ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, February 19, 2010

ਮੇਜਰ ਮਾਂਗਟ - ‘ਤੁਰ ਗਿਆ ਸਿਰਮੌਰ ਸਾਹਿਤਕਾਰ ਰਾਮ ਸਰੂਪ ਅਣਖੀ ਵੀ...’- ਸ਼ਰਧਾਂਜਲੀ ਲੇਖ

ਤੁਰ ਗਿਆ ਸਿਰਮੌਰ ਸਾਹਿਤਕਾਰ ਰਾਮ ਸਰੂਪ ਅਣਖੀ ਵੀ...

ਸ਼ਰਧਾਂਜਲੀ ਲੇਖ

ਯਾਦਾਂ

ਅਜੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਦਿਹਾਂਤ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਮਨਹੂਸ ਖ਼ਬਰ ਦਾ ਬੰਬ ਫ਼ਟਿਆ ਕਿ ਨਾਮਵਰ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਅਤੇ ਰਾਮ ਸਰੂਪ ਅਣਖੀ ਵੀ ਤੁਰ ਗੲ ਨੇਇਹ ਮਨਹੂਸ ਸਤਰਾਂ ਮੈਂ ਪੜ੍ਹਦਾ ਹੀ ਰਹਿ ਗਿਆ ਜਿਵੇਂ ਕਿਸੇ ਨੇ ਪਾਠਕਾਂ ਨਾਲ ਕੋਝਾ ਮਜ਼ਾਕ ਕੀਤਾ ਹੋਵੇ, ਪਰ ਮੌਤ ਦੀਆਂ ਖ਼ਬਰਾਂ ਭਲਾਂ ਕਦੋਂ ਝੂਠੀਆਂ ਹੁੰਦੀਆਂ ਨੇ? ਆਪਣੇ ਬੈੱਡ ਤੇ ਪਿਆ ਮੈਂ ਛੱਤ ਨੂੰ ਘੂਰਦਾ ਰਿਹਾ ਸੋਚ ਰਿਹਾਂ ਹਾਂ ਕਿ ਅਜੇ ਕੁੱਝ ਦਿਨ ਪਹਿਲਾਂ ਤਾਂ ਅਣਖੀ ਸਾਹਿਬ ਨਾਲ ਗੱਲ ਹੋਈ ਆ ਉਨ੍ਹਾਂ ਦੀ ਗੜਕਵੀਂ ਆਵਾਜ਼ ਤੋਂ ਤਾਂ ਇਹ ਲੱਗਦਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਕੋਈ ਤਕਲੀਫ਼ ਹੈ, ਪਰ ਇਹ ਭਾਣਾ ਵਰਤ ਗਿਆ ਸੀਅੱਜ ਕਿਸੇ ਨੂੰ ਵੀ ਫ਼ੋਨ ਕਰਨ ਨੂੰ ਦਿਲ ਨਹੀਂ ਸੀ ਕਰਦਾ ਖ਼ਬਰ ਦੇ ਡੰਗ ਦਾ ਜ਼ਹਿਰ ਜਿਵੇਂ ਮੇਰੇ ਸਿਰ ਨੂੰ ਚੜ੍ਹ ਰਿਹਾ ਹੋਵੇ

-----

ਸਾਰੀ ਰਾਤ ਮੈਂ ਰਾਮ ਸਰੂਪ ਅਣਖੀ ਨਾਲ ਜੁੜੀਆਂ ਯਾਦਾਂ ਬਾਰੇ ਸੋਚਦਾ ਰਿਹਾ ਉਦੋਂ ਕਾਲਜ ਵਿੱਚ ਸਾਂ ਜਦੋਂ ਉਨ੍ਹਾਂ ਦਾ ਨਾਵਲ ਸੁਲਗਦੀ ਰਾਤਪੜ੍ਹਿਆ ਸੀ ਉਦੋਂ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਬਹੁਤਾ ਪ੍ਰਭਾਵ ਹੋਣ ਕਾਰਨ, ਹੋਰ ਕਿਸੇ ਨਾਵਲਕਾਰ ਬਾਰੇ ਕੋਈ ਰਾਇ ਵੀ ਨਹੀਂ ਸੀ ਬਣ ਰਹੀ ਇੱਕ ਪਾਸੇ ਤਾਂ ਕੰਵਲ ਦਾ ਮਾਰਕਸੀ ਆਦਰਸ਼ਵਾਦ ਸੀ ਤੇ ਦੂਜੇ ਪਾਸੇ ਬੂਟਾ ਸਿੰਘ ਸ਼ਾਦ ਦਾ ਰੁਮਾਂਸਵਾਦ ਅਣਖੀ ਇਨ੍ਹਾਂ ਦੇ ਵਿੱਚ ਵਿਚਾਲੇ ਤੁਰਨ ਵਾਲਾ ਨਾਵਲਕਾਰ ਜਾਪਦਾ ਸੀ ਮੈਂ ਬੀ: ਏ: ਪਾਸ ਕਰਨ ਤੋਂ ਬਾਅਦ ਰਾਮ ਸਰੂਪ ਅਣਖੀ ਦੀਆਂ ਕਿਤਾਬਾਂ ਨਾਲ ਜੁੜ ਗਿਆ ਉਨ੍ਹਾਂ ਦਾ ਅਖ਼ਬਾਰ ਵਿੱਚ ਛਪਦਾ ਕਾਲਮ ਮੈਂ ਤਾਂ ਬੋਲਾਂਗੀਜੋ ਲੇਖਕਾਂ ਦੀਆਂ ਪਤਨੀਆਂ ਨਾਲ ਮੁਲਾਕਾਤ ਹੁੰਦੀ ਸੀ ਉਨ੍ਹੀਂ ਦਿਨੀਂ ਬਹੁਤ ਪੜ੍ਹਿਆ ਜਾ ਰਿਹਾ ਸੀ ਮੈਂ ਉਦੋਂ ਇੱਕ ਵਾਰ ਉਨ੍ਹਾਂ ਨੂੰ ਦੀਵਾ ਬਲੇ ਸਾਰੀ ਰਾਤਤੇ ਦੇਖਿਆ ਜਾਂ ਫੇਰ ਏਸੇ ਲੜੀ ਵਿੱਚ ਇੱਕ ਵਾਰ ਅਸੀਂ ਜਗਰਾਵਾਂ ਮਿਲੇ ਐੱਸ. ਡੀ. ਕਾਲਜ ਬਰਨਾਲੇ 23 ਜੂਨ 1985 ਨੂੰ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿੱਚ ਭਾਗ ਲੈਣ ਗਏ ਵੀ ਸ਼ਾਇਦ ਉਨ੍ਹਾਂ ਨੂੰ ਮਿਲੇ ਸੀ, ਪਰ ਹੁਣ ਲੱਗ ਇਸ ਤਰ੍ਹਾਂ ਰਿਹਾ ਹੈ ਕਿ ਮੈਂ ਅਕਸਰ ਹੀ ਉਨ੍ਹਾਂ ਨੂੰ ਮਿਲ਼ਦਾ ਰਿਹਾ ਹੋਵਾਂਅੱਜ ਉਨ੍ਹਾਂ ਨਾਲ ਬਣੀ ਸਾਂਝ ਦੇ ਵਰਕੇ ਫਰੋਲਣ ਲੱਗਦਾ ਹਾਂ

-----

ਪੰਜ ਅਪਰੈਲ 1987 ਦੀ ਗੱਲ ਹੈ ਕਿ ਇੱਕ ਵਾਰ ਲਿਖਾਰੀ ਸਭਾ ਰਾਮਪੁਰ ਦੀ ਪ੍ਰਧਾਨਗੀ ਕਰਨ ਪ੍ਰਸਿੱਧ ਚਿੰਤਕ ਡਾ: ਰਵਿੰਦਰ ਰਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਆਏ ਮੈਂ ਉਨ੍ਹਾਂ ਕੋਲ ਇੱਛਾ ਜ਼ਾਹਿਰ ਕੀਤੀ ਕਿ ਮੈਂ ਪੀ: ਐੱਚ: ਡੀ: ਕਰਨੀ ਚਾਹੁੰਦਾ ਹਾਂ, ਤਾਂ ਉਨ੍ਹਾਂ ਸੁਝਾਅ ਦਿੱਤਾ ਕਿ ਮੈਂ ਯੂਨੀਵਰਸਿਟੀ ਆ ਕੇ ਉਨ੍ਹਾਂ ਨੂੰ ਮਿਲਾਂ 22 ਫਰਵਰੀ 1988 ਨੂੰ ਮੈਂ ਡਾ: ਸਾਹਿਬ ਕੋਲ ਚਲਾ ਗਿਆ ਤੇ ਉਨ੍ਹਾਂ ਨੇ ਖੋਜ ਵਿਸ਼ੇਸਬੰਧੀ ਮੇਰੀ ਰਾਏ ਜਾਨਣੀ ਚਾਹੀ ਮੈਂ ਕਈ ਵਿਸ਼ੇ ਦੱਸੇ ਪਰ ਡਾ: ਸਾਹਿਬ ਨੇ ਕਿਸੇ ਤੇ ਵੀ ਹਾਮੀ ਨਾ ਭਰੀ ਆਖਿਰ ਉਨ੍ਹਾਂ ਮੈਨੂੰ ਜਿਸ ਵਿਸ਼ੇ ਤੇ ਖੋਜ ਕਰਨ ਲਈ ਕਿਹਾ ਉਹ ਸੀ ਰਾਮ ਸਰੂਪ ਅਣਖੀ ਦਾ ਕਥਾ ਲੋਕ ਅਤੇ ਪੰਜਾਬੀ ਸੱਭਿਆਚਾਰ ਉਨ੍ਹਾਂ ਡਾ: ਐੱਸ ਤਰਸੇਮ ਨੂੰ ਮੇਰੇ ਗਾਈਡ ਨਿਯੁਕਤ ਕਰ ਦਿੱਤਾ ਅਤੇ ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਿਤਾਬਾਂ ਅਤੇ ਉਨ੍ਹਾਂ ਬਾਰੇ ਉਦੋਂ ਤੱਕ ਹੋਏ ਕੰਮ ਬਾਰੇ ਚੰਗੀ ਤਰ੍ਹਾਂ ਪੜ੍ਹਨ ਲਈ ਆਖਿਆ ਫੇਰ ਹੋਈ ਡਾ: ਐੱਸ ਤਰਸੇਮ ਦੀ ਸੰਗਤ ਸ਼ੁਰੂ ਗਰਮੀ ਦੇ ਦਿਨ ਕੜਕਦੀ ਧੁੱਪ ਵਿੱਚ ਮੈਂ ਤਕਰੀਬਨ ਹਰ ਦੂਜੇ ਤੀਜੇ ਦਿਨ ਮਲੇਰਕੋਟਲੇ ਡਾ: ਸਾਹਿਬ ਦੇ ਘਰ ਜਾਂਦਾ ਤੇ ਉਹ ਹਰ ਕੋਨੇ ਤੋਂ ਰਾਮ ਸਰੂਪ ਅਣਖੀ ਦੁਆਰਾ ਰਚੇ ਸਾਹਿਤ ਬਾਰੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਦੇ ਅਸੀਂ ਉਨ੍ਹਾਂ ਦੇ ਜੀਵਨ ਸਬੰਧੀ, ਸਾਹਿਤ ਸਬੰਧੀ ਅਤੇ ਉਨ੍ਹਾਂ ਬਾਰੇ ਕੀਤੇ ਕੰਮ ਸਬੰਧੀ ਖੋਜ ਕਾਰਜ ਵਿੱਚ ਮਗਨ ਸਾਂ ਅਣਖੀ ਸਾਹਿਬ ਨੂੰ ਪਤਾ ਸੀ ਕਿ ਮੈਂ ਉਨ੍ਹਾਂ ਤੇ ਪੀ: ਐੱਚ: ਡੀ: ਕਰ ਰਿਹਾ ਸਾਂ ਉਦੋਂ ਤੋਂ ਹੀ ਇੱਕ ਸਾਂਝ ਪੈ ਗਈ ਸੀ ਜੋ ਆਖਿਰ ਤੱਕ ਬਣੀ ਰਹੀ

-----

ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ 20 ਮਈ 1989 ਨੂੰ ਡਾ: ਰਵੀ ਦਾ ਕ਼ਤਲ ਕਰ ਦਿੱਤਾ ਗਿਆ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਪੰਜਾਬ ਦੇ ਹਾਲਾਤ ਬਹੁਤ ਵਿਗੜ ਗਏ ਸਨ ਤੇ ਮੈਂ ਵੀ 1990 ਵਿੱਚ ਇਨ੍ਹਾਂ ਹਾਲਾਤਾਂ ਵਿੱਚੋਂ ਨਿਕਲ ਕੇ ਕੈਨੇਡਾ ਆ ਗਿਆ ਮੇਰੀ ਪੀ: ਐੱਚ: ਡੀ: ਸਬੰਧੀ ਲਗਾਤਾਰ ਦੋ ਸਾਲ ਕੀਤਾ ਖੋਜ ਕਾਰਜ ਵੀ ਵਿੱਚ ਹੀ ਰਹਿ ਗਿਆ ਇਸ ਦਾ ਮੈਨੂੰ ਹੁਣ ਤੱਕ ਵੀ ਬਹੁਤ ਦੁੱਖ ਹੈ ਤੇ ਸ਼ਾਇਦ ਇਹ ਦੁੱਖ ਅਣਖੀ ਸਾਹਿਬ ਨੂੰ ਵੀ ਸੀ ਭਾਵੇਂ ਬਾਅਦ ਵਿੱਚ ਉਸ ਕੀਤੇ ਕੰਮ ਨੂੰ ਮੈਂ ਕਈ ਸਾਹਿਤਕ ਪਰਚਿਆਂ ਵਿੱਚ ਸਮੇਂ-ਸਮੇਂ ਛਪਵਾਉਂਦਾ ਵੀ ਰਿਹਾ ਅਤੇ ਅਣਖੀ ਸਾਹਿਬ ਨੂੰ ਵੀ ਭੇਜਦਾ ਰਿਹਾ, ਪਰ ਅਧੂਰੇ ਰਹਿ ਗਏ ਕੰਮ ਦੀ ਪੀੜ ਅਜੇ ਵੀ ਹੁੰਦੀ ਹੈ ਜਦੋਂ ਮੈਂ ਅਣਖੀ ਸਾਹਿਬ ਦਾ ਨਾਵਲ ਕੋਠੇ ਖੜਕ ਸਿੰਘਪੜ੍ਹਿਆ ਤਾਂ ਉਸ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਇਸ ਨਾਵਲ ਤੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਮੈਂ ਉਨ੍ਹਾਂ ਨੂੰ ਚਿੱਠੀ ਪਾਈ ਉਨ੍ਹਾਂ ਬਹੁਤ ਪਿਆਰਾ ਉੱਤਰ ਭੇਜਿਆ ਫੇਰ ਪਰਤਾਪੀਪੜ੍ਹਾ ਕੇ ਚਿੱਠੀ ਪਾਈ ਫੇਰ ਜਵਾਬ ਆਇਆ ਉਹ ਮੇਰੀ ਹਰ ਚਿੱਠੀ ਦਾ ਬੜੇ ਵਿਸਥਾਰ ਨਾਲ ਉੱਤਰ ਦਿੰਦੇ ਇਹ ਸਿਲਸਲਾ ਹੁਣ ਤੱਕ ਜਾਰੀ ਰਿਹਾ ਹੈ ਜਾਣ ਤੋਂ ਪੰਦਰਾਂ ਕੁ ਦਿਨ ਪਹਿਲਾਂ ਤੱਕ ਉਨ੍ਹਾਂ ਦੀਆਂ ਈਮੇਲਜ਼ ਆਉਦੀਆਂ ਰਹੀਆਂ ਹਨ

-----

ਜਦੋਂ ਤੋਂ ਉਨ੍ਹਾਂ ਕਹਾਣੀ ਪੰਜਾਬ ਸ਼ੁਰੂ ਕੀਤਾ ਮੈਂ ਉਦੋਂ ਤੋਂ ਹੀ ਉਸ ਨਾਲ ਜੁੜਿਆ ਹੋਇਆ ਹਾਂ ਉਨ੍ਹਾਂ ਮੇਰੀਆਂ ਕਈ ਕਹਾਣੀਆਂ ਛਾਪੀਆਂ ਜਿਨਾਂ ਵਿੱਚ ਚਾਂਦੀ ਦੀ ਗੜਵੀ’ ‘ਮੌਤ ਮੁਖੌਟੇ ਤੇ ਮਨੁੱਖ’ ‘ਤਾਂਡਵਅਤੇ ਛਤਰੀਆਦਿ ਵਰਨਣਯੋਗ ਹਨ ਉਨ੍ਹਾਂ ਨੇ ਤੀਜੀ ਪੀੜ੍ਹੀ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਲੈ ਕੇ ਜੋ ਪੁਸਤਕ ਨਵੀਂ ਫ਼ਸਲ ਛਾਪੀ ਸੀ ਉਸ ਵਿੱਚ ਵੀ ਮੇਰੀ ਕਹਾਣੀ ਸ਼ਾਮਲ ਕੀਤੀਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਮੇਰੇ ਵਰਗੇ ਨਵੇਂ ਲੇਖਕਾਂ ਲਈ ਖਾਦ ਦਾ ਕੰਮ ਕਰਦੀ ਸੀਉਹ ਅਕਸਰ ਕਹਿੰਦੇ ਮੈਂ ਬੜੀ ਜਲਦੀ ਕੈਨੇਡਾ ਆਵਾਂਗਾ ਪਰ ਅਜਿਹਾ ਸਬੱਬ ਕਦੀ ਵੀ ਨਾ ਬਣ ਸਕਿਆ

-----

ਦਸੰਬਰ 2009 ਦੇ ਅੰਤ ਤੇ ਉਨ੍ਹਾਂ ਨਾਲ ਮੇਰੀ ਆਖਰੀ ਗੱਲਬਾਤ ਹੋਈਉਨ੍ਹਾਂ ਨੇ ਮੇਰੀ ਕਹਾਣੀ ਛਤਰੀ ਦੇ ਪਰੂਫ ਪੜ੍ਹਨ ਤੋਂ ਬਾਅਦ ਮੈਨੂੰ ਫੋਨ ਕੀਤਾ ਸੀ ਉਹ ਕਹਿ ਰਹੇ ਸਨ ਇੱਕ ਪਰਚਾ ਛਪਦਾ ਹੈ ਐੱਨ ਆਰ ਆਈ ਸਰੋਕਾਰਉਹਦੇ ਵਿੱਚ ਇਸ ਵਾਰ ਮੈਂ ਤੇਰੇ ਬਾਰੇ ਲਿਖਣਾ ਚਾਹੁੰਦਾ ਹਾਂ ਇਸ ਪਰਚੇ ਵਿੱਚ ਹਰ ਵਾਰੀ ਕਿਸੇ ਨਾ ਕਿਸੇ ਲੇਖਕ ਬਾਰੇ ਲਿਖਦਾ ਹਾਂ ਮੈਨੂੰ ਆਪਣੇ ਬਾਰੇ ਹੋਰ ਜਾਣਕਾਰੀ ਭੇਜ ਬਾਇਉ ਡੈਟਾ ਵਗੈਰਾ ਵੀ ਭੇਜਨਵਾਂ ਜ਼ਮਾਨਾ ਨੇ 2010 ਦਾ ਕੈਲੰਡਰ ਇਸ ਬਾਰ ਰਾਮ ਸਰੂਪ ਅਣਖੀ ਦਾ ਛਾਪਿਆ ਤਾਂ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਏਨੀ ਜਲਦੀ ਉਹ ਤੁਰ ਜਾਣਗੇ

-----

ਮੈਂ ਅਣਖੀ ਸਾਹਿਬ ਤੇ ਹੈਰਾਨ ਸਾਂ ਕਿ ਐਨਾ ਉਹ ਕਿਵੇਂ ਲਿਖ ਲੈਂਦੇ ਹਨ ਹਰ ਛੇ ਮਹੀਨੇ ਬਾਅਦ ਉਨ੍ਹਾਂ ਦਾ ਨਵਾਂ ਨਾਵਲ ਆ ਰਿਹਾ ਸੀ ਸੰਪਾਦਤ ਪੁਸਤਕਾਂ ਆ ਰਹੀਆਂ ਸਨ, ਉਹ ਅਖ਼ਬਾਰਾਂ ਰਸਾਲਿਆਂ ਲਈ ਵੀ ਨਿਰੰਤਰ ਲਿਖਦੇ ਫੇਰ ਕਹਾਣੀ ਪੰਜਾਬ ਨੂੰ ਐਨੀ ਬੁਲੰਦੀ ਤੇ ਲੈ ਕੇ ਜਾਣਾ ਵੀ ਕੋਈ ਸੌਖਾ ਕੰਮ ਨਹੀਂ ਸੀ ਸਮਾਗਮਾਂ ਵਿੱਚ ਵੀ ਹਾਜ਼ਰੀ ਭਰਨੀ ਤੇ ਅਨੁਵਾਦ ਵੀ ਕਰਨੇ, ਤੇ ਡਲਹੌਜ਼ੀ ਵਰਗੇ ਸ਼ਹਿਰਾਂ ਵਿੱਚ ਕਹਾਣੀ ਗੋਸ਼ਟੀਆਂ ਕਰਵਾਉਣੀਆਂ ਮੈਂ ਇਸ ਵਾਰ ਉਨ੍ਹਾਂ ਨੂੰ ਕਿਹਾ ਕਿ ਮੈਂ ਡਲਹੌਜ਼ੀ ਵਾਲੀ ਕਹਾਣੀ ਗੋਸ਼ਟੀ ਵਿੱਚ ਭਾਗ ਲੈਣਾ ਚਾਹੁੰਦਾ ਹਾਂ ਤਾਂ ਉਨ੍ਹਾਂ ਕਿਹਾ ਮੇਜਰ ਮਾਂਗਟ ਤੂੰ ਸਤੰਬਰ ਵਿੱਚ ਇੰਡੀਆ ਆਈਂ,ਆਪਾਂ ਉਸ ਹਿਸਾਬ ਨਾਲ ਗੋਸ਼ਟੀ ਰੱਖਾਂਗੇ ਜਿਸ ਵਿੱਚ ਤੂੰ ਵੀ ਭਾਗ ਲੈ ਸਕੇਪਰ ਯਾਰੋ ਮੇਰਾ ਇਹ ਸੁਪਨਾ ਹੀ ਰਹਿ ਗਿਆ

-----

ਉਨ੍ਹਾਂ ਦੀ ਐਨੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਇੱਕੋ ਵਕ਼ਤ ਉਹ ਕਈ ਬੰਦਿਆਂ ਜਿਨਾ ਕੰਮ ਕਰਦੇ ਸਨ ਤੁਰਦੀ ਫਿਰਦੀ ਪੂਰੀ ਦੀ ਪੂਰੀ ਯੂਨੀਵਰਸਿਟੀ ਸਨ ਮੈਂ ਸੁਣਿਆਂ ਹੈ ਕਿ ਉਨ੍ਹਾਂ ਦੀ ਖੋਜ ਭਰਪੂਰ ਪੁਸਤਕ ਮਾਲਵਾਵੀ ਕਮਾਲ ਦੀ ਹੈ, ਪਰ ਮੈਂ ਅਜੇ ਤੱਕ ਪੜ੍ਹੀ ਨਹੀਂ ਤੇ ਨਾ ਹੀ ਮੈਂ ਅਜੇ ਤੱਕ ਪੜ੍ਹਿਆ ਹੈ ਦੁੱਲੇ ਦੀ ਢਾਬ ਕਦੇ ਉਹ ਲੇਖਕਾਂ ਨਾਲ ਮੁਲਾਕਾਤਾਂ ਕਰਦੇ ਅਤੇ ਕਦੇ ਚੋਣਵੇਂ ਪਿੰਡਾਂ ਬਾਰੇ ਲਿਖਦੇ ਅਨੇਕਾਂ ਪਰਿਵਾਰਕ ਮੁਸ਼ਕਲਾਂ ਆਈਆਂ ਹੋਣਗੀਆਂ ਪਰ ਉਹ ਡੋਲੇ ਨਹੀਂ, ਰੁਕੇ ਨਹੀਂ ਆਪਣੇ ਅੰਤਿਮ ਸਵਾਸ ਤੱਕ ਲਿਖਦੇ ਰਹੇ ਐਨਾ ਇਸ਼ਕ ਭਲਾ ਕੌਣ ਪਾਲਦਾ ਹੈ? ਉਹ ਵੀ ਆਪਣੀ ਲਿਖਤ ਅਤੇ ਸਾਹਿਤ ਨਾਲ ਸਾਰਾ ਜੀਵਨ ਹੀ ਉਨ੍ਹਾਂ ਸਾਹਿਤ ਲਈ ਅਰਪਿਤ ਕਰ ਦਿੱਤਾ ਵਾਕਿਆ ਹੀ ਉਹ ਸਾਹਿਤ ਦੇ ਲੋਹ ਪੁਰਸ਼ਸਾਬਤ ਹੋਏ ਰਾਮ ਸਰੂਪ ਅਣਖੀ ਦੇ ਤੁਰ ਜਾਣ ਨਾਲ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ

-----

ਰਾਮ ਸਰੂਪ ਅਣਖੀ ਦਾ ਜਨਮ ਪਿੰਡ ਧੌਲ਼ਾ ਜਿਲ੍ਹਾ ਸੰਗਰੂਰ ਵਿੱਚ 1932 ਈ: ਨੂੰ ਸ਼੍ਰੀ ਇੰਦਰ ਰਾਮ ਦੇ ਘਰ ਹੋਇਆ ਐੱਮ. ਏ. ਸਾਹਿਤ ਅਤੇ ਬੀ. ਐੱਡ. ਕਰਨ ਉਪਰੰਤ, ਉਨ੍ਹਾਂ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ ਪਿੰਡਾਂ ਸ਼ਹਿਰਾਂ ਵਿੱਚ ਪੜ੍ਹਾਉਂਦਿਆਂ ਉਨ੍ਹਾਂ ਪੰਜਾਬੀ ਸੱਭਿਆਚਾਰ ਨੂੰ ਬਾਖ਼ੂਬੀ ਸਮਝਿਆ ਅਤੇ ਆਪਣੀਆਂ ਲਿਖਤਾਂ ਵਿੱਚ ਬਿਆਨਿਆ ਉਨ੍ਹਾਂ ਦੇ ਕੰਮ ਨੂੰ ਮੁੱਖ ਰੱਖਦਿਆਂ ਵਿਦਵਾਨਾਂ ਨੇ ਉਨ੍ਹਾਂ ਬਾਰੇ ਕਈ ਪੁਸਤਕਾਂ ਲਿਖੀਆਂ ਜਿਵੇਂ:-

..........

ਅੱਧੀ ਸਦੀ ਦਾ ਜ਼ਹਿਰ- ਗੁਰਬਚਨ ਸਿੰਘ ਭੁੱਲਰ

ਕਹਾਣੀਕਾਰ ਰਾਮ ਸਰੂਪ ਅਣਖੀ-ਡਾ: ਬਿਕਰਮ ਸਿੰਘ ਘੁੰਮਣ

ਗਲਪਕਾਰ ਅਣਖੀ ਪ੍ਰੋ: ਰਵਿੰਦਰ ਭੱਠਲ

ਅਣਖੀ ਦਾ ਗਲਪ ਸੰਸਾਰ ਡਾ: ਬਿਕਰਮ ਸਿੰਘ ਘੁੰਮਣ

-----

ਰਾਮ ਸਰੂਪ ਅਣਖੀ ਨੇ ਕਹਾਣੀਆਂ ਅਤੇ ਨਾਵਲ ਦੋਨੋਂ ਲਿਖੇ ਪਰੰਤੂ ਉਨ੍ਹਾਂ ਨੂੰ ਪ੍ਰਸਿੱਧੀ ਨਾਵਲ ਦੇ ਖੇਤਰ ਵਿੱਚ ਵਧੇਰੇ ਮਿਲੀ ਜਸਵੰਤ ਸਿੰਘ ਕੰਵਲ ਤੋਂ ਬਾਅਦ ਉਹ ਪੇਂਡੂ ਵਰਗ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ ਆਉ ਇੱਕ ਨਜ਼ਰ ਰਾਮ ਸਰੂਪ ਅਣਖੀ ਦੀਆਂ ਪੁਸਤਕਾਂ ਤੇ ਵੀ ਮਾਰ ਲਈਏ:-

ਨਾਵਲ:-

ਪਰਦਾ ਤੇ ਰੌਸ਼ਨੀ (1970) ਸੁਲਗਦੀ ਰਾਤ (1978) ਕੱਖਾਂ ਕਾਨਿਆਂ ਦੇ ਪੁਲ਼ (1979) ਜ਼ਖ਼ਮੀ ਅਤੀਤ (1981) ਕੋਠੇ ਖੜਕ ਸਿੰਘ (1985) ਢਿੱਡ ਦੀ ਆਂਦਰ (1987) ਤੋਂ ਇਲਾਵਾ ਉਨ੍ਹਾਂ ਜਿਨ ਸਿਰ ਸੋਹਿਨ ਪੱਟੀਆਂ’ ‘ਪਰਤਾਪੀ’ ‘ਸਰਦਾਰੋ’ ‘ਹਮੀਰ ਗੜ੍ਹ’ ‘ਜੱਸੀ ਸਰਪੰਚਅਤੇ ਦੁੱਲੇ ਦੀ ਢਾਬਵਰਗੇ ਅਨੇਕਾਂ ਚਰਚਿਤ ਨਾਵਲ ਲਿਖੇ

ਕਹਾਣੀ ਸੰਗ੍ਰਹਿ:-

ਸੁੱਤਾ ਨਾਗ (1966) ਕੱਚਾ ਧਾਗਾ (1967) ਮਨੁੱਖ ਦੀ ਮੌਤ (1968) ਟੀਸੀ ਦਾ ਬੇਰ (1970) ਕੰਧ ਵਿੱਚ ਉੱਗਿਆ ਦਰਖਤ (1971) ਖਾਰਾ ਦੁੱਧ (1973) ਕਮਾਈ (1975) ਸਵਾਲ ਦਰ ਸਵਾਲ (1980) ਆਪਣੇ ਘੜੇ ਦਾ ਪਾਣੀ (1980) ਕਦੋਂ ਫਿਰਨਗੇ ਦਿਨ (1980) ਕਿੱਧਰ ਜਾਵਾਂਅਤੇ ਛੱਡਕੇ ਨਾ ਜਾਹ ਵਰਗੇਵਰਗੇ ਕਹਾਣੀ ਸੰਗ੍ਰਹਿ ਵੀ ਮਾਂ ਬੋਲੀ ਦੀ ਝੋਲੀ ਪਾਏ

ਸਫ਼ਰਨਾਮਾ:-

ਜਦੋਂ ਉਹ ਇੰਗਲੈਂਡ ਦੀ ਫੇਰੀ ਤੇ ਆਏ ਤਾਂ ਆਪਣੇ ਪ੍ਰਭਾਵ ਉਨ੍ਹਾਂ ਕਿਵੇਂ ਲੱਗਿਆ ਇੰਗਲੈਂਡਨਾਂ ਦੇ ਸਫ਼ਰਨਾਮੇ ਵਿੱਚ ਅੰਕਿਤ ਕੀਤੇ

------

ਇਸ ਤੋਂ ਇਲਾਵਾ ਉਨ੍ਹਾਂ ਆਪਣੀ ਸਵੈ-ਜੀਵਨੀ ਮੱਲ੍ਹੇ ਝਾੜੀਆਂਲਿਖੀ ਅਤੇ ਇੱਕ ਨਾਵਲਿਟ ਮੀਹਾਂ ਵਾਲੀ ਰਾਤਵੀ ਲਿਖਿਆ ਪਿੱਛੇ ਜਿਹੇ ਉਨ੍ਹਾਂ ਦੀ ਮਾਲਵੇ ਦੇ ਇਤਿਹਾਸ ਤੇ ਖੋਜ ਭਰਪੂਰ ਪੁਸਤਕ ਮਾਲਵਾਵੀ ਛਪੀ ਹੈ ਉਨ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਵੀ ਛਪ ਚੁੱਕੀਆਂ ਹਨ ਅਜੇ ਬਹੁਤ ਸਾਰਾ ਕੰਮ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਵਾਲੇ ਕਾਲਮ ਅਣਛਪੇ ਪਏ ਹਨ ਜਿਸ ਨਾਵਲ ਨੂੰ ਉਹ ਅੱਧਵਾਟੇ ਹੀ ਛੱਡ ਗਏ ਉਹ ਤਾਂ ਹੁਣ ਕਦੀ ਪੂਰਾ ਹੋਣ ਵਾਲਾ ਹੈ ਹੀ ਨਹੀਂ, ਪਰੰਤੂ ਲੇਖਕਾਂ ਲਈ ਪ੍ਰੇਰਨਾ ਬਣਿਆ ਰਹੇਗਾ ਕਿ ਆਪਣੇ ਅੰਤਿਮ ਸਵਾਸ ਤੱਕ ਲਿਖਦੇ ਰਹੋ ਜਗਤ ਪ੍ਰਸਿੱਧ ਲੇਖਕ ਅਣਖੀ ਸਾਹਿਬ ਦਾ ਇਸ ਤਰ੍ਹਾਂ ਅਚਾਨਕ ਤੁਰ ਜਾਣਾ ਹਿਲਾ ਕੇ ਰੱਖ ਗਿਆ ਹੈ

-----

ਅੱਜ ਮੈਂ ਉਨ੍ਹਾਂ ਦੇ ਘਰ ਫੋਨ ਕੀਤਾ ਕਰਾਂਤੀਪਤਲ ਬਹੁਤ ਅਪਸੈੱਟ ਸੀ ਉਸ ਨਾਲ ਗੱਲ ਨਹੀਂ ਹੋ ਸਕੀ ਫੋਨ ਅਣਖੀ ਸਾਹਿਬ ਦੀ ਵੱਡੀ ਬੇਟੀ ਨੀਤੀ ਨੇ ਚੁੱਕਿਆ ਹੈ ਉਹ ਬਹੁਤ ਰੋ ਰਹੀ ਹੈ ਕਿ ਪਾਪਾ ਸਾਨੂੰ ਛੱਡ ਕੇ ਪਤਾ ਨਹੀਂ ਕਿਧਰ ਤੁਰ ਗਏ ਨੇ ਉਹ ਦੱਸਦੀ ਹੈ ਕਿ ਐਨ ਠੀਕ-ਠਾਕ ਸਨਸਭ ਕੁੱਝ ਖਾਂਦੇ ਪੀਂਦੇ ਸਨ ਕੋਈ ਤਕਲੀਫ਼ ਨਹੀਂ ਸੀ ਰੋਜ਼ਾਨਾ ਲਿਖਦੇ ਸਨ, ਉਦੋਂ ਵੀ ਲਿਖ ਹੀ ਰਹੇ ਸਨ ਬੱਸ ਇੱਕ ਉਲਟੀ ਆਈ ਹੈ ਤੇ ਬੇਹੋਸ਼ ਹੋ ਗਏ ਡਾਕਟਰ ਦੇ ਲੈ ਕੇ ਗਏ ਤਾਂ ਉਨ੍ਹਾਂ ਕਿਹਾ ਕਿ ਤੁਰ ਗਏ ਨੇ ਸ਼ਾਇਦ ਸਾਈਲੈਂਟ ਹਾਰਟ ਅਟੈਕ ਸੀਉਹ ਫੇਰ ਰੋ ਰਹੀ ਹੈ

----

ਅੱਗੇ ਦੱਸਦੀ ਹੈ ਕਿ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਫੋਨ ਆਉਂਦੇ ਸਨ, ਉੱਚੀ-ਉੱਚੀ ਫੋਨ ਤੇ ਗੱਲਾਂ ਕਰਦੇ ਬਹੁਤ ਬਿਜ਼ੀ ਰਹਿੰਦੇ ਸਨ ਪਿਛਲੇ ਇੱਕ ਮਹੀਨੇ ਤੋਂ ਪੈਰ ਦਾ ਅੰਗੂਠਾ ਪੱਕਿਆ ਹੋਣ ਕਾਰਨ ਸੈਰ ਤੇ ਵੀ ਨਹੀਂ ਜਾਂਦੇ ਸਨ ਮੈਗਜ਼ੀਨ ਦਾ ਹੀ ਬਹੁਤ ਕੰਮ ਸੀ ਹੁਣ ਇਕੱਲਾ ਕਰਾਂਤੀ ਵਿਚਾਰਾ ਕੀ ਕਰੇਗਾ? ਕੱਲ੍ਹ ਸੰਸਕਾਰ ਕਰ ਦਿੱਤਾ ਗਿਆ ਹੈ ਬਹੁਤ ਇਕੱਠ ਸੀ ਉਨਾਂ ਨੂੰ ਬਹੁਤ ਦੁਨੀਆਂ ਜਾਣਦੀ ਸੀ ਸਾਨੂੰ ਤਾਂ ਉਨ੍ਹਾਂ ਦੇ ਦੋਸਤਾਂ ਦਾ ਵੀ ਨਹੀਂ ਪਤਾ ਕਿ ਕਿੰਨੇ ਕੁ ਹਨ ਪਤਾ ਨਹੀਂ ਕਿੱਥੇ ਤੁਰ ਗਏ ਸਾਡੇ ਪਾਪਾਹੁਣ ਅਸੀਂ ਕੀ ਕਰਾਂਗੇ...

-----

ਮੈਂ ਦਿਲਾਸਾ ਦਿੰਦਾ ਆਪ ਵੀ ਡੋਲ ਜਾਂਦਾ ਹਾਂ ਤੇ ਕਹਿੰਦਾ ਹਾਂ ਕਿ ਸਮੁੱਚੇ ਪੰਜਾਬੀ ਸਾਹਿਤ ਦਾ ਹੀ ਵਿਹੜਾ ਸੁੰਨਾ ਹੋ ਗਿਆ ਹੈ ਤੇ ਹੁਣ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਣਾ ਕੇਹਰ ਸ਼ਰੀਫ ਦਾ ਜਰਮਨ ਤੋਂ ਫੋਨ ਆਇਆ ਉਹ ਵੀ ਇਨ੍ਹਾਂ ਵਿਛੜ ਗਏ ਸਾਹਿਤਕਾਰਾਂ ਨੂੰ ਯਾਦ ਕਰਦਾ ਹੈ ਗੱਲਾਂ ਕਰਦੇ ਅਸੀਂ ਆਖਦੇ ਹਾਂ ਸੰਤੋਖ ਸਿੰਘ ਧੀਰ, ਹਰਿੰਦਰ ਸਿੰਘ ਮਹਿਬੂਬ ਅਤੇ ਰਾਮ ਸਰੂਪ ਅਣਖੀ ਵਰਗੇ ਕਲਮ ਦੇ ਧਨੀ ਸਦੀਆਂ ਬਾਅਦ ਪੈਦਾ ਹੁੰਦੇ ਨੇ ਆਪਣੀ ਬੁੱਕ ਸ਼ੈਲਫ ਵੇਖਦਾ ਹਾਂ ਤਾਂ ਕਿਤਾਬਾਂ ਤੇ ਇਹ ਨਾਂ ਚਮਕ ਰਹੇ ਨੇ ਜਿਵੇਂ ਆਕਾਸ਼ ਵਿੱਚ ਤਾਰੇ ਚਮਕਦੇ ਹੋਣ ਤੇ ਸੋਚਦਾ ਹਾਂ, ਸਾਹਿਤਕਾਰ ਭਲਾਂ ਕਦੋਂ ਮਰਦੇ ਨੇ? ਉਹ ਤਾਂ ਹਮੇਸ਼ਾ-ਹਮੇਸ਼ਾ ਲਈ ਅਪਣੇ ਸ਼ਬਦਾਂ ਵਿੱਚ ਸਮਾਏ ਹੁੰਦੇ ਨੇ ਤੁਸੀਂ ਕਿਤਾਬ ਚੁੱਕੋ ਅਤੇ ਉਨ੍ਹਾਂ ਦੀ ਉਂਗਲ ਫੜ ਕੇ ਨਾਲ ਤੁਰ ਪਉ..!

*******
No comments: