ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਆਪਣਾ ਅਤੀਤ
ਭਾਗ ਪੰਜਵਾਂ

(ਪੋਸਟ: ਦਸੰਬਰ 30, 2008)

ਚਾਲੀ ਸਾਲ ਪਹਿਲਾਂ ਜਦੋਂ ਮੈਂ ਸਰਕਾਰੀ ਹਾਈ ਸਕੂਲ ਕਾਲਾ ਸੰਘਿਆਂ ਵਿੱਚ ਆਖਰੀ ਜਮਾਤ ਵਿੱਚ ਸਾਂ ਤਾਂ ਮੈਨੂੰ ਹੜੱਪਾ ਤੇ ਮਹਿੰਜੋਦੜੋ ਬਾਰੇ ਪਤਾ ਸੀ ਕਿ ਬਹੁਤ ਹੀ ਪੁਰਾਣੇ ਸ਼ਹਿਰ ਸਨ। ਸਿੰਧ ਘਾਟੀ ਦੀ ਸੱਭਿਅਤਾ ਬਾਰੇ ਵੀ ਜਿੰਨਾ ਕੁ ਪੜ੍ਹਿਆ ਯਾਦ ਸੀ। ਸਮਾਂ ਬੀਤਦਾ ਗਿਆ ਪਰ ਉਹ ਯਾਦਾਂ ਉਵੇਂ ਹੀ ਬਣੀਆਂ ਰਹੀਆਂ। ਜਦ ਕਦੇ ਵੀ ਕਿਤੇ ਸੱਭਿਅਤਾ ਦੀ ਗੱਲ ਚੱਲਦੀ ਤਾਂ ਮੇਰੇ ਦਿਲ ਵਿੱਚ ਉਹ ਹੀ ਹਾਈ ਸਕੂਲ ਵਾਲੀ ਯਾਦ ਤਾਜ਼ਾ ਹੋ ਜਾਂਦੀ ਕਿ ਹੜੱਪਾ ਤੇ ਮਹਿੰਜੋਦੜੋ ਸਿੰਧ ਘਾਟੀ ਦੀ ਸੱਭਿਅਤਾ ਦੇ ਬਹੁਤ ਪੁਰਾਣੇ ਸ਼ਹਿਰ ਸਨ। ਕੈਲੇਫੋਰਨੀਆ ਵਿੱਚ ਰਹਿੰਦਿਆਂ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਰੋਜ਼ੀ-ਰੋਟੀ ਲਈ ਸਿਰ ਧੜ ਦੀ ਬਾਜ਼ੀ ਲਾਉਣ ਦੀ ਲੋੜ ਨਹੀਂ ਤਾਂ ਮੈਂ ਫਿਰ ਤੋਂ ਪੜ੍ਹਨਾ ਲਿਖਣਾ ਸ਼ੁਰੂ ਕਰ ਦਿੱਤਾ। 1975 ਵਿੱਚ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਪੜ੍ਹਨ ਲਿਖਣ ਨਾਲ ਬਹੁਤੀ ਰਿਸ਼ਤੇਦਾਰੀ ਨਹੀਂ ਸੀ ਰਹੀ। ਮੇਰੇ ਮਿੱਤਰ ਦੋਸਤ ਕਈ ਵਾਰ ਗੁਰਦਵਾਰਿਆਂ ਦੀ ਚੋਣ ਵੇਲੇ ਇੱਕ ਦੂਜੇ ਨਾਲ ਬੜੇ ਪੰਗੇ ਲੈਂਦੇ, ਮੈਨੂੰ ਇਹ ਬਿਲਕੁਲ ਚੰਗਾ ਨਾ ਲੱਗਣਾ। ਮੇਰੀਆਂ ਕਹਾਣੀਆਂ ਕਵਿਤਾਵਾਂ ਤਾਂ ਅਕਸਰ ਲੋਕ ਅਖਬਾਰਾਂ ਰਸਾਲਿਆਂ ਵਿੱਚ ਪੜ੍ਹਦੇ ਹੀ ਸੀ ਲੇਕਿਨ ਜਦ ਇੱਕ ਨਿੱਕਾ ਜਿਹਾ ਲੇਖ ਲਿਖਿਆ "ਆਪਣਾ ਅਤੀਤ" ਤਾਂ ਪਾਠਕਾਂ ਨੇ ਬਹੁਤ ਪਸੰਦ ਕੀਤਾ। ਇਸ ਲੇਖ ਵਿੱਚ ਮੈਂ ਕਹਿਣ ਦਾ ਯਤਨ ਕੀਤਾ ਕਿ ਸਾਡਾ ਅੱਜ ਤੱਕ ਜੋ ਵੀ ਨੁਕਸਾਨ ਹੋਇਆ ਉਹ ਹੋਰ ਕਿਸੇ ਨੇ ਨਹੀਂ ਕੀਤਾ ਬਲਕੇ ਕੋਈ ਕਸੂਰ ਤੇਰਾ ਹੈ ਕੁਝ ਕਸੂਰ ਮੇਰਾ ਹੈ ਤੇ ਕੁਝ ਕਸੂਰ ਆਪਾਂ ਦੋਹਾਂ ਦਾ ਹੈ।
ਉਸ ਵਕਤ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਮੈਂ ਆਪਣੇ ਅਤੀਤ ਬਾਰੇ ਕਈ ਹੋਰ ਲੇਖ ਲਿਖਾਂਗਾ। ਇਹ ਤਾਂ ਬਿਲਕੁਲ ਨਹੀਂ ਸੀ ਸੋਚਿਆ ਕਿ ਪੁਰਾਤਨ ਸਭਿਅਤਾ ਦੇ ਬਾਰੇ ਪੜ੍ਹਦਿਆਂ ਪੜ੍ਹਦਿਆਂ ਮੈਂ ਯੁਨਾਨੀਆਂ, ਅਫਰੀਕਣਾ, ਪਰਸ਼ੀਅਨ ਲੋਕਾਂ ਅਤੇ ਚੀਨ ਦੀ ਸਭਿਅਤਾ ਬਾਰੇ ਕਿਤਾਬਾਂ ਵਿੱਚੋਂ ਕੁਝ ਐਸਾ ਮਹਿਸੂਸ ਕਰਨ ਲੱਗ ਪਵਾਂਗਾ ਕਿ ਹੜੱਪਾ ਤੇ ਮਹਿੰਜੋਦੜੋ ਦੀ ਖੋਜ ਕਿਸਨੇ ਕੀਤੀ ਤੇ ਕਦੋਂ ਕੀਤੀ। ਇਹ ਸਵਾਲ ਦਿਲ ਵਿੱਚ ਲਈ ਫਿਰਦਾ ਮੈਂ ਕਈ ਦੇਸ਼ਾਂ ਵਿੱਚ ਘੁੰਮਦਾ ਰਿਹਾ। ਸੌ ਦੇ ਕਰੀਬ ਕਿਤਾਬਾਂ ਵੀ ਪੜ੍ਹੀਆਂ, ਕੁਝ ਕਿਤਾਬਾਂ ਮੈਨੂੰ ਮੇਰੇ ਪੁਰਾਣੇ ਕਾਲਜ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਡਾਕਟਰ ਪਰਿਤਪਾਲ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ ਮਿਲ ਗਈਆਂ। ਜਿਵੇਂ ਜਿਵੇਂ ਮੈਂ ਹੋਰ ਕਿਤਾਬਾਂ ਪੜ੍ਹਦਾ ਗਿਆ ਮੇਰੀ ਉਤਸੁਕਤਾ ਹੋਰ ਵਧਦੀ ਗਈ। ਹੜੱਪਣ ਸੱਭਿਅਤਾ ਦੀਆਂ ਥੋੜੀਆਂ ਬਹੁਤ ਗੱਲਾਂ ਸਾਰਿਆਂ ਨੇ ਕੀਤੀਆਂ ਪਰ ਕਿਸੇ ਨੇ ਵੀ ਖੁੱਲ ਕੇ ਨਹੀਂ ਲਿਖਿਆ ਕਿ ਕਿਸ ਬਿਨਾ ਤੇ ਯੂਨਾਨ, ਅਫਰੀਕਾ ਤੇ ਅਰਬੀਅਨ ਸੱਭਿਅਤਾਵਾਂ ਨੂੰ ਇਨਸਾਨ ਦੀਆਂ ਮੁੱਢਲੀਆਂ ਸਭਿਅਤਾਵਾਂ ਕਿਹਾ ਜਾਂਦਾ ਹੈ। ਜਿਵੇਂ ਜਿਵੇਂ ਮੈਂ ਹੋਰ ਕਿਤਾਬਾਂ ਦੇਖਦਾ ਗਿਆ ਓਨਾ ਹੀ ਮੈਂ ਗਵਾਚਦਾ ਗਿਆ। ਮੇਰੀ ਰਾਤਾਂ ਦੀ ਨੀਂਦ ਖਰਾਬ ਹੋਣ ਲੱਗ ਪਈ। ਮੈਂ ਆਪਣੇ ਆਪ ਨੂੰ ਬੜਾ ਸਮਝਾਵਾਂ ਕਿ ਮੈਂ ਇਸ ਦਾ ਪਤਾ ਲਾਅ ਕੇ ਕੀ ਕਰਨਾ। ਕਵਿਤਾ ਲਿਖਾਂ ਚੁੱਪ ਕਰਕੇ, ਕਦੇ ਕੋਈ ਕਹਾਣੀ ਲਿਖ ਦਿਆ ਕਰਾਂ। ਮੇਰੀਆਂ ਹਲਕੀਆਂ ਫੁਲਕੀਆਂ ਰਚਨਾਵਾਂ ਲੋਕ ਬੜੇ ਸ਼ੌਕ ਨਾਲ ਪੜ੍ਹਨ ਲੱਗ ਪਏ ਹਨ। ਹਲਕੇ ਮਿਜਾਜ਼ ਵਿੱਚ ਲਿਖੀਆਂ ਪੰਜ ਕਿਤਾਬਾਂ ਪਾਠਕ ਚਸਕੇ ਲੈ ਲੈ ਕੇ ਪੜ੍ਹਦੇ ਹਨ, ਮੈਂ ਕਿਸ ਚੱਕਰ ਵਿੱਚ ਪੈ ਗਿਆਂ। ਲੇਕਿਨ ਮੇਰੀ ਸੋਚ ਨੂੰ ਆਪਣੇ ਅਤੀਤ ਨੇ ਐਸੀ ਕੈਂਚੀ ਮਾਰੀ ਕਿ ਕਿਸੇ ਪਾਸੇ ਹਿੱਲਣ ਹੀ ਨਾ ਦੇਵੇ। ਸਾਧ ਕੰਬਲੀ ਨੂੰ ਛੱਡੇ ਪਰ ਕੰਬਲੀ ਨਾ ਛੱਡੇ।
ਕਿਤਾਬਾਂ ਵਿੱਚੋਂ ਗੱਲ ਨਾ ਬਣਦੀ ਦਿਸੇ, ਮੈਂ ਹਾਰ ਕੇ ਇੰਟਰਨੈਟ ਵਿੱਚੋਂ ਨਵੇਂ ਜ਼ਮਾਨੇ ਦੇ ਲੋਕਾਂ ਦੀਆਂ ਨਵੀਆਂ ਗੱਲਾਂ ਪੜ੍ਹਨ ਲੱਗ ਪਿਆ। ਇੰਟਰਨੈਟ ਤੋਂ ਜਦ ਮੈਂ ਆਪਣੇ ਅਤੀਤ ਦੇ ਪਿੱਛੇ ਭੱਜਦਾ ਭੱਜਦਾ ਮੁੜ ਘੁੜ ਕੇ ਵਾਪਿਸ ਪੰਜਾਬ ਪਹੁੰਚਾ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਅਸਲੀਅਤ ਦਾ ਪਤਾ ਲੱਗਣ ਤੇ ਮੈਨੂੰ ਮੇਰੀ ਉਤਸੁਕਤਾ ਦੇ ਅਰਥ ਸਮਝ ਆਏ। ਫਰਦ ਵੇਖੀ ਤਾਂ ਪਤਾ ਲੱਗਾ ਕਿ ਸਾਡੀ ਜਮੀਨ ਤਾਂ ਸਾਰੀ ਉਮਰ ਗੈਰ ਹੀ ਵਾਹੁੰਦੇ ਰਹੇ। ਪਟਵਾਰੀ ਵੀ ਉਨ੍ਹਾਂ ਦੇ, ਕਾਸ਼ਤਕਾਰ ਵੀ ਉਹ ਫਿਰ ਮਾਲਕਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ। ਮੇਰੀ ਹੈਰਾਨੀ ਵਿੱਚੋਂ ਮੈਨੂੰ ਸੰਗ ਜਿਹੀ ਵੀ ਆਵੇ ਕਿ ਅਸੀਂ ਕਿਓਂ ਸੁੱਤੇ ਰਹੇ ਅੱਜ ਤੱਕ। ਕਿਸੇ ਨੇ ਵੀ ਆਪਣੇ ਅਤੀਤ ਬਾਰੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਕੁਝ ਨਵੀਆਂ ਤੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦਾ ਮੈਨੂੰ ਪਤਾ ਲੱਗਾ ਮੈਂ ਸਾਰੇ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੰਦਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਤੱਥ ਜੋ ਮੈਂ ਸਭ ਨਾਲ ਸਾਂਝੇ ਕਰਨ ਲੱਗਿਆ ਹਾਂ ਇਹ ਕਿਸੇ ਹੋਰ ਪੰਜਾਬੀ ਭਰਾ ਨੇ ਗੰਭੀਰਤਾ ਨਾਲ ਵਿਚਾਰੇ ਹੋਣ ਜਾਂ ਨਾ ਕਿਉਂਕਿ ਜੇ ਕਿਸੇ ਨੇ ਵਿਚਾਰੇ ਹੁੰਦੇ ਤਾਂ ਸਾਰੀ ਦੁਨੀਆਂ ਨੂੰ ਕੂਕ ਦੱਸਣਾ ਉਸਦਾ ਫਰਜ਼ ਬਣਦਾ ਸੀ। ਦੁਨੀਆਂ ਦੀ ਕਹਾਣੀ ਦੀ ਇਸ ਕਿਤਾਬ ਦਾ ਇਹ ਅਖੀਰਲਾ ਪੰਨਾ ਮੇਰੇ ਹਿਸਾਬ ਨਾਲ ਪਹਿਲਾ ਪੰਨਾ ਹੋਣਾ ਚਾਹੀਦਾ ਸੀ। ਲਓ ਫਿਰ ਸੁਣੋ ਮੈਨੂੰ ਕੀ ਜਾਣਕਾਰੀ ਮਿਲੀ :---
ਚਾਰਲਸ ਮੇਸਨ ਨੇ 1842 ਵਿੱਚ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਕਿ "ਸੁਣਿਆਂ ਹੈ ਕਿ (ਸਿੰਧ ਵਿੱਚ ਇੰਦਸ ਨਦੀ ਦੇ ਕਿਨਾਰੇ) ਇੱਕ ਸ਼ਹਿਰ ਸੀ ਜੋ ਕਿ ਤੇਰਾਂ ਕੋਹਾਂ ਵਿੱਚ ਸੀ"। ਕੋਈ ਨਾਂ ਨਹੀਂ ਸ਼ਹਿਰ ਦਾ
ਲਿਖਿਆ। ਸਨ 1856- 57 ਵਿੱਚ ਜਦ ਲਾਹੌਰ ਤੋਂ ਕਰਾਚੀ ਰੇਲਵੇ ਲਾਈਨ ਬਣਾ ਰਹੇ ਸਨ ਤਾਂ ਇੱਕ ਇੰਜਨੀਅਰ ਜੌਹਨ ਬਰੰਟਨ ਨੇ ਜ਼ਿਕਰ ਕੀਤਾ ਕਿ ਇੱਕ ਢਹਿ ਚੁੱਕੇ ਪੁਰਾਣੇ ਸ਼ਹਿਰ ਦਾ ਮਲਵਾ, ਸਖਤ ਤੇ ਅੱਗ ਦੇ ਨਾਲ ਪਕਾਈਆਂ ਹੋਈਆਂ ਏਨੀਆਂ ਇੱਟਾਂ ਮਿਲੀਆਂ ਕਿ 93 ਮੀਲ ਤੱਕ ਲਾਈਨ ਵਿਛਾਉਣ ਦੇ ਕੰਮ ਆਈਆਂ। ਕੁਝ ਦੇਰ ਬਾਅਦ ਵਿਲੀਅਮ ਬਰੰਟਨ ਜੋ ਕਿ ਜੌਹਨ ਦਾ ਹੀ ਭਰਾ ਸੀ ਤੇ ਉਹ ਵੀ ਇੰਜਨੀਅਰ ਸੀ, ਨੇ ਦੱਸਿਆ ਕਿ ਦਰਿਆ ਦੇ ਕਿਨਾਰੇ (ਹੜੱਪਾ) ਇੱਕ ਥੇਹ ਮਿਲਿਆ ਜਿਸ ਦਾ ਮਲਵਾ ਵੀ ਆਂਢੀ-ਗਵਾਂਢੀ ਪਿੰਡਾਂ ਦੇ ਲੋਕਾਂ ਨੇ ਚੁੱਕ ਖੜਿਆ ਸੀ। ਕਿਸੇ ਨੂੰ ਕੋਈ ਹੋਰ ਜਾਣਕਾਰੀ ਨਹੀਂ ਸੀ ਕਿ ਇਹ ਕਿਹੜੇ ਸ਼ਹਿਰ ਸਨ ਤੇ ਕਿੰਨੇ ਪੁਰਾਣੇ ਸਨ। ਸਨ 1912 ਵਿੱਚ ਇੱਕ ਖੋਜੀ ਮਿਸਟਰ ਜੇ. ਫਲੀਟ ਨੇ ਹੜੱਪਾ ਦੀ ਖੋਜ ਕੀਤੀ। ਖੁਦਾਈ ਕਰਦਿਆਂ ਹੜੱਪਾ ਸ਼ਹਿਰ ਦੇ ਨਾਂ ਦਾ ਪਤਾ ਲੱਗਾ। ਮੋਹਰਾਂ ਮਿਲੀਆਂ, ਗਹਿਣੇ ਮਿਲੇ, ਹਥਿਆਰ ਮਿਲੇ, ਵਜ਼ਨ ਕਰਨ ਵਾਲੇ ਵੱਟੇ ਮਿਲੇ, ਕਈ ਕਿਸਮ ਦੀਆਂ ਮੂਰਤੀਆਂ ਮਿਲੀਆਂ ਅਤੇ ਜੋ ਅੱਜ ਤੱਕ ਕਿਸੇ ਨੇ ਵੀ ਖੁੱਲ੍ਹ ਕੇ ਵਰਨਣ ਨਹੀਂ ਕੀਤਾ ਕਿ ਮਿਸਟਰ ਜੇ, ਫਲੀਟ ਨੂੰ ਲਿਖਤਾਂ ਮਿਲੀਆਂ ਅਤੇ ਗਿਣਤੀ ਕਰਨ ਦੀ ਵਿਧੀ ਵੀ ਮਿਲੀ। ਪੰਜਾਬੀ ਭਾਸ਼ਾ ਦੀਆਂ ਉਹ ਪਹਿਲੀਆਂ ਵਨਗੀਆਂ ਸਨ ਜੋ ਕਿਸੇ ਕਾਰਣ ਪੰਜਾਬੀਆਂ ਨਾਲ ਸਾਂਝੀਆਂ ਨਹੀਂ ਕੀਤੀਆਂ ਗਈਆਂ। ਜੇ. ਫਲੀਟ ਨੇ ਲਿਖਤਾਂ ਦਾ ਜ਼ਿਕਰ ਕੀਤਾ ਹੈ ਪਰ ਬਾਅਦ ਵਿੱਚ ਸਾਰੇ ਦੇ ਸਾਰੇ ਇਤਹਾਸਕਾਰਾਂ ਨੇ ਉਨ੍ਹਾਂ ਲਿਖਤਾਂ ਦਾ ਜ਼ਿਕਰ ਕਰਨ ਤੋਂ ਕੰਨੀਂ ਕਤਰਾਈ ਹੈ।
1921-22 ਵਿੱਚ ਸਰ ਜੌਹਨ ਹੱਬਰਟ ਨੇ ਹੜੱਪਾ ਦੀ ਖੋਜ ਕਰਕੇ ਜੋ ਤੱਥ ਪੇਸ਼ ਕੀਤੇ ਉਹ ਵੀ ਸਾਰੇ ਦੇ ਸਾਰੇ ਇਤਹਾਸ ਦੇ ਪੰਨਿਆ ਤੇ ਨਹੀਂ ਮਿਲਦੇ। ਖਾਸ ਕਰਕੇ ਪੰਜਾਬੀ ਲਿਖਤਾਂ ਦਾ ਜੋ ਜ਼ਿਕਰ ਕੀਤਾ, ਮੋਹਰਾਂ ਤੇ ਉੱਕਰੇ ਹੋਏ ਸ਼ਬਦਾਂ ਦਾ ਜ਼ਿਕਰ, ਮੂਰਤੀਆਂ ਤੇ ਉੱਕਰੇ ਹੋਏ ਸ਼ਬਦਾਂ ਦਾ ਜ਼ਿਕਰ, ਪੱਥਰਾਂ ਤੇ ਉੱਕਰੇ ਹੋਏ ਸ਼ਬਦ ਕਿਉਂਕਿ ਨਾ ਤਾਂ ਉਹ ਅੱਖਰ ਗਰੀਕੀ ਸਨ ਤੇ ਨਾ ਹੀ ਅਰਬੀ ਸਨ, ਸ਼ਾਇਦ ਇਸੇ ਲਈ ਜ਼ਿਕਰ ਨਹੀਂ ਕੀਤਾ ਗਿਆ। ਪਿਛਲੇ ਦਸ ਕੁ ਸਾਲਾਂ ਤੋਂ ਉਨ੍ਹਾਂ ਸ਼ਬਦਾਂ ਨੂੰ ਬੇ ਮਹਿਨੇ ਸਾਬਤ ਕਰਨ ਦਾ ਜੋਰ ਲੱਗ ਰਿਹਾ ਹੈ। ਸਨ 1931 ਵਿੱਚ ਮੋਰਟੀਮਰ ਵ੍ਹੀਲਰ ਨੇ ਅਤੇ ਹੋਰ ਕਈ ਖੋਜੀਆਂ ਨੇ ਮਹਿੰਜੋਦੜੋ ਦੀ ਖੋਜ ਕੀਤੀ। ਪੂਰਾ ਯੋਜਨਾਬੱਧ ਸ਼ਹਿਰ ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ, ਇਸ਼ਨਾਨ ਕਰਨ ਵਾਸਤੇ ਵਲਗਣ ਕਰਕੇ ਬਣਾਏ ਹੋਏ ਪੱਕੀਆਂ ਇੱਟਾਂ ਦੇ ਖੁਰਿਆਂ ਦਾ ਜ਼ਿਕਰ ਕੀਤਾ। ਹਮਲਾਵਰਾਂ ਤੇ ਚੋਰਾਂ ਤੋਂ ਬਚਣ ਲਈ ਪਿਛਵਾੜੇ ਵਾਲੀਆਂ ਕੰਧਾਂ ਬਹੁਤ ਚੌੜੀਆਂ ਰੱਖੀਆਂ ਜਾਂਦੀਆਂ। ਨਾਟਕ ਖ੍ਹੇਡਣ ਵਾਸਤੇ ਬਹੁਤ ਵੱਡੀ (ਚਾਰ ਅਮਰੀਕਨ ਬਲਾਕ ਵਿੱਚ) ਬਣੀ ਸਟੇਜ ਦਾ ਜਿਕਰ ਕੀਤਾ। ਬੈਲ ਗੱਡੀਆਂ ਮਿਲੀਆਂ, ਕਿਸ਼ਤੀਆਂ ਲਿਮੀਆਂ, ਬਹੁਤ ਵਨਗੀਆਂ ਦੇ ਬਰਤਨ ਮਿਲੇ। ਹਜ਼ਾਰਾਂ ਸਾਲ ਪੁਰਾਣੇ ਜੋ ਸਿੱਕੇ ਮਿਲੇ ਉਹ ਭਲਾ ਕਿੱਧਰ ਰੂਪੋਸ਼ ਹੋ ਗਏ। ਜੇ ਉਹ ਸਿੱਕੇ ਕਿਧਰੇ ਮਿਲ ਜਾਣ ਤਾਂ ਪੰਜਾਬੀ ਭਾਸ਼ਾ ਦੇ ਮੁਢਲੇ ਅੱਖਰ ਮਿਲ ਜਾਣ। ਇੱਕ ਖੋਜ ਅਨੁਸਾਰ ਮੇਹਰਗੜ (ਪਾਕਿਸਤਾਨ) ਵਿੱਚ 7500 ਤੋਂ 9000 ਸਾਲ ਪਹਿਲਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ। ਸਰ ਜੌਹਨ ਮਾਰਸ਼ਲ ਨੇ ਤਾਂ ਆਪਣੀ ਕਿਤਾਬ ਵਿੱਚ ਏਥੋਂ ਤੱਕ ਵੀ ਲਿਖ ਦਿੱਤਾ ਹੈ ਕਿ ਯੂਨਾਨੀ ਸਭਿਅਤਾ ਨੂੰ ਮੁਢਲੀ ਸਭਿਅਤਾ ਕਹਿਣ ਦੀ ਇੱਕ ਬਹੁਤ ਵੱਡੀ ਭੁੱਲ ਹੋਈ ਹੈ।
ਖੈਰ ਅੱਜ ਤੱਕ ਪੁਰਾਣੇ ਪੰਜਾਬ ਦੇ 1052 ਸ਼ਹਿਰਾਂ ਵਿੱਚੋਂ ਪੁਰਾਤਨ ਸੱਭਿਅਤਾ ਦੀਆਂ ਨਿਸ਼ਾਨੀਆਂ ਮਿਲੀਆਂ ਹਨ, ਹੋਰ ਵੀ ਜਰੂਰ ਮਿਲਣਗੀਆਂ। ਪਰ ਖਿਆਲ ਕਰਿਓ ਪੰਜਾਬੀਓ ਜਿਵੇ ਦਿੱਲੀ ਤੋਂ ਲੈ ਕੇ ਕੰਧਾਰ ਤੱਕ ਦਾ ਸਾਡਾ 250,000 ਵਰਗ ਮੀਲ ਦਾ ਪੰਜਾਬ ਸੁੰਗੜਦਾ ਜਾ ਰਿਹਾ ਹੈ ਇਸੇ ਤਰਾਂ ਕਿਤੇ ਪੰਜਾਬੀ ਭਾਸ਼ਾ ਵੀ ਨਾ ਸੁੰਗੜ ਜਾਵੇ।ਦੁਨੀਆਂ ਦੀ ਸਭ ਤੋਂ ਪੁਰਾਣੀ ਸੱਭਿਅਤਾ ਦੀ ਸਭ ਤੋਂ ਪੁਰਾਣੀ ਜ਼ੁਬਾਨ ਪੰਜਾਬੀ ਮਾਂ ਨੇ ਆਪਣੀ ਪਹਿਚਾਣ ਬਰਕਰਾਰ ਰੱਖਣ ਲਈ ਦੋ ਬਹੁਤ ਹੀ ਵਧੀਆ ਸੂਟ ਸੰਵਾ ਰੱਖੇ ਹਨ, ਗੁਰਮੁਖੀ ਹੈ ਜਾਂ ਫਿਰ ਸ਼ਾਹਮੁਖੀ ਦੋਹਾਂ ਸੂਟਾਂ ਵਿੱਚ ਹੀ ਪਹਿਚਾਣੀ ਜਾਂਦੀ ਹੈ। ਜੇ ਕਿਸੇ ਕਪੁੱਤ ਨੇ ਆਪਣੀ ਮਾਂ ਨੂੰ ਮਾਂ ਕਹਿਣ ਤੋਂ ਮੁਨਕਰ ਵੀ ਹੋਣਾ ਹੈ ਤਾਂ ਕੋਈ ਗੱਲ ਨਹੀਂ। ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਹੱਕ ਸੱਚ ਦੇ ਨਾਲ ਡਟ ਕੇ ਖੜੇ ਰਹੀਏ। ਕਿਹਾ ਜਾਂਦਾ ਹੈ ਕਿ ਭਗਵਾਨ ਬਾਲਮੀਕ ਨੇ ਰਮਾਇਣ ਅੰਮ੍ਰਿਤਸਰ ਦੇ ਇਲਾਕੇ ਵਿੱਚ ਬੈਠ ਕੇ ਲਿਖੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਹੌਰ ਸ਼ਹਿਰ ਸ਼੍ਰੀ ਰਾਮ ਚੰਦਰ ਅਤੇ ਸੀਤਾ ਮਾਤਾ ਦੇ ਪੁੱਤਰਾਂ, ਲਵ ਅਤੇ ਕੁਸ਼ ਨੇ ਵਸਾਇਆ ਤੇ ਜੇ ਮੇਰਾ ਜੀਅ ਕਰੇ ਕਹਿਣ ਨੂੰ ਕਿ ਭਗਵਾਨ ਬਾਲਮੀਕ, ਸ਼੍ਰੀ ਰਾਮ ਤੇ ਲਵ ਕੁਸ਼ ਸਾਰੇ ਹੀ ਪੰਜਾਬੀ ਬੋਲਦੇ ਸਨ ਤਾਂ ਇਸ ਵਿਚਾਰ ਦਾ ਜਵਾਬ, ਇਸ ਵਿਚਾਰ ਨੂੰ ਝੁਠਲਾਉਣ ਲਈ ਕਿਸੇ ਕੋਲ ਬਹੁਤੀ ਸਮੱਗਰੀ ਨਹੀਂ ਹੋਣੀ। ਗੀਤਾ ਦਾ ਉਪਦੇਸ਼ ਕੁਰਕੁਸ਼ੇਤਰ ਦੇ ਮੈਦਾਨ ਵਿੱਚ ਖੜ ਕੇ ਕ੍ਰਿਸ਼ਨ ਜੀ ਨੇ ਅਰਜਣ ਨੂੰ ਦਿੱਤਾ। ਤਾਂ ਫਿਰ ਜੇ ਕਿਸੇ ਨੂੰ ਬਹੁਤਾ ਇਤਰਾਜ਼ ਨਹੀਂ ਤਾਂ ਮੈਨੂੰ ਕਹਿ ਲੈਣ ਦਿਓ ਕਿ ਗੀਤਾ ਦਾ ਉਪਦੇਸ਼ ਵੀ ਪੰਜਾਬੀ ਵਿੱਚ ਹੀ ਦਿੱਤਾ ਗਿਆ ਜਿਸ ਨੂੰ ਵਿਦਵਾਨਾ ਨੇ ਬਾਅਦ ਵਿੱਚ ਵਿਆਕਰਣਕ ਢੰਗ ਨਾਲ ਲਿਖ ਲਿਆ। ਸੰਸਕ੍ਰਿਤ ਦੀ ਵਿਆਕਰਣ ਵੀ ਤਾਂ ਪੰਜਾਬੀ ਬੋਲਣ ਵਾਲੇ ਅਟਕ ਜਿਲੇ ਦੇ ਜੰਮ ਪਲ ਪਣਿਨੀ ਨੇ ਹੀ ਲਿਖੀ ਤਾਂ ਫਿਰ ਬਈ ਰੌਲ਼ਾ ਕਾਹਦਾ।
ਪੰਜਾਬ ਦੀ ਜ਼ਰਖੇਜ ਧਰਤੀ ਤੇ, ਉੱਚੇ ਪਹਾੜਾਂ ਤੋਂ ਬਰਫ਼ ਢਲ ਕੇ ਬਣਿਆਂ ਸੀਤਲ ਪਾਣੀ ਪੀ ਕੇ ਕੌਣ ਨਹੀਂ ਸੀ ਜੀਅ ਸਕਦਾ। ਜੰਗਲੀ ਜਾਨਵਰ ਲੱਖਾਂ ਕਰੋੜਾਂ ਸਾਲ ਪਹਿਲਾਂ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਤੇ ਪਾਏ ਗਏ। ਜੇ ਜਾਨਵਰ ਵੀ ਸਮੁੰਦਰ ਦਾ ਪਾਣੀ ਨਹੀਂ ਪੀ ਕੇ ਜੀਅ ਸਕਦੇ ਤਾਂ ਫਿਰ ਭਲਾ ਆਦਮੀਂ ਕਿਓਂ ਸਮੁੰਦਰੀ ਪਾਣੀ ਪੀਵੇ। ਮਰਦਾ ਤਾਂ ਭਾਵੇਂ ਕੋਈ ਘੁੱਟ ਭਰ ਵੀ ਲਵੇ ਪਰ ਜੇ ਪੰਜਾਬ ਵਰਗੀ ਧਰਤੀ ਰੱਬ ਨੇ ਬਣਾਈ ਹੋਈ ਸੀ ਤਾਂ ਫਿਰ ਕਿਓਂ ਕੋਈ ਖਾਰਾ ਪਾਣੀ ਪੀਵੇ ਭਲਾ। ਪੰਜਾਬ ਵਿੱਚ ਪਾਣੀਆਂ ਦੀ ਤਾਂ ਕੋਈ ਕਮੀਂ ਨਹੀਂ ਸੀ। ਕਿਸੇ ਵੀ ਸਾਇੰਸ ਦੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ ਕਿ ਜਿੱਥੇ ਪਾਣੀ ਹੋਵੇ ਓਥੇ ਹਵਾ ਹੋਵੇਗੀ ਕਿ ਨਹੀਂ? ਜਵਾਬ ਮਿਲੇਗਾ ਕਿ ਹਵਾ ਤੋਂ ਬਿਨਾ ਪਾਣੀ ਹੋ ਹੀ ਨਹੀਂ ਸਕਦਾ। ਤਪਸ਼ ਤੋਂ ਬਿਨਾ ਬਨਸਪਤੀ ਨਹੀਂ ਹੋ ਸਕਦੀ, ਪੰਜਾਬ ਵਿੱਚ ਬਹੁਤ ਬਨਸਪਤੀ ਸੀ ਇਸਦਾ ਮਤਲਬ ਤਪਸ਼ ਵੀ ਮਾਜੂਦ ਸੀ। ਪੰਜਾਬ ਵਿੱਚ ਕਰੋੜਾਂ ਸਾਲ ਪਹਿਲਾਂ ਹਵਾ ਸੀ ਪਾਣੀ ਸੀ, ਧਰਤੀ ਸੀ ਤੇ ਅਗਨ ਵੀ ਸੀ ਤਾਂ ਫਿਰ ਪੰਚ ਤੱਤ ਕਾ ਪੂਤਲਾ (ਇਨਸਾਨ) ਕਿਸੇ ਨਾ ਕਿਸੇ ਆਕਾਰ ਵਿੱਚ ਕਰੋੜਾਂ ਸਾਲ ਪਹਿਲਾਂ ਤੋਂ ਹੀ ਮਾਜ਼ੂਦ ਹੋਵੇਗਾ। ਸੱਭਿਅਤਾ ਦੇ ਜਨਮ ਤੋਂ ਕਿਤੇ ਪਹਿਲਾਂ ਇਨਸਾਨ ਵੀ ਜਾਨਵਰਾਂ ਵਾਂਗ ਪੰਜਾਬ ਦੇ ਜੰਗਲਾਂ ਵਿੱਚ ਰਹਿੰਦਾ ਰਿਹਾ ਹੋਵੇਗਾ। ਪੱਥਰ ਯੁੱਗ ਤੋਂ ਵੀ ਪਹਿਲਾਂ ਦਾ ਇਨਸਾਨ ਦਾ ਪੰਜਾਬ ਵਿੱਚ ਹੋਣਾ ਕੋਈ ਝੁਠਲਾ ਨਹੀਂ ਸਕਦਾ। ਫਿਰ 1500 ਤੋਂ 1000 ਬੀ, ਸੀ. ਤੱਕ ਦੇ ਸਮੇਂ ਨੂੰ ਵੈਦਿਕ ਸਮਾਂ ਗਿਣਿਆਂ ਜਾਂਦਾ ਹੈ।ਫਿਰ ਜੈਨ ਮੱਤ ਦਾ ਸਮਾਂ ਹੈ ਅਤੇ 567 ਤੋਂ 487 ਬੀ.ਸੀ. ਤੱਕ ਬੁੱਧ ਦੇ ਸਮੇਂ ਦੇ ਤੌਰ ਤੇ ਜਾਣਿਆਂ ਜਾਂਦਾ ਸੀ। 326-27 ਬੀ.ਸੀ.ਵਿੱਚ ਸਕੰਦਰ, 322 ਤੋਂ 298 ਬੀ. ਸੀ. ਤੀਕਰ ਚੰਦਰਗੁਪਤ ਮੋਰੀਆ ਦਾ ਰਾਜ ਰਿਹਾ। 273 ਤੋਂ 232 ਬੀ ਸੀ ਤੱਕ ਅਸ਼ੋਕ, ਫਿਰ ਗੁਪਤਾ, ਹਰਸ਼ਵਰਧਨ ਅਤੇ ਰਾਜਪੂਤਾਂ ਦਾ ਸਮਾਂ ਰਿਹਾ। 713 ਇਸਵੀ ਤੋਂ ਮੁਸਲਮਾਨ ਹਮਲਾਵਰ ਸ਼ੁਰੂ ਹੋ ਗਏ। 1450 ਤੋਂ ਲੈ ਕੇ 1707 ਤੱਕ ਮੁਗਲ ਰਾਜ ਰਿਹਾ ਨਾਲ ਨਾਲ 1469 ਇਸਵੀ ਤੋਂ 1708 ਇਸਵੀ ਤੱਕ ਗੁਰੂ ਇਤਿਹਾਸ 1708 ਤੋਂ 1713 ਤੱਕ ਬੰਦਾ ਸਿੰਘ ਬਹਾਦਰ, 1761 ਤੋਂ 1849 ਤੱਕ ਸਿੱਖ ਮਿਸਲਾਂ ਤੇ ਮਹਾਂਰਾਜਾ ਰਣਜੀਤ ਸਿੰਘ। ਫਿਰ 1849 ਤੋਂ 1947 ਤੱਕ ਅੰਗਰੇਜ਼ ਤੇ ਫਿਰ ਵੰਡ ਵੰਡਾਈਆ। ਕੁਝ ਵੀ ਹੋਇਆ ਲੇਕਿਨ ਪੰਜਾਬ ਤਾਂ ਪੰਜਾਬ ਹੀ ਹੈ। ਪੰਜਾਬੀਆਂ ਦੀ ਪੰਜਾਬੀ ਭਾਸ਼ਾ ਨੂੰ ਪੰਜਾਬੀਆਂ ਦੇ ਦਿਲਾਂ ਵਿੱਚੋਂ ਕੌਣ ਕੱਢ ਸਕਦਾ ਭਲਾ?
ਦੁਨੀਆਂ ਭਰ ਵਿੱਚ ਵਸਦੇ ਸਾਰੇ ਪੰਜਾਬੀਆਂ ਤੱਕ ਆਪਣੀ ਆਵਾਜ਼ ਪਹੁੰਚਾਣ ਦੀ ਠਾਣ ਕੇ ਬੈਠਾ
ਤੁਹਾਡਾ ਆਪਣਾ-
ਸੁਰਿੰਦਰ ਸਿੰਘ ਸੁੱਨੜ

No comments: