ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, March 12, 2011

ਸੁਖਿੰਦਰ - ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ - ਲੇਖ

ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ

ਲੇਖ

ਸੁਰਜੀਤ ਕਲਸੀ ਆਪਣੀਆਂ ਲਿਖਤਾਂ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਨ ਵਾਲੀ ਪ੍ਰਤੀਬੱਧ ਕੈਨੇਡੀਅਨ ਪੰਜਾਬੀ ਕਹਾਣੀਕਾਰਾ ਹੈ। ਬਿਨ੍ਹਾਂ ਕਿਸੀ ਲੁਕਾ ਛਿਪਾ ਦੇ ਉਹ ਔਰਤ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਸਦੀਆਂ ਤੋਂ ਸਮਾਂ ਵਿਹਾ ਚੁੱਕੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਕ, ਧਾਰਮਿਕ ਕਦਰਾਂ-ਕੀਮਤਾਂ ਦੇ ਪੈਰਾਂ ਹੇਠ ਦਰੜੀ ਜਾ ਰਹੀ ਔਰਤ ਨੂੰ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਚੇਤੰਨ ਕਰਦਿਆਂ ਉਹ ਇਹ ਵਿਚਾਰ ਉਭਾਰਦੀ ਹੈ ਕਿ ਸਥਿਤੀ ਨੂੰ ਬਦਲਣ ਲਈ ਔਰਤ ਨੂੰ ਆਪਣੀ ਚੁੱਪ ਤੋੜਨੀ ਪਵੇਗੀ। ਔਰਤ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਬੇਖ਼ੌਫ਼ ਹੋ ਕੇ ਇਸ ਗੱਲ ਦਾ ਇਜ਼ਹਾਰ ਕਰਨਾ ਪਵੇਗਾ ਕਿ ਉਸਦੀ ਆਪਣੀ ਵੀ ਇੱਕ ਹੋਂਦ ਹੈ; ਅਤੇ ਇਹ ਹੋਂਦ, ਮਹਿਜ਼, ਜਿਉਂਦੇ ਰਹਿਣ ਲਈ ਕਿਸੇ ਵੀ ਤਰ੍ਹਾਂ ਦੀ ਗ਼ੁਲਾਮੀ ਜਾਂ ਅਨਿਆਂ ਸਹਿਣ ਕਰਨ ਲਈ ਤਿਆਰ ਨਹੀਂ।

-----

ਅਜਿਹੇ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਕਥਾ ਤੇਰੀ ਮੇਰੀਸੁਰਜੀਤ ਕਲਸੀ ਨੇ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਪਣਾ ਕਹਾਣੀ ਸੰਗ੍ਰਹਿ ਸੱਤ ਪਰਾਈਆਂ1994 ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ।

-----

ਸੁਰਜੀਤ ਕਲਸੀ ਦੀਆਂ ਕਹਾਣੀਆਂ ਬਾਰੇ ਚਰਚਾ ਉਸਦੀ ਕਹਾਣੀ ਦਹਿਲੀਜ਼ ਤੋਂ ਪਾਰਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਪਹਿਲੀ ਵਾਰ ਚੇਤਨਾ ਨੂੰ ਆਪਣਾ ਮਨੋਬਲ ਵਾਪਸ ਆਇਆ ਮਹਿਸੂਸ ਹੋਇਆ ਤੇ ਉਹ ਨਿਧੜਕ ਹੋ ਕੇ ਬੋਲੀ, “ਤੁਹਾਡਾ ਤਾਂ ਰੋਜ਼ ਦਾ ਇਹੋ ਕੰਮ ਐ, ਮੈਂ ਕਿਉਂ ਆਪਣੀ ਜ਼ੁਬਾਨ ਖ਼ਰਾਬ ਕਰਾਂ।ਚੇਤਨਾ ਦੇ ਐਨਾ ਕਹਿਣ ਦੀ ਦੇਰ ਸੀ ਕਿ ਚਤਰਥ ਦੀਆਂ ਚੜ੍ਹ ਮੱਚੀਆਂ, ਉਹ ਤਾਂ ਜਿਵੇਂ ਬਹਾਨਾਂ ਹੀ ਭਾਲਦਾ ਸੀ, ਪਤਾ ਨਹੀਂ ਕੀ ਕੀ ਅਵਾ ਤਵਾ ਬੋਲਣ ਲੱਗ ਪਿਆ। ਹੋਰ ਸਮਾਂ ਹੁੰਦਾ ਤਾਂ ਹੁਣ ਤੱਕ ਚੇਤਨਾ ਦੇ ਕਾੜ ਕਰਦੀਆਂ ਚੁਪੇੜਾਂ ਵੀ ਲੱਗ ਚੁੱਕੀਆਂ ਹੁੰਦੀਆਂ ਪਰ ਇਸ ਵਾਰ ਜਦੋਂ ਉਸ ਵਲ ਚਪੇੜ ਲੈ ਕੇ ਆਇਆ ਤਾਂ ਇੱਕ ਜੋਸ਼ ਵਿੱਚ ਚੇਤਨਾ ਨੇ ਉਹਦਾ ਹੱਥ ਫੜ ਲਿਆ ਤੇ ਕੜਕੀ, “ਲੈ ਲਾ ਕੇ ਦਿਖਾ ਮੈਨੂੰ ਹੁਣ ਹੱਥ, ਰੱਬ ਦਿਆ ਬੰਦਿਆ?” ਤੇ ਉਸ ਦਾ ਹੱਥ ਪਰਾਂ ਕਰਦੀ ਹੋਈ ਭੱਜ ਕੇ ਕਮਰੇ ਵਿਚ ਵੜ ਗਈ ਤੇ ਅੰਦਰੋਂ ਕੁੰਡੀ ਬੰਦ ਕਰ ਲਈ। ਚਤਰਥ ਬੂਹਾ ਭੰਨੀ ਗਿਆ, ਬੇਤਹਾਸ਼ਾ ਮਾਂ-ਭੈਣ ਦੀਆਂ ਗਾਲ਼੍ਹਾਂ ਕੱਢੀ ਗਿਆ।

-----

ਉਸ ਦੀਆਂ ਕਹਾਣੀਆਂ ਵਿਚਲਾ ਇਹੀ ਉਹ ਮਹੱਤਵ-ਪੂਰਨ ਵਿਚਾਰ ਹੈ ਜੋ ਉਹ ਬਾਰ ਬਾਰ ਉਭਾਰਨ ਦੀ ਕੋਸ਼ਿਸ਼ ਕਰਦੀ ਹੈ। ਸੁਰਜੀਤ ਕਲਸੀ ਔਰਤ ਦੀ ਚੇਤਨਾ ਵਿੱਚ ਦਲੇਰੀ ਦੀ ਅਜਿਹੀ ਭਾਵਨਾ ਪੈਦਾ ਕਰਨੀ ਚਾਹੁੰਦੀ ਹੈ ਕਿ ਉਹ ਬੇਖ਼ੌਫ਼ ਹੋ ਕੇ ਸਦੀਆਂ ਤੋਂ ਆਪਣੇ ਨਾਲ ਹੋ ਰਹੇ ਅਨਿਆਂ ਅਤੇ ਜ਼ੁਲਮ ਨੂੰ ਚੁਣੌਤੀ ਦੇਣ ਲਈ ਕੜਕਦੀ ਆਵਾਜ਼ ਵਿੱਚ ਕਹਿ ਸਕੇ ਕਿ ਬੰਦ ਕਰੋ ਇਹ ਅਤਿਆਚਾਰ। ਮੈਂ ਵੀ ਜਿਉਂਦੀ ਜਾਗਦੀ ਜਾਗਦੀ ਇਨਸਾਨ ਹਾਂ। ਜੇਕਰ ਤੁਸੀਂ ਮੇਰੇ ਨਾਲ ਇਨਸਾਨਾਂ ਵਾਂਗ ਨਹੀਂ ਰਹਿ ਸਕਦੇ ਤਾਂ ਮੈਨੂੰ ਤੁਹਾਡੇ ਨਾਲ ਰਹਿਣ ਦੀ ਕੋਈ ਲੋੜ ਨਹੀਂ।

-----

ਆਪਣੀਆਂ ਲਿਖਤਾਂ ਵਿੱਚ ਅਜਿਹੇ ਵਿਚਾਰ ਉਭਾਰਨ ਵਾਲੀ ਸੁਰਜੀਤ ਕਲਸੀ ਕੋਈ ਇਕੱਲੀ ਅਜਿਹੀ ਲੇਖਿਕਾ ਨਹੀਂ। ਸਾਡੇ ਸਮਿਆਂ ਵਿੱਚ ਅਜਿਹੀ ਵਿਚਾਰਧਾਰਾ ਇੱਕ ਸ਼ਕਤੀਸ਼ਾਲੀ ਲਹਿਰ ਵਾਂਗ ਉੱਠ ਰਹੀ ਹੈ। ਅਜਿਹੇ ਵਿਚਾਰ ਮਹਿਜ਼ ਔਰਤ ਲੇਖਕਾਵਾਂ ਵੱਲੋਂ ਹੀ ਨਹੀਂ ਉੱਠ ਰਹੇ - ਸੂਝਵਾਨ ਮਰਦ ਲੇਖਕਾਂ/ਚਿੰਤਕਾਂ/ਬੁੱਧੀਜੀਵੀਆਂ ਵੱਲੋਂ ਵੀ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਕਿਉਂਕਿ ਹਰ ਮਰਦ ਔਰਤ ਨਾਲ ਅਨਿਆਂ ਜਾਂ ਜ਼ੁਲਮ ਕਰਨ ਵਾਲਾ ਨਹੀਂ। ਸਮਾਜ ਵਿੱਚ ਅਜਿਹੀ ਮਰਦਾਵੀਂ ਸੋਚ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਜੋ ਸੋਚ ਔਰਤ ਅਤੇ ਮਰਦ ਨੂੰ ਬਰਾਬਰ ਮੰਨਦੀ ਹੈ।

-----

ਭਾਰਤੀ/ਪੰਜਾਬੀ ਸਮਾਜ ਵਿੱਚ ਔਰਤ ਨਾਲ ਮਾਨਸਿਕ/ਸਰੀਰਕ/ਆਰਥਿਕ/ਸਮਾਜਿਕ/ਸਭਿਆਚਾਰਕ ਅਨਿਆਂ ਜਾਂ ਜ਼ੁਲਮ ਹੋਣ ਦਾ ਵੱਡਾ ਕਾਰਨ ਹੈ ਮਰਦ ਵੱਲੋਂ ਔਰਤ ਨੂੰ ਆਪਣੀ ਜਾਇਦਾਦ ਸਮਝਣਾ। ਇਸਦੇ ਨਾਲ ਹੀ ਮਰਦ ਵੱਲੋਂ ਔਰਤ ਨੂੰ ਮਾਨਸਿਕ ਅਤੇ ਸਰੀਰਕ ਪੱਧਰ ਉੱਤੇ ਹਰ ਤਰ੍ਹਾਂ ਨਾਲ ਘਟੀਆ ਸਮਝਣਾ। ਜਿਸ ਕਾਰਨ ਅਜਿਹੀ ਸੋਚ ਵਾਲੇ ਮਰਦਾਂ ਦੀ ਇਹ ਧਾਰਨਾ ਬਣ ਜਾਂਦੀ ਹੈ ਕਿ ਔਰਤ ਕਿਸੇ ਵੀ ਕੰਮ ਬਾਰੇ ਸਹੀ ਫ਼ੈਸਲਾ ਲੈ ਹੀ ਨਹੀਂ ਸਕਦੀ। ਇਸ ਤੋਂ ਵੀ ਵੱਧ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੇ ਮਰਦਾਂ ਦੀ ਇਹ ਧਾਰਣਾ ਬਣ ਜਾਂਦੀ ਹੈ ਕਿ ਔਰਤ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਫੈਸਲਾ ਲੈਣ ਦਾ ਹੱਕ ਹੀ ਨਹੀਂ ਹੈ। ਅਜਿਹੇ ਮਰਦ ਔਰਤ ਦੀ ਜ਼ਿੰਦਗੀ ਨਾਲ ਸਬੰਧਤ ਮਸਲਿਆਂ ਬਾਰੇ ਵੀ ਆਪਣੀ ਸੋਚ ਅਤੇ ਫੈਸਲੇ ਔਰਤ ਉੱਤੇ ਠੋਸਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਔਰਤ ਅਜਿਹੀ ਮਰਦਾਵੀਂ ਸੋਚ ਦਾ ਵਿਰੋਧ ਕਰਦੀ ਹੈ ਤਾਂ ਉਸਨੂੰ ਮਰਦ ਵੱਲੋਂ ਕੀਤੇ ਜਾਂਦੇ ਮਾਨਸਿਕ/ ਸਰੀਰਕ/ਆਰਥਿਕ ਅਨਿਆਂ ਅਤੇ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੇਕਾਂ ਹਾਲਤਾਂ ਵਿੱਚ ਅਜਿਹੀ ਸੋਚ ਵਾਲੇ ਮਰਦਾਂ ਦੀ ਤਾਕਤ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪੈ ਜਾਂਦੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ, ਪਾਕਿਸਤਾਨ ਦੇ ਮੀਡੀਆ ਵਿੱਚ, ਅਕਸਰ, ਹੀ ਅਜਿਹੀਆਂ ਸੁਰਖੀਆਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਕਿ ਕਿਸੇ ਭਾਰਤੀ/ਪੰਜਾਬੀ/ਸਾਊਥ ਏਸ਼ੀਅਨ ਮੂਲ ਦੇ ਮਰਦ ਨੇ ਆਪਣੀ ਧੀ/ਭੈਣ/ਪਤਨੀ ਦਾ, ਮਹਿਜ਼, ਇਸ ਲਈ ਹੀ ਕਤਲ ਕਰ ਦਿੱਤਾ ਕਿਉਂਕਿ ਉਹ ਉਸ ਮਰਦ ਦੀ ਧੌਂਸ ਮੰਨਣ ਲਈ ਤਿਆਰ ਨਹੀਂ ਸੀ। ਸੁਰਜੀਤ ਕਲਸੀ ਦੀ ਕਹਾਣੀ ਬਾਬਲ ਵਿਦਿਆ ਕਰੇਂਦਿਆਂਦੀਆਂ ਹੇਠ ਲਿਖੀਆਂ ਸਤਰਾਂ ਉਪਰੋਕਤ ਵਿਚਾਰਾਂ ਦੀ ਹੀ ਪੁਸ਼ਟੀ ਕਰਦੀਆਂ ਹਨ:

............

ਕੁਨੈਲ ਤੋਂ ਵੈਨਕੂਵਰ ਆਉਂਦਿਆਂ ਬਸ ਗਿਆਰਾਂ ਘੰਟਿਆਂ ਦੇ ਸਫ਼ਰ ਦੇ ਦੌਰਾਨ ਸੜਕ ਤੇ ਭੱਜ ਰਹੀ ਹਾਂਡਾ ਸਿਵਕ ਕਾਰ ਵਿਚ ਕਿਸ ਸਮੇਂ ਘਿਨੌਣਾ ਹਾਦਸਾ ਵਾਪਰਿਆ ਤੇ ਕਿਸ ਤਰ੍ਹਾਂ ਸਹਿਕ ਸਹਿਕ ਕੇ ਪੀੜ ਵਿੱਚ ਤੜਫ਼ਦੀ ਪ੍ਰੀਤਜੋਤ ਦੀ ਜਾਨ ਨਿਕਲੀ ਹੋਵੇਗੀ। ਕਿੰਨੀ ਵਾਰ ਉਸ ਨੇ ਚੀਖ਼ ਚੀਖ਼ ਕੇ ਮਾਂ ਨੂੰ ਆਵਾਜ਼ਾਂ ਮਾਰੀਆਂ ਹੋਣਗੀਆਂ, ਕਿੰਨੀ ਵਾਰ ਉਸ ਨੇ ਆਪਣੇ ਦਰਿੰਦੇ ਬਾਪ ਅੱਗੇ ਤਰਸ ਰਹਿਮ ਦੇ ਵਾਸਤੇ ਪਾਏ ਹੋਣਗੇ। ਪਰ ਉਸਦੇ ਬਾਪ ਦੇ ਕੰਨਾਂ ਵਿਚ ਪਰੰਪਰਾ ਦਾ, ਹੈਂਕੜ ਤੇ ਹਾਉਮੇ ਦਾ ਸਿੱਕਾ ਢਲ਼ਿਆ ਹੋਇਆ ਸੀ ਤੇ ਉਹ ਗ਼ੁੱਸੇ ਵਿੱਚ ਭਰਿਆ ਢਾਈ ਘੰਟੇ ਉਵੇਂ ਹੀ ਗੱਡੀ ਚਲਾਈ ਤੁਰੀ ਗਿਆ ਨਾਲ ਦੀ ਸੀਟ ਵਿਚ ਆਪਣੀ ਹੀ ਧੀ ਦੀ ਖ਼ੂਨ ਨਾਲ ਲਥਪਥ ਦੇਹੀ ਵਿੱਚੋਂ ਖ਼ੂਨ ਨੁੱਚੜ ਰਿਹਾ ਸੀ ਉਸਨੇ ਉਸੇ ਤਰ੍ਹਾਂ ਹੀ ਵਹਿੰਦਾ ਰਹਿਣ ਦਿੱਤਾ ਹੋਵੇ। ਐਮਬੂਲੈਂਸ ਨਹੀਂ ਬੁਲਾਈ।

-----

ਪ੍ਰੀਤਜੋਤ ਦੇ ਪਿਤਾ ਵੱਲੋਂ ਆਪਣੀ ਹੀ ਧੀ ਉੱਤੇ ਕੀਤੇ ਗਏ ਅਤਿਆਚਾਰ ਦੇ ਕਾਰਨਾਂ ਦਾ ਵਿਸਥਾਰ ਬਾਬਲ ਵਿਦਿਆ ਕਰੇਂਦਿਆਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਪੜ੍ਹਕੇ ਮਿਲ ਜਾਂਦਾ ਹੈ:

...ਪ੍ਰੀਤਜੋਤ ਅਕਸਰ ਆਪਣੀਆਂ ਸਹੇਲੀਆਂ ਨੂੰ ਆਪਣੇ ਬਾਪ ਦੇ ਭੈੜੇ ਗ਼ੁੱਸੇ ਬਾਰੇ ਤੇ ਉਸ ਦੀ ਕਠੋਰਤਾ ਬਾਰੇ ਦਸਿਆ ਕਰਦੀ ਸੀ, ਤੇ ਇਹ ਵੀ ਦਸਦੀ ਸੀ ਕਿ ਉਹ ਆਪਣੇ ਮਾਪਿਆਂ ਤੋਂ ਬਹੁਤ ਡਰਦੀ ਸੀ। ਇਸ ਲਈ ਉਸ ਦੀਆਂ ਸਹੇਲੀਆਂ ਵੀ ਪ੍ਰੀਤਜੋਤ ਦੇ ਇਕ ਨੇਟਿਵ ਮੁੰਡੇ ਨਾਲ ਪਿਆਰ-ਸੰਬੰਧ ਗੁਪਤ ਰੱਖਣ ਵਿੱਚ ਮਦਦ ਕਰਦੀਆਂ ਸਨ। ਮਾਂ-ਪਿਓ ਨੂੰ ਤਾਂ ਪਤਾ ਲਗਦਾ ਹੈ ਜਦੋਂ ਪ੍ਰੀਤਜੋਤ ਤੇ ਟੈਰੀ ਦਾ ਕਾਰ ਹਾਦਸਾ ਹੋ ਜਾਂਦਾ ਹੈ। ਕਾਰ ਪ੍ਰੀਤਜੋਤ ਦੇ ਬਾਪ ਦੀ ਸੀ ਤੇ ਇਸ ਦੁਰਘਟਨਾ ਵਿੱਚ ਟੌਡ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਸ ਨੂੰ ਇੱਕ ਹਫਤਾ ਹਸਪਤਾਲ ਰਹਿਣਾ ਪਿਆ ਸੀ। ਇਸ ਪਿਛੋਂ ਪ੍ਰੀਤਜੋਤ ਦਾ ਬਾਪ ਧੀ ਦੇ ਸਕੂਲ ਗਿਆ ਤੇ ਉਸ ਨੇ ਉਸਦੀ ਟੀਚਰ ਅਗੇ ਆਪਣਾ ਤੌਖਲਾ ਜ਼ਾਹਿਰ ਕੀਤਾ ਕਿ ਉਹ ਆਪਣੀ ਧੀ ਤੇ ਗ਼ੈਰ-ਜ਼ਾਤੀ ਮੁੰਡੇ ਨਾਲ ਪਿਆਰ-ਸੰਬੰਧ ਨੂੰ ਚੰਗਾ ਨਹੀਂ ਸਮਝਦਾ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ ਟੈਰੀ ਉਸਦੀ ਧੀ ਦੇ ਲਾਇਕ ਨਹੀਂ ਸੀ।

-----

ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਸਾਈਡ ਡਿਸ਼ਇੱਕ ਦਿਲਚਸਪ ਨੁਕਤਾ ਉਭਾਰਦੀ ਹੈ। ਇਹ ਕਹਾਣੀ ਇਹ ਨੁਕਤਾ ਉਭਾਰਦੀ ਹੈ ਕਿ ਅਨੇਕਾਂ ਵਾਰ ਔਰਤ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕੋਈ ਹੋਰ ਔਰਤ ਹੀ ਹੁੰਦੀ ਹੈ। ਅੱਜ ਅਸੀਂ ਜਿਸ ਤਰ੍ਹਾਂ ਦੇ ਵਿਕਸਤ ਪੂੰਜੀਵਾਦੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਸਰ ਹੇਠ ਜੀਅ ਰਹੇ ਹਾਂ ਉਸ ਤਰ੍ਹਾਂ ਦੇ ਸਮਾਜ ਵਿੱਚ ਹਰ ਕੋਈ ਆਪਣੀ ਹੋਂਦ ਬਣਾਈ ਰੱਖਣ ਲਈ ਇੱਕ ਦੂਜੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣ ਦੀ ਕਾਹਲ ਵਿੱਚ ਹੈ। ਪੇਸ਼ ਹਨ ਇਸ ਨੁਕਤੇ ਦੀ ਪੁਸ਼ਟੀ ਕਰਦੀਆਂ ਕਹਾਣੀ ਸਾਈਡ ਡਿਸ਼ਵਿੱਚੋਂ ਕੁਝ ਉਦਾਹਰਣਾਂ:

........

1.ਉਹ ਵਾਰ ਵਾਰ ਇਹੀ ਕਹੀ ਜਾ ਰਹੀ ਸੀ ਕਿ ਮੈਂ ਦੂਸਰੀ ਔਰਤ ਬਣ ਕੇ ਨਹੀਂ ਜੀਅ ਸਕਦੀ ਡਾਕਟਰ ਸਾਹਿਬ ਮੈਨੂੰ ਕੋਈ ਐਸੀ ਨੀਂਦ ਦੀ ਗੋਲੀ ਦਿਓ ਜਿਸ ਨਾਲ ਮੈਂ ਸਦਾ ਸਦਾ ਦੀ ਨੀਂਦ ਸੌਂ ਜਾਵਾਂ ਤੇ ਮੈਨੂੰ ਇਸ ਪੀੜਾ ਵਿੱਚ ਦਿਨ ਰਾਤ ਨਾ ਗੁਜ਼ਾਰਨੇ ਪੈਣ, ਇਸ ਪੀੜਾ ਤੋਂ ਨਿਜ਼ਾਤ ਮਿਲ ਜਾਏ। ਆਖਰ ਜ਼ਿੰਦਗੀ ਵਿੱਚ ਔਰਤ ਨੂੰ ਇਹ ਸਭ ਕੁਝ ਸਹਿਣ ਕਰਕੇ ਹੀ ਕਿਉਂ ਜਿਉਣਾ ਪੈਂਦਾ ਹੈ? ਆਪਣੀ ਹੋਂਦ ਮਿਟਾ ਕੇ ਹੀ ਕਿਉਂ ਮਰਦ ਦੇ ਨਾਲ ਰਹਿਣਾ ਪੈਂਦਾ ਹੈ?”

..........

2. ਬਾਹਰ ਆਪਣੀ ਸਾਖ਼ ਕਾਇਮ ਰੱਖਣ ਲਈ ਬੰਦਾ ਪਤਨੀ ਨੂੰ ਈਰਖਾਲੂ, ਘਟੀਆ, ਝਗੜਾਲੂ ਤੇ ਕੋਹਝੀ ਔਰਤ ਵਜੋਂ ਪੇਸ਼ ਕਰਦਾ ਹੈ। ਕਿਉਂਕਿ ਇਸ ਨਾਲ ਹੋਰਨਾਂ ਦੇ ਦਿਲ ਜਿੱਤਣ ਵਿੱਚ ਆਸਾਨੀ ਰਹਿੰਦੀ ਹੈ ਤੇ ਜਦੋਂ ਬੰਦਾ ਪੀੜਤ ਦਾ ਰੋਲ ਅਦਾ ਕਰਦਿਆਂ ਔਰਤ ਨੂੰ ਜ਼ੁਲਮ ਕਰਨ ਵਾਲੀ ਬਣਾ ਕੇ ਪੇਸ਼ ਕਰਦਾ ਹੈ ਤਾਂ ਦੂਸਰੀ ਔਰਤ ਦੇ ਦਿਲ ਵਿੱਚੋਂ ਹਮਦਰਦੀ ਨੁੱਚੜ ਆਉਣੀ ਕੁਦਰਤੀ ਹੀ ਹੈ। ਦੋਵੱਲੀ ਹਮਦਰਦੀ ਹੀ ਨੇੜਤਾ ਵਧਾਉਂਦੀ ਹੈ। ਆਪਣੀ ਨਾਲ ਦੂਰੀ ਦਾ ਫਾਸਲਾ ਵਧਾਂਦਾ ਜਾਂਦਾ ਹੈ ਦੂਸਰੀ ਨਾਲ ਨੇੜਤਾ ਵਧਦੀ ਜਾਂਦੀ ਹੈ। ਘਰ ਵਿੱਚੋਂ ਬੰਦਾ ਗ਼ੈਰਹਾਜ਼ਰ ਹੋ ਜਾਂਦਾ ਹੈ। ਕਿਉਂਕਿ ਬਿਰਤੀ ਤਾਂ ਫਿਰ ਉਸ ਦੂਸਰੀ ਔਰਤ ਦੀ ਪ੍ਰਸੰਸਾ ਵਿੱਚ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਿੱਚ ਲੱਗੀ ਹੁੰਦੀ ਹੈ। ਛੁਪੀ ਔਰਤ ਹੁਸਨ ਦੀ ਪਰੀ ਤੇ ਹੀਰ ਹਕੀਕੀ ਬਣਾਈ ਜਾ ਰਹੀ ਹੁੰਦੀ ਹੈ। ਉਸ ਨੂੰ ਰਿਝਾਉਣ ਲਈ ਪ੍ਰੇਮ-ਸੰਗੀਤ ਦੀਆਂ ਮਧੁਰ ਧੁਨਾਂ ਤੇ ਹਾਸਿਆਂ ਦੀਆਂ ਛਣਕਾਰਾਂ ਦਾ ਅਹਿਸਾਸ ਦਿੱਤਾ ਜਾਂਦਾ ਹੈ। ਉਸ ਦੀ ਉਸਤਤ ਵਿੱਚ ਪਿਯੂ, ਪਿਯੂ ਦਾ ਗਾਇਨ ਆਪਣੀ ਪ੍ਰਸੰਸਾ ਵਿੱਚ ਸਿਰਫ਼ ਕੁਝ ਸ਼ਬਦਾਂ ਦਾ ਹਾਸਿਲ। ਮਾਨਸਿਕ ਤੇ ਸਰੀਰਕ ਭੁੱਖ ਦਾ ਸਿੱਧਾ ਸੰਕੇਤ। ਬਾਗ਼ਾਂ ਵਿੱਚ ਮੋਰ ਨੱਚ ਉੱਠਦਾ ਹੈ। ਜਿਸਦਾ ਕਿ ਕਈ ਔਰਤਾਂ ਨੂੰ ਉੱਕਾ ਹੀ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਉਸ ਪਿਆਰ ਦੇ ਭਿਖਾਰੀ ਦੇ ਠੂਠੇ ਵਿੱਚ ਡਿੱਗ ਪੈਂਦੀਆਂ ਹਨ ਜੋ ਉਹਨਾਂ ਨੂੰ ਪ੍ਰੇਮਿਕਾ ਦਾ ਭਰਮ ਦੇ ਕੇ ਸਾਈਡ ਡਿਸ਼ ਵਾਂਗ ਰੱਖਦਾ ਹੈ। ਮਰਦ ਦੀ ਇਹ ਫਿਤਰਤ ਹੈ ਕਿ ਉਹ ਆਪਣੀ ਔਰਤ ਨੂੰ ਹਮੇਸ਼ਾ ਦੂਸਰੀ ਔਰਤਦੇ ਡਰ ਹੇਠ ਦਬਾ ਕੇ ਰੱਖਦਾ ਹੈ। - ਬੇਗਾਨੀ ਪਰਾਈ - ਤਾਂ ਜੁ ਉਹ ਬਹੁਤੀ ਭੂਏ ਨਾ ਹੋ ਜਾਏ ਤੇ ਉਸ ਦੀਆਂ ਇਛਾਵਾਂ ਭੱਜ ਭੱਜ ਕੇ ਪੂਰੀਆਂ ਕਰਦੀ ਰਹੇ। ਜਾਂ ਸ਼ਾਇਦ ਅੰਦਰ ਛੁਪੀ ਬਦਲੇ ਤੇ ਈਰਖਾ ਦੀ ਅੱਗ ਨੂੰ ਠੰਢਾ ਕਰਨ ਦਾ ਵਸੀਲਾ ਬਣਿਆ ਰਹੇ।

------

ਅਜੋਕੇ ਪੂੰਜੀਵਾਦੀ ਸਮਾਜ ਵਿੱਚ ਹਰ ਚੀਜ਼ ਵਿਕਣ ਲਈ ਤਿਆਰ ਹੈ। ਸਿਰਫ਼ ਸਹੀ ਕੀਮਤ ਦੇਣ ਵਾਲੇ ਖ਼ਰੀਦਦਾਰ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ ਕਹਾਣੀ ਕਮਜਾਤਇਹ ਨੁਕਤਾ ਵੀ ਉਭਾਰਦੀ ਹੈ ਕਿ ਔਰਤਾਂ ਹੀ ਮਹਿਜ਼ ਕੁਝ ਕੁ ਡਾਲਰਾਂ ਖਾਤਰ ਅਦਾਲਤਾਂ ਵਿੱਚ ਔਰਤਾਂ ਖ਼ਿਲਾਫ਼ ਝੂਠੀਆਂ ਗਵਾਹੀਆਂ ਦੇਣ ਲਈ ਤਿਆਰ ਹੋ ਜਾਂਦੀਆਂ ਹਨ:

....ਅਦਾਲਤ-ਕਮਰੇ ਵਿੱਚ ਵੜ੍ਹਦਿਆਂ ਮੇਰੀ ਨਿਗਾਹ ਤਾਈ ਬੰਤੀ ਤੇ ਪਈ, ਜਿਸ ਨੂੰ ਉਹ ਗਵਾਹੀ ਦੇਣ ਲਿਆਏ ਸਨ। ਜਿਸ ਨੇ ਅਦਾਲਤ ਨੂੰ ਦੱਸਣਾ ਸੀ ਕਿ ਉਸ ਨੇ ਮੈਨੂੰ ਕਿੱਥੇ ਤੇ ਕੀਹਦੇ ਨਾਲ ਹੱਥ ਵਿਚ ਹੱਥ ਪਾਈ ਦੇਖਿਆ ਸੀ। ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣ ਅਤੇ ਭੰਡੀ ਕਰਨ ਵਿਚ ਕਾਫੀ ਮਾਹਿਰ ਹੈ, ਅਤੇ ਲੋਕ ਅਜਿਹਿਆਂ ਝਗੜਿਆਂ ਵਿੱਚ ਉਸਨੂੰ ਅਕਸਰ ਗਵਾਹੀ ਲਈ ਭਾੜੇ ਤੇ ਲੈ ਜਾਂਦੇ ਹਨ।

-----

ਵਿਦੇਸ਼ਾਂ ਵਿੱਚ ਰਹਿੰਦੀਆਂ ਭਾਰਤੀ/ਪੰਜਾਬੀ ਮੂਲ ਦੀਆਂ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਨ੍ਹਾਂ ਉੱਤੇ ਪ੍ਰਵਾਰ ਦੇ ਮਰਦਾਂ ਵੱਲੋਂ ਕੀਤੇ ਜਾਂਦੇ ਹਿੰਸਾਤਮਕ ਹਮਲੇ। ਇਸ ਦਾ ਮਤਲਬ ਇਹ ਨਹੀਂ ਕਿ ਇੰਡੀਆ/ਪਾਕਿਸਤਾਨ ਵਿੱਚ ਮਰਦਾਂ ਵੱਲੋਂ ਔਰਤਾਂ ਦੀ ਕੁੱਟਮਾਰ ਕੀਤੀ ਨਹੀਂ ਜਾਂਦੀ; ਵਿਦੇਸ਼ਾਂ ਵਿੱਚ ਇਹ ਗੱਲ ਵਧੇਰੇ ਉੱਭਰ ਕੇ ਇਸ ਲਈ ਵੀ ਆ ਜਾਂਦੀ ਹੈ ਕਿ ਕੈਨੇਡਾ ਦਾ ਕਾਨੂੰਨ ਅਜਿਹੀ ਹਾਲਤ ਵਿੱਚ ਹਿੰਸਾ ਦੀ ਸਿ਼ਕਾਰ ਹੋਈ ਔਰਤ ਦੀ ਮੱਦਦ ਕਰਦਾ ਹੈ ਅਤੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੰਦਾ ਹੈ; ਜਦੋਂ ਕਿ ਇੰਡੀਆ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਤਾਂ ਅਨੇਕਾਂ ਹਾਲਤਾਂ ਵਿੱਚ ਹਿੰਸਾ ਤੋਂ ਬਚਣ ਲਈ ਪੁਲਿਸ ਕੋਲ ਪਹੁੰਚੀ ਔਰਤ ਦਾ ਪੁਲਿਸ ਅਧਿਕਾਰੀਆਂ ਵੱਲੋਂ ਹੀ ਬਲਾਤਕਾਰ ਕਰ ਦਿੱਤਾ ਜਾਂਦਾ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਪਤਨੀਆਂ ਉੱਤੇ, ਅਕਸਰ, ਸ਼ਰਾਬੀ ਪਤੀਆ ਵੱਲੋਂ ਹੀ ਹਿੰਸਾਤਮਕ ਹਮਲੇ ਕੀਤੇ ਜਾਂਦੇ ਹਨ। ਸ਼ਰਾਬੀ ਪਤੀਆਂ ਵੱਲੋਂ ਨਿੱਤ ਆਪਣੀਆਂ ਪਤਨੀਆਂ ਦੀ ਕੀਤੀ ਜਾਂਦੀ ਕੁੱਟਮਾਰ, ਅਕਸਰ, ਅਖੀਰ ਉਨ੍ਹਾਂ ਦੇ ਪ੍ਰਵਾਰਾਂ ਨੂੰ ਖੇਰੂੰ ਖੇਰੂੰ ਕਰ ਦਿੰਦੀ ਹੈ।

-----

ਅਨੇਕਾਂ ਹਾਲਤਾਂ ਵਿੱਚ ਪਤੀ-ਪਤਨੀ ਦੀ ਨਿੱਤ ਹੁੰਦੀ ਆਪਸ ਵਿੱਚ ਮਾਰ ਕੁਟਾਈ ਦਾ ਵੱਡਾ ਕਾਰਨ ਹੁੰਦਾ ਹੈ-ਬੇਜੋੜ ਵਿਆਹ। ਕਈ ਹਾਲਤਾਂ ਵਿੱਚ ਤਾਂ ਅਨਪੜ੍ਹ ਪਤੀ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਲਿਆਂਦੇ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕਿਸੀ ਵੀ ਤਰ੍ਹਾਂ ਦੀ ਭਾਵਨਾਤਮਕ ਸਾਂਝ ਨ ਬਣ ਸਕਣ ਕਾਰਨ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਹਿੰਸਾਤਮਕ ਹਮਲੇ ਕਰਦੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀਆਂ ਪਤਨੀਆਂ ਉੱਤੇ ਹਰ ਗੱਲ ਵਿੱਚ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਹਾਲਤ ਵਿੱਚ ਆਪਣੇ ਨਾਲੋਂ ਨੀਵਾਂ ਦਿਖਾਉਣ ਲਈ ਕੋਈ-ਨ-ਕੋਈ ਸਾਜ਼ਿਸ਼ ਘੜਨ ਵਿੱਚ ਰੁੱਝੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀ ਧੌਂਸ ਜਮਾਕੇ ਆਪਣੀਆਂ ਪਤਨੀਆਂ ਤੋਂ ਆਪਣੀ ਹਰ ਠੀਕ ਜਾਂ ਗਲਤ ਗੱਲ ਮਨਵਾਉਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੰਦੇ ਹਨ। ਇਹ ਸਿੱਧ ਕਰਨ ਲਈ ਕਿ ਉਹ ਔਰਤਾਂ ਨਿਹੱਥੀਆਂ ਹਨ ਅਤੇ ਉਹ ਆਪਣੇ ਬਚਾਅ ਲਈ ਕੁਝ ਵੀ ਕਰਨ ਦੇ ਸਮਰੱਥ ਨਹੀਂ। ਜੇਕਰ ਉਨ੍ਹਾਂ ਨੇ ਆਪਣੇ ਪਤੀਆਂ ਦੇ ਘਰਾਂ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਪਤੀਆਂ ਦੀ ਧੌਂਸ ਮੰਨਣੀ ਹੀ ਪਵੇਗੀ। ਮੈਂ ਅਜਿਹੀਆਂ ਔਰਤਾਂ ਵੀ ਦੇਖੀਆਂ ਹਨ ਜੋ ਆਪਣੇ ਅਜਿਹੇ ਘੁਮੰਡੀ ਸ਼ਰਾਬੀ ਪਤੀਆਂ ਤੋਂ ਬੇਤਹਾਸ਼ਾ ਕੁੱਟ ਖਾਣ ਤੋਂ ਬਾਹਦ ਵੀ ਉਨ੍ਹਾਂ ਦੀਆਂ ਮਿੰਨਤਾਂ ਕਰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਜਿੰਨਾ ਮਰਜ਼ੀ ਕੁੱਟ ਮਾਰ ਲਵੇ ਪਰ ਉਨ੍ਹਾਂ ਨੂੰ ਕਦੀ ਛੱਡ ਕੇ ਨਾ ਜਾਵੇ। ਉਹ ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਆਪਣੇ ਆਪਨੂੰ ਏਨਾ ਬੇਸਹਾਰਾ ਸਮਝਦੀਆਂ ਹਨ ਕਿ ਮਹਿਜ਼, ਹਰ ਸ਼ਾਮ ਨੂੰ ਸਿਰ ਲੁਕਾਉਣ ਲਈ ਲੋੜੀਂਦੀ ਛੱਤ ਖਾਤਰ ਉਹ ਆਪਣੀ ਮਾਨਸਿਕ ਅਤੇ ਸਰੀਰਕ ਤਬਾਹੀ ਕਰਵਾਉਣ ਲਈ ਵੀ ਤਿਆਰ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਤ੍ਰਾਸਦਿਕ ਸਥਿਤੀ ਦਾ ਵਿਸਥਾਰ ਸਾਨੂੰ ਦਹਿਲੀਜ਼ ਤੋਂ ਪਾਰਕਹਾਣੀ ਵਿੱਚ ਵੀ ਮਿਲਦਾ ਹੈ:

.........

...ਖ਼ਾਸ ਕਰਕੇ ਉਦੋਂ ਜਦੋਂ ਉਸਦਾ ਪਤੀ ਉਸ ਉੱਤੇ ਐਵੇਂ ਜ਼ੁਲਮ ਢਾਹੁੰਦਾ, ਬੇਰਹਿਮੀ ਨਾਲ ਮਾਰਦਾ ਤੇ ਕਈ ਵਾਰ ਅੱਧੀ ਰਾਤੀਂ ਸੀਤ ਠੰਢੀਆਂ ਰਾਤਾਂ ਵਿੱਚ ਘਰੋਂ ਬਾਹਰ ਕੱਢ ਦਿੰਦਾ। ਉਹ ਇਸ ਤਰ੍ਹਾਂ ਦਹਿਲੀਜ਼ ਤੋਂ ਬਾਹਰ ਹੋਣ ਸਮੇਂ ਅੰਦਰੋਂ ਅੰਦਰੀ ਸ਼ਰਮ ਨਾਲ ਮਰ ਰਹੀ ਹੁੰਦੀ ਤੇ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਂਦੀ ਪਤੀ ਦੇ ਮਿੰਨਤ ਤਰਲੇ ਕਰਦੀ ਕਿ ਉਹਨੂੰ ਘਰ ਦੇ ਅੰਦਰ ਫਿਰ ਵਾੜ ਲਵੇ। ਕਈ ਵਾਰ ਅੱਧੀ ਰਾਤ ਦਾ ਵੇਲਾ ਹੁੰਦਾ। ਕਈ ਵਾਰ ਬਰਫ਼ ਪਈ ਹੁਮਦਿ। ਪਰ ਚਤਰਥ ਦਾ ਦਿਲ ਨਾ ਪਸੀਜਦਾ। ਚੇਤਨਾ ਕਈ ਕਈ ਘੰਟੇ ਬਾਹਰ ਕੰਧ ਨਾਲ ਲੱਗ ਕੇ ਖੜੋਤੀ ਰਹਿੰਦੀ ਜਾਂ ਉਥੇ ਈ ਕੰਧ ਨਾਲ ਢਾਸਣਾ ਲਾ ਕੇ ਬੈਠ ਜਾਂਦੀ ਤੇ ਗੋਡਿਆਂ ਵਿਚ ਮੂੰਹ ਛੁਪਾ ਲੈਂਦੀ। ਉਸ ਪਿੰਡੇ ਤੇ ਮਹਿਸੂਸ ਕੀਤਾ ਕਿ ਜ਼ੁਲਮ ਦਾ ਕੋਈ ਅੰਤ ਨਹੀਂ ਹੁੰਦਾ। ਹਾਂ ਚਤਰਥ ਨੇ ਚੇਤਨਾ ਨੂੰ ਸਿਰਫ਼ ਜਾਨੋ ਨਹੀਂ ਸੀ ਮਾਰਿਆ ਪਰ ਜਿਸ ਤਰ੍ਹਾਂ ਉਸਦੇ ਸਰੀਰ ਨੂੰ ਬਾਰ ਬਾਰ ਕੋਹਿਆ ਸੀ ਉਸ ਨਾਲ ਚੇਤਨਾ ਦੀ ਆਤਮਾ ਅਤੇ ਮਨੋਬਲ ਕਦੇ ਦੇ ਮਰ ਚੁੱਕੇ ਸਨ। ਇਸੇ ਲਈ ਹਰ ਅਜਿਹੀ ਘਟਨਾ ਤੋਂ ਬਾਅਦ ਚੇਤਨਾ ਨੂੰ ਚਤਰਥ ਤੋਂ ਮੁਆਫੀ਼ ਮੰਗਣੀ ਪੈਂਦੀ ਤੇ ਆਪਣੀ ਗਲਤੀ ਮੰਨਣੀ ਪੈਂਦੀ। ਤੇ ਇਹੀ ਇਕ ਮੁਆਫ਼ੀ ਸੀ ਜੋ ਫੇਰ ਉਹਨਾਂ ਨੂੰ ਜੋੜ ਦਿੰਦੀ ਤੇ ਜਿਸ ਨਾਲ ਚਤਰਥ ਆਪਣੇ ਆਪ ਨੂੰ ਠੀਕ ਕਰਾਰ ਦਿੰਦਾ ਅਤੇ ਆਪਣੇ ਆਪ ਨੂੰ ਹੋਰ ਉਚੇਰਾ ਸਮਝਣ ਲੱਗ ਪੈਂਦਾ।

-----

ਕਹਾਣੀ-ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਮਨ ਦੀਆਂ ਅੱਖਾਂਪਰਵਾਸੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦੀ ਹੈ। ਇਸ ਸਮੱਸਿਆ ਦਾ ਵਧੇਰੇ ਸਬੰਧ ਪਤੀ ਜਾਂ ਪਤਨੀ ਦੇ ਮਾਪਿਆਂ ਨਾਲ ਹੈ। ਸੁਖੀ ਵਸ ਰਹੇ ਪਤੀ-ਪਤਨੀ ਜਿਉਂ ਹੀ ਆਪਣੇ ਮਾਪਿਆਂ ਨੂੰ ਆਪਣੇ ਨਾਲ ਰਹਿਣ ਲਈ ਕੈਨੇਡਾ ਬੁਲਾ ਲੈਂਦੇ ਹਨ ਤਾਂ ਬਜ਼ੁਰਗ ਮਾਪੇ ਆਉਂਦਿਆਂ ਹੀ ਘਰ ਦਾ ਅਮਨ ਭੰਗ ਕਰ ਦਿੰਦੇ ਹਨ। ਉਹ ਘਰ ਵਿੱਚ ਹਰ ਗੱਲ ਆਪਣੀ ਮਰਜ਼ੀ ਨਾਲ ਕਰਵਾਉਣ ਦੀ ਕੋਸਿਸ਼ ਕਰਦੇ ਹਨ। ਜਿਸ ਨਾਲ ਘਰ ਵਿੱਚ ਨਿਤ ਭਾਂਡੇ ਖੜਕਣ ਲੱਗਦੇ ਹਨ, ਗਾਲੀ-ਗਲੋਚ ਹੋਣ ਲੱਗਦਾ ਹੈ। ਉਨ੍ਹਾਂ ਦੇ ਆਪਣੇ ਹੀ ਬੱਚੇ ਜੋ ਮਾਪਿਆਂ ਨੂੰ ਚਾਈਂ ਚਾਈਂ ਆਪਣੇ ਕੋਲ ਕੈਨੇਡਾ ਬੁਲਾਉਂਦੇ ਹਨ - ਅਜਿਹੀਆਂ ਸੋਚਾਂ ਵਿੱਚ ਡੁੱਬ ਜਾਂਦੇ ਹਨ ਕਿ ਇਨ੍ਹਾਂ ਬਜ਼ੁਰਗ ਮਾਪਿਆਂ ਨੂੰ ਘਰ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ - ਤਾਂ ਜੁ ਉਹ ਘਰ ਵਿੱਚ ਮੁੜ ਅਮਨ ਵਾਲੀ ਜ਼ਿੰਦਗੀ ਜਿਉਂ ਸਕਣ। ਮਨ ਦੀਆਂ ਅੱਖਾਂਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਇਸ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦੀਆਂ ਹਨ:

.........

...ਦੇਖੋ ਕਿਵੇਂ ਲੋਕਾਂ ਦੇ ਘਰ ਤਬਾਹ ਹੋਈ ਜਾ ਰਹੇ ਹਨ, ਚੰਗੇ ਭਲੇ ਪਤੀ-ਪਤਨੀ ਰਹਿ ਰਹੇ ਹੁੰਦੇ ਹਨ, ਮਾਪਿਆਂ ਦੇ, ਚਾਹੇ ਪਤੀ ਦੇ ਹੋਣ ਚਾਹੇ ਪਤਨੀ ਦੇ ਹੋਣ, ਆਉਣ ਦੀ ਦੇਰ ਹੈ ਘਰ ਵਿਚ ਭੜਦੋਲ ਪੈ ਜਾਂਦੈ। ਉਹ ਆਪਣਾ ਬਜ਼ੁਰਗੀ ਦਾ ਕੰਟਰੋਲ ਨਹੀਂ ਛੱਡ ਸਕਦੇ, ਤੇ ਹੁਕਮ ਅਦੂਲੀ ਕਰਨ ਵਾਲੇ ਦਾ ਭਾਂਡਾ ਛੇਕ ਹੋ ਜਾਂਦਾ ਹੈ। ਬਣੇ ਬਣਾਏ ਆਲ੍ਹਣੇ ਦੇ ਤੀਲੇ ਬਿਖਰ ਜਾਂਦੇ ਹਨ...

-----

ਕਥਾ ਤੇਰੀ ਮੇਰੀਕਹਾਣੀ-ਸੰਗ੍ਰਹਿ ਬਾਰੇ ਆਪਣਾ ਚਰਚਾ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਗੱਲਾਂ ਕਰਨੀਆਂ ਜ਼ਰੂਰੀ ਸਮਝਦਾ ਹਾਂ। ਇੱਕ ਤਾਂ ਜਿਹੜੀ ਗੱਲ ਖਾਸ ਤੌਰ ਉੱਤੇ ਰੜਕਦੀ ਹੈ ਉਹ ਇਹ ਹੈ ਕਿ ਇਸ ਕਹਾਣੀ-ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿੱਚ ਨਾਟਕੀ ਤਣਾਓ ਦੀ ਕਮੀ ਹੈ। ਇਹ ਕੁਝ ਕਹਾਣੀਆਂ, ਮਹਿਜ਼, ਅਖ਼ਬਾਰੀ ਖ਼ਬਰਾਂ ਬਣਕੇ ਰਹਿ ਗਈਆਂ ਹਨ।

-----

ਦੂਜੀ ਗੱਲ, ਕਹਾਣੀ ਨੰਬਰ ਵੰਨ ਵੰਨਬਾਰੇ ਹੈ। ਇਸ ਕਹਾਣੀ ਤੋਂ ਪ੍ਰਭਾਵ ਇਹ ਬਣਦਾ ਹੈ ਕਿ ਲੇਖਿਕਾ ਇਸ ਕਹਾਣੀ-ਸੰਗ੍ਰਹਿ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਦੀ ਕਰਦੀ ਅਚਾਨਕ ਮਰਦ ਦਾ ਪੱਖ ਵੀ ਪੂਰਨ ਲੱਗ ਪਈ ਹੈ। ਜਿਸ ਕਾਰਨ ਪਾਠਕ ਲਈ ਸਥਿਤੀ ਦਵੰਦਮਈ ਹੋ ਜਾਂਦੀ ਹੈ ਕਿ ਲੇਖਿਕਾ ਔਰਤ-ਪੱਖੀ ਹੈ ਕਿ ਮਰਦ-ਪੱਖੀ ਜਾਂ ਕਿ ਉਹ ਦੋਹਾਂ ਧਿਰਾਂ ਦੀ ਹੀ ਨੇੜਤਾ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਘਿਰ ਗਈ ਹੇ? ਪੇਸ਼ ਹਨ ਅਜਿਹੀ ਸਥਿਤੀ ਨੂੰ ਬਿਆਨ ਕਰਦੀਆਂ ਕਹਾਣੀ ਨਾਈਨ ਵੰਨ ਵੰਨਦੀਆਂ ਕੁਝ ਸਤਰਾਂ:

........

...ਇਹ ਘਰਾਂ ਦੇ ਛੋਟੇ ਮੋਟੇ ਝਗੜਿਆਂ ਵਿਚ ਪੁਲੀਸ, ਇਹ ਕਾਨੂੰਨ, ਇਹ ਸਜ਼ਾ ਇਹ ਸਭ ਕੁਝ ਕਿਵੇਂ ਰਿਸ਼ਤਿਆਂ ਵਿਚ ਘੁਸੜ ਆਇਆ। ਉਥੇ ਪੰਜਾਬ ਵਿੱਚ ਅਜੇ ਵੀ ਕਦਰਾਂ ਕੀਮਤਾਂ ਹਨ ਲੋਕ ਲੜਦੇ ਝਗੜਦੇ ਹਨ ਇਕ ਦੂਜੇ ਨਾਲ ਗੁੱਸੇ ਹੋ ਜਾਂਦੇ ਹਨ ਫਿਰ ਇਕ ਦੂਜੇ ਨੂੰ ਮਨਾ ਲੈਂਦੇ ਹਨ। ਰਿਸ਼ਤੇ ਪਿਆਰ ਤੇ ਵਿਸ਼ਵਾਸ ਉੱਤੇ ਕਾਇਮ ਰਹਿੰਦੇ ਹਨ, ਉੱਥੋਂ ਦੀਆਂ ਘਰੇਲੂ ਲੜਾਈਆਂ ਆਦਮੀ ਨੂੰ ਮੁਜਰਿਮ ਨਹੀਂ ਬਣਾਉਂਦੀਆਂ ਨਾ ਹੀ ਔਰਤ ਨੂੰ ਜਿ਼ਆਦਾ ਪੀੜਤ। ਕਿਉਂਕਿ ਉੱਥੇ ਗਲੀ ਮੁਹੱਲੇ ਵਾਲੇ, ਦੋਸਤ, ਰਿਸ਼ਤੇਦਾਰ ਵਿਚ ਪੈ ਕੇ ਪਤੀ ਪਤਨੀ ਦੇ ਝਗੜਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ। ਰਿਸ਼ਤੇ ਵਿੱਚ ਤ੍ਰੇੜ ਨਹੀਂ ਪੈਂਦੀ। ਇੱਥੇ ਤਾਂ ਮਾੜੀ ਜਿਹੀ ਗੱਲ ਹੁੰਦੀ ਹੈ ਝੱਟ ਔਰਤਾਂ 911 ਕਾਲ ਕਰ ਦੇਂਦੀਆਂ ਹਨ ਅਤੇ ਪੁਲੀਸ ਝੱਟ ਬੰਦੇ ਨੂੰ ਹੱਥਕੜੀਆਂ ਲਾ ਕੇ ਲੈ ਜਾਂਦੀ ਹੈ, ਰੱਜ ਕੇ ਬੰਦਾ ਜ਼ਲੀਲ ਹੁੰਦਾ ਹੈ।

-----

ਸੁਰਜੀਤ ਕਲਸੀ ਦਾ ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਛੇੜਦਾ ਹੈ। ਇਹ ਇੱਕ ਮਹੱਤਵ-ਪੂਰਨ ਵਿਸ਼ਾ ਹੈ। ਸਾਡੇ ਸਮਾਜ ਵਿੱਚ ਔਰਤ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਰੋਕਣ ਅਤੇ ਔਰਤ ਨੂੰ ਉਸਦੇ ਬਣਦੇ ਹੱਕ ਦਿਵਾਉਣ ਲਈ ਅਜਿਹੀ ਲੋਕ-ਚੇਤਨਤਾ ਪੈਦਾ ਕਰਨੀ ਸਾਡੇ ਸਮਿਆਂ ਦੀ ਲੋੜ ਹੈ।


1 comment:

ਸੁਖਿੰਦਰ said...

Hello Tamanna:
Thanks for posting my article on SURJEET KALSEY.
Everyday, I was visiting your blog and waiting for you to come back.
Keep it up. Don't work too hard.
I wish you good health.
With best wishes,
Sukhinder
Editor: SANVAD
Toronto ON Canada
Email: poet_sukhinder@hotmail.com