ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, June 29, 2010

ਜਰਨੈਲ ਸਿੰਘ ਸੇਖਾ - ਮੇਰਾ ਜਨਮ ਤੇ ਜਨਮ ਤਰੀਕ ਦਾ ਭੰਬਲਭੂਸਾ – ਲੇਖ – ਭਾਗ ਪਹਿਲਾ

ਸਾਹਿਤਕ ਨਾਮ: ਜਰਨੈਲ ਸਿੰਘ ਸੇਖਾ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਨਾਵਲ: ਭਗੌੜਾ, ਵਿਗੋਚਾ, ਦੁਨੀਆਂ ਕੈਸੀ ਹੋਈ, ਕਹਾਣੀ ਸੰਗ੍ਰਹਿ: ਉਦਾਸ ਬੋਲ, ਆਪਣਾ ਆਪਣਾ ਸੁਰਗ ਅਤੇ ਕਈ ਹੋਰ ਪੁਸਤਕਾਂ ਸਹਿ-ਸੰਪਾਦਨਾ ਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਇਨਾਮ-ਸਨਮਾਨ: ਹਾਲ ਹੀ ਵਿਚ ਸੇਖਾ ਸਾਹਿਬ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਕੈਲਗਰੀ ਵਿਖੇ ਇਕਬਾਲ ਅਰਪਨ ਯਾਦਗਾਰੀ ਐਵਾਰਡ' ਨਾਲ਼ ਸਨਮਾਨਿਆ ਗਿਆ ਹੈ।

-----

ਦੋਸਤੋ! ਅੱਜ ਸਰੀ ਵਸਦੇ ਲੇਖਕ ਜਰਨੈਲ ਸੇਖਾ ਸਾਹਿਬ ਨੇ ਯਾਦਾਂ ਦੀ ਪਟਾਰੀ ਚੋਂ ਇਕ ਬੇਹੱਦ ਖ਼ੂਬਸੂਰਤ ਅਤੇ ਰੌਚਕ ਲੇਖ ਨਾਲ਼ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਸ ਲੜੀ ਤਹਿਤ ਹੋਰ ਯਾਦਾਂ ਵੀ ਅਗਲੀਆਂ ਪੋਸਟਾਂ ਚ ਸ਼ਾਮਿਲ ਕੀਤੀਆਂ ਜਾਣਗੀਆਂ। ਮੈਂ ਸੇਖਾ ਸਾਹਿਬ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ ਇਸ ਲੇਖ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਮੇਰਾ ਜਨਮ ਤੇ ਜਨਮ ਤਰੀਕ ਦਾ ਭੰਬਲਭੂਸਾ

ਯਾਦਾਂ ਦੇ ਝਰੋਖੇ ਚੋਂ

ਲੇਖ

ਭਾਗ ਪਹਿਲਾ

ਜਦੋਂ ਮੈਨੂੰ ਆਪਣੀ ਅਸਲੀ ਜਨਮ ਤਰੀਕ ਦੀ ਲੋੜ ਪਈ ਤਾਂ ਮੈਂ ਨਵੇਂ ਬਣੇ ਜ਼ਿਲ੍ਹੇ ਫਰੀਦਕੋਟ ਦੇ ਸੀਐਮਦੇ ਜਨਮ ਮਰਨ ਦਾ ਰਿਕਾਰਡ ਰੱਖਣ ਵਾਲੇ ਦਫ਼ਤਰ ਵਿਚ ਜਾ ਕੇ ਆਪਣੀ ਜਨਮ ਮਿਤੀ ਦਾ ਸਰਟੀਫਿਕੇਟ ਲੈਣ ਲਈ ਦਰਖਾਸਤ ਦਿੱਤੀ। ਕਲਰਕ ਨੇ ਮੇਰੀ ਦਰਖਾਸਤ ਆਪਣੇ ਕੋਲ ਰੱਖ ਲਈ ਅਤੇ ਇਹ ਕਹਿ ਕੇ ਟਾਲ਼ ਦਿੱਤਾ, ‘ਹਫਤੇ ਬਾਅਦ ਆਉਣਾ.ਮੈਂ ਉੱਥੋਂ ਬਾਹਰ ਨਿਕਲਿਆ ਹੀ ਸੀ ਕਿ ਮੇਰਾ ਇਕ ਸ਼ਾਗਿਰਦ ਮਿਲ ਪਿਆ, ਉਹ ਸੀਐਮਦੇ ਮਾਸ ਮੀਡੀਆ ਦਫ਼ਤਰ ਵਿਚ ਆਰਟਿਸਟ ਦੀ ਪੋਸਟ ਤੇ ਕੰਮ ਕਰਦਾ ਸੀ। ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਮੈਨੂੰ ਕਿਹਾ, “ਕੱਲ੍ਹ ਨੂੰ ਆ ਕੇ ਆਪਣਾ ਸਰਟੀਫਿਕੇਟ ਲੈ ਜਾਣਾ, ਮੇਰੇ ਕੋਲ ਬਣਿਆ ਪਿਆ ਹੋਵੇਗਾ

-----

ਅਗਲੇ ਦਿਨ ਜਦੋਂ ਮੈਂ ਉਸ ਕੋਲ ਗਿਆ ਤਾਂ ਉਸ ਮੈਨੂੰ ਰਿਕਾਰਡ ਵਿਚ ਨਾਮ ਨਹੀਂ ਮਿਲਿਆ ਦਾ ਸਰਟੀਫਿਕੇਟ ਦੇ ਦਿੱਤਾ। ਉਸ ਦੱਸਿਆ, “ਮੈਂ ਕੋਲ਼ ਖੜ੍ਹ ਕੇ ਰਜਿਸਟਰਾਂ ਦੀ ਪੜਤਾਲ ਕਰਵਾਈ ਸੀ ਪਰ ਤੁਹਾਡੀ ਜਨਮ ਤਰੀਕ ਦਾ ਇੰਦਰਾਜ ਨਹੀਂ ਮਿਲਿਆ। ਕੁਝ ਰਿਕਾਰਡ ਬਾਰਿਸ਼ਾਂ ਦੀ ਭੇਟ ਚੜ੍ਹ ਗਿਆ ਸੀ। ਹੋ ਸਕਦਾ ਹੈ ਕਿ ਉਹਨਾਂ ਰਜਿਸਟਰਾਂ ਵਿਚ ਤੁਹਾਡੀ ਜਨਮ ਮਿਤੀ ਵਾਲਾ ਰਿਕਾਰਡ ਹੋਵੇ ਤੇ ਕਿਉਂਕਿ ਇਹ ਜ਼ਿਲ੍ਹਾ ਅਜੇ ਨਵਾਂ ਹੀ ਹੋਂਦ ਵਿਚ ਆਇਆ ਤੇ ਇਹ ਵੀ ਹੋ ਸਕਦਾ ਹੈ ਕਿ ਕੁਝ ਰਜਿਸਟਰ ਫਿਰੋਜ਼ਪੁਰ ਦੇ ਆਫਿਸ ਵਿਚੋਂ ਹੀ ਨਾ ਆਏ ਹੋਣ।

-----

ਪ੍ਰਾਪਤ ਨਹੀਂ’ (Not Available) ਦਾ ਸਰਟੀਫਿਕੇਟ ਲੈ ਕੇ ਮੇਰਾ ਕੰਮ ਤਾਂ ਸਰ ਗਿਆ ਸੀ ਪਰ ਮੈਂ ਉਤਸਕਤਾ ਵੱਸ ਫਿਰੋਜ਼ਪੁਰ ਸੀਐਮਦੇ ਦਫ਼ਤਰ ਚਲਾ ਗਿਆ ਕਿ ਮੈਨੂੰ ਆਪਣੀ ਅਸਲੀ ਜਨਮ ਤਰੀਕ ਦਾ ਪਤਾ ਤਾਂ ਲੱਗ ਹੀ ਜਾਵੇਗਾ। ਕਿਉਂਕਿ ਮੇਰੀ ਮਾਂ ਤਾਂ ਕਹਿੰਦੀ ਹੁੰਦੀ ਸੀ, “ਜਦੋਂ ਨੱਬੇ (ਸੰਮਤ ਬਿਕਰਮੀ1990) ਦੇ ਹੜ੍ਹ ਆਏ ਸੀ ਤਾਂ ਉਸ ਵੇਲੇ ਮਲਕੀਤ ਮੇਰੀ ਗੋਦੀ ਸੀ ਤੇ ਤੇਰਾ ਜਨਮ ਉਸ ਤੋਂ ਦੋ ਸਾਲ ਮਗਰੋਂ 22 ਪੋਹ ਦਾ ਐਪਰ ਮੇਰੇ ਦਸਵੀਂ ਦੇ ਸਰਟੀਫਿਕੇਟ ਉਪਰ ਜਨਮ ਮਿਤੀ ਪਹਿਲੀ ਅਗਸਤ 1934 ਦੀ ਲਿਖੀ ਹੋਈ ਹੈ ਅਤੇ ਮਾਂ ਦੇ ਦੱਸਣ ਅਨੁਸਾਰ ਜਨਮ ਮਿਤੀ ਛੇ ਜਨਵਰੀ 1936 ਬਣਦੀ ਹੈ। ਮੇਰਾ ਚਚੇਰਾ ਭਰਾ ਜਿਹੜਾ ਕਿ ਮੈਥੋਂ ਬਾਈ ਦਿਨ ਵੱਡਾ ਹੈ ਉਸ ਦੀ ਜਨਮ ਮਿਤੀ ਦਸੰਬਰ 1934 ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਮੈਂ ਸੀਐਮਦਫਤਰ ਫਿਰੋਜ਼ਪੁਰ ਵੀ ਗਿਆ ਸੀ ਪਰ ਉੱਥੋਂ ਵੀ ਜਨਮ ਤਰੀਕ ਨਾ ਲੱਭ ਸਕੀ।

-----

ਹੁਣ ਮੈਂ ਅਨੁਮਾਨ ਲਾ ਲਿਆ ਕਿ ਹੋ ਸਕਦਾ ਹੈ ਕਿ ਮੇਰੇ ਜਨਮ ਦਾ ਕਿਤੇ ਇੰਦਰਾਜ ਹੀ ਨਾ ਹੋਇਆ ਹੋਵੇ। ਇਸ ਦੇ ਪਿੱਛੇ ਵੀ ਇਕ ਕਹਾਣੀ ਹੈ ਜਿਹੜੀ ਮਾਂ ਨੇ ਕਈ ਵਾਰ ਸੁਣਾਈ ਸੀ। ਇਹ ਮੇਰੇ ਜਨਮ ਦੀ ਕਹਾਣੀ ਵੀ ਹੈ ਤੇ ਸਾਡੇ ਪਰਿਵਾਰ ਦੀ ਕਹਾਣੀ ਵੀ।

ਮੇਰਾ ਪੜਦਾਦਾ ਬੜਾ ਕਾਨੂੰਨੀ ਸੀ। ਉਹ ਜ਼ਮੀਨਾਂ ਦੇ ਝਗੜੇ ਮੁੱਲ ਲੈ ਲੈਂਦਾ ਸੀ ਤੇ ਲਾਹੌਰ ਤਾਈਂ ਤੁਰ ਕੇ ਤਰੀਕਾਂ ਭੁਗਤਣ ਜਾਂਦਾ ਸੀ। ਘਰ ਦੀ ਜ਼ਮੀਨ ਤਾਂ ਭਾਵੇਂ ਦਸ ਘੁਮਾਂ ਹੀ ਸੀ ਪਰ ਉਸ ਨੇ ਕਈ ਘੁਮਾਂ ਜ਼ਮੀਨ ਗਹਿਣੇ ਤੇ ਬੈਅ ਲੈ ਕੇ ਦੋ ਹਲ਼ ਦੀ ਵਾਹੀ ਕੀਤੀ ਹੋਈ ਸੀ। ਜਦੋਂ ਪੰਜਾਬ ਵਿਚ ਸਰ ਛੋਟੂ ਰਾਮ ਵੱਲੋਂ ਪਾਸ ਕਰਵਾਇਆ ਇਹ ਕਾਨੂੰਨ ਲਾਗੂ ਹੋ ਗਿਆ ਕਿ ਕੋਈ ਵੀ ਗ਼ੈਰ ਕਾਸਤਕਾਰ ਕਿਸੇ ਕਾਸ਼ਤਕਾਰ ਦੀ ਜ਼ਮੀਨ ਬੈਅ ਨਹੀਂ ਲੈ ਸਕੇਗਾ।ਕਾਸ਼ਤਕਾਰ ਤੇ ਗ਼ੈਰਕਾਸ਼ਕਾਰ ਵੀ ਜਾਤ ਅਧਾਰਤ ਬਣਾ ਦਿੱਤੇ ਗਏ। ਜੱਟ ਤੋਂ ਬਿਨਾਂ ਦੂਜੀਆਂ ਜਾਤਾਂ ਵਾਲੇ ਭਾਵੇਂ ਕਿ ਉਹ ਖੇਤੀ ਕਰਦੇ ਹੋਣ ਉਹ ਜੱਟ ਦੀ ਜ਼ਮੀਨ ਨਹੀਂ ਸੀ ਖ਼ਰੀਦ ਸਕਦੇ। ਇਹ ਕਾਨੂੰਨ ਬਣਨ ਕਾਰਨ ਜੱਟਾਂ ਦੀ ਜ਼ਮੀਨ ਉਸ ਕੋਲ਼ ਨਾ ਰਹੀ, ਕਿਉਂਕਿ ਉਹ ਜੱਟ ਨਹੀਂ ਸੀ। ਸਾਡੇ ਪਿੰਡ ਦੇ ਗ਼ੈਰ ਜੱਟਾਂ ਕੋਲ ਵੀ ਜ਼ਮੀਨਾਂ ਸਨ। ਫਿਰ ਮੇਰੇ ਪੜਦਾਦੇ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਅੱਖ ਟਿਕਾ ਲਈ ਤੇ ਉਹਨਾਂ ਕੋਲੋਂ ਬਹੁਤ ਸਾਰੀ ਜ਼ਮੀਨ ਗਹਿਣੇ ਲੈ ਕੇ ਆਪਣੀ ਦੋ ਹਲ਼ ਦੀ ਵਾਹੀ ਚਾਲੂ ਰੱਖੀ। ਮੇਰੇ ਪੜਦਾਦੇ ਦੇ ਵੱਡੇ ਪੁੱਤਰ ਦੀ ਮੌਤ ਹੋ ਗਈ ਅਤੇ ਮੇਰਾ ਦਾਦਾ ਇਕੱਲਾ ਰਹਿ ਗਿਆ। ਇਕ ਤਾਂ ਉਹ ਛੋਟਾ ਹੋਣ ਕਰਕੇ ਪਹਿਲਾਂ ਹੀ ਲਾਡਲਾ ਰੱਖਿਆ ਹੋਇਆ ਸੀ। ਹੁਣ ਉਸ ਵੱਲ ਹੋਰ ਵੀ ਬਹੁਤਾ ਹੀ ਧਿਆਨ ਦਿੱਤਾ ਜਾਣ ਲੱਗਾ। ਉਸ ਨੂੰ ਕਦੀ ਵੀ ਕੰਮ ਕਰਨ ਲਈ ਨਹੀਂ ਸੀ ਆਖਿਆ ਜਾਂਦਾ। ਕਈ ਬੱਚੇ ਤਾਂ ਇੰਨੇ ਲਾਡ ਨਾਲ ਵਿਗੜ ਜਾਂਦੇ ਹਨ ਪਰ ਉਹ ਸਾਧੂ ਸੁਭਾ ਦਾ ਬੰਦਾ ਸੀ। ਖੇਤਾਂ ਵੱਲ ਜਾਂਦਾ ਤਾਂ ਤੋਰੀਆਂ, ਕੱਦੂਆਂ ਦੇ ਬੀਜ ਦਰਖਤਾਂ ਦੀਆਂ ਜੜਾਂ ,ਚ ਲਾ ਜਾਂਦਾ. ਟਿੰਡੋਆਂ ਦੇ ਬੀਜ ਦੂਸਰਿਆਂ ਦੀਆਂ ਕਪਾਹਾਂ ਵਿਚ ਵੀ ਬੀਜ ਦਿੰਦਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਅਗਾਂਹ ਚਾਰ ਪੁੱਤਰ ਅਤੇ ਇਕ ਧੀ ਹੋਏ. ਮੇਰਾ ਬਾਪ ਸਾਰਿਆਂ ਨਾਲੋਂ ਵੱਡਾ ਸੀ। ਉਸ ਨੂੰ 12 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਹਲ਼ ਦੀ ਹੱਥੀ ਫੜਾ ਦਿੱਤੀ ਗਈ ਜਦੋਂ ਕਿ ਅਜੇ ਉਸ ਦਾ ਹੱਥ ਹਲ਼ ਦੀ ਹੱਥੀ ਦੇ ਬਰਾਬਰ ਵੀ ਨਹੀਂ ਸੀ ਜਾਂਦਾ। ਉਸ ਤੋਂ ਛੋਟਾ ਪੜ੍ਹਨ ਲੱਗ ਪਿਆ ਤੇ ਫਿਰ ਉਹ ਐਸਵੀਕੋਰਸ ਕਰਕੇ ਟੀਚਰ ਲੱਗ ਗਿਆ ਬਾਕੀ ਦੂਜੇ ਦੋਵੇਂ ਭਰਾ ਜਿਵੇਂ ਹੀ ਕੁਝ ਵੱਡੇ ਹੋਏ ਉਹ ਵੀ ਪੜਦਾਦੇ ਨਾਲ ਖੇਤੀ ਬਾੜੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਏ।

-----

ਉਹਨਾਂ ਸਮਿਆਂ ਵਿਚ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਵਿਆਹ ਦਿੰਦੇ ਸਨ। ਫਿਰ ਪੜਦਾਦੇ ਨੇ ਆਪਣੇ ਚਾਰੇ ਪੋਤਰੇ ਵਿਆਹ ਲਏ। ਜਦੋਂ ਉਸ ਨੇ ਆਪਣਾ ਅਖੀਰਲਾ ਸਵਾਸ ਛੱਡਿਆ ਤਾਂ ਉਸ ਦੇ ਵੱਡੇ ਪੋਤਰੇ ਦਾ ਲੜਕਾ (ਮੇਰਾ ਵੱਡਾ ਭਰਾ ਮੱਲ ਸਿੰਘ) ਉਸ ਦੀ ਹਿੱਕ ਉਪਰ ਪਿਆ ਉਸ ਨਾਲ ਲਾਡ ਪਾਡੀਆਂ ਕਰ ਰਿਹਾ ਸੀ। ਉਸ ਤੋਂ ਕੁਝ ਸਾਲ ਬਾਅਦ ਪੜਦਾਦੀ ਵੀ ਇਸ ਸੰਸਾਰ ਤੋਂ ਵਿਦਾ ਹੋ ਗਈ।

-----

ਘਰ ਵਿਚ ਪੜਦਾਦੇ ਹੀ ਸਰਦਾਰੀ ਸੀ। ਉਸ ਦੇ ਅੱਗੇ ਕੋਈ ਵੀ ਘਰ ਦਾ ਜੀਅ ਕੁਸਕਦਾ ਨਹੀਂ ਸੀ, ਹਰ ਕੋਈ ਆਪਣੀ ਜ਼ਿੰਮੇਦਾਰੀ ਨੂੰ ਸਮਝਦਾ ਹੋਇਆ ਆਪਣਾ ਕੰਮ ਕਰਦਾ ਸੀ। ਪੜਦਾਦੇ ਦੇ ਅਕਾਲ ਚਲਾਣਾ ਕਰ ਜਾਣ ਨਾਲ ਉਸ ਘਰ ਦੀ ਪਹਿਲਾਂ ਵਾਲੀ ਚੜ੍ਹਤ ਨਾ ਰਹੀ। ਮੇਰਾ ਦਾਦਾ ਕਬੀਲਦਾਰ ਹੋ ਕੇ ਵੀ ਆਪਣੀ ਕਬੀਲਦਾਰੀ ਵੱਲ ਧਿਆਨ ਨਹੀਂ ਸੀ ਦਿੰਦਾ। ਉਹ ਆਪਣੇ ਪੁੱਤਰਾਂ ਨੂੰ ਕੁਝ ਨਹੀਂ ਸੀ ਕਹਿੰਦਾ। ਹਰ ਕੋਈ ਆਪਣੀ ਮਰਜ਼ੀ ਕਰਨ ਲੱਗ ਪਿਆ ਸੀ। ਮੇਰਾ ਇਕ ਚਾਚਾ ਕਵੀਸ਼ਰੀ ਜੱਥੇ ਨਾਲ ਤੁਰਿਆ ਰਹਿੰਦਾ। ਉਸ ਨੂੰ ਪਿੱਛੇ ਕੰਮ ਦੀ ਕੋਈ ਪਰਵਾਹ ਨਾ ਹੁੰਦੀ। ਮੇਰਾ ਬਾਪ ਤੇ ਛੋਟਾ ਚਾਚਾ ਖੇਤੀ ਬਾੜੀ ਦਾ ਕੰਮ ਸੰਭਾਲਦੇ। ਕਈ ਵਾਰ ਛੋਟਾ ਚਾਚਾ ਵੀ ਕੀਰਤਨੀ ਜੱਥੇ ਨਾਲ ਤੁਰ ਜਾਂਦਾ ਤੇ ਸਾਰਾ ਕੰਮ ਮੇਰੇ ਬਾਪ ਨੂੰ ਸੰਭਾਲਣਾ ਪੈਂਦਾ। ਪਰ ਫਿਰ ਵੀ ਪਰਿਵਾਰ ਸਾਂਝਾ ਰਿਹਾ।

-----

ਘਰ ਵਿਚ ਚਾਰਾਂ ਦਰਾਣੀਆਂ ਜਿਠਾਣੀਆਂ ਨੇ ਆਪਣੇ ਕੰਮ ਵੰਡੇ ਹੋਏ ਸਨ। ਜੇ ਇਕ ਸਵੇਰੇ ਉਠ ਕੇ ਚੱਕੀ ਪੀਂਹਦੀ ਤਾਂ ਦੂਜੀ ਦੁੱਧ ਰਿੜਕਦੀ ਤੇ ਤੀਸਰੀ ਰੋਟੀਆਂ ਪਕਾ ਕੇ ਖੇਤ ਲੈ ਕੇ ਜਾਂਦੀ, ਚੌਥੀ ਪਸ਼ੂਆਂ ਦੇ ਵਾੜੇ ਵਿਚ ਗੋਹਾ ਕੂੜਾ ਕਰਵਾਉਂਦੀ। ਅਗਲੇ ਦਿਨ ਦੂਸਰੀ ਦੀ ਚੱਕੀ ਪੀਹਣ ਦੀ ਵਾਰੀ ਆ ਜਾਦੀ। ਸਭ ਤੋਂ ਔਖਾ ਕੰਮ ਚੱਕੀ ਪੀਹਣਾ ਸੀ। ਸਾਰੇ ਟੱਬਰ ਲਈ ਧੜੀ ਆਟਾ ਪੀਹਣਾ ਪੈਂਦਾ ਸੀ। ਹਰ ਰੋਜ਼ ਪੀਹ ਕੇ ਪਕਾਉਣਾ। ਮੇਰੀ ਮਾਂ ਕੋਲ ਚਾਰ ਨਿਆਣੇ ਹੋਣ ਕਾਰਨ ਦੂਸਰੀਆਂ ਦਰਾਣੀਆਂ ਉਸ ਨਾਲ ਈਰਖਾ ਕਰਦੀਆਂ ਕਿ ਇਸ ਦੇ ਜੁਆਕਾਂ ਕਰਕੇ ਸਾਨੂੰ ਕੰਮ ਬਹੁਤਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਉਹ ਏਕਾ ਕਰਕੇ ਮੇਰੀ ਮਾਂ ਨੂੰ ਵਾਰੀ ਤੋਂ ਬਾਹਰੀ ਚੱਕੀ ਪੀਂਹਣ ਲਈ ਮਜਬੂਰ ਕਰਦੀਆਂ। ਦਾਦੀ ਮੇਰੀ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ ਤੇ ਫਿਰ ਮੇਰੇ ਦਾਦੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਉਪਰ ਸੱਸ ਦਾ ਕੁੰਡਾ ਨਾ ਹੋਣ ਕਾਰਨ ਹਮੇਸ਼ਾ ਲੜਾਈ ਝਗੜਾ ਪਿਆ ਰਹਿੰਦਾ। ਕਈ ਵਾਰ ਇਸ ਲੜਾਈ ਝਗੜੇ ਤੋਂ ਤੰਗ ਆਏ ਉਹਨਾਂ ਦੇ ਪਤੀ ਉਹਨਾਂ ਦਾ ਕੁਟਾਪਾ ਵੀ ਕਰ ਦਿੰਦੇ। ਪਰ ਫਿਰ ਵੀ ਲੜਾਈ ਝਗੜਾ ਨਾ ਮੁਕਦਾ। ਮਾਂ ਜਦੋਂ ਇਹ ਗੱਲਾਂ ਦਸਦੀ ਤਾਂ ਉਸ ਦੇ ਮੱਥੇ ਵਿਚ ਤਿਉੜੀਆਂ ਉਭਰ ਆਉਂਦੀਆਂ। ਲੜਨ ਝਗੜਨ ਤੇ ਮਿਹਣੋ-ਮਿਹਣੀ ਹੋਣ ਵਿਚ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ।

-----

ਘਰ ਦੇ ਇਹੋ ਜਿਹੇ ਮਾਹੌਲ ਵਿਚ ਮੇਰਾ ਜਨਮ ਹੋਇਆ ਸੀ। ਮਾਂ ਦੇ ਦੱਸਣ ਅਨੁਸਾਰ, ਮੇਰੀ ਛੋਟੀ ਚਾਚੀ ਦਾ ਪਹਿਲਾ ਜੁਆਕ ਹੋਣ ਕਰਕੇ ਉਹ ਵਿਅੰਮ ਕੱਟਣ ਲਈ ਆਪਣੇ ਪੇਕੇ ਪਿੰਡ, ਬੱਧਨੀ ਕਲਾਂ ਗਈ ਹੋਈ ਸੀ। ਕੁਝ ਦਿਨਾਂ ਮਗਰੋਂ ਹੀ ਉਧਰੋਂ ਮੁੰਡਾ ਹੋਣ ਦੀ ਵਧਾਈ ਆ ਗਈ। ਨੈਣ ਨੂੰ ਲੈ ਕੇ ਛੋਟੀ ਤੋਂ ਵੱਡੀ ਚਾਚੀ ਘਰਾਂ ਵਿਚ ਵਧਾਈ ਦਾ ਗੁੜ ਵੰਡਣ ਗਈਆਂ ਸਨ ਕਿ ਪਿੱਛੋਂ ਚਾਚੀ ਦਾ ਭਰਾ ਉਸ ਨੂੰ ਲੈਣ ਆ ਗਿਆ। ਉਸ ਦੇ ਭਰਾ ਦਾ ਵਿਆਹ ਤਾਂ ਭਾਵੇਂ ਅਜੇ ਮਾਘ ਵਿਚ ਹੋਣਾ ਸੀ ਪਰ ਉਹ ਪੰਦਰਾਂ ਵੀਹ ਦਿਨ ਪਹਿਲਾਂ ਹੀ ਉਸ ਨੂੰ ਲੈਣ ਵਾਸਤੇ ਆ ਗਿਆ ਸੀ। ਮੇਰੀ ਮਾਂ ਨੇ ਕਲੇਸ਼ ਪਾ ਲਿਆ ਕਿ ਇਸ ਨੇ ਘਰ ਦੇ ਕੰਮ ਤੋਂ ਟਲ਼ਣ ਦੀ ਮਾਰੀ ਨੇ ਸੁਨੇਹਾ ਦੇ ਕੇ ਭਰਾ ਨੂੰ ਮੰਗਵਾਇਐ। ਇਹ ਵਿਆਹ ਤੋਂ ਇਕ ਮਹੀਨਾ ਪਹਿਲਾਂ ਕਿਉਂ ਜਾਂਦੀ ਐ, ਦਿਨ ਦੇ ਦਿਨ ਜਾਵੇ, ਮੈਥੋਂ ਕੱਲੀ ਤੋਂ ਏਸ ਹਾਲਤ ਵਿਚ ਘਰ ਦਾ ਸਾਰਾ ਕੰਮ ਨਹੀਂ ਹੋਣਾ।ਪਰ ਉਸ ਦੀ ਕਿਸੇ ਨਾ ਸੁਣੀ ਤੇ ਅਗਲੇ ਦਿਨ ਉਹ ਆਪਣੇ ਭਰਾ ਦੇ ਨਾਲ ਪੇਕੀਂ ਚਲੀ ਗਈ। ਪਿੱਛੇ ਦੋਵੇਂ ਵੱਡੀਆਂ ਦਰਾਣੀ ਜਿਠਾਣੀ ਰਹਿ ਗਈਆਂ।

..........

ਮੇਰੇ ਬਾਪ ਨੇ ਮਾਂ ਨੂੰ ਸਮਝਾਇਆ, “ਕੁਝ ਚਿਰ ਲਈ ਭੂਆ ਨੂੰ ਮੰਗਵਾ ਲਵਾਂਗੇ ਤੇ ਆਟਾ ਖਰਾਸ ਤੋਂ ਪਿਸਵਾ ਲਿਆ ਕਰਾਂਗੇ ਫਿਰ ਪਿੱਛੇ ਕਿਹੜਾ ਕੰਮ ਰਹਿ ਜਾਊਗਾ

.........

ਮੇਰੀ ਮਾਂ ਨੂੰ ਇਹ ਦਲੀਲ ਕੁਝ ਠੀਕ ਲੱਗੀ ਤੇ ਉਹ ਚੁੱਪ ਕਰ ਗਈ। ਮੇਰਾ ਦਾਦਾ ਭੂਆ ਨੂੰ ਲੈਣ ਵਾਸਤੇ ਉਸ ਦੇ ਸਹੁਰੀਂ ਚਲਾ ਗਿਆ।

-----

ਅਗਲੇ ਦਿਨ ਸਵੇਰ ਵੇਲ਼ੇ ਮੇਰੀ ਮਾਂ ਚੱਕੀ ਪੀਹ ਰਹੀ ਸੀ ਤੇ ਮੇਰੀ ਵੱਡੀ ਚਾਚੀ ਦੁੱਧ ਰਿੜਕ ਕੇ ਆਪਣੇ ਡੇਢ ਕੁ ਸਾਲ ਦੇ ਮੁੰਡੇ ਨਾਲ ਜਾ ਪਈ। ਮੇਰੀ ਮਾਂ ਨੇ ਉਸ ਨੂੰ ਬੇਨਤੀ ਦੇ ਰੂਪ ਵਿਚ ਕਿਹਾ, “ਗੁਰਦਿਆਲ ਕੁਰੇ, ਤੂੰ ਉਠ ਕੇ ਚੁਲ੍ਹੇ ਦਾ ਆਹਰ ਪਾਹਰ ਕਰਲੈ, ਫੇਰ ਮੈਂ ਬਾਹਰਲਿਆਂ ਦੀਆਂ ਰੋਟੀਆਂ ਵੀ ਲੈ ਕੇ ਜਾਣੀਐਂ

..........

ਨਾ ਭੈਣੇ, ਮੇਰੇ ਕੋਲੋਂ ਨਹੀਂ ਹੋਣਾ ਇਹ ਕੰਮ, ਇਹ ਤੇਰਾ ਕੰਮ ਐ ਤੇ ਤੂੰ ਈ ਕਰ। ਮੇਰਾ ਤਾਂ ਮੁੰਡਾ ਬਿਮਾਰ ਐਉਹ ਅਰਾਮ ਨਾਲ ਆਪਣੇ ਮੁੰਡੇ ਨਾਲ ਪਈ ਰਹੀ।

.............

ਕਿਉਂ ਮੈਨੂੰ ਸਾਰਾ ਕੰਮ ਸੁੱਖ ਕੇ ਦਿੱਤੈ ਕਿ ਮੈਂ ਈ ਸਾਰੇ ਪਾਸੇ ਉਰੀ ਆਂਗੂ ਘੁਕਦੀ ਫਿਰਾਂ ਤੇ ਤੂੰ ਰਾਮ ਨਾਲ ਪਟਰਾਣੀ ਬਣ ਕੇ ਪਲੰਘ ਤੇ ਪਈ ਰਹੇਂ

..............

ਕਿਉਂ, ਹੋਰ ਕੀਹਨੂੰ ਸੁੱਖ ਕੇ ਦਿੱਤੈ? ਚਾਰ ਤੇਰੇ ਆਹ ਬਚੂੰਗੜੇ ਤੇ ਇਕ ਢਿੱਡ ਵਿਚ ਲਈ ਫਿਰਦੀ ਐਂ। ਬਾਹਰ ਵੀ ਤੇਰੇ ਈ ਕੰਮ ਕਰਦੇ ਐ। ਤੂੰ ਉਹਨਾਂ ਦੀਆਂ ਰੋਟੀਆਂ ਪਕਾ ਨਾ ਪਕਾ, ਮੈਨੂੰ ਨ੍ਹੀ ਪਰਵਾਹ।

.............

ਇਹਨੂੰ ਨਈ ਪਰਵਾਹ ਲਾਟਜਾਦੀ ਨੂੰ, ਉਹ ਤੇਰੇ ਕੁਛ ਨਈ ਲਗਦੇ? ਕੁੱਤੀ ਡਿੱਢ ਆਲੇ ਨੂੰ ਵੀ ਨੌਲਦੀ ਐ।ਮਾਂ ਨੇ ਮਗਰਲੇ ਸ਼ਬਦ ਹੌਲੀ ਜਿਹੇ ਕਹੇ।

..............

ਮੇਰਾ ਨਈ ਕੋਈ ਕੁਸ਼ ਲਗਦਾ। ਮੇਰਾ ਕੁਸ਼ ਲਗਦਾ ਤਾਂ ਏਥੋਂ ਪੰਜਾਹ ਕੋਹ ਤੇ ਬੈਠਾ। ਮੈਂ ਕਿਉਂ ਕਿਸੇ ਦਾ ਗੋਲ ਪੁਣਾ ਕਰਾਂ? ਜੀਹਨੂ ਲੋੜ ਐ ਕਰੀ ਜਾਵੇ।

...........

ਫੇਰ ਏਥੇ ਕਿਉਂ ਬੈਠੀ ਐਂ, ਓਸ ਕੋਲ ਤੁਰ ਕਿਉਂ ਨਹੀਂ ਜਾਂਦੀ

...............

ਮੈਂ ਏਥੇ ਬੈਠੀ ਆਂ ਤੇਰੀ ਹਿੱਕ ਤੇ ਮੂੰਗ ਦਲ਼ਣ ਨੂੰ, ਹੋਰ ਕੁਸ਼ ਸੁਣਨੈ? ਆਵਦੇ ਏਸ ਚੀਂਘੜ ਬਾਂਗੜ ਵਾਸਤੇ ਆਟਾ ਪੀਹ ਤੇ ਰੋਟੀਆਂ ਪਕਾ। ਮੈਂ ਤਾਂ ਆਪਣੇ ਮਤਬਲ ਦਾ ਕੰਮ ਈ ਕਰਨੈ

............

ਕੁੱਤੀ ਬਾਂਗਰੋ ਮੇਰੇ ਜੁਆਕਾਂ ਨੂੰ ਚੀਂਘੜ ਬਾਂਘੜ ਦਸਦੀ ਐ ਆਵਦੇ ਟੀਰੇ ਭੈਂਗੇ ਵੱਲ ਨਈ ਦੇਖਦੀ ਅੱਖਾਂ ਕਿਧਰ ਨੂੰ ਜਾਂਦੀਐਂ” (ਉਸ ਦੇ ਪੇਕੇ ਤਲਵੰਡੀ ਸਾਬੋ ਸਨ ਜਿਸ ਨੂੰ ਦਮਦਮਾ ਸਾਹਿਬ ਵੀ ਕਹਿੰਦੇ ਹਨ। ਇਹ ਬਾਂਗਰ ਦਾ ਇਲਾਕਾ ਤਾਂ ਨਹੀਂ ਪਰ ਬਹੁਤੇ ਲੋਕ ਇਸ ਨੂੰ ਵੀ ਬਾਂਗਰ ਹੀ ਕਹਿ ਦਿੰਦੇ ਹਨ) ਟੀਰਾ ਭੈਂਗਾ ਸੁਣ ਕੇ ਚਾਚੀ ਗੁੱਸੇ ਵਿਚ ਲਾਲ ਪੀਲ਼ੀ ਹੋ ਗਈ ਤੇ ਥਬੂਕਾ ਮਾਰ ਕੇ ਮੰਜੇ ਤੋਂ ਉੱਠੀ। ਮੇਰੀ ਮਾਂ ਵੀ ਉੱਠ ਕੇ ਲੜਨ ਲਈ ਤਿਆਰ ਹੋ ਗਈ। ਅੱਠ ਕੁ ਸਾਲ ਦੀ ਮੇਰੀ ਵੱਡੀ ਭੈਣ ਨੇ ਚੀਕ ਚਿਹਾੜਾ ਪਾ ਦਿੱਤਾ। ਗੁਆਂਢ ਤੋਂ ਅੰਮਾਂ ਜੁਆਲੀ ਭੱਜ ਕੇ ਉਹਨਾਂ ਦੇ ਵਿਚਕਾਰ ਆ ਗਈ ਤੇ ਉਹਨਾਂ ਨੂੰ ਲੜਨੋ ਹਟਾਇਆ। ਇੰਨੇ ਨੂੰ ਗੁਆਂਢ ਦੀ ਨਾਤੀ ਬੁੜੀ ਵੀ ਆ ਗਈ ਤੇ ਚਾਚੀ ਨੂੰ ਫੜ ਕੇ ਆਪਣੇ ਨਾਲ ਲੈ ਗਈ। ਅੰਮਾਂ ਜੁਆਲੀ ਮੇਰੀ ਮਾਂ ਨੂੰ ਕਹਿਣ ਲੱਗੀ, “ਪਰਤਾਪ ਕੁਰੇ, ਤੂੰ ਸਿਆਣੀ ਬਿਆਣੀ ਐਂ, ਇਊਂ ਲੜਕੇ ਲੋਕਾਂ ਨੂੰ ਤਮਾਸ਼ਾ ਨਈ ਦਿਖਾਈਦਾ। ਰਲ਼ ਮਿਲ ਕੇ ਕੰਮ ਕਰ ਲਿਆ ਕਰੋ

...........

ਬੇਬੇ ਜੀ, ਮੈਂ ਤਾਂ ਓਸ ਨੂੰ ਏਨਾ ਈ ਕਿਹਾ ਸੀ ਬਈ, ਤੂੰ ਰੋਟੀਆਂ ਪਕਾ ਲੈ ਤੇ ਮੈਂ ਰਹਿੰਦਾ ਪਹਿਣ ਪੀਹ ਲਵਾਂ ਤੇ ਉਹ ਸੇਠਾਨੀ ਮੰਜੇ ਤੋਂ ਪੈਰ ਲਾਹੁਣ ਨੂੰ ਵੀ ਤਿਆਰ ਨ੍ਹੀ

.............

ਲੈ, ਇਹ ਕਿਹੜੀ ਗੱਲ ਐ, ਰਹਿੰਦਾ ਪੀਹਣ ਮੈਂ ਪੀਹ ਦਿੰਦੀ ਆਂ ਤੇ ਤੂੰ ਰੋਟੀਆਂ ਪਕਾ ਕੇ ਖੇਤ ਲੈ ਕੇ ਜਾਹ। ਉਹ ਵਿਚਾਰੇ ਭੁੱਖੇ ਭਾਣੇ ਅੱਖਾਂ ਤੇ ਹੱਥ ਰੱਖ ਰੱਖ ਕੇ ਪਿੰਡ ਵੱਲ ਝਾਕਦੇ ਹੋਣਗੇ

.............

ਰਹਿਣ ਦੇ ਬੇਬੇ ਜੀ, ਹੈਗਾ ਪਕਾਉਣ ਜੋਗਾ ਆਟਾ। ਮੈਂ ਗੁੰਨ੍ਹ ਕੇ ਪਕਾ ਲੈਨੀ ਆਂ.ਤੇ ਮੇਰੀ ਮਾਂ ਬੁੜ ਬੁੜ ਕਰਦੀ ਹੋਈ ਆਟਾ ਗੁੰਨ੍ਹਣ ਜਾ ਲੱਗੀ।

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।

No comments: