ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, March 27, 2010

ਸ਼ਾਮ ਸਿੰਘ ( ਅੰਗ-ਸੰਗ ) - ਸਾਡੀਆਂ ਲਿਖਤਾਂ ਕਿਉਂ ਨਹੀਂ ਕਰਦੀਆਂ ਨ੍ਹੇਰੇ ਦੇ ਵਿਚ ਚਾਨਣ - ਲੇਖ

ਸਾਡੀਆਂ ਲਿਖਤਾਂ ਕਿਉਂ ਨਹੀਂ ਕਰਦੀਆਂ ਨ੍ਹੇਰੇ ਦੇ ਵਿਚ ਚਾਨਣ

ਲੇਖ

ਰਚਨਾ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਇਹ ਉਹੀ ਕਰ ਸਕਦੇ ਹਨ ਜਿਨ੍ਹਾਂ ਕੋਲ ਕਹਿਣ ਲਈ ਅਨੁਭਵ ਹੁੰਦਾ ਹੈ ਤੇ ਲਿਖਣ ਲਈ ਸ਼ਬਦਾਂ ਦੀ ਜਾਦੂਗਰੀਸ਼ਬਦ ਹੀ ਹਨ ਜਿਹੜੇ ਅਨੁਭਵ ਨੂੰ ਢੋਂਦੇ ਹਨ ਅਤੇ ਕਲਾ ਦੀ ਜੁਗਤ ਨੂੰ ਵੀਜੇ ਅਨੁਭਵ ਅਤੇ ਗਹਿਰਾ ਅਨੁਭਵ ਨਾ ਹੋਵੇ ਤਾਂ ਸ਼ਬਦਾਂ ਦੇ ਛਣਕਣਿਆਂ ਦੀ ਕੋਈ ਵੁੱਕਤ ਨਹੀਂਕੇਵਲ ਕਲਾ ਤੇ ਸ਼ਬਦ ਜੜਤ ਉਦੋਂ ਤੱਕ ਪ੍ਰਭਾਵੀ ਨਤੀਜੇ ਨਹੀਂ ਦੇ ਸਕਦੇ ਜਦ ਤੱਕ ਅਨੁਭਵ ਦੀ ਅਮੀਰੀ ਦਾ ਅਮੁੱਕ ਖ਼ਜ਼ਾਨਾ ਕੋਲ਼ ਨਾ ਹੋਵੇਉਸ ਲਿਖਤ ਨੂੰ ਵਧੀਆ ਕਿਹਾ ਜਾ ਸਕਦਾ ਹੈ ਜਿਸ ਵਿਚ ਸ਼ਬਦ ਜੜਤ ਢੁੱਕਵੀਂ ਹੋਵੇ, ਲਿਖਣ ਦਾ ਅੰਦਾਜ਼ ਵਿਲੱਖਣ ਹੋਵੇ, ਕਲਾ ਦੀ ਜੁਗਤ ਨੂੰ ਸਹੀ ਤਰ੍ਹਾਂ ਵਰਤਿਆ ਹੋਵੇ ਅਤੇ ਸਭ ਤੋਂ ਉੱਪਰ ਗਹਿਰ ਗੰਭੀਰ ਅਨੁਭਵ ਹੋਵੇਅਜਿਹਾ ਕੁਝ ਹੁੰਦਿਆਂ ਜਦ ਲਿਖਤ ਪਾਠਕਾਂ ਸਾਹਮਣੇ ਜਾਂਦੀ ਹੈ ਤਾਂ ਉਸਨੂੰ ਭਰਵਾਂ ਹੁੰਗਾਰਾ ਵੀ ਮਿਲਦਾ ਹੈ ਅਤੇ ਸਤਿਕਾਰ ਵੀ
------
ਆਮ ਦੇਖਿਆ ਹੈ ਕਿ ਬਹੁਤੇ ਲੇਖਕ ਮਨੋਰੰਜਨ ਲਈ ਲਿਖਦੇ ਹਨ ਜਿਹੜੇ ਜੀਵਨ ਦੀ ਬਾਰੀਕੀ ਵਿਚ ਜਾਣ ਦਾ ਜਤਨ ਨਹੀਂ ਕਰਦੇ, ਗਹਿਰਾਈ ਵਿਚ ਨਹੀਂ ਵਿਚਰਦੇਅਜਿਹਾ ਲਿਖਣ ਵਾਲੇ ਸਤਹੀ ਜਿਹੀਆਂ ਗੱਲਾਂ ਲਿਖ ਕੇ ਪਾਠਕਾਂ ਦਾ ਮਨੋਰੰਜਨ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ ਲਈ ਪੈੜਾਂ ਨਹੀਂ ਉਲੀਕਦੇ ਤੇ ਰਾਹ ਨਹੀਂ ਛੱਡਦੇਅਜਿਹੀ ਲਿਖਤ ਥੋੜ੍ਹ-ਚਿਰੀ ਜਾਂ ਛਿਣ-ਭੰਗਰੀ ਅਸਰ ਕਰਨ ਤੋਂ ਵੱਧ ਕੁਝ ਨਹੀਂ ਕਰਦੀਹਲਕੇ ਸੁਹਜ-ਸੁਆਦ ਵਾਲੇ ਅਜਿਹੀਆਂ ਲਿਖਤਾਂ ਦੀ ਲਪੇਟ ਤੋਂ ਦੂਰ ਨਹੀਂ ਰਹਿੰਦੇ, ਪਰ ਨਾਲ ਦੀ ਨਾਲ ਗੰਭੀਰ ਲਿਖਤਾਂ ਅਤੇ ਅਮੀਰ ਅਨੁਭਵਾਂ ਨੂੰ ਭਾਲਣ ਵਾਲੇ ਅਜਿਹੀਆਂ ਲਿਖਤਾਂ ਦੇ ਨੇੜੇ ਵੀ ਨਹੀਂ ਢੁੱਕਦੇਉਹ ਸਮਝਦੇ ਹਨ ਕਿ ਅਜਿਹੀਆਂ ਲਿਖਤਾਂ ਪੜ੍ਹਨ ਨਾਲ ਵਕਤ ਵੀ ਜ਼ਾਇਆ ਹੁੰਦਾ ਹੈ ਤੇ ਹਾਸਲ ਵੀ ਕੁੱਝ ਨਹੀਂ ਹੁੰਦਾਫੇਰ ਵੀ ਮਿਆਰੀ ਮਨੋਰੰਜਨ ਵਾਲੀਆਂ ਰਚਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ
-----
ਨਿੱਜ ਨੂੰ ਲੋੜ ਤੋਂ ਵੱਧ ਵਿਅਕਤ ਕਰਨ ਵਾਲੀਆਂ ਰਚਨਾਵਾਂ ਵਿਚ ਵੀ ਬਹੁਤਾ ਕੁਝ ਉਹ ਹੁੰਦਾ ਹੈ ਜਿਸ ਦੀ ਪਾਠਕਾਂ ਨੂੰ ਜ਼ਰੂਰਤ ਨਹੀਂ ਹੁੰਦੀ ਅਜਿਹੀ ਰਚਨਾ ਬਹੁਤੀ ਵਾਰ ਸੱਚ ਤੋਂ ਦੂਰ ਹੋਣ ਕਰਕੇ ਅਸਲੀਅਤ ਦਾ ਪ੍ਰਗਟਾਵਾ ਨਹੀਂ ਕਰਦੀਅਜਿਹੀ ਰਚਨਾ, ਰਚਨਾਕਾਰ ਨੂੰ ਹੀਰੋ ਜਾਂ ਸੁਪਰਮੈਨ ਵਾਂਗ ਪੇਸ਼ ਕਰਦੀ ਹੈ ਜੋ ਕਿ ਉਹ ਨਹੀਂ ਹੁੰਦਾਅਜਿਹੀ ਰਚਨਾ ਵਿਚੋਂ ਖਚਰੇਪਨ ਦਾ ਅਹਿਸਾਸ ਝੀਤਾਂ ਵਿਚੋਂ ਝਾਕਦਾ ਰਹਿੰਦਾ ਹੈ ਜਿਸ ਕਾਰਨ ਪਾਠਕਾਂ ਨੂੰ ਆਪਣੀ ਮਜ਼ਬੂਤ ਪਕੜ ਵਿਚ ਲੈਣ ਦੇ ਸਮਰੱਥ ਨਹੀਂ ਹੁੰਦਾਕਈ ਇਕ ਆਪਣੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਹਨ ਤਾਂ ਕਿ ਦੂਜੇ ਅਜਿਹੀਆਂ ਕਮਜ਼ੋਰੀਆਂ ਤੋਂ ਕੋਈ ਸਬਕ ਸਿੱਖ ਸਕਣਕਈ ਇਕ ਗਰੀਬੀ/ਘੋਰ ਗ਼ਰੀਬੀ ਦਾ ਵਰਨਣ ਕਰਕੇ ਇਹ ਦੱਸਣ ਦਾ ਜਤਨ ਕਰਦੇ ਹਨ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਹੌਲ ਨੂੰ ਵੀ ਅਣਸਾਹਿਤਕ ਅਤੇ ਅਣਸੁਖਾਵਾਂ ਨਹੀਂ ਰਹਿਣ ਦਿੱਤਾ ਸਗੋਂ ਇਸ ਦੇ ਸਿਰ ਉੱਤੇ ਵੀ ਸਾਹਿਤ ਦੀ ਵੱਡੀ ਛਤਰੀ ਤਾਣ ਦਿੱਤੀ
-----
ਪਿਆਰ ਵਿਚ ਅਸਫ਼ਲ ਰਹਿਣ ਦੇ ਗੀਤ ਗਾਉਣ ਤੋਂ ਬਿਨਾਂ ਤਾਂ ਸ਼ਾਇਦ ਕੋਈ ਵੀ ਨਹੀਂ ਰਹਿੰਦਾਉਦਾਸੀ ਤੇ ਨਿਰਾਸ਼ਾ ਭਰੀ ਸ਼ਾਇਰੀ ਦਿਲ ਦੀ ਸੱਚੀ-ਸੁੱਚੀ ਅਵਾਜ਼ ਹੁੰਦੀ ਹੈ ਜਿਹੜੀ ਕਿਸੇ ਵੀ ਖੇਤਰ ਦੇ ਅਸਫ਼ਲ ਲੋਕਾਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇਣ ਤੋਂ ਪਿੱਛੇ ਨਹੀਂ ਰਹਿੰਦੀਅਜਿਹੇ 'ਚ ਅਸਫ਼ਲਤਾ 'ਚੋਂ ਸਫ਼ਲਤਾ ਨੂੰ ਲੱਭਣ ਲਈ ਜੱਦੋ-ਜਹਿਦ ਦੇ ਪੈਰ ਲੱਭ ਪੈਂਦੇ ਹਨ ਜਿਹੜੇ ਹਰ ਔਖੇ/ਟੇਢੇ ਰਾਹਾਂ 'ਤੇ ਤੁਰਨ ਤੋਂ ਅਸਮਰਥ ਨਹੀਂ ਹੁੰਦੇਪਰ ਪਿਆਰ ਦਾ ਨਿਸ਼ਾਨਾ /ਸਿਖਰ ਪਿਆਰ ਹੀ ਹੁੰਦਾ ਹੈ ਜਿਸ ਨਾਲ ਸੰਤੁਸ਼ਟ ਹੋ ਕੇ ਨਿੱਜ ਤੱਕ ਸੀਮਤ ਹੋ ਕੇ ਵੀ ਰਿਹਾ ਜਾ ਸਕਦਾ ਹੈ ਅਤੇ ਦੂਜਾ ਸਮਾਜ ਵੱਲ ਬੂਹਾ ਵੀ ਖੁੱਲ੍ਹ ਸਕਦਾ ਹੈ, ਜਿਸ ਕਾਰਨ ਵੱਡੇ ਹਾਸਲਾਂ ਵੱਲ ਵੀ ਨਿੱਠ ਕੇ ਤੁਰਿਆ ਜਾ ਸਕਦੈ
-----
ਨਿਰਾਸ਼ਾ, ਉਦਾਸੀ, ਮਾਯੂਸੀ ਅਤੇ ਹਾਰ ਵਾਲੇ ਨਾਟਕ, ਨਾਵਲ, ਕਵਿਤਾ, ਕਹਾਣੀ ਅਤੇ ਹੋਰ ਵਿਧਾਵਾਂ ਵਿਚ ਲਿਖਤਾਂ ਲਿਖਣੀਆਂ ਸਾਹਿਤ ਦੇ ਖ਼ਜ਼ਾਨੇ ਵਿਚ ਵਾਧਾ ਤਾਂ ਕਰ ਸਕਦੀਆਂ ਹਨ ਪਰ ਮਾਨਵ ਤੇ ਸਮਾਜ ਦਾ ਕੁਝ ਨਹੀਂ ਸਵਾਰ ਸਕਦੀਆਂਜੇ ਬਾਰੀਕ ਸੂਝ ਵਾਲੇ ਪਾਠਕ ਅਜਿਹੀਆਂ ਰਚਨਾਵਾਂ ਤੋਂ ਵੀ ਜਿੱਤ ਵੱਲ ਵਧਣ ਦੀ ਪ੍ਰੇਰਨਾ ਲੈ ਸਕਣ, ਖ਼ੁਸ਼ੀ ਅਤੇ ਖ਼ੁਸ਼ਹਾਲੀ ਦੇ ਦੁਆਰ ਖੋਲ੍ਹ ਲੈਣ ਦੇ ਜਤਨ ਕਰਨ ਤਾਂ ਇਨ੍ਹਾਂ ਨੂੰ ਵੀ ਸਾਰਥਕ, ਲਾਭਕਾਰੀ ਅਤੇ ਪ੍ਰੇਰਨਾਦਾਇਕ ਮੰਨਿਆ ਜਾ ਸਕਦੈ
-----
ਸਾਡੇ ਲੇਖਕ ਜੀਵਨ ਵਿਚ ਜੋ ਹਨ, ਉਹ ਨਹੀਂ ਲਿਖਦੇਉਹ ਕੁਝ ਲਿਖਣ ਦਾ ਜਤਨ ਕਰਦੇ ਹਨ ਜੋ ਕੁੱਝ ਨਹੀਂ ਹਨ ਜਾਂ ਜੋ ਕੁਝ ਨਹੀਂ ਹੁੰਦਾਉਨ੍ਹਾਂ ਦਾ ਆਪਣਾ ਜੀਵਨ ਉਨ੍ਹਾਂ ਦੀ ਆਪਣੀ ਲਿਖਤ ਮੁਤਾਬਿਕ ਨਹੀਂ ਹੁੰਦਾਜਿਹੜੇ ਆਪਣੀ ਲਿਖਤ ਨਾਲ਼ ਹੀ ਨਹੀਂ ਖੜ੍ਹਦੇ ਉਨ੍ਹਾਂ ਦਾ ਅਮਲ ਉਨ੍ਹਾਂ ਉਪਦੇਸ਼ਕਾਂ ਵਰਗਾ ਹੀ ਹੋ ਕੇ ਰਹਿ ਜਾਂਦਾ ਹੈ ਜਿਹੜੇ ਹੋਰਨਾਂ ਨੂੰ ਸਵਰਗ ਦਾ ਰਾਹ ਦੱਸਣ ਦਾ ਦਾਅਵਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਪਿੰਡ ਦਾ ਰਾਹ ਨਹੀਂ ਪਤਾ ਹੁੰਦਾਅਜਿਹੇ ਲੇਖਕ ਸੌ ਰਚਨਾਵਾਂ ਕਰਨ, ਸੌ ਜਤਨ ਕਰਨ ਉਨ੍ਹਾਂ ਦੀਆਂ ਲਿਖਤਾਂ ਸਮਾਜ ਦੇ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ, ਜੀਵਨ ਦੇ ਪੈਂਡਿਆ 'ਤੇ ਉਜਾਲਾ ਨਹੀਂ ਕਰ ਸਕਦੀਆਂਜਿਹੜੇ ਲੇਖਕ ਲੋਕ ਹਿਤਾਂ ਬਾਰੇ ਲਿਖਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਦਾ ਜੀਵਨ ਲੋਕ-ਹਿੱਤਾਂ ਵਾਲਾ ਨਹੀਂ ਹੁੰਦਾਉਨ੍ਹਾਂ ਦੀਆਂ ਲਿਖਤਾਂ ਵੀ ਲਿਫਾਫਾਬਾਜ਼ੀ ਤੋਂ ਵੱਧ ਕੁੱਝ ਨਹੀਂ ਹੁੰਦੀਆਂਜਿਹੜੇ ਲੇਖਕ ਉੱਚੇ ਜੀਵਨ ਮੁੱਲਾਂ ਦੀਆਂ ਗੱਲਾਂ ਕਰਦੇ ਹਨ ਪਰ ਖੁਦ ਨਿੱਘਰ ਚੁੱਕੇ ਹੁੰਦੇ ਹਨ ਉਨ੍ਹਾਂ ਦੀਆਂ ਲਿਖਤਾਂ ਚਾਨਣ ਵਿਚ ਹਨੇਰ ਤਾਂ ਫੈਲਾਅ ਸਕਦੀਆਂ ਹਨ ਪਰ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ
----
ਡਰ ਆਲੋਚਨਾ ਦਾ

ਅਸੀਂ ਪ੍ਰਸ਼ੰਸ਼ਾ ਦੇ ਬਹੁਤ ਭੁੱਖੇ ਹਾਂ ਅਤੇ ਹਰ ਸਮੇਂ ਹਰੇਕ ਤੋਂ ਆਪਣੀ ਪ੍ਰਸ਼ੰਸ਼ਾ ਹੀ ਸੁਣਨੀ ਚਾਹੁੰਦੇ ਹਾਂ ਅਤੇ ਸੁਣ ਕੇ ਗਦ-ਗਦ ਹੋ ਜਾਂਦੇ ਹਾਂਹਵਾ ਵਿਚ ਉੱਡਦੇ ਫਿਰਦੇ ਹਾਂ, ਬਿਨਾਂ ਪਰਾਂ ਤੋਂ ਪਰਿੰਦੇ ਹੋ ਕੇ ਪਤਾ ਨਹੀਂ ਆਪੇ ਹੀ ਸਿਰਜੇ ਅਸਮਾਨਾਂ ਵਿਚ ਕਿੱਥੇ ਕਿੱਥੇ ਉਡਾਰੀਆਂ ਲਾ ਆਉਂਦੇ ਹਾਂਇਕ ਅੱਧੇ ਦੀ ਨਹੀਂ ਇਹ ਹਰ ਇਨਸਾਨ ਦੀ ਕਹਾਣੀ ਹੈ, ਜਿਸ ਨੂੰ ਮੰਨਣ ਲਈ ਸ਼ਾਇਦ ਕੋਈ ਵਿਰਲਾ ਹੀ ਤਿਆਰ ਹੁੰਦਾ ਹੈ
-----
ਪ੍ਰਸ਼ੰਸ਼ਾ/ਉਸਤਤ ਦੇ ਉਲਟ ਜ਼ਰਾ ਕੁ ਆਲੋਚਨਾ ਹੋਈ ਨਹੀਂ ਕਿ ਅਸੀਂ ਦੋ ਹੀ ਪੈਰਾਂ ਦੇ ਹੁੰਦੇ ਹੋਇਆਂ ਚਾਰੇ ਖੁਰ ਚੁੱਕ ਕੇ ਆਲੋਚਨਾ ਕਰਨ ਵਾਲੇ ਉੱਤੇ ਕੁਹਾੜਾ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇਕਿਸੇ ਦੀ ਰਚਨਾ ਹੋਵੇ ਜਾਂ ਕਿਰਦਾਰ ਉਸ ਦੀ ਆਲੋਚਨਾ ਕਰਨੀ ਆਸਾਨ ਕਾਰਜ ਨਹੀਂਜੇ ਤਾਂ ਆਲੋਚਕ ਨੇ ਸਿਫ਼ਤਾਂ ਦੇ ਪੁਲ਼ ਬੰਨ੍ਹ ਦਿੱਤੇ ਫੇਰ ਤਾਂ ਠੀਕ ਹੈ ਪਰ ਜੇ ਨੁਕਸ ਕੱਢ ਦਿੱਤੇ ਤਾਂ ਉਸ ਦੀ ਖ਼ੈਰ ਨਹੀਂ
------
ਅਸੀਂ ਪੈਰ ਪੈਰ 'ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਲੋਚਨਾ ਤੋਂ ਡਰਦੇ ਹਾਂਇਸ ਲਈ ਕਿ ਜਿਹੜੇ ਸਾਡੇ ਨੁਕਸ ਸਾਨੂੰ ਪਤਾ ਹਨ ਉਹ ਦੂਜਿਆਂ ਨੂੰ ਨਾ ਪਤਾ ਲੱਗ ਜਾਣਉਨ੍ਹਾਂ ਦਾ ਪ੍ਰਚਾਰ ਨਾ ਹੋਵੇਉਹ ਸਾਡੇ ਵਿਚ ਹੀ ਛੁਪੇ ਰਹਿਣਪਰ, ਇਹ ਜੀਵਨ ਦੇ ਵਿਕਾਸ ਵਾਸਤੇ ਬਿਲਕੁੱਲ ਚੰਗੀ ਗੱਲ ਨਹੀਂਜੇ ਕੋਈ ਸਾਨੂੰ ਸਾਡੇ ਨੁਕਸ ਦੱਸੇਗਾ ਤਾਂ ਉਹ ਸਾਡਾ ਭਲਾ ਕਰੇਗਾਇਸ ਲਈ ਕਿ ਅਸੀਂ ਆਪਣੇ ਆਪ ਤੋਂ ਨਹੀਂ ਡਰਦੇ ਪਰ ਦੂਜਿਆਂ ਨੂੰ ਪਤਾ ਲੱਗ ਜਾਣ ਦਾ ਡਰ ਸਾਨੂੰ ਆਪਣੇ ਆਪ ਵੱਲ ਮੁੜਨ ਲਈ ਪ੍ਰੇਰਨਾ ਦੇ ਸਕਦਾ ਹੈਆਪਣੇ ਆਪ ਵੱਲ ਮੁੜਿਆਂ ਹੀ ਆਪਣੇ ਨੁਕਸਾਂ 'ਚ ਸੋਧ/ਦਰੁਸਤੀ ਬਾਰੇ ਸੋਚਿਆ ਜਾ ਸਕਦਾ ਹੈਕਿਤਾਬ ਦੀ ਹੋਵੇ ਜਾਂ ਆਪਣੀ, ਆਲੋਚਨਾ ਤੋਂ ਡਰਨਾ ਜ਼ਰੂਰ ਚਾਹੀਦਾ ਹੈ ਪਰ ਸਿਰਫ਼ ਡਰਨ ਵਾਸਤੇ ਹੀ ਨਹੀਂ ਸਗੋਂ ਇਸ ਡਰ ਤੋਂ ਸਿੱਖਣ ਵਾਸਤੇ, ਅੱਗੇ ਵਧਣ ਵਾਸਤੇ ਅਤੇ ਜੀਵਨ ਦੀਆਂ ਉੱਚੀਆਂ ਸਿਖਰਾਂ ਵੱਲ ਪਹੁੰਚਣ ਵਾਸਤੇ

ਦੋ ਸ਼ਿਅਰ :

ਮੱਥੇ 'ਚ ਦੀਵਾ ਬਾਲ਼ ਕੇ ਨੇਰ੍ਹੇ 'ਚ ਤੁਰ ਪਿਆ
ਤੇਰੀ ਤਲਾਸ਼ ਕਰਦਿਆਂ ਆਪੇ 'ਚੋਂ ਕਿਰ ਗਿਆ
---
ਤੁਰਿਆ ਸਾਂ ਲੱਭਣ ਲਈ ਪੂਰੇ ਦਾ ਪੂਰਾ ਮੁਕਾਮ
ਬਰਫ਼ ਅੱਗ 'ਤੇ ਧਰ ਕੇ ਰਾਹਾਂ 'ਚ ਖੁਰ ਗਿਆ

1 comment:

Unknown said...

ਸ਼ਾਮ ਸਿੰਘ ਜੀ ਲੇਖ ਬਹੁਤ ਪਸੰਦ ਆਇਆ। ਪਰ ਆਖਰੀ ਦੋ ਲਾਈਨਾਂ (ਸ਼ੇਅਰ )ਵਿਚਲਾ ਅਨੁਭਵ ਕਿਸੇ ਵੇਲ਼ੇ ਜ਼ਰੂਰ ਸਾਂਝਾ ਕਰਨਾ।