ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 29, 2009

ਯਾਦਵਿੰਦਰ ਸਿੰਘ ਸਤਕੋਹਾ - ਲੇਖ

ਪੰਜਾਬੀ ਸਾਹਿਤ ਬਨਾਮ ਪੰਜਾਬੀ ਪਾਠਕ

ਲੇਖ

ਜਦ ਵੀ ਕਦੇ ਇੰਡੀਆ ਦਾ ਗੇੜਾ ਲੱਗਦਾ ਹੈ ਤਾਂ ਦੋ ਕੰਮ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਖਵਰੇ ਬਾਅਦ ਵਿੱਚ ਸਮਾਂ ਲੱਗੇ ਜਾਂ ਨਾ ਲੱਗੇ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਦੂਸਰਾ ਕੰਪਨੀ ਬਾਗ ਨੇੜੇ ਸਥਿਤ ਭਾਸ਼ਾ ਵਿਭਾਗ ਦੇ ਦਫ਼ਤਰ ਦਾ ਗੇੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਆਤਮਿਕ ਤ੍ਰਿਪਤੀ ਲਈ ਅਤੇ ਭਾਸ਼ਾ ਵਿਭਾਗ ਦੇ ਦਫ਼ਤਰ ਸਾਹਿਤਿਕ ਸੁਹਜ ਸੁਆਦ ਦੀ ਪੂਰਤੀ ਲਈ ਵੈਸੇ ਅੰਮ੍ਰਿਤਸਰ ਵਿੱਚ ਕਈ ਹੋਰ ਵੀ ਚੋਟੀ ਦੇ ਪ੍ਰਕਾਸ਼ਕ ਕੰਮ ਕਰ ਰਹੇ ਹਨ ਪਰ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜਾਣ ਪਿੱਛੇ ਇੱਕ ਵੱਖਰਾ ਕਾਰਨ ਹੈ ਇਹ ਕਾਰਨ ਹੈ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ''ਸਰਵੋਤਮ ਵਿਸ਼ਵ ਸਾਹਿਤ'' ਪੁਸਤਕ ਲੜੀ ਦਾ ਪੰਜਾਬੀ ਵਿੱਚ ਕੀਤਾ ਹੋਇਆ ਉਲੱਥਾ ਸੱਚਮੁੱਚ ਇਹ ਪੁਸਤਕ ਲੜੀ ਪੰਜਾਬੀ ਪਾਠਕਾਂ ਲਈ ਇੱਕ ਬੇਸ਼ਕੀਮਤੀ ਤੋਹਫ਼ਾ ਹੈ ਪੰਜਾਬੀ ਭਾਸ਼ਾ ਵਿੱਚ ਉਲੱਥੀ ਹੋਈ ਇਹ ਪੁਸਤਕ ਲੜੀ ਸਾਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਚ ਮਿਆਰੀ ਸਾਹਿਤ ਤੋਂ ਜਾਣੂੰ ਕਰਵਾਉਂਦੀ ਹੈ ਸਰਵੋਤਮ ਵਿਸ਼ਵ ਸਾਹਿਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੜ੍ਹਨ ਅਤੇ ਸਮਝਣ ਲਈ ਜਗਤ ਪ੍ਰਸਿੱਧ ਲੇਖਕਾਂ ਦੀਆਂ ਉੱਤਮ ਰਚਨਾਵਾਂ ਦੇ ਅਨੁਵਾਦ ਬਹੁਤ ਜ਼ਰੂਰੀ ਹਨ ਪੰਜ਼ਾਬੀ ਪਾਠਕਾਂ ਦੇ ਸੁਹਜ-ਸੁਆਦ ਦੀ ਪੂਰਤੀ ਲਈ ਕੀਤੇ ਗਏ ਇਹ ਅਨੁਵਾਦ ਸ਼ਲਾਘਾਯੋਗ ਹਨ ਸ਼ੈਕਸ਼ਪੀਅਰ ,ਇਬਸਨ ,ਸਟਰਿੰਡਬਰਗ , ਕਾਰਲੋਗੋਲਦੋਨੀ ਦੇ ਪ੍ਰਸਿੱਧ ਨਾਟਕ ,ਪ੍ਰਿਦੈਲੋ ਦੀਆਂ ਰਚਨਾਂਵਾਂ, ਸਰਵੋਤਮ ਵਿਸ਼ਵ ਸਾਹਿਤ ਦੇ ਨਾਵਲਾਂ ਦੀ ਲੰਮੀ ਲੜੀ,ਜਿਸ ਵਿੱਚ ''ਕਿਸ ਲਈ ਮੌਤ ਦਾ ਸੱਦਾ ਹੈ'',''ਨਵਾਂ ਤਕੜਾ ਸੰਸਾਰ'',''ਪਲੇਗ'',''ਬਡਨਬਰੂਕਸ'',''ਚਿੱਟੇ ਕੱਪੜਿਆਂ ਵਾਲੀ ਕੁੜੀ'',''ਟੈੱਸ'',''ਕਾਂਦੀਦ'',''ਡੇਵਿਡ ਕਾਪਰਫੀਲਡ'' ਅਤੇ ਹੋਰ ਬਹੁਤ....

----

ਹੁਣ ਜ਼ਰਾ ਸਿੱਕੇ ਦੇ ਦੂਸਰੇ ਪਾਸੇ ਦੀ ਗੱਲ ਕਰੀਏ ਸਾਡਾ ਪੁਸਤਕ ਪ੍ਰੇਮ ਤਾਂ ਵੈਸੇ ਵੀ ਜੱਗ ਜ਼ਾਹਿਰ ਹੈ ਜਦ ਕਦੀ ਵੀ ਮੈਂ ਭਾਸ਼ਾ ਵਿਭਾਗ ਪੰਜਾਬ ਦੀ ਅੰਮ੍ਰਿਤਸਰ ਸਥਿਤ ਸ਼ਾਖਾ ਵਿੱਚ ਜਾਂਦਾ ਹਾਂ ਤਾਂ ਉੱਥੇ ਨਿਯੁਕਤ ਸੱਜਣ ਬੜੇ ਪਿਆਰ ਨਾਲ ਮਿਲਦੇ ਹਨ ਅਤੇ ਆਰਾਮ ਨਾਲ ਪੁਸਤਕਾਂ ਨੂੰ ਵੇਖਣ,ਵਾਚਣ,ਅਤੇ ਪਸੰਦ ਕਰਨ ਦਾ ਖੁੱਲ੍ਹਾ ਸਮਾਂ ਦੇ ਦਿੰਦੇ ਹਨ ਛੋਟੇ-ਛੋਟੇ ਕਿਤਾਬਚਿਆਂ ਤੋਂ ਲੈ ਕੇ ਵੱਡ ਆਕਾਰੀ ਪੁਸਤਕਾਂ ਰੈਕਾਂ ਵਿੱਚ ਸੱਜੀਆਂ,ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ ਉੱਥੋਂ ਖਰੀਦੀਆਂ ਹੋਈਆਂ ਕਈ ਪੁਸਤਕਾਂ ਦੀ ਛਪਣ ਮਿਤੀ ਮੇਰੀ ਜਨਮ ਮਿਤੀ ਤੋਂ ਵੀ ਪਹਿਲਾਂ ਦੀ ਹੈ , ਭਾਵ ਇਹ ਉੱਚ ਮਿਆਰੀ ਸਾਹਿਤ ਦਹਾਕਿਆਂ ਬੱਧੀ ਰੈਕਾਂ ਵਿੱਚ ਪਿਆ ਪਾਠਕਾਂ ਦੀ ਉਡੀਕ ਕਰਦਾ ਘੱਟਿਓ-ਘੱਟੀ ਹੁੰਦਾ ਰਹਿੰਦਾ ਹੈ

----

ਇਹ ਠੀਕ ਹੈ ਕਿ ਮੌਜੂਦਾ ਦੌਰ ਵਿੱਚ ਮਨੋਰੰਜਨ ਦੇ ਸਾਧਨ ਅਤੇ ਅਰਥ ਬਦਲ ਚੁੱਕੇ ਹਨ ਕੇਬਲ ਟੀ.ਵੀ. ਅਤੇ ਇੰਟਰਨੈੱਟ ਨੇ ਮਨੋਰੰਜਨ ਅਤੇ ਜਾਣਕਾਰੀ ਨੂੰ ਨਵੇਂ ਅਰਥ ਦੇ ਦਿੱਤੇ ਹਨ ਪਰ ਇਹ ਸਾਧਨ ਕਦੇ ਵੀ ਸਾਹਿਤ ਦਾ ਬਦਲ ਨਹੀਂ ਹੋ ਸਕਦੇ ਸਾਹਿਤ ਪੜ੍ਹਨਾ ਅਤੇ ਸਮਝਣਾ ਇੱਕ ਅਨੂਠਾ ਅਤੇ ਰੂਹਾਨੀ ਅਨੁਭਵ ਹੈ ਇਹ ਆਤਮ-ਵਿਸ਼ਲੇਸ਼ਣ ਹੈ , ਜੋ ਅਸੀਂ ਟੀ.ਵੀ. ਜਾਂ ਹੋਰ ਮਨੋਰੰਜਨ ਦੇ ਸਾਧਨਾਂ ਦੁਆਰਾ ਨਹੀਂ ਕਰ ਸਕਦੇ ਸਾਹਿਤ ਪੜਨਾ ਖ਼ੁਦ ਨਾਲ ਗੱਲਾਂ ਕਰਨ ਵਾਂਗ ਹੈ ਅਸੀਂ ਆਪਣੇ ਮਿੱਤਰਾਂ ਨਾਲ , ਗੁਆਂਢੀਆਂ ਨਾਲ ਜਾਂ ਕਾਰੋਬਾਰੀ ਲੋਕਾਂ ਨਾਲ ਗੱਲਾਂ ਕਰਨ ਦਾ ਸਲੀਕਾ ਤਾਂ ਸਿੱਖ ਲਿਆ ਹੈ ਪਰ ਪਰ ਅਸੀਂ ਭੁੱਲ ਗਏ ਹਾਂ ਕਿ ਖ਼ੁਦ ਨਾਲ ਗੱਲਾਂ ਕਿਵੇਂ ਕਰੀਦੀਆਂ ਹਨ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਗੁਰਬਾਣੀ ਦੇ ਰੂਪ ਵਿੱਚ ਇੱਕ ਰੂਹਾਨੀ ਅਤੇ ਉੱਚ-ਮਿਆਰੀ ਸਾਹਿਤਕ ਵੰਨਗੀ ਮੌਜੂਦ ਹੈ ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਅਲੌਕਿਕ ਸਾਹਿਤ ਤੋਂ ਸਾਰੀ ਦੁਨੀਆਂ ਨੂੰ ਵਾਕਿਫ਼ ਨਹੀਂ ਕਰਾ ਸਕੇ ਜਦ ਵੀ ਕਦੇ ਸ਼੍ਰੀ ''ਜਾਪੁ ਸਾਹਿਬ'' ਦਾ ਪਾਠ ਕਰੀਏ ਤਾਂ ਗੁਰੂ ਸਾਹਿਬ ਜੀ ਦੀ ਕਾਵਿ ਕਲਾ ਨੂੰ ਵਾਚ ਕੇ ਮਨ ਵਿਸਮਾਦ ਹੋ ਜਾਂਦਾ ਹੈ ਰੂਹਾਨੀ ਅਤੇ ਅਧਿਆਤਮਿਕ ਰੰਗ ਤੋਂ ਇਲਾਵਾ ਛੰਦਾਬੰਦੀ ਦੇ ਸਬੰਧ ਵਿੱਚ ''ਜਾਪੁ ਸਾਹਿਬ'' ਵਿੱਚ ਜੋ ਕਲਾਤਮਿਕਤਾ ਵੇਖਣ ਨੂੰ ਮਿਲਦੀ ਹੈ ਉਹ ਮੈਨੂੰ ਅਜੇ ਤੱਕ ਕਿਸੇ ਵੀ ਦੂਸਰੀ ਰਚਨਾ ਵਿੱਚ ਦੇਖਣ ਨੂੰ ਨਹੀ ਮਿਲੀ ਸਿਲਸਲੇਵਾਰ ਚੱਲਦੇ ਹੋਏ ਛੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਹਿਤ ਅਤੇ ਕਾਵਿ-ਕਲਾ ਪ੍ਤੀ ਅਤਿ-ਡੂੰਘੀ ਪਹੁੰਚ ਤੋਂ ਵਾਕਿਫ਼ ਕਰਵਾਉਂਦੇ ਜਾਂਦੇ ਹਨ ਅਸੀਂ ਇਹਨਾਂ ਮਹਾਨ ਰਚਨਾਵਾਂ ਨੂੰ ਕੇਵਲ ਧਾਰਮਿਕ ਅਤੇ ਪੰਥਕ ਕਹਿ ਕੇ ਸੀਮਿਤ ਦਾਇਰੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਯੋਧੇ ਅਤੇ ਜੁਝਾਰੂ ਦੇ ਰੂਪ ਵਿੱਚ ਤਾਂ ਦੁਨੀਆਂ ਜਾਣਦੀ ਹੈ ਪਰ ਦੁਨੀਆਂ ਇਹ ਨਹੀਂ ਜਾਣਦੀ ਕਿ ਇੱਕ ਸਾਹਿਤਕਾਰ ਦੇ ਰੂਪ ਵਿੱਚ ਗੁਰੂ ਜੀ ਆਪਣੀ ਮਿਸਾਲ ਆਪ ਹੀ ਸਨ

----

ਸਾਹਿਤ ਪੜ੍ਹਨਾ ਇੱਕ ਸ਼ੌਕ ਹੈ ਪਰ ਇਸ ਸ਼ੌਕ ਨੂੰ ਨਿੱਜੀ ਛਾਪਕਾਂ ਮਹਿੰਗਾ ਬਣਾ ਦਿੱਤਾ ਹੈ ਨਿੱਜੀ ਛਾਪਕਾਂ ਦੀਆਂ ਛਪੀਆਂ ਹੋਈਆਂ ਪੁਸਤਕਾਂ ਮੇਰੇ ਵਰਗੇ ਮੱਧ-ਵਰਗੀ ਪਾਠਕਾਂ ਨੂੰ ਹੱਥ ਨਹੀਂ ਲਾਉਣ ਦਿੰਦੀਆਂ, ਇਸ ਲਈ ਕਈ ਸਾਹਿਤ-ਪ੍ਰੇਮੀ ਦੁਕਾਨ ਤੇ ਕਿਤਾਬਾਂ ਖ੍ਰੀਦਣ ਦੇ ਇਰਾਦੇ ਨਾਲ ਜਾਂਦੇ ਤਾ ਹਨ ਪਰ ਫੇਰ ਕਿਤਾਬਾਂ ਨੂੰ ਵੇਖ-ਚਾਖ ਕੇ ਖਾਲੀ ਹੱਥ ਹੀ ਵਾਪਿਸ ਆ ਜਾਂਦੇ ਹਨ ਸਾਹਿਤ ਪੜ੍ਹਨਾ ਕੋਈ ਮਜਬੂਰੀ ਵੀ ਨਹੀਂ ਹੁੰਦੀ, ਸੋ ਇਹ ਬਹਾਨਾ ਵੀ ਅਕਸਰ ਸੁਣਨ ਨੂੰ ਮਿਲਦਾ ਹੈ ਕਿ ," ਲੋੜ ਈ ਕੀ ਹੈ ਇੰਨੇ ਪੈਸੇ ਖਰਚਣ ਦੀ,'' ਵੈਸੇ ਅਸੀਂ ਬਹੁਤ ਸਾਰੇ ਕਈ ਕੰਮ ਇਸ ਤਰ੍ਹਾਂ ਦੇ ਕਰਦੇ ਹਾਂ ਜਿੱਥੇ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਅਸੀਂ ਬੇਪਰਵਾਹ ਹੋ ਕੇ ਪੈਸੇ ਖਰਚਦੇ ਹਾਂ ਇਹ ਕੌੜੀ ਸੱਚਾਈ ਹੈ ਕਿ ਦਾਰੂ ਅਤੇ ਹੋਰ ਨਸ਼ਿਆਂ ਦੇ ਮਾਮਲੇ ਵਿੱਚ ਅਸੀਂ ਪੰਜਾਬੀਆਂ ਨੇ ਨਾ ਤੋੜੇ ਜਾ ਸਕਣ ਵਾਲੇ ਕੀਰਤੀਮਾਨ ਸਥਾਪਤ ਕੀਤੇ ਹਨ ਇਹ ਸਭ ਕੁਛ ਮੁਫ਼ਤ ਵਿੱਚ ਨਹੀਂ ਆਉਂਦਾ ਅਤੇ ਇਸਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਜਿਸ ਜੇਬ ਵਿੱਚੋਂ ਕੋਈ ਮਿਆਰੀ ਪੁਸਤਕ ਖ੍ਰੀਦਣ ਲਈ ਪੈਸੇ ਬਾਹਰ ਨਹੀਂ ਆਉਂਦੇ ,ਓਹੀ ਜੇਬ ਦਾਰੂ ਦੀ ਬੋਤਲ ਲਈ ਖੁੱਲ੍ਹ ਜਾਂਦੀ ਹੈ ਅਤੇ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੀ ਆਮਦਨ ਵਧਾਉਂਦੀ ਰਹਿੰਦੀ ਹੈ ਸਾਹਿਤਿਕ ਸੁਹਜ-ਸੁਆਦ ਦੀ ਪੂਰਤੀ ਲਈ ਪੜੀਆਂ ਜਾਣ ਵਾਲੀਆਂ ਕਿਤਾਬਾਂ ਤੇ ਖਰਚਿਆ ਗਿਆ ਧਨ , ਨਸ਼ਿਆਂ ਲਈ ਖਰਚੇ ਗਏ ਪੈਸੇ ਦੇ ਸਾਹਮਣੇ ਸੌ ਵਿੱਚੋਂ ਪੰਜ ਪੈਸੇ ਵੀ ਨਹੀਂ ਹੈ

----

ਇੱਕ ਉੱਘੇ ਪੰਜਾਬੀ ਲੇਖਕ ਦਾ ਵਿਚਾਰ ਪਿਛਲੇ ਦਿਨੀਂ ਪੜ੍ਹਨ ਨੂੰ ਮਿਲਿਆ ਉਹ ਕਹਿ ਰਹੇ ਸਨ ਕਿ ਆਉਣ ਵਾਲੇ ਦੋ ਦਹਾਕਿਆਂ ਬਾਅਦ ਸ਼ਾਇਦ ਪੰਜਾਬੀ ਲੇਖਕਾਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਕਿਸ ਦੀ ਖ਼ਾਤਿਰ ਲਿਖ ਰਹੇ ਹਨ ਤੇ ਕਿਉਂ ਲਿਖ ਰਹੇ ਹਨ ਲਿਖਣ ਲੱਗਿਆਂ ਦੁੱਖ ਹੁੰਦਾ ਹੈ ਪਰ ਮੌਜੂਦਾ ਹਾਲਾਤਾਂ ਦੇ ਮੱਦੇ-ਨਜ਼ਰ ਇਹ ਭਵਿੱਖ-ਬਾਣੀ ਸਟੀਕ ਹੀ ਤਾਂ ਹੈ ਜੋ ਉਸਾਰੂ ਸ਼ੌਕ ਜਾਂ ਆਦਤਾਂ ਸਾਡੇ ਖ਼ੂਨ ਵਿੱਚੋਂ ਖ਼ਤਮ ਹੋ ਰਹੀਆਂ ਹਨ ਉਹਨਾਂ ਆਦਤਾਂ ਦੀ ਆਸ ਅਸੀਂ ਆਪਣੀਂ ਔਲਾਦ ਤੋਂ ਕਿਸ ਤਰਾਂ ਕਰ ਸਕਦੇ ਹਾਂ ਜੇਕਰ ਅੱਜ ਪੜ੍ਹੇ ਜਾਂਦੇ ਪੰਜਾਬੀ ਸਾਹਿਤ ਜਾਂ ਖਰੀਦੇ ਜਾਂਦੇ ਪੰਜਾਬੀ ਸਾਹਿਤ ਵਿੱਚੋਂ ਅਸੀਂ ਧਾਰਮਿਕ ਸਾਹਿਤ ਅਤੇ ਵਿਦਿਅਕ ਸਿਲੇਬਸ ਨਾਲ ਸਬੰਧਿਤ ਸਾਹਿਤ ਦੀ ਗਿਣਤੀ ਅਤੇ ਅੰਕੜਿਆਂ ਨੂੰ ਮਨਫ਼ੀ ਕਰ ਦੇਈਏ ਤਾਂ ਪਿੱਛੇ ਜੋ ਵੀ ਬਚਦਾ ਹੈ ਉਹ ਬਿਲਕੁਲ ਤਸੱਲੀਬਖ਼ਸ਼ ਨਹੀਂ ਹੈ

----

ਅਸੀਂ ਆਪਣੀ ਤਰੱਕੀ ਦੇ ਮਾਮਲੇ ਵਿੱਚ ਕਾਫ਼ੀ ਪੱਬਾਂ ਭਾਰ ਹੋ ਕੇ ਡੀਂਗਾਂ ਮਾਰਦੇ ਹਾਂ ਅਸੀਂ ਆਪਣੀ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਹਾਂ , ਅਸੀਂ ਕਹਿੰਦੇ ਹਾਂ ਕਿ ਸਾਡਾ ਸੰਗੀਤ ਦੁਨੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਅਸੀਂ ਕਹਿੰਦੇ ਹਾਂ ਕਿ ਪੰਜਾਬੀ ਹੁਣ ਅੰਤਰਰਾਸ਼ਟਰੀ ਪਛਾਣ ਰੱਖਦੇ ਹਨ, ਪਰ ਅਸੀਂ ਜੋ ਗਵਾ ਰਹੇ ਹਾਂ ਉਸ ਦਾ ਜ਼ਿਕਰ ਸਾਡੀਆਂ ਗੱਲਾਂ-ਬਾਤਾਂ ਵਿੱਚ ਨਹੀਂ ਆਉਂਦਾ ਕਦੇ-ਕਦੇ ਖਿਆਲ ਆਉਂਦਾ ਹੈ ਕਿ ਭਾਈ ਵੀਰ ਸਿੰਘ ਜੀ ਅਤੇ ਰਾਬਿੰਦਰ ਨਾਥ ਟੈਗੋਰ ਦੀ ਸਾਹਿਤਕ ਕਲਾ ਵਿਚਲੀ ਕਿਹੜੀ ਐਸੀ ਅਸਮਾਨਤਾ ਹੈ ਕਿ ਰਾਬਿੰਦਰ ਨਾਥ ਜੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੁੰਦੇ ਹਨ ਪਰ ਭਾਈ ਵੀਰ ਸਿੰਘ ਜੀ ਨੂੰ ਸਾਰੇ ਭਾਰਤ ਵਿੱਚ ਵੀ ਲੋਕ ਇੱਕ ਮਹਾਨ ਸਾਹਿਤਕਾਰ ਵਜੋਂ ਨਹੀਂ ਜਾਣਦੇ ?? ਇਸ ਪ੍ਰਸ਼ਨ ਦਾ ਉੱਤਰ ਵੀ ਆਪਣੇ ਆਪ ਮਿਲ ਜਾਂਦਾ ਹੈ ਅਸਮਾਨਤਾ ਇਹਨਾਂ ਦੋ ਮਹਾਨ ਸਾਹਿਤਕਾਰਾਂ ਦੀ ਸਾਹਿਤ-ਕਲਾ ਦਰਮਿਆਨ ਨਹੀਂ ਹੈ ਅਸਮਾਨਤਾ ਬੰਗਾਲੀਆਂ ਅਤੇ ਪੰਜਾਬੀਆਂ ਦੇ ਸਾਹਿਤ ਅਤੇ ਕਲਾ ਪ੍ਰਤੀ ਪ੍ਰੇਮ ਵਿੱਚ ਹੈ ਇਹੀ ਸੱਚਾਈ ਹੈ ਅਤੇ ਇਹੀ ਹਕੀਕਤ ਹੈ


No comments: