ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਕਮਲ ਕੰਗ - ਮਿੰਨੀ ਕਹਾਣੀ

ਘਿਰਣਾ
(ਪੋਸਟ: ਨਵੰਬਰ 3, 2008)
ਮੰਦਰ ਦੀਆਂ ਸੰਗਮਰਮਰੀ ਪੌੜੀਆਂ ਤੇ ਬੁੱਢੀ ਮਾਈ ਬੈਠੀ ਹੈ। ਰੰਗ ਸਾਂਵਲਾ, ਹੱਠੀਆਂ ਦੀ ਮੁੱਠ ਜਿਹਾ ਸਰੀਰ, ਮੈਲ਼ੇ ਕੁਚੈਲ਼ੇ ਕੱਪੜੇ, ਅੱਖਾਂ ਤੇ ਘਸਮੈਲ਼ੇ ਸ਼ੀਸ਼ਿਆਂ ਵਾਲ਼ੀ ਐਨਕ। ਐਨਕ ਦੀਆਂ ਦੋਵੇਂ ਡੰਡੀਆਂ ਧਾਗੇ ਨਾਲ਼ ਬੰਨ੍ਹੀਆਂ ਹੋਈਆਂ ਨੇ ਜਿਵੇਂ ਮਾਈ ਦੇ ਸਰੀਰ ਨਾਲ਼ ਕੁਝ ਸਾਹ ਅਜੇ ਵੀ ਬੰਨ੍ਹੇ ਹੋਏ ਹੋਣ। ਮੰਦਰ ਦੀਆਂ ਪੌੜੀਆਂ ਤੇ ਅੱਜ ਬੜੀ ਭੀੜ ਹੈ, ਲੋਕ ਵਾਹੋ-ਦਾਹੀ ਭਗਵਾਨ ਦੇ ਦਰਸ਼ਨਾਂ ਲਈ ਮੰਦਰ ਦੇ ਦਰਵਾਜੇ ਵੱਲ ਇਕ ਦੂਜੇ ਤੋਂ ਅੱਗੇ ਵਧਦੇ ਹੋਏ, ਰਾਮ-ਰਾਮ ਕਰਦੇ ਹੋਏ ਪੌੜੀਆਂ ਚੜ੍ਹੀ ਜਾ ਰਹੇ ਹਨ। ਬੁੱਢੀ ਮਾਈ ਮੰਦਰ ਦੀਆਂ ਪੌੜੀਆਂ ਚੜ੍ਹਦੇ ਹਰ ਸ਼ਰਧਾਲੂ ਵੱਲ ਤਰਸ ਭਰੀਆਂ ਅੱਖਾਂ ਨਾਲ਼ ਵੇਖਦੀ ਹੈ, ਨਾਲ਼ ਹੀ ਨਾਲ਼ ਆਪਣੇ ਅੱਗੇ ਪਈ ਥਾਂ-ਥਾਂ ਤੋਂ ਉਸ ਵਾਂਗ ਚਿੱਬੀ ਹੋਈ ਪਈ ਸਿਲਵਰ ਦੀ ਕੌਲੀ ਵੱਲ ਵੇਖਦੀ ਹੈ। ਕੌਲੀ ਵੱਲ ਵੇਖ ਕੇ ਲੱਗਦਾ ਹੈ ਜਿਵੇਂ ਮਾਈ ਵਾਂਗ ਉਹ ਵੀ ਸਦੀਆਂ ਤੋਂ ਭੁੱਖੀ ਹੋਵੇ। ਬੁੱਢੀ ਮਾਈ ਕੌਲੀ ਨੂੰ ਹਰ ਲੰਘਦੇ ਹੋਏ ਦੇ ਹੱਥਾਂ ਵੱਲ ਵੇਖ ਕੇ ਅੱਗੇ ਨੂੰ ਕਰਦੀ ਹੈ ਪਰ ਅੱਜ ਲੋਕਾਂ ਦਾ ਧਿਆਨ ਖਿੱਚਣ ਵਿੱਚ ਮਾਈ ਅਸਮਰੱਥ ਲੱਗਦੀ ਹੈ।
ਅੱਜ ਦੀ ਹਰ ਅਖ਼ਬਾਰ ਵਿੱਚ ਮੁੱਖ ਸੁਰਖੀ ਏਹੀ ਸੀ ਕਿ ਹਰ ਮੰਦਰ ਦਾ ਭਗਵਾਨ ਦੁੱਧ ਪੀ ਰਿਹਾ ਹੈ। ਟੈਲੀਵੀਜਨ ਤੇ ਵੀ ਵਾਰ- ਵਾਰ ਚੈਨਲਾਂ ਵਾਲ਼ੇ ਇਹੀ ਦੱਸ ਰਹੇ ਸਨ ਅਤੇ ਭਗਵਾਨ ਨੂੰ ਦੁੱਧ ਪੀਂਦਾ ਵਿਖਾ ਰਹੇ ਸਨ। ਦੁਨੀਆਂ ਲਈ ਇਹ ਹੈਰਾਨੀ ਭਰੀ, ਸ਼ਰਧਾ ਭਰੀ, ਪਿਆਰ ਭਰੀ ਗੱਲ ਸੀ, ਇਸ ਲਈ ਹਰ ਕੋਈ ਦੁੱਧ ਚੁੱਕੀ ਅੱਜ ਮੰਦਰ ਵੱਲ ਨੱਸਾ ਜਾ ਰਿਹਾ ਸੀ ਆਪਣੇ ਆਪਣੇ ਭਗਵਾਨ ਨੂੰ ਦੁੱਧ ਪਿਲਾਉਂਣ ਵਾਸਤੇ।
ਅੱਜ ਬੁੱਢੀ ਮਾਈ ਨੂੰ ਆਪਣੇ ਮਨੁੱਖ ਹੋਣ ਤੇ ਘਿਰਣਾ ਹੋ ਰਹੀ ਸੀ, ਉਹ ਸੋਚ ਰਹੀ ਸੀ ਕਿ ਕਾਸ਼ ਉਹ ਵੀ ਮਨੁੱਖ ਨਾ ਹੁੰਦੀ ਬਲਕਿ ਪੱਥਰ ਦਾ ਭਗਵਾਨ ਹੁੰਦੀ।

No comments: