ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਦੋਸਤੋ! ਤੁਹਾਡੀਆਂ ਬੇਸ਼ੁਮਾਰ ਈਮੇਲਾਂ ਆਈਆਂ ਸਨ ਕਿ ਗੁਰਮੇਲ ਬਦੇਸ਼ਾ ਸਾਹਿਬ ਦਾ ਕੋਈ ਹੋਰ ਮਜ਼ਾਹੀਆ ਖ਼ਤ 'ਆਰਸੀ' ਤੇ ਜ਼ਰੂਰ ਲਗਾਓ! ਉਹਨਾਂ ਦੀਆ ਈਮੇਲਾਂ ਵੀ ਤਾਲਿਬਾਨ ਦੀਆਂ ਮਿਜ਼ਾਈਲਾਂ ਵਰਗੀਆਂ ਹੁੰਦੀਆਂ ਨੇ, ਪਰ ਤੁਸੀਂ ਕਦੇ ਕਿਆਸ ਨਹੀਂ ਕਰ ਸਕਦੇ ਕਿ ਏਨੀਆਂ ਮਜ਼ਾਹੀਆ ਚਿੱਠੀਆਂ ਲਿਖਣ ਵਾਲ਼ੇ ਬਦੇਸ਼ਾ ਸਾਹਿਬ, ਉਂਝ ਸ਼ਰਮੀਲੇ ਸੁਭਾਅ ਦੇ ਨੇ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਏਨੇ ਗੰਭੀਰ ਸੁਭਾਅ ਵਾਲ਼ਾ ਲੇਖਕ ਏਨਾ ਵਧੀਆ ਵਿਅੰਗ ਕਿਵੇਂ ਲਿਖ ਲੈਂਦਾ ਹੈ? ਪਰ ਜ਼ਰਾ ਸੋਚੋ! ਜਿਹੜੀ ਮਹਿਬੂਬਾ ਨੂੰ ਐਹੋ ਜਿਹੀਆਂ ਚਿੱਠੀਆਂ ਜਾਂਦੀਆਂ ਹੋਣਗੀਆਂ, ਓਹ ਜਵਾਬ 'ਚ ਕੀ ਲਿਖਦੀ ਹੋਊ.. :)... ਸ਼ਾਇਦ ਮੇਰੇ ਸਵਾਲ ਦਾ ਜਵਾਬ ਬਦੇਸ਼ਾ ਸਾਹਿਬ ਹੀ ਦੇ ਸਕਦੇ ਨੇ।

----------
ਇੱਕ ਖ਼ਤ ਹੁਸਨਾਂ ਦੀ ਪਰੀ ਦੇ ਨਾਂ...!
(ਪੋਸਟ: ਦਸੰਬਰ 15, 2008)

ਕਾਲ਼ਿਆਂ ਬਾਗਾਂ ਦੀ ਮਹਿੰਦੀ ਵਰਗੀਏ ਕੁੜੀਏ !
ਤੈਨੂੰ ਕਿੱਕਰ ਦੇ ਸੱਕ ਵਰਗਾ ਪਿਆਰ !!
ਕਾਬਲੀ ਛੋਲਿਆਂ ਵਰਗੀਏ ! ਅੱਜਕਲ੍ਹ ਕਿਓਂ ਤੂੰ ਮੈਥੋਂ ਪਾਸਾ ਵੱਟੀ ਫਿਰਦੀ ਏਂ ? ਮੈਂ ਤਾਂ ਕਦੇ ਤੈਨੂੰ ਪਿੱਠ ਨਹੀਂ ਦਿਖਾਈ । ਦਿਖਾਵਾਂ ਵੀ ਕਿਵੇਂ ? ਹੁਣ ਕਦੇ ਢੂਈ 'ਤੇ ਖੁਰਕ ਹੀ ਨਹੀਂ ਹੋਈ ।ਖੁਰਕ ਹੋਈ ਵੀ ਜਾਵੇ ,ਕੋਈ ਫਰਕ ਨਹੀਂ ਪੈਣਾ।ਹੁਣ ਤਾਂ ਤੇਰਾ ਵੀ ਝਾਂਵਾਂ ਘੱਸਿਆ ਪਿਐ ! ਪਰ ਅੜੀਏ ! ਐਨਾ ਹੁਸਨ 'ਤੇ ਮਾਣ ਨਹੀਂ ਕਰੀਦਾ ਹੁੰਦਾ, ' ਜੇ ਮੈਂ ਹੁੰਦਾ...ਸੋਹਣੀਏ ਨੀ! ਸੋਨੇ ਦੀ ਤਵੀਤੜੀ -ਤਾਂ ਸੱਚੀਂ, ਤੇਰੇ ਗਲ਼ 'ਚ ਖੁੱਭ ਜਾਂਦਾ ! ਨੈਲਸਨ ਮੰਡੇਲਾ ਦੀਏ ਪੋਤੀਏ ! ਓਪਰਾ (Oprah) ਵਰਗਾ ਤੇਰਾ ਤਿੱਖਾ ਨੱਕ !ਲੱਗਦੈ, ਜਪਾਨੀਆਂ ਨੇ ਵਿਹਲੇ ਬਹਿ ਕੇ ਬਣਾਇਆ ਏ !
---
ਤੇਰੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਸ਼ਿੱਪਮੈਂਟ ਚੀਨ ਤੋਂ ਮੰਗਵਾਈ ਲਗਦੀ ਏ ! ਤੇਰੇ ਗੋਰੇ-ਗੋਰੇ ਰੰਗ ਤੋਂ ਇੰਝ ਲਗਦੈ, ਜਿਵੇਂ ਤੂੰ ਸਾਊਥ ਅਫਰੀਕਾ 'ਚ ਜਨਮ ਲਿਆ ਹੋਵੇ ! ਸ਼੍ਰੀਲੰਕਾ ਦੇ ਨਕਸ਼ੇ ਵਰਗੇ - ਉਬਾਮਾ ਦੇ ਕੰਨਾਂ ਤੋਂ ਵੀ ਲੰਮੇ ਕੰਨ ਤੇਰੇ ਮੈਨੂੰ ਬੜੇ ਸੋਹਣੇ ਲਗਦੇ ਨੇ ! ਜਦ ਝੁਮਕੇ ਪਾ ਕੇ ਕੋਲ ਦੀ ਲੰਘਦੀ ਏਂ ਤਾਂ ਇੰਝ ਲ਼ਗਦੈ, ਜਿਵੇਂ ਕੋਈ ਦੋਧੀ ਸਾਇਕਲ ਦੇ ਹੈਂਡਲ 'ਤੇ ਕੇਟਲੀਆਂ ਟੰਗ ਕੇ ਡੇਅਰੀ ਦੁੱਧ ਪਾਉਣ ਜਾ ਰਿਹਾ ਹੋਵੇ !
---
ਪਰ ਅੱਜਕਲ੍ਹ ਮਿਸ਼ੇਲ ਵਾਗੂੰ ਕਿਉਂ ਝਾਟਾ ਜਿਹਾ ਖਿਲਾਰੀ ਫਿਰਦੀ ਏਂ ? ਕਿਤੇ ਲਾਦੇਨ ਤੇਰੇ ਜੂੰਡੇ ਤਾਂ ਨਹੀਂ ਪੱਟ ਗਿਆ ? ਪਹਿਲਾਂ ਲੰਮੀ ਗੁੱਤ ਕਿੰਨੀ ਸੋਹਣੀ ਲੱਗਦੀ ਸੀ । ਜਾਪਦਾ ਸੀ,ਜਿਵੇਂ ਜਾਰਜ ਬੁੱਸ਼ ਦੀ ਘਰਵਾਲੀ ਨੇ ਸਦਾਮ ਹੁਸੈਨ ਦੇ ਫਾਂਸੀ ਦਾ ਰੱਸਾ ਵੱਢ ਕੇ ਤੇਰੀ ਗੁੱਤ ਗੁੰਦੀ ਹੋਵੇ ! ਤੇਰੀ ਗੁੱਤ ਦੇ ਉਪਰਲੇ ਸਿਰੇ ਤੋਂ ਇੰਝ ਲਗਦਾ ਸੀ; ਜਿਵੇਂ ਕਾਲ਼ਾ ਨਾਗ ਤੇਰੀ ਗਿੱਚੀ ਦੀ ਟੈਂਕੀ 'ਚ ਜ਼ਹਿਰ ਭਰ ਰਿਹਾ ਹੋਵੇ ! ਕਦੇ-ਕਦੇ ਜੀ ਕਰਦਾ ਸੀ ,ਤੇਰੀਆਂ ਜ਼ੁਲਫ਼ਾਂ ਦਾ ਕਾਲਾ ਰਿੰਡ ਬਣਕੇ ਤੇਰੇ ਅੰਗ-ਸੰਗ ਰਵ੍ਹਾਂ !
---
ਅੱਜਕਲ ਤਾਂ ਤੇਰੇ ਨੱਕ ਦਾ ਕੋਕਾ ਪਿਆ ਰਿਸਦਾ ਏ ! ਨੀ ਕਿਤੇ ਜ਼ੁਕਾਮ ਤਾਂ ਨਹੀਂ ਹੋਇਆ ? ਹਾਏ ਸੋਹਣੀਏ ! ਨੀ ਤੈਨੂੰ ਲਗਦਾ ਏ ਹੋਇਆ.......!!' ਹੁਣ ਤਾਂ ਗਿੱਟਿਆਂ ਤੋਂ ਗਿੱਠ ਉੱਚੀ ਤੰਗ ਜਿਹੀ ਜੀਨ ਪਾਕੇ ਲੰਘਦੀ ਏਂ, ਤਾਂ ਇੰਝ ਲੱਗਦੈ, ਜਿਵੇਂ ਬਿਜਲੀ ਦੇ ਖੰਭਿਆਂ ਦੁਆਲੇ ਟਾਇਰਾਂ ਦੀ ਟਿਊਬ ਲਪੇਟੀ ਹੋਵੇ ਜਾਂ ਫਿਰ ਤੂੰ ਤੂੜੀ ਵਾਲੇ ਕੁੱਪ ਲਈ ਘਾਣੀ ਕਰਨ ਚੱਲੀ ਹੋਵੇਂ !
---
ਪਰ ਡੁੱਬ ਜਾਣੀਏ ! ਕਦੇ ਮੈਨੂੰ ਛੱਡ ਕੇ ਨਾ ਜਾਵੀਂ । ਨਹੀਂ ਤਾਂ ਸੌ ਬਿਮਾਰੀਆਂ ਲੱਗ ਜਾਣਗੀਆਂ । ਤੂੰ ਤਾਂ ਸੌ ਬਿਮਾਰੀਆਂ ਵਰਗੀ 'ਕੱਲੀ ਬਥੇਰੀ ਏਂ ! ਬਿਮਾਰੀਆਂ ਵਿਚਾਰੀਆਂ ਨੇ ਮੇਰੇ ਕੋਲ ਤੇਰੇ ਹੁੰਦਿਆਂ ਕੀ ਲੈਣ ਆਉਣੈ ? ਹਾਂ ਸੱਚ ! ਕੱਲ ਤੈਨੂੰ ਘਰ ਦੇ ਬਾਹਰ ਖੜ੍ਹੀ ਨੂੰ ਦੇਖਿਆ ਸੀ,ਖੜ੍ਹੀ ਇੰਝ ਲਗਦੀ ਸੀ;ਜਿਵੇਂ ਬਾਰਾਕ ਓਬਾਮਾ ਵਾਈਟ ਹਾਊਸ ਮੂਹਰੇ ਖੜਾ ਹੋਵੇ ! ਤੇਰੇ ਕੂਲ਼ੇ-ਕੂਲ਼ੇ ਸ਼ੱਕਰ ਪਾਰਿਆਂ ਵਰਗੇ ਬੁੱਲ੍ਹਾਂ ਨੂੰ ਲੱਗਦੈ ਜ਼ਿਆਦਾ ਹੀ ਸੇਕ ਲੱਗ ਗਿਆ ਏ ! ਓਧਰ ਗਿੱਠ ਚੌੜੇ ਮੱਥੇ 'ਤੇ ਲਾਲ ਬਿੰਦੀ ਇੰਝ ਲਗਦੀ ਏ ਜਿਵੇਂ ਰੋਡ 'ਤੇ 'ਡੂ ਨੌਟ ਐਂਟਰ' ਦਾ ਸਾਇਨ ਲੱਗਿਆ ਹੋਵੇ !
---
ਨਿੰਮ ਦੀਆਂ ਨਮੋਲ਼ੀਆਂ ਖਾਣੀਏ ! ਤੇਰੇ ਮਿੱਠੇ-ਮਿੱਠੇ ਬੋਲ ਮੈਨੂੰ ਬੜੇ ਪਿਆਰੇ ਲਗਦੇ ਨੇ ! ਲੱਗਦੈ, ਨਿੱਕੀ ਹੁੰਦੀ ਸਪੋਲ਼ੀਆਂ ਦੇ ਨੂਡਲ ਬਣਾ ਕੇ ਖਾਦੀ ਰਹੀਂ ਏਂ ! ਹੱਸਦੀ ਏਂ ਤਾਂ ਮੂੰਹੋਂ ਫੁੱਲ ਕਿਰਦੇ ਨੇ ! ਕਿਤੇ ਪਤਾਲਪੁਰੀ ਪੁਰਖਿਆਂ ਦੀਆਂ ਹੱਡੀਆਂ ਤਾਂ ਨਹੀਂ ਚੂੰਡਦੀ ਰਹੀ ? ਪਰ ਮਰ ਜਾਣੀਏ ! ਕਿਤੇ ਗੁੱਸਾ ਨਾ ਕਰ ਜਾਵੀਂ ..! ਅਜੇ ਤਾਂ ਤੂੰ ਮੈਨੂੰ ਕਰਨੈਂ ! ਅੱਜ ਤੂੰ ਮੇਰੇ ਕੋਲ ਨਹੀਂ, ਬੱਸ , ਸੱਜੀ ਗੱਲ 'ਤੇ ਹੱਥ ਰੱਖ ਕੇ ਖਿਚਾਈ ਤੇਰੀ ਫੋਟੋ ਦੇਖ ਕੇ ਸੋਚਦਾ ਰਹਿੰਦਾ ਹਾਂ ਕਿ ਤੇਰੀ ਮੰਮੀ ਨੇ ਤੇਰੀ ਗੱਲ 'ਤੇ ਚਪੇੜ ਕਿਉਂ ਮਾਰੀ ਸੀ ? ਕੋਈ ਨਾ ਫ਼ਿਕਰ ਨਾ ਕਰੀਂ, “ਤੇਰੀ ਖਾਤਿਰ ਤੁਰ ਜਾਂ 'ਗੇ ਨੰਗੀਆਂ ਤਲਵਾਰਾਂ 'ਤੇ....ਸੇਫਟੀ ਸ਼ੂ ਪਾ ਕੇ....!!”
---
ਪਰ ਮੇਰੀਏ ਫੂਲਨ ਦੇਵੀਏ ! ਜਦੋਂ ਤੂੰ ਮੇਰੇ ਨਾਲ ਲੜਦੀ ਏਂ ਤਾਂ ਓਦੋਂ ਜੀ ਕਰਦੈ ਕਨੇਡਾ ਛੱਡ ਕੇ ਮੈ ਕਿਤੇ 'ਤੋਰਾ-ਬੋਰਾ' ਦੀਆਂ ਪਹਾੜੀਆਂ 'ਚ ਜਾ ਕੇ ਲੁਕ ਜਾਵਾਂ ਤੇ ਜਾਕੇ ਲਾਦੇਨ ਬਾਈ ਨੂੰ ਦੱਸਾਂ ਕਿ ਖਾੜਕੂ ਸੁਭਾਅ ਦੀ ਇੱਕ ਕੁੜੀ ਮੇਰੇ ਲਈ ਤਾਂ ਆਤਮਘਾਤੀ ਬੰਬ ਬਣੀ ਫਿਰਦੀ ਏ ! ਅੱਗ ਲਾਉਣੀ 'ਤੇ ਪਤਾ ਨਹੀਂ ਕੀ ਜਵਾਨੀ ਵਾਲੇ ਕਾਰਤੂਸਾਂ ਦੇ ਕੈਪਸੂਲ ਖਾ ਕੇ ਲੋਹੜੇ ਦਾ ਸਰੂਰ ਚੜ੍ਹਿਆ ਹੋਇਆ ਏ ? ਹਮੇਸ਼ਾਂ ਮਾਰਨ-ਮਰਾਉਂਣ ਦੀਆਂ ਗੱਲਾਂ ਕਰਦੀ ਰਹਿੰਦੀ ਏ ! ਪਿਆਰ 'ਤੇ ਕਬਜ਼ੇ ਨਹੀਂ, ਚੰਦਰੀਏ ! ਪਹਿਚਾਣਾਂ ਬਣਾਉਣੀਆਂ ਪੈਂਦੀਆਂ ਨੇ !! ਸ਼ਾਇਦ ਤੂੰ ਸੁਧਰ ਜਾਵੇਂ !

ਤੇਰੇ ਚੰਗੇ ਹੁੰਘਾਰੇ ਦੀ ਉਡੀਕ ਵਿੱਚ.........
ਬਾਰਾਕ ਉਬਾਮਾ ਦੇ ਜੁਬਾੜਿਆਂ ਵਰਗਾ........
ਤੇਰਾ ਪੌਪੀ ਫਲਾਵਰ

ਗੁਰਮੇਲ ਬਦੇਸ਼ਾ !
ਸਰੀ ਬੀ,ਸੀ.ਕਨੇਡਾ ।

No comments: