ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਹਰਮਿੰਦਰ ਬਣਵੈਤ - ਮਿੰਨੀ ਕਹਾਣੀ

ਪ੍ਰੇਮ-ਪੱਤਰ
( ਪੋਸਟ: ਨਵੰਬਰ 4, 2008)
ਕੁਲਵਿੰਦਰ ਸਥਾਨਕ ਡਾਕ ਘਰ ਵਿਚ ਚਿੱਠੀਆਂ ਛਾਂਟਣ ਦਾ ਕੰਮ ਕਰਦਾ ਸੀ। ਸੁਖਵਿੰਦਰ ਨਾਲ ਵਿਆਹ ਹੋਏ ਨੂੰ ਕੋਈ ਦੋ ਕੁ ਸਾਲ ਹੋ ਚੁੱਕੇ ਸਨ ਤੇ ਉਦੋਂ ਤੋਂ ਹੀ ਉਹ ਦੋ ਵਜੇ ਦੁਪਹਿਰ ਤੋਂ ਰਾਤ ਦਸ ਵਜੇ ਦੀ ਸ਼ਿਫਟ ਕਰਿਆ ਕਰਦਾ ਸੀ। ਉਸ ਨੂੰ ਲੋਕਾਂ ਦੇ ਪ੍ਰੇਮ ਪੱਤਰ ਪੜ੍ਹਨ ਦਾ ਝੱਸ ਸੀ। ਉਨ੍ਹਾਂ ਦਿਨਾਂ ਵਿਚ ਮੋਬਾਇਲ ਤਾਂ ਕੀ ਬਹੁਤੇ ਘਰੀਂ ਲੈਂਡ-ਲਾਈਨ ਵੀ ਨਹੀਂ ਸੀ ਹੁੰਦੀ। ਪੱਤਰਾਂ ਰਾਹੀਂ ਹੀ ਪ੍ਰੀਤ ਸੁਨੇਹੇ ਭੇਜੇ ਜਾਂਦੇ।
ਕੁਲਵਿੰਦਰ ਪ੍ਰੇਮ ਪੱਤਰਾਂ ਨੂੰ ਜਿਵੇ ਸੁੰਘ ਲੈਂਦਾ ਸੀ। ਅਜਿਹੇ ਪੱਤਰ ਉਹ ਇਕ ਪਾਸੇ ਰੱਖ ਲੈਂਦਾ, ਨਜ਼ਰਾਂ ਚੁਰਾ ਕੇ ਜੇਬ ਵਿਚ ਪਾਉਂਦਾ, ਟਾਇਲਟ ਵਿਚ ਜਾ ਕੇ ਪੜ੍ਹਦਾ ਤੇ ਪਰਤ ਕੇ ਮੁੜ ਸਹੀ ਛਾਂਟੀ ਕਰ ਦਿੰਦਾ। ਇੰਝ ਉਸਨੂੰ ਇਕ ਖ਼ਾਸ ਅਨੰਦ ਮਿਲਦਾ ਸੀ ਤੇ ਇਹ ਉਸਦੀ ਆਦਤ ਹੀ ਬਣ ਚੁੱਕੀ ਸੀ।
ਅਗਲੇ ਹਫ਼ਤੇ ਤੋਂ ਉਸਦੀ ਸ਼ਿਫਟ ਰਾਤ ਦਸ ਤੋਂ ਸਵੇਰ ਛੇ ਵਜੇ ਤੱਕ ਪੈਕਟ ਛਾਂਟਣ ਦੀ ਕਰ ਦਿੱਤੀ ਗਈ ਸੀ। ਅੱਜ ਸ਼ੁੱਕਰਵਾਰ ਸੀ, ਉਸਦਾ ਚਿੱਠੀਆਂ ਛਾਂਟੀ ਕਰਨ ਦਾ ਆਖਰੀ ਦਿਨ। ਉਸਨੇ ਇਕ ਸੁਗੰਧਿਤ ਪੱਤਰ ਇਕ ਪਾਸੇ ਕਰ ਲਿਆ ਤੇ ਟਾਇਲਟ ਵਿਚ ਜਾ ਕੇ ਪੜ੍ਹਨ ਲੱਗ ਪਿਆ। ਖ਼ਤ ਇਹ ਸੀ -
“ਮੇਰੇ ਪਿਆਰ
ਅੱਜ ਮੈਂ ਬਹੁਤ ਖ਼ੁਸ਼ ਹਾਂ। ਅਗਲੇ ਹਫ਼ਤੇ ਤੋਂ ਕੁਲਵਿੰਦਰ ਰਾਤ ਦਸ ਤੋਂ ਛੇ ਦੀ ਸ਼ਿਫਟ ਤੇ ਜਾਵੇਗਾ। ਤੇਰੀ ਉਡੀਕ ਕਰਾਂਗੀ। ਚਾਬੀ ਬਾਹਰ ਮੈਟ ਹੇਠਾਂ ਹੋਵੇਗੀ।
ਤੇਰੀ
ਸੁਖਵਿੰਦਰ”

No comments: