ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, February 3, 2009

ਸ਼ਿਆਮ ਸੁੰਦਰ ਅਗਰਵਾਲ - ਮਿੰਨੀ ਕਹਾਣੀ

ਸਾਹਿਤਕ ਨਾਮ : ਸ਼ਿਆਮ ਸੁੰਦਰ ਅਗਰਵਾਲ

ਜਨਮ ਮਿਤੀ : 8 ਫਰਵਰੀ 1950 ( ਕੋਟਕਪੂਰਾ, ਜ਼ਿਲਾ-ਫਰੀਦਕੋਟ, ਪੰਜਾਬ )

ਮੌਜੂਦਾ ਨਿਵਾਸ: ਕੋਟਕਪੂਰਾ (ਪੰਜਾਬ )

ਵਿਦਿਆ : ਬੀ.ਏ.

ਪ੍ਰਕਾਸ਼ਿਤ ਪੁਸਤਕਾਂ : ਦੋ ਮਿੰਨੀ ਕਹਾਣੀ ਸੰਗ੍ਰਹਿ : ਨੰਗੇ ਲੋਕਾਂ ਦਾ ਫ਼ਿਕਰ, ਮਾਰੂਥਲ ਦੇ ਵਾਸੀ

ਸੰਪਾਦਿਤ : 22 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿਚ ਅਤੇ 2 ਸੰਗ੍ਰਹਿ ਹਿੰਦੀ ਵਿਚ

ਅਨੁਵਾਦ : ਸੁਕੇਸ਼ ਸਾਹਨੀ, ਡਾ. ਸਤੀਸ਼ ਦੁਬੇ ਤੇ ਡਾ. ਕਮਲ ਚੋਪੜਾ ਦੀਆਂ ਚੌਣਵੀਆਂ ਲਘੂਕਥਾਵਾਂ ਦੇ ਪੰਜਾਬੀ ਅਨੁਵਾਦ ਦੀਆਂ ਚਾਰ ਪੁਸਤਕਾਂ

ਇਨਾਮ-ਸਨਮਾਨ : ਹਿੰਦੀ-ਪੰਜਾਬੀ ਵਿਚ ਕਈ ਮਿੰਨੀ ਕਹਾਣੀਆਂ ਨੂੰ ਇਨਾਮ ਤੇ ਪੰਜਾਬ ਦੀਆਂ ਕਈ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ

ਦੋਸਤੋ! ਅੱਜ ਅਗਰਵਾਲ ਸਾਹਿਬ ਨੇ ਬੇਹੱਦ ਖ਼ੂਬਸੂਰਤ ਮਿੰਨੀ ਕਹਾਣੀ ਭੇਜ ਕੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀ ਇਸ ਕਹਾਣੀ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਅਗਰਵਾਲ ਸਾਹਿਬ ਨੂੰ ਆਰਸੀ ਦਾ ਲਿੰਕ ਡਾ: ਸ਼ਿਆਮ ਸੁੰਦਰ ਦੀਪਤੀ ਜੀ ਨੇ ਭੇਜਿਆ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

====================================

ਸਾਂਝਾ ਦਰਦ

ਬਿਰਧ ਆਸ਼ਰਮ ਵਿਚ ਗਏ ਪੱਤਰਕਾਰ ਨੇ ਉੱਥੇ ਬਰਾਂਡੇ ਵਿਚ ਬੈਠੀ ਇਕ ਬਜ਼ੁਰਗ ਔਰਤ ਨੂੰ ਪੁੱਛਿਆ, “ਮਾਂ ਜੀ, ਤੁਹਾਡੇ ਕਿੰਨੇ ਪੁੱਤਰ ਹਨ?”

ਉਹ ਬੋਲੀ, “ ਨਾ ਪੁੱਤ, ਨਾ ਧੀ ਮੇਰੇ ਤਾਂ ਕੋਈ ਔਲਾਦ ਨਹੀਂ

ਪੱਤਰਕਾਰ ਬੋਲਿਆ, “ ਤੁਹਾਨੂੰ ਗ਼ਮ ਤਾਂ ਹੋਵੇਗਾ ਪੁੱਤਰ ਨਾ ਹੋਣ ਦਾ ਪੁੱਤਰ ਹੁੰਦਾ ਤਾਂ ਅੱਜ ਤੁਸੀਂ ਇਸ ਬਿਰਧ ਆਸ਼ਰਮ ਚ ਨਾ ਹੋ ਕੇ ਆਪਣੇ ਘਰ ਹੁੰਦੇ

ਬਜ਼ੁਰਗ ਔਰਤ ਨੇ ਥੋੜੀ ਦੂਰ ਬੈਠੀ ਇਕ ਦੂਜੀ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਉਹ ਬੈਠੀ ਮੇਰੇ ਨਾਲੋਂ ਵੀ ਦੁਖੀ, ਉਹਦੇ ਤਿੰਨ ਪੁੱਤ ਨੇ ਉਹਨੂੰ ਪੁੱਛ ਲੈ

ਪੱਤਰਕਾਰ ਉਸ ਬੁੱਢੀ ਵੱਲ ਜਾਣ ਲੱਗਾ ਤਾਂ ਨੇੜੇ ਹੀ ਬੈਠਾ ਇਕ ਬਜ਼ੁਰਗ ਬੋਲ ਪਿਆ, ਪੁੱਤਰ, ਇਸ ਆਸ਼ਰਮ ’ਚ ਅਸੀਂ ਜਿੰਨੇ ਵੀ ਲੋਕ ਆਂ, ਉਨ੍ਹਾਂ ’ਚੋਂ ਇਸ ਭੈਣ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਦੋ ਤੋਂ ਪੰਜ ਤੱਕ ਪੁੱਤਰ ਹਨ । ਪਰ ਸਾਡੇ ਸਾਰਿਆਂ ’ਚ ਇਕ ਗੱਲ ਸਾਂਝੀ ਐ…”

“ ਉਹ ਕੀ ?” ਪੱਤਰਕਾਰ ਨੇ ਉਤਸੁਕਤਾ ਨਾਲ ਪੁੱਛਿਆ ।

“ ਸਾਡੇ ਸਾਰਿਆਂ ’ਚੋਂ ਕਿਸੇ ਦੇ ਵੀ ਧੀ ਨਹੀਂ ਹੈ ।” ਬਜ਼ੁਰਗ ਦਰਦ ਭਰੀ ਅਵਾਜ਼ ਵਿਚ ਬੋਲਿਆ, “ ਜੇ ਧੀ ਹੁੰਦੀ ਤਾਂ ਸ਼ਾਇਦ ਅਸੀਂ ਇਸ ਆਸ਼ਰਮ ’ਚ ਨਾ ਹੁੰਦੇ ।”


1 comment:

सुभाष नीरव said...

एक कड़वे सच की ओर बड़ी खूबसूरती से इशारा करती श्याम सुन्दर अग्रवल जी की यह लघुकथा नि:संदेह एक उत्कृष्ट रचना है।