ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, April 17, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 20

ਮਹਿਤੇ ਪਿੰਡ ਨੂੰ ਅਲਵਿਦਾ

ਸਵੈ-ਜੀਵਨੀ - ਕਿਸ਼ਤ - 20

ਲੜੀ ਜੋੜਨ ਲਈ ਕਿਸ਼ਤ 19 ਪੜ੍ਹੋ ਜੀ।

ਮਾਰਚ 1951 ਦੇ ਦਿਨ ਸਨਸਿਆਲ਼ ਦਾ ਝੁੰਬ ਸਿਰ ਤੋਂ ਲਹਿ ਗਿਆ ਸੀ ਅਤੇ ਮਿੱਠੀ ਮਿੱਠੀ ਰੁੱਤ ਆ ਗਈ ਸੀਜਿਵੇਂ ਘੋਲ਼ਾਂ ਵਾਲੇ ਦਿਨ ਲਈ ਭਲਵਾਨ ਮਾਲਸ਼ਾਂ ਕਰ, ਡੰਡ ਬੈਠਕਾਂ ਕੱਢ, ਕਸਰਤ ਕਰ ਤੇ ਢੋਣ ਦੇ ਦਾਅ ਪੇਚਾਂ ਦੀ ਕਸਤਰ ਕਰਦੇ ਹਨਇਸੇ ਤਰ੍ਹਾਂ ਅਸੀਂ ਵੀ ਦਸਵੀਂ ਦੇ ਇਮਤਿਹਾਨ ਲਈ ਤਿਆਰੀਆਂ ਕਰ ਲਈਆਂ ਸਨਕਈਆਂ ਤੋਂ ਗੈੱਸ ਵੀ ਲਵਾ ਲਏ ਸਨਕੁਝ ਚਿਰ ਟਿਊਸ਼ਨਾਂ ਵੀ ਪੜ੍ਹੀਆਂ ਸਨਇਸ ਵਾਰ ਸਾਡਾ ਦਸਵੀਂ ਦੇ ਇਮਤਿਹਾਨ ਦਾ ਸੈਂਟਰ ਖਾਲਸਾ ਹਾਈ ਸਕੂਲ ਬਠਿੰਡਾ ਬਣਿਆ ਸੀਇਸ ਸਕੂਲ ਦੇ ਹੋਸਟਲ ਵਿਚ ਸਾਡੇ ਰਹਿਣ ਦਾ ਇੰਤਜ਼ਾਮ ਸੀਕੁਝ ਮੁੰਡੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਚਲੇ ਗਏ ਸਨਬਠਿੰਡੇ ਦੇ ਕਿਲੇ ਅੰਦਰ ਜਾ ਕੇ ਵੀ ਅਸੀਂ ਇਮਤਿਹਾਨ ਦੀ ਤਿਆਰੀ ਲਈ ਪੜ੍ਹਦੇ ਅਤੇ ਪਰਕਾਰਾਂ ਨਾਲ ਆਪਣੇ ਨਾਂ ਵੀ ਕਿਲੇ ਦੀਆਂ ਅੰਦਰਵਾਰ ਦੀਆਂ ਕੰਧਾਂ ਉਤੇ ਖੋਦਦੇਹੋਸਟਲ ਵਿਚ ਬਠਿੰਡੇ ਲਾਗੇ ਦੇ ਪਿੰਡਾਂ ਦੇ ਸਰਦਾਰਾਂ ਦੇ ਮੁੰਡੇ ਵੀ ਪੜ੍ਹਦੇ ਸਨ ਜਿਨ੍ਹਾਂ ਨੇ ਨਕਲ ਮਾਰਨ ਦੇ ਥੋੜ੍ਹੇ ਬਹੁਤੇ ਇੰਤਜ਼ਾਮ ਵੀ ਕੀਤੇ ਹੋਏ ਸਨ ਤੇ ਇਮਤਿਹਾਨਾਂ ਦੀਆਂ ਡਿਊਟੀਆਂ ਤੇ ਲੱਗਾ ਸਟਾਫ਼ ਉਹਨਾਂ ਨੇ ਖਿਆ-ਪਿਆ ਕੇ ਗੰਢਿਆ ਹੋਇਆ ਸੀਇਹਨਾਂ ਸਰਦਾਰਾਂ ਦੇ ਮੁੰਡਿਆਂ ਵਿਚ ਮੰਡੀ ਡੱਬਵਾਲੀ ਵਾਲੀ ਵੱਲ ਦੇ ਮੁੰਡੇ ਵੀ ਦਸਵੀਂ ਦੇ ਪੇਪਰ ਦੇ ਰਹੇ ਸਨਇਹ ਚਿਟੇ ਕੁੜਤੇ ਪਾਜਾਮੇ ਪਾ ਕੇ ਰੱਖਦੇ ਤੇ ਪੋਚਵੀਆਂ ਪੱਗਾਂ ਬੰਨ੍ਹਦੇਸਕੂਲ ਦੀ ਬਾਹਰਲੀ ਟੱਕ ਸ਼ਾਪ ਤੇ ਇਹਨਾਂ ਦੇ ਖਾਤੇ ਖੁੱਲ੍ਹੇ ਹੋਏ ਸਨ ਜਿਥੇ ਇਹ ਖੁੱਲ੍ਹਾ ਖਾਂਦੇ ਪੀਂਦੇ ਸਨਜਦ ਕੋਈ ਸਵਾਲ ਹੱਲ ਹੋ ਕੇ ਬਾਹਰੋਂ ਅੰਦਰ ਆਉਂਦਾ ਸੀ ਤਾਂ ਉਸ ਦਾ ਲਾਭ ਸਾਰਿਆਂ ਨੂੰ ਹੀ ਹੋ ਜਾਂਦਾ ਸੀਇਸ ਲਈ ਮੇਰੇ ਇੰਗਲਿਸ਼ ਤੋਂ ਇਲਾਵਾ ਹਿਸਾਬ ਦੇ ਪੇਪਰ ਵੀ ਵਧੀਆ ਹੋ ਗਏ ਸਨਅਲਜਬਰਾ ਮੈਨੂੰ ਨਹੀਂ ਆਉਂਦਾ ਸੀ ਪਰ ਮੇਰੀ ਜਿਓਮੈਟਰੀ ਬਹੁਤ ਅੱਛੀ ਸੀਵੈਸੇ ਮੈਂ ਅਲਜਬਰੇ ਦੇ ਕੁਝ ਸਵਾਲ ਵੀ ਹੱਲ ਕਰ ਲਏ ਸਨ ਜੋ ਬਾਹਰ ਆ ਕੇ ਮੇਚਣ ਤੇ ਪਤਾ ਲੱਗਾ ਕਿ ਠੀਕ ਸਨਬਾਕੀ ਦੇ ਮਜ਼ਮੂਨ ਸੌਖੇ ਸਨ ਤੇ ਇਹਨਾਂ ਦੀ ਮੈਨੂੰ ਕੋਈ ਫ਼ਿਕਰ ਨਹੀਂ ਸੀਅਗਲੇ ਹੋਣ ਵਾਲੇ ਪੇਪਰਾਂ ਵਿਚ ਕੁਝ ਛੁੱਟੀਆਂ ਆ ਗਈਆਂ ਸਨ ਤੇ ਮੈਂ ਮਹਿਤੇ ਆ ਗਿਆ

-----

ਮਹਿਤੇ ਨੂੰ ਅਲਵਿਦਾ ਕਹਿਣ ਦਾ ਵਕ਼ਤ ਆ ਗਿਆਫਾਲਤੂ ਸਾਮਾਨ ਜਿਵੇਂ ਪਾਣੀ ਦੇ ਘੜੇ, ਚਾਟੀਆਂ, ਕੁੱਜੇ ਤੇ ਹੋਰ ਨਿਕ ਸੁੱਕ ਵਗੈਰਾ ਸਭ ਇਥੇ ਮਹਿਤੇ ਹੀ ਛੱਡ ਜਾਣੇ ਸਨ ਜਾਂ ਕਿਸੇ ਨੂੰ ਦੇ ਦੇਣੇ ਸਨਮਾਂ ਨੇ ਛੋਟਾ ਜਿਹਾ ਖੁੱਡਾ ਬਣਾ ਕੇ ਕੁਝ ਕੁੱਕੜੀਆਂ ਪਾਲੀਆਂ ਹੋਈਆਂ ਸਨ ਜੋ ਕੁਝ ਦਿਨ ਪਹਿਲਾਂ ਵੇਚ ਦਿੱਤੀਆਂ ਸਨਬਿੱਲੀ ਵੀ ਕਿਸੇ ਨੂੰ ਦੇ ਦਿੱਤੀ ਸੀਮੇਰਾ ਮਨ ਓਨਾ ਉਦਾਸ ਤਾਂ ਨਹੀਂ ਸੀ ਜਿੰਨਾ 3 ਸਤੰਬਰ, 1947 ਨੂੰ ਬਾਰ ਵਾਲਾ ਪਿੰਡ ਚੱਕ ਨੰਬਰ 78 ਛਡਣ ਵੇਲੇ ਉਪਰਾਮ ਹੋਇਆ ਸੀ ਪਰ ਫਿਰ ਵੀ ਮਹਿਤੇ ਰਹਿਣ ਦੀ ਤਿੰਨ ਚਾਰ ਸਾਲਾਂ ਦੀ ਬਣੀ ਸਾਂਝ ਜਿਥੇ ਮੈਂ ਜਵਾਨੀ ਦੀਆਂ ਦਹਿਲੀਜ਼ਾਂ ਵਿਚ ਪੈਰ ਰੱਖਿਆ ਸੀ ਤੇ ਆਪਣੇ ਜੀਵਨ ਦੀਆਂ ਪਹਿਲੀਆਂ ਪੰਜ ਕਹਾਣੀਆਂ ਵੱਡੇ ਦਰਵਾਜ਼ੇ ਵਿਚ ਬੈਠ ਕੇ ਲਿਖੀਆਂ ਸਨ, ਜਿਥੇ ਮਹਿਕ ਤੇ ਉਹਦੀਆਂ ਸਹੇਲੀਆਂ ਕੋਲੋਂ ਮਾਲਵੇ ਦੀਆਂ ਬੋਲੀਆਂ ਤੇ ਲੋਕ ਗੀਤ ਸੁਣੇ ਸਨ ਤੇ ਸਿਰ ਵਿਚ ਰੇਤ ਪਵਾਈ ਸੀ, ਨੂੰ ਛੱਡਣ ਲੱਗਿਆਂ ਕਾਲਜੇ ਵਿਚ ਰੁੱਗ ਭਰ ਰਿਹਾ ਸੀਮੇਰੇ ਦਿਲ ਨੇ ਕਿਹਾ ਕਿ ਇਹ ਵਸਣ ਤੇ ਉਜੜਨ ਦਾ ਸਿਲਸਿਲਾ ਪਤਾ ਨਹੀਂ ਕਿੰਨਾ ਕੁ ਚਿਰ ਜਾਰੀ ਰਹੇਗਾ ਅਤੇ ਮਨ ਨੂੰ ਵਿਆਕੁਲ ਕਰਦਾ ਰਹੇਗਾਆਖ਼ਿਰ ਇਨਸਾਨ ਆਪਣੀ ਪੱਕੀ ਪਛਾਣ ਲਈ ਆਪਣਾ ਇਕ ਪਿੰਡ ਜਾਂ ਟਿਕਾਣਾ ਤਾਂ ਚਾਹੁੰਦਾ ਹੈਬੇਟਿਕਾਣਾ ਜੀਵਨ ਵੀ ਕਾਹਦਾ ਜੀਵਨ ਹੈ ਅਤੇ ਇਹ ਮਨੁੱਖੀ ਸਾਂਝਾਂ ਵੀ ਕਿਸ ਤਰ੍ਹਾਂ ਦੀਆਂ ਹਨ ਜੋ ਬੜੇ ਚਾਵਾਂ ਅਤੇ ਪਿਆਰ ਨਾਲ ਪੈਦਾ ਹੁੰਦੀਆਂ ਹਨ ਅਤੇ ਫਿਰ ਵਿਛੋੜੇ ਦਾ ਰੂਪ ਧਾਰ ਕੇ ਟੁੱਟ ਜਾਂਦੀਆਂ ਹਨਹੁਣ ਮਹਿਕ ਦੇ ਬੁੱਲ੍ਹਾਂ ਤੇ ਕੋਈ ਨਿੰਮ੍ਹੀ ਨਿੰਮ੍ਹੀ ਮੁਸਕਾਨ ਨਹੀਂ ਸੀਅੱਖਾਂ ਸਦਾ ਵਾਂਗ ਨੀਵੀਆਂ ਸਨ ਤੇ ਉਹਨਾਂ ਵਿਚੋਂ ਚਮਕ ਗਾਇਬ ਸੀਮੂੰਹ ਵਿਚੋਂ ਕੋਈ ਸ਼ਬਦ ਬਾਹਰ ਨਹੀਂ ਆ ਰਿਹਾ ਸੀਕੁਝ ਦਿਨਾਂ ਅੰਦਰ ਸਦਾ ਲਈ ਵਿੱਛੜ ਜਾਣ ਦੀਆਂ ਇਹਨਾਂ ਘੜੀਆਂ ਵਿਚ ਉਹਦੇ ਦਿਲ ਅੰਦਰ ਕਹੇ ਜਾਣ ਲਈ ਗੱਡਿਆਂ ਦੇ ਗੱਡੇ ਸ਼ਬਦਾਂ ਦੇ ਭਰੇ ਹੋਏ ਸਨ

-----

ਮੈਨੂੰ ਇੰਜ ਜਾਪ ਰਿਹਾ ਸੀ ਕਿ ਉਸਦੀ ਖ਼ਾਮੋਸ਼ ਬੋਲੀ ਨੂੰ ਓਸ ਸਮੇਂ ਕੰਧਾਂ, ਕੌਲੇ, ਕੋਠੇ, ਬੂਹੇ ਬਾਰੀਆਂ ਤੇ ਸਾਂਝੇ ਦਰਵਾਜ਼ੇ ਦੇ ਸ਼ਤੀਰ ਜਿਨ੍ਹਾਂ ਦੀ ਨਿਗ੍ਹਾ ਹੇਠਾਂ ਦੋ ਅੱਲ੍ਹੜਾਂ ਦਾ ਪਿਆਰ ਸ਼ੁਰੂ ਹੋ ਕੇ ਅੰਤ ਤੇ ਆ ਗਿਆ ਸੀ, ਹੀ ਨਹੀਂ, ਸਗੋਂ ਸਾਰੇ ਵਾਤਵਰਨ ਦਾ ਹਰ ਇਕ ਜ਼ੱਰਾ-ਜ਼ੱਰਾ ਸੁਣ ਰਿਹਾ ਸੀਦੋ ਕੱਚੇ ਘਰਾਂ ਦੀਆਂ ਛੱਤਾਂ ਉੱਤੋਂ ਲੰਘਦੇ ਪੰਛੀ ਅਤੇ ਹਵਾਵਾਂ ਵੀ ਸੁਣ ਰਹੀਆਂ ਸਨਚਾਚਾ ਚੰਨਣ ਸਿੰਘ ਘਰ ਨਹੀਂ ਸੀਜਦੋਂ ਮੈਂ ਤੇ ਮੇਰੀ ਮਾਂ ਮਹਿਕ ਦੀ ਮਾਂ ਨੂੰ ਮਿਲ਼ਣ ਲਈ ਉਹਨਾਂ ਦੇ ਘਰ ਗਏ ਤਾਂ ਉਹ ਆਪਸ ਵਿਚ ਗਲ਼ ਲੱਗ ਕੇ ਮਿਲੀਆਂਫੁਲਕਾਰੀ ਤੇ ਬੂਟੀਆਂ ਪਉਂਦੀ ਮਹਿਕ ਮੰਜੇ ਤੋਂ ਉਠ ਕੇ ਅੰਦਰ ਚਲੀ ਗਈ ਤੇ ਕੁਝ ਚਿਰ ਬਾਅਦ ਉਹਦੇ ਹੌਲ਼ੀ-ਹੌਲ਼ੀ ਡੁਸਕਣ ਦੀਆਂ ਆਵਾਜ਼ਾਂ ਬਾਹਰ ਆਉਣ ਲੱਗ ਪਈਆਂਮਹਿਕ ਦੀ ਮਾਂ ਨੇ ਕਿਹਾ ਉਹਦਾ ਬਾਪੂ ਡੱਬਵਾਲੀ ਵੱਲ ਪੈਂਦੇ ਇਕ ਪਿੰਡ ਵਿਚ ਵਿਚੋਲੇ ਨੂੰ ਲੈ ਕੇ ਮਹਿਕ ਦੇ ਵਿਆਹ ਦੀ ਤਰੀਕ ਪੱਕੀ ਕਰਨ ਗਿਆ ਹੋਇਆ ਹੈਕਹਿੰਦੇ ਹੈ ਤਾਂ ਪੱਕੀ ਉਮਰ ਦਾ ਪਰ ਜ਼ਮੀਨ ਜਾਇਦਾਦ ਵਾਲਾ ਏਰੋਟੀਓਂ ਭੁੱਖੀ ਨਹੀਂ ਮਰੂਗੀਸਾਡਾ ਖ਼ਿਆਲ ਆ ਕਿ ਨਵੀਂ ਜ਼ਮੀਨ ਤੇ ਜਾਣ ਤੋਂ ਪਹਿਲਾਂ ਮਹਿਕ ਦਾ ਭਾਰਾ ਲਾਹ ਕੇ ਜਾਈਏਮਹਿਕ ਨੇ ਆਪਣਾ ਥੋੜ੍ਹਾ ਬਹੁਤਾ ਦਾਜ ਵੀ ਬਣਾਇਆ ਹੋਇਆ ਹੈਜਿਹੋ ਜਿਹਾ ਗ਼ਰੀਬੀ ਦਾਵੇ ਦਾ ਸਰੂ, ਡੋਲੀ ਤੋਰ ਦਿਆਂਗੇਅੰਦਰੋਂ ਮਹਿਕ ਦੀਆਂ ਡੁਸਕਣੀਆਂ ਹੁਣ ਰੋਣ ਦੀ ਆਵਾਜ਼ ਵਿਚ ਬਦਲ ਗਈਆਂ ਸਨ

-----

ਮੇਰਾ ਜੀਅ ਕਰ ਰਿਹਾ ਸੀ ਕਿ ਮੈਂ ਅੰਦਰ ਜਾ ਕੇ ਮਹਿਕ ਨੂੰ ਗਲ਼ ਨਾਲ਼ ਲਾ ਕੇ ਕਹਾਂ ਕਿ ਸਭ ਕੁਝ ਭੁੱਲ ਜਾਵੀਂ ਪਰ ਮੈਂ ਉਹਦੀਆਂ ਰੀਝਾਂ ਦਾ ਰਾਂਝਾ ਅੰਦਰ ਜਾ ਕੇ ਉਹਨੂੰ ਦਿਲਾਸਾ ਦੇਣ, ਵਰਾਉਣ ਜਾਂ ਮਨਾਉਣ ਦਾ ਹੌਸਲਾ ਨਾ ਕਰ ਸਕਿਆਉਹਦੀ ਮਾਂ ਜਿਸ ਨੂੰ ਮੈਂ ਚਾਚੀ ਕਹਿੰਦਾ ਸਾਂ, ਨੇ ਕਿਹਾ, “ਬਲਬੀਰ, ਬਠਿੰਡੇ ਇਮਤਿਹਾਨ ਦੇ ਪਰਚੇ ਪੂਰੇ ਹੋਣ ਤੋਂ ਬਾਅਦ ਫਿਰੋਜ਼ਪੁਰ ਜਾਣ ਤੋਂ ਪਹਿਲਾਂ ਇਕ ਵਾਰ ਮਿਲ ਕੇ ਜ਼ਰੂਰ ਜਾਈਂਸ਼ਾਇਦ ਓਦੋਂ ਤਕ ਮਹਿਕ ਦਾ ਵਿਆਹ ਵੀ ਪੱਕਾ ਹੋ ਜਾਵੇਨਾਲੇ ਇਹਨੂੰ ਸਮਝਾਈਂ ਮਾਪੇ ਕਦੇ ਧੀਆਂ ਦਾ ਮਾੜਾ ਨਹੀਂ ਕਰਦੇ। ਮੈਂ ਪਰਚੇ ਮੁੱਕਣ ਤੇ ਜ਼ਰੂਰ ਆਉਣ ਦਾ ਵਾਅਦਾ ਕਰ ਕੇ ਤੇ ਚਾਚੀ ਦੇ ਪੈਰੀਂ ਹੱਥ ਲਾ ਕੇ ਬਾਹਰ ਆ ਗਿਆ

----

ਜਿਸ ਤਰ੍ਹਾਂ ਚੱਕ ਨੰਬਰ 78 ਤੋਂ ਵੰਡ ਪਿਛੋਂ ਬਾਪੂ, ਮਾਂ, ਮੈਂ ਤੇ ਭੈਣਾਂ ਤਿੰਨ ਚਾਰ ਸਾਲ ਪਹਿਲਾਂ ਮੌਤ ਤੋਂ ਡਰਦੇ ਆਪਣਾ ਭਰਿਆ ਭਰਾਇਆ ਘਰ ਤੇ ਜ਼ਮੀਨਾਂ ਛੱਡ ਕੇ ਸਾਵਣ ਭਾਦੋਂ ਦੇ ਵਰ੍ਹਦੇ ਮੀਂਹਾਂ ਵਿਚ ਤਪਦੀ ਧਰਤੀ ਤੇ ਨੰਗੇ ਪੈਰੀਂ ਸਿਰਾਂ ਤੇ ਗੰਢਾਂ ਚੁੱਕ ਸੱਚੇ ਸੌਦੇ ਨੂੰ ਲੈ ਕੇ ਤੁਰੇ ਸਾਂ, ਅਜ ਫਿਰ ਓਸੇ ਤਰ੍ਹਾਂ ਤਾਂ ਨਹੀਂ ਪਰ ਫਿਰ ਵੀ ਸਿਰਾਂ ਤੇ ਗੰਢਾਂ ਰੱਖ ਕੇ ਸ਼ੇਰਗੜ੍ਹ ਦੇ ਸਟੇਸ਼ਨ ਨੂੰ ਜਾ ਰਹੇ ਸਾਂਆਂਢਣਾਂ-ਗਵਾਂਢਣਾਂ ਸਭ ਸਾਨੂੰ ਛੱਡਣ ਆਈਆਂ ਸਨਮਾੜੂ ਵੀ ਸਾਨੂੰ ਆਪਣੇ ਊਠ ਤੇ ਸਾਮਾਨ ਲੱਦ ਕੇ ਸ਼ੇਰ ਗੜ੍ਹ ਸਟੇਸ਼ਨ ਤਕ ਛਡਣ ਆਇਆ ਸੀਇਥੋਂ ਛੋਟੀ ਗੱਡੀ ਫੜ ਕੇ ਪਹਿਲਾਂ ਬਠਿੰਡੇ ਤੇ ਫਿਰ ਬਠਿੰਡੇ ਤੋਂ ਵਡੀ ਗੱਡੀ ਫੜ ਕੇ ਫਿਰੋਜ਼ਪੁਰ ਨੂੰ ਜਾਣ ਵਾਲੀ ਗੱਡੀ ਫੜਨੀ ਸੀਮੈਂ ਸੋਚ ਰਿਹਾ ਸਾਂ ਕਿ ਕਿਵੇਂ ਤਿੰਨਾਂ ਚਹੁੰ ਸਾਲਾਂ ਬਾਅਦ ਇਹ ਪਿੰਡ ਵੀ ਬਿਗਾਨਾ ਹੋ ਗਿਆ ਸੀਜਦੋਂ ਗੱਡੀ ਸ਼ੇਰਗੜ੍ਹ ਤੋਂ ਚੱਲ ਕੇ ਬਠਿੰਡੇ ਨੂੰ ਜਾ ਰਹੀ ਸੀ ਤਾਂ ਮਹਿਤੇ ਦੀਆਂ ਸ਼ਾਹਾਂ ਦੀਆਂ ਹਵੇਲੀਆਂ ਦੇ ਬੁਰਜ ਦਿਸ ਰਹੇ ਸਨਬੁਰਜਾਂ ਦੇ ਪਰਲੇ ਪਾਸੇ ਕਚੇ ਕੋਠਿਆਂ ਵਿਚ ਮਹਿਕ ਰੋ ਰਹੀ ਸੀ ਜਿਸ ਦੇ ਪਹਿਲੇ ਪਿਆਰ ਦਾ ਦੀਵਾ ਜਗਣ ਤੋਂ ਪਹਿਲਾਂ ਹੀ ਬੁਝ ਗਿਆ ਸੀਪਿਆਰ ਦੇ ਇਸ ਦੀਵੇ ਦੀ ਲਾਟ ਵਿਚ ਗ਼ਰੀਬ ਦਿਨਾਂ ਦੀ ਕਮਾਈ ਦਾ ਤੇਲ ਮੁੱਕ ਗਿਆ ਸੀ

-----

ਬਠਿੰਡੇ ਪਹੁੰਚ ਕੇ ਬਾਪੂ ਹੁਰੀਂ ਤਾਂ ਵੱਡੀ ਗੱਡੀ ਵਿਚ ਬੈਠ ਗਏ ਤੇ ਮੈਂ ਉੱਤਰ ਕੇ ਪਲੇਟ ਫਾਰਮ ਤੇ ਖਲੋਅ ਗਿਆ ਕਿ ਜਦੋਂ ਗੱਡੀ ਚੱਲੂਗੀ ਤਾਂ ਮੈਂ ਰੇਲ ਦਾ ਉੱਚਾ ਪੁਲ ਪਾਰ ਕਰ ਕੇ ਖਾਲਸਾ ਸਕੂਲ ਨੂੰ ਚਲਾ ਜਾਵਾਂਗਾਮੈਂ ਵੇਖਿਆ ਕਿ ਚੈਰੀ ਗੱਡੀ ਦੇ ਡੱਬੇ ਵਿਚੋਂ ਛਾਲ ਮਾਰ ਕੇ ਮੇਰੇ ਮਗਰ ਆ ਗਈ ਸੀਗੱਡੀ ਅਜੇ ਚੱਲੀ ਨਹੀਂ ਸੀ ਤੇ ਮੈਂ ਚੈਰੀ ਨੂੰ ਫੜ ਕੇ ਫਿਰ ਗੱਡੀ ਵਿਚ ਚੜ੍ਹਾਅ ਆਇਆ ਤੇ ਬਾਪੂ ਨੇ ਉਹਨੂੰ ਘੁੱਟ ਕੇ ਫੜ ਲਿਆਦਰ ਅਸਲ ਚੈਰੀ ਦਾ ਮੇਰੇ ਨਾਲ ਪਿਆਰ ਬਹੁਤ ਸੀ ਤੇ ਉਹ ਮੇਰੇ ਨਾਲ ਹੀ ਜਾਣਾ ਚਹੁੰਦੀ ਸੀ ਪਰ ਮੇਰੇ ਤਾਂ ਹਾਲੇ ਦਸਵੀਂ ਦੇ ਕੁਝ ਪੇਪਰ ਰਹਿੰਦੇ ਸਨਮੈਂ ਉਸ ਨੂੰ ਕਿਵੇਂ ਸੰਭਾਲ਼ ਸਕਦਾ ਸਾਂਬਾਪੂ ਦੱਸ ਰਿਹਾ ਸੀ ਕਿ ਉਹ ਫਿਰੋਜ਼ਪੁਰ ਤੋਂ ਗੁਦੜਢੰਡੀ ਬੱਸ ਤੇ ਜਾਣਗੇ ਕਿਓਂਕਿ ਝੋਕ ਟਹਿਲ ਸਿੰਘ ਜਾਂ ਮੰਡੀ ਗੁਰੂ ਹਰ ਸਹਾਏ ਤੋਂ ਸਿਰਾਂ ਤੇ ਭਾਰ ਚੁੱਕ ਕੇ ਪਿੰਡ ਗੁਦੜਢੰਡੀ ਬਹੁਤ ਦੂਰ ਪੈਂਦਾ ਸੀਅਖੀਰ ਗੱਡੀ ਚੱਲੀ ਜੋ ਬਾਪੂ, ਮਾਂ ਤੈ ਭੈਣਾਂ ਨੂੰ ਚੜ੍ਹਾ ਕੇ ਕੁਝ ਮਿੰਟਾਂ ਪਿਛੋਂ ਅੱਖਾਂ ਤੋਂ ਉਹਲੇ ਹੋ ਗਈਮੈਂ ਬਠਿੰਡੇ ਦੇ ਪਲੇਟਫਾਰਮ ਤੇ ਉਦਾਸ ਖੜ੍ਹਾ ਸਾਂਬੋਝਲ ਕਦਮਾਂ ਨਾਲ ਜਦੋਂ ਮੈਂ ਹੌਲੀ ਹੌਲੀ ਪੁਲ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੇਰੇ ਸੱਜੇ ਪਾਸੇ ਤੋਂ ਜੋ ਹਵਾਵਾਂ ਆ ਰਹੀਆਂ ਸਨ, ਉਹਨਾਂ ਵਿਚ ਵਿਛੋੜੇ ਦੀ ਮਹਿਕ ਰਲੀ ਹੋਈ ਸੀ ਤੇ ਖੱਬੇ ਪਾਸੇ ਜੋ ਗੱਡੀ ਮਾਂ ਪਿਓ ਨੂੰ ਲੈ ਕੇ ਫਿਰੋਜ਼ਪੁਰ ਨੂੰ ਮੁੜ ਗਈ ਸੀ, ਉਸ ਪਾਸੇ ਦੀਆਂ ਹਵਾਵਾਂ ਵਿਚ ਵੀ ਮਾਪਿਆਂ ਦੇ ਵਿਛੋੜੇ ਦੀ ਕਸਕ ਮਹਿਸੂਸ ਹੋ ਰਹੀ ਸੀ ਤੇ ਮੈਂ ਬਠਿੰਡੇ ਰੇਲਵੇ ਸਟੇਸ਼ਨ ਦੇ ਉੱਚੇ ਪੁਲ਼ ਤੇ ਕੱਲਮ ਕੱਲਾ ਇਸ ਤਰ੍ਹਾਂ ਖੜ੍ਹਾ ਸਾਂ ਜਿਵੇਂ ਜਹਾਨ ਵਿਚ ਮੇਰਾ ਕੋਈ ਨਾ ਹੋਵੇ

-----

ਖਾਲਸਾ ਸਕੂਲ ਦੇ ਹੋਸਟਲ ਆ ਕੇ ਅਗਲੇ ਪਰਚਿਆਂ ਦੀ ਤਿਆਰੀ ਲਈ ਕਿਤਾਬਾਂ ਵਿਚ ਖੁੱਭ ਜਾਣ ਲਈ ਮਨ ਨੂੰ ਕਾਫੀ ਤਰੱਦਦ ਕਰਨਾ ਪਿਆਅਗਲੇ ਪਰਚੇ ਵੀ ਠੀਕ ਹੋ ਗਏ ਸਨਆਖਰੀ ਪਰਚੇ ਤੋਂ ਬਾਅਦ ਸਾਰੇ ਮੁੰਡਿਆਂ ਨੇ ਪਿਕਚਰ ਵੇਖਣ ਦਾ ਪਰੋਗਰਾਮ ਬਣਾਇਆ ਹੋਇਆ ਸੀ, ਫਿਲਮ ਲੱਛੀ ਚੱਲ ਰਹੀ ਸੀ ਜੋ ਮੈਂ ਪਹਿਲਾਂ ਵੀ ਵੇਖੀ ਹੋਈ ਸੀ ਤੇ ਉਸ ਦੇ ਕਈ ਗਾਣੇ ਜਿਵੇਂ ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ,” “ਮੇਰੀ ਲੱਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ,” “ ਨਾਲ਼ੇ ਲੰਮੀ ਤੇ ਨਾਲ਼ੇ ਕਾਲੀ ਹਾਏ ਵੇ ਰੱਬਾ ਰਾਤ ਜੁਦਾਈਆਂ ਵਾਲੀ,” “ ਸਾਡੇ ਨਾਲ਼ ਤੇ ਦੁਨੀਆਂ ਵਾਲਿਓ ਅਣਹੋਣੀ ਜੇ ਹੋਈ, ਦਿਲ ਲੈ ਗਿਆ ਕੋਈ ਰੱਬ ਜੀ ਦਿਲ ਲੈ ਗਿਆ ਕੋਈ,” ਜ਼ੁਬਾਨੀ ਯਾਦ ਹੋ ਗਏ ਸਨਬਠਿੰਡੇ ਦੀਆਂ ਗਲ਼ੀਆਂ ਵਿਚ ਤਾਂ ਕੀ, ਲਾਗਲੇ ਪਿੰਡਾਂ ਵਿਚ ਵੀ ਲੱਛੀ ਫਿਲਮ ਦੇ ਗੀਤ ਲੋਕੀਂ ਗਾਉਂਦੇ ਫਿਰਦੇ ਸਨ ਤੇ ਲੱਛੀ ਫਿਲਮ ਦੇ ਗੀਤਾਂ ਨੇ ਲੋਕਾਂ ਨੂੰ ਪਾਗਲ ਕੀਤਾ ਹੋਇਆ ਸੀ

-----

ਅਮਰ ਨਾਥ ਸਿੰਗਲਾ ਕਹਿਣ ਲੱਗਾ ਕਿ ਆਪਾਂ ਮਹਿਤੇ ਚਲੀਏਤੂੰ ਹੁਣ ਰਾਤ ਨੂੰ ਸਾਡੇ ਘਰ ਹੀ ਰਹੇਂਗਾ ਤੇ ਬੱਸ ਇਕ ਵਾਰ ਮਹਿਕ ਤੇ ਉਹਦੀ ਮਾਂ ਨੂੰ ਮਿਲ ਆਈਂਕਿਉਂਕਿ ਮੈਂ ਚਾਚੀ ਨਾਲ ਵਾਇਦਾ ਕਰ ਕੇ ਆਇਆ ਸਾਂ, ਇਸ ਲਈ ਮੈਂ ਆਪਣਾ ਝੋਲ਼ਾ ਤੇ ਕਿਤਾਬਾਂ ਅਮਰ ਨਾਥ ਸਿੰਗਲੇ ਦੇ ਕਿਸੇ ਰਿਸ਼ਤੇਦਾਰ ਦੀ ਦੁਕਾਨ ਤੇ ਰੱਖੀਆਂ ਤੇ ਅਸੀਂ ਦੋਵੇਂ ਬਠਿੰਡੇ ਤੋਂ ਪੈਦਲ ਤੁਰ ਕੇ ਮਹਿਤੇ ਉਹਦੇ ਘਰ ਆ ਗਏਇਸ ਵਾਰ ਮਹਿਤਾ ਮੈਨੂੰ ਬੜਾ ਅਜੀਬ ਅਜੀਬ ਲੱਗ ਰਿਹਾ ਸੀਮੈਂ ਏਨਾ ਜਜ਼ਬਾਤੀ ਹੋ ਚੁੱਕਾ ਸਾਂ ਕਿ ਕੁਝ ਦਿਨ ਪਹਿਲਾਂ ਛੱਡੇ ਆਪਣੇ ਘਰ ਅਤੇ ਮਹਿਕ ਦੇ ਘਰ ਜਾਣੋਂ ਘਬਰਾ ਰਿਹਾ ਸਾਂਅਸੀਂ ਸ਼ਾਮ ਨੂੰ ਮਹਿਤੇ ਪਹੁੰਚੇ ਸਾਂ ਤੇ ਅਮਰਨਾਥ ਦੇ ਬਾਗ਼ ਵਿਚ ਗੇੜਾ ਵੀ ਮਾਰ ਆਏ ਸਾਂ ਜਿਥੇ ਸੰਤੋ ਨੇ ਸਾਨੂੰ ਵੇਖ ਵੀ ਲਿਆ ਸੀਉਸ ਨੇ ਜ਼ਰੂਰ ਮਹਿਕ ਨੂੰ ਦੱਸ ਦੇਣਾ ਸੀ ਕਿ ਮੈਂ ਪਿੰਡ ਆਇਆ ਹੋਇਆ ਸਾਂ ਪਰ ਗਵਾਂਢ ਦਾ ਸੁਖ ਖੁੱਸਣ ਪਿਛੋਂ ਓਸ ਨੂੰ ਵੇਖਣ ਤੇ ਮਿਲਣ ਲਈ ਸਿਵਾਏ ਓਸਦੇ ਘਰ ਜਾਣ ਦੇ ਹੋਰ ਕਈ ਤਰੀਕਾ ਨਹੀਂ ਸੀਅਮਰ ਨਾਥ ਕਹਿਣ ਲਗਾ ਕਿ ਸਵੇਰੇ ਆਪਾਂ ਉਹਨਾਂ ਦੇ ਘਰ ਚੱਲਾਂਗੇ

-----

ਰਾਤ ਮੈਂ ਅਮਰਨਾਥ ਦੇ ਘਰ ਹੀ ਸੁੱਤਾਇਸ ਰਾਤ ਮੈਨੂੰ ਬੜੇ ਅਜੀਬ ਅਜੀਬ ਸੁਪਨੇ ਆਉਂਦੇ ਰਹੇ ਜਿਵੇਂ ਚੰਨਣ ਸਿੰਘ ਗੰਡਾਸਾ ਲੈ ਕੇ ਮੈਨੂੰ ਵੱਢਣ ਨੂੰ ਫਿਰਦਾ ਸੀ ਤੇ ਕਹਿ ਰਿਹਾ ਸੀ ਕਿ ਹੁਣ ਤੂੰ ਏਥੇ ਕੀ ਲੈਣ ਆਇਆ ਹੈਂ? ਤੇਰਾ ਹੁਣ ਇਸ ਪਿੰਡ ਨਾਲ ਕੀ ਵਾਸਤਾ ਹੈਹੁਣ ਤੇਰਾ ਏਥੇ ਕੌਣ ਹੈ? ਫਿਰ ਵੀ ਰਾਤ ਬੀਤ ਗਈ ਅਤੇ ਸਵੇਰੇ ਜਦ ਉੱਠੇ ਤਾਂ ਅਮਰਨਾਥ ਦੀ ਭੈਣ ਅਤੇ ਮਾਂ ਮੇਰੀ ਮਾਂ ਨੂੰ ਯਾਦ ਕਰ ਕੇ ਕਾਫੀ ਚਿਰ ਉਹਦੀਆਂ ਗੱਲਾਂ ਕਰਦੀਆਂ ਰਹੀਆਂਦਿਨੇ ਅਸੀਂ ਪਿੰਡ ਵਿਚ ਖੁੱਲ੍ਹੇ ਪ੍ਰਾਇਮਰੀ ਸਕੂਲ ਦੇ ਮਾਸਟਰ ਗੋਇਲ ਨਾਲ ਗੱਲਾਂ ਮਾਰਦੇ ਰਹੇ ਤੇ ਗੋਇਲ ਕਹਿਣ ਲੱਗਾ ਕਿ ਤੂੰ ਦਸਵੀਂ ਦਾ ਇਮਤਿਹਾਨ ਤਾਂ ਦੇ ਦਿੱਤਾ ਹੋਇਆ ਹੈਜੇ ਕਹੇਂ ਤਾਂ ਮੈਂ ਬਠਿੰਡੇ ਜਾ ਕੇ ਤੈਨੂੰ ਇਸ ਪਿੰਡ ਵਿਚ ਅਨਟਰੇਂਡ ਟੀਚਰ ਲੱਗਣ ਦੇ ਹੁਕਮ ਦਵਾ ਦੇਂਦਾ ਹਾਂਕਈ ਅੰਡਰ ਮੈਟਰਿਕ ਟੀਚਰ ਲਗੇ ਹੋਏ ਹਨ ਜਿਨ੍ਹਾਂ ਨੂੰ ਬਾਅਦ ਵਿਚ ਸਰਕਾਰ ਪੱਕਾ ਕਰ ਦੇਂਦੀ ਹੈਮੇਰੇ ਕੱਲੇ ਤੋਂ ਚਾਰ ਜਮਾਤਾਂ ਸੰਭਾਲੀਆਂ ਨਹੀਂ ਜਾਂਦੀਆਂਜਦੋਂ ਤੂੰ ਦਸਵੀਂ ਵਿਚੋਂ ਪਾਸ ਹੋ ਗਿਆ, ਤੇਰੀ ਤਨਖਾਹ ਵੀ ਵਧ ਜੂ ਅਤੇ ਪੱਕਾ ਹੋਣ ਵਿਚ ਵੀ ਸੌਖ ਹੋ ਜੂਓਦੋਂ ਇਸ ਤਰ੍ਹਾਂ ਦੇ ਟੀਚਰਾਂ ਦੀ ਤਨਖਾਹ 50 ਜਾਂ 60 ਰੁਪਏ ਮਹੀਨਾ ਹੁੰਦੀ ਸੀ ਜੋ ਬੜੀ ਰਕਮ ਸਮਝੀ ਜਾਂਦੀ ਸੀਓਸ ਵੇਲੇ ਕਿਉਂਕਿ ਪਿੰਡਾਂ ਦੇ ਮਾਸਟਰਾਂ ਦਾ ਆਪਣਾ ਕੋਈ ਖ਼ਰਚਾ ਤਾਂ ਹੁੰਦਾ ਨਹੀਂ ਸੀਪਿੰਡਾਂ ਵਿਚ ਰਹਾਇਸ਼ ਖਾਣ ਪੀਣ ਫਰੀ ਹੁੰਦਾ ਸੀਪਿੰਡਾਂ ਦੇ ਲੋਕ ਟੀਚਰ ਦੀ ਇੱਜ਼ਤ ਵੀ ਬੜੀ ਕਰਦੇ ਸਨ

*****

ਚਲਦਾ

No comments: