ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, July 13, 2009

ਡਾ: ਨਿਰਮਲ ਜੌੜਾ - ਅਜੇ ਤਾਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ....ਲੇਖ***********************************************

ਅਜੇ ਤਾਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ………

ਲੇਖ

ਸੰਜੀਦਾ ਸੁਰ ਅਤੇ ਸ਼ੂਫ਼ੀਆਨਾ ਪੰਜਾਬੀ ਸ਼ਾਇਰੀ ਦਾ ਮਾਲਕ ਸਤਿੰਦਰ ਸਰਤਾਜ ਪਿਛਲੇ ਦੋ ਮਹੀਨਿਆਂ ਦੌਰਾਨ ਕੈਨੇਡਾ ਵਸਦੇ ਪੰਜਾਬੀਆਂ ਦੀ ਰੂਹ ਦਾ ਰਾਜਾ ਬਣਿਆ ਰਿਹਾ ਹਰਮਨ ਪਿਆਰੇ ਟੈਲੀਵੀਜ਼ਨ ਪ੍ਰੋਗਰਾਮ ਵਿਜਨਜ਼ ਆਫ ਪੰਜਾਬਦੇ ਡਾਇਰੈਕਟਰ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਖੇਤਰ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ, ਉੱਘੇ ਕਲਾ ਪ੍ਰੇਮੀ ਸ਼੍ਰੀ ਇਕਬਾਲ ਮਾਹਲ ਵੱਲੋਂ ਛੇ ਸੱਤ ਸ਼ੋਆਂ ਲਈ ਸਤਿੰਦਰ ਸਰਤਾਜ ਨੂੰ ਪੰਜਾਬ ਤੋਂ ਬੁਲਾਇਆ ਗਿਆਕੈਨੇਡਾ ਵਸਦੇ ਪੰਜਾਬੀਆਂ ਨੂੰ ਇਕਬਾਲ ਮਾਹਲ ਦੀਆਂ ਪੇਸ਼ਕਾਰੀਆਂ ਅਤੇ ਕਲਾਕਾਰਾਂ ਦੀ ਚੋਣ ਤੇ ਹਮੇਸ਼ਾ ਮਾਣ ਵੀ ਰਿਹਾ ਅਤੇ ਵਿਸ਼ਵਾਸ ਵੀ ਬੱਸ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਬਣੇ ਇਸੇ ਮਾਣ ਅਤੇ ਵਿਸਵਾਸ਼ ਨੇ ਟਰਾਂਟੋ ਵਿਚਲੇ ਸਤਿੰਦਰ ਦੇ ਪਹਿਲੇ ਸ਼ੋਅ ਨੂੰ ਪਲੋ-ਪਲੀ ਭਰ ਦਿੱਤਾ ਅਤੇ ਇਸ ਤੋਂ ਬਾਅਦ ਸਤਿੰਦਰ ਦੀ ਸੋਹਜ ਅਵਾਜ਼ , ਰੁਮਕਦੇ ਅੰਦਾਜ਼ ਅਤੇ ਸ਼ੂਫ਼ੀਆਨਾ ਰੰਗ ਵਿੱਚ ਰੰਗੀ ਸਰਲ ਅਤੇ ਜ਼ਿੰਦਗੀ ਵਾਂਗ ਧੜਕਦੀ ਸ਼ਾੲਰੀ ਨੇ ਜੋ ਤਾਜ਼ਗੀ ਅਤੇ ਹੁਲਾਸ ਲੋਕ ਮਨਾਂ ਨੂੰ ਦਿੱਤਾ ਉਸਨੇ ਕੈਨੇਡਾ ਦੀਆਂ ਫ਼ਿਜ਼ਾਵਾਂ ਨੂੰ ਐਸਾ ਨਸ਼ਈ ਕੀਤਾ ਕਿ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਯੋਜਿਤ ਕੀਤੇ ਗਏ ਲਗਾਤਾਰ ਅਠਾਰਾਂ ਸ਼ੋਆਂ ਤੋਂ ਬਾਅਦ ਵੀ ਜਿਵੇਂ ਕੈਨੇਡਾ ਵਾਸੀਆਂ ਦੀਆਂ ਰੂਹਾਂ ਦਾ ਰੱਜ ਨਾ ਹੋਇਆ ਹੋਵੇ………ਇਹ ਗੱਲ ਇਥੋਂ ਦੇ ਪੰਜਾਬੀਆਂ ਵੱਲੋਂ ਚੰਗੀ ਗਾਇਕੀ ਅਤੇ ਸ਼ਬਦਾਵਲੀ ਨੂੰ ਮਿਲਦੀ ਦਾਦ ਅਤੇ ਸਤਿਕਾਰ ਦਾ ਵੀ ਸਬੂਤ ਹੈ

ਹਰ ਸ਼ੋਅ ਨੂੰ ਸਰਤਾਜ ਆਪਣੇ ਅੰਦਾਜ਼ ਵਾਲੀ ਪ੍ਰਾਰਥਨਾ ਨਾਲ ਕਰਦਾ

ਸਾਈਂ ਵੇ, ਸਾਈਂ ਸਾਡੀ ਫਰਿਆਦ ਤੇਰੇ ਤਾਂਈ

ਸਾਂਈ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ

ਸਾਂਈ ਵੇ ਮੇਰੇ ਗੁਨਾਹਾਂ ਤੋਂ ਬਚਾਈ …………

----

ਰੱਬ ਨੂੰ ਕੀਤੀ ਇੱਸ ਦੁਆ ਵਿਚ ਇੱਕ ਐਸਾ ਅਜੀਬ ਰਸ ਉਹ ਭਰ ਦਿੰਦਾ, ਕਿ ਇਸ ਨੂੰ ਸੁਣਨ ਖ਼ਾਤਰ ਵੀ ਲੋਕ ਵਕ਼ਤ ਤੋਂ ਪਹਿਲਾਂ ਆਂਉਦੇ ਜਦੋਂ ਆਪਣੀ ਸ਼ਇਰੀ ਵਿੱਚ ਉਹ ਫੁੱਲਾਂ ਦੀ ਗੱਲ ਕਰਦਾ, ਤਾਂ ਬਰੀਕ ਸੋਚ ਦੇ ਨਾਲ ਨਾਲ ਪੰਜਾਬ ਅਤੇ ਖੇਤੀਬਾੜੀ ਦੀ ਭਰਪੂਰ ਜਾਣਕਾਰੀ ਦਾ ਸਬੂਤ ਵੀ ਦਿੰਦਾ

ਮੋਤੀਆ ਚਮੇਲੀ ਬੇਲਾ ਕੇਤਕੀ, ਧਰੇਕ,

ਫੁੱਲ ਤਾਰਾਮੀਰਾ , ਸਰੋਂ ਤੇ ਫਲਾਈ ਦੇ

ਕੇਸੂ, ਕਚਨਾਰ ਨੀ ਸਰੀਂਹ ਤੇ ਅਮਲਤਾਸ

ਤੇਰੇ ਲਈ ਹੀ ਖੇਤਾਂ ਚ ਉਗਾਈ ਦੇ

----

ਸਤਿੰਦਰ ਗਾਉਂਦਾ ਗਾਉਂਦਾ ਜਦੋਂ ਮਾਂ ਦੀ ਗੱਲ ਕਰ ਜਾਂਦਾ ਸਭ ਦੀਆਂ ਅੱਖਾਂ ਭਰ ਆਂਉਦੀਆਂ ਕਿਉਂਕਿ ਮਮਤਾ ਵਿਚਲੇ ਮੋਹ ਅਤੇ ਭਾਵੁਕਤਾ ਉਸਦੇ ਬੋਲਾਂ ਵਿੱਚ ਹੈ

ਦੂਰੋਂ ਬੈਠ ਦੁਆਵਾਂ ਕਰਦੀ ਅੰਮੀ

ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ

----

ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਵੀ ਉਹ ਪੂਰੇ ਸਲੀਕੇ ਨਾਲ ਫੜਨ ਜਾਣਦਾ ਅਤੇ ਪੰਜਾਬ ਦੀਆਂ ਬਦਲ ਰਹੀਆਂ ਪ੍ਰਸਥਿਤੀਆਂ ਵੀ ਉਸਦੀ ਸ਼ਾਇਰੀ ਵਿੱਚੋਂ ਝਲਕਦੀਆਂ ਹਨ ਜਦੋਂ ਉਹ ਗਾਉਂਦਾ ਹੈ

ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ

ਯਾਦ ਰਖਦਾ ਵਿਸਾਖੀ ਉਨ੍ਹੇ ਵੇਖਿਆ ਹੁੰਦਾ ਜੇ

ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ

---

ਸਤਿੰਦਰ ਦੇ ਇਹਨਾ ਸ਼ੋਆਂ ਦੀ ਰਿਕਾਰਡ ਤੋੜ ਸ਼ਫਲਤਾ ਵਿੱਚ ਇਕਬਾਲ ਮਾਹਲ ਦੀ ਸੰਜੀਦਾ ਅਤੇ ਸਲੀਕੇ ਵਾਲੀ ਵਿਉਂਤਬੰਦੀ ਵੀ ਸ਼ਾਮਲ ਸੀਖ਼ੂਬਸੂਰਤੀ ਵਾਲੀ ਗੱਲ ਇਹ ਸੀ ਕਿਸੇ ਵੀ ਸ਼ੋਅ ਵਿੱਚ ਕੋਈ ਵੀ ਭਾਸ਼ਣ ਅਤੇ ਰਵਾਇਤੀ ਤਾਣਾ-ਬਾਣਾ ਨਹੀਂ ਸੀ ਸਿਰਫ਼ ਗਇਕ, ਆਵਾਜ਼, ਅੰਦਾਜ਼, ਸ਼ਾਇਰੀ ਅਤੇ ਅਨੰਦ ਮਾਣ ਰਹੇ ਲੋਕ ਸਤਿੰਦਰ ਇਹਨਾ ਅਠਾਰਾਂ ਸ਼ੋਆਂ ਨਾਲ ਕੈਨੇਡਾ ਵਾਸੀਆਂ ਦੇ ਦਿਲਾਂ ਦੀ ਧੜਕਣ ਬਣ ਗਿਆ ਚਾਹਵਾਨਾਂ ਨੂੰ ਉਡੀਕ ਦੀ ਧਰਵਾਸ ਦੇ ਕੇ ਉਹ ਪੰਜਾਬ ਨੂੰ ਤੁਰ ਪਿਆ ਪਰ ਬੜੀ ਨਿਮਰਤਾ ਨਾਲ ਇਹ ਕਹਿਕੇ ਕਿ

ਅਜੇ ਤਾਂ ਸ਼ੁਰੂਆਤਾਂ ਨੇ ਮਿੱਤਰਾ ਰੱਬ ਦੇ ਦਿੱਤੇ ਕਾਜ ਦੀਆਂ

ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ

ਸੱਚਮੁਚ ਸ਼ਾਇਰੀ ਅਤੇ ਗਾਇਕੀ ਦੀਆਂ ਇਹਨਾਂ ਲੰਮੀਆਂ ਰਾਹਵਾਂ ਵਿੱਚ ਉਸਨੂੰ ਇਕਬਾਲ ਮਾਹਲ ਦੀ ਸਰਪ੍ਰਸਤੀ ਦੀ ਵੀ ਲੋੜ ਆ ਅਤੇ ਚਹੇਤਿਆਂ ਦੇ ਪਿਆਰ ਸਤਿਕਾਰ ਦੀ ਵੀ


No comments: