ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, February 4, 2009

ਗਿਆਨੀ ਸੰਤੋਖ ਸਿੰਘ - ਸੱਭਿਆਚਾਰਕ ਲੇਖ

ਘੜਾ ਘੜਵੰਜੀ ਤੇ

ਸਿਆਣੀ ਹੋ ਰਹੀ ਧੀ ਦੀ ਮਾਂ ਇਕ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਫ਼ਿਕਰਮੰਦੀ ਜਿਹੀ ਵਿਚ ਆਪਣੇ ਪਤੀ ਨੂੰ ਆਪਣੀ ਧੀ ਵਾਸਤੇ ਯੋਗ ਵਰ ਘਰ ਲਭਣ ਲਈ ਪ੍ਰੇਰਤ ਕਰਦੀ ਹੋਈ ਕੁਝ ਇਉਂ ਆਖਦੀ ਹੈ, “ਛਿੰਦੋ ਦਾ ਭਾਈਆ, ਆਪਣੀ ਛਿੰਦੋ ਹੁਣ ਸੁੱਖ ਨਾਲ਼ ਸਿਆਣੀ ਹੋ ਗਈ ਏਇਸ ਵਾਸਤੇ ਯੋਗ ਵਰ ਲਭਣਾ ਲੋੜੀਏਛਿੰਦੋ ਦਾ ਭਾਈਆ ਦਿਨ ਭਰ ਖੇਤੀ ਦੇ ਕੰਮਾਂ, ਧੰਦਿਆਂ ਤੇ ਫਿਕਰਾਂ ਕਾਰਨ ਕੁਝ ਥਕਾਵਟ ਜਿਹੀ ਵਿਚ ਸੀ ਤੇ ਅਜਿਹੀ ਗੰਭੀਰ ਸੋਚ ਵਾਲ਼ੀ ਵਾਰਤਾਲਾਪ ਲਈ ਤਿਆਰ ਨਹੀ ਸੀਅਰਧ ਧਿਆਨੇ ਜਿਹੇ ਵਿਚ ਬੋਲਿਆ, “ਅਜੇ ਤਾਂ ਆਪਣੀ ਛਿੰਦੋ ਬੱਚੀ ਹੀ ਹੈ; ਕਾਹਲੀ ਕਾਹਦੀ ਹੈ!ਮਾਵਾਂ ਨੂੰ ਪਿਉਆਂ ਨਾਲੋਂ ਅਜਿਹੀਆਂ ਜ਼ਰੂਰੀ ਘਰੇਲੂ ਗੱਲਾਂ ਦਾ ਪਹਿਲਾਂ ਹੀ ਭੈਮਸਾ ਜਿਹਾ ਹੋ ਜਾਂਦਾ ਹੈਸ਼ਾਇਦ ਅਜਿਹੀ ਸਮਝ ਉਹਨਾਂ ਅੰਦਰ ਕਿਸੇ ਤਰ੍ਹਾਂ ਦੀ ਅੰਦਰੂਨੀ ਸੂਝ (ਇਨਟਿਊਟਿਵ ਪਾਵਰ) ਕਰਕੇ ਪੈਦਾ ਹੋ ਜਾਂਦੀ ਹੋਵੇ! ਪਿਉ ਤਾਂ ਆਮ ਤੌਰ ਤੇ ਆਪਣੀ ਧੀ ਨੂੰ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲ਼ੀ ਬੱਚੀ ਹੀ ਬਹੁਤ ਸਮਾ ਸਮਝਦਾ ਰਹਿੰਦਾ ਹੈ ਪਰ ਮਾਵਾਂ ਦਾ ਬੱਚੀਆਂ ਬਾਰੇ ਫਿਕਰ ਠੀਕ ਸਮੇ ਤੇ ਹੀ ਸ਼ੁਰੂ ਹੋ ਜਾਂਦਾ ਹੈ

ਛਿੰਦੋ ਦੀ ਬੀਬੀ ਵੱਲੋ ਮੁੜ ਮੁੜ ਏਹੋ ਹੀ ਕਹਾਣੀ ਪਾਉਣ ਤੇ, ਭਾਈਏ ਨੇ ਆਖਿਆ, “ਜਦੋਂ ਛਿੰਦੋ ਆਪਣੇ ਸਿਰ ਤੋਂ ਘੜਾ ਚੁੱਕ ਕੇ ਤੇ ਉਸਦਾ ਨਕਾਲ਼ ਕੱਢ ਕੇ ਘੜਵੰਜੀ ਤੇ ਰੱਖੂਗੀ ਓਦੋਂ ਸਮਝੂੰਗਾ ਕਿ ਆਪਣੀ ਛਿੰਦੋ ਜਵਾਨ ਹੋ ਗਈ ਹੈਅੱਗੇ ਤੁਰਨ ਤੋਂ ਪਹਿਲਾਂ ਏਥੇ ਆਪਾਂ ਸਮਝ ਲਈਏ ਕਿ ਘੜਵੰਜੀ ਕੀ ਹੁੰਦੀ ਹੈਨਵੀ ਪੀੜ੍ਹੀ ਨੂੰ ਇਹ ਵੇਖੀ ਨਾ ਹੋਣ ਕਰਕੇ ਸ਼ਾਇਦ ਇਸਦਾ ਪਤਾ ਨਾ ਹੋਵੇ! ਅਧੀ ਕੁ ਸਦੀ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਪਾਣੀ ਝੀਰ ਭਰਿਆ ਕਰਦੇ ਸਨਸ਼ਾਮ ਸਮੇ ਪਿੰਡ ਦੀ ਸਾਂਝੀ ਖੂਹੀ ਤੋਂ ਡੋਲ ਨਾਲ਼ ਪਾਣੀ ਕੱਢ ਕੇ ਤੇ ਘੜੇ ਭਰ-ਭਰ ਕੇ ਪਿੰਡ ਵਾਸੀਆਂ ਦੇ ਘਰਾਂ ਵਿਚ ਪੁਚਾਇਆ ਕਰਦੇ ਸਨਘੁਮਿਆਰਾਂ ਦੁਆਰਾ ਬਣਾਏ ਤੇ ਆਵੀ ਵਿਚ ਪਕਾਏ ਗਏ ਮਿੱਟੀ ਦੇ ਘੜੇ, ਹਰੇਕ ਪਰਵਾਰ ਦੇ ਘਰ ਵਿਚ ਦਾਣਿਆਂ ਵੱਟੇ ਵਟਾ ਕੇ ਰੱਖੇ ਹੋਏ ਹੁੰਦੇ ਸਨ ਤੇ ਇਹਨਾਂ ਨੂੰ ਟਿਕਾਉਣ ਵਾਸਤੇ ਤਰਖਾਣਾਂ ਦੁਆਰਾ ਲੱਕੜੀ ਦਾ ਢਾਂਚਾ ਜਿਹਾ ਬਣਾਇਆ ਗਿਆ ਹੁੰਦਾ ਸੀ ਜਿਸ ਉਪਰ ਘੜੇ ਟਿਕਾਏ ਜਾਂਦੇ ਸਨਉਸਨੂੰ ਘੜਵੰਜੀ ਆਖਦੇ ਸਨਮਾਪੇ ਸਮਝਦੇ ਸਨ ਕਿ ਧੀ ਸੁੱਤੀ ਪਈ ਹੈ ਪਰ ਉਹ ਜਾਗਦੀ ਸੀ ਤੇ ਘੇਸਲ਼ ਵੱਟ ਕੇ ਮਾਂ ਪਿਉ ਦਰਮਿਆਨ ਹੋ ਰਿਹਾ ਵਾਰਤਾਲਾਪ ਸੁਣ ਰਹੀ ਸੀਅਗਲੇ ਦਿਨ ਉਸਨੇ ਪਾਣੀ ਦਾ ਘੜਾ ਬਾਹਰੋਂ ਲਿਆ ਕੇ ਤੇ ਆਪਣੇ ਸਿਰ ਤੋਂ ਕਾਫੀ ਉਚਾ ਚੁੱਕ ਕੇ ਅਰਥਾਤ ਉਸਦਾ ਬਾਲਾ ਕੱਢ ਕੇ ਘੜਵੰਜੀ ਤੇ ਰੱਖ ਦਿਤਾ

ਇਕ ਦਿਨ ਸਹੇਲੀਆਂ ਦੁਆਰਾ ਇਹ ਪੁੱਛੇ ਜਾਣ ਤੇ, “ਕੁੜੇ ਛਿੰਦੋ, ਤੇਰੇ ਘਰ ਦੇ ਤੇਰੇ ਵਿਆਹ ਸ਼ਿਆਹ ਬਾਰੇ ਨਹੀ ਕਦੀ ਕੋਈ ਗੱਲ ਕਰਦੇ!ਅੱਗੋਂ ਸਹਿਜ ਸੁਭਾਅ ਛਿੰਦੋ ਦਾ ਜਵਾਬ ਸੀ, “ਅਸਾਂ ਤੇ ਘੜਾ ਘੜਵੰਜੀ ਤੇ ਰੱਖ ਦਿੱਤਾ; ਅੱਗੋਂ ਹੁਣ ਭਾਈਆ ਜਾਣੇ ਤੇ ਭਾਈਏ ਦਾ ਕੰਮ!ਲੋਕ ਗੀਤਾਂ ਵਿਚ ਵੀ ਅਜਿਹੇ ਵਾਕਿਆਤ ਦਾ ਆਮ ਹੀ ਜ਼ਿਕਰ ਮਿਲ਼ਦਾ ਹੈ

ਪਿਓ ਪੁੱਛਦਾ ਹੈ ਧੀ ਨੂੰ:

ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?

ਧੀ ਦਾ ਜਵਾਬ:

ਖੜ੍ਹੀ ਸਾਂ ਮੈ ਬਾਬਲ ਜੀ ਦੇ ਪਾਸ

ਬਾਬਲ ਵਰ ਲੋੜੀਏ!

ਜੇ ਪਿਉ ਪੁੱਛੇ:

ਬੇਟੀ, ਕੈਸਾ ਵਰ ਲੋੜੀਏ?

ਉੱਤਰ ਬੇਟੀ ਦਾ:

ਕਾਹਨਾਂ ਵਿਚੋਂ ਕਾਹਨ ਕਨ੍ਹਈਆ ਵਰ ਲੋੜੀਏ

ਆਖ ਕੇ, ਆਪਣੀ ਪਸੰਦ ਦੱਸ ਦਿੰਦੀ ਹੈ

ਜੇ ਸਮੇ ਸਿਰ ਮਾਪੇ ਇਸ ਪਾਸੇ ਧਿਆਨ ਨਾ ਦੇਣ ਤਾਂ ਫਿਰ ਵਿਆਹ ਆਦਿ ਖ਼ੁਸ਼ੀ ਦੇ ਸਮਿਆਂ ਤੇ ਇਕੱਠੀਆਂ ਹੋਈਆਂ ਕੁੜੀਆਂ ਚਿੜੀਆਂ ਲੋਕ ਗੀਤਾਂ ਰਾਹੀਂ ਵੀ ਮਾਪਿਆਂ ਨੂੰ ਸੁਚੇਤ ਕਰਦੀਆਂ ਹੋਈਆਂ ਗਾ ਉਠਦੀਆ ਹਨ:

ਮੈਨੂੰ ਵਿਆਹ ਦੇ ਅੰਮੀਏ, ਨੀ ਮੈ ਕੋਠੇ ਜਿਡੀ ਹੋਈ

ਪਿਉ ਨੂੰ ਵੀ ਸੰਬੋਧਨ ਕਰ ਦਿਤਾ ਜਾਂਦਾ ਹੈ ਇਹਨਾਂ ਗੀਤਾਂ ਰਾਹੀਂ:

ਬਾਪੂ ਮੇਰਾ ਵਿਆਹ ਕਰ ਦੇ, ਉਤੋਂ ਵੇਖ ਲਾ ਜ਼ਮਾਨਾ ਕੈਸਾ

ਅਜਿਹੇ ਹਾਲਾਤ ਅਨੁਭਵ ਕਰਕੇ ਪਿਓ ਧੀ ਦੀ ਖੁਸ਼ੀ ਲਈ ਉਦਮ ਕਰੇ ਤੇ ਧੀ ਨੂੰ ਆਖੇ:

ਧੀਏ ਨੀ ਪਸੰਦ ਕਰ ਲੈ, ਗੱਡੀ ਭਰ ਮੁੰਡਿਆਂ ਦੀ ਆਂਦੀ

ਜੇ ਮੁੰਡਾ ਕੋਈ ਆਪਣੇ ਬਰ ਮੇਚ ਦਾ ਨਾ ਹੋਵੇ ਤਾਂ ਧੀ ਇਉਂ ਵੀ ਆਖ ਦਿੰਦੀ ਹੈ:

ਸਾਡੇ ਹਾਣ ਦਾ ਮੁੰਡਾ ਨਾ ਕੋਈ, ਗੱਡੀ ਨੂੰ ਪਿਛਾਂਹ ਮੋੜ ਲੈ

ਸਮਾ ਅਨੁਕੂਲ ਹੋਣ ਤੇ ਮੁਟਿਆਰ ਆਪਣੀ ਪਸੰਦ ਦਾ ਪ੍ਰਗਟਾਵਾ ਕਰਨੋ ਵੀ ਨਹੀ ਝਿਜਕਦੀ ਤੇ ਆਖ ਦਿੰਦੀ ਹੈ:

ਲੁਧਿਆਣੇ ਮੁੰਡਾ ਪੜ੍ਹਦਾ, ਮੈਨੂੰ ਉਹਦੇ ਨਾਲ਼ ਵਿਆਹੋ ਜੀ

ਇਹ ਸੁਝਾ ਵੀ ਦੇ ਦਿੰਦੀ ਹੈ:

ਦੇਈਂ ਨੀ ਮਾਏ ਮੈਨੂੰ ਓਸ ਘਰੇ ਜਿਥੇ ਹੋਵਣ ਭਰਾ ਸੱਤ

ਇਕ ਮੰਗਾਂ ਇਕ ਵਿਆਹਵਾਂ ਮੇਰਾ ਵਿਚ ਲੱਡੂਆਂ ਦੇ ਹੱਥ

ਫਿਰ ਇਉਂ ਵੀ ਵੈਰਾਗ ਵਿਚ ਪਿਉ ਨੂੰ ਸੁਣਾ ਕੇ ਗਾਉਂਦੀ ਹੈ:

ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲਾ ਅਸੀਂ ਉਡ ਜਾਣਾ

ਪੁਰਾਣੇ ਸਮੇ ਵਿਚ ਪੰਜਾਬ ਦੇ ਪੇਂਡੂ ਨੌਜਵਾਨਾਂ ਵਿਚੋਂ ਕੁਝ, ਆਮ ਤੌਰ ਤੇ ਫੌਜ ਦੀ ਨੌਕਰੀ ਹੀ ਕਰਿਆ ਕਰਦੇ ਸਨ ਤੇ ਇਸ ਤਰ੍ਹਾਂ ਘਰੋਂ ਬਾਹਰ ਹੀ ਬਹੁਤਾ ਸਮਾ ਉਹਨਾ ਦਾ ਬੀਤਦਾ ਸੀਅਜਿਹੇ ਹਾਲ ਤੋਂ ਬਚਣ ਲਈ ਧੀ ਬਾਬਲ ਨੂੰ ਇਉਂ ਵੀ ਆਖ ਦਿੰਦੀ ਸੀ:

ਨੌਕਰ ਦੇ ਨਾ ਦਈਂ ਬਾਬਲਾ ਹਾਲ਼ੀ ਪੁੱਤ ਬਥੇਰੇ

ਨੌਕਰ ਪੁੱਤ ਤਾਂ ਘਰੀਂ ਨਾ ਵੜਦੇ ਵਿਚ ਪਰਦੇਸੀਂ ਡੇਰੇ

ਮੈ ਤੈਨੂੰ ਆਖ ਰਹੀ ਦਈਂ ਨਾ ਬਾਬਲਾ ਫੇਰੇਮੈ ਤੈਨੂੰ ਆਖ ਰਹੀ …..

ਵਿਆਹ ਪਿੱਛੋਂ ਜੇ ਵਰ ਹਾਣ ਪਰਵਾਣ ਦਾ ਨਾ ਹੋਵੇ ਤਾਂ ਇਉਂ ਵੀ ਉਲਾਹਮੇ ਦਿੰਦੀ ਹੈ:

ਮੇਰੇ ਖਾ ਗਿਆ ਹੱਡਾਂ ਨੂੰ ਝੋਰਾ, ਕੰਤ ਨਿਆਣੇ ਦਾ

ਜਾਂ

ਬਾਬਲ ਮੇਰੇ ਵਰ ਟੋਲ਼ਿਆ, ਮੇਰੇ ਗੁੱਤ ਦੇ ਪਰਾਂਦੇ ਨਾਲ਼ੋਂ ਛੋਟਾ

ਫਿਰ

ਬਾਰੀਂ ਬਰਸੀਂ ਖਟਣ ਗਿਆ ਖਟ ਕੇ ਲਿਆਂਦਾ ਫੀਤਾ

ਮਾਹੀ ਮੇਰਾ ਨਿੱਕਾ ਜਿਹਾ, ਅਸਾਂ ਖਿੱਚ ਕੇ ਬਰੋਬਰ ਕੀਤਾ

ਜੇ ਮੁੰਡੇ ਦਾ ਰੰਗ ਨਾ ਪਸੰਦ ਹੋਵੇ ਤਾਂ ਆਖੂ:

ਬਾਬਲ ਮੇਰੇ ਵਰ ਟੋਲ਼ਿਆ ਰੋਹੀ ਦੀ ਕਿੱਕਰ ਦਾ ਜਾਤੂ

ਜੇ ਉਮਰੋਂ ਵੱਡਾ ਹੋਵੇ ਤਾਂ ਵਿਚੋਲੇ ਦੇ ਦੁਆਲ਼ੇ ਵੀ ਹੋ ਜਾਊ:

ਸਬਰ ਵਿਚੋਲੇ ਨੂੰ, ਜਿਨ੍ਹੇ ਲੜ ਬੁਢੜੇ ਦੇ ਲਾਈ

ਸੱਸ ਤੇ ਬਹੁਤੀਆਂ ਨਣਾਨਾਂ ਦੀਆਂ ਨਿਘੋਚਾਂ ਤੋਂ ਤੰਗ ਆਈ ਇਉਂ ਵੀ ਆਖ ਦਊ:

ਸੱਸ ਮੇਰੀ ਦੀਆਂ ਨੌ ਕੁੜੀਆਂ, ਮੱਥਾ ਟੇਕਦੀ ਨੂੰ ਅਧਾ ਦਿਨ ਆਇਆ

ਪੁਰਾਣੇ ਸਮੇ ਵਿਚ ਕੁਝ ਸਮਾਜਾਂ ਅੰਦਰ ਧੀ ਪੈਸੇ ਲੈ ਕੇ ਵੀ ਵਿਆਹੀ ਜਾਂਦੀ ਸੀਸ਼ਾਸਤਰਾਂ ਅਨੁਸਾਰ ਅੱਠ ਪ੍ਰਕਾਰ ਦੇ ਵਿਆਹਾਂ ਵਿਚੋਂ ਇਹ ਵੀ ਇਕ ਪ੍ਰਕਾਰ ਦਾ ਵਿਆਹ ਮੰਨਿਆ ਜਾਂਦਾ ਸੀ ਤੇ ਇਸਨੂੰ ਆਸ਼ੁਰਵਿਆਹ ਦਾ ਨਾਂ ਦਿਤਾ ਗਿਆ ਹੈਮਾਪਿਆਂ ਦੁਆਰਾ ਪੈਸੇ ਲੈ ਕੇ ਵਿਆਹੀ ਧੀ ਵੀ ਅਜੋੜ ਪਤੀ ਬਾਰੇ ਇਉਂ ਆਖ ਦਿੰਦੀ ਸੀ:

ਸੁੱਤੀ ਪਈ ਦੇ ਸਿਰਹਾਣੇ ਰਿੱਛ ਬੰਨ੍ਹ ਕੇ, ਪੰਜ ਸੌ ਗਿਣਾ ਲਏ ਮਾਪਿਆਂ

ਅਜ-ਕੱਲ੍ਹ ਦੀ ਤਾਂ ਗੱਲ ਵੱਖਰੀ ਹੈ ਜਦੋਂ ਕਿ ਪਰਦੇਸੋਂ ਆਏ ਮੁੰਡੇਦੇ ਦੁਆਲੇ ਧੀਆਂ ਵਾਲ਼ੇ ਮੱਖੀਆਂ ਵਾਂਗ ਘੇਰਾ ਘੱਤ ਲੈਂਦੇ ਨੇ ਪਰ ਪੁਰਾਣੇ ਸਮਿਆਂ ਵਿਚ ਪਰਦੇਸ ਜਾਣ ਦੀ ਤਿਆਰੀ ਕਰ ਰਹੇ ਪਤੀ ਨੂੰ ਵੇਖ ਕੇ ਪਤਨੀ ਇਉਂ ਆਖ ਕੇ ਵੀ ਰੋਕਣ ਦੇ ਯਤਨ ਕਰਿਆ ਕਰਦੀ ਸੀ:

ਲਾਮਾਂ ਨੂੰ ਨਾ ਜਾਈਂ ਵੇ, ਤੇਰੀ ਘਰੇ ਨੌਕਰੀ

ਜਾਂ

ਨਾ ਜਾਈਂ ਬਰਮਾ ਨੂੰ ਲੇਖ ਜਾਣਗੇ ਨਾਲ਼ੇ

ਜੇ ਸਿਰ ਦਾ ਸਾਈਂ ਫਿਰ ਵੀ ਨਾ ਰੁਕੇ ਤਾਂ ਫਿਰ ਕੁਝ ਗੁੱਸੇ ਜਿਹੇ ਨਾਲ਼ ਇਉਂ ਵੀ ਆਖਦੀ ਸੀ:

ਸੁਣ ਵੇ ਨਸੀਬੋ ਦਿਆ ਚੰਨਣਾ

ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨਣਾ

ਜੰਮ ਕੇ ਨੌ ਕੁੜੀਆਂ

ਕਿਉਂਕਿ ਕਈ ਸਮਾਜਾਂ ਵਿਚ ਉਸ ਸਮੇ ਧੀਆਂ ਨੂੰ ਪੈਸੇ ਲੈ ਕੇ ਵਿਆਹੁਣ ਦਾ ਰਿਵਾਜ਼ ਸੀ; ਇਸ ਲਈ ਇਸ ਲੋਕ ਗੀਤ ਰਾਹੀਂ, ਕਮਾਈ ਖਾਤਰ ਪਰਦੇਸ ਜਾ ਰਹੇ ਮਾਹੀ ਨੂੰ ਇਹ ਮੇਹਣਾ ਮਾਰ ਕੇ ਵੀ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮੈ ਬਹੁਤੀਆਂ ਕੁੜੀਆਂ ਜੰਮ ਕੇ, ਏਥੇ ਹੀ ਤੇਰੇ ਵਾਲ਼ੋਂ ਵਧ ਕਮਾਈ ਕਰ ਸਕਦੀ ਹਾਂ

ਸਮੇ ਦੇ ਹਾਕਮ ਫਰੰਗੀ ਨੂੰ ਵੀ ਇਉਂ ਇਸ ਤਰ੍ਹਾਂ ਨਿਹੋਰਾ ਮਾਰਦੀ ਸੀ:

ਕਿੱਥੇ ਦੱਸ ਵੇ ਫਰੰਗੀਆ ਲਿਖਿਆ ਰੰਨਾਂ ਵਾਲ਼ੇ ਜੰਗ ਜਿੱਤਦੇ!

ਇਸ ਦੇ ਨਾਲ਼ ਹੀ ਆਪਣੀ ਸਿਆਣੀ ਚੋਣ ਅਨੁਸਾਰ ਸੁਝਾ ਵੀ ਦੇਣਾ:

ਜੇ ਹਾਕਮਾ ਤੂੰ ਜੰਗ ਜਿੱਤਣੀ, ਛੜਿਆਂ ਨੂੰ ਲੈ ਜਾ ਲਾਮ ਤੇ

ਸਹੁਰੇ ਘਰ ਦੇ ਵਤੀਰੇ ਤੇ ਨਾ ਖ਼ੁਸ਼ ਵਹੁਟੀ ਪਤੀ ਨੂੰ ਇਉਂ ਵੀ ਬੋਲ਼ੀ ਮਾਰੂ:

ਇਕ ਤੇਰੀ ਜਿੰਦ ਬਦਲੇ, ਵੇ ਮੈ ਸਾਰੇ ਟੱਬਰ ਦੀ ਗੋਲੀ

ਜੇ ਸਿਰ ਦੇ ਸਾਈਂ ਵੱਲੋਂ ਪੂਰੀ ਪ੍ਰਸੰਨਤਾ ਪ੍ਰਾਪਤ ਨਹੀ ਹੁੰਦੀ ਤਾਂ ਸਹੁਰੇ ਘਰ ਦਾ ਕੋਈ ਵੀ ਜੀ ਤੇ ਕੋਈ ਵੀ ਗੱਲ ਚੰਗੀ ਨਹੀ ਲੱਗਦੀਅੱਕੀ ਹੋਈ ਇਹ ਵੀ ਆਖ ਦਿੰਦੀ ਹੈ:

ਸਹੁਰੇ ਘਰ ਦੋ ਦੋ ਪਿੱਟਣੇ, ਘੁੰਡ ਕਢਣਾ ਕਲਿੱਪ ਨੰਗਾ ਰੱਖਣਾ

ਸਹੁਰੇ ਬਾਰੇ ਵੀ ਅਜਿਹੇ ਵਿਚਾਰ ਪਰਗਟ ਹੋ ਜਾਂਦੇ ਹਨ:

ਵਿਹੜੇ ਵੜਦਾ ਖੜਾਕ ਨਹੀ ਕਰਦਾ, ਬਾਬੇ ਗੱਲ਼ ਟੱਲ ਪਾ ਦਿਓ

ਇਕ ਗੀਤ ਇਸ ਤਰ੍ਹਾਂ ਵੀ ਹੈ;

ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈ ਰਗੜਾਂ

ਸਹੁਰੇ ਦੀ ਅੱਖ ਵਿਚ ਪਾ ਦੇਨੀਆਂ

ਘੁੰਡ ਕਢਣੇ ਦੀ ਅਲ਼ਖ ਮੁਕਾ ਦੇਨੀਆਂ

ਪਤੀ ਦੇ ਪ੍ਰੇਮ ਵਿਚ ਰੱਤੀ ਪਰ ਸੱਸ ਦੇ ਵਤੀਰੇ ਤੋਂ ਦੁਖੀ ਵਹੁਟੀ ਆਪਣੇ ਪਤੀ ਨੂੰ ਇਉਂ ਵੀ ਆਖ ਸਕਦੀ ਹੈ:

ਤੇਰੀ ਆਈ ਮੈ ਮਰ ਜਾਂ, ਮੇਰੀ ਆਈ ਤੇ ਮਰੇ ਸੱਸ ਮੇਰੀ

ਸੱਸ ਦੀ ਹੱਦੋਂ ਵਧ ਪਹਿਰੇਦਾਰੀ ਤੋਂ ਤੰਗ ਆਈ ਨੋਂਹ ਨੇ ਮਜਬੂਰ ਹੋ ਕੇ ਇਸ ਤਰ੍ਹਾਂ ਵੀ ਆਪਣੇ ਪਿਓ ਨੂੰ ਆਖ ਦਿਤਾ ਸੀ:

ਚਾਹੇ ਬਾਪੂ ਮੈ ਮਰ ਜਾਂ, ਚਾਹੇ ਮਰ ਜੇ ਕੁੜਮਣੀ ਤੇਰੀ

ਏਨੀ ਔਖੀ ਹੋਈ ਹੁੰਦੀ ਹੈ ਸੱਸ ਤੋਂ ਕਿ ਵਿਹੜੇ ਵਿਚ ਲੱਗੀ ਕਿੱਕਰ ਨੂੰ ਸੰਬੋਧਨ ਕਰਕੇ ਇਉਂ ਆਖੂ:

ਛੇਤੀ ਛੇਤੀ ਵਧ ਕਿੱਕਰੇ, ਅਸਾਂ ਸੱਸ ਦਾ ਸੰਦੂਕ ਬਣਾਉਣਾ

ਪੇਕਿਉਂ ਆਪਣੀ ਚਾਚੀ ਮੋਹਰੇ ਸੱਸ ਦੀ ਸ਼ਿਕਾਇਤ ਇਸ ਤਰ੍ਹਾਂ ਲਾਉਂਦੀ ਹੈ:

ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ, ਡੌਲ਼ੇ ਕੋਲੋਂ ਬਾਂਹ ਭੱਜ ਗਈ

ਹੈ ਕਿ ਨਾ ਨਾਜ਼ੁਕਤਾ ਦੀ ਹੱਦ!

ਘਰ ਦੀ ਚਾਰ-ਦਿਵਾਰੀ ਵਿਚ ਸੱਸ ਦੀ ਨਿਗਰਾਨੀ ਵਿਚ ਬੰਦੀ ਵਰਗੇ ਦਿਨ ਗੁਜਾਰ ਰਹੀ ਮੁਟਿਆਰ, ਸੱਸ ਦੀ ਬੁੜ ਬੁੜਦੀ ਪਰਵਾਹ ਤੋਂ ਦਲੇਰੀ ਨਾਲ਼ ਉਪਰ ਉਠ ਕੇ, ਆਪਣੇ ਜੀਵਨ ਸਾਥੀ ਨੂੰ ਕਦੀ ਇਉਂ ਵੀ ਆਖ ਦਿੰਦੀ ਹੈ:

ਬੁੜ੍ਹੀ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ

ਅੱਗੋਂ ਵਿਚਾਰਾ ਪਿਓ ਦੀ ਕਮਾਈ ਤੇ ਦਿਨ ਗੁਜ਼ਾਰ ਰਿਹਾ ਪਤੀ ਡਰ ਅਧੀਨ ਇਉਂ ਜਵਾਬ ਦਿੰਦਾ ਹੈ:

ਪੁਆੜਾ ਪੈ ਜੂ ਗਾ, ਬੁੜ੍ਹਾ ਬੁੜ੍ਹੀ ਦੇ ਵੱਲ

ਸੱਸ ਨਾਲ਼ ਤਾਂ ਨੂੰਹ ਦਾ ਇਉਂ ਜਾਪਦਾ ਹੈ ਜਿਵੇ ਘੜੇ ਤੇ ਵੱਟੇ ਵਾਂਗ ਸਹਿਜ ਵੈਰ ਹੋਵੇਸ਼ਰੀਕ ਦੀ ਮੌਤ ਵੇਹੜਾ ਮੋਕਲ਼ਾਵਾਲ਼ੀ ਲੋਕੋਕਤੀ ਮੁਤਾਬਿਕ ਨਣਾਨ ਤੇ ਸੱਸ ਦੀ ਘਰ ਵਿਚ ਗ਼ੈਰ ਮੌਜੂਦਗੀ ਵਿਚ ਖ਼ੁਸ਼ ਹੋ ਕੇ ਮਾਹੀ ਨੂੰ ਇੰਜ ਵੀ ਆਖ ਉਠਦੀ ਹੈ:

ਸੱਸ ਮਰ ਗਈ ਨਣਾਨ ਸਹੁਰੇ ਤੁਰ ਗਈ, ਤੇ ਆਪਾਂ ਦੋਵੇਂ ਮੇਲੇ ਚੱਲੀਏ

ਨਛੱਤਰ ਨੂੰ ਮੰਡੀਓਂ ਜਦੋਂ ਸੌਦੇ ਦੀ ਸੂਚੀ ਲਿਖਾਉਂਦੀ ਏ ਤਾਂ ਉਸ ਵਿਚ ਵੀ:

ਇਕ ਨਿੰਮ ਦਾ ਘੋਟਣਾ ਲਿਆਵੀਂ, ਨਛੱਤਰਾ ਸੱਸ ਕੁੱਟਣੀ

ਫਿਰ ਸੱਸ ਨੂੰ ਕੁੱਟਣ ਦੀ ਖਾਸ ਥਾਂ ਦਾ ਵੀ ਓਹਲਾ ਨਹੀ ਰੱਖਦੀ ਤੇ ਬੁਲੰਦ ਆਵਾਜ਼ ਨਾਲ਼ ਆਖਦੀ ਹੈ:

ਸ਼ਾਵਾ ਅਸਾਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ

ਸੱਸ ਦੀ ਨਿਤ ਦੀ ਟੋਕਾ ਟਾਕੀ ਤੋਂ ਦੁਖੀ ਹੋਈ ਨੂੰਹ ਏਥੇ ਹੀ ਬੱਸ ਨਹੀ ਕਰਦੀ ਬਲਕਿ ਚਿਰ ਤੋਂ ਸਾਂਭ ਕੇ ਰੱਖੀ ਸੂਫ਼ ਦੀ ਸੁੱਥਣ ਨੂੰ ਸੰਬੋਧਨ ਕਰਕੇ ਇਉਂ ਆਖਦੀ ਹੈ:

ਤੈਨੂੰ ਸੱਸ ਮਰੀ ਤੇ ਪਾਵਾਂ, ਸੁੱਥਣੇ ਸੂਫ਼ ਦੀਏ

ਮੁਕਲਾਵੇ ਪਿੱਛੋਂ ਸਹੁਰਿਆਂ ਤੋਂ ਮੁੜੀ ਨੂੰ ਤਾਈ ਪੁੱਛਦੀ ਆ, “ਨੀ ਕੁੜੇ ਛਿੰਦੋ ਤੇਰੀ ਸੱਸ ਕਿਵੇਂ ਆ!ਜੇ ਤਾਂ ਪ੍ਰਾਹੁਣੇ ਨਾਲ਼ ਖ਼ੁਸ਼ ਆ ਤਾਂ ਸਾਰਿਆਂ ਨੂੰ ਚੰਗੇ ਚੰਗੇ ਆਖੀ ਜਾਊਸਹੁਰੇ ਘਰ ਦੇ ਇਕ ਇਕ ਮੈਬਰ ਬਾਰੇ ਤਾਈ ਦੇ ਪੁੱਛਣ ਤੇ ਚੰਗਾ ਚੰਗਾ ਹੋਣ ਦਾ ਹੀ ਜਵਾਬ ਮਿਲ਼ੂਜੇ ਪਤੀ ਪਸੰਦ ਨਹੀ ਤਾਂ ਸਾਰਿਆਂ ਨੂੰ ਹੀ ਮਾੜਾ ਆਖੀ ਜਾਊ


No comments: