ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਦੋਸਤੋ! ਮਨਦੀਪ ਜੀ ਦਾ ਵਿਅੰਗ ਪੜ੍ਹਨ ਤੋਂ ਬਾਅਦ ਜ਼ਰੂਰ ਦੱਸਣਾ ਕਿ ਇਹ ਹੱਥ ਦੇਖਣ ਵਾਲ਼ੇ ਤਜ਼ਰਬੇ ਮੇਰੇ ਤੇ ਮਨਦੀਪ ਜੀ ਤੋਂ ਬਿਨ੍ਹਾਂ ਹੋਰ ਕੀਹਨੇ-ਕੀਹਨੇ ਕੀਤੇ ਹੋਏ ਨੇ।ਮੇਰੀਆਂ ਬੀ.ਐੱਡ. ਕਾਲੇਜ ਸੁਧਾਰ ਕੀਤੀਆਂ ਬਹੁਤ ਭਵਿੱਖ ਬਾਣੀਆਂ ਸੱਚ ਹੋਈਆਂ ਨੇ... ਜਿਵੇਂ ਦੋਸਤਾਂ 'ਚੋਂ ਕੁਲਜੀਨ ਭੁੱਲਰ ਦਾ ਵਿਆਹ ਤੋਂ ਅਮਰੀਕਾ ਆ ਜਾਣਾ (ਜਿਹੜਾ ਆਖਦਾ ਹੁੰਦਾ ਸੀ ਕਿ ਜੱਟ ਨੂੰ 15 ਕਿੱਲੇ ਆਉਂਦੇ ਆ..ਮੈਂ ਤਾਂ ਊਈਂ ਨਾ ਜਾਵਾਂ ਪਿੰਡ ਛੱਡ ਕੇ...ਬਾਰ੍ਹਾਂ ਕੁ ਸਾਲਾਂ ਬਾਅਦ ਫੋਨ ਤੇ ਗੱਲ ਹੋਈ ਤਾਂ ਆਖੇ...ਤਨਦੀਪ, ਅੱਜ ਤੂੰ ਏਨੇ ਵਰ੍ਹਿਆਂ ਦਾ ਘੱਟਾ ਮੇਰੇ ਤੋਂ ਝਾੜ 'ਤਾ...ਨਹੀਂ ਤਾਂ ਅਮਰੀਕਾ ਨੇ ਜੱਟ ਦੀ ਮੱਤ ਹੀ ਮਾਰ ਦਿੱਤੀ ਸੀ ), ਮਨੀ ਦਾ ਵਿਆਹ ਕੈਨੇਡਾ ਗਰੇਵਾਲਾਂ ਦੇ ਹੋ ਜਾਣਾ ( ਸ਼ਰਤ ਲਾਉਂਦੀ ਹੁੰਦੀ ਸੀ ਕਿ ਕਦੇ ਗਰੇਵਾਲਾਂ ਦੇ ਮੁੰਡੇ ਨਾਲ਼ ਵਿਆਹ ਨਹੀਂ ਕਰਵਾਊਂਗੀ...ਕਿਉਂਕਿ ਸਹਿਪਾਠੀ ਜਸਵਿੰਦਰ ਗਰੇਵਾਲ਼ ਦੀਆਂ ਮੋਟੀਆਂ ਅੱਖਾਂ ਨੂੰ ਜਾਨਵਰ ਦੀਆਂ ਅੱਖਾਂ ਦੱਸਦੀ ਹੁੰਦੀ ਸੀ ), ਹਰਜੀਤ ਧਾਲੀਵਾਲ ਦਾ ਵਿਆਹ ਇੰਡੀਆ ਹੋ ਜਾਣਾ ( ਸੋਹਣੀ ਪੱਗ ਦਾ ਮਾਣ ਕਰਕੇ ਹਮੇਸ਼ਾ ਆਕੜਦਾ ਹੁੰਦਾ ਸੀ ਕਿ ਮੈਨੂੰ ਤਾਂ ਕੈਨੇਡਾ ਵਾਲ਼ੇ ਰੋਜ਼ ਰਿਸ਼ਤਾ ਲਿਆਉਂਦੇ ਆ ), ਬਾਹਰ ਆਉਂਣ ਦੀ ਚਾਹਵਾਨ ਬਿਊਟੀ ਕੁਈਨ ਇੰਦੂ ਕੰਗ ਦਾ ਤਪੇ ਮੰਡੀ ਵਿਆਹਿਆ ਜਾਣਾ ( ਕਹਿੰਦੀ ਹੁੰਦੀ ਸੀ ਕਿ ਤਪਾ ਮੰਡੀ ਵੱਲ ਤਾਂ ਮੈਂ ਕਦੇ ਝਾਕਾਂ ਵੀ ਨਾ ), ਜਸਵਿੰਦਰ ਗਰੇਵਾਲ ਦਾ ਰਿਸ਼ਤਾ ਕੱਦ ਦੀ ਛੋਟੀ ਤੇ ਸਿਹਤ ਦੀ ਭਾਰੀ ਕੁੜੀ ਨਾਲ਼ ਹੋ ਜਾਣਾ ( ਬੜਾ ਮਾਣ ਨਾਲ਼ ਆਖਦਾ ਹੁੰਦਾ ਸੀ ਕਿ ਜਦੋਂ ਗੱਡੀ 'ਚ ਬੈਠੀ ਹੋਊ ਛਮਕ ਜਿਹੀ ਨੱਢੀ ਤੁਸੀਂ ਸਾਰੇ ਖੜ੍ਹ ਕੇ ਦੇਖਿਆ ਕਰੋਂਗੇ )....

ਬੱਸ! ਦੋ ਕੁ ਭਵਿੱਖਬਾਣੀਆਂ ਦੇ ਤੁੱਕੇ ਸਹੀ ਨਹੀਂ ਲੱਗੇ...ਇੱਕ ਤਾਂ ਮੈਂ ਜ਼ੋਰ ਨਾਲ਼ ਦੋਸਤ ਮਨਦੀਪ ਸੇਖੋਂ ਨੂੰ ਆਖਣਾ ਕਿ ਵੀਰੇ ਮੈਂਡੀ.... ਤੇਰੀ ਤਾਂ ਪਹਿਲੀ ਕੈਸਟ ਹਿੱਟ ਜਾਊ ( ਉਹਨੂੰ ਕੈਸਟ ਰਿਲੀਜ਼ ਕਰਾ ਕੇ ਪਤਾ ਲੱਗਿਆ ਕਿ ਮਾਰਕੀਟ 'ਚ ਬੇਸੁਰੇ ਗਾਇਕ ਵਿਕਦੇ ਨੇ ), ਦੂਜੀ ਮੇਰੀ ਭੈਣਾਂ ਵਰਗੀ ਸਹੇਲੀ ਹਰਪ੍ਰੀਤ ਮੱਲ੍ਹੀ ਬਾਰੇ ਕਿ ਮੱਲ੍ਹੀ.. ਤੂੰ ਤਾਂ ਜਿਹੜੇ ਘਰ ਜਾਏਂਗੀ...ਭਾਗ ਖੁੱਲ੍ਹ ਜਾਣਗੇ ( ਵਿਚਾਰੀ ਦੀ ਵਿਆਹ ਤੋਂ ਬਾਅਦ ਆਪਣੀ ਹੀ ਕਿਸਮਤ ਹਾਰ ਗਈ )...ਕੁੱਝ ਵੀ ਹੋਵੇ..ਇਹ ਜ਼ਿੰਦਗੀ ਦੀਆਂ ਖ਼ੂਬਸੂਰਤ ਯਾਦਾਂ ਨੇ।

ਦੋਸਤੋ! ਤੁਸੀਂ ਵੀ ਆਪਣੇ ਅਜਿਹੇ ਖੱਟੇ-ਮਿੱਠੇ ਤਜ਼ਰਬੇ ਜ਼ਰੂਰ ਸਾਂਝੇ ਕਰਿਓ... ਕਦੇ-ਕਦੇ ਸਾਹਿਤਕ ਲਿਖਤਾਂ 'ਚ ਹਲਕਾ-ਫੁਲਕਾ ਰੰਗ ਜ਼ਰੂਰ ਭਰਨਾ ਚਾਹੀਦਾ ਹੈ।

ਜਦੋਂ ਮੈਂ ਜੋਤਿਸ਼ੀ ਬਣਿਆ...

(ਪੋਸਟ: ਦਸੰਬਰ 30, 2008)

ਗੱਲ ਉਹਨਾਂ ਦਿਨਾਂ ਦੀ ਐ ਜਦੋਂ ਮੈਂ ਫਗਵਾੜੇ ਰਾਮਗੜ੍ਹੀਆ ਕਾਲਜ 'ਚ ਬੀ. ਐੱਡ. ਕਰਦਾ ਸੀਪੜ੍ਹਾਈ ਹੀ ਉਸ ਪੱਧਰ ਦੀ ਸੀ ਕਿ ਨਾ ਚਾਹੁੰਦਿਆਂ ਵੀ ਗੰਭੀਰ ਜਿਹੇ ਰਹਿਣਾ ਪੈਂਦਾ ਕਿਉਂਕਿ ਹਰ ਕਿਸੇ ਨੇ ਇਸ ਪੜ੍ਹਾਈ ਤੋਂ ਬਾਦ 'ਮਾਸਟਰ ਜੀ' ਅਖਵਾਉਣ ਦਾ ਹੱਕਦਾਰ ਹੋ ਜਾਣਾ ਹੁੰਦੈਕਦੇ-ਕਦੇ ਲਾਚੜਪੁਣਾ ਜਾਗਦਾ ਤਾਂ ਬੇਇੱਜ਼ਤੀ 'ਖਰਾਬ' ਹੋਣ ਦੇ ਡਰੋਂ ਦੜ੍ਹ ਜਿਹੀ ਵੱਟ ਲੈਣੀਪੈਂਤੀ ਕੁ ਜਣਿਆਂ ਦੇ ਸੈਕਸ਼ਨ 'ਚ ਅਸੀਂ ਬਾਰਾਂ ਤੇਰਾਂ ਮੁੰਡੇ ਹੀ ਸਾਂ ਬਾਕੀ ਸਭ 'ਭੈਣਜੀਆਂ' ਹੀ ਸਨਜਿਆਦਾ ਲੜਕੀਆਂ ਹੋਣ ਕਾਰਨ ਹੀ ਤਾਂ ਆਪਣੀ ਜੋਤਿਸ਼ ਦੀ 'ਦੁਕਾਨ' ਮਾਰੋ-ਮਾਰ ਚੱਲ ਪਈ ਸੀ, ਨਹੀਂ ਮੇਲੇ 'ਚ ਚੱਕੀਰਾਹੇ ਨੂੰ ਕੌਣ ਪੁੱਛਦੈ? ਕੁੜੀਆਂ 'ਚ ਪ੍ਰਵਾਨਿਤ ਜੋਤਿਸ਼ੀ ਬਣਨ ਪਿੱਛੇ ਕਹਾਣੀ ਤਾਂ ਛੋਟੀ ਜਿਹੀ ਹੀ ਸੀ ਪਰ ਮਸ਼ਹੂਰੀ ਉਸਤੋਂ ਕਿਤੇ ਵਧੇਰੇ ਮਿਲ ਗਈ

ਗੱਲ ਇਸ ਤਰਾਂ ਹੋਈ ਕਿ ਅਬੋਹਰ ਵਾਲਾ ਅਸੀਮ ਇੱਕ ਕੁੜੀ ਨੂੰ ਭੁਚਲਾ ਕੇ ਉਸਦਾ ਹੱਥ ਦੇਖੀ ਜਾਵੇਮੈਂ ਜਾਣਦਾ ਸਾਂ ਕਿ ਓਹ ਜਾਣ ਬੁੱਝ ਕੇ 'ਰਾਂਝਾ' ਰਾਜੀ ਕਰ ਰਿਹਾ ਹੈਮੈਂ ਤੇ ਸੁਖਪ੍ਰੀਤ (ਬੋਦਲ ਵਾਲੀਆ) ਨੇ ਵਿਉਂਤ ਨਾਲ 'ਕੱਠਿਆਂ ਬੋਲਦਿਆਂ ਕਿਹਾ, "ਪੰਡਿਤ ਜੀ, ਹੱਥ ਵੇਖਣ 'ਚ ਤਾਂ ਕਿਆ ਬਾਤਾਂ ਹੀ ਕਰੀ ਜਾਨੇ ਓਂ।" ਓਸ ਨੂੰ ਇੰਨਾ ਕੁ ਹੀ ਕਹਿਣ ਤੇ ਉਸ ਕੁੜੀ ਦਾ ਯਕੀਨ ਅਸੀਮ ਤੋਂ ਪੱਟਿਆ ਜਿਹਾ ਗਿਆ ਤੇ ਉਸਨੇ ਹੱਥ ਖਿੱਚ ਕੇ ਮੇਰੇ ਅੱਗੇ ਕਰਦਿਆਂ ਕਿਹਾ, "ਮੈਂਨੂੰ ਪਤੈ ਤੁਸੀਂ ਇਹਨੂੰ ਟਿੱਚਰ ਕਿਉਂ ਕੀਤੀ ਐਕਿਉਂਕਿ ਤੈਨੂੰ ਹੱਥ ਦੇਖਣਾ ਆਉਂਦੈ।" ਮੈਂ ਤੇ ਜੋਤਿਸ਼----ਮੈ ਖੁਦ ਹੀ ਫਸ ਜਿਹਾ ਗਿਆ ਸੀਮੈਂ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਮੈਨੂੰ ਸਿਆਲਾਂ 'ਚ ਠੰਡੇ ਪਾਣੀ ਨਾਲ ਨਹਾਉਣ ਵਾਸਤੇ ਕਹਿ ਦਿੱਤਾ ਹੋਵੇਸਕੂਲ ਜਾਣ ਤੋਂ ਡਰਦੇ ਜੁਆਕ ਵਾਂਗ ਮੈਂ ਬੜੀ ਨਾਂਹ ਨਾਂਹ ਕੀਤੀ ਪਰ ਓਹ ਮਾਂ ਦੀ ਧੀ ਨਾ ਮੰਨੀਆਪਾਂ ਹੱਥ ਦੇਖਣਾ ਸ਼ੁਰੂ ਕਰ ਦਿੱਤਾਮੈਂ ਕਿਹਾ, "ਜੇ ਮਜਬੂਰ ਕਰ ਹੀ ਲਿਆ ਹੈ ਤਾਂ ਜਿਹੜੀ ਗੱਲ ਸਹੀ ਹੋਈ ਸਹੀ ਆਖੀਂ ਤੇ ਗਲਤ ਨੂੰ ਗਲਤ ਆਖੀਂ।"

ਕਈ ਹੋਰ ਕੁੜੀਆਂ ਦਾ ਧਿਆਨ "ਹਸਤ ਰੇਖਾ ਦੇ ਮਾਹਿਰ" ਮਨਦੀਪ ਖੁਰਮੀ ਵੱਲ ਹੋ ਗਿਆਮੈਂ ਜੋ ਵੀ ਆਖਾਂ ਓਹ ਕੁੜੀ ਹਾਂ ਵਿੱਚ ਹੀ ਸਿਰ ਮਾਰੀ ਗਈਅਸਲ 'ਚ ਮੈਂ ਓਹੀ ਗੱਲਾਂ ਦੁਹਰਾਈ ਗਿਆ ਜੋ ਹਸਤ ਰੇਖਾ ਦੇ 'ਮਾਹਿਰ' ਬਾਬੇ ਆਮ ਹੀ ਕਰਿਆ ਕਰਦੇ ਹਨਜਿਵੇਂ ਕਿ ਤੇਰੇ ਕੋਲ ਪੈਸਾ ਤਾਂ ਬਹੁਤ ਆਉਂਦੈ ਪਰ ਪਤਾ ਨਹੀਂ ਚਲਦਾ ਕਿ ਜਾਂਦਾ ਕਿੱਧਰ ਐਤੂੰ ਨਹੀਂ ਚਾਹੁੰਦੀ ਕਿ ਤੂੰ ਮਾਪਿਆਂ 'ਤੇ ਭਾਰ ਬਣਕੇ ਰਹੇਂਤੂੰ ਤਾਂ ਇਹੀ ਚਾਹੁੰਨੀ ਏਂ ਕਿ ਵੱਧ ਤੋਂ ਵੱਧ ਪੜ੍ਹਾਈ ਕਰਕੇ ਕਿਸੇ ਚੰਗੀ ਨੌਕਰੀ 'ਤੇ ਲੱਗੇਂਸਾਰਾ ਦਿਨ ਤੇਰੇ ਮਨ 'ਤੇ ਇਹਨਾਂ ਗੱਲਾਂ ਦੀ ਹੀ ਟੈਨਸ਼ਨ ਬਣੀ ਰਹਿੰਦੀ ਐਤੇਰਾ ਚੁੱਪ ਰਹਿਣ ਨੂੰ ਬਹੁਤ ਦਿਲ ਕਰਦੈਮਨ ਇਕਾਂਤ ਲੋੜਦਾ ਰਹਿੰਦੈ, ਕਦੇ ਕਦੇ ਭੁੱਬਾਂ ਮਾਰ ਕੇ ਰੋਣ ਨੂੰ ਜੀਅ ਕਰਦੈਵਗੈਰਾ ਵਗੈਰਾ ਗੱਲਾਂ ਕਿਸੇ ਵੀ ਲੜਕੀ ਨੂੰ ਹਿਪਨੋਟਾਈਜ ਕਰਨ ਲਈ ਕਾਫੀ ਸਨ। ਜ਼ਿਆਦਾਤਰ ਲੋਕ ਪਖੰਡੀ ਬਾਬਿਆਂ ਦੇ ਮੱਕੜ ਜਾਲ ਇਸ ਕਰਕੇ ਹੀ ਫਸ ਜਾਂਦੇ ਹਨ ਕਿਉਂਕਿ ਉਕਤ ਕੁੜੀ ਵਾਂਗ ਇਸ ਮਹਿੰਗੇ ਜ਼ਮਾਨੇ 'ਚ ਕਿਸ ਦੀ ਜੇਬ ਨੂੰ ਬਟਨ ਲੱਗਿਆ ਰਹਿ ਸਕਦੈ, ਕੌਣ ਚਾਹੁੰਦੈ ਕਿ ਉਹ ਆਪਣੇ ਮਾਪਿਆਂ 'ਤੇ ਭਾਰ ਬਣਕੇ ਰਹੇ, ਜਿਹੜਾ ਬੀ ਐੱਡ ਤੱਕ ਦੀ ਪੜ੍ਹਾਈ ਨੇੜੇ ਪਹੁੰਚ ਗਿਐ ਉਹ ਤਾਂ ਚਾਹੇਗਾ ਹੀ ਕਿ ਇੱਕ ਅੱਧ ਹੋਰ ਚੰਗੀ ਜਿਹੀ ਡਿਗਰੀ ਲੈ ਕੇ ਕਿਸੇ ਚੋਟੀ ਦੀ ਨੌਕਰੀ ਨੂੰ ਹੱਥ ਮਾਰਿਆ ਜਾਵੇ, 18-19 ਸਾਲ ਪੜ੍ਹਾਈ ਕਰਕੇ ਵੀ ਕੁਝ ਹੱਥ ਪੱਲੇ ਨਾ ਲੱਗਣ ਦੀ ਟੈਨਸਨ ਤਾਂ ਹੋਵੇਗੀ ਹੀ, ਜਾਹਿਰ ਹੈ ਕਿ ਮਨ ਉਲਝਣਾਂ 'ਚ ਫਸਿਆ ਕਦੇ ਇਕਾਂਤ ਲੋੜੇਗਾ ਤੇ ਕਦੇ ਆਪਣੇ ਹੀ ਲੇਖਾਂ ਨੂੰ ਕੋਸਦਾ ਰੋਣਾ ਚਾਹੇਗਾਇਹ ਗੱਲਾਂ ਉਸ ਬੀਬੀ ਦੇ ਭੱਖੜੇ ਦੇ ਕੰਡੇ ਵਾਂਗ ਖੁੱਭ ਗਈਆਂ ਸਨ, ਉਸਤੋਂ ਬਾਦ ਉਸਨੇ ਖੁਦ ਹੀ ਮੇਰੀ ਇੰਨੀ ਮਸ਼ਹੂਰੀ ਕਰ ਦਿੱਤੀ ਕਿ ਦੂਜੇ ਸੈਕਸਨਾਂ 'ਚੋਂ ਵੀ ਕੁੜੀਆਂ ਹੱਥ ਦਿਖਾਉਣ ਆਉਣ ਲੱਗੀਆਂਹੱਥ ਦਿਖਾਕੇ ਖੁਸ਼ ਹੋਏ ਕਿਸੇ ਨਾ ਕਿਸੇ 'ਗਾਹਕ' ਵੱਲੋਂ ਹਰ ਰੋਜ ਚਾਹ-ਪਾਣੀ ਦੀ ਪਾਰਟੀ ਦਿੱਤੀ ਜਾਂਦੀਜਦੋਂ ਕਿਸੇ ਮੁੰਡੇ ਨੇ ਹੱਥ ਦਿਖਾਉਣ ਵਾਸਤੇ ਕਹਿਣਾ ਤਾਂ ਭਾਵੇਂ ਮੈਂ ਸਾਫ ਦੱਸ ਦੇਣਾ, "ਮਿੱਤਰੋ! ਸਭ ਟਪੱਲੇ ਮਾਰੀਦੇ ਐ।" ਪਰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਸੀ, ਸਗੋਂ ਇਹੀ ਕਹਿੰਦੇ, "ਤੂੰ ਦੇਖਦੈਂ ਪੋਲੇ-ਪੋਲੇ ਹੱਥ, ਸਾਡੇ ਰੇਗਮਾਰ ਵਰਗੇ ਹੱਥ ਤੈਨੂੰ ਕਿੱਥੋਂ ਚੰਗੇ ਲੱਗਣ।"

ਸਾਡੀ ਇੱਕ ਅਧਿਆਪਕਾ ਅਜੇ 'ਛੜੀ' ਭਾਵ ਕੁਆਰੀ ਹੀ ਸੀਵਿਆਹ ਦਾ ਟਾਂਕਾ ਫਿੱਟ ਹੋਣ ਕਿਨਾਰੇ ਹੀ ਸੀਪਹਿਲੇ ਦਿਨ ਕਲਾਸ ਨੂੰ ਸੰਬੋਧਨ ਕਰਦਿਆਂ ਉਸਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੀ ਦਾਸਤਾਨ ਸੁਣਾ ਕੇ ਸਭ ਨੂੰ ਸੰਜੀਦਗੀ ਨਾਲ ਪੜ੍ਹਨ ਲਈ ਪ੍ਰੇਰਿਆ ਸੀਮੈਂ ਬੀ ਐੱਡ ਦੀ ਪੜ੍ਹਾਈ ਵੇਲੇ ਵੀ ਪੱਤਰਕਾਰੀ ਕਰ ਰਿਹਾ ਸੀਤੇ ਸੁੱਖ ਨਾਲ ਕਾਲਜ ਦੇ ਹਫਤਾਵਾਰੀ ਅਖਬਾਰ "ਨਵੀਂ ਕਿਰਨ" ਦਾ ਸੰਪਾਦਕ ਵੀ ਸੀਮੇਰੇ 'ਪੰਗੇਹੱਥਾ' ਪਰ 'ਸਿਆਣਾ' ਸਟੂਡੈਂਟ ਹੋਣ ਕਰਕੇ ਮੈਡਮ ਨੇ ਮੈਨੂੰ ਛੋਟ ਦਿੱਤੀ ਕਿ ਜੇ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਬੇਸੱਕ ਘਰ ਫੋਨ ਕਰ ਕੇ ਪੁੱਛ ਲਵੀਂਇਹ ਛੋਟ ਇਸ ਕਰਕੇ ਵੀ ਸੀ ਕਿਉਂਕਿ ਮੈਂ ਮੈਡਮ ਦੇ ਪੀ ਐੱਚ ਡੀ ਦੇ ਡਾਟੇ ਇਕੱਠੇ ਕਰਨ ਵਿੱਚ ਥੋੜ੍ਹੀ ਜਿਹੀ ਮਦਦ ਜੋ ਕੀਤੀ ਸੀਮੈ ਬਿਨਾ ਦੱਸੇ ਹੀ ਪਿੰਡ ਗਿਆ ਕਈ ਦਿਨ ਕਾਲਜ ਨਾ ਮੁੜਿਆ ਪਰ ਆਉਣ ਤੇ ਲੰਘ ਗਏ ਸਿਲੇਬਸ ਦਾ ਕੋਈ ਲੱਲ੍ਹ-ਚੱਜ ਜਿਹਾ ਨਾ ਆਵੇ, ਮੈਂ ਦੁਬਿਧਾ 'ਚ ਪਏ ਨੇ ਫੋਨ ਕੀਤਾ ਤਾਂ ਮੈਡਮ ਦੀ ਭਾਬੀ ਨੇ ਚੁੱਕ ਲਿਆ

ਆਵਾਜ਼ ਦੇ ਰਲੇਵੇਂ ਕਾਰਨ ਓਹ ਮੈਂਨੂੰ ਮੈਡਮ ਦਾ ਮੰਗੇਤਰ ਸਮਝ ਬੈਠੀਮੈਂ ਦੱਸਿਆ, "ਨਹੀਂ ਜੀ, ਮੈਂ ਰਾਜਾ ਨਹੀਂ ਸਗੋਂ ਮੈਡਮ ਦਾ ਸਟੂਡੈਂਟ ਮਨਦੀਪ ਹਾਂ।" ਇੰਨੀ ਕੁ ਗੱਲ ਨੇ ਫਿਰ ਮੇਰੇ ਪੱਕੇ ਜੋਤਿਸ਼ੀ ਹੋਣ ਉੱਪਰ ਮੋਹਰ ਲਗਾ ਦਿੱਤੀਹੋਇਆ ਇੰਝ ਕਿ ਕਲਾਸ ਦੀਆਂ ਕੁੜੀਆਂ ਦੇ ਕਹਿਣ ਤੇ ਸਾਡੀ ਮੈਡਮ ਨੇ ਵੀ ਹੱਥ ਮੇਰੇ ਅੱਗੇ ਕਰ ਦਿੱਤਾਆਪਾਂ ਫਾਰਮੂਲਾ ਵਰਤਿਆ, ਜੋ ਕੁਝ ਮੈਡਮ ਨੇ ਆਪਣੇ ਪਹਿਲੇ ਲੈਕਚਰ ਵਿੱਚ ਦੱਸਿਆ ਸੀ, ਕੱਲਾ ਕੱਲਾ ਕਰਕੇ ਓਹੀ ਦੱਸੀ ਗਿਆਮੈਡਮ ਵੀ ਹਾਂ-ਹਾਂ ਕਰੀ ਜਾਵੇਇਕ ਕੁੜੀ ਬੋਲੀ, "ਮੈਡਮ ਜੀ, ਮਨਦੀਪ ਤਾਂ ਉਹੀ ਤੁੱਕੇ ਤੀਰ ਬਣਾ ਬਣਾ ਛੱਡੀ ਜਾਂਦੈ ਜੋ ਤੁਸੀਂ ਪਹਿਲੀ ਕਲਾਸ ਵੇਲੇ ਦੱਸਿਆ ਸੀ।" ਮੈਂ ਕੇਰਾਂ ਤਾਂ ਰੰਗੇ ਹੱਥੀਂ ਫੜ੍ਹੇ ਗਏ ਕਿਸੇ ਭਰਿਸ਼ਟ ਅਫਸਰ ਵਾਂਗ ਮਹਿਸੂਸ ਕੀਤਾ ਪਰ ਹੌਸਲਾ ਨਾ ਹਾਰਿਆਮੈਂ ਆਪਣਾ ਪੈੱਨ ਮੈਡਮ ਨੂੰ ਦਿੱਤਾ ਤੇ ਕਾਪੀ ਤੇ ਕੋਈ ਵੀ ਅੰਕ ਲਿਖਣ ਲਈ ਕਿਹਾ

ਮੈਡਮ ਨੇ ਆਠਾ (8) ਲਿਖਿਆ ਤੇ ਮੈਂ ਆਪਣਾ ਹੀ ਹਿਸਾਬ ਕਿਤਾਬ ਲਗਾ ਕੇ ਮੈਡਮ ਨੂੰ ਕਿਹਾ, "ਇਹ ਉਹ ਅੱਖਰ ਹੈ ਜੋ ਤੁਹਾਡੀ ਜ਼ਿੰਦਗੀ 'ਚ ਖ਼ਾਸ ਅਹਿਮੀਅਤ ਰੱਖਦੈ।" ਅੱਖਰ ਦਿਖਾਉਣ ਤੋਂ ਪਹਿਲਾਂ ਬੋਲਿਆ ਡਾਇਲਾਗ ਗਲਤ ਹੋਣ ਤੇ ਮੇਰੀ ਜੋਤਿਸ਼ ਦੀ ਫੂਕ ਵੀ ਨਿਕਲ ਸਕਦੀ ਸੀ ਤੇ ਮੈਂ "ਜੋਤਿਸ਼ ਅਚਾਰੀਆ" ਵੀ ਬਣ ਸਕਦਾ ਸੀਅੱਖਰ ਦੇਖਣ ਲਈ ਸਾਰੀ ਕਲਾਸ ਉਤਸੁਕ ਤੇ ਚੁੱਪ ਸੀਮੈਂ ਕਾਪੀ ਮੈਡਮ ਵੱਲ ਕੀਤੀ ਤਾਂ ਉਸਨੇ ਕਿਹਾ, "ਵਾਹ ਪੰਡਿਤ ਜੀ, ਆਹ ਤਾਂ ਕਮਾਲ ਈ ਕਰਤੀ।" ਸਚਮੁੱਚ ਹੀ ਉਸਦੇ ਮੰਗੇਤਰ ਦਾ ਨਾਂ ਰਾਰੇ (ਰ) ਤੋਂ ਸ਼ੁਰੂ ਹੁੰਦਾ ਸੀਬੇਸੱਕ ਇਹ ਸਭ ਕੁਝ ਅਣਜਾਣਪੁਣੇ ਜਾਂ ਲਾਚੜਪੁਣੇ 'ਚ ਹੀ ਹੋਈ ਜਾ ਰਿਹਾ ਸੀ ਪਰ ਇਹ ਗੱਲ ਵੀ ਮੈਨੂੰ ਵੱਢ ਵੱਢ ਖਾਂਦੀ ਕਿ ਮੈਂ ਗਲਤ ਕਰੀ ਜਾ ਰਿਹਾ ਹਾਂਮੈਨੂੰ ਆਪਣੀ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਉਸ ਦਿਨ ਮਿਲਿਆ ਜਦ ਕਾਲਜ 'ਚ ਸਾਰਿਆਂ ਦਾ ਆਖਰੀ ਦਿਨ ਸੀ

ਮੈ ਮੌਕਾ ਜਿਹਾ ਦੇਖਕੇ ਆਪਣੇ 'ਗਾਹਕਾਂ' ਦੀ ਟੋਲੀ ਨੂੰ ਸੰਬੋਧਨ ਕਰਦਿਆਂ ਪੁੱਛਿਆ, "ਦੋਸਤੋ ਤੁਸੀਂ ਮੈਨੂੰ ਕਿੰਨ੍ਹਾਂ ਦਾ ਮੁੰਡਾ ਸਮਝਦੇ ਹੋ?" ਕਈ ਕੁੜੀਆਂ ਦੀ 'ਕੱਠੀ 'ਵਾਜ ਆਈ, "ਪੰਡਤਾਂ ਦਾ।" "ਪਰ ਮੈਂ ਪੰਡਤਾਂ ਦਾ ਨਹੀਂ ਸਗੋਂ ਸੁਨਿਆਰਾਂ ਦਾ ਮੁੰਡਾ ਹਾਂ, ਤੇ ਨਾ ਹੀ ਮੈਨੂੰ ਹੱਥ ਦੇਖਣਾ ਆਉਂਦਾ ਹੈ ਸਗੋਂ ਮੈਂ ਤਾਂ ਤਰਕਸ਼ੀਲ ਵਿਚਾਰਾਂ ਵਾਲਾ ਹਾਂ।" ਮੈਂ ਆਪਣੀ ਬੱਜਰ ਗਲਤੀ ਨੂੰ ਦਰੁਸਤੀ ਵੱਲ ਲਿਜਾ ਰਿਹਾ ਸਾਂ। "ਮੈਂ ਤੁਹਾਨੂੰ ਓਹੀ ਕੁਝ ਹੱਥ ਦੇਖਕੇ ਦੱਸਦਾ ਰਿਹਾਂ ਜੋ ਆਮ ਵਾਪਰਦੈ, ਭਲਿਓ ਲੋਕੋ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੁੜੀ ਦਾ ਕਿਹੜਾ ਤੇ ਮੁੰਡੇ ਦਾ ਕਿਹੜਾ ਹੱਥ ਦੇਖੀਦੈਮੈਂ ਓਹੀ ਗੱਲਾਂ ਥੋਡੇ ਨਾਲ ਕੀਤੀਆਂ ਨੇ ਜੋ ਬਾਬੇ ਆਮ ਲੋਕਾਂ ਦੀ ਮਾਨਸਿਕਤਾ ਨੂੰ ਹੱਥ ਹੇਠ ਕਰਨ ਲਈ ਕਰਦੇ ਨੇਪਰ ਤੁਸੀਂ ਅਧਿਆਪਕ ਬਣਨ ਜਾ ਰਹੇ ਹੋ।"

ਮੇਰੇ ਇੰਨਾ ਕੁ ਕਹਿਣ ਤੇ ਓਹ ਕਿਸੇ ਜੇਬ ਕੱਟੀ ਗਈ ਵਾਲੇ ਮੁਸਾਫਿਰ ਵਾਂਗ ਬੈਠੇ ਸਨਮੈਂ ਫਿਰ ਕਿਹਾ, "ਤੁਹਾਡੇ ਤੇ ਅੱਜ ਤੋਂ ਬਾਦ ਜੋ ਜਿੰਮੇਵਾਰੀ ਪੈਣ ਜਾ ਰਹੀ ਹੈ ਓਹ ਆਪਣੇ ਆਪ 'ਚ ਬਹੁਤ ਵੱਡੀ ਐ, ਸੈਂਕੜੇ ਜੁਆਕਾਂ ਦੀ ਜ਼ਿੰਦਗੀ ਥੋਡੇ ਹੱਥ ਹੋਵੇਗੀ, ਪਰ ਜੇ ਥੋਡੇ ਹੱਥ ਹੀ ਕਿਸੇ ਹੋਰ ਤੋਂ ਭਵਿੱਖ ਜਾਨਣ 'ਚ ਰੁੱਝੇ ਰਹਿਣਗੇ ਤਾਂ ਓਹ ਮਾਸੂਮ ਕਿਸ ਆਸਰੇ ਹੋਣਗੇਕੋਈ ਵੀ ਕੰਮ ਕਰਨ ਤੋਂ ਪਹਿਲਾਂ ਪੁਣਛਾਣ ਜਰੂਰ ਕਰੋ, ਲਾਈਲੱਗ ਨਾ ਬਣੋ, ਅੱਖਾਂ ਮੀਟ ਕੇ ਯਕੀਨ ਨਾ ਕਰੋ,ਫਿਰ ਤੁਹਾਡੇ ਤੇ ਕਿਸੇ 'ਗੂਠਾ ਛਾਪ 'ਚ ਕੀ ਫਰਕ ਰਹੇਗਾ।" ਮੈਨੂੰ ਜਾਪ ਰਿਹਾ ਸੀ ਕਿ ਮੈਂ ਆਪਣਾ ਕੁਝ ਕੁ ਭਾਰ ਹੌਲਾ ਕਰ ਲਿਆ ਸੀਸਾਰੀ ਕਹਾਣੀ ਸੁਣਾਉਣ ਤੇ ਵੀ ਕਈਆਂ ਨੂੰ ਹਾਲੇ ਵੀ ਯਕੀਨ ਨਹੀਂ ਆ ਰਿਹਾ ਸੀਮੈਂ ਉਸ ਵੇਲੇ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਦੁਨੀਆਂ 'ਚ ਪੜ੍ਹੇ-ਲਿਖੇ ਵੀ ਬੁੱਧੂ ਬਨਣ ਲਈ "ਮਿੰਨਤਾਂ" ਕਰਦੇ ਫਿਰਦੇ ਹਨ ਪਰ ਬੁੱਧੂ ਬਣਾਉਣ ਦਾ ਹੁਨਰ ਹੋਣਾ ਚਾਹੀਦਾ ਹੈ

No comments: