ ਕਾਬਜ਼ ਹੋ ਗਈ ਹੈਹੁਣ ਅਸੀਂ ਐਸੀਆਂ ਬੇੜੀਆਂ ਵਿੱਚ ਜਕੜੇ ਗਏ ਹਾਂ ਕਿ ਇਹ ਬੇੜੀਆਂ ਅਤੇ ਜੇਲ੍ਹ ਦੀਆਂ ਕੰਧਾਂ ਸਾਡੇ ਸਿਰ ਤੋਂ ਕਾਫ਼ੀ ਉੱਚੀਆਂ ਹੋ ਗਈਆਂ ਹਨਇਹਨਾਂ ਪੱਕੇ ਕਿਲਿਆਂ ਵਿੱਚੋਂ ਕਿਵੇਂ ਨਿਕਲਣਾ ਹੈ? ਇਸ ਲਈ ਕਿਹੜੇ ਮੋਰਚੇ ਲਾਵਾਂਗੇ? ਉਸ ਜਾਦੂ ਨੂੰ ਕਿਵੇਂ ਸਿਰੋਂ ਉਤਾਰਾਂਗੇ ਜੋ ਸਾਡੇ ਸਿਰ ਚੜ੍ਹ ਕੇ ਬੋਲ ਰਿਹਾ ਹੈ? ਜਿਉ ਜਿਉਂ ਸਾਡੀ ਆਜ਼ਾਦੀ ਪੁਰਾਣੀ ਹੋ ਰਹੀ ਹੈ, ਬਜਾਏ ਕਿ ਅਸੀਂ ਤਰੱਕੀ ਵੱਲ ਜਾਈਏ ਅਸੀਂ ਗ਼ੁਲਾਮੀ ਵੱਲ ਨੂੰ ਹੀ ਵਧਦੇ ਜਾ ਰਹੇ ਹਾਂਜਿੰਨੇ ਵੱਡੇ ਕੰਮ ਹੋ ਰਹੇ ਹਨ, ਪੁਲ ਬਣ ਰਹੇ ਹਨ, ਮਾਲ ਬਣ ਰਹੇ ਹਨ, ਵਿਦੇਸ਼ਾਂ ਦੀ ਨਕਲ 'ਤੇ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਝ ਵਿਦੇਸ਼ੀ ਠੇਕੇਦਾਰਾਂ ਤੇ ਵਿਦੇਸ਼ੀ ਮਾਇਆ ਦੇ ਸਿਰ 'ਤੇ ਹੀ ਹੋ ਰਿਹਾ ਹੈ
-----
ਆਪਣੀ ਬੋਲੀ ਦੀ ਹਾਜ਼ਰੀ ਤੋਂ ਬਿਨਾਂ ਇਸਨੂੰ ਅਪਨਾਉਣ ਤੋਂ ਬਿਨਾਂ, ਜਿਵੇਂ ਸਾਹਾਂ ਤੋਂ ਬਿਨਾਂ ਸਰੀਰ, ਇੰਜਣ ਤੋਂ ਬਿਨਾਂ ਵਾਹਨ ਸਿਰਫ ਪਿੰਜਰ ਹੈਏਵੇਂ ਸਿਰਫ਼ ਸਾਡੇ ਕੋਲ ਪੰਜਾਬੀ ਲਈ ਮੋਟੇ ਮੋਟੇ ਨਾਅਰੇ ਹਨ "ਪੰਜਾਬੀ ਸਿੱਖੋ ਬੋਲੋ ਇਹ ਜ਼ਰੂਰੀ ਹੈ ਜਾਂ, ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ਼ ਜਾਓਗੇ," ਸੈਮੀਨਾਰਾਂ ਵਿੱਚ ਭਾਸ਼ਨ ਦੇਣੇ ਪ੍ਰੈੱਸ ਨੂੰ ਖ਼ਬਰਾਂ ਤੇ ਫੋਟੋਆਂ ਭੇਜਣੀਆਂ ਇਹ ਸਾਡੀ ਇੱਕ ਆਦਤ ਵਿਖਾਵੇ ਅਤੇ ਸ਼ੋਹਰਤ ਦੀ ਭੁੱਖ ਨੂੰ ਪੂਰਿਆਂ ਕਰਨ ਦੇ ਵਸੀਲੇ ਹਨਜੇ ਅਸੀਂ ਬਹੁਤ ਵੱਡੇ ਪੱਧਰ ਤੇ, ਚੱਲ ਰਹੇ ਸਿਸਟਮ ਤੋਂ ਵਧੀਆ ਕੰਮ ਕਰਾਂਗੇ, ਉਹਨਾਂ ਤੋਂ ਵੱਧ ਸਹੂਲਤਾਂ ਦਿਆਂਗੇ ਲੋਕਾਂ ਅਤੇ ਸਰਕਾਰਾਂ ਦੀ ਸ਼ੁੱਧ ਨੀਅਤ ਨਾਲ ਤਨ ਮਨ ਧਨ ਲਾ ਕੇ ਕਾਮਯਾਬੀ ਪ੍ਰਾਪਤ ਹੋ ਸਕਦੀ ਹੈ
-----

ਤਕਰੀਬਨ 30 ਕੁ ਸਾਲਾਂ ਤੋਂ ਕਾਨਵੈਂਟ ਸਕੂਲ ਖੁੱਲ੍ਹੇ ਹਨ, ਅੱਜ ਉਹਨਾਂ ਨੂੰ ਫ਼ਲ ਲੱਗਿਆ ਦਿਸਦਾ ਹੈਸਕੂਲ ਤਾਂ ਸਾਡੇ ਗੁਰੂਆਂ ਦੇ ਨਾਂਅ 'ਤੇ ਜਿਵੇਂ ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਸਕੂਲ ਵਗੈਰਾ- ਵਗੈਰਾਜੇ ਇਹਨਾਂ ਪਬਲਿਕ ਸਕੂਲਾਂ ਵਿੱਚ ਈਸਾ ਮਸੀਹ ਸਾਹਿਬ ਦਾ ਬੁੱਤ ਨਹੀਂ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਹਨਾਂ ਸਕੂਲਾਂ ਦੀਆਂ ਵਰਦੀਆਂ ਤਕਰੀਬਨ ਵਿਦੇਸ਼ੀ ਹਨਕੁੜੀਆਂ ਸਕਰਟਾਂ, ਪੈਂਟਾਂ ਪਾਉਂਦੀਆਂ ਹਨ, ਮੁੰਡੇ ਵੀ ਵਿਦੇਸ਼ੀ ਕਪੜੇ ਪਾਉਦੇ ਹਨ, ਟਾਈਆਂ ਲਾਉਂਦੇ ਹਨਇਸ ਸਭ ਕੁਝ ਨਾਲ ਕੀ ਹੋਇਆ ਹੈ? ਈਸਾਈ ਮਤ ਹੀ ਫੈਲ ਰਿਹਾ ਹੈ ਅਤੇ ਅਸੀਂ ਆਪਣੀ ਬੋਲੀ ਬੋਲਣਾ ਪਸੰਦ ਹੀ ਨਹੀਂ ਕਰਦੇ ਬਲਕਿ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਵਿਦਿਆਰਥੀ ਨੂੰ 50 ਰੁਪਏ ਜਾਂ 100 ਰੁਪਏ ਜੁਰਮਾਨਾ ਭਰਨਾ ਪੈਂਦਾ ਹੈਕੀ ਇਹੀ ਸਾਡੀ ਤਰੱਕੀ ਹੈ? ਅੱਜ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਨਿਗ੍ਹਾ ਮਾਰੀਏ ਤਾਂ ਦੁਨੀਆ ਵਿੱਚ ਚੀਨ, ਜਾਪਾਨ, ਕੋਰੀਆ, ਫਰਾਂਸ, ਜਰਮਨੀ ਆਦਿ ਦਾ ਇੱਕ ਆਪਣਾ ਸਥਾਨ ਹੈਕੀ ਇਹਨਾਂ ਦੇਸ਼ਾਂ ਨੇ ਵਿਦੇਸ਼ੀ ਭਾਸ਼ਾ ਨਾਲ ਤਰੱਕੀ ਕੀਤੀ ਹੈ? ਚੀਨ ਨੇ ਸਾਰੀ ਦੁਨੀਆ ਵਿੱਚ ਹਰ ਪੱਖ ਤੋਂ ਬੜੇ ਨਿੱਗਰ ਕੰਮ ਕਰ ਕੇ ਦਿਖਾਏ ਹਨਸਾਨੂੰ ਆਪਣੇ ਆਲੇ ਦੁਆਲੇ ਤੋਂ ਕੁਝ ਸਿੱਖਣ ਦੀ ਲੋੜ ਹੈਅਸੀਂ ਅੰਤਰ ਰਾਸ਼ਟਰੀ ਪੱਧਰ ਤੇ ਆਪਣਾ ਵੱਕਾਰ ਬਣਾ ਰਹੇ ਹਾਂ, ਰਾਸਟਰੀ ਪੱਧਰ ਤੇ ਡਿਗਦੇ ਜਾ ਰਹੇ ਹਾਂਅੱਜ ਜਦੋਂ ਵੀ ਕੋਈ ਘਪਲ਼ਾ ਹੰਦਾ ਹੈ ਤਾਂ ਦੋ ਸੌ ਕਰੋੜ, ਚਾਰ ਸੌ ਕਰੋੜ ਦਾਇਹੀ ਹਾਲਤ ਵੱਡੇ ਵਿਕਸਤ ਦੇਸ਼ਾਂ ਦੀ ਹੈ, ਇਹ ਸਾਡੀ ਪੜ੍ਹਾਈ ਤੇ ਤਰੱਕੀ ਦੀ ਨਿਸ਼ਾਨੀ ਹੈ! ਜੋ ਵੀ ਵੱਡੇ ਅਮੀਰ ਦੇਸ਼ ਗਰੀਬ ਮੁਲਕਾਂ ਨਾਲ ਕਰ ਰਹੇ ਹਨ, ਉਸਤੋਂ ਜਾਪਦਾ ਹੈ ਕਿ ਤੀਸਰੀ ਵੱਡੀ ਜੰਗ ਜਲਦੀ ਹੀ ਸਾਨੂੰ ਸਭ ਹਰਾਮੀਆਂ ਪਾਖੰਡੀਆਂ, ਲੋਭੀਆਂ ਅਤੇ ਹੰਕਾਰੀਆਂ ਨੂੰ ਖ਼ਤਮ ਕਰਕੇ, ਈਰਖਾ ਵਿੱਚ ਬਲ ਰਹੇ ਤੜਪਦੇ ਸੰਸਾਰ ਨੂੰ ਖ਼ਤਮ ਕਰ ਦੇਵੇਗੀਇੱਧਰ ਧਰਤੀ 'ਤੇ ਲੋਕ ਭੁੱਖੇ ਪਿਆਸੇ ਮਰ ਰਹੇ ਹਨ, ਉੱਧਰ ਸਾਡੇ ਦੇਸ਼ ਨੇ ਚੰਨ 'ਤੇ ਜਾ ਕੇ ਪਾਣੀ ਲੱਭ ਲਿਆ ਹੈਦੇਸ਼ ਦੇ ਲੋਕਾਂ ਕਰੋੜਾਂ ਅਰਬਾਂ ਰੁਪਇਆ ਇਹਨਾਂ ਤਜਰਬਿਆਂ 'ਤੇ ਖ਼ਰਚ ਕੇ ਅਸੀਂ ਲੋਕਾਂ ਦਾ ਕੀ ਸਵਾਰ ਰਹੇ ਹਾਂਸਾਡੇ ਆਪਣੇ ਦੇਸ਼ ਦੇ ਲੋਕ ਨਰਕ ਭੋਗ ਰਹੇ ਹਨ, ਅਸੀਂ ਮੀਡੀਆ ਰਾਹੀਂ ਸਵਰਗ ਦੀਆਂ ਬਾਤਾਂ ਪਾ ਰਹੇ ਹਾਂ1975 'ਚ ਪੰਜਾਬ ਯੂਨੀਵਰਸਿਟੀ ਮੁਕਾਬਲਿਆਂ 'ਚੋਂ ਟਰਾਫੀ ਜੇਤੂ ਮੇਰੇ ਆਪਣੇ ਗੀਤ ਦੀਆਂ ਦੋ ਲਾਈਨਾਂ ਇਸ ਤਰ੍ਹਾਂ ਸਨ:-
.......

"ਓਧਰ ਚੰਨ ਦੇ ਵੱਲ ਜਾ ਰਿਹਾ ਹੈ ਆਦਮੀ,
ਏਧਰ ਆਦਮੀ ਨੂੰ ਖਾ ਰਿਹਾ ਹੈ ਆਦਮੀ
ਆਓ ਫ਼ਰਜ਼ ਪੂਰਾ ਕਰੀਏ ਇਨਸਾਨ ਦਾ,
ਆਓ ਗੀਤ ਗਾਈਏ ਸਾਰੇ ਜਹਾਨ ਦਾ
ਹਿੰਦੋਸਤਾਨ ਦਾ ਨਾ, ਪਾਕਿਸਤਾਨ ਦਾ
ਆਓ ਗੀਤ ਗਾਈਏ ਸਾਰੇ ਜਹਾਨ ਦਾ।"
.........

1994 'ਚ ਪ੍ਰਕਾਸ਼ਿਤ ਹੋਈ ਮੇਰੀ ਪੁਸਤਕ 'ਉੱਛਲਦਾ ਸਮੁੰਦਰ' ਵਿੱਚੋਂ ਇੱਕ ਗ਼ਜ਼ਲ ਦੇ ਦੋ ਸ਼ਿਅਰ:-
"
ਰੋਕੋ ਕੋਈ ਵਧ ਰਹੀ ਜਲਨ ਨੂੰ
ਫੂਕ ਦੇਵੇਗੀ ਸਾਰੇ ਚਮਨ ਨੂੰ
ਧਰਤੀ ਦੇ ਦੁੱਖ ਤੇ ਭੁੱਖ ਨੂੰ ਮਿਟਾਓ,
ਕਿਉਂ ਉੱਡੇ ਜਾ ਰਹੇ ਹੋ ਗਗਨ ਨੂੰ।"
----

ਬੋਲੀਆਂ ਦੇ ਵਿਕਾਸ ਸੰਬੰਧੀ ਉਚਿਤ ਕਦਮ ਉਠਾਉਣੇ ਅਤਿ ਜ਼ਰੂਰੀ ਸਨ ਜੋ ਆਜ਼ਾਦੀ ਮਿਲਣ ਤੋਂ ਬਾਅਦ ਪਹਿਲਾ ਕੰਮ ਹੋਣੇ ਚਾਹੀਦੇ ਸਨਅੱਜ ਦੇਸ਼ ਵਿੱਚ ਭਾਵੇਂ ਕਈ ਬੋਲੀਆਂ ਹਨ ਇਹ ਕੋਈ ਔਖੀ ਗੱਲ ਨਹੀਂ ਹੈ ਕਿ ਹਰ ਸੂਬੇ ਨੂੰ ਉਸਦੀ ਭਾਸ਼ਾ ਵਿੱਚ ਵਿੱਦਿਆ ਦਿੱਤੀ ਜਾਵੇਰਾਸ਼ਟਰੀ ਭਾਸ਼ਾ ਹਿੰਦੀ ਵਿੱਚ ਵੀ ਸਾਰੀ ਵਿੱਦਿਆ ਦਾ ਉਲੱਥਾ ਹੋ ਸਕਦਾ ਹੈਅੱਜ ਸਾਡੀਆਂ ਆਪਣੀਆਂ ਬੋਲੀਆਂ ਵਿੱਚ ਸਾਡੇ ਕੋਲ ਵਿੱਦਿਆ ਨਾ ਹੋਣ ਕਰਕੇ ਅਸੀਂ ਕਿੰਨਾ ਦੁੱਖ ਭੋਗ ਚੁੱਕੇ ਹਾਂ ਅਤੇ ਜੇ ਅਸੀਂ ਇਸਦਾ ਹੱਲ ਨਾ ਕੀਤਾ ਤਾਂ ਮੁਸ਼ਕਿਲਾਂ ਹੋਰ ਜਟਿਲ ਹੋ ਜਾਣਗੀਆਂ ਸਿਰਫ਼ ਬੋਲੀ ਦੇ ਕਾਰਨ ਕਰਕੇ ਧਾਰਮਿਕ ਅਤੇ ਨਸ਼ਲੀ ਲੜਾਈਆਂ ਹੋ ਸਕਦੀਆਂ ਹਨਸਾਡੇ ਲਈ ਸਾਰੇ ਧਰਮ, ਸਭ ਲੋਕ ਸਤਿਕਾਰਯੋਗ ਹਨ ਪਰ ਹਰ ਇੱਕ ਪੰਜਾਬੀ ਨੂੰ ਏਸ ਗੱਲ ਬਾਰੇ ਗੰਭੀਰਤਾ ਨਾਲ ਸੱਚੇ ਦਿੱਲੋਂ ਧਿਆਨ ਦੇ ਕੇ ਉਪਰਾਲੇ ਕਰਨੇ ਚਾਹੀਦੇ ਹਨ
-----
ਅੱਜ ਅਸੀਂ ਥੋੜ੍ਹੇ ਸੁਚੇਤ ਹੋ ਕੇ ਦੇਖੀਏ ਤਾਂ ਅਸੀਂ ਬੜੇ ਚਾਅ ਨਾਲ ਸਹਿਜੇ ਹੀ ਅੰਗਰੇਜ਼ੀ ਸਾਮਰਾਜ ਦੀ ਸੇਵਾ ਕਰ ਰਹੇ ਹਾਂਸਕੂਲ ਅਸੀਂ ਵਿਦੇਸ਼ਾਂ 'ਚੋਂ ਜਾ ਜਾ ਕੇ ਆਪਣੇ ਪੱਲਿਉਂ ਪੈਸੇ ਲਾ ਕੇ, ਆਪਣਾ ਕੀਮਤੀ ਸਮਾਂ ਲਾ ਕੇ ਵੀ ਬਣਾ ਚੁੱਕੇ ਹਾਂਭਾਰਤੀ ਸਾਰੇ ਧਰਮਾਂ ਅਤੇ ਵੱਡੇ ਅਮੀਰਾਂ ਨੇ ਵੀ ਸਕੂਲਾਂ ਨੁੰ ਬਣਾ ਕੇ ਬੜੇ ਚਾਵਾਂ ਨਾਲ ਆਪਣਾ ਨਾਂਅ ਲੋਕਾਂ ਵਿੱਚ ਪੈਦਾ ਕੀਤਾ ਹੈ ਪਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰੀ ਜਾ ਰਹੇ ਹਾਂ? ਅਤੇ ਇਹਨਾਂ ਸਕੂਲਾਂ ਵਿੱਚ ਬੱਚੇ ਪੜ੍ਹਾ ਕੇ ਫੇਰ ਉਹਨਾਂ ਨੂੰ ਵਿਦੇਸ਼ਾਂ ਵਿੱਚ ਲਿਆਉਣ ਲਈ ਉਪਰਾਲੇ ਕਰ ਰਹੇ ਹਾਂ ਜਿੰਨੇ ਬੱਚੇ ਏਧਰ ਨੂੰ ਆ ਰਹੇ ਹਨ ਜਾਂ ਉੱਥੇ ਰਹਿਣਾ ਨਹੀਂ ਚਾਹੁੰਦੇ, ਉਹ ਸਾਡੇ ਦੇਸ਼ ਦੀ ਸਿਆਸੀ ਅਤੇ ਆਰਥਕ ਹਾਲਤ ਕਰਕੇ ਵੀ ਹੈਅਤੇ ਖ਼ਾਸ ਕਰਕੇ ਕਾਨਵੈਂਟ ਸਕੂਲਾਂ ਦੀ ਚਮਕ ਦਮਕ ਤੇ ਸਿੱਖਿਆ ਦੇ ਉਕਸਾਏ ਹੋਏ ਭੱਜੇ ਆ ਰਹੇ ਹਨਹੁਣ ਏਥੇ ਆ ਕੇ ਇਹਨਾਂ ਨਾ ਘਰ ਦੇ ਰਹਿਣਾ ਹੈ ਨਾ ਘਾਟ ਦੇ! ਇਹ ਸਾਡੇ ਅੱਜ ਦੀ ਹਾਲਤ ਹੈ, ਭਵਿੱਖ ਵਿੱਚ ਕੀ ਹੋਵੇਗਾ? ਸਾਡੀਆਂ ਸਰਕਾਰਾਂ ਨੂੰ, ਵਿਦੇਸ਼ ਜਾਣ ਵਾਲਿਆਂ ਲਈ ਵਿਦੇਸ਼ਾਂ ਦੀ ਹਾਲਤ ਬਾਰੇ ਜਾਗਰਤੀ ਪੈਦਾ ਕਰਨੀ ਚਾਹੀਦੀ ਹੈਪਰ ਉਥੋਂ ਦੇ ਸਭ ਮੰਤਰੀ, ਅਫਸਰਾਂ ਦੇ ਬੱਚੇ ਕਾਫੀ ਹੱਦ ਤੱਕ ਵਿਦੇਸ਼ੀਂ ਪੜ੍ਹਦੇ ਹਨਪਰ ਆਮ ਲੋਕ ਕੀ ਖੱਟ ਰਹੇ ਹਨ? ਆਪਣੇ ਪੈਸੇ ਲਾ ਕੇ, ਆਪਣਾ ਕੀਮਤੀ ਸਮਾਂ ਲਾ ਕੇ, ਆਪਣੇ ਦੇਸ਼ ਦੀ ਪੂੰਜੀ ਲਾ ਕੇ ਫੇਰ ਉਸੇ ਫਿਰੰਗੀ ਦੇ ਪੈਰਾਂ ਵਿੱਚ ਉਸੇ ਦੇ ਦਰਵਾਜ਼ੇ 'ਤੇ ਆਪਣੇ ਭਵਿੱਖ ਭਾਵ ਬੱਚਿਆਂ ਨੂੰ ਰੋਲ ਰਹੇ ਹਨਅੱਜ ਜਿੰਨੇ ਵੀ ਬੱਚੇ ਏਥੇ ਆ ਰਹੇ ਹਨ ਉਹਨਾਂ ਦੀ ਕੀ ਹਾਲਤ ਹੈ? ਇਸ ਬਾਰੇ ਅਗਰ ਜਰਾ ਧਿਆਨ ਨਾਲ ਦੇਖੀਏ ਤਾਂ ਰੂਹ ਕੰਬ ਉੱਠੇਗੀਅਸੀਂ ਇਹ ਕੇਹੀ ਸੇਵਾ ਕਰ ਰਹੇ ਹਾਂ ਆਪਣੇ ਦੇਸ਼ ਜਾਂ ਧਰਮ ਦੀ?
ਕੀ ਅਸੀਂ ਦੇਸ਼ ਭਗਤ ਹਾਂ? ਜਾਂ ਧਰਮ ਭਗਤ ਹਾਂ? ਜਾਂ ਅਚੇਤੇ ਹੀ ਗੱਦਾਰੀ ਕਰ ਰਹੇ ਹਾਂ?
-----

ਅੱਜ ਅਸੀਂ ਇਹਨਾਂ ਤੋਂ ਤਰੱਕੀ ਕਰਨ ਦੇ ਤਰੀਕੇ ਸਿੱਖੀਏ, ਕਿੰਨੇ ਆਸਾਨ ਹਨ, ਕਿੰਨੇ ਸਹਿਜ ਹਨ ਪਰ ਸਬਰ ਕਰਨ ਦੀ ਲੋੜ ਹੈਸਮਝਣ ਦੀ ਲੋੜ ਹੈ ਇਹਨਾਂ ਪਹਿਲਾਂ ਈਸਟ ਇੰਡੀਆ ਕੰਪਨੀ ਰਾਹੀਂ ਰਾਜ ਕੀਤਾ ਸੀ ਹੁਣ ਸਕੂਲਾਂ, ਬੈਂਕਾਂ ਰਾਹੀਂ ਵੀ ਇਹਨਾਂ ਦਾ ਹੀ ਰਾਜ ਹੈਪਹਿਲਾਂ ਵਾਲਾ ਰਾਜ ਤਾਂ ਕਿਸੇ ਨਾ ਕਿਸੇ ਢੰਗ ਨਾਲ ਥੋੜ੍ਹਾ ਜਿਹਾ ਤੋੜ ਦਿੱਤਾ ਗਿਆ ਸੀ, ਹੁਣ ਸਥਾਪਤ ਕੀਤਾ ਹੋਇਆ ਰਾਜ ਤੋੜਨਾ ਬਹੁਤ ਹੀ ਔਖਾ ਹੋਵੇਗਾਕਸੂਰਵਾਰ ਤਾਂ ਅਸੀਂ ਸਾਰੇ ਹਾਂ ਪਰ ਇਸ ਵਿੱਚ ਮੋਹਰੀਆਂ ਦਾ ਹਿੱਸਾ 98 ਪ੍ਰਤੀਸ਼ਤ ਹੈਭੋਗਣਾ ਜ਼ਿਆਦਾ ਮੱਧਮ ਵਰਗ ਅਤੇ ਹੇਠਲੇ ਵਰਗ ਨੇ ਹੈ
-----
ਜੇਕਰ ਅੰਗਰੇਜ਼ਾਂ ਦੇ ਗੁਣਾਂ ਅਤੇ ਆਮ ਜਨ- ਜੀਵਨ ਨੂੰ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਓਹ ਕਿਵੇਂ ਗਰੀਬਾਂ ਦੀ ਮਦਦ ਕਰਦੇ ਹਨਕੋਈ ਨਫ਼ਰਤ ਨਹੀਂ ਕਰਦੇ, ਸਗੋਂ ਹਰ ਬੋਲੀ ਬੋਲਣ ਵਾਲੇ ਨੂੰ ਬਰਾਬਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨਗੋਰਿਆਂ ਵੱਲੋਂ ਹਰ ਓਪਰੀ ਬੋਲੀ ਵਾਲਿਆਂ ਨੂੰ ਵੀ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ 15- 20 ਬੱਚੇ ਕਿਸੇ ਵੀ ਸਕੂਲ ਵਿੱਚ ਆਪਣੀ ਬੋਲੀ ਸਿੱਖਣ ਲਈ ਤਿਆਰ ਕਰਕੇ ਅਰਜ਼ੀ ਦਿਓ ਤਾਂ ਉਹ ਤੁਹਾਨੂੰ ਅਧਿਆਪਕ ਮੁਹੱਈਆ ਕਰਦੇ ਹਨਅਸੀਂ ਇੰਨੇ ਜਾਬਤਾਬੱਧ ਢਾਂਚੇ ਵਿੱਚ ਵੀ ਆਪਣੀ ਬੋਲੀ ਨੂੰ ਬਰਾਬਰ ਦੀ ਧਿਰ ਬਣਾ ਕੇ ਖੜ੍ਹਾ ਨਹੀਂ ਕਰ ਸਕੇਪੰਜਾਬੀ ਗਾਇਕਾਂ ਨੇ ਪੰਜਾਬੀ ਦੇ ਵਿਕਾਸ ਲਈ ਭੰਗੜੇ ਗਿੱਧੇ ਰਾਹੀਂ ਬਹੁਤ ਕੰਮ ਕੀਤਾ ਹੈਸਾਡੇ ਵਿਰਸੇ ਤੇ ਸਭਿਆਚਾਰ ਲਈ ਜੋ ਪੰਜਾਬੀ ਸਿੰਗਰਾਂ ਭੰਗੜਾਂ, ਗਿੱਧਾ, ਨਾਟਕ ਕਲਾਕਾਰਾਂ ਨੇ ਨਿਗਰ ਕੰਮ ਕੀਤਾ ਹੈ, ਉਹਨਾਂ ਦਾ ਗੁਰੂ-ਘਰਾਂ ਵਿੱਚ ਅਤੇ ਸੰਤਾਂ ਵਲੋਂ ਦਿੱਲੋਂ ਸਤਿਕਾਰ ਹੋਣਾ ਚਾਹੀਦਾ ਹੈਸਭਿਆਚਾਰ ਅਤੇ ਵਿਰਸਾ ਧਰਮ ਦੀ ਬਾਂਹ ਵਿਚ ਬਾਂਹ ਪਾ ਕੇ ਤੁਰੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ, ਉਲਝਣਾਂ ਖ਼ਤਮ ਹੋ ਜਾਣਗੀਆਂ, ਵਿਕਾਸ ਦੇ ਰਸਤੇ ਖੁੱਲ੍ਹ ਜਾਣਗੇਇਹ ਵੀ ਅਤੀ ਜ਼ਰੂਰੀ ਹੈ ਕਿ ਸਾਡਾ ਧਰਮ ਅਤੇ ਸੱਭਿਆਚਾਰ ਦੀ ਮਿੱਤਰਤਾ ਪੂਰਵਕ ਕਲਿੰਗੜੀ ਰਵ੍ਹੇ, ਸਾਡੀਆਂ ਉਸਾਰੂ ਪਿਰਤਾਂ, ਰਸਮਾਂ ਜਿਉਂਦੀਆਂ ਰਹਿਣ ਤਾਂ ਹੀ ਸਾਡਾ ਵਿਰਸਾ ਕਾਇਮ ਰਹਿ ਸਕਦਾ ਹੈ
-----

ਸਾਡੀ ਪਹਿਚਾਣ ਨੂੰ ਜਿਉਂਦਾ ਰੱਖਣ ਲਈ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਹੈਗੁਰੂ ਘਰਾਂ ਕਰਕੇ ਹੀ ਅਸੀਂ ਬਚੇ ਰਹੇ ਹਾਂਪਰ ਜਿੰਨੀ ਦੇਰ ਤੱਕ ਅਸੀਂ ਆਪਣੇ ਜੀਵਨ ਵਿੱਚ ਆਪਣੀ ਬੋਲੀ ਦਾ ਬੀਜ ਨਹੀਂ ਬੀਜ ਸਕਾਂਗੇ ਤਾਂ ਸਾਡਾ ਸੰਪੂਰਨ ਤੌਰ 'ਤੇ ਬਚਣਾ ਮੁਸ਼ਕਿਲ ਹੈ ਅਸੀਂ ਅਲੱਗ ਆਪਣੇ ਸਕੂਲ ਵੀ ਖੋਲ੍ਹੇ ਹਨ, ਅਸੀਂ ਫੈਕਟਰੀਆਂ ਵੀ ਬਣਾਈਆਂ, ਮਕਾਨ ਵੀ ਬਹੁਤ ਵੱਡੇ -ਵੱਡੇ ਹਨਅਸੀਂ ਵਿਦੇਸ਼ਾਂ ਦੇ ਪਾਰਲੀਮੈਂਟ ਵਿੱਚ ਬੈਠੇ ਹਾਂਪੰਜਾਬੀ ਅਤੇ ਪੰਜਾਬ ਵਿੱਚ ਅਜੋਕੇ ਹੋ ਰਹੇ ਗੰਭੀਰ ਹਾਲਾਤ ਲਈ ਅਸੀਂ ਕਿੰਨੇ ਕੁ ਸੰਜੀਦਾ ਹਾਂ? ਭਾਵੇਂ ਇਹ ਕੰਮ ਸਰਕਾਰ ਦਾ ਹੈ ਪਰ ਸਰਕਾਰਾਂ ਦਾ ਘੇਸਲ ਮਾਰ ਜਾਣਾ ਵੀ ਚਿੰਤਾ ਦਾ ਵਿਸ਼ਾ ਹੈਇਸ ਮਸਲੇ ਸੰਬੰਧੀ ਸਰਕਾਰਾਂ ਨੂੰ ਬਾਰ- ਬਾਰ ਧਿਆਨ ਦਿਵਾਉਂਦੇ ਰਹਿਣਾ ਪਵੇਗਾਕਿਉਂਕਿ ਕਿਹਾ ਜਾਂਦੈ ਕਿ 'ਰੋਏ ਬਿਨਾਂ ਮਾਂ ਵੀ ਦੁੱਧ ਨਹੀਂ ਪਿਲਾਉਂਦੀ' ਭਾਰਤ ਪੱਧਰ ਦੀ ਰਾਜਨੀਤੀ 'ਤੇ ਸਰਸਰੀ ਨਿਗ੍ਹਾ ਮਾਰੀ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਕੁਝ ਇੱਕ ਨੂੰ ਛੱਡ ਕੇ ਜ਼ਿਆਦਾਤਰ ਨੇਤਾ ਲੋਕ ਪਰਿਵਾਰਵਾਦ, ਆਪਣੀ ਕੁਰਸੀ ਦੀ ਸਲਾਮਤੀ ਜਾਂ ਹੋਰ ਉੱਚੀ ਕੁਰਸੀ ਦੀਆਂ ਲੱਤਾਂ ਨੂੰ ਹੱਥ ਪਾਉਣ ਦੇ ਆਹਰ 'ਚ ਰੁੱਝੇ ਹੋਏ ਹਨ
ਆਉ ਅਸੀਂ ਸਾਰੇ ਰਲ਼ਕੇ ਅਸਮਾਨ, ਧਰਤੀ, ਪਾਣੀ, ਹਵਾ ਵਾਗੂੰ ਸਭ ਪਰਬਤਾਂ, ਬਿਰਖ਼ਾਂ ਫੁੱਲਾਂ, ਬੂਟਿਆਂ ਨੂੰ ਕਲ਼ਾਵੇ ਵਿੱਚ ਲੈ ਲਈਏ ਅਤੇ ਗੁਰੂ ਨਾਨਕ ਦੇ ਵਿਸ਼ਾਲ ਸੁਪਨੇ ਨੂੰ ਪੂਰਾ ਕਰੀਏ!


No comments: