ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, May 10, 2010

ਗੁਰਮੇਲ ਬਦੇਸ਼ਾ - ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ – ਮਜ਼ਾਹੀਆ ਖ਼ਤ

ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ

ਮਜ਼ਾਹੀਆ ਖ਼ਤ

ਤੈਨੂੰ ਮੇਰੇ ਲੜ ਲਾਉਣ ਵਾਲੇ ਪੱਲੂ ਵਰਗੀਏ ਭਾਗਵਾਨੇ !

ਤੂੰ ਕਿਉਂ ਪੱਲਾ ਛੁਡਾ ਕੇ ਤੁਰ ਗਈ ਏਂ ? ਆ ਜਾ ! ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਇਹ ਬੇਰ ਆਪਾਂ ਡਾਲਰ ਸਟੋਰ ਤੋਂ ਲਏ ਸੀਯਾਦ ਕਰ ਓਹ ਵੇਲ਼ਾ ! ਜਦੋਂ ਤੂੰ ਇੰਡੀਆ ਤੋਂ ਨਵੀਂ ਨਵੀਂ ਆਈ ਸੀ , ਤੇ ਮੇਰੀਆਂ ਪੈਂਟਾਂ ਦੀਆਂ ਦੋ ਦੋ ਕਰੀਜ਼ਾਂ ਬਣਾਉਂਦੀ ਹੁੰਦੀ ਸੀ ….., ਮੇਰੇ ਰੰਗਦਾਰ ਕਮੀਜ਼ ਜਦੋਂ ਤੂੰ ਬਲੀਚ ਪਾ ਪਾ ਕੇ ਧੋਂਦੀ ਹੁੰਦੀ ਸੈਂ ! ਜਦੋਂ ਤੂੰ ਖੀਰੇ ਦੀ ਥਾਂ ਤੇ ਘਿਓ ਤੋਰੀਆਂ ਦੇ ਸਲਾਦ ਕੱਟ ਕੱਟ ਖਵਾਉਂਦੀ ਹੁੰਦੀ ਸੈਂ ! ਜਦੋਂ ਸਟੀਲ ਦੇ ਗਲਾਸ ਚ ਚਾਹ ਵੀ ਮਾਈਕਰੋ ਵੇਵ ਵਿੱਚ ਗਰਮ ਕਰ ਕਰ ਕੇ ਪਿਲਾਉਂਦੀ ਹੁੰਦੀ ਸੈਂ !! ਤਰੀ ਵਾਲ਼ੀ ਮੈਕਰੋਨੀ ਦੇ ਸੁਆਦ ਨੂੰ ਅਜੇ ਵੀ ਮੇਰੇ ਬੁੱਲ੍ਹ ਤਰਸਦੇ ਨੇ ! ਤੇ ਮੈਂ ਵੀ ਤੇਰੇ ਵਾਸਤੇ ਤੱਤੀਆਂ ਜਲੇਬੀਆਂ ਲੈ ਕੇ ਆਉਂਦਾ ਹੁੰਦਾ ਸੀ, ਤੇ ਤੂੰ ! ਚੁੰਨੀ ਦੇ ਪੱਲੇ ਨਾਲ ਫੜ ਕੇ ਕੈੱਚਅੱਪ ਲਾ ਲਾ ਕੇ ਖਾਂਦੀ ਹੁੰਦੀ ਸੀ ਹਾਏ ਨੀ ! ਮੇਰੇ ਘਰ ਦੀਏ ਸੁਆਣੀਏ !! ਤੇਰੇ ਬਾਝੋਂ ਹੁਣ ਕੌਣ ਬਣਾਊਗਾ ਤਰੀ ਵਾਲ਼ੇ ਕਰੇਲੇ !?!

----

ਤੇਰੇ ਹੱਥਾਂ ਨਾਲ਼ ਫਰੀਜ਼ਰ ਰੱਖਿਆ ਲੂਣ ਦਾ ਪੈਕਟ ਵੇਖ ਵੇਖ ਕੇ ਮੈਂ ਤਾਂ ਵਿੱਚੋ ਵਿੱਚ ਖੁਰਦਾ ਜਾ ਰਿਹਾ ਹਾਂ, ਕਿ ਮੇਰੀ ਘਰਵਾਲੀ ਨੂੰ ਘਰ ਦਾ ਕਿੰਨਾ ਖ਼ਿਆਲ ਸੀ ਕਿ ਕਿਸੇ ਚੀਜ਼ ਨੂੰ ਉੱਲੀ ਨਾ ਲੱਗ ਜਾਵੇ ? ਇਸੇ ਕਰਕੇ ਹੀ ਸ਼ਾਇਦ ਤੂੰ ਮੈਨੂੰ ਵੀ ਫਰਿੱਜ ਚ ਲਾ ਕੇ ਤੁਰ ਗਈ ਏਂ ਮੈਨੂੰ ਉੱਲੀ ਤਾਂ ਨਹੀਂ ਲੱਗੀ , ਪਰ ਤੇਰੇ ਵਿਛੋੜਿਆਂ ਦੀ ਸਲ੍ਹਾਬ ਹੀ ਮੁੱਲ ਖਰੀਦੇ ਰਿਸ਼ਤਿਆਂ ਦੀਆਂ ਕੰਧਾਂ ਦੀ ਬੁਨਿਆਦ ਵਾਂਗੂੰ ਖੋਖਲਾ ਕਰੀ ਜਾ ਰਹੀ ਏ ! ਪਰ ਰਿਸ਼ਤੇ ਰਿਸ਼ਤੇ ਹੀ ਹੁੰਦੇ ਨੇ ! ਵਪਾਰ ਵਪਾਰ ਹੀ !!

-----

ਯਾਦ ਕਰ ਓਹ ਵੇਲ਼ਾ ! ਜਦੋਂ ਲਾਵਾਂ ਤੋਂ ਬਾਅਦ ਰਾਗੀ ਵੀ ਢੋਲਕੀਆਂ ਤੇ ਮੁੱਕੀਆਂ ਮਾਰ ਮਾਰ ਕੇ ਰਾਗ ਅਲਾਪਦੇ ਸੀ ,….. ‘ਮੈਂ ਪੱਲੇ ਤੈਂਡੇ ਲਾਗੀ …. ਮੈਂ ਪੱਲੇ ਤੈਂਡੇ ਲਾਗੀ !!

ਹੁਣ ਸਮਝ ਆਉਂਦੀ ਐ , ਕਿ ਰਾਗੀ ਢੋਲਕੀਆਂ ਤੇ ਨਹੀਂ , ਤੂੰ ਮੇਰੀ ਹਿੱਕ ਤੇ ਚੂੜੇ ਛਣਕਾਉਂਦੀ ਸੀ …….ਮੈਂ ਪੱਲੇ ਤੈਂਡੇ ਲਾਗੀ….!!

ਸ਼ਾਇਦ ਮੈਂ ਹੀ ਪੱਲੇ ਚ ਚੁੰਬਕ ਪੱਥਰ ਫਿੱਟ ਕਰਵਾ ਕੇ ਇੰਡੀਆ ਗਿਆ ਸੀ ਕਿ ਤੂੰ ਮੇਰੇ ਵੱਲ ਖਿੱਚੀ ਗਈ ! ਪਰ ਓਦੋਂ ਤੁਹਾਨੂੰ ਮੈਂ ਨਹੀਂ, ਮੇਰਾ ਕੈਨੇਡੀਅਨ ਪਾਸਪੋਰਟ ਦਿਸਦਾ ਸੀ….ਏਸੇ ਕਰਕੇ ਹੀ ਸ਼ਾਇਦ ਤੂੰ ਪੱਲੇ ਮੈਂਡੇ ਲਾਗੀ ਸੀ !

-----

ਚੱਲ ਛੱਡ ! ਪਰ , ਹੁਣ ਜਦੋਂ ਸਵੇਰ ਦੇ ਚਾਰ ਵੱਜਦੇ ਨੇ ਤਾਂ ਤੇਰੀ ਯਾਦ ਘੂਕ ਸੁੱਤੇ ਪਏ ਨੂੰ ਜਗਾ ਕੇ ਸੋਚਣ ਲਈ ਮਜਬੂਰ ਕਰ ਦਿੰਦੀ ਏ, ਕਿ ਜਦੋਂ ਤੂੰ ਹੁੰਦੀ ਸੀ, ਤਾਂ ਅਲਾਰਮ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿਉਂਕਿ ਚਾਹ ਚ ਪਾਉਣ ਵਾਸਤੇ ਵੱਡੀਆਂ ਲੈਚੀਆਂ ਸਟੀਲ ਦੀ ਘੋਟਣੀ ਵਿੱਚ ਜਦੋਂ ਵੱਡੇ ਤੜਕੇ ਰਗੜਦੀ ਹੁੰਦੀ ਸੀ ਤਾਂ ਠੱਕ ਠੱਕ ਦੀ ਆਵਾਜ਼ ਮੈਨੂੰ ਉੱਬੜਵਾਹੇ ਆਪੇ ਹੀ ਜਗਾ ਦਿੰਦੀ ਸੀ

ਪਰ ਮੈਂ ਤਾਂ ਕਈ ਵਾਰ ਰਾਤ ਨੂੰ ਵੀ ਨਹੀਂ ਸੀ ਸੌਂਦਾ ਹੁੰਦਾ, ਕਿ ਕਿਤੇ ਤੇਰੇ ਘੁਰਾੜੇ ਆਪਣੀ ਰਫ਼ਤਾਰ ਤੋਂ ਖੁੰਝ ਕੇ ਆਊਟ ਆਫ ਕੰਟਰੌਲ ਨਾ ਹੋ ਜਾਣ।

ਤੇਰੇ ਉਹ ਘੁਰਾੜੇ ਰਿਕਾਰਡ ਕੀਤੇ ਅੱਜ ਵੀ ਮੈਂ ਕਈ ਵਾਰ ਰਾਤ ਨੂੰ ਲਾ ਕੇ ਸੌਂਦਾ ਹਾਂ, ਕਿਉਂਕਿ ਮੈਨੂੰ ਮਿੰਨ੍ਹੇ-ਮਿੰਨ੍ਹੇ ਸੰਗੀਤ ਵਿੱਚ ਬੜੀ ਗੂੜ੍ਹੀ ਨੀਂਦ ਆਉਂਦੀ ਏ !

ਜਦੋਂ ਤੂੰ ਬੈੱਡਰੂਮ ਵਿੱਚ ਸੁੱਤੀ ਪਈ ਹੁੰਦੀ ਸੈਂ, ਤਾਂ ਆਂਢੀ ਗੁਆਂਢੀ ਵੀ ਡੋਰ ਖੜਕਾ ਖੜਕਾ ਕੇ ਪੁੱਛਦੇ ਹੁੰਦੇ ਸੀ , ਕਿ ਇਸ ਮਨਾਹੀ ਵਾਲੇ ਖੇਤਰ ਚੋਂ ਕੋਈ ਟਰੱਕ ਤਾਂ ਨਹੀਂ ਲੰਘਿਆ , ਪਰ ਇੰਜਣ ਬਰੇਕਾਂ ਪਤਾ ਨਹੀਂ ਕੀਹਨੇ ਲਗਾ ਦਿੱਤੀਆਂ ਨੇ ?

ਤੈਨੂੰ ਯਾਦ ਏ ਨਾ , ਜਦੋਂ ਮੈਂ ਘਰ ਦੇ ਮੇਨ ਗੇਟ ਤੇ ਬਦੇਸ਼ਾ ਜ਼ ਰੈਜ਼ੀਡੈਂਸਦੀ ਤਖ਼ਤੀ ਲਟਕਾ ਦਿੱਤੀ ਸੀ , ਪਰ ਪਤਾ ਨਹੀਂ ਕਿਸ ਭੜੂਏ ਨੇ ਉਸ ਪਲੇਟ ਉਪਰ ਘੁਰਾੜਾ- ਹਾਊਸਲਿਖ ਦਿੱਤਾ ਸੀ ?

-----

ਅੱਜ ਕਿਚਨ ਚ ਗੰਢੇ ਛਿਲਦੇ ਦੇ ਨੈਣਾਂ ਚ ਮੇਰੇ ਹੰਝੂ ਬੀਤੇ ਪਲਾਂ ਦੀ ਯਾਦ ਦਿਵਾ ਰਹੇ ਨੇ , ਜਦੋਂ ਤੂੰ ਪਹਿਲੀ ਵਾਰੀ ਇੰਡੀਆ ਤੋਂ ਆ ਕੇ ਕਾਲੇ ਨਾਗ ਵਰਗੀ ਗੁੱਤ ਬਿਉਟੀ ਪਾਰਲਰ ਵਾਲਿਆਂ ਦੀ ਪਟਾਰੀ ਵਿੱਚ ਪਾ ਆਈ ਸੀ!…..ਤੇ ਰਬੜ ਪਾਕੇ ਕੱਟੇ ਵਾਲਾਂ ਦੀ ਚੂੰਡੀ ਇੰਝ ਲਗਦੀ ਸੀ ; ਜਿਵੇਂ : ਟੋਕਰੀ ਚ ਪਏ ਪਏ ਗੰਢੇ ਨੇ ਭੂਕਾਂ ਕੱਢ ਲਈਆਂ ਹੋਣ !

ਤੇਰੀ ਗੁੱਤ ਨਾਲ ਮੈਨੂੰ ਮੋਹ ਸੀ , ਤੇਰੀਆਂ ਜ਼ੁਲਫ਼ਾਂ ਵਿੱਚ ਖੇਡਣ ਦਾ ਚਾਅ ……!!

ਕਿਉਂਕਿ ਨਹੁੰ ਤੇ ਨਹੁੰ ਰੱਖ ਕੇ ਲੀਖਾਂ-ਧੱਖਾਂ ਦੇ ਪਟਾਕੇ ਪਾਉਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਸੀ

ਏਸੇ ਕਰਕੇ ਹੀ ਮੈਂ ਬਿਉਟੀ ਪਾਰਲਰ ਤੋਂ ਤੇਰੀ ਕੁਰਬਾਨ ਹੋਈ ਗੁੱਤ ਨੂੰ ਲਿਆ ਕੇ ਮੈਂ ਆਪਣੇ ਟਰੱਕ ਦੇ ਸ਼ੀਸ਼ਿਆਂ ਨਾਲ ਬੰਨ੍ਹ ਲਿਆ ਸੀ ਪਰ ਹੁਣ ਉਦੋਂ ਖ਼ੂਨ ਖੌਲ਼ਦੈ ; ਜਦੋਂ : ਕੋਈ ਪੁਲਸੀਆ ਮੇਰੇ ਟਰੱਕ ਨੂੰ ਗੁੱਤੋਂ ਫੜ੍ਹ ਕੇ ਪੁੱਛਦੈ , “ਓਏ ਕਿਧਰ ਮੂੰਹ ਚੁੱਕੀ ਜਾਨੈ…?”

ਪਰ ਪੁਲਸੀਏ ਨੂੰ ਕਿੰਝ ਸਮਝਾਵਾਂ ਕਿ ਵਾਲ਼ ਕਟਵਾਉਣੀ ਦਾ ਘਰ ਦੂਰ ਸੁਣੀਂਦਾਵਾਲ਼ਾਂ ਦਾ ਰਿੰਡ ਕਹਿੰਦਾ ਨੀ ! ਤੇਰੀਆਂ ਜੂੰਆਂ ਦਾ ਗਿੱਧਾ ਪੈਂਦਾ .! ……..ਨੀ ਤੇਰੀਆਂ ਜੂੰਆਂ ਦਾ ਗਿੱਧਾ………..!!

------

ਪਰ ਜੀਣ ਜੋਗੀਏ ! ਜਦੋਂ ਤੂੰ ਕਿਪਲੈਨੋ ਬਰਿੱਜ ਵਰਗੀ ਗੁੱਤ ਮੇਰੇ ਮੋਢਿਆਂ ਤੇ ਰੱਖ ਕੇ ਸੌਂਦੀ ਹੁੰਦੀ ਸੀ , ਤਾਂ ਟਿਕੀ ਰਾਤ ਨੂੰ ਤੇਰੀਆਂ ਜੂੰਆਂ ਬਰਿੱਜ ਪਾਰ ਕਰਕੇ ਮੇਰੀ ਟਿੰਡ ਤੇ ਗੁੱਲੀ ਡੰਡਾ ਖੇਡ ਖੇਡ ਕੇ ਮੇਰੇ ਸਿਰ ਦੀ ਪਿੱਚ ਉਧੇੜ ਦਿੰਦੀਆਂ ਸਨ , ‘ਤੇ ਆਪਣੇ ਚੌਕੇ ਛਿੱਕੇ ਵਿੱਚੇ ਹੀ ਰਹਿ ਜਾਂਦੇ ਸੀ……..!!

ਕੀ ਦੱਸਾਂ ? … ਅੱਜ ਵੇਲਣੇ ਤੋਂ ਤੇਰੇ ਹੁੰਦਿਆਂ ਦਾ ਜੰਮਿਆ ਆਟਾ ਲਾਹੁੰਦੇ ਨੂੰ ਫਿਰ ਤੇਰੀ ਯਾਦ ਆ ਗਈ , ਕਿ ਜਦੋਂ ਤੂੰ ਰੋਟੀਆਂ ਪੁਕਾਉਣ ਤੋਂ ਬਾਅਦ ਕਿਚਨ ਚ ਖੜ ਨਹੁੰ ਕੱਟਦੀ ਹੁੰਦੀ ਸੈਂ , ਤਾਂ ਤੂੰ ਮੈਨੂੰ ਕਿੰਨੀ ਸੋਹਣੀ ਲੱਗਦੀ ਹੁੰਦੀ ਸੀ ..!

-----

ਕੰਘੀਆਂ ਚ ਚਿਰਾਂ ਤੋਂ ਤੇਰੇ ਫਸੇ ਵਾਲਾਂ ਦੀ ਰਿਹਾਈ ਦੇ ਮੈਂ ਤਾਂ ਅੱਜ ਵੀ ਬਰਖ਼ਿਲਾਫ਼ ਹਾਂ ! ਲਾਂਡਰੀ ਚ ਅਣਧੋਤੀਆਂ ਤੇਰੀਆਂ ਪਰਾਂਦੀਆਂ ਦੀ ਅਪੀਲ- ਦਲੀਲ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦਾ ਸੀ, ਅੱਜ ਵੀ ਕਰ ਰਿਹਾਂ ਹਾਂ !

ਲਿਵਿੰਗ ਰੂਮ ਚੋਂ ਵੈਅਕੁਮ ਵਾਲੀ ਮਸ਼ੀਨ ਦੇ ਰੋਲਰ ਰਾਹੀਂ ਗ੍ਰਿਫ਼ਤਾਰ ਹੋਏ ਤੇਰੀਆਂ ਜ਼ੁਲਫ਼ਾਂ ਦੇ ਕਾਲ਼ੇ ਕਾਲ਼ੇ ਵਾਲ਼ਾਂ ਨੂੰ ਹੁਣ ਦੱਸ ਕਿਹੜੇ ਮੂੰਹ ਨਾਲ ਰਿਹਾਅ ਕਰਾਂ ?

-----

ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਆਪਣੇ ਵਾਂਗੂੰ ਘਰ ਟੁੱਟ ਜਾਂਦੇ ਨੇ , ਜੋ ਗ਼ਲਤ ਫਹਿਮੀਆਂ ਦੂਰ ਕਰਕੇ ਦੁਬਾਰਾ ਜੁੜ ਵੀ ਸਕਦੇ ਨੇ ! ……ਪਰ , ਪਰ ਜੇ ਦਿਲ ਟੁੱਟ ਜਾਣ ਤਾਂ ਦੁਨੀਆ ਦਾ ਕੋਈ ਵੀ ਕਰੇਜੀ ਗਲੂਅ ਜੋੜ ਨਹੀਂ ਸਕਦਾ !

ਸੋ ਇਸੇ ਕਰਕੇ ਹੀ ਕਹਿੰਦਾ ਹਾਂ ਕਿ………

ਕਮਲੀਏ ! ਹੁਣ ਕਮਲ ਨਾ ਖਿੰਡਾਅ…….!! ਤੇਰਾ ਗੁਰਮੇਲ ਐਨਾ ਵੀ ਦਿਲ ਦਾ ਨਹੀਂ ਮਾੜਾ !!!............. ਮੈਨੂੰ ਤੇਰੇ ਮੱਥੇ ਦੀ ਲਾਲ ਬਿੰਦੀ ਦਾ ਸਾਇਨ ਬੇਸ਼ੱਕ ਆਖ ਰਿਹੈ ਕਿ ਡੂ ਨਾਟ ਐਂਟਰ !.....ਇਟਸ ਰੌਂਗ ਵੇਅ ……..!!

ਪਰ ਦਿਲ ਦੀਆਂ ਸੱਭ ਗੁੱਝੀਆਂ ਰਮਜ਼ਾਂ ਜਾਣਦੀਏ ! ਗ਼ਲਤ ਰਾਹਾਂ ਤੇ ਹੀ ਤੁਰ ਕੇ ਇਨਸਾਨ ਨੂੰ ਅਸਲੀ ਰਾਹਾਂ ਦੀ ਪਛਾਣ ਹੁੰਦੀ ਐ !

ਵੜ ਲੈਣ ਦੇ ਆਪਣੇ ਮੱਥੇ ਦੀਆਂ ਚਾਰ ਲਕੀਰਾਂ ਦੇ ਅੰਤਰ-ਰਾਸ਼ਟਰੀ ਮਾਰਗ …………!........, ਸ਼ਾਇਦ ਮੰਜ਼ਿਲ ਮਿਲ ਜਾਵੇ…….. ਰਾਹਾਂ ਤੋਂ ਭਟਕੇ ਤੇਰੇ ਪਤੀ ਪ੍ਰਮੇਸ਼ਰ ਨੂੰ !!

ਤੂੰ ਹੀ ਦੱਸ ! ਸਾਬਤ ਸਬੂਤ ਬੰਦੇ ਦਾ ਹੱਟੀ ਕੱਟੀ ਔਰਤ ਤੋਂ ਬਿਨ੍ਹਾ ਜੀਣਾ ਵੀ ਕੀ ਜੀਣਾ ?

-----

ਮੇਰੇ ਨਾਲ਼ ਤੇਰੇ ਗੂੜ੍ਹੇ ਲਗਾਅ ਦੀਆਂ ਨਿਸ਼ਾਨੀਆਂ ਮੈਂ ਤਾਂ ਅੱਜ ਤੱਕ ਸਾਂਭ ਕੇ ਰੱਖੀਆਂ ਹੋਈਆਂ ਨੇ ! ਪਾਟੀਆਂ ਚਾਲੀ ਟੀ ਸ਼ਰਟਾਂ ਵੀਹ ਬੁਨੈਨਾਂ ਨਾਲ ਮੈਂ ਤਾਂ ਅਟੈਚੀ ਕੇਸ ਭਰ ਕੇ ਰੱਖਿਆ ਹੋਇਆ ਏ ! ਤੇਰੇ ਵਲੋਂ ਨਹੁੰਦਰਾਂ ਮਾਰ ਕੇ ਮੇਰੇ ਧੋਬੀ ਕੁੱਟ ਜਿਸਮ ਚੋਂ ਕੱਢੇ ਖ਼ੂਨ ਨੂੰ ਵੇਖ ਕੇ ਇੱਕ ਵਾਰੀ ਪੁਲਿਸ ਵਾਲੇ ਨੇ ਪੁੱਛਿਆ ਸੀ ਕਿ ਆਹ ਕੀ ਹੋ ਗਿਐ ? ਮੈਂ ਤੈਨੂੰ ਬਚਾਉਣ ਲਈ ਕਹਿ ਦਿੱਤਾ ਸੀ ਕਿ ਗੁਆਂਢੀ ਗੋਰੇ ਦੀ ਭੂਤਰੀ ਬਿੱਲੀ ਨੇ ਮੇਰੇ ਤੇ ਸੈਕਸੂਅਲ ਅਸਾਲਟ ਕਰ ਦਿੱਤੈ ! ਹੋਰ ਕੀ ਦੱਸਦਾ ਕਿ ਇਹ ਕਾਰਾ ਤਾਂ ਮੇਰੀ ਮਾਣੋ ਬਿੱਲੀ ਦੀਆਂ ਖਰੂਦੀ ਖਰਮਸਤੀਆਂ ਕਰਕੇ ਹੋਇਐ !! ਤੇਰੇ ਬਦਲੇ ਵਿਚਾਰੀ ਬੇਕਸੂਰ ਬਿੱਲੀ ਦੀਆਂ ਪੁੱਠੀਆਂ ਮੁਸ਼ਕਾਂ ਬੰਨ੍ਹਾ ਦਿੱਤੀਆਂ ਸਨ !

ਪਰ ਮੈਂ ਤਾਂ ਸਭ ਕੁਝ ਤੇ ਮਿੱਟੀ ਇਸ ਤਰ੍ਹਾਂ ਪਾ ਦਿੱਤੀ ਸੀ ; ਜਿਵੇਂ : ਪਿੱਟ-ਬੁਲ ਕੋਈ ਕਾਰਾ ਕਰਕੇ ਪਿਛਲੀਆਂ ਲੱਤਾਂ ਨਾਲ ਡਿਫਰੈਂਸ਼ਲ ਲੌਕ ਲਗਾਏ ਬਿਨ੍ਹਾਂ ਹੀ ਸਲਿੱਪ ਮਾਰ ਜਾਂਦੈ !

ਮੇਰੀ ਥਾਂ ਤੇ ਕੋਈ ਹੋਰ ਹੋਵੇ ਤਾਂ ਤੈਨੂੰ ਪੂਰਨਮਾ ਦੇ ਚੰਦ ਦੀਏ ਚੰਦਰੀਏ ਕਾਲਖ਼ੇ ਕਹਿ ਕੇ ਬੁਲਾਵੇ ! ਨਾਲ਼ੇ ਕਹਿਣ ਨਾਲ਼ ਜ਼ਿਆਦਾ ਪਤਾ ਤਾਂ ਨਹੀਂ ਲੱਗਦਾ

-----

ਪਰ ਜ਼ਿੰਦਗੀ ਦੁਬਾਰਾ ਨਹੀਂ ਆਉਂਦੀ, ‘ਤੇ ਨਾ ਹੀ ਮੈਨੂੰ ਛੱਡ ਕੇ ਕੋਈ ਮੈਥੋਂ ਸੋਹਣਾ ਯੂਸਫ਼ ਖ਼ਾਨ ਤੈਨੂੰ ਮਿਲ਼ ਸਕਦੈ ! ਸ਼ਾਇਦ ਮਿਲ਼ ਵੀ ਜਾਵੇ , ਪਰ ਬੁੱਕਲ ਬਹਿ ਕੇ ਕੋਈ ਮੇਰੇ ਵਾਂਗੂੰ ਛਿੱਟ ਛਿੱਟ ਲਾ ਕੇ ਉਮਰ-ਏ- ਖ਼ਿਆਮ ਨਹੀਂ ਬਣ ਸਕੇਗਾ !

-----

ਪਰ ਇੱਕ ਵਾਅਦਾ ਹੈ ਕਿ ਤੇਰੀ ਘਰ ਵਾਪਸੀ ਤੇ ਮੈਂ ਸ਼ਰਾਬ ਤਾਂ ਕੀ ਇਸ ਬੋਤਲ ਨੂੰ ਦੰਦਾਂ ਨਾਲ ਚਿੱਥ ਕੇ ਘਰ ਦੀ ਦੇਹਲੀ ਤੇ ਇਸ ਤਰ੍ਹਾਂ ਵਿਛਾ ਦੇਵਾਂਗਾ ਕਿ ਅੱਗੇ ਤੋਂ ਤੂੰ ਘਰੋਂ ਦੁਬਾਰਾ ਪੈਰ ਪੁੱਟਣ ਤੋਂ ਪਹਿਲਾਂ ਸੌ ਵਾਰੀ ਸੋਚ ਸੋਚ ਕੇ ਜ਼ਖ਼ਮੀ ਹੋਵੇਂਗੀ ! ਹੁਣ ਹੋਰ ਕੀ ਆਖਾਂ ?

ਨਿੱਤਰੀ ਸ਼ਰਾਬ ਵਰਗਾ

ਤੇਰਾ ਢੋਲ ਸ਼ਰਾਬੀ,

ਗੁਰਮੇਲ ਬਦੇਸ਼ਾ

ਸਰੀ, ਕੈਨੇਡਾ

5 comments:

ਸੁਖਿੰਦਰ said...

Gurmel Badesha should publish his book of such comic letters soon. Because, he is the best in Canada. In my view, no one else in Canada has such an art among the Punjabi writers.
Sukhinder
Editor: SANVAD
Toronto ON Canada

ਤਨਦੀਪ 'ਤਮੰਨਾ' said...

ਬਦੇਸ਼ਾ ਜੀ, ਮੇਰੀ ਛਮਕ ਛੱਲੋ ਚਾਹੇ ਰੁੱਸ ਕੇ ਇਕ ਦਹਾਕਾ ਪੇਕੇ ਬੈਠੀ ਰਹਿੰਦੀ, ਮੈਂ ਐਹੋ ਜੇਹਾ ਖ਼ਤ ਨਹੀਂ ਸੀ ਲਿਖ ਸਕਣਾ। ਅੱਜ ਤੁਹਾਡੇ ਕਈ ਖ਼ਤ ਪੜ੍ਹੇ, ਵਾਕਿਆ ਈ ਰੱਬ ਨੇ ਤੁਹਾਨੂੰ ਮਜ਼ਾਹੀਆ ਖ਼ਤ ਲਿਖਣ ਇਸ ਕਲਾ ਨਾਲ ਨਿਵਾਜਿਆ ਹੈ। ਵਧਾਈਆਂ ਭੇਜ ਰਿਹਾਂ। ਤਨਦੀਪ ਜੀ, ਮੈਨੂੰ ਆਰਸੀ ਨੇ ਆਪਣਾ ਮੁਰੀਦ ਬਣਾ ਲਿਆ ਹੈ, ਜਿਸ ਦਿਨ ਨਾ ਖੋਲ੍ਹਾਂ, ਲੱਗੂ ਕੁਝ ਗੁੰਮ ਗਿਆ ਹੈ। ਤੁਹਾਡੇ ਸਿਰੜ ਦੇ ਵੀ ਸਦਕੇ!

ਹਿਤੂ
ਸੁਰ ਖ਼ੁਆਬ

Unknown said...

ਇੱਕੋ ਸਾਹੇ ਪੜ੍ਹ ਲਿਆ ਤੁਹਾਡਾ ਖ਼ਤ। ਬਹੁਤ ਮਜ਼ਾ ਆਇਆ। ਪਈ ਪਈ ਚਾਹ ਵੀ ਠੰਡੀ ਹੋ ਗਈ। ਬਦੇਸ਼ਾ ਜੀ ਹੁਣ ਜਦੋ ਤੁਹਾਡੀ ਛਮਕ ਛਲੋ ਵਾਪਿਸ ਆਈ ਉਸਦੇ ਹਥ ਦੀ ਮੋਟੀਆਂ ਲਾਚੀਆਂ ਵਾਲੀ ਚਾਹ ਪੀਵਾਂਗੇ।

ਬਾਕੀ ਮਜ਼ਾਹੀਆ ਖਤਾਂ ਵਿਚ ਗੁਰਬਾਣੀ ਦੀਆਂ ਪੰਗਤੀਆਂ ਵਰਤਣ ਤੋਂ ਗੁਰੇਜ਼ ਕਰਿਆ ਕਰੋ।

ਤੁਹਾਡੀਆਂ ਇਹ ਲਾਈਨਾਂ ਬਹੁਤ ਵਧੀਆ ਲਗੀਆਂ:
ਅੱਜ ਕਿਚਨ ‘ਚ ਗੰਢੇ ਛਿਲਦੇ ਦੇ ਨੈਣਾਂ ‘ਚ ਮੇਰੇ ਹੰਝੂ ਬੀਤੇ ਪਲਾਂ ਦੀ ਯਾਦ ਦਿਵਾ ਰਹੇ ਨੇ , ਜਦੋਂ ਤੂੰ ਪਹਿਲੀ ਵਾਰੀ ਇੰਡੀਆ ਤੋਂ ਆ ਕੇ ਕਾਲੇ ਨਾਗ ਵਰਗੀ ਗੁੱਤ ਬਿਉਟੀ ਪਾਰਲਰ ਵਾਲਿਆਂ ਦੀ ਪਟਾਰੀ ਵਿੱਚ ਪਾ ਆਈ ਸੀ!…..ਤੇ ਰਬੜ ਪਾਕੇ ਕੱਟੇ ਵਾਲਾਂ ਦੀ ਚੂੰਡੀ ਇੰਝ ਲਗਦੀ ਸੀ ; ਜਿਵੇਂ : ਟੋਕਰੀ ‘ਚ ਪਏ ਪਏ ਗੰਢੇ ਨੇ ਭੂਕਾਂ ਕੱਢ ਲਈਆਂ ਹੋਣ !
ਲਿਖਦੇ ਰਿਹਾ ਕਰੋ ।

ਤਨਦੀਪ 'ਤਮੰਨਾ' said...

ਮਾਣਯੋਗ ਸੁਖਿੰਦਰ ਜੀਓ, ਅਤੇ ਸੁਰ ਖੁਆਬ ਜੀਓ ਅਤੇ ਭਿੰਡਰ ਜੀਓ !!
ਬਹੁਤ ਮਿਹਰਬਾਨੀ ਕਿ ਆਪ ਜੀ ਨੇ ਇਹ ਖ਼ਤ ਪੜ੍ਹਿਆ ‘ਤੇ ਪੜ੍ਹ ਕੇ ਆਪਣੀ ਰਾਇ ਦਿੱਤੀ ।
ਪਰ ਮੈਂ ਤਾਂ ਬਹੁਤ ਸਾਰੀਆਂ ਗੱਲਾਂ ਅਜੇ ਵੀ ਤੁਹਾਡੇ ਨਾਲ ਸਾਂਝੀਆਂ ਨਹੀਂ ਕੀਤੀਆਂ !!
ਛਮਕ ਛੱਲੋ ਦੀ ਭਲਾ ਮੈਂ ਕੀ ਕੀ ਖ਼ਾਹਿਸ਼ ਪੂਰੀ ਨਹੀਂ ਕੀਤੀ ,?!
ਇੱਕ ਦਿਨ ਮੈਂ ਉਸ ਨੂੰ ਕਿਹਾ, “ਪੰਜਾਬੀ ਸੂਟਾਂ ਦੀ ਬਜਾਇ ਕਦੇ ਕਦੇ ਮੇਰੀ ਕਣਕ ਵੰਨੀ ਗੋਰੀਏ ! ਜੀਨ ਸ਼ੀਨ ਵੀ ਪਾ ਲਿਆ ਕਰ !”
ਅੱਗੋਂ ਪਤਾ ਕੀ ਕਹਿੰਦੀ , “ਮੈਥੋਂ ਨਹੀਂ ਲਗਾਏ ਜਾਣੇ ਬਟਨ ! ਮੈਥੋਂ ਨਹੀ ਕੱਸੀਆਂ ਜਾਣੀਆਂ………. ਜੀਨ ਦੀਆਂ ਬਿਲਟਾਂ !”
ਮੈਂ ਕਿਹਾ, “ਤੂੰ ਪਾਉਣ ਵਾਲੀ ਬਣ , ਤੇਰੀ ਖ਼ਾਤਿਰ ਮੈਂ ਤਾਂ ਜੀਨਾਂ ‘ਚ ਵੀ ‘ਨਾਲੇ’ ਪੁਆ ਦੇਊਂਗਾ !”
ਪਰ ਓਹਦੀ ਕਿਸਮਤ ਵਿੱਚ ਮੇਰੇ ਹੱਥੋਂ ਲਗਦੈ , ਸੇਵਾ ਕਰਵਾਉਣੀ ਲਿਖੀ ਹੀ ਨਹੀਂ …..!!
ਦੂਜੀ ਗੱਲ ਤਮੰਨਾ ਜੀ ! ਆਪਣੇ ਪਾਠਕ ਕਿਤੇ ਸੱਚੀਂ ਹੀ ਨਾ ਮੇਰੀਆਂ ਗੱਲਾਂ ਦਾ ਸੱਚ ਮੰਨ ਲੈਣ ?
ਜੇ ਕਿਤੇ ਛਮਕ ਛੱਲੋ ਨੂੰ ਇਸ ਬਾਰੇ ਪਤਾ ਲੱਗ ਗਿਆ , ਤਾਂ ….ਸਮਝੋ ਮੇਰਾ ਜੀਣਾ ਦੁੱਭਰ ਕਰ ਦੇਵੇਗੀ ………..!
ਹੁਣ ਤਾਂ ਮੇਰਾ ਰੱਬ ਹੀ ਰਾਖਾ !

ਤੁਹਾਡਾ ਧੰਨਵਾਦੀ ,
ਗੁਰਮੇਲ ਬਦੇਸ਼ਾ !

Unknown said...

i think it depends on person to person although you tried your best to make it good but i would admit that it was not good. Also i think you should give a good effort by keeping your fans in picture as how they will get glued to it.