ਅਜੋਕਾ ਨਿਵਾਸ: ਪਿੰਡ ਘੁਗਿਆਣਾ
ਕਿਤਾਬਾਂ: ਸੱਚੇ ਦਿਲੋਂ, ਮਾਨ ਪੰਜਾਬ ਦੇ, ਇਤਿਹਾਸ ਦੇ ਖ਼ਾਲੀ ਪੰਨੇ, ਲੋਕ-ਗੀਤ ਵਰਗਾ ਹੰਸ, ਵਡਮੁੱਲਾ ਪਾਰਸ, ਅਮਰ ਆਵਾਜ਼, ਹਰਨਾਮ ਦਾਸ ਸਹਿਰਾਈ, ਮੇਰੀ ਅਮਰੀਕਨ ਫੇਰੀ, ਮੈਂ ਸਾਂ ਜੱਜ ਦਾ ਅਰਦਲੀ ਆਦਿ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੋਰ ਕਿਤਾਬਾਂ ਬਾਰੇ ਜਿਉਂ ਹੀ ਜਾਣਕਾਰੀ ਪ੍ਰਾਪਤ ਹੋਵੇਗੀ, ਅਪਡੇਟ ਕਰ ਦਿੱਤੀ ਜਾਏਗੀ।
----
ਦੋਸਤੋ! ਅੱਜ ਪ੍ਰਸਿੱਧ ਕਾਲਮ ‘ਬਾਵਾ ਬੋਲਦਾ ਹੈ’ ਦੇ ਲੇਖਕ ਨਿੰਦਰ ਘੁਗਿਆਣਵੀ ਜੀ ਨੇ ਪਿਛਲੇ ਕੁਝ ਕੁ ਹਫ਼ਤਿਆਂ ‘ਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਸਾਹਿਤਕ ਸ਼ਖ਼ਸੀਅਤਾਂ ਬਾਰੇ ਇੱਕ ਜਾਣਕਾਰੀ ਭਰਪੂਰ ਲੇਖ ਆਰਸੀ ਲਈ ਭੇਜ ਕੇ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਨਿੰਦਰ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਇਹ ਲੇਖ ਸ਼ਾਮਲ ਕਰ ਰਹੀ ਹਾਂ। ਨਾਲ਼ ਹੀ ਮਰਹੂਮ ਜਸਟਿਸ ਮਹਿੰਦਰ ਸਿੰਘ ਜੋਸ਼ੀ ਜੀ ਅਤੇ ਹਰਭਜਨ ਸਿੰਘ ਬਟਾਲਵੀ ਜੀ ਨੂੰ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
*************
ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ!
ਬਾਵਾ ਬੋਲਦਾ ਹੈ
ਲੇਖ
ਮੀਡੀਆ ਦੀ ਅੱਖ ਕਈ ਵਾਰੀ ਉੱਧਰ ਨਹੀਂ ਜਾਂਦੀ, ਜਿੱਧਰ ਜਾਣੀ ਚਾਹੀਦੀ ਹੁੰਦੀ ਹੈ। ਕਈ ਵਾਰ ਤਾਂ ਮੀਡੀਆ ਗੁੰਮਨਾਮ ਬੰਦਿਆਂ ਨੂੰ ਵੀ ‘ਕੱਖੋਂ ਲੱਖਾਂ’ ਦੇ ਬਣਾ ਦਿੰਦੈ ਤੇ ਕਈ ਵਾਰ ‘ਲੱਖਾਂ ਦਿਆਂ’ ਨੂੰ ‘ਕੱਖਾਂ’ ਦੇ ਕਰ ਦਿੰਦੈ! ਅੱਜ ਦੇ ਕਾਲਮ ਵਿੱਚ ਅਸੀਂ ਦੋ ਅਜਿਹੀਆਂ ਸ਼ਖ਼ਸੀਅਤਾਂ ਦੀ ਗੱਲ ਕਰਾਂਗੇ, ਜਿਹਨਾਂ ਨੇ ਆਪਣੀ-ਆਪਣੀ ਕਲਾ ਦੁਆਰਾ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਮਾਲਾ-ਮਾਲ ਕੀਤਾ ਅਤੇ ਪੰਜਾਬੀ ਜਗਤ ਵਿੱਚ ਖ਼ੂਬ ਨਾਮਣਾ ਖੱਟਿਆ। ਪਿਛਲੇ ਦਿਨੀਂ ਜਦ ਇਹ ਦੋਏ ਸ਼ਖ਼ਸੀਅਤਾਂ ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ ਚੁੱਪ-ਚੁਪੀਤੀਆਂ ਇਸ ਜਹਾਨ ਤੋਂ ਤੁਰ ਗਈਆਂ ਤਾਂ ਕਿਸੇ ਮੀਡੀਆ ਕਰਮੀ ਨੇ ਇਹਨਾਂ ਦੀ ਬਾਤ ਨਹੀਂ ਪਾਈ, ਨਾ ਕਿਸੇ ਚੈਨਲ ਦੇ ਕੈਮਰੇ ਦੀ ਅੱਖ ਨੇ ਇਹਨਾਂ ਵੱਲ ਦੇਖਿਆ ਤੇ ਨਾ ਕਿਸੇ ਕਲਮਕਾਰ ਦੀ ਕਲਮ ਦੀ ਨੋਕ ਇਹਨਾਂ ਦੀ ਬਾਤ ਪਾਉਣ ਲਈ ਆਪਣੇ ਕਵਰ ਵਿੱਚੋਂ ਬਾਹਰ ਆ ਸਕੀ। ਪਤਾ ਨਹੀਂ ਕਦੀ-ਕਦੀ, ਅਸੀਂ ਇੰਝ ਕਿਉਂ ਕਰ ਜਾਂਦੇ ਹਾਂ? ਪਿਛਲੇ ਹਫ਼ਤਿਆਂ ਵਿੱਚ ਸਦਾ-ਸਦਾ ਲਈ ਤੁਰ ਗਈਆਂ ਉਹਨਾਂ ਦੋਵਾਂ ਹਸਤੀਆਂ ਦੀ ਗੱਲ ਕਰਨ ਤੋਂ ਪਹਿਲਾਂ ਬਹੁਤ ਸੰਖੇਪ ਵਿੱਚ, ਇੱਥੇ ਇੱਕ ਹੋਰ ‘ਰੰਗਲੇ ਸੱਜਣ’ ਦੀ ਗੱਲ ਕਰਨ ਲਈ ਦਿਲ ਕਰ ਆਇਆ ਹੈ!
-----
ਹਰਭਜਨ ਸਿੰਘ ਬਟਾਲਵੀ
ਪਾਠਕਾਂ ਨੂੰ ਯਾਦ ਹੋਵੇਗਾ...ਹਰਭਜਨ ਸਿੰਘ ਬਟਾਲਵੀ ਦਾ ਨਾਂ। ਇਹ ਜਲੰਧਰ ਦੇ ਰੇਡੀਓ ਸਟੇਸ਼ਨ ਵਿੱਚ ਵਰ੍ਹਿਆਂ ਬੱਧੀ ਉੱਚ-ਅਧਿਕਾਰੀ ਵਜੋਂ ਕਾਰਜਸ਼ੀਲ ਰਹੇ, ਜਾਇੰਟ-ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ ਸਨ। ਸਾਰੀਆਂ ਹੀ ਰੋਜ਼ਾਨਾ ਅਖ਼ਬਾਰਾਂ ਲਈ ਕਾਲਮ-ਲੇਖ, ਪੁਸਤਕਾਂ ਦੇ ਰਿਵੀਊ ਕਹਾਣੀਆਂ ਦਾ ਅਨੁਵਾਦ ਵਗੈਰਾ ਆਮ ਹੀ ਲਿਖਿਆ ਕਰਦੇ ਸਨ। ਉਹਨਾਂ ਕਈ ਕਿਤਾਬਾਂ ਲਿਖੀਆਂ, ਕਈ ਅਨੁਵਾਦ ਕੀਤੀਆਂ ਤੇ ਸੰਪਾਦਤ ਵੀ ਕੀਤੀਆਂ। ਨਹਿਰੂ ਦੇ ਇੰਦਰਾ ਲਿਖੇ ਖ਼ਤਾਂ ਦੀ ਉਹਨਾਂ ਵੱਲੋਂ ਅਨੁਵਾਦਤ ਕਿਤਾਬ ਕਾਫ਼ੀ ਚਰਚਿਤ ਰਹੀ। ਭਾਰਤ ਦੇ ਰਾਸ਼ਟਰਪਤੀਆਂ ਬਾਰੇ ਵੀ ਇੱਕ ਕਿਤਾਬ ਲਿਖੀ ਸੀ। ਬਹੁਤ ਸਾਰੇ ਉੱਚ-ਕੋਟੀ ਦੇ ਕਲਾਕਾਰ ਤੇ ਕਲਮਕਾਰ ਅਕਸਰ ਹੀ ਰੋਜ਼ਾਨਾ ਵਾਂਗ ਉਹਨਾਂ ਪਾਸ ਰੇਡੀਓ ਉੱਤੇ ਪ੍ਰੋਗਰਾਮ ਪੇਸ਼ ਕਰਨ ਲਈ ਆਏ ਹੋਏ ਦਿਖਾਈ ਦਿੰਦੇ ਸਨ। ਬਹੁਤ ਸਾਰੇ ਲੋਕਾਂ ਨੂੰ ਦੀ ਕਲਾ-ਕ੍ਰਿਤੀ ਦੀ ਪਛਾਣ ਕਰਕੇ ਬਟਾਲਵੀ ਜੀ ਰੇਡੀਓ ਦੇ ਦੁਆਰ ਲੈ ਕੇ ਆਏ ਸਨ। ਜਦ ਕੋਈ ਸਾਹਿਤ ਜਾਂ ਸਭਿਆਚਾਰ ਦੀ ਹਸਤੀ ਵਿਛੜ ਜਾਂਦੀ ਸੀ ਤਾਂ ਬਟਾਲਵੀ ਜੀ ਉਸਨੂੰ ਯਾਦ ਕਰਦਿਆਂ ਲੰਬਾ ਫੀਚਰ ਲਿਖਦੇ ਸਨ, ਅਖ਼ਬਾਰਾਂ ਵਿੱਚ ਛਪਵਾਉਂਦੇ ਸਨ ਤੇ ਰੇਡੀਓ ਉਤੋਂ ਵੀ ਬ੍ਰਾਡਕਾਸਟ ਕਰਦੇ ਸਨ। ਉਹ ਬੜੇ ਹੀ ਨਿਮਰਤਾਵਾਨ ਤੇ ਧੀਮੇ ਮਨੁੱਖ ਸਨ। ਮੈਂ ਵੀ ਉਹਨਾਂ ਪਾਸ ਰੇਡੀਓ ਲਈ ਕੱਚੇ ਤੌਰ ‘ਤੇ ਕੰਮ ਕਰਦਾ ਹੁੰਦਾ ਸਾਂ ਉਹਨੀਂ –ਦਿਨੀਂ। ਉਹਨਾਂ ਨੂੰ ਆਪਣੀ ਸੇਵਾ-ਮੁਕਤੀ ਤੋਂ ਭੈਅ ਆਉਣ ਲੱਗਿਆ ਸੀ। ਸੇਵਾ-ਮੁਕਤੀ ਦੇ ਅੰਤਲੇ ਦਿਨੀਂ ਉਹਨਾਂ ਦੀ ਮਾਨਸਿਕ ਦਸ਼ਾ ਵੀ ਕਾਫ਼ੀ ਉੱਖੜ ਗਈ ਸੀ ਤੇ ਛੇਤੀ ਹੀ ਦਿਲ ਦਾ ਦੌਰਾ ਪੈਣ ਕਾਰਨ ਉਹ ਵਿੱਛੜ ਗਏ ਸਨ। ਦੁੱਖ ਤੇ ਹੈਰਾਨੀ ਭਰੀ ਗੱਲ ਇਹ ਸੀ ਕਿ ਏਨੇ ਬੰਦਿਆਂ ਬਾਰੇ ਲਿਖਣ ਵਾਲੇ ਬੰਦੇ ਬਾਰੇ ਕਿਸੇ ਨੇ ਦੋ ਅੱਖਰ ਵੀ ਨਹੀਂ ਲਿਖੇ ਸਨ। ਹੋਰ ਤਾਂ ਹੋਰ, ਉਸਦੇ ਸੰਸਕਾਰ ਤੇ ਭੋਗ ‘ਤੇ ਵੀ ਬਹੁਤ ਵਿਰਲੇ-ਵਾਂਝੇ ਤੇ ਲੋਕਲ ਰਹਿੰਦੇ ਕਲਮਕਾਰ ਹੀ ਆਏ ਸਨ। ਭੋਗ ਵਾਲੇ ਪੰਡਾਲ ਵਿੱਚ ਮੈਂ ਉਦਾਸ ਹੋਇਆ ਸਾਹਮਣੀ ਸੜਕ ਵੱਲ ਦੇਖਦਾ ਸਾਂ ਕਿ ਬਟਾਲਵੀ ਜੀ ਨੂੰ ਕੋਈ ਤਾਂ ਉਹਨਾਂ ਦਾ ਕਦਰਦਾਨ ‘ਸ਼ਰਧਾ ਦੇ ਫੁੱਲ’ ਭੇਟ ਕਰਨ ਆਏਗਾ ਹੀ...ਖ਼ਾਸਕਰ ਉਹਨਾਂ ਵਿੱਚੋਂ, ਜਿਹੜੇ ਉਹਨਾਂ ਦੇ ਬਹੁਤ ‘ਖ਼ਾਸਮ-ਖ਼ਾਸ’ ਤੇ ਹਮੇਸ਼ਾ ਉਹਨਾਂ ਦੇ ਆਲੇ-ਦੁਆਲੇ ਮੱਖੀਆਂ ਵਾਂਗ ਮੰਡਰਾਉਂਦੇ ਰਹਿੰਦੇ ਸਨ ਅਤੇ ਜਿੰਨ੍ਹਾਂ ਕਲਾਕਾਰਾਂ ਤੇ ਕਲਮਕਾਰਾਂ ਨੂੰ ਉਹ ਰੇਡੀਓ ਉਤੇ ਲੈ ਕੇ ਆਏ ਸਨ। ਇੱਕ ਵੱਡਾ ਮੀਡੀਆ-ਕਰਮੀ...ਮੀਡੀਆ ਦੀਆਂ ਅੱਖਾ ਤੋਂ ‘ਉਹਲੇ-ਉਹਲੇ’ ਤੁਰ ਗਿਆ ਸੀ। ਖ਼ੈਰ!
**************
ਸਨਮੁੱਖ ਸਿੰਘ ਆਜ਼ਾਦ
ਸਨਮੁੱਖ ਸਿੰਘ ਆਜ਼ਾਦ ਨੇ ਹਜ਼ਾਰਾਂ ਗੀਤ ਲਿਖੇ। ਲਾਡ ਨਾਲ ਉਹਨੂੰ ‘ਮੁੱਖੇ ਸ਼ਾਹ’ ਵੀ ਕਹਿੰਦੇ ਸਨ। ਪਿਛਲੇ ਪਹਿਰੇ ਉਹ ਸਾਧਾਂ ਵਾਲੇ ਕੱਪੜੇ ਪਾ ਕੇ ਸੜਕਾਂ ‘ਤੇ ਬਾਵਰਾ ਹੋਇਆ ਫਿਰਦਾ ਰਿਹਾ। ਕਿਹੜਾ ਕਲਾਕਾਰ ਹੈ, ਜਿਹਨੇ ਉਹਦੇ ਗੀਤ ਨਾ ਗਾਏ ਹੋਣ? ਨੂਰ ਜਹਾਂ ਨੇ ਉਹਦਾ ਪਹਿਲਾ ਗੀਤ ਗਾਇਆ-‘ਟਾਹਣੀਆਂ ਦੇ ਟਾਹਣ ਚੀਕਦੇ...ਪੀਂਘ ਟੁੱਟਗੀ ਹੁਲਾਰਾ ਖਾ ਕੇ’। ਲਤਾ ਮੰਗੇਸ਼ਕਰ ਨੇ ਗਾਇਆ- ‘ਤੂੰ ਤੇ ਸੌਂ ਗਈ ਗੂੜ੍ਹੀ ਨੀਂਦਰੇ’। ਆਲਮ ਲੋਹਾਰ ਨੇ- ‘ਅੱਖੀਆਂ ਬੋਲ ਪਈਆਂ’। ਨੁਸਰਤ ਫਤਹਿ ਅਲੀ ਖਾਂ ਨੇ- ‘ਅੱਖੀਆਂ ਅੱਖੀਆਂ ਅੱਖੀਆਂ’ ਅਤੇ ਇੱਕ ਗੀਤ- ‘ਇੱਕ ਵਾਰੀ ਹੱਸਕੇ ਤੇ ਬੋਲ ਮਾਹੀਆ ਵੇ ਢੋਲ ਮਾਹੀਆ’। ਮੁਕੇਸ਼ ਨੇ ਵੀ ਕਿਸੇ ਫਿਲਮ ਲਈ ਗਾਇਆ-ਅੱਖੀਆਂ-ਅੱਖੀਆਂ ਅੱਖੀਆਂ। ਕਿਸ਼ੋਰ ਕੁਮਾਰ ਨੇ ‘ਮੁਨੀਮ’ ਫਿਲਮ ਵਿੱਚ-ਏਕ ਚਿੰਗਾਰੀ ਆਖੋਂ ਕੀ ਗਾਇਆ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ- ‘ਗਿੱਠ-ਗਿੱਠ ਬਹਿਗੀ ਧਰਤੀ..ਜਦੋਂ ਗਿੱਧੇ ‘ਚ ਨਨਾਣ ਭਾਬੀ ਨੱਚੀਆਂ’। ਜਸਪਿੰਦਰ ਨਰੂਲਾ ਤੇ ਉਹਦੀ ਮਾਂ ਮੋਹਣੀ ਨਰੂਲਾ, ਡੌਲੀ ਗੁਲੇਰੀਆ, ਸੁੱਖੀ ਬਰਾੜ ਨੇ ਵੀ ਕਈ ਗੀਤ ਗਾਏ। ਕੁਲਦੀਪ ਮਾਣਕ ਨੇ – ‘ਨਾ ਮਾਰੋ ਨਾ ਮਾਰੋ ਪੂਰਨ ਪੁੱਤ ਵਿਚਾਰੇ ਨੂੰ’। ਜਗਤ ਸਿੰਘ ਜੱਗਾ ਨੇ ਗਾਇਆ- ‘ਬੱਕੀ ਰੋ-ਰੋ ਪਾਉਂਦੀ ਵੈਣ’। ਰੇਸ਼ਮਾ ਦੀ ਆਵਾਜ਼ ਵਿੱਚ- ‘ਹਾਏ ਓ ਰੱਬਾ ਨਹੀਂਓ ਲੱਗਦਾ ਦਿਲ ਮੇਰਾ’। ਸ਼ੌਕਤ ਅਲੀ ਨੇ ਗਾਇਆ- ‘ਮੇਰੇ ਦਿਲ ਦਾ ਮਹਿਰਮ ਨੀਂ ਕੋਈ ਮੋੜ ਲਿਆਵੋ’। ਅੱਤਾ ਉੱਲਾ ਖਾਂ ਨੇ ਗਾਇਆ – ‘ਅਸਾਂ ਆਂ ਤੇਰੇ ਯਾਰ ਪਰਦੇਸੀ’। ਮਹੁੰਮਦ ਰਫ਼ੀ ਨੇ ਗਾਇਆ- ‘ਜੀ ਕਰਦਾ ਇਸ ਦੁਨੀਆਂ ਨੂੰ...ਮੈਂ ਹੱਸਕੇ ਠੋਕਰ੍ਹ ਮਾਰ ਦਿਆਂ’। ਚਮਕੀਲੇ ਤੇ ਅਮਰਜੋਤ ਨੇ ਗਾਇਆ-‘ਤਲਵਾਰ ਮੈਂ ਕਲਗੀਧਰ ਦੀ ਹਾਂ’। ਸੁਰਿੰਦਰ ਕੌਰ ਨੇ ਗਾਇਆ- ‘ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ ਨੀਂ ਮਾਏ’। ਨਰਿੰਦਰ ਬੀਬਾ ਨੇ ਦੋ ਗੀਤ ਗਾਏ- ‘ਵੇ ਥਾਣੇਦਾਰਾ ਦੋ ਮੰਜੀਆਂ ਦੀ ਥਾਂ’। ਦੂਜਾ ਸੀ- ‘ਫੌਜੀ ਨੂੰ ਵਿਆਹ ਦੇ ਬਾਬੁਲਾ ਭਾਵੇਂ ਬੂਟ ਸਣੇ ਠੁੱਡ ਮਾਰੇ’। ਹੰਸ –‘ਨੇ ਜੇ ਨੱਚੀਏ ਤਾਂ ਲੱਕ ਲਚਕਾ ਕੇ...ਨਹੀਂ ਤੇ ਕੋਈ ਲੋੜ ਨਹੀਂ’। ਹਰਭਜਨ ਮਾਨ ਨੇ- ‘ਇੱਕ ਤੇਰਾ ਏ ਸੁਆਲ’। ਸਰਦੂਲ ਸਿਕੰਦਰ-ਨੂਰੀ, ਮਨਮੋਹਣ ਵਾਰਿਸ, ਸੁਰਿੰਦਰ ਛਿੰਦਾ, ਕੁਲਦੀਪ ਪਾਰਸ, ਰੂਪੋਵਾਲੀਆ, ਹਾਕਮ ਬਖਤੜੀ ਵਾਲਾ, ਅੰਗਰੇਜ਼ ਅਲੀ, ਕਿਸ-ਕਿਸ ਦਾ ਨਾਂ ਲਿਖਾਂ ਤੇ ਛੱਡਾਂ? ਹੋਰ ਵੀ ਬਥੇਰਿਆਂ ਨੇ ਉਹਦੇ ਗੀਤ ਗਾਏ। ਡੇਢ ਸੌ ਫਿਲ਼ਮਾਂ ਲਈ ਉਹਨੇ ਗੀਤ ਲਿਖੇ।
------
ਉਹ ਪੈਂਤੀ ਮੁਲਕਾਂ ਵਿੱਚ ਗਿਆ ਤੇ ਹਰ ਮੁਲਕ ਦੀ ਜ਼ੁਬਾਨ ਸਿੱਖ ਆਇਆ। ਜਗਮੋਹਨ ਕੌਰ-ਮਾਈ ਮੋਹਣੋ ਤੇ ਕੇ.ਦੀਪ ਲਈ ਸਾਰੀਆਂ ਕਾਮੇਡੀ ਕੈਸਿਟਾਂ ਦਾ ਮੈਟਰ ਉਸੇ ਦਾ ਲਿਖਿਆ ਹੋਇਆ ਹੁੰਦਾ ਸੀ। ਜਗਮੋਹਨ ਕੌਰ ਨੇ ਉਹਦੇ ਗੀਤ ਬਹੁਤ ਗਾਏ। ਲੱਖਾਂ ਰੁਪਈਆਂ ਦਾ ਮਾਲਕ ਸੀ। ਦਾਰੂ ਨਾ ਛੱਡੀ। ਘਰ-ਬਾਰ ਸਭ ਵਿੱਕ ਗਿਆ। ਬੱਚੇ ਤੇ ਘਰ ਵਾਲੀ ਦੌੜ ਗਏ ਸਨ । ਫੁੱਟਪਾਥ ‘ਤੇ ਸੌਂਦਾ ਸੀ। ਜੱਸੋਵਾਲ ਨੇ ਉਸਨੂੰ ਸਾਈਕਲ ਲੈ ਦਿੱਤਾ ਸੀ। ਇੱਕ ਝੁੱਗੀ ਪਾ ਦਿੱਤੀ ਸੀ। ਮੈਂ ਜਦ ਵੀ ਲੁਧਿਆਣੇ ਜਾਂਦਾ, ਮੈਂ ਤੇ ਜੱਸੋਵਾਲ ਉਹਨੂੰ ਝੁੱਗੀ ਵਿੱਚ ਜਾ ਲੱਭਦੇ, ਜੇ ਉੱਥੇ ਨਾ ਹੁੰਦਾ ਤਾਂ ਸੜਕਾਂ ਤੋਂ ਲੱਭ ਲੈਂਦੇ। ਮੈਂ ਉਹਦੇ ਨਾਲ ਗੱਲਾਂ ਕਰਕੇ ਨੋਟ ਕਰਦਾ ਰਹਿੰਦਾ। ਕਦੇ-ਕਦੇ ਕੋਈ ਗੱਲ ਪੁੱਛਕੇ ਉਹਨੂੰ ਖਿਝਾਅ ਵੀ ਦੇਂਦਾ ਤਾਂ ਉਹ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਦਾ। ਸਾਡੇ ਬੈਠੇ-ਬੈਠੇ ਹੀ ਉਹਦੇ ਗਲੀ-ਗੁਆਂਢ ਦੇ ਜੁਆਕ ਉਸਨੂੰ ਆਣ ਕੇ ਛੇੜਦੇ, “ਭਾਈਆ, ਆਂਟੀ ਕਿੱਥੇ...ਭਾਈਆ ਆਂਟੀ ਕਿੱਥੇ?” ਉਹ ਜੁਆਕਾਂ ਮਗਰ ਦੌੜ ਪੈਂਦਾ ਤੇ ਗੰਦੀਆਂ ਗਾਲ੍ਹਾਂ ਕੱਢਦਾ। ਜਦ ਉਸ ਬਾਰੇ ਮੈਂ ਇੱਕ ਲੰਬਾ ਰੇਖਾ-ਚਿਤਰ ਲਿਖਿਆ ਤਾਂ ਸਾਹਿਤ ਤੇ ਸਭਿਆਚਾਕ ਜਗਤ ਵਿੱਚ ਉਹਦਾ ਚਰਚਾ ਫਿਰ ਹੋਣ ਲੱਗਿਆ। ਕਈ ਲੋਕਾਂ ਉਹਨੂੰ ਪੈਸੇ ਦਿੱਤੇ। ਉਹ ਕਹਿੰਦਾ, “ਤੂੰ ਮੇਰੇ ਬਾਰੇ ਹੋਰ ਲਿਖ...ਹੋਰ ਪੈਸੇ ਮਿਲਣਗੇ...ਮੇਰੇ ਦਿਨ ਸੌਖੇ ਨਿਕਲ ਜਣਾਗੇ।”
-----
ਪਿਛਲੇ ਸਾਲ ਦੀ ਗੱਲ ਹੈ, ਇੱਕ ਦਿਨ ਦਾਰੂ ਬਹੁਤੀ ਪੀਤੀ ਹੋਈ ਸੀ ਤਾਂ ਮੋਮਬੱਤੀ ਨੂੰ ਪੈਰ ਵੱਜ ਗਿਆ ਤੇ ਝੁੱਗੀ ਮੱਚ ਉੱਠੀ। ਵਿੱਚੇ ਸਨਮੁੱਖ ਸਿੰਘ ਆਜ਼ਾਦ ਵੀ ਮੱਚ ਗਿਆ। ਕਲਾਕਾਰ ਤੇ ਜੱਸੋਵਾਲ ਹਸਪਤਾਲ ਲੈ ਗਏ। ਠੀਕ ਹੋ ਗਿਆ ਸੀ। ਮਰਨ ਤੋਂ ਪਹਿਲਾਂ ਕਹਿੰਦਾ ਸੀ, “ਹੁਣ ਮੈਂ ਬੀਮਾਰੀ ਤੋਂ...ਗਰੀਬੀ ਤੋਂ...ਜੰਜਾਲ ਤੋਂ...ਭੁੱਖਮਰੀ ਤੋਂ...ਕੰਗਾਲੀ ਤੋਂ...ਦਾਰੂ ਤੋਂ...ਸੱਚਮੁਚ ‘ਆਜ਼ਾਦ’ ਹੋ ਜਾਵਾਂਗਾ। ਉਹ ਕਹਿੰਦਾ ਸੀ-“ਮੇਰਾ ਤਾਂ ਭੋਗ ਪਹਿਲਾਂ ਈ ਪੈ ਚੁੱਕਾ ਏ...ਪੱਲੇ ਦੁਆਨੀ ਨਹੀਂ...ਜੋ ਪੈਸੇ ਭੋਗ ‘ਤੇ ਲਾਉਣੇ ਨੇ ...ਓ ਜੱਸੋਵਾਲੀਆ ਸਰਦਾਰਾ...ਮੇਰੀ ਮਿੰਨਤ ਐ...ਉਹ ਮੈਨੂੰ ਹੁਣੇ ਦੇ ਦੇ।” ਉਹ ਕਹਿੰਦਾ ਸੀ- “ਬਚਪਨ ਵੇਲੇ ਮੈਂ ਅਕਲੋਂ ਅੰਨ੍ਹਾਂ ਸਾਂ...ਜੁਆਨੀ ਵੇਲੇ ਮੈਂ ਸ਼ਬਾਬ ਵਿੱਚ ਅੰਨ੍ਹਾ ਸਾਂ...ਫਿਰ ਸ਼ਰਾਬ ਤੇ ਕਬਾਬ ਵਿੱਚ ਅੰਨ੍ਹਾਂ ਹੋ ਗਿਆ...ਤੇ ਹੁਣ ਮੈਂ ਅੱਖਾਂ ਤੋਂ ਅੰਨ੍ਹਾਂ ਹੋ ਗਿਆ ਵਾਂ...ਮੈਨੂੰ ਦਿਸਦਾ ਨਹੀਂ।”
-----
ਹੁਣ 22 ਸਤੰਬਰ ਨੂੰ ਸਨਮੁਖ ਸਿੰਘ ਆਜ਼ਾਦ ਚੱਲ ਵਸਿਆ ਹੈ। ਉਹਦੇ ਮਰਨ ਬਾਰੇ ਕਿਸੇ ਚੈਨਲ ‘ਤੇ ਕੋਈ ਖ਼ਬਰ ਨਹੀਂ ਆਈ। ਇਹ ਸਤਰਾਂ ਲਿਖੇ ਜਾਣ ਤੱਕ ਕਿਸੇ ਅਖ਼ਬਾਰ ਵਿੱਚ ਉਹਦੇ ਬਾਰੇ ਕੋਈ ਲੇਖ-ਖ਼ਬਰ ਵੀ ਨਹੀਂ ਛਾਪਿਆ। ਹੋ ਸਕਦੈ...ਉਸਦੇ ਭੋਗ ਵਾਲੇ ਦਿਨ ਹੀ ਕਿਸੇ ਕਲਮਕਾਰ ਨੂੰ ਕੁਝ ਫੁ਼ਰਸਤ ਦੇ ਪਲ ਮਿਲ ਜਾਣ ਤੇ ਉਹ ਇਹ ‘ਫਾਰਮੈਲਿਟੀ’ ਪੂਰ ਦੇਵੇ, ਤਾਂ ਚੰਗਾ ਹੀ ਹੋਵੇਗਾ!
***********
ਜਸਟਿਸ ਮਹਿੰਦਰ ਸਿੰਘ ਜੋਸ਼ੀ
ਪੰਜਾਬੀ ਸਾਹਿਤ ਬਾਰੇ ਖੋਜਾਂ ਕਰਨ ਵਾਲੇ ਵਿਦਵਾਨਾਂ ਤੇ ਆਮ ਪਾਠਕਾਂ ਵਿੱਚੋਂ ਕੋਈ ਵਿਰਲਾ ਹੀ ਹੋਣੈ, ਜੋ ਜਸਟਿਸ ਮਹਿੰਦਰ ਸਿੰਘ ਜੋਸ਼ੀ ਦੇ ਨਾਂ ਤੋਂ ਨਾ-ਵਾਕਿਫ਼ ਹੋਵੇ! ਜੋਸ਼ੀ ਜੀ ਮੈਜਿਸਟ੍ਰੇਟ ਲੱਗਣ ਬਾਅਦ ਤਰੱਕੀ ਕਰਦੇ-ਕਰਦੇ ਦਿੱਲੀ ਹਾਈਕੋਰਟ ਦੇ ਜੱਜ ਰਿਟਾਈਰ ਹੋਏ ਸਨ ਤੇ ਬਾਅਦ ਵਿੱਚ ਡੇਰਾ ਬਿਆਸ ਵਿੱਖੇ ਆਣ ਕੇ ਰਹਿਣ ਲੱਗ ਪਏ ਸਨ। ਆਪ ਨੇ ਕਹਾਣੀਆਂ ਦੀਆਂ ਦਸ ਕਿਤਾਬਾਂ ਲਿਖੀਆਂ, ਦੋ ਨਾਵਲ, ‘ਤਾਰਿਆਂ ਦੇ ਪੈਰ ਚਿੰਨ’ ਅਤੇ ‘ਮੋੜ ਤੋਂ ਪਾਰ’ ਲਿਖੇ। ਜਸਟਿਸ ਜੋਸ਼ੀ ਦੀਆਂ ਰਚਨਾਵਾਂ ਉੱਤੇ ਕਈ ਵਿਦਿਆਰਥੀਆਂ ਤੇ ਵਿਦਿਆਰਥਣਾ ਨੇ ਐੱਮ.ਫਿਲ ਤੇ ਪੀ.ਐੱਚ.ਡੀ ਕੀਤੀ। ਆਪ ਦੀ ਲਿਖੀ ਸਵੈ-ਜੀਵਨੀ ਪੁਸਤਕ ‘ਮੇਰੇ ਪੱਤੇ ਮੇਰੀ ਖੇਡ’ ਕਈ ਸਾਲ ਐਮ.ਏ. ਅਤੇ ਬੀ. ਏ. ਦੇ ਕੋਰਸਾਂ ਵਿੱਚ ਲੱਗੀ ਰਹੀ।
-----
ਮੈਟ੍ਰਿਕ ਪਾਸ ਕਰਕੇ ਆਪ ਨੇ ਚੁੰਗੀ ਮੁਹੱਰਰ ਦੀ ਨੌਕਰੀ ਵੀ ਕੀਤੀ ਸੀ। ਪ੍ਰਾਈਵੇਟ ਪੜ੍ਹਦੇ ਰਹੇ ਤੇ ਫਿਰ ਕੁਝ ਸਮਾਂ ਸਕੂਲ ਦੇ ਹੈਡਮਾਸਟਰ ਵੀ ਰਹੇ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਪ ਨੇ ਬੀ.ਏ ਕੀਤੀ। ਪੰਜਾਬ ਦੀ ਵੰਡ ਬਾਅਦ ਆਪ ਮੈਜਿਸਟ੍ਰੇਟ ਬਣੇ ਤੇ ਸਭ ਤੋਂ ਪਹਿਲਾਂ ਰਾਜਪੁਰਾ ਲੱਗੇ। ਫਿਰ ਬਰਨਾਲਾ, ਪਟਿਆਲਾ, ਬਠਿੰਡਾ, ਲੁਧਿਆਣਾ, ਤੇ ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਜੱਜ ਰਹੇ। ਸੈਸ਼ਨ ਜੱਜ ਬਣ ਕੇ ਦਿੱਲੀ ਚਲੇ ਗਏ। ਦਿੱਲੀ ਹਾਈਕੋਰਟ ਦੇ ਜੱਜ ਬਣਨਾ ਆਪ ਦੀ ਆਪਣੇ ਕੰਮ ਪ੍ਰਤੀ ਦਿਆਨਤਦਾਰੀ ਤੇ ਇਮਾਨਦਾਰੀ ਦਾ ਸਪੱਸ਼ਟ ਸਬੂਤ ਸੀ। 1984 ਦੇ ਸਿੱਖ ਵਿਰੋਧੀ ਦੰਗਿਆਂ ਮਗਰੋਂ ਆਪ ਡੇਰਾ ਬਿਆਸ ਆਪਣੀ ਜੀਵਨ ਸਾਥਣ ਨਾਲ ਆਣ ਕੇ ਰਹਿਣ ਲੱਗੇ। ਇਥੇ ਵੀ ਉਹ ਲਿਖਦੇ ਰਹੇ।6 ਅਗਸਤ ਦੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ। ਕਿਸੇ ਚੈਨਲ ‘ਤੇ ਖ਼ਬਰ ਆਉਣੀ ਤਾਂ ਦੂਰ ਦੀ ਗੱਲ ਰਹੀ, ਸਗੋਂ ਕਿਸੇ ਅਖ਼ਬਾਰ ਵਿੱਚ ‘ਨਿੱਕੀ ਖ਼ਬਰ’ ਵੀ ਨਾ ਲੱਗੀ।ਨਹੀਂਓ ਲੱਭਣੇ ਲਾਲ ਗੁਆਚੇ...ਮਿੱਟੀ ਨਾ ਫਰੋਲ ਜੋਗੀਆ...ਸਚਮੁੱਚ ਹੀ ਸਾਡੇ ਸਾਹਿਤ ਸਭਿਆਚਾਰ ਦੇ ਅਜਿਹੇ ‘ਅਣਮੁੱਲੇ ਲਾਲ’ ਇੱਕ-ਇੱਕ ਕਰਕੇ ਗੁਆਚਦੇ ਜਾ ਰਹੇ ਨੇ...ਦੁੱਖ ਹੁੰਦਾ ਹੈ...ਪਰ ਵਧੇਰੇ ਦੁੱਖ ਉਦੋਂ ਹੁੰਦਾ ਹੈ...ਜਦੋਂ ਅਜਿਹੇ ਲਾਲ ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ ਜਾਂਦੇ ਨੇ!
*********
1 comment:
ਨਿੰਦਰ ਘੁਗਿਆਣਵੀ ਜੀ ਤੁਹਾਡਾ ਲਿਖਿਆ ਪੜ੍ਹ ਕੇ ਰੂਹ ਨੂੰ ਕੰਬ ਉੱਠੀ।ਇਹ ਦੁਨੀਆਂ...!!!ਛੱਡੋ ਪਰ੍ਹਾਂ!ਤੁਸੀਂ ਇਹਨਾਂ ਬਾਰੇ ਲਿਖ ਕੇ ਆਪਣਾ ਫਰਜ਼ ਨਿਭਾ ਦਿੱਤਾ ਹੈ।
Post a Comment