ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, November 27, 2009

ਮਰਹੂਮ ਬਰਜਿੰਦਰ ਸਿੰਘ ਦਰਦ – ‘ਮੁਰੱਕਾ-ਏ-ਦਰਦ’ - ਲੇਖ

ਮੁਰੱਕਾ-ਏ-ਦਰਦ

(ਉਰਦੂ ਕਾਵਿ-ਸੰਗ੍ਰਹਿ)

ਲੇਖ

ਉਰਦੂ ਕਾਵਿ-ਸੰਗ੍ਰਹਿ: ਮੁਰੱਕਾ-ਏ-ਦਰਦ ਦੀ ਜਾਣ-ਪਛਾਣ ਦੇ ਪੰਨੇ ਤੇ ਇਉਂ ਲਿਖਿਆ ਹੈ ਕਿ.....

ਮੈਂ ਇਕ ਪੇਂਡੂ ਘਰਾਣੇ ਵਿਚ ਪੈਦਾ ਹੋਇਆ। ਸਾਡੇ ਘਰਾਣੇ ਵਿਚ ਕੋਈ ਵੀ ਸ਼ਾਇਰ ਨਹੀਂ ਸੀ ਤੇ ਨਾ ਹੀ ਸਾਡੇ ਪਿੰਡ ਵਿਚ। ਪਰ ਸਾਡੇ ਪਿੰਡ ਦੇ ਲਾਗੇ ਇਕ ਕਸਬਾ ਮਸਲੀਆਂ ਨਾਂ ਦਾ ਹੈ, ਜਿੱਥੇ ਉਰਦੂ ਦੇ ਇਕ ਨਾਮਵਰ ਸ਼ਾਇਰ ਸਨ, ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਖ਼ਿਤਾਬ ਨਾਲ਼ ਨਿਵਾਜਿਆ ਗਿਆ ਸੀ। ਨਜ਼ਦੀਕੀ ਪਿੰਡ ਦੇ ਹੋਣ ਕਾਰਣ ਉਹਨਾਂ ਦੇ ਮੇਰੇ ਪਿਤਾ ਜੀ ਨਾਲ਼ ਦੋਸਤਾਨਾ ਤਅਲੱਕਾਤ ਸਨ, ਜਿਨ੍ਹਾਂ ਦਾ ਮੇਰੀ ਜ਼ਿੰਦਗੀ ਉੱਤੇ ਗਹਿਰ ਅਸਰ ਹੋਇਆ।

-----

ਮੁੱਢਲੀ ਵਿੱਦਿਆ ਸਮੇਂ ਮੈਨੂੰ ਕੁਝ ਹੀ ਸਮੇਂ ਵਿਚ, ਵਿਦਿਆਰਥੀਆਂ ਦੀ ਘਾਟ ਕਾਰਣ, ਦੋ ਸਕੂਲ ਬਦਲਨੇ ਪਏ। ਪੰਜਵੀਂ ਜਮਾਤ ਵਿਚ ਤੀਜੇ ਸਕੂਲ ਦੀ ਹਵਾ ਖਾਣੀ ਪਈ। ਏਸ ਸਕੂਲ ਵਿਚ ਜਾ ਕੇ ਇਹ ਰਾਜ਼ ਖੁੱਲ੍ਹਿਆ ਕਿ ਏਥੇ ਹਫ਼ਤੇ ਵਿਚ ਇਕ ਦਿਨ ਮੁਸ਼ਾਇਰਾ ਦਾ ਪੀਰੀਅਡ ਹੁੰਦਾ ਹੈ। ਮੈਂ ਹੈਰਾਨ ਸਾਂ ਕਿ ਇਹ ਮੁਸ਼ਾਇਰਾ ਕੀ ਹੁੰਦਾ ਹੈ? ਆਖ਼ਿਰ ਉਹ ਦਿਨ ਆ ਗਿਆ ਤੇ ਵਿਦਿਆਰਥੀ ਦੋ ਹਿੱਸਿਆਂ ਚ ਵੰਡ ਦਿੱਤੇ ਗਏ ਤੇ ਉਹ ਆਪਸ ਵਿਚ ਦੂਜੇ ਸ਼ਾਇਰਾਂ ਦੇ ਲਿਖੇ ਹੋਏ ਸ਼ਿਅਰ ਪੜ੍ਹਨ ਲੱਗੇ। ਇਹ ਪੀਰੀਅਡ ਬਹੁਤ ਦਿਲਚਸਪ ਰਿਹਾ ਤੇ ਇਸਨੇ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਲੈ ਆਂਦਾ। ਮੇਰੇ ਵਿਚ ਇੱਕ ਸ਼ਾਇਰ ਬਣਨ ਦੇ ਜਜ਼ਬਾਤ ਪੈਦਾ ਹੋ ਗਏ। ਸ਼ਿਅਰਾਂ ਵਿਚ ਦਿਲਚਸਪੀ ਨੇ ਮੈਨੂੰ ਫਾਰਸੀ ਜ਼ਬਾਨ ਵਿਚ ਆਬੂਰ ਹਾਸਿਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਤੇ ਮੈਂ ਫਾਰਸੀ ਜ਼ਬਾਨ ਵਿਚ ਜਮਾਤ ਚੋਂ ਸਭ ਤੋਂ ਵੱਧ ਨੰਬਰ ਲੈਣ ਲੱਗਾ।

-----

ਇਸ ਪਿੱਛੋਂ ਸ਼ਾਹਕੋਟ ਦੇ ਮਿਡਲ ਸਕੂਲ ਵਿਚ ਦਾਖਲ ਹੋਇਆ। ਇਹ ਉਹ ਕਸਬਾ ਹੈ ਜਿੱਥੇ ਵੱਡੇ-ਵੱਡੇ ਤੇ ਨਾਮਵਰ ਸ਼ਾਇਰ ਤੇ ਫ਼ਨਕਾਰ ਪੈਦਾ ਹੋਏ ਹਨ। ਏਸ ਸਕੂਲ ਵਿਚ ਮੇਰੀ ਪੁਜ਼ੀਸ਼ਨ ਹੋਰ ਵੀ ਵਧੀਆ ਹੋ ਗਈ। ਮੈਨੂੰ ਫਾਰਸੀ ਦੀ ਜੁਮਾਇਤ ਦਾ ਮੌਨੀਟਰ ਬਣਾ ਦਿੱਤਾ ਗਿਆ ਤੇ ਮੇਰੇ ਸਾਥੀ ਮੈਨੂੰ ਇੱਜ਼ਤ ਨਾਲ਼ ਫਾਰਸੀਦਾਨਾ ਕਹਿਣ ਲੱਗੇ। ਇਸ ਪਿੱਛੋਂ ਮੈਂ ਨਕੋਦਰ ਸਕੂਲ ਵਿਚ ਦਾਖਲ ਹੋ ਗਿਆ ਜਿੱਥੇ ਪੰਡਤ ਲੱਭੂ ਰਾਮ ਜੋਸ਼ ਉਰਦੂ ਪੜ੍ਹਾਇਆ ਕਰਦੇ ਸਨ, ਜਿਨ੍ਹਾਂ ਨੇ ਮੇਰੀ ਉਰਦੂ ਦੀ ਪੜ੍ਹਾਈ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਬੀ.ਏ. ਪਾਸ ਕਰਨ ਪਿੱਛੋਂ ਮੈਨੂੰ ਰੇਲਵੇ ਦੇ ਮਹਿਕਮੇ ਵਿਚ ਇੱਕ ਬੜੀ ਇੱਜ਼ਤ ਵਾਲ਼ੀ ਥਾਂ ਤੇ ਨੌਕਰੀ ਮਿਲ਼ ਗਈ, ਜਿੱਥੇ ਮੈਨੂੰ ਸ਼ਾਇਰੀ ਦਾ ਸ਼ੁਗਲ ਜਾਰੀ ਰੱਖਣ ਵਿਚ ਕੋਈ ਦਿੱਕਤ ਨਾ ਆਈ। ਮੈਨੂੰ ਆਪਣੇ ਵਰਗੇ ਹੀ ਕਈ ਸਾਥੀ ਮਿਲ਼ ਗਏ, ਜਿਨ੍ਹਾਂ ਨਾਲ਼ ਮੈਂ ਮੁਸ਼ਾਇਰਿਆਂ ਚ ਹਿੱਸਾ ਲੈਂਦਾ ਰਿਹਾ।

-----

ਲਾਹੌਰ ਦੀ ਰੰਗੀਨ ਫ਼ਿਜ਼ਾ ਨੇ ਮੈਨੂੰ ਇਕ ਪੇਂਡੂ ਤੋਂ ਸ਼ਾਇਰ ਬਣਾ ਦਿੱਤਾ, ਜਿਸਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਬਲਕਿ ਇਕ ਗ਼ਜ਼ਲ ਵਿਚ ਮੈਂ ਇਉਂ ਲਿਖਿਆ ਹੈ:

ਜੀਨੇ ਕੋ ਤੋ ਫ਼ੂਲ ਕੇ ਸਾਏ ਮੇਂ ਹਮ ਜੀਏ,

ਪਰ ਲਾਹੌਰ ਤੇਰੀ ਯਾਦ ਸੇ ਕਿਨਾਰਾ ਨਾ ਸਕਾ।

ਮੈਂ ਪਹਿਲਾਂ ਸਿਰਫ਼ ਉਰਦੂ ਵਿਚ ਹੀ ਲਿਖਦਾ ਸੀ, ਪਰ ਹੁਣ ਦੋਸਤਾਂ ਦੇ ਜ਼ੋਰ ਪਾਉਂਣ ਤੇ ਪੰਜਾਬੀ ਵਿਚ ਵੀ ਲਿਖਦਾ ਹਾਂ ੳਤੇ ਉਰਦੂ, ਪੰਜਾਬੀ, ਹਿੰਦੀ ਦੀਆਂ ਸਾਰੀਆਂ ਅਦਬੀ ਸੰਸਥਾਵਾਂ ਦਾ ਮੈਂਬਰ ਹਾਂ ਤੇ ਮੁਸ਼ਾਇਰਿਆਂ ਵਿਚ ਬਕਾਇਦਗੀ ਨਾਲ਼ ਸ਼ਿਰਕਤ ਕਰਦਾ ਹਾਂ। ਮੈਨੂੰ ਪੰਜਾਬ ਦਾ ਸ਼ਹਿਰੀ ਹੋਣ ਦਾ ਫ਼ਖ਼ਰ ਹੈ ਪਰ ਆਪਣੀ ਲੰਮੇਰੀ ਜ਼ਿੰਦਗੀ ਵਿਚ ਮੈਂ ਲਾਹੌਰ ਤੇ ਹੁਣ ਵੈਨਕੂਵਰ, ਕੈਨੇਡਾ ਦੀ ਰਿਹਾਇਸ਼ ਤੇ ਵੀ ਫ਼ਖ਼ਰ ਮਹਿਸੂਸ ਕਰਦਾ ਹਾਂ।

ਦਰਦ ਪੈਹਮ ਸਰਾਬ ਕਾ ਆਲਮ।

ਦਿਲ ਕੇ ਜ਼ਖ਼ਮ-ਏ-ਅਜ਼ਾਬ ਕਾ ਆਲਮ।

ਏਕ-ਏਕ ਵਰਕ ਬਿਖਰਾ ਹੈ,

ਯੇਹ ਹੈ ਜ਼ਿੰਦਗੀ ਕੀ ਕਿਤਾਬ ਕਾ ਆਲਮ।

******

ਕਿਤਾਬ ਦਾ ਸਮਰਪਣ

ਮੇਰਾ ਮਜਮੂਆ-ਏ-ਕਲਾਮ ( ਕਾਵਿ-ਸੰਗ੍ਰਹਿ) ਮੁਰੱਕਾ-ਏ-ਦਰਦ ਜਦੋਂ ਟਾਈਪ ਹੋ ਰਿਹਾ ਸੀ ਤਾਂ ਮੈਨੂੰ ਇਸਦੇ ਸਮਰਪਣ ਦਾ ਖ਼ਿਆਲ ਆਇਆ ਕਿ ਆਖ਼ਿਰ ਮੈਂ ਇਹਨੂੰ ਕਿਸਦੇ ਨਾਂ ਸਮਰਪਿਤ ਕਰਾਂ? ਮੈਂ ਚਾਰੇ ਪਾਸੇ ਨਜ਼ਰ ਮਾਰੀ ਤੇ ਇਹ ਨਜ਼ਰ ਗੁਰਦਰਸ਼ਨ ਬਾਦਲ ਤੇ ਆ ਕੇ ਠਹਿਰੀ।

-----

ਬਾਦਲ ਸਾਹਿਬ ਨਾਲ਼ ਮੇਰੀ ਮੁਲਾਕਾਤ ਕੈਨੇਡਾ ਉਰਦੂ ਐਸੋਸੀਏਸ਼ਨ ਅਤੇ ਦੂਜੀਆਂ ਥਾਵਾਂ ਅਤੇ ਮੁਸ਼ਾਇਰਿਆਂ ਵਿਚ ਹੋਈ। ਇਸ ਮੁਲਾਕਾਤ ਨੂੰ ਪੰਜ ਵਰ੍ਹੇ ਬੀਤ ਗਏ। ਮੇਰੇ ਤੇ ਉਹਨਾਂ ਵਿਚਕਾਰ ਇਹ ਦੋਸਤੀ ਹੋਰ ਮਜਬੂਤ ਹੁੰਦੀ ਚਲੀ ਗਈ। ਵੈਸੇ ਤਾਂ ਮੈਂ ਜਲੰਧਰ ਦਾ ਤੇ ਬਾਦਲ ਸਾਹਿਬ ਲੁਧਿਆਣੇ ਦੇ ਰਹਿਣ ਵਾਲ਼ੇ ਹਨ, ਜਿਵੇਂ ਕਿ ਹਮਵਤਨ ਹੋਏ।

-----

ਕਵੀ ਦੇ ਤੌਰ ਤੇ ਉਹਨਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਉਹਨਾਂ ਦੀ ਲਿਆਕਤ ਨੂੰ ਨਾ ਜਾਨਣਾ ਇਕ ਬੁਖਾਲਤ ਹੋਵੇਗੀ। ਇਸਤੋਂ ਵਧਕੇ ਬਾਦਲ ਸਾਹਿਬ ਵੱਲੋਂ ਮੁਸਲਸਲ ਇਹ ਤਕਾਜ਼ਾ ਕੀਤਾ ਜਾਂਦਾ ਰਿਹਾ ਕਿ ਮੈਂ ਆਪਣਾ ਕਾਵ-ਸੰਗ੍ਰਹਿ ਜਲਦੀ ਛਾਪਾਂ। ਮੇਰੀ ਸੁਸਤੀ ਤੇ ਕਮ-ਹਿੰਮਤੀ ਕਾਰਣ ਮੈਂ ਇਹ ਪੁਸਤਕ ਜਲਦੀ ਨਾ ਛਾਪ ਸਕਿਆ। ਪਰ ਬਾਦਲ ਸਾਹਿਬ ਨੇ ਹਿੰਮਤ ਨਹੀਂ ਹਾਰੀ ਤੇ ਮੈਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹੇ।

-----

ਇਹ ਕਾਵਿ-ਸੰਗ੍ਰਹਿ ਜੋ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਹੈ, ਇਸ ਵਿਚ ਸੌ ਫ਼ੀਸਦੀ ਬਾਦਲ ਸਾਹਿਬ ਦਾ ਹੱਥ ਹੈ। ਏਸ ਲਈ ਮੈਂ ਇਹ ਕਿਤਾਬ ਆਪਣੇ ਹਮਨਵਾ ਤੇ ਕਦਮ-ਕਦਮ ਤੇ ਹਿੰਮਤ ਦਿਵਾਉਂਣ ਵਾਲ਼ੇ.... ਜਨਾਬ ਗੁਰਦਰਸ਼ਨ ਬਾਦਲ ਦੇ ਨਾਂ ਸਮਰਪਿਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਇਹ ਮੇਰੇ ਨਾ-ਚੀਜ਼ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸ਼ਾ ਕਰਨਗੇ।

ਬਰਜਿੰਦਰ ਸਿੰਘ ਦਰਦ

ਕੈਨੇਡਾ

(ਮੁੱਖ-ਬੰਦ ਮੂਲ ਉਰਦੂ ਤੋਂ ਪੰਜਾਬੀ ਅਨੁਵਾਦ: ਹਰਭਜਨ ਮਾਂਗਟ, ਸਰੀ, ਕੈਨੇਡਾ)

*******

ਦਰਦ ਸਾਹਿਬ ਦੀ ਕਿਤਾਬ ਮੁਰੱਕਾ-ਏ-ਦਰਦ ਦਾ ਸਰਵਰਕNo comments: