ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, October 12, 2009

ਸਵਰਨ ਸਿੰਘ ਟਹਿਣਾ - ਚਾਂਦੀ ਦੇ ਗੜਵੇ ਵਾਲ਼ੇ 'ਹਸਨਪੁਰੀ' ਨੂੰ ਚੇਤੇ ਕਰਦਿਆਂ - ਲੇਖ

ਚਾਂਦੀ ਦੇ ਗੜਵੇ ਵਾਲ਼ੇ 'ਹਸਨਪੁਰੀ' ਨੂੰ ਚੇਤੇ ਕਰਦਿਆਂ

ਲੇਖ

ਉਨ੍ਹਾਂ ਦਾ ਜਦੋਂ ਵੀ ਫ਼ੋਨ ਆਉਂਦਾ, ਇਹੀ ਕਹਿੰਦੇ, ‘ਫੱਟੇ ਚੱਕ ਦੇ...ਡਟਿਆ ਰਹਿ...ਖੁੱਲ੍ਹ ਕੇ ਲਿਖੀਂ...ਲੀਹ ਤੋਂ ਨਾ ਭਟਕੀਂ...ਇਨ੍ਹਾਂ ਵਰ੍ਹਿਆਂ ਵਿੱਚ ਵੀ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਜੋਸ਼ ਝਲਕਦਾਕਦੀ-ਕਦੀ ਉਨ੍ਹਾਂ ਲੁਧਿਆਣੇ ਆਉਂਣ ਲਈ ਵੀ ਕਹਿਣਾ...ਆਖਣਾ, ‘ਲੰਮੀਆਂ-ਚੌੜੀਆਂ ਗੱਲਾਂ ਕਰਾਂਗੇ...’, ਪਰ ਬਦਕਿਸਮਤੀ ਨਾਲ ਘਰ ਜਾਣ ਦਾ ਸਬੱਬ ਨਾ ਬਣਿਆ

ਇੰਦਰਜੀਤ ਹਸਨਪੁਰੀ ਨਾਮੀ ਪੰਜਾਬੀ ਗੀਤਕਾਰੀ ਅਤੇ ਫ਼ਿਲਮ ਜਗਤ ਦੀ ਉੱਚੇ ਕੱਦ ਵਾਲੀ ਉਸ ਸ਼ਖ਼ਸੀਅਤ ਦੇ ਤੁਰ ਜਾਣ ਦੀ ਖ਼ਬਰ ਜਦੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਕੰਨਾਂ ਤੱਕ ਪੁੱਜੀ ਤਾਂ ਹਰ ਕੋਈ ਸੁੰਨ ਜਿਹਾ ਹੋ ਕੇ ਰਹਿ ਕੇ ਗਿਆਇਸ ਖ਼ਬਰ ਨੂੰ ਸੁਣ ਕੇ ਮਨ ਸੁੱਕੇ ਪੱਤੇ ਵਾਂਗ ਕੰਬਣ ਲੱਗਾ...ਅੱਖਾਂ ਅੱਗੇ ਪੋਚਵੀਂ ਪੱਗ ਬੰਨ੍ਹੀ, ਵਸਮਾ ਲਾਈ ਜ਼ਿੰਦਾਦਿਲ ਸ਼ਖ਼ਸੀਅਤ ਦੀ ਫਿਲਮ ਚੱਲਣ ਲੱਗੀ...ਮਨ ਉਡੀਕ ਕਰਨ ਲੱਗਾ ਕਿ ਹੁਣੇ ਕੋਈ ਕਹੇਗਾ ਕਿ ਇਹ ਸਭ ਝੂਠ ਸੀ...ਉਹ ਤਾਂ ਚੰਗੇ-ਭਲੇ ਨੇ...

-----

ਪਿਛਲੇ ਕੁੱਝ ਸਮੇਂ ਤੋਂ ਗੁਰਦਿਆਂ ਦੀ ਖਰਾਬੀ ਤੋਂ ਪੀੜਤ ਹਸਨਪੁਰੀ ਹੁਰੀਂ ਆਪਣੀਆਂ ਬਿਮਾਰੀਆਂ ਨੂੰ ਭੁੱਲ ਜਵਾਨੀ ਦੇ ਦਿਨਾਂ ਵਾਂਗ ਗੀਤਾਂ ਸੰਗੀਤ ਹੋਏ ਫਿਰਦੇ ਸਨਉਨ੍ਹਾਂ ਦਾ ਜ਼ਿਹਨ ਗੀਤਾਂ ਦੀ ਬੁਣਤੀ ਬੁਣਦਾ ਰਹਿੰਦਾ...ਪਿਛਲੇ ਮਹੀਨੇ ਜਦੋਂ ਉਹ ਕਨੇਡਾ ਗਏ ਸਨ ਤਾਂ ਉਥੋਂ ਦੇ ਇੱਕ ਰੇਡੀਓ ਤੇ ਵੀ ਕਹਿ ਕੇ ਆਏ ਸਨ, ‘ਬਹੁਤ ਜਲਦ ਇੱਕ ਫ਼ਿਲਮ ਤੇ ਕੰਮ ਸ਼ੁਰੂ ਕਰ ਰਹੇ ਹਾਂ...ਅੱਜ ਦੀਆਂ ਫ਼ਿਲਮਾਂ ਨਾਲੋਂ ਵੱਖਰੀ ਹੋਵੇਗੀ ਉਹ...

ਕਿਸੇ ਨੂੰ ਨਹੀਂ ਸੀ ਪਤਾ ਕਿ ਲੁਧਿਆਣੇ ਦੇ ਦਇਆਨੰਦ ਹਸਪਤਾਲ ਵਿਚੋਂ ਉਹ ਖ਼ੁਦ ਚੱਲ ਕੇ ਨਹੀਂ, ਸਗੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਚਾਹੁੰਣ ਵਾਲੇ ਬਾਹਰ ਲੈ ਕੇ ਆਉਣਗੇਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ ਕਿ ਉਨ੍ਹਾਂ ਨੂੰ ਬਨਾਉਟੀ ਸਾਹ ਦਿੱਤਾ ਜਾ ਰਿਹਾ ਹੈ...ਉਨ੍ਹਾਂ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ...ਪਰ ਉਮੀਦ ਕਰੀਦੀ ਸੀ ਕਿ ਉਹ ਤੰਦਰੁਸਤ ਹੋ ਜਾਣਗੇ

------

ਉਨ੍ਹਾ ਦੀ ਮੌਤ ਦੀ ਖ਼ਬਰ ਦੱਸਣ ਵੇਲ਼ੇ ਬਾਪੂ ਦੇਵ ਥਰੀਕੇ ਵਾਲ਼ੇ ਦਾ ਗ਼ਲ ਭਰਿਆ ਹੋਇਆ ਸੀ ਉਨ੍ਹਾਂ ਨੂੰ ਗੱਲ ਨਹੀਂ ਸੀ ਸੁੱਝ ਰਹੀਬਸ ਏਨਾ ਕਹਿ ਰਹੇ ਸਨ, ‘ਮੇਰਾ ਉਸਤਾਦ...ਮੇਰਾ ਭਰਾ...ਏਸ ਜਹਾਨੋਂ ਤੁਰ ਗਿਆ...ਮੇਰੀ ਬਾਂਹ ਟੁੱਟ ਗਈ ਐ ਅੱਜ...ਹੁਣ ਮੈਂ ਦੁੱਖ-ਸੁੱਖ ਕੀਹਦੇ ਨਾਲ ਸਾਂਝਾ ਕਰਿਆ ਕਰਾਂਗਾ...

ਉਮਰ ਦੇ 78ਵੇਂ ਸਾਲ ਵਿੱਚ ਹੋਣ ਕਰਕੇ ਭਾਵੇਂ ਉਨ੍ਹਾਂ ਦੇ ਹੱਡਾਂ ਵਿੱਚ ਪਹਿਲਾਂ ਜਿੰਨਾ ਨਰੋਆਪਣ ਨਹੀਂ ਸੀ ਰਿਹਾ...ਪਰ ਉਨ੍ਹਾਂ ਦੀਆਂ ਗੱਲਾਂ ਅਤੇ ਕਰਨ ਵਾਲੇ ਕੰਮਾਂ ਨਾਲ ਸਬੰਧਤ ਨਰੋਏਪਣ ਵਿੱਚ ਰੱਤੀ ਭਰ ਵੀ ਕਮੀ ਨਹੀਂ ਸੀ ਹੋਈਜਿਨ੍ਹਾਂ ਨੇ ਉਨ੍ਹਾਂ ਸੰਗ ਜਵਾਨੀ ਦੇ ਦਿਨ ਗੁਜ਼ਾਰੇ ਹਨ, ਉਹ ਦੱਸਦੇ ਨੇ, ‘ਹਸਨਪੁਰੀ ਦ੍ਰਿਸ਼ ਦੇਖ ਕੇ ਗੀਤ ਲਿਖਣ ਵਿੱਚ ਬੜਾ ਮਾਹਿਰ ਸੀ...ਬੜਾ ਫੁਰਤੀਲਾ ਗੀਤਕਾਰ ਸੀ ਉਹ...ਉਹ ਦੇ ਕਿਸੇ ਵੀ ਗੀਤ ਚੋਂ ਕਲਾਤਮਕ ਪੱਖ ਊਣਾ-ਪੌਣਾ ਨਹੀਂ ਸੀ ਹੁੰਦਾ...ਉਸ ਦੀ ਕਲਮ ਤੇ ਕੁਦਰਤ ਦੀ ਮਿਹਰ ਸੀ...

-----

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਵਿੱਚ ਜਨਮੇ ਇੰਦਰਜੀਤ ਹਸਨਪੁਰੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਅੰਤਾਂ ਦੇ ਸੰਘਰਸ਼ ਲੇਖੇ ਲਾਇਆਪੇਂਟਰ ਦੇ ਕੰਮ ਵਿੱਚੋਂ ਉਨ੍ਹਾਂ ਰੋਟੀ ਲੱਭੀਇਹ ਕੰਮ ਕਰਦਿਆਂ ਵੀ ਉਹ ਸੋਚਾਂ ਵਿੱਚ ਉੱਠਦੇ ਗੀਤਾਂ ਚ ਰੰਗ ਜ਼ਿਆਦਾ ਭਰਦੇਫੇਰ ਉਨ੍ਹਾਂ ਗੀਤਾਂ ਨੂੰ ਜਦੋਂ ਗਾਇਕ ਦੇ ਕੰਠ ਦਾ ਸਾਥ ਮਿਲਦਾ ਤਾਂ ਪਤਾ ਲੱਗ ਜਾਂਦਾ, ‘ਹਸਨਪੁਰੀ ਵਰਗਾ ਕੋਈ ਨਹੀਂ ਜੰਮਿਆ...

ਗੜਵਾ ਚਾਂਦੀ ਦਾਹਸਨਪੁਰੀ ਦਾ ਤਖ਼ੱਲਸ ਬਣ ਗਿਆ ਜੇ ਕੋਈ ਗੜਵਾ ਚਾਂਦੀ ਦਾਆਖਦਾ ਤਾਂ ਮਤਲਬ ਹੁੰਦਾ ਇੰਦਰਜੀਤ ਹਸਨਪੁਰੀ, ਤੇ ਜੇ ਕੋਈ ਉਨ੍ਹਾਂ ਦਾ ਨਾਂ ਲੈਂਦਾ ਤਾਂ ਮੂੰਹੋਂ ਗੜਵਾ...ਆਪੇ ਨਿਕਲ ਜਾਂਦਾਇਸ ਗੀਤ ਨੇ ਹਸਨਪੁਰੀ ਨੂੰ ਤਾਂ ਗੀਤਕਾਰੀ ਦੇ ਅਸਮਾਨ ਤੇ ਪੁਚਾਇਆ ਹੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਪ੍ਰਸਿੱਧੀ ਨੂੰ ਵੀ ਕਿਤੇ ਦੀ ਕਿਤੇ ਪੁਚਾ ਦਿੱਤਾਇਹ ਸਭ ਇਸ ਗੀਤ ਦੀ ਅੰਤਰ-ਰਾਸ਼ਟਰੀ ਪਛਾਣ ਦਾ ਹੀ ਸਿੱਟਾ ਸੀ ਕਿ ਬਾਅਦ ਵਿੱਚ ਇਸੇ ਗੀਤ ਨੂੰ ਰਾਜ ਬਰਾੜ ਤੇ ਅਨੀਤਾ ਸਮਾਣਾ ਨੇ ਦੇਸੀ ਪੌਪਨਾਮੀ ਕੈਸਿਟ ਵਿੱਚ ਗਾਇਆ ਤੇ ਸਭ ਜਾਣਦੇ ਨੇ ਕਿ ਇਹ ਗੀਤ ਮੁੜ ਬਾਜ਼ੀ ਮਾਰਨ ਵਿੱਚ ਕਿੰਨਾ ਕਾਮਯਾਬ ਹੋਇਆ ਸੀ

-----

ਹਸਨਪੁਰੀ ਦੇ ਘਰ ਦੇ ਮੁੱਖ ਦਰਵਾਜ਼ੇ ਤੇ ਲਿਖਿਆ ਗੜਵਾ ਚਾਂਦੀ ਦਾਪੜ੍ਹ ਕੇ ਤੁਰੇ ਜਾਂਦੇ ਰਾਹੀ ਰੁਕ ਜਾਂਦੇਪਛਾਣ ਕੱਢਣ ਲੱਗਦੇ, ‘ਇਹ ਗੀਤ ਤਾਂ ਬੜਾ ਮਸ਼ਹੂਰ ਹੋਇਐ’...ਫੇਰ ਜ਼ਿਹਨ ਵਿੱਚ ਆ ਜਾਂਦਾ, ‘ਹਸਨਪੁਰੀ ਤੇਰਾ ਨੀ ਬਣਾ ਨਾ ਦੇਵੇ ਗੀਤ ਕਿਤੇ...ਮੋਰਾਂ ਵਾਂਗੂੰ ਪੈਲਾਂ ਪਾਂਦੀ ਦਾ...ਨੀ ਲੱਕ ਹਿੱਲੇ ਮਜਾਜਣ ਜਾਂਦੀ ਦਾ...ਤੇ ਰਾਹੀ ਸਮਝ ਜਾਂਦਾ ਇਹ ਉਹੀ ਹਸਨਪੁਰੀ ਐ ਜੀਹਨੇ ਇਹ ਗੀਤ ਲਿਖਿਐ

ਲੈ ਜਾ ਛੱਲੀਆਂ ਭੁਨਾ ਲਈਂ ਦਾਣੇ’, ‘ਢਾਈ ਦਿਨ ਨਾ ਜਵਾਨੀ ਨਾਲ਼ ਚਲਦੀ ਕੁੜਤੀ ਮਲਮਲ ਦੀ’, ‘ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ’, ‘ਘੁੰਡ ਕੱਢ ਕੇ ਖ਼ੈਰ ਨਾ ਪਾਈਏ ਸਮੇਤ ਦਰਜਨਾਂ ਹੋਰ ਗੀਤਾਂ ਦੇ ਬੋਲ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਇੰਦਰਜੀਤ ਹਸਨਪੁਰੀ ਪੰਜਾਬੀ ਗੀਤਕਾਰੀ ਦਾ ਮਘਦਾ ਸੂਰਜ ਸੀ...ਅਜਿਹਾ ਸੂਰਜ, ਜਿਸ ਦੀ ਰੌਸ਼ਨੀ ਨਾਲ ਲੰਮਾ ਸਮਾਂ ਪੰਜਾਬੀ ਸੰਗੀਤ ਚਾਨਣ-ਚਾਨਣ ਹੁੰਦਾ ਰਿਹਾ...ਜਿਸ ਦੇ ਗੀਤਾਂ ਦੇ ਨਿੱਘ ਨੇ ਅਨੇਕਾਂ ਗਾਇਕਾਂ ਦੀ ਠੰਢ ਨੂੰ ਉਡੰਤਰ ਕਰ ਦਿਖਾਇਆ...ਰਿਕਾਰਡਾਂ ਵਾਲੇ ਦੌਰ ਵਿੱਚ ਕੰਪਨੀਆਂ ਦੀਆਂ ਝੋਲੀਆਂ ਭਰਨ ਵਿੱਚ ਵੱਡਾ ਯੋਗਦਾਨ ਪਾਇਆ

-----

ਹਸਨਪੁਰੀ ਉਦੋਂ ਦਸ ਕੁ ਸਾਲਾਂ ਦਾ ਸੀ, ਜਦੋਂ ਉਸ ਦੇ ਸਿਰ ਤੋਂ ਪਿਤਾ ਜਸਵੰਤ ਸਿੰਘ ਦਾ ਆਸਰਾ ਲਹਿ ਗਿਆਰੋਜ਼ੀ ਰੋਟੀ ਦੇ ਜੁਗਾੜ ਲਈ ਉਸ ਨੂੰ ਬੜੇ ਪਾਪੜ ਵੇਲਣੇ ਪਏਉਹ ਆਪਣੇ ਤਾਏ ਕੋਲ ਦਿੱਲੀ ਚਲਾ ਗਿਆਉੱਥੇ ਕਾਫ਼ੀ ਸਮਾਂ ਉਨ੍ਹਾਂ ਨਾਲ ਠੇਕੇਦਾਰੀ ਦੇ ਕੰਮ ਕੀਤਾਰੋਜ਼ੀ ਲਈ ਭਾਵੇਂ ਬਹੁਤ ਕੁੱਝ ਕਰਨਾ ਪੈ ਰਿਹਾ ਸੀ, ਪਰ ਉਨ੍ਹਾਂ ਦੀ ਅਸਲ ਸੁਰਤੀ ਸੱਭਿਆਚਾਰਕ ਖਿੱਤੇ ਨਾਲ ਜੁੜੀ ਹੋਈ ਸੀ

1960 ਵਿੱਚ ਹਸਨਪੁਰੀ ਨੇ ਪਹਿਲੀ ਵਾਰ ਮਾਇਆ ਨਗਰੀ ਮੁੰਬਈ ਵਿੱਚ ਪੈਰ ਧਰਿਆਇੱਥੇ ਉਸ ਦਾ ਬੜੇ ਗੀਤਕਾਰਾਂ, ਅਦਾਕਾਰਾਂ ਨਾਲ ਮੇਲ ਹੋਇਆ ਉਸ ਦੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆਉਸ ਨੇ ਇੱਥੇ ਪਹਿਲੀ ਵਾਰ ਨਹੀਂ ਰੀਸਾਂ ਪੰਜਾਬ ਦੀਆਂਫਿਲਮ ਲਈ ਗੀਤ ਲਿਖੇ, ਜਿਹੜੇ ਮੁਹੰਮਦ ਰਫ਼ੀ ਤੇ ਆਸ਼ਾ ਭੌਂਸਲੇ ਨੇ ਗਾਏਇਨ੍ਹਾਂ ਗੀਤਾਂ ਨੇ ਉਸ ਨੂੰ ਅਜਿਹੀ ਬ੍ਰੇਕ ਦਿੱਤੀ ਕਿ ਫ਼ਿਲਮ ਨਗਰੀ ਵਿੱਚ ਉਸ ਦੀ ਪਛਾਣ ਹੋਰ ਤੋਂ ਹੋਰ ਗੂੜ੍ਹੀ ਹੁੰਦੀ ਗਈਕਹਿੰਦੇ ਨੇ ਫਿਲਮ ਅਦਾਕਾਰ ਧਰਮਿੰਦਰ ਉਸ ਦਾ ਜਿਗਰੀ ਯਾਰ ਸੀ ਤੇ ਉਨ੍ਹਾਂ ਦੀ ਕਹੀ ਗੱਲ ਘੱਟ ਹੀ ਮੋੜਦਾ ਸੀ

-----

ਹਸਨਪੁਰੀ ਇਸ ਗੱਲੋਂ ਖ਼ੁਸ਼ਕਿਸਮਤ ਰਿਹਾ ਕਿ ਉਸ ਨੂੰ ਸਮਕਾਲੀ ਗੀਤਕਾਰਾਂ ਵਾਂਗ ਅੰਤਲੇ ਵੇਲ਼ੇ ਦੁੱਖਾਂ-ਭੁੱਖਾਂ ਨਾਲ ਲੜਨਾ ਨਾ ਪਿਆ ਉਸ ਦੀ ਕਲਮ ਨੇ ਉਸ ਨੂੰ ਬੇਪਨਾਹ ਸ਼ੋਹਰਤ ਦਿੱਤੀ, ਜ਼ਿੰਦਗੀ ਨੂੰ ਵਧੀਆ ਢੰਗ ਨਾਲ ਨਿਰਬਾਹ ਕਰਨ ਲਈ ਉਸ ਮਾਇਕ ਪੱਖ ਵੀ ਮਜਬੂਤ ਹੋ ਗਿਆ, ਧੀਆਂ-ਪੁੱਤ ਵੀ ਚੰਗੇ ਕੰਮਾਂ ਕਾਜਾਂ ਤੇ ਲੱਗ ਗਏ, ਪਰ ਉਨ੍ਹਾਂ ਦੀਆਂ ਗੱਲਾਂ ਚੋਂ ਹਮੇਸ਼ਾ ਇਹ ਚਿੰਤਾ ਝਲਕਦੀ ਰਹਿੰਦੀ, ‘ਨਵੇਂ ਗਾਉਣ ਵਾਲੇ ਗਾਇਕੀ ਦਾ ਬੇੜਾ ਬਿਠਾਈ ਜਾ ਰਹੇ ਨੇ...ਗੀਤਕਾਰਾਂ ਨੂੰ ਅਕਲ ਦੀ ਗੱਲ ਕੋਈ ਨਹੀਂ ਆਉਂਦੀ...ਸਭ ਆਪਣਾ ਘੋੜਾ ਭਜਾਉਂਣ ਵਿੱਚ ਮਸਤ ਨੇ...

ਮੋਟੇ ਜਿਹੇ ਅੰਦਾਜ਼ੇ ਮੁਤਾਬਕ ਹਸਨਪੁਰੀ ਦੇ ਢਾਈ ਕੁ ਹਜ਼ਾਰ ਗੀਤ ਰਿਕਾਰਡ ਹੋਏ, ਜਿਨ੍ਹਾਂ ਵਿੱਚ ਨਵੇਂ ਪੋਚ ਦੇ ਗਾਇਕ ਘੱਟ ਤੇ ਉਨ੍ਹਾ ਦੇ ਸਮਕਾਲੀ ਗਾਇਕ ਵੱਧ ਸਨਉਨ੍ਹਾਂ ਦੇ ਗੀਤਾਂ ਨੂੰ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਆਸ਼ਾ ਭੌਂਸਲੇ, ਕੇ.ਦੀਪ-ਜਗਮੋਹਣ ਕੌਰ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਚਾਂਦੀ ਰਾਮ ਚਾਂਦੀ, ਬਖ਼ਸ਼ੀ ਰਾਮ, ਸਵਰਨ ਲਤਾ, ਸੁਰਿੰਦਰ ਸ਼ਿੰਦਾ, ਪਾਲੀ ਦੇਤਵਾਲੀਆ ਤੇ ਦਰਜਨਾਂ ਹੋਰ ਗਾਇਕਾਂ ਨੇ ਗਾਇਆਉਨ੍ਹਾ ਦਰਜਨ ਤੋਂ ਵੱਧ ਫ਼ਿਲਮਾਂ ਦੇ ਗੀਤ ਲਿਖੇਕਈ ਫਿਲਮਾਂ ਖ਼ੁਦ ਵੀ ਬਣਾਈਆਂ ਤੇ ਸਾਰੇ ਖੇਤਰਾਂ ਵਿੱਚ ਇੱਕੋ ਜਿੰਨੇ ਵਿਚਰਨ ਕਰਕੇ ਉਨ੍ਹਾ ਨੂੰ ਜਿੱਥੇ ਉੱਚ ਕੋਟੀ ਦੇ ਗੀਤਕਾਰ ਮੰਨਿਆ ਜਾਂਦਾ ਸੀ, ਉਥੇ ਮੰਝੇ ਹੋਏ ਫਿਲਮਸਾਜ਼ ਤੇ ਵਿਦਵਾਨ ਕਵੀ ਵਜੋਂ ਵੀ ਉਨ੍ਹਾਂ ਦੀ ਪਛਾਣ ਗੂੜ੍ਹੀ ਹੋ ਗਈ ਸੀਮਨ ਜੀਤੇ ਜਗ ਜੀਤ’, ‘ਦੁੱਖ ਭੰਜਨ ਤੇਰਾ ਨਾਮ’, ‘ਧਰਮਜੀਤ’, ‘ਯਮਲਾ ਜੱਟ’, ‘ਮਾਂ ਦਾ ਲਾਡਲਾਅਤੇ ਚੋਰਾਂ ਨੂੰ ਮੋਰਫਿਲਮਾਂ ਲਈ ਉਨ੍ਹਾਂ ਗੀਤ ਲਿਖੇ1975 ਵਿੱਚ ਉਨ੍ਹਾ ਖੁਦ ਤੇਰੀ ਮੇਰੀ ਇੱਕ ਜ਼ਿੰਦੜੀਫਿਲਮ ਦਾ ਨਿਰਮਾਣ ਕੀਤਾ, 1977 ਵਿੱਚ ਉਨ੍ਹਾਂ ਦਾਜਫਿਲਮ ਬਣਾਈ ਤੇ 1979 ਵਿੱਚ ਸੁਖੀ ਪਰਿਵਾਰਫਿਲਮ ਤਿਆਰ ਕੀਤੀ

-----

ਹਸਨਪੁਰੀ ਹੁਰਾਂ ਦਰਜਨ ਦੇ ਕਰੀਬ ਗੀਤਾਂ ਦੀਆਂ ਪੁਸਤਕਾਂ ਪਾਠਕਾਂ ਦੀ ਝੋਲ਼ੀ ਪਾਈਆਂ, ਜਿਨ੍ਹਾਂ ਵਿੱਚ ਔਸੀਆਂ’, ‘ਜ਼ਿੰਦਗੀ ਦੇ ਗੀਤ’, ‘ਸਮੇਂ ਦੀ ਆਵਾਜ਼’, ‘ਜੋਬਨ ਨਵਾਂ ਨਕੋਰ’, ‘ਰੂਪ ਤੇਰਾ ਰੱਬ ਵਰਗਾ’, ‘ਮੇਰੀ ਜਿਹੀ ਕੋਈ ਜੱਟੀ ਨਾ’, ‘ਗੀਤ ਮੇਰੇ ਮੀਤ’, ‘ਕਿੱਥੇ ਗਏ ਉਹ ਦਿਨ ਅਸਲਮਅਤੇ ਮੋਤੀਆਂ ਦੇ ਬਾਗ਼ਦਾ ਸ਼ੁਮਾਰ ਰਿਹਾ

ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਗਿੱਲ ਤੇ ਪ੍ਰੋਫ਼ੈਸਰ ਮੋਹਣ ਸਿੰਘ ਫਾਊਂਡੇਸ਼ਨ ਦੇ ਬਾਕੀ ਮੈਂਬਰਾਂ ਨਾਲ ਉਨ੍ਹਾਂ ਦਾ ਏਨਾ ਜ਼ਿਆਦਾ ਪਿਆਰ ਸੀ ਕਿ ਜਦੋਂ ਮਿਲਦੇ ਘਿਓ-ਖਿਚੜੀ ਹੋ ਜਾਂਦੇ ਜਦੋਂ ਹਸਨਪੁਰੀ ਹੁਰੀਂ ਹਸਪਤਾਲ ਪਹੁੰਚ ਗਏ ਤਾਂ ਫਾਊਂਡੇਸ਼ਨ ਦੇ ਮੈਂਬਰਾਂ ਨੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਹੀਰਾ ਸਿੰਘ ਗਾਬੜੀਆਂ ਨਾਲ ਸੰਪਰਕ ਕਰਕੇ ਉਨ੍ਹਾ ਦਾ ਇਲਾਜ ਸਰਕਾਰੀ ਖਰਚੇ ਤੇ ਕਰਾਉਣ ਦੀ ਗੱਲ ਕਹੀਗੱਲ ਮੰਨ ਲਈ ਗਈ ਤੇ ਅਗਲੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਉਨ੍ਹਾ ਦੇ ਇਲਾਜ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਕਰੇਗੀ, ਪਰ ਇਹ ਐਲਾਨ ਉਨ੍ਹਾਂ ਦੀ ਜ਼ਿੰਦਗੀ ਲਈ ਦਾਰੂ ਸਾਬਤ ਨਾ ਹੋਇਆਹਾਲਤ ਵਿਗੜਦੀ ਗਈ ਤੇ ਪੰਜਾਬੀ ਗੀਤਕਾਰੀ ਦੀ ਮਹਾਨ ਸ਼ਖ਼ਸੀਅਤ ਸਾਡੇ ਕੋਲੋਂ ਹਜ਼ਾਰਾਂ-ਕਰੋੜਾਂ ਮੀਲ ਦੂਰ ਚਲੀ ਗਈ

-----

ਇੰਦਰਜੀਤ ਹਸਨਪੁਰੀ ਭਾਵੇਂ ਹੁਣ ਸਾਡੇ ਦਰਮਿਆਨ ਨਹੀਂ ਰਹੇ, ਪਰ ਉਨ੍ਹਾਂ ਦੀਆਂ ਯਾਦਾਂ, ਉਨ੍ਹਾਂ ਦੇ ਗੀਤ ਸਦਾ ਸਾਡੇ ਚੇਤੇ ਦੀ ਸਲੇਟ ਤੇ ਉੱਕਰੇ ਰਹਿਣਗੇਉਨ੍ਹਾਂ ਦੇ ਚਾਂਦੀ ਦੇ ਗੜਵੇ ਦੀ ਰੰਗਤ ਕਦੇ ਫਿੱਕੀ ਨਹੀਂ ਪਵੇਗੀਸੰਗੀਤ ਦਾ ਹਰ ਆਸ਼ਕ ਉਨ੍ਹਾਂ ਦੀ ਕਲਮ ਅੱਗੇ ਸਿਰ ਨਿਵਾਉਂਦਾ ਰਹੇਗਾਬੰਦੇ ਦੀ ਬਣੀ-ਬਣਾਈ ਦਾ ਪਤਾ ਉਸ ਦੀ ਅਰਥੀ ਪਿੱਛੇ ਤੁਰਨ ਵਾਲਿਆਂ ਤੋਂ ਪਤਾ ਲੱਗ ਜਾਂਦਾ ਹੈ ਤੇ ਹਸਨਪੁਰੀ ਹੁਰਾਂ ਦੀ ਅੰਤਿਮ ਯਾਤਰਾ ਮੌਕੇ ਉਨ੍ਹਾਂ ਨੂੰ ਚਾਹੁੰਣ ਵਾਲਿਆਂ, ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਤੇ ਪ੍ਰਸ਼ੰਸਕਾਂ ਦਾ ਜਿੰਨਾ ਵੱਡਾ ਇਕੱਠਾ ਸੀ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਸੀ ਕਿ ਉਨ੍ਹਾਂ ਦੀ ਕਲਾ ਦੇ ਕਦਰਦਾਨਾਂ ਦੀ ਗਿਣਤੀ ਕਿੰਨੀ ਵੱਡੀ ਸੀ

ਹਸਨਪੁਰੀ ਦੇ ਗੀਤਾਂ ਦਾ ਹੁਸਨ ਫਿੱਕਾ ਨਹੀਂ ਪਵੇਗਾ...ਇਹ ਉਮੀਦ ਸਾਨੂੰ ਹੀ ਨਹੀਂ, ਸਗੋਂ ਸੰਗੀਤ ਪ੍ਰੇਮੀ ਨੂੰ ਹੈਉਨ੍ਹਾ ਦੇ ਗੀਤ ਨਵੇਂ ਗੀਤਕਾਰਾਂ ਲਈ ਚਾਨਣ ਮੁਨਾਰਾ ਸਾਬਤ ਹੁੰਦੇ ਰਹਿਣਗੇ, ਨਵੇਂ ਫਿਲਮਸਾਜ਼ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਵਿੱਚ ਮਾਣ ਮਹਿਸੂਸ ਕਰਨਗੇ, ਇਸ ਗੱਲ ਦਾ ਯਕੀਨ ਕਰਨਾ ਬਣਦਾ ਹੈ ਕਿਉਂਕਿ ਉਨ੍ਹਾਂ ਵਰਗੇ ਭਲੇ ਤੇ ਕਲਾਵਾਨ ਲੋਕ ਵਾਰ-ਵਾਰ ਇਸ ਧਰਤੀ ਤੇ ਨਹੀਂ ਆਉਂਦੇ

No comments: