ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਰਿਸ਼ੀ ਗੁਲਾਟੀ - ਯਾਦਾਂ

ਅੰਮ੍ਰਿਤਸਰ ਦਾ ਟੂਰ
( ਪੋਸਟ: ਨਵੰਬਰ 1, 2008)
ਸਫ਼ਰ ਤੇ ਜਾਣ ਲੱਗਿਆਂ ਛੇ-ਸੱਤ ਅਖ਼ਬਾਰਾਂ ਤੇ ਇੱਕ-ਦੋ ਕਿਤਾਬਾਂ ਹਮੇਸ਼ਾਂ ਹੀ ਮੇਰੀਆਂ ਹਮਸਫ਼ਰ ਹੁੰਦੀਆਂ ਹਨ । ਪਹਿਲਾਂ ਸੁਰਖ਼ੀਆਂ ਤੇ ਨਜ਼ਰ ਮਾਰਦਾ ਹਾਂ ਤੇ ਵਿਹਲੀਆਂ ਹੁੰਦੀਆਂ ਜਾਂਦੀਆਂ ਅਖ਼ਬਾਰਾਂ ਬੱਸ ਦੀਆਂ ਸੀਟਾਂ ਵਿੱਚ ਅੜਾਉਂਦਾ ਜਾਂਦਾ ਹਾਂ ਤਾਂ ਜੋ ਮੇਰੇ ਸੀਟ ਛੱਡਣ ਤੋਂ ਬਾਅਦ ਕੋਈ ਹੋਰ ਸੱਜਣ ਵੀ ਪੜ੍ਹ ਸਕੇ । ਅਕਸਰ ਮੇਰਾ ਸਵੇਰ ਦਾ ਸਫ਼ਰ ਦਸ ਵਜੇ ਤੱਕ ਖ਼ਤਮ ਹੋ ਜਾਂਦਾ ਹੈ । ਸੀਟ ਦੇ ਮਾਮਲੇ ਵਿੱਚ ਮੇਰੀ ਚੋਣ ਡਰਾਈਵਰ ਦੇ ਪਿਛਲੇ ਪਾਸੇ ਦੀ ਤੀਜੀ ਸੀਟ ਹੁੰਦੀ ਹੈ, ਕਿਉਂ ਜੋ ਪਹਿਲੀ ਤੇ ਦੂਜੀ ਸੀਟ ਤੇ ਬੈਠ ਕੇ ਬੱਸ ਵਿੱਚ ਲੱਗਿਆ ਟੈਲੀਵੀਜ਼ਨ ਦੇਖਣ ਲਈ ਮੂੰਹ ਉੱਪਰ ਚੁੱਕਣਾ ਪੈਂਦਾ ਹੈ ਤੇ ਜ਼ਿਆਦਾ ਪਿੱਛੇ ਬੈਠ ਕੇ ਟੈਲੀਵੀਜ਼ਨ ਦੇਖਣ ਦਾ ਸੁਆਦ ਨਹੀਂ ਆਉਂਦਾ । ਪਿਛਲੇ ਦਿਨੀਂ ਕਿਸੇ ਘਰੇਲੂ ਕੰਮ ਖ਼ਾਤਰ ਅੰਮ੍ਰਿਤਸਰ ਗਿਆ ਸੀ ਤੇ ਕੰਮ ਨਾ ਹੋਣ ਕਰਕੇ ਵਾਪਸੀ ਲਈ ਬਾਰ੍ਹਾਂ ਵਜੇ ਦੇ ਕਰੀਬ ਪ੍ਰਾਈਵੇਟ ਬੱਸ ਫੜ ਲਈ । ਦੋ-ਤਿੰਨ ਬੱਸਾਂ ਲੰਘਾ ਕੇ ਰਤਾ “ਚੰਗੀ ਬੱਸ” ਮਿਲੀ ਸੀ, ਜਿਸਨੇ ਮੇਰੇ ਅਰਗੇ ਕਈਆਂ ਦਾ ਟੈਲੀਵੀਜ਼ਨ ਦੇਖਣ ਦਾ ਭੁੱਸ ਵੀ ਪੂਰਾ ਕਰਨਾ ਸੀ । “ਰੋਟੀ ਵੇਲਾ” ਹੋਇਆ ਹੋਣ ਕਰਕੇ ਬੱਸ ਅੱਡੇ ਤੇ ਹੀ ਛੋਲੇ-ਭਟੂਰੇ ਖਾ ਲਏ । ਅੰਮ੍ਰਿਤਸਰ ਦੇ ਬੱਸ ਅੱਡੇ ਤੇ ਫ਼ਰੀਦਕੋਟ ਦੀਆਂ ਬੱਸਾਂ ਖੜਨ ਵਾਲੇ ਪਾਸੇ ਇੱਕ ਹੀ ਛੋਲੇ-ਭਟੂਰਿਆਂ ਵਾਲੀ ਸਟਾਲ ਹੈ । ਜਿੱਥੇ ਇੱਕ ਗੰਦਾ ਜਿਹਾ “ਕਰਾੜ” ਬੈਠਾ ਹੁੰਦਾ ਹੈ । ਉਹ ਦੁਕਾਨਦਾਰ ਮੈਨੂੰ ਪਹਿਲੀ ਨਜ਼ਰੇ ਬਾਊ ਜੀ ਲੱਗਾ ਸੀ ਪਰ ਛੋਲੇ ਭਟੂਰੇ ਖਾਣ ਤੋਂ ਬਾਅਦ ਜਦੋਂ ਉਸਦੇ ਨੌਕਰ ਨੂੰ ਸਾਡੀਆਂ ਜੂਠੀਆਂ ਪਲੇਟਾਂ ਸਾਫ਼ ਕਰਦਿਆਂ ਤੱਕਿਆ ਤਾਂ ਉਸ ਬਾਊ ਦੀ ਸ਼ਕਲ ਭੈੜੀ ਜਾਪਣ ਲੱਗ ਪਈ । ਉਸਨੇ ਆਪਣੇ ਸਟਾਲ ਵਿੱਚ ਤਿੰਨ ਪੀਪੇ ਰੱਖੇ ਹੋਏ ਸਨ । ਪਹਿਲੇ ਵਿੱਚ ਉਹ ਜੂਠੀ ਥਾਲੀ ਛੰਡਦਾ ਸੀ, ਦੂਜੇ ਵਿੱਚ ਸਰਫ਼ ਵਾਲਾ ਪਾਣੀ ਪਾਇਆ ਸੀ ਤੇ ਤੀਜੇ ਵਿੱਚ “ਸਾਫ਼” ਪਾਣੀ ਸੀ, ਜਿਸ ਵਿੱਚ ਉਹ ਪਹਿਲੀ ਤੇ ਆਖ਼ਰੀ ਵਾਰ ਥਾਲ਼ੀ ਨੂੰ ਖੰਘਾਲਦਾ ਸੀ । ਉਸਦਾ ਭਾਂਡੇ ਸਾਫ਼ ਕਰਨ ਦਾ ਇਹ ਸਟਾਇਲ ਦੇਖ ਕੇ ਖਾਧੇ ਗਏ ਛੋਲ-ਭਟੂਰੇ ਪੇਟ ਵਿੱਚ ਬਗ਼ਾਵਤ ਕਰਨ ਤੇ ਉਤਾਰੂ ਹੋ ਗਏ । ਉਹਨਾਂ ਦਾ ਮਿੰਨਤ ਤਰਲਾ ਕਰਦਿਆਂ, ਚਿੱਤ ਵਿੱਚ ਹੀ ਬਾਊ ਤੇ ਉਸਦੇ ਨੌਕਰ ਦੀ ਐਸੀ ਦੀ ਤੈਸੀ ਫੇਰਦਿਆਂ ਬੱਸ ਵਿੱਚ ਆ ਬੈਠਾ ਤੇ ਟੈਲੀਵਿਜ਼ਨ ‘ਤੇ ਪੰਜਾਬੀਅਤ ਦੀਆਂ ਧੱਜੀਆਂ ਉੱਡਦਿਆਂ ਦੇਖਦੇ ਹੋਏ, ਆਪਣਾ ਚਿੱਤ ਟਿਕਾਉਣ ਦੀ ਕੋਸਿ਼ਸ਼ ਕਰਦਿਆਂ, ਸਫ਼ਰ ਵਿੱਚ ਫ਼ਲ ਖਾ ਕੇ ਟਾਈਮ ਪਾਸ ਕਰਨ ਵਾਲੀ ਆਪਣੀ ਆਦਤ ਤੇ ਕਾਇਮ ਰਹਿਣ ਦੇ ਵਾਅਦੇ ਆਪਣੇ ਆਪ ਨਾਲ਼ ਕਰਨ ਲੱਗਾ । ਏਨੇ ਵਿੱਚ ਸੱਠ-ਪੈਂਹਠ ਸਾਲ ਦਾ ਅੰਮ੍ਰਿਤਧਾਰੀ ਬਾਬਾ ਬੱਸ ਦੀ ਪਿਛਲੀ ਬਾਰੀ ਵਿੱਚ ਚੜ੍ਹਿਆ ਤੇ ਟੈਲੀਵਿਜ਼ਨ ਤੇ ਅੱਖਾਂ ਗੱਡੀ ਡਰਾਇਵਰ ਦੀ ਪਿਛਲੀ ਸੀਟ ਤੇ ਆ ਬੈਠਾ । ਰੱਬ ਜਾਣੇ, ਬੈਠਣ ਤੋਂ ਪਹਿਲਾਂ ਕਿੰਝ ਉਸਦੀ ਮਿਆਨ ਵਿੱਚੋਂ ਕਿਰਪਾਨ ਨਿੱਕਲ ਕੇ ਡਿੱਗ ਪਈ । ਇੱਕ ਨੌਜਵਾਨ ਨੇ ਦੋਹੀਂ ਹੱਥੀਂ ਕਿਰਪਾਨ ਚੁੱਕ ਕੇ ਬੜੇ ਸਤਿਕਾਰ ਨਾਲ਼ ਮੱਥੇ ਨਾਲ਼ ਛੁਹਾਈ ਤੇ ਬਾਬੇ ਨੂੰ ਫੜਾ ਦਿੱਤੀ । ਬਾਬੇ ਨੇ ਕਿਰਪਾਨ ਨੂੰ ਮਿਆਨ ਵਿੱਚ ਇੰਝ ਤੁੰਨਿਆ ਜਿਵੇਂ ਉਸਦੀ ਜਾਗੀਰ ਹੋਵੇ ਤੇ ਫਿਰ ਟੈਲੀਵਿਜ਼ਨ ਤੇ ਚੱਲ ਰਹੇ ਗਾਣਿਆਂ ਦਾ ਆਨੰਦ ਲੈਣ ਲੱਗਾ ।

No comments: