ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਹਰਮਿੰਦਰ ਬਣਵੈਤ - ਮਿੰਨੀ ਕਹਾਣੀ

'ਚੰਗੀ ਚੀਜ਼'
( ਪੋਸਟ: ਨਵੰਬਰ 1, 2008 )
ਮਾਈ ਉੱਤਮ ਕੌਰ ਹੁਣ ਬੁੱਢੀ ਹੋ ਗਈ ਸੀ। ਛੇ ਧੀਆਂ ਜੰਮੀਆਂ ਸਨ ਉਸਨੇ ਪਰ ਮੱਥੇ ਵੱਟ ਨਹੀਂ ਸੀ ਪਾਇਆ। ਪਰ ਜਦੋਂ ਉਸਦੀ ਛੋਟੀ ਧੀ ਸੁਰਜੀਤ ਕੌਰ ਚਾਰ ਧੀਆਂ ਨੂੰ ਜਨਮ ਦੇ ਕੇ ਫਿਰ ਗਰਭਵਤੀ ਹੋਈ ਤਾਂ ਮਾਈ ਅਰਦਾਸਾਂ ਕਰਦੀ ਨਾਂ ਥੱਕਦੀ: “ਹੇ ਸੱਚੇ ਪਾਤਸ਼ਾਹ, ਐਤਕੀਂ ਸੁਰਜੀਤ ਕੌਰ ਨੂੰ ਕੋਈ ‘ਚੰਗੀ ਚੀਜ਼’ ਬਖਸ਼ ਦੇ!”। ਸੁਰਜੀਤ ਕੌਰ ਨੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ ਦਿੱਤਾ। ਪੁੱਤਰ ਵੱਡੇ ਹੋਏ, ਵਿਆਹੇ ਗਏ ਤੇ ਮਾਂ ਪਿੳ ਨਾਲੋਂ ਅੱਡ ਹੋ ਗਏ।
ਸੁਰਜੀਤ ਕੌਰ ਹੁਣ ਵਿਧਵਾ ਹੋ ਚੁੱਕੀ ਮਾਂ ਨੂੰ ਆਪਣੇ ਕੋਲ ਲੈ ਗਈ ਸੀ। ਇਕ ਦਿਨ ਸੁਰਜੀਤ ਕੌਰ ਦੇ ਪਤੀ ਤੇ ਇਕ ਪੁੱਤਰ ਵਿਚਕਾਰ ਵਿਹੜੇ ਵਿਚਲੇ ਜਾਮਣ ਦੇ ਬੂਟੇ ਨੂੰ ਲੈ ਕੇ ਝਗੜਾ ਹੋ ਗਿਆ। ਪਿੳ ਬੂਟੇ ਨੂੰ ਵੱਢਣਾ ਚਾਹੁੰਦਾ ਸੀ ਪਰ ਪੁੱਤਰ ਇਸਦੇ ਵਿਰੁੱਧ ਸੀ। ਤਰਕਾਲਾਂ ਸਮੇਂ ਪੁੱਤਰ ਗੰਡਾਸਾ ਫੜੀ ਬਾਹਰ ਆ ਖੜਾ ਹੋਇਆ। ਮਾਈ ਉਸਨੂੰ ਸਮਝਾਉਣ ਬਾਹਰ ਨਿਕਲੀ ਤਾਂ ਉਹ ਚੀਖਿਆ: “ਬੁੜ੍ਹੀਏ ਕਹਿ ਦੇ ਆਪਣੇ ਜਵਾਈ ਨੂੰ, ਉਸਨੇ ਜਾਮਣ ਨੂੰ ਹੱਥ ਵੀ ਲਾਇਆ ਤਾਂ ਟੋਟੇ ਕਰਕੇ ੳਥੇ ਹੀ ਦੱਬ ਦਿਆਂਗਾ ਸਾਲੇ ਨੂੰ”! ਮਾਈ ਉੱਤਮ ਕੌਰ ਉਥੇ ਹੀ ਢਹਿ-ਢੇਰੀ ਹੋ ਗਈ। ਅਰਧ ਬੇਹੋਸ਼ੀ ਦੀ ਹਾਲਤ ਵਿਚ ਉਹ ਕਹੀ ਜਾ ਰਹੀ ਸੀ: “ਨੀ ਸੁਰਜੀਤ ਕੁਰੇ, ਨੀ ਤੂੰ ਧੀਆਂ ਹੀ ਕਿਉਂ ਨਾ ਜੰਮੀਆਂ?!!!"

No comments: