ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 21, 2010

ਆਕਾਸ਼ਦੀਪ ਭੀਖੀ - ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ - ਲੇਖ

ਸਾਹਿਤਕ ਨਾਮ: ਆਕਾਸ਼ਦੀਪ ਭੀਖੀ

ਅਜੋਕਾ ਨਿਵਾਸ: ਪਿੰਡ ਭੀਖੀ, ਮਾਨਸਾ, ਪੰਜਾਬ।

ਕਿਤਾਬ: ਹਾਲੇ ਨਹੀਂ ਛਪੀ। ਰਚਨਾਵਾਂ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ।

-----

ਦੋਸਤੋ! ਅੱਜ ਆਕਾਸ਼ਦੀਪ ਭੀਖੀ ਜੀ ਨੇ ਪੰਜਾਬੀ ਭਾਸ਼ਾ ਬਾਰੇ ਇਕ ਖ਼ੂਬਸੂਰਤ ਲੇਖ ਲਿਖ ਕੇ ਹਾਜ਼ਰੀ ਲਵਾਈ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਜੀਅ ਆਇਆਂ ਆਖਦੀ ਹੋਈ, ਲੇਖ ਨੂੰ ਆਰਸੀ ਚ ਸ਼ਾਮਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ

ਲੇਖ

ਤੇਰੀ ਜੈ ਪੰਜਾਬੀ ਮਾਤਾ, ਤੇਰੇ ਪੂਜੇ ਚਰਨ ਵਿਧਾਤਾ

ਲੋਰੀਆਂ ਦੇ ਕੇ ਗੋਦ ਖਿਡਾਵੇ , ਘੋੜੀਆਂ ਗਾ ਗਾ ਵਿਆਹ ਰਚਾਵੇਂ

ਮਰਨ ਸਮੇਂ ਵੀ ਵੈਣ ਤੂੰ ਪਾਵੇਂ

ਐਸਾ ਪੱਕਾ ਨਾਤਾ, ਤੇਰੀ ਜੈ ਪੰਜਾਬੀ ਮਾਤਾ

ਇਹ ਸਤਰਾਂ ਹਨ, ਮਸ਼ਹੂਰ ਕਵੀ ਫੀਰੋਜ਼ਦੀਨ ਸ਼ਰਫ਼ ਦੀਆਂ , ਜੋ ਕੇ ਵਾਸਤਵਿਕਤਾ ਦੀ ਕਸੌਟੀ ਤੇ ਖ਼ਰੀਆਂ ਉਤਰਦੀਆਂ ਹਨ ਇਹ ਸਾਡੀ ਪੰਜਾਬੀ ਮਾਂ ਬੋਲੀ ਹੀ ਹੈ ਪੰਜਾਬੀ ਵੀਰੋ ਜੋ ਸਾਡੇ ਜਨਮ ਵਕ਼ਤ ਆਪਣੇ ਸ਼ਰਬਤ ਭਰੇ ਬੋਲਾਂ ਨਾਲ ਸਾਨੂੰ ਲੋਰੀਆਂ ਦਿੰਦੀ ਤੇ ਫਿਰ ਆਪਣੇ ਪੁੱਤਾਂ ਦੇ ਵਿਆਹਾਂ ਵਿੱਚ ਸੁਹਾਗ, ਗਿੱਧੇ, ਭੰਗੜੇ ਦੇ ਬੋਲਾਂ ਤੇ ਹੋਰ ਅਨੇਕਾਂ ਤਰ੍ਹਾਂ ਦੇ ਸ਼ਗਨਾਂ ਵਾਲੇ ਗੀਤਾਂ ਨਾਲ ਆਪਣੀ ਹਾਜ਼ਰੀ ਦੀ ਗਵਾਹੀ ਭਰਦੀ ਹੈ , ਪਰ ਸਾਡੀ ਇਹ ਮਾਂ ਬੋਲੀ ਇਥੇ ਹੀ ਸਾਡਾ ਸਾਥ ਨਹੀਂ ਛਡਦੀ ਸਗੋਂ ਜਦ ਸਾਡਾ ਇਸ ਰੰਗਾਂ ਭਰੇ ਜੱਗ ਤੋਂ ਉਡਾਰੀ ਮਾਰਨ ਦਾ ਅਨੋਖਾ ਵਕ਼ਤ ਆ ਜਾਂਦਾ ਹੈ, ਓਸ ਵਕ਼ਤ ਵੀ ਇਹ ਸਾਨੂੰ ਸਿਵਿਆਂ ਤੱਕ ਲੈ ਜਾਂਦੇ ਸਮੇਂ ਆਪਣੇ ਬੋਲਾਂ ਦੇ ਵੈਣਾਂ, ਅਲਾਹੁਣੀਆਂ ਦੇ ਗੀਤਾਂ ਦੇ ਬੋਲਾਂ ਸੰਗ ਆਪਣੀ ਹਾਜ਼ਰੀ ਭਰਦੀ ਹੈ। ਵੇਖਿਆ ਪੰਜਾਬੀਓ! ਸਾਡੀ ਮਾਂ ਜਨਮ ਤੋਂ ਲੈ ਕੇ ਸਾਡੇ ਮਰਨ ਵਕ਼ਤ ਵੀ ਸਾਡੇ ਨਾਲ ਹੁੰਦੀ ਹੈ ਪਰ ਅਸੀਂ ਵੇਖੋ ਇਸ ਦੇ ਪੁੱਤ ਹੋ ਕੇ ਵੀ ਕਪੂਤ ਬਣੇ ਜਿਉਂਦੇ ਜੀਅ ਵੀ ਆਪਣੀ ਇਸ ਮਾਂ ਦੀ ਕੇ ਬੇਕਦਰੀ ਕੀਤੀ ਹੋਈ ਹੈ ਇਸ ਮਾਂ ਨੂੰ ਇਸਦੇ ਆਪਣੇ ਹੀ ਪੁੱਤ ਇਸਨੂੰ ਇਸਦੇ ਘਰ ਨਹੀਂ ਆਉਣ ਦੇ ਰਹੇ ਤੇ ਇਹ ਵਿਚਾਰੀ ਅਪਣਿਆਂ ਵਿੱਚ ਹੀ ਅਜਨਬੀਆਂ ਵਾਂਗ ਫਿਰਦੀ ਹੈ।

-----

ਮੈਨੂੰ ਤਾਂ ਕਦੇ ਕਦੇ ਇਸ ਤਰਾਂ ਲਗਦਾ ਕਿ ਅਸੀਂ ਅਰਦਾਸ ਵੀ ਅੰਗਰੇਜ਼ੀ ਵਿੱਚ ਨਾ ਕਰਨ ਲੱਗ ਪਈਏ। ਓਹ ਇਸ ਲਈ ਕੇ ਅਸੀਂ ਅੰਮ੍ਰਿਤ ਵੇਲੇ ਨੂੰ MORNING TIME ਅਤੇ ਰਹਿਰਾਸ ਨੂੰ EVENING TIME ਜੁ ਆਖਣ ਲੱਗ ਗਏ ਹਾਂ ਓਏ ਵੀਰੋ! ਮਾਸੀ ਦਾ ਸਤਿਕਾਰ ਕਰਨਾ ਚੰਗੀ ਗੱਲ ਹੈ , ਪਰ ਮਾਸੀ ਕਰਕੇ ਆਪਣੀ ਮਾਂ ਨੂੰ ਤਾਂ ਘਰਾਂ ਵਿਚੋਂ ਨਾ ਬਾਹਰ ਕਰੋ। ਸਾਡੀ ਤਾਂ ਓਹ ਗੱਲ ਹੋਈ ਪਈ ਹੈ ਕੇ " ਅਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ। ਨਾ ਮੇਰੇ ਪੰਜਾਬੀ ਵੀਰੋ! ਮੇਰੀ ਥੋਨੂੰ ਪੈਰੀਂ ਪੈ ਕੇ ਅਰਜ਼ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਤਰਾਂ ਨਾਂ ਵਿਸਾਰੋ। ਅਸੀਂ ਪੰਜਾਬੀ ਹਰ ਪਾਸੇ ਮੱਲਾਂ ਮਾਰ ਰਹੇ ਹਾਂ , ਪਰ ਇੱਕ ਮੱਲ ਜੋ ਅਸੀਂ ਮਾਰ ਸਕਦੇ ਹਾਂ ਜੋ ਚੰਗੀ -ਭਲੀ ਮਾਰ ਵੀ ਸਕਦੇ ਹਾਂ , ਓਸ ਤੋਂ ਅਸੀਂ ਪਾਸਾ ਵੱਟੀ ਬੈਠੇ ਹਾਂ। ਅਸੀਂ ਅੱਜ ਦੁਨੀਆਂ ਦੇ ਕੋਨੇ ਕੋਨੇ ਬੈਠੇ ਹਾਂ ਤੇ ਸਾਡੀਆਂ ਸਰਦਾਰੀਆਂ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਹਨ। ਕੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਦੀ ਇੱਕ ਨੰਬਰ ਦੀ ਭਾਸ਼ਾ ਨਹੀਂ ਬਣਾ ਸਕਦੇ ? ਜਦ ਸ਼੍ਰੀ ਗੁਰੂ ਗਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਜਿਹੀ ਮਹਾਨ ਰਚਨਾ ਦੀ ਮਿਸਾਲ ਸਾਰੇ ਵਿਸ਼ਵ ਦੇ ਲੋਕਾਂ ਸਮੇਤ ਨਾਸਾ ਦੇ ਵਿਗਿਆਨੀ ਦਿੰਦੇ ਹਨ ਤਾਂ ਕੇ ਅਸੀਂ ਇਨ੍ਹਾਂ ਵੀ ਨਹੀਂ ਕਰ ਸਕਦੇ ਕਿ ਲੋਕ ਸਾਡੀ ਪੰਜਾਬੀ ਬੋਲੀ ਦੀਆਂ ਮਿਸਾਲਾਂ ਵੀ ਦੇਣ। ਦੋਸਤੋ! ਤਹਾਨੂੰ ਪਤਾ ਹੋਣਾ ਬਣਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਕਲਮਬਧ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਨਾਸਾ ਪੁਲਾੜ ਵਿੱਚ ਬੜੇ ਹੀ ਅਦਬ ਸੰਗ ਪ੍ਰਕਾਸ਼ ਕੀਤਾ ਹੋਇਆ ਹੈ। ਓਹ ਇਸ ਕਰਕੇ ਕਿ ਵਿਗਿਆਨੀ ਇਸ ਗੱਲ ਨੂੰ ਖ਼ੁਦ ਮੰਨ ਰਹੇ ਹਨ ਕਿ ਜੋ ਜਾਣਕਾਰੀ ਵਿਗਿਆਨ ਅੱਜ ਲੋਕਾਂ ਨੂੰ ਦੇ ਰਹੀ ਹੈ ਓਹ ਤਾਂ ਇਸ ਗ੍ਰੰਥ ਵਿੱਚ ਆਰੰਭ ਤੋਂ ਹੀ ਸ਼ਾਮਿਲ ਹੈ।

-----

ਇਹ ਗੱਲ ਓਹਨਾਂ ਲੋਕਾਂ ਵਾਸਤੇ ਸਹੀ ਜਵਾਬ ਹੋਵੇਗੀ ਜੋ ਇਹ ਆਖਦੇ ਹਨ ਕੇ ਪੰਜਾਬੀ ਭਾਸ਼ਾ ਗ਼ਰੀਬ ਭਾਸ਼ਾ ਹੈ ਤੇ ਇਹ ਵਿਸ਼ਵ ਗਿਆਨ ਵਿਗਿਆਨ ਦੀ ਜਾਣਕਾਰੀ ਦੇਣ ਦੇ ਕਾਬਿਲ ਨਹੀਂ , ਅਗਰ ਇਹ ਗਰੀਬ ਭਾਸ਼ਾ ਹੈ ਤਾਂ ਫਿਰ ਸਾਡੇ ਗੁਰੂ ਸਾਹਿਬ ਨੇ ਇਸ ਮਹਾਨ ਗਰੰਥ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਕਾਸ ਤੋਂ ਕਲਮਬਧ ਕੀਤਾ, ਓਸ ਵਕ਼ਤ ਵੀ ਤਾਂ ਸੰਸਕ੍ਰਿਤ ਸਮੇਤ ਅਨੇਕਾਂ ਭਾਸ਼ਾਵਾਂ ਦੀ ਸਰਦਾਰੀ ਸੀ, ਜਿਵੇਂ ਹੁਣ ਸਾਡੀ ਆਪਣੀ ਕਮਜ਼ੋਰੀ ਕਰਕੇ ਅੰਗਰੇਜ਼ੀ ਸਾਡੇ ਹੀ ਮੁਲਕ ਵਿੱਚ ਆਪਣਾ ਰੋਅਬ ਪਾਈ ਬੈਠੀ ਹੈ, ਪਰ ਇਹ ਰੋਅਬ ਪਤਾ ਨਹੀਂ ਅਸੀਂ ਪੰਜਾਬੀ ਕਿਵੇਂ ਮੰਨੀ ਜਾ ਰਹੇ ਹਾਂ ਜਦ ਕਿ ਸਾਡੇ ਬਾਰੇ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ ਪਰ ਭਾਸ਼ਾ ਦੇ ਪੱਖ ਤੋਂ ਪਤਾ ਨਹੀਂ ਅਸੀਂ ਕਾਸ ਤੋਂ ਤੇ ਓਹ ਵੀ ਬੇਮਤਲਬ ਈਨ ਮੰਨੀ ਜਾ ਰਹੇ ਹਾਂ ਅੰਗਰੇਜ਼ੀ ਦੀ।

-----

ਦੋਸਤੋ! ਥੋਡੀ ਜਾਣਕਾਰੀ ਵਾਸਤੇ ਦੱਸ ਦੇਵਾਂ , ਕਿ ਪਿਛਲੇ ਸਾਲ ( ਆਈ. ਏ. ਐਸ.) ਦੇ ਇਮਤਿਹਾਨ ਵਿਚੋਂ ਸਾਰੇ ਭਾਰਤ ਵਿਚੋਂ ਚੌਥੇ ਸਥਾਨ ਤੇ ਅਤੇ ਮੁੰਡਿਆਂ ਵਿਚੋਂ ਇੱਕ ਨੰਬਰ ਤੇ ਜੋ ਉਮੀਦਵਾਰ ਸੀ ਓਹ ਸੀ ਵਰਿੰਦਰ ਸ਼ਰਮਾ ਜੋ ਕੇ ਪੰਜਾਬ ਦਾ ਵਸਨੀਕ ਹੈ ਤੇ ਓਸ ਨੇ ਆਈ. ਏ. ਐਸ. ਦਾ ਇਮਤਿਹਾਨ ਵੀ ਗੁਰਮੁਖੀ ਲਿੱਪੀ ਪੰਜਾਬੀ ਭਾਸ਼ਾ ਵਿੱਚ ਅੱਵਲ ਦਰਜ਼ੇ ਵਿੱਚ ਪਾਸ ਕੀਤਾ ਤੇ ਇੰਟਰਵਿਊ ਵੀ ਪੰਜਾਬੀ ਵਿੱਚ ਦੇ ਕੇ ਹੋਰਾਂ ਭਾਸ਼ਾਵਾਂ ਦੇ ਉਮੀਦਵਾਰਾਂ ਤੋਂ ਵੱਧ ਨੰਬਰ ਓਸ ਨੇ ਇੰਟਰਵਿਊ ਵਿਚੋਂ ਪ੍ਰਾਪਤ ਕੀਤੇ। ਇਸ ਪੰਜਾਬੀ ਮਾਂ ਬੋਲੀ ਦੇ ' ਛਿੰਦੇ ਪੁੱਤ' ਨੇ ਓਹਨੇ ਲੋਕਾਂ ਨੂੰ ਵੀ ਚਾਨਣ ਕਰ ਦਿੱਤਾ ਹੈ ਜੋ ਇਹ ਗੱਲ ਵਾਰ -ਵਾਰ ਆਖਦੇ ਨੇ ਕਿ ਪੰਜਾਬੀ ਵਿੱਚ ਰੁਜ਼ਗਾਰ ਦੀ ਭਾਸ਼ਾ ਬਣਨ ਦੀ ਤਾਕ਼ਤ ਨਹੀਂ ਦੋਸਤੋ! ਮੁੱਕਦੀ ਗੱਲ ਇਹ ਹੈ ਕਿ ਸਾਡੇ ਵਿੱਚ ਹੀ ਕੋਈ ਘਾਟ ਹੈ। ਜੋ ਜਾਣਦੇ ਨੇ ਕੇ ਅੱਜ ਪੰਜਾਬੀ ਨੂੰ ਬਚਾਉਣ ਵਾਸਤੇ ਸਾਂਝੇ ਉਪਰਾਲਿਆਂ ਦੀ ਲੋੜ ਹੈ, ਪਰ ਉਹ ਫਿਰ ਵੀ ਬੱਸ ਗੱਲਾਂ ਕਰਕੇ ਸਾਰੀ ਜਾਂਦੇ ਨੇ, ਉਹਨਾਂ ਦੀ ਤਾਂ ਉਹ ਗੱਲ ਹੈ ਕੇ ਘਰੇ ਅੱਗ ਲੱਗਣ ਦੇ ਬਾਵਜੂਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਮਿਸ ਕਾਲਾਂ ਮਾਰੀ ਜਾਂਦੇ ਨੇਜੋ ਅੱਜ ਇਹ ਆਖ ਰਹੇ ਨੇ ਪੰਜਾਬੀ ਖ਼ਤਮ ਹੋਣ ਦੇ ਕਿਨਾਰੇ ਹੈ ਉਹਨਾ ਨੂੰ ਕਿਸੇ ਕਵੀ ਦੇ ਪੰਜਾਬ ਪੰਜਾਬੀ, ਪੰਜਾਬੀਅਤ ਦੇ ਮੁੱਢੋਂ ਹੀ ਸਦਾਬਹਾਰ ਰਹਿਣ ਬਾਰੇ ਕਹੇ ਇਹਨਾਂ ਬੋਲਾਂ ਤੇ ਗ਼ੌਰ ਫਰਮਾਉਣਾ ਦਰੁਸਤ ਰਹੇਗਾ, ਕੋਈ ਤੋ ਬਾਤ ਹੈ ਕੇ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਸੇ ਰਹਾ ਹੈ ਦੁਸ਼ਮਣ ਜ਼ਮਾਨਾ ਹਮਾਰਾ। ਸਾਰੀਆਂ ਭਾਸ਼ਾਵਾਂ ਵਿੱਚੋ ਪੰਜਾਬੀ ਹੀ ਹੈ, ਜਿਸਨੂੰ ਮਿੱਠੀ ਭਾਸ਼ਾਦਾ ਵਿਸ਼ੇਸ਼ਣ ਹਾਸਲ ਹੈ ਇਸ ਦੇ ਲਫ਼ਜ਼ ਦਿਲਾਂ ਨੂੰ ਸਕੂਨ ਦਿੰਦੇ ਨੇ

-----

ਬਾਬਾ ਫਰੀਦ ਬਾਣੀ ਦੀ ਸੁਣ ਕੇ , ਵਾਰਿਸ ਦੀ ਹੀਰ ਸੁਣ ਕੇ ਕਿਸ ਦੇ ਕੰਨਾਂ ਵਿੱਚ ਰਸ ਨਹੀਂ ਘੁਲ਼ਦਾ? ਅਸਲ ਵਿੱਚ ਜੋ ਵੀ ਇਸ ਪੰਜਾਬੀ ਦਾ ਛਿੰਦਾ ਪੁੱਤ ਬਣਿਆਂ ਇਸਨੇ ਵੀ ਦੁਨੀਆਂ ਵਿੱਚ ਆਪਣੇ ਉਸ ਪੁੱਤ ਦਾ ਨਾਮ ਸੂਰਜ ਵਾਂਗ ਚਮਕਾ ਦਿੱਤਾ ਕਿਸ ਨੂੰ ਨਹੀਂ ਪਤਾ ਸ਼੍ਰੀ ਗੁਰੁ ਗ੍ਰੰਥ ਸਾਹਿਬ ਬਾਰੇ, ਕੌਣ ਨਹੀਂ ਜਾਣਦਾ ਵਾਰਿਸ ਸ਼ਾਹ ਨੂੰ , ਕਿਹੜਾ ਮੰਤਰ ਮੁਗਧ ਨਹੀਂ ਹੁੰਦਾ ਵਾਰਿਸ ਦੀ ਹੀਰ ਸੁਣਕੇ? ਗੁਰਦਾਸ ਮਾਨ ਨੇ ਭਾਵੇਂ ਬੜੇ ਦੁਖੀ ਹਿਰਦੇ ਨਾਲ ਗਾਇਆ ਸੀ ਕੇ ਪੰਜਾਬੀਏ ਜ਼ੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫ਼ਿੱਕੀ ਪੈ ਗੀ ਚਿਹਰੇ ਦੀ ਨੁਹਾਰ’, ਪਰ ਪੰਜਾਬੀ ਮਾਂ ਬੋਲੀ ਦੀ ਵਡਿਆਈ ਵੇਖੋ, ਉਸਨੇ ਆਪਣੇ ਇਸ ਪੁੱਤ ਦੀ ਦੁਨੀਆਂ ਵਿੱਚ ਪਛਾਣ ਕਿੰਨੀ ਗੂੜ੍ਹੀ ਕਰ ਦਿੱਤੀਮੇਰੇ ਪੰਜਾਬੀ ਵੀਰੋ! ਮੈਂ ਕਿਹੜਾ ਵੈਣ ਪਾਵਾਂ ਕੇ ਪਾਰੇ ਤੋਂ ਪੱਥਰ ਬਣ ਚੁੱਕੇ ਸਾਡੇ ਦਿਲਾਂ ਨੂੰ ਮੋਮ ਦੀ ਤਰ੍ਹਾਂ ਪਿਘਲ਼ਾ ਸਕਾਂ ਹਾਲੇ ਵੀ ਜਾਗੋ , ਕਿਉਂਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਵਾਲੀ ਗੱਲ ਤਾਂ ਤੁਸੀਂ ਜਾਣਦੇ ਹੀ ਹੋ ਨਹੀਂ ਤਾਂ ਸਾਡੀਆਂ ਕਹਾਵਤਾਂ ਸਾਨੂੰ ਹੀ ਮਿਹਣੇ ਦੇਣਗੀਆਂ ਜਦ ਚਿੜੀ ਚੁਗ ਗਈ ਖੇਤ ,ਫਿਰ ਪਛਤਾਉਣ ਦਾ ਕੀ ਫਾਇਦਾ? ਦੋਸਤੋ! ਵੇਲੇ ਦੀ ਨਮਾਜ਼ ਹੁੰਦੀ ਹੈ ਪਰ ਕੁਵੇਲੇ ਦੀਆਂ ਟੱਕਰਾਂ ਹੀ ਹੋਇਆ ਕਰਦੀਆਂ ਨੇ

-----

ਪੰਜਾਬੀ ਭਾਸ਼ਾ ਦਾ ਤਾਂ ਲਫ਼ਜ਼-ਲਫ਼ਜ਼ ਅਮੀਰ ਹੈ ਪਰ ਇਸ ਗੱਲ ਨੂੰ ਵੀ ਓਹੀ ਜਾਣਦਾ ਹੈ ਜਿਸ ਇਨਸਾਨ ਦਾ ਦਿਲੋ-ਦਿਮਾਗ਼ ਰੌਸ਼ਨ ਹੈ ਆਓ ਮਾਂ ਬੋਲੀ ਪੰਜਾਬੀ ਦੇ ਸਹੀ ਸ਼ਬਦਾਂ ਵਿੱਚ ' ਛਿੰਦੇ ਪੁੱਤ ' ਬਣੀਏ ਤੇ ਸਾਰੇ ਪੰਜਾਬੀ ਵੀਰ ਮਿਲ ਕੇ ਇਸਦੇ ਚਿਹਰੇ ਦੀ ਨੁਹਾਰ ਗੂੜ੍ਹੀ ਕਰੀਏ ਅਸੀਂ ਆਪਣੇ ਉੱਦਮ ਨਾਲ ਬੱਸ ਇੱਕ ਹੋਰ ਵੱਡੀ ਮੱਲ ਮਾਰਨੀ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਸ਼ਵ ਵਿੱਚੋਂ ਭਾਸ਼ਾਵਾਂ ਦੀ ਕਤਾਰ ਵਿੱਚ ਤੇਰ੍ਹਵੇਂ ਸਥਾਨ ਤੇ ਖੜ੍ਹੀ ਹੈ, ਅਸੀਂ ਹੰਭਲਾ ਇਹ ਮਾਰਨਾ ਹੈ ਕਿ ਤੇਰਾਂ ਵਿੱਚੋਂ ਤਿੰਨ ਦਾ ਅੰਕ ਕੱਟਣਾ ਤੇ ਬਾਕੀ ਰਹਿ ਗਿਆ ਇੱਕ ਨੰਬਰ ਬੱਸ ਇਸ ਨੰਬਰ ਦੇ ਸਿੰਘਾਸਨ ਤੇ ਬਿਰਾਜ਼ਮਾਨ ਕਰਾਉਣਾ ਆਪਣੀ ਮਾਖਿਓਂ ਮਿੱਠੀ ਪੰਜਾਬੀ ਨੂੰ ਆਸ ਰੱਖਾਂਗਾਂ ਕਿ ਯਤਨ ਅੱਜ ਤੋਂ ਹੀ ਆਰੰਭ ਕਰੋਗੇ, ਕਿਉਂਕਿ ਸਾਡੇ ਗੁਰਬਾਣੀ ਵੀ ਤਾਂ ਸੱਚ ਆਖਦੀ ਪਈ ਹੈ, 'ਜੀਵੇ ਆਸਾ ਮਰੇ ਨਿਰਾਸਾ।

No comments: