ਅਜੋਕਾ ਨਿਵਾਸ: ਜਲੰਧਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਹਾਣੀ ਸੰਗ੍ਰਹਿ: ਮੈਂ, ਕਹਾਣੀ ਤੇ ਉਹ (1990), ਤੁਸੀਂ ਨਹੀਂ ਸਮਝ ਸਕਦੇ (1996,99, 2004, 1997 (ਹਿੰਦੀ), 1998 (ਸ਼ਾਹਮੁਖੀ ਲਿਪੀ ਪਾਕਿਸਤਾਨ ’ਚ), ਨਹੀਂ, ਮੈਂ ਨਹੀਂ (2000, 2004), ਬਿਨਾਂ ਵਜ੍ਹਾ ਤਾਂ ਨਹੀਂ (2004), ਜ਼ਖ਼ਮ ( 2010) ਰੇਖਾ ਚਿੱਤਰ: ਕਵਾਸੀ ਰੋਟੀ (1998), ਜੇ ਇਹ ਸੱਚ ਹੈ ਤਾਂ? (2004), ਸੰਪਾਦਨ: ਕਹਾਣੀ ਸੰਗ੍ਰਹਿ: ਬੇਲੋੜੇ (1997) ਲਾਲ ਮਿੱਟੀ ਦੀ ਸੜਕ (2006), ਪੰਚਕੂਲੇ ‘ਚ ਜਨਾਜ਼ਾ (2008) ਸ਼ਾਇਦ ਰੰਮੀ ਮੰਨ ਜਾਏ (2008), ਕਾਹਵਾ ਘਰ ਦੀ ਹੁਸੀਨਾ (2008), ਇਕਬਾਲੀਆ ਬਿਆਨ (2009), ਰੇਖਾ ਚਿੱਤਰ: ਤੇਰੇ ਮੇਰੇ ਅਕਸ (2006), ਪ੍ਰੇਮ ਪ੍ਰਕਾਸ਼ ਇਕ ਗੋਰਖ ਧੰਦਾ (2006) ਪ੍ਰਕਾਸ਼ਿਤ ਹੋ ਚੁੱਕੀਆਂ ਹਨ।
-----
ਦੋਸਤੋ! ਕੁਝ ਦਿਨ ਪਹਿਲਾਂ ਪੰਜਾਬੀ ਦੇ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਆਰਸੀ ਲਈ ਕੁਝ ਕਿਤਾਬਾਂ ਭੇਜੀਆਂ ਸਨ। ਨਾਲ਼ ਹੀ ਉਹਨਾਂ ਨੇ ਆਪਣੇ ਨਵੇਂ ਕਹਾਣੀ-ਸੰਗ੍ਰਹਿ ‘ਜ਼ਖ਼ਮ’ ਚੋਂ ਕੁਝ ਕਹਾਣੀਆਂ ਵੀ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਸਨ। ਅੱਜ ਏਸੇ ਕਿਤਾਬ ਵਿੱਚੋਂ ਇਕ ਬੇਹੱਦ ਖ਼ੂਬਸੂਰਤ ਕਹਾਣੀ ‘ਰਫ਼ਤਾਰ’ ਆਰਸੀ ‘ਚ ਸ਼ਾਮਿਲ ਕਰਦਿਆਂ ਜਿੰਦਰ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀਅ ਆਇਆਂ ਨੂੰ ਆਖ ਰਹੀ ਹਾਂ। ਬਾਕੀ ਕਹਾਣੀਆਂ ਆਉਣ ਵਾਲ਼ੇ ਦਿਨਾਂ ‘ਚ ਸਾਂਝੀਆਂ ਕਰਦੇ ਰਹਾਂਗੇ। ਜਿੰਦਰ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*******
ਕਹਾਣੀ – ਭਾਗ ਪਹਿਲਾ
ਪਾਰਟੀ ਦੇਰ ਰਾਤ ਤੱਕ ਚੱਲੀ ਸੀ। ਪੂਨਮ ਨੇ ਦਸ ਕੁ ਨੇੜਲੇ ਦੋਸਤਾਂ ਨੂੰ ਆਉਣ ਦਾ ਸੱਦਾ ਦਿੱਤਾ ਸੀ। ਆ ਵੀਹ ਗਏ ਸਨ। ਖ਼ੂਬ ਰੰਗ ਜੰਮਿਆ ਸੀ। ਇਸ ਘਰ ’ਚ ਇਹ ਆਪਣੇ ਕਿਸਮ ਦੀ ਪਹਿਲੀ ਪਾਰਟੀ ਸੀ। ਬੱਚਿਆਂ ਦੀ ਖ਼ੁਸ਼ੀ ਦੇਖਣ ਵਾਲੀ ਸੀ। ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਸੀ ਕਿ ਜਵਾਨੀ ਦਾ ਵੀ ਆਪਣੇ ਹੀ ਤਰ੍ਹਾਂ ਦਾ ਨਸ਼ਾ ਹੁੰਦਾ ਹੈ।
-----
ਕਮਲਕਾਂਤ ਨੇ ਕੰਪਿਊਟਰ ਨਾਲ ਅਟੈਚਡ ਸਪੀਕਰਾਂ ਕੋਲੋਂ ਡੈੱਕ ਦਾ ਕੰਮ ਲਿਆ ਸੀ। ਵਿਦੇਸ਼ੀ ਸੰਗੀਤ ਸੀ। ਵਿਦੇਸ਼ੀ ਨਾਚ ਸੀ। ਕੁਝ ਵੀ ਰਸਮੀ ਨਹੀਂ ਸੀ। ਕੋਈ ਊਚ-ਨੀਚ ਦੀ ਭਾਵਨਾ ਨਹੀਂ ਸੀ। ਸਾਰੇ ਖ਼ੁਸ਼ ਸਨ। ਹਰਸੂਰਤ ਨੂੰ ਆਸਟਰੇਲੀਆ ਦਾ ਵੀਜ਼ਾ ਮਿਲਣ ਲਈ। ਪੂਨਮ ਦੀ ਪਹਿਲੀ ਨੌਕਰੀ ਲਈ। ਨੱਚਣ ਲਈ ਵੀ ਕਿਸੇ ਨੂੰ ਜ਼ੋਰ ਨਹੀਂ ਪਾਇਆ ਗਿਆ ਸੀ। ਸਭ ਕੁਝ ਇਕ ਰੌਅ ’ਚ ਹੋਇਆ ਸੀ। ਐਦਾ ਲੱਗਦਾ ਸੀ ਕਿ ਜਿਵੇਂ ਤੀਹ ਜਣੇ ਮੂਲ ਰੂਪ ’ਚ ਇਕ ਹੀ ਹੋਣ।
-----
ਜਦੋਂ ਮੈਨੂੰ ਬੈੱਡ ਨਸੀਬ ਹੋਇਆ, ਉਦੋਂ ਬਾਰਾਂ ਵਜੇ ਤੋਂ ਉੱਪਰ ਸਮਾਂ ਹੋ ਗਿਆ ਸੀ। ਮੈਂ ਬੁਰੀ ਤਰ੍ਹਾਂ ਥੱਕ ਗਈ ਸੀ। ਸੁਦੇਸ਼ ਦੀ ਪੱਕੀ ਆਦਤ ਹੈ ਕਿ ਉਹ ਬੈੱਡ ’ਤੇ ਪਿਆ ਨਹੀਂ ਤੇ ਉਹਨੂੰ ਨੀਂਦ ਨੇ ਘੇਰਿਆ ਨਹੀਂ। ਮੈਂ ਵੀ ਜਲਦੀ ਸੌਣ ਦੀ ਆਦਤ ਪਾਈ ਹੋਈ ਹੈ। ਪਰ ਅੱਜ ਮੈਨੂੰ ਨੀਂਦ ਨਹੀਂ ਆ ਰਹੀ।
-----
ਫੇਰ ਮੈਨੂੰ ਖਿਝ ਜਿਹੀ ਆਉਣ ਲੱਗੀ। ਇਸ ’ਚ ਗ਼ੁੱਸਾ ਵੀ ਸ਼ਾਮਿਲ ਹੋ ਗਿਆ। ਮੈਨੂੰ ਲੱਗਿਆ ਜਿਵੇਂ ਮੈਂ ਨਹੀਂ ਹਾਂ। ਹੁਣ ਮੈਂ ਕੁਝ ਵੀ ਨਹੀਂ ਹਾਂ। ਇਹ ਕਿਹੋ ਜਿਹੀ ਸਥਿਤੀ ਹੈ। ਇਸ ਦਾ ਕਾਰਨ ਮਾਂ ਸੀ? ਮੈਂ ਸਾਂ? ਜਾਂ ਪੂਨਮ? ਜਾਂ ਹਰਸੂਰਤ? ਇਹਦੇ ਬਾਰੇ ਕੀ ਕਹਾਂ? ਮੇਰੇ ਸਾਹਮਣੇ ਮਾਂ ਹੀ ਆ ਗਈ। ਮਨ ਕਾਹਲਾ ਪਿਆ ਇਹ ਕਹਿਣ ਨੂੰ, ‘‘ਜਾਹ ਮਾਈ ਜਾਹ, ਆਪਣੇ ਘਰੇ ਜਾਹ।’’ ਇਹ ਕਹਿਣਾ ਕਿਹੜਾ ਸੌਖਾਲਾ ਸੀ। ਇਨ੍ਹੀਂ ਦਿਨੀਂ ਮਾਂ ਅਸਹਾਇ, ਲਾਚਾਰ ਤੇ ਬੇਆਸਰਾ ਸੀ। ਮੈਨੂੰ ਪਤਾ ਸੀ ਕਿ ਜਦੋਂ ਮਾਂ ਨੂੰ ਉਸ ਦੇ ਆਪਣੇ ਲਾਡਲੇ ਨਾ ਸੰਭਾਲਣ, ਉਦੋਂ ਧੀ ਹੀ ਉਸ ਦਾ ਅੰਤਿਮ ਸਹਾਰਾ ਹੁੰਦਾ ਹੈ। ਇਹੀ ਸੋਚ ਮੈਨੂੰ ਚੁੱਪ ਕਰ ਜਾਂਦੀ।
-----
ਪੂਨਮ ਦੇ ਦੋਸਤ ਆਉਂਦੇ ਤਾਂ ਸਾਹਮਣੇ ਵਾਲੇ ਕਮਰੇ ’ਚ ਬੈਠੀ ਮਾਂ ਔਖ ਮੰਨਦੀ। ਮੇਰੇ ਲਈ ਇਨ੍ਹਾਂ ਪਲਾਂ ’ਚ ਮੁਸੀਬਤ ਆ ਖੜ੍ਹਦੀ। ਮੈਨੂੰ ਧੁੜਕੂ ਲੱਗਾ ਰਹਿੰਦਾ ਕਿ ਕਿਤੇ ਉਹ ਹਰਸੂਰਤ ਨੂੰ ਵੱਧ-ਘੱਟ ਨਾ ਬੋਲ ਜਾਵੇ। ਉਹ ਮੇਰੇ ਵੱਲ ਕੌੜ ਨਜ਼ਰ ਨਾਲ ਝਾਕਦੀ। ਆਪਣੇ ਬੈੱਡ ’ਤੇ ਬੈਠੀ ਬੁੜਬੁੜ ਕਰਦੀ, ‘‘ਹੈ ਕੋਈ ਇਹਨੂੰ ਸੰਗ ਸ਼ਰਮ। ਕਿਦਾਂ ਕੁੱਤੇ ਝੱਗੀ ਪਾਈ ਆ। ਇਹ ਨੇ ਕੁੜੀ ਸਿਰੇ ਚੜ੍ਹਾ ਰੱਖੀ। ਇਹਨੂੰ ਪਤਾ ਉਦੋਂ ਲੱਗਣਾ-ਜਦੋਂ ਇਹਨੇ ਕੋਈ ਨਵਾਂ ਚੰਦ ਚੜ੍ਹਾਇਆ। ਐਦਾਂ ਦੀਆਂ ਡਰਾਈਵਰਾਂ ਨਾਲ ਦੌੜ ਜਾਂਦੀਆਂ ਹੁੰਦੀਆਂ....।’’ ਮੈਂ ਉਸ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਦੀ ਮਨਸ਼ਾ ਨਾਲ ਉਹਦੇ ਕਮਰੇ ’ਚ ਜਾਂਦੀ ਤਾਂ ਉਹ ਬੁੱਲ੍ਹ ਘੁੱਟ ਲੈਂਦੀ। ਮੈਂ ਉਹਦੀ ਰਮਜ਼ ਸਮਝ ਜਾਂਦੀ। ਉਹਦੀਆਂ ਨਜ਼ਰਾਂ ਪੁੱਛ ਰਹੀਆਂ ਹੁੰਦੀਆਂ ਕਿ ਨੌਜੁਆਨ ਕੁੜੀ ਮੁੰਡਾ ਇਕੱਲੇ ਕਿਉਂ ਬੈਠਣ ਦਿੱਤੇ। ਇਕ ਛੱਤ ਹੇਠਾਂ ਇਕੱਲੇ ਤਾਂ ਭੈਣ ਭਰਾ ਨਹੀਂ ਬੈਠਣ ਦੇਣੇ ਚਾਹੀਦੇ। ਕੀ ਮੈਂ ਅੰਨ੍ਹੀ ਹੋਈ ਆਂ। ਉਹ ਮੈਥੋਂ ਬਹੁਤ ਕੁਝ ਹੋਰ ਵੀ ਪੁੱਛਣਾ ਚਾਹੁੰਦੀ ਸੀ। ਮੇਰੀ ਜਵਾਬ ਤਲਬੀ ਕਰਨਾ ਚਾਹੁੰਦੀ। ਫੇਰ ਪਤਾ ਨਹੀਂ ਕੀ ਸੋਚ ਕੇ ਚੁੱਪ ਰਹਿੰਦੀ।
-----
ਮਾਂ ਨਹੀਂ ਸਮਝਦੀ ਕਿ ਹੁਣ ਉਹਦੇ ਵਾਲੇ ਸਮੇਂ ਨਹੀਂ ਰਹੇ। ਮੇਰੇ ਵਾਲੇ ਸਮੇਂ ਨਹੀਂ ਰਹੇ। ਪੂਨਮ ਨੇ ਉਹੀ ਬਣਨਾ ਹੈ, ਜੋ ਉਹ ਬਣਨਾ ਚਾਹੁੰਦੀ ਹੈ। ਉਹ ਕਿਸੇ ਤਰ੍ਹਾਂ ਦੀ ਵੀ ਜ਼ਬਰਦਸਤੀ ਨੂੰ ਸਹਿਣ ਨਹੀਂ ਕਰਦੀ। ਮਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹਦੇ ਵਾਲੇ ਸਮੇਂ ਉਹਦੇ ਨਾਲ ਗਏ। ਮੇਰੇ ਵਾਲੇ ਸਮੇਂ ਮੇਰੇ ਨਾਲ ਗਏ। ਪੂਨਮ ਮੇਰਾ ਹੱਥ ਫੜ ਕੇ ਹਰ ਜਗ੍ਹਾ ਨਹੀਂ ਤੁਰ ਸਕਦੀ। ਉਹਨੇ ਜਿੱਥੇ ਵੀ ਜਾਣਾ ਹੈ ਇਕੱਲੀ ਨੇ ਹੀ ਜਾਣਾ ਹੈ। ਉਹ ਜਾਣਦੀ ਹੈ ਕਿ ਜੇ ਉਸ ਆਪਣਾ ਕੈਰੀਅਰ ਬਣਾਉਣਾ ਹੈ ਤਾਂ ਇਸ ਸੰਬੰਧੀ ਫੈਸਲਾ ਆਪ ਹੀ ਕਰਨਾ ਪੈਣਾ ਹੈ। ਮਾਂ ਚਾਹੁੰਦੀ ਸੀ ਕਿ ਪੂਨਮ ਉਹਦੇ ਵਰਗੀ ਬਣੇ। ਉਹਦੀਆਂ ਸਿੱਖਿਆਵਾਂ/ਨਸੀਹਤਾਂ ਨੂੰ ਮੰਨੇ। ਬੰਦਿਸ਼ਾਂ ’ਚ ਰਹੇ। ਪਰ ਪੂਨਮ ਦੀ ਆਪਣੀ ਨਿੱਜੀ ਜ਼ਿੰਦਗੀ ਹੈ। ਉਹ ਕਿਸੇ ਦੂਜੇ/ਤੀਜੇ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ। ਮੈਂ ਆਪ ਮਾਂ ਹਾਂ। ਡਰ ਜਾਂਦੀ ਹਾਂ। ਕਈ ਤਰ੍ਹਾਂ ਦੇ ਸ਼ੰਕੇ ਘੇਰ ਲੈਂਦੇ ਹਨ। ਮੈਂ ਆਪਣਾ ਦੁੱਖ-ਦਰਦ ਕਿਸ ਨਾਲ ਸਾਂਝਾ ਕਰਾਂ। ਸੁਦੇਸ਼ ਨਾਲ? ਉਹ ਬੱਚਿਆਂ ਨੂੰ ਦੋਸਤਾਂ ਵਾਂਗ ਸਮਝਦਾ ਹੈ। ਮੈਨੂੰ ਕਈ ਵਾਰ ਲੱਗਦਾ ਹੈ ਕਿ ਉਹ ਆਪ ਵੀ ਬੱਚਿਆਂ ਤੋਂ ਡਰਨ ਲੱਗਾ ਹੈ। ਉਹ ਉਨ੍ਹਾਂ ਸਾਹਮਣੇ ਆਪਣੇ ਆਪ ਨੂੰ ਬੌਣਾ ਸਮਝਦਾ ਹੈ। ਮੈਂ ਜ਼ਿਆਦਾ ਹੀ ਜ਼ੋਰ ਪਾਵਾਂ ਤਾਂ ਉਹ ਲੰਬਾ ਚੌੜਾ ਭਾਸ਼ਨ ਦੇਣਾ ਸ਼ੁਰੂ ਕਰ ਦਿੰਦਾ। ਮੈਨੂੰ ਉਹਦੀਆਂ ਬਹੁਤੀਆਂ ਗੱਲਾਂ ਦੀ ਸਮਝ ਹੀ ਨਹੀਂ ਲੱਗਦੀ। ਪਿਛਲੇ ਮਹੀਨੇ ਹੀ ਪੂਨਮ ਕਰਕੇ ਸਾਡੀ ਆਪਸ ਵਿੱਚ ਲੜਾਈ ਹੋ ਗਈ ਸੀ। ਉਸ ਕਾਹਲੀ-ਕਾਹਲੀ ’ਚ ਦੱਸਿਆ ਸੀ, ‘‘ਤੂੰ ਸਮਝਦੀ ਕਿਉਂ ਨ੍ਹੀਂ? ਅੱਜ ਸੂਚਨਾਵਾਂ ਦਾ ਐਡਾ ਵੱਡਾ ਢੇਰ ਸਾਡੇ ਸਾਹਮਣੇ ਆ ਕਿ ਸਥਿਤੀਆਂ ਬੇਹੱਦ ਜਟਿਲ ਹੋ ਗਈਆਂ। ਕਈ ਤਰ੍ਹਾਂ ਦੇ ਸੱਚ ਆ। ਅਰਧ ਸੱਚ ਆ। ਇਹ ਸਾਰੇ ਇਕੋ ਵੇਲੇ ਪ੍ਰੋਸੇ ਜਾ ਰਹੇ ਆ। ਅਜਿਹੀ ਸਥਿਤੀ ’ਚ ਨਵੀਂ ਪੀੜ੍ਹੀ ਦੇ ਰਾਹ ਦਾ ਰੋੜਾ ਨ੍ਹੀਂ ਬਣਨਾ ਚਾਹੀਦਾ। ਇੱਥੇ ਬਾਜ਼ਾਰ ਦਾ ਦਬਾਉ ਆ। ਹਾਲਾਤਾਂ ਦਾ ਦਬਾਉ ਆ। ਸੂਚਨਾਵਾਂ ਦਾ ਦਬਾਉ ਆ। ਅਜਿਹੀ ਸਥਿਤੀ ਚਿੰਤਾਜਨਕ ਆ। ਬੱਚਿਆਂ ਦਾ ਵੱਡਾ ਸਪਨਾ ਰੋਜ਼ੀ-ਰੋਟੀ ਦਾ ਆ।....ਬੰਦਿਸ਼ਾਂ ’ਚ ਇਨ੍ਹਾਂ ਦਾ ਵਿਕਾਸ ਨਹੀਂ ਹੋਣਾ। ਯੂ ਨੋ-ਚੇਂਜ਼ ਇਜ ਦਾ ਲਾ ਆਫ਼ ਨੇਚਰ।....’’ ਮੈਨੂੰ ਘਰ ’ਚ ਬੈਠੀ ਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ! ਮੈਂ ਆਪਣੇ ਫਿਕਰ ਸੁਦੇਸ਼ ਦੇ ਕੁਲੀਗ ਰਮਨ ਦੀ ਮਿਸਿਜ਼ ਕਮਲੇਸ਼ ਨਾਲ ਸਾਂਝੇ ਕੀਤੇ ਸਨ। ਉਸ ਨੇ ਮੈਨੂੰ ਸਮਝਾਇਆ ਸੀ, ‘‘ਬੱਚਿਆਂ ਨੂੰ ਬਹੁਤਾ ਰੋਕਣਾ, ਟੋਕਣਾ ਨ੍ਹੀਂ ਚਾਹੀਦਾ। ਉਨ੍ਹਾਂ ਨੂੰ ਸਮਝਣਾ ਚਾਹੀਦਾ। ਉਹ ਵੀ ਪਿਆਰ ਨਾਲ। ਦੋਸਤਾਂ ਵਾਂਗ। ਸਖ਼ਤੀ ਨਾਲ ਉਹ ਬਾਗੀ ਹੋ ਜਾਣਗੇ। ਇਕ ਵਾਰੀ ਬਾਗੀ ਹੋ ਗਏ ਤਾਂ ਮੁੜ ਉਨ੍ਹਾਂ ਨੂੰ ਲੀਹ ਤੇ ਲਿਆਉਣਾ ਔਖਾ ਕੰਮ ਆ। ਮੇਰੇ ਖਿਆਲ ਵਿੱਚ ਸਾਡੇ ਬੱਚੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ।’’
-----
ਮਾਂ ਦੀਆਂ ਕਈ ਗੱਲਾਂ ਠੀਕ ਵੀ ਸਨ। ਬੱਚਿਆਂ ਨੂੰ ਸਮੇਂ ਸਿਰ ਸੌਣਾ ਚਾਹੀਦਾ। ਸਮੇਂ ਸਿਰ ਉੱਠਣਾ ਚਾਹੀਦਾ। ਬਹੁਤਾ ਚਿਰ ਘਰੋਂ ਬਾਹਰ ਨਹੀਂ ਰਹਿਣਾ ਚਾਹੀਦਾ। ਕੋਈ ਕਿਸੇ ਦੀ ਇੱਜ਼ਤ ਦਾ ਸਾਂਝੀਦਾਰ ਨਹੀਂ ਹੁੰਦਾ। ਖਾਸ ਕਰਕੇ ਕੁੜੀਆਂ ਦਾ। ਇਸੇ ਲਈ ਮੈਂ ਗੱਲਾਂ-ਗੱਲਾਂ ’ਚ ਪੂਨਮ ਨੂੰ ਘੂਰਿਆ ਸੀ ਕਿ ਉਸ ਦਾ ਘਰੋਂ ਇੰਨੇ ਦੇਰ ਤੱਕ ਬਾਹਰ ਰਹਿਣਾ ਠੀਕ ਨਹੀਂ। ਉਸ ਜਿਵੇਂ ਕੋਈ ਵੱਡਾ ਛੋਟੇ ਨੂੰ ਸਮਝਾਉਂਦਾ ਹੈ, ਉਸੇ ਰੌਅ ’ਚ ਲੈਕਚਰ ਦਿੱਤਾ ਸੀ, ‘‘ਮੰਮੀ ਤੁਸੀਂ ਚੰਗੇ ਭਲੇ, ਸਿਆਣੇ ਬਿਆਣੇ ਐਨੇ ਬੈਕਵਰਡ ਕਿਉਂ ਹੋ ਜਾਂਦੇ ਹੋ। ਤੁਹਾਡੇ ’ਚੋਂ ਨਾਨੀ ਜੀ ਬੋਲਣ ਲੱਗ ਜਾਂਦੇ। ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਕਿ ਇਹ ਕੰਪਿਊਟਰ ਤੇ ਮਾਰਕੀਟਿੰਗ ਦਾ ਯੁੱਗ ਆ। ਇਹਨੂੰ ਨਰਡਸ ਵੀ ਕਹਿੰਦੇ ਆ। ਹੁਣ ਮੈਨੂੰ ਦੱਸਣਾ ਪਊ ਕਿ ਨਰਡਸ ਕੀ ਹੁੰਦਾ। ਪਹਿਲਾਂ ਤੁਹਾਨੂੰ ਟਰੇਂਡ ਕਰਲਾਂ। ਠਹਿਰ ਕੇ ਦੱਸਾਂਗੀ।’’
-----
ਪੂਨਮ ਨੇ ਕੰਪਿਊਟਰ ਮੇਨਟੇਨਸ ’ਚ ਬੀ. ਐਸ. ਸੀ. ਕੀਤੀ ਹੈ। ਉਹ ਦੌੜੀ ਫਿਰਦੀ ਹੈ। ਪਤਾ ਨਹੀਂ ਲੱਗਦਾ ਉਹ ਕੀਹਨੂੰ-ਕੀਹਨੂੰ ਫੋਨ ਕਰਦੀ ਹੈ। ਕੀਹਨੂੰ-ਕੀਹਨੂੰ ਮਿਲਦੀ ਹੈ। ਕੰਪਿਊਟਰ ’ਤੇ ਇੰਟਰਨੈਟ ਦੀਆਂ ਫਾਇਲਾਂ ਪੜ੍ਹਦੀ/ਵਾਚਦੀ ਹੈ। ਛੋਟੀ-ਮੋਟੀ ਜੌਬ ਉਹਦੇ ਨੱਕ ਹੇਠ ਨਹੀਂ ਆਉਂਦੀ। ਇੱਕ ਦਿਨ ਉਸ ਦੱਸਿਆ ਸੀ ਕਿ ਉਹਨੂੰ ਪੰਦਰਾਂ ਹਜ਼ਾਰ ਰੁਪਏ ਮਹੀਨਾ ਦੀ ਔਫਰ ਆਈ ਸੀ। ਉਹਨੇ ਨਾਂਹ ਕਰ ਦਿੱਤੀ ਸੀ। ਉਹਦਾ ਖ਼ਿਆਲ ਸੀ ਕਿ ਸ਼ੁਰੂਆਤ ਚੰਗੀ ਹੋਣੀ ਚਾਹੀਦੀ ਹੈ। ਉਹਨੂੰ ਸੈ¤ਟ ਹੋਣ ਦੀ ਕਾਹਲ ਹੈ ਪਰ ਉਨੀ ਵੀ ਨਹੀਂ ਜਿੰਨੀ ਕਿ ਮੈਂ ਸੋਚ ਰਹੀ ਹਾਂ। ਉਹਨੇ ਇਕ ਹੋਰ ਡਿਪਲੋਮਾ ਸ਼ੁਰੂ ਕਰ ਦਿੱਤਾ ਸੀ। ਮੈਂ ਪੁੱਛਿਆ ਤਾਂ ਉਸ ਦੱਸਿਆ ਸੀ, ‘‘ਸਿਸਕੋ ਸਰਟੀਫਾਇਡ ਅਸੋਸੀਏਟ ਦਾ ਡਿਪਲੋਮਾ ਕਰ ਰਹੀ ਹਾਂ। ਇੰਡਸਟਰੀ ਵਿੱਚ ਜਾਣ ਬਾਰੇ ਮਨ ਬਣਾਇਆ।’’ ਮੈਨੂੰ ਉਹਦੀ ਪੜ੍ਹਾਈ ਬਾਰੇ ਕੁਝ ਪੱਲੇ ਨਹੀਂ ਪੈਂਦਾ। ਮੈਂ ਬੀ. ਏ. ਸੈਕਿੰਡ ਯੀਅਰ ਪਾਸ ਉਸ ਅੱਗੇ ਅਨਪੜ੍ਹ ਹਾਂ। ਮੈਂ ਤਾਂ ਬਿਟਰ-ਬਿਟਰ ਉਹਦੇ ਮੂੰਹ ਵੱਲ ਦੇਖਦੀ ਹਾਂ। ਉਹ ਆਪਣੀ ਪੜ੍ਹਾਈ ਬਾਰੇ ਆਪਣੇ ਡੈਡੀ ਨਾਲ ਹੀ ਸਲਾਹੀਂ ਪੈਂਦੀ ਹੈ। ਮੈਨੂੰ ਤਾਂ ਜਿਵੇਂ ਉਸ ਅਨਪੜ੍ਹ-ਗੰਵਾਰ ਸਮਝ ਰੱਖਿਆ ਹੈ। ਉਹਦੇ ਡੈਡੀ ਉਹਨੂੰ ਕਦੇ ਨਹੀਂ ਰੋਕਦੇ/ਟੋਕਦੇ। ਉਹ ਦੇ ਨਿੱਤ ਦੇ ਫੈਸ਼ਨ, ਉਹਦੇ ਖਰਚਿਆਂ ਬਾਰੇ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈ। ਉਹ ਟੌਪ, ਐਡੀਡਾਸ ਦੀ ਜੀਨ ਤੇ ਰੀਬੌਕ ਦੇ ਬੂਟਾਂ ਤੋਂ ਹੇਠਾਂ ਗੱਲ ਨਹੀਂ ਕਰਦੀ। ਮੈਂ ਨੱਕ ਬੁੱਲ੍ਹ ਚੜ੍ਹਾਵਾਂ ਤਾਂ ਉਹ ਵਿਸ਼ਵਾਸ ਨਾਲ ਕਹਿ ਦਿੰਦੀ, ‘‘ਸੋਸਾਇਟੀ ਵਿੱਚ ਸਟੇਟਸ ਰੱਖਣਾ ਪੈਂਦਾ।’’
-----
ਮਾਂ ਨੂੰ ਕੀ ਦੱਸਾਂ! ਪਹਿਲਾਂ ਕੁੜੀਆਂ ਨੂੰ ਪੜ੍ਹਾਇਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਚੰਗਾ ਜਿਹਾ ਮੁੰਡਾ ਮਿਲ ਜਾਵੇ। ਹੁਣ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਪੂਨਮ ਦੀ ਦੁਨੀਆਂ ਮੇਰੇ ਲਈ ਅਨੋਖੀ ਹੈ। ਉਹ ਤੇ ਉਹਦੀ ਮਿੱਤਰ ਮੰਡਲੀ ਕੰਪਿਊਟਰ ਅੱਗੇ ਬੈਠ ਜਾਂਦੀ। ਉਹ ਇੰਟਰਨੈੱਟ ਦੀਆਂ ਵੱਖ-ਵੱਖ ਫਾਇਲਾਂ ਖੋਲ੍ਹਦੇ। ਬਹਿਸਦੇ। ਵੱਖ-ਵੱਖ ਵੈਬ ਸਾਈਟਾਂ ਦੇਖਦੇ। ਮਹੀਨਾ ਕੁ ਪਹਿਲਾ ਹਰਸੂਰਤ ਦੱਸ ਰਿਹਾ ਸੀ, ‘‘ਮਿਲਬੌਰਨ ਵਿੱਚ ਆਰ. ਐਮ. ਆਈ. ਯੂਨੀਵਰਸਿਟੀ ਵਿੱਚ ਐਮ. ਆਈ. ਟੀ. ਦੀ ਡਿਗਰੀ ਲਈ ਐਡਵਰਟਾਈਜ਼ਮੈਂਟ ਨਿਕਲੀ। ਮੈਂ ਅਪਲਾਈ ਕਰ ਰਿਹਾ। ਪੂਨਮ ਤੂੰ ਵੀ ਅਪਲਾਈ ਕਰ ਦੇ ।’’
‘‘ਉਨ੍ਹਾਂ ਦੀਆਂ ਕੀ ਕੰਡੀਸ਼ਨ ਨੇ?’’ ਪੂਨਮ ਤੋਂ ਪਹਿਲਾਂ ਜਸਪ੍ਰੀਤ ਨੇ ਪੁੱਛਿਆ ਸੀ।
‘‘ਬੀ. ਐਸ. ਸੀ. ਕੰਪਿਊਟਰ। ਇਹ ਡਿਪਲੋਮਾ ਕਰਨ ਨਾਲ ਆਸਟਰੇਲੀਆ ਵਿੱਚ ਸੈੱਟ ਵੀ ਹੋਇਆ ਜਾ ਸਕਦਾ ਤੇ ਇਧਰ ਵੀ ਨੈੱਟਵਰਕ ਤੇ ਅਸਾਨੀ ਨਾਲ ਜੌਬ ਮਿਲ ਸਕਦੀ।’’
‘‘ਖ਼ਰਚਾ?’’
‘‘ਗਿਆਰਾਂ ਲੱਖ ਐਡਮੀਸ਼ਨ ਫੀਸ ਆ। ਨਾਲ ਹੀ ਉਹ ਚਾਰ ਘੰਟੇ ਦਾ ਵਰਕ ਪਰਮੈਂਟ ਕਾਰਡ ਇਸ਼ੂ ਕਰਨਗੇ। ਤੁਸੀਂ ਆਪਣੇ ਖਰਚੇ ਜੋਗਾ ਕਮਾ ਸਕਦੇ ਹੋ।’’
‘‘ੳ. ਕੇ. ਆਈ ਮਸਟ ਜੋਆਇਨ ਇਟ।’’ ਜਸਪ੍ਰੀਤ ਨੇ ਇਕਦਮ ਹਾਂ ਕਰ ਦਿੱਤੀ ਸੀ। ਪੂਨਮ ਚੁੱਪ ਕਰ ਗਈ ਸੀ। ਉਹ ਕੁਝ ਚਿਰ ਲਈ ਅਪਸੈੱਟ ਹੋਈ ਸੀ। ਇਹ ਉਹਦੀ ਆਦਤ ਹੈ। ਘਰ ਦੀ ਸਥਿਤੀ ਨੂੰ ਦੇਖ/ਜਾਣ ਕੇ ਕੁਝ ਹੀ ਪਲਾਂ ’ਚ ਉਹ ਪਹਿਲਾਂ ਵਰਗੀ ਹੋ ਗਈ ਸੀ। ਉਹਨੂੰ ਆਪਣੀ ਸੀਮਾ ਦਾ ਪਤਾ ਹੈ। ਇਹੀ ਉਸ ਦਾ ਅਹਿਮ ਗੁਣ ਹੈ। ਪੂਨਮ ਨੇ ਮੈਨੂੰ ਕੌਫੀ ਪੀਣ ਲਈ ਆਵਾਜ਼ ਦਿੱਤੀ ਸੀ। ਪਤਾ ਨਹੀਂ ਕਿਹੜੀ ਗੱਲ ਸੀ ਕਿ ਉਹ ਸਾਰੇ ਤਾੜੀਆਂ ਮਾਰ ਕੇ ਹੱਸੇ ਸਨ। ਬਹੁਤ ਹੀ ਜ਼ਿਆਦਾ ਖ਼ੁਸ਼ੀ ਦੇ ਮੂਡ ’ਚ ਸਨ। ਮੈਂ ਅੱਧੇ ਮਨ ਨਾਲ ਉਨ੍ਹਾਂ ਦੀ ਖ਼ੁਸ਼ੀ ’ਚ ਸ਼ਾਮਿਲ ਹੋਈ ਸਾਂ। ਅੱਧਾ ਮਨ ਚਿੰਤਾਵਾਂ ਨਾਲ ਭਰਿਆ ਪਿਆ ਸੀ। ਅਕਸਰ ਮੇਰੀ ਇਹੀ ਅਵਸਥਾ ਰਹਿੰਦੀ ਹੈ। ਇਸ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਾਂ ਤਾਂ ਮੇਰੇ ’ਚ ਮੇਰੀ ਮਾਂ ਧੱਕੇ ਨਾਲ ਆ ਵੜਦੀ ਹੈ। ਮੈਨੂੰ ਕਈ ਡਰ ਘੇਰ ਲੈਂਦੇ ਹਨ। ਮੇਰੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਅੰਦਰ ਹੀ ਅੰਦਰ ਸ਼ਬਦ ਉਭਰਦੇ ਹਨ, ‘‘ਮਾਵਾਂ ਨੂੰ ਬੱਚਿਆਂ ਦੇ ਫਿਕਰ ਮਾਰ ਲੈਂਦੇ ਆ। ਮੈਂ ਕਦੇ ਆਪਣੀਆਂ ਜ਼ਰੂਰਤਾਂ ਬਾਰੇ ਨ੍ਹੀਂ ਸੋਚਿਆ। ਆਪਣੀ ਜ਼ਿੰਦਗੀ ਨ੍ਹੀਂ ਜਿਉਂਈ।’’ ਮੈਂ ਰਸੋਈ ’ਚ ਜਾ ਖੜੋਈ ਸੀ। ਉਦੋਂ ਹੀ ਮਾਂ ਦੇ ਕਮਰੇ ’ਚੋਂ ਕੁਝ ਡਿੱਗਣ ਦੀ ਆਵਾਜ਼ ਆਈ ਸੀ। ਉਹਨੇ ਕੌਲੀ ਜਾਂ ਗਿਲਾਸ ਜਾਣ-ਬੁੱਝ ਕੇ ਸੁੱਟਿਆ ਸੀ। ਐਸ ਵੇਲੇ ਉਹ ਬਹੁਤ ਔਖੀ ਸੀ। ਜੇ ਉਹਦਾ ਆਪਣਾ ਘਰ ਹੁੰਦਾ ਤਾਂ ਉਹਨੇ ਹੁਕਮ ਸੁਣਾ ਦੇਣਾ ਸੀ, ‘‘ਕਿਦਾਂ ਹਿੜ-ਹਿੜ ਲਾਈ ਆ। ਦਫ਼ਾ ਹੋ ਜਾਓ। ਖ਼ਬਰਦਾਰ ਜੇ ਤੁਹਾਡੇ ’ਚੋਂ ਕੋਈ ਵੀ ਜਣਾ ਮੁੜ ਕੇ ਘਰੇ ਆਇਆ। ਇਹ ਘਰ ਆ। ਕੋਈ ਰੇਲਵੇ ਸਟੇਸ਼ਨ ਨ੍ਹੀਂ।’’ ਇਥੇ ਉਸਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਪਰ ਉਹ ਵੀ ਆਪਣੀ ਆਦਤ ਤੋਂ ਮਜ਼ਬੂਰ ਸੀ। ਗੱਲਾਂ-ਗੱਲਾਂ ’ਚ ਉਹ ਪੂਨਮ ਨੂੰ ਕਈ ਕੁਝ ਕਹਿ ਵੀ ਚੁੱਕੀ ਸੀ ਪਰ ਪੂਨਮ ਨੇ ਇਕ ਕੰਨੋ ਸੁਣਿਆ ਤੇ ਦੂਜੇ ਕੰਨੋ ਕੱਢ ਦਿੱਤਾ-ਵਾਲੀ ਪਾਲਿਸੀ ਬਣਾ ਰੱਖੀ ਸੀ। ਉਹ ਕਹਿੰਦੀ ਸੀ ਕਿ ਉਸ ਕੋਲ ਆਊਟ-ਡੇਟਿਡ ਗੱਲਾਂ ਸੁਣਨ ਦਾ ਸਮਾਂ ਨਹੀਂ ਹੈ। ਨਾ ਹੀ ਉਹ ਆਪਣਾ ਧਿਆਨ ਇਸ ਪਾਸੇ ਲਾਉਣਾ ਚਾਹੁੰਦੀ ਹੈ। ਉਸ ਲਈ ਕਰਨ ਵਾਲਾ ਬਹੁਤ ਕੁਝ ਹੈ। ਉਹ ਹਰ ਗੱਲ ਬਾਰੇ ਕਲੀਅਰ ਹੈ। ਉਸ ਕੋਲ ਵਿਚ-ਵਿਚਾਲੇ ਵਾਲਾ ਕੋਈ ਰਸਤਾ ਨਹੀਂ ਹੈ। ਘਰ ’ਚ ਉਸ ਦੀ ਸੁਰ ਕਮਲਕਾਂਤ ਨਾਲ ਮਿਲਦੀ ਹੈ। ਉਹਨੂੰ ਉਹਦੇ ਸਬਜੈਕਟ ਨਾਲ ਸੰਬੰਧਤ ਪੁੱਛਦੀ ਹੈ। ਉਹਦੀ ਚੋਣ ਜਾਣਦੀ ਹੈ। ਉਹ ਨੂੰ ਸਮਝਾਉਂਦੀ ਹੈ ਕਿ ਅੱਜ ਕਲ੍ਹ ਮਾਰਕੀਟ ’ਚ ਕਿਹੜੇ ਵਿਸ਼ਿਆਂ ਦੀ ਮੰਗ ਹੈ। ਬੀ.ਏ., ਬੀ. ਐਸ. ਸੀ. ਤੇ ਬੀ. ਕਾੱਮ ਦਾ ਕੋਈ ਫਾਇਦਾ ਨਹੀਂ ਰਿਹਾ। ਇਨ੍ਹਾਂ ਤੋਂ ਫਾਸਟ ਰਿਜਲਟ ਨਹੀਂ ਮਿਲ ਰਹੇ। ਫਾਸਟ-ਫੂਡ, ਫਾਸਟ-ਐਜੂਕੇਸ਼ਨ, ਫਾਸਟ ਰਿਜਲਟ। ਕਮਲਕਾਂਤ ਵੀ ‘ਦੀਦੀ ਦੀਦੀ’ ਕਰਦਾ ਰਹਿੰਦਾ ਹੈ।
-----
ਮਾਂ ਲਈ ਹੁਣ ਇਸ ਘਰ ’ਚ ਕੋਈ ਥਾਂ ਨਹੀਂ ਹੈ। ਜੇ ਉਹਨੇ ਇੱਥੇ ਰਹਿਣਾ ਹੈ ਤਾਂ ਉਹ ਚੁੱਪ-ਚਾਪ ਆਪਣੀ ਸੇਵਾ ਕਰਵਾਈ ਜਾਵੇ। ਉਸ ਦੀ ਟੋਕਾ ਟਾਕੀ ਇੱਥੇ ਨਹੀਂ ਚੱਲਣੀ। ਉਹਨੂੰ ਹਰਸੂਰਤ ਦੀ ਸਤਿ ਸ੍ਰੀਅਕਾਲ ਨੂੰ ਖਿੜੇ ਮੱਥੇ ਸਵੀਕਾਰਨਾ ਪੈਣਾ ਹੈ। ਫੇਰ ਉਹ ਕਿਹੜਾ ਮਾੜੇ ਧੀੜੇ ਘਰ ਦਾ ਹੈ। ਉਹਨਾਂ ਦਾ ਵੈਲ ਸੈਟਲਡ ਪਰਿਵਾਰ ਹੈ। ਉਸ ਦੇ ਬੈਠਣ-ਉੱਠਣ, ਬੋਲਣ ਤੇ ਖਾਣ ਪੀਣ ’ਚ ਸਲੀਕਾ ਹੈ। ਆਉਂਦਿਆਂ ਜਾਂਦਿਆਂ ਮੇਰੇ ਪੈਰੀਂ ਹੱਥ ਲਾਉਂਦਾ ਹੈ। ਮਾਂ ਦੀ ਇੱਜ਼ਤ ਕਰਦਾ ਹੈ। ਬਾਕੀ ਮੁੰਡੇ ਕੁੜੀਆਂ ਵੀ ਐਦਾਂ ਹੀ ਕਰਦੇ ਹਨ। ਸਾਨੂੰ ਹੋਰ ਕੀ ਚਾਹੀਦਾ ਹੈ। ਬੱਚਿਆਂ ਦਾ ਆਪਣਾ ਸਰਕਲ ਹੈ। ਉਨ੍ਹਾਂ ਉਸੇ ’ਚ ਵਿਚਰਨਾ ਹੁੰਦਾ ਹੈ। ਇਹ ਸਮਾਂ ਹੀ ਸੰਪਰਕਾਂ ਦਾ ਹੈ। ਇਕੱਲਾ ਬੰਦਾ ਕੀ ਹੁੰਦਾ ਹੈ। ਇਕ ਗੱਲ ਹੋਰ ਹੈ। ਜਿਹੜੀ ਮੈਂ ਕਿਸੇ ਨਾਲ ਸਾਂਝੀ ਨਹੀਂ ਕੀਤੀ। ਕਰ ਹੀ ਨਹੀਂ ਸਕਦੀ। ਮੈਨੂੰ ਆਪ ਨੂੰ ਹਰਸੂਰਤ ਚੰਗਾ ਲੱਗਦਾ ਹੈ। ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਦੀ ਜੋੜੀ ਬਣ ਜਾਵੇ। ਪਰ ਮਾਂ ਨੂੰ ਪਤਾ ਨਹੀਂ ਹਰਸੂਰਤ ’ਚ ਕੀ ਖ਼ਰਾਬੀ ਦਿੱਸਦੀ ਹੈ ਕਿ ਮੁੰਡਾ ਘਰ ਆਇਆ ਨਹੀਂ, ਇਸ ਮੱਥੇ ’ਤੇ ਸੌ ਤਿਉੜੀਆਂ ਪਾਈਆਂ ਨਹੀਂ। ਅੱਗੋਂ ਪਿੱਛੋਂ ਉਹ ਕੰਨ ’ਚ ਪਾਈ ਨਹੀਂ ਰੜਕਦੀ। ਕਿਸੇ ਗੱਲੋਂ ਵੀ ਔਖਾ ਨਹੀਂ ਕਰਦੀ। ਜੋ ਦਿੱਤਾ-ਸੋ ਖਾ ਲਿਆ। ਜਿੱਥੇ ਬੈਠਾ ਦਿੱਤਾ-ਬੈਠ ਗਈ। ਕਿਸੇ ਨਾਲ ਕੋਈ ਸ਼ਿਕਾਇਤ ਨਹੀਂ। ਕੋਈ ਗਿਲਾ/ਸ਼ਿਕਵਾ ਨਹੀਂ। ਜਿੰਨਾ ਪੁੱਛਿਆ ਜਾਂਦਾ ਉੱਨਾ ਕੁ ਹੀ ਜਵਾਬ ਦਿੰਦੀ। ਬਹੁਤਾ ਸਮਾਂ ਪਾਠ ਕਰਦੀ ਜਾਂ ਟੀ. ਵੀ. ’ਤੇ ਧਾਰਮਿਕ ਪ੍ਰੋਗਰਾਮ ਦੇਖਦੀ।
-----
ਮੈਨੂੰ ਲੱਗਦਾ ਕਿ ਮੈਂ ਉਹਨੂੰ ਇਥੇ ਲਿਆ ਕੇ ਭਾਰੀ ਗ਼ਲਤੀ ਕੀਤੀ ਸੀ। ਉਹਨੇ ਮੇਰੀ ਸ਼ਾਂਤੀ ਭੰਗ ਕੀਤੀ ਹੈ। ਆਪ ਹੀ ਉਸ ਕੋਲ ਦੋ ਮਹੀਨੇ ਰਹਿ ਆਉਂਦੀ। ਜਦੋਂ ਪੂਨਮ ਤੇ ਹਰਸੂਰਤ ਇਕੱਲੇ ਬੈਠੇ ਹੋਣ ਤਾਂ ਮੈਨੂੰ ਅਦਿੱਖ ਖ਼ੁਸ਼ੀ ਹੁੰਦੀ ਹੈ। ਮੇਰੇ ਮਨ ’ਚ ਆਉਂਦਾ ਹੈ ਕਿ ਉਨ੍ਹਾਂ ਨੂੰ ਕਹਾਂ ਕਿ ਬੱਚਿਉ ਦੌੜ ਜਾਉ। ਇਸ ਸੰਸਾਰ ਦੇ ਬੰਧਨ ਤੋੜ ਦਿਉ। ਮੈਂ ਤੁਹਾਡੇ ਨਾਲ ਹਾਂ। ਕੁਝ ਨਹੀਂ ਹੋਣ ਲੱਗਾ। ਤੁਸੀਂ ਮੇਰੇ ਵਾਲੀ ਮੌਤ ਨਾ ਮਰਿਉ। ਜਦੋਂ ਕਦੇ ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਇਹ ਜਿਉਣਾ ਫਜ਼ੂਲ ਲੱਗਦਾ ਹੈ। ਕਿੰਨੇ ਚੰਗੇ ਸਨ ਉਹ ਦਿਨ। ਬੀ. ਏ. ਪਾਰਟ ਫਸਟ ’ਚ ਪੜ੍ਹਦੀ ਸਾਂ। ਕੋਠੀ ਵਾਲਿਆਂ ਦੇ ਪਰਸ਼ੋਤਮ ਨਾਲ ਨੋਟਸਾਂ ਦਾ ਲੈਣ-ਦੇਣ ਸ਼ੁਰੂ ਕੀਤਾ ਸੀ। ਮੈਂ ਉਹਦੇ ਬਣਾਏ ਨੋਟਸ ਲੈ ਲੈਂਦੀ। ਉਹ ਪੜ੍ਹਣ ਤੇ ਗੱਲਾਂ ਸੁਣਾਉਣ ’ਚ ਬਹੁਤ ਤੇਜ਼ ਸੀ। ਉਹਦੀ ਮਾਂ ਦਾ ਸਾਡੇ ਘਰੇ ਆਉਣ-ਜਾਣ ਸੀ। ਸਾਡਾ ਉਨ੍ਹਾਂ ਦੇ। ਅਸੀਂ ਇਕੱਠੇ ਡੀ.ਏ.ਵੀ. ਕਾਲਜ ’ਚ ਦਾਖਲ ਹੋਏ ਸੀ। ਮੇਰੀ ਮਾਂ ਉਹਨੂੰ ਸਾਊ ਪੁੱਤ ਕਹਿੰਦੀ ਸੀ। ਉਹ ਵੀ ਸਾਡੇ ਘਰ ਆ ਜਾਂਦਾ। ਮਾਂ ਦੇ ਪੈਰੀਂ ਹੱਥ ਲਾਉਂਦਾ। ਚੋਰ ਅੱਖ ਨਾਲ ਮੇਰੇ ਵੱਲ ਦੇਖ ਲੈਂਦਾ। ਅਸੀਂ ਪੀਰੀਅਡ ਮਿੱਸ ਕਰਕੇ ਧਰਮਿੰਦਰ ਦੀ ‘ਅਜ਼ਾਦ’ ਫਿਲਮ ਦੇਖੀ ਸੀ। ਚੋਰੀ-ਛੁਪੇ ਮਿਲਣ ਲੱਗੇ ਸੀ। ਇਕ ਦਿਨ ਮਾਂ ਬਾਜ਼ਾਰ ਗਈ ਸੀ। ਆਮ ਦਿਨਾਂ ਵਾਂਗ ਪਰਸ਼ੋਤਮ ਘਰੇ ਆਇਆ ਸੀ। ਮੈਂ ਚਾਹ ਦੇ ਦੋ ਕੱਪ ਬਣਾ ਕੇ ਮੂਹਰਲੀ ਬੈਠਕ ’ਚ ਉਸਦੇ ਸਾਹਮਣੇ ਆ ਬੈਠੀ ਸੀ। ਉਹਨੇ ਬਿਨਾਂ ਕਿਸੇ ਲੁਕ ਲਕੋ ਦੇ ਸੁਝਾਅ ਰੱਖਿਆ ਸੀ, ‘‘ਮੀਤ-ਚੱਲ ਕਿਤੇ ਦੌੜ ਚਲੀਏ।’’
ਮੈਨੂੰ ਹੈਰਾਨੀ ਹੋਈ ਸੀ ਕਿ ਉਹ ਇਥੋਂ ਤੱਕ ਕਿਵੇਂ ਸੋਚੀ ਬੈਠਾ। ਮੇਰੇ ਮਨ ’ਚ ਅਜਿਹਾ ਕੁਝ ਨਹੀਂ ਸੀ। ਜੇ ਸੀ ਤਾਂ ਉਹਦਾ ਮੈਨੂੰ ਥਹੁ ਪਤਾ ਨਹੀਂ ਸੀ।
‘‘ਇਕ ਵਾਰ ਫੇਰ ਕਹੀਂ-ਕੀ ਕਿਹਾ?’’
‘‘ਇਹ ਛੋਟਾ ਸ਼ਹਿਰ ਆਪਣੇ ਸੁਪਨਿਆਂ ਦਾ ਸ਼ਹਿਰ ਨ੍ਹੀਂ। ਇਥੇ ਮੇਰਾ ਦਮ ਘੁੱਟਦਾ। ਹਿੰਮਤ ਮਾਰ। ਦੌੜ ਚਲੀਏ।’’
‘‘ਪੱਲੇ ਧੇਲਾ ਨ੍ਹੀਂ-ਕਹਿੰਦਾ ਦੌੜ ਚਲੀਏ।’’
‘‘ਆਪਾਂ ਜੀਉਣ ਜੋਗਾ ਤਾਂ ਕਮਾ ਹੀ ਸਕਦੇ ਹਾਂ।’’ ਉਹ ਦੀਆਂ ਨਜ਼ਰਾਂ ’ਚ ਸੁਪਨੇ ਸਨ। ਅਸਾਧਾਰਣ ਸੁਪਨੇ। ਮੈਂ ਉਹਨਾਂ ਦੀ ਭਾਸ਼ਾ ਨੂੰ ਪੜ੍ਹ ਲਿਆ ਸੀ। ਮੇਰੀ ਲੂੰਈਂ-ਲੂੰਈਂ ਖੜ ਗਈ ਸੀ। ਮੈਨੂੰ ਉਹਦਾ ਸੁਝਾਅ ਆਪਣਾ-ਆਪਣਾ ਲੱਗਾ ਸੀ। ਉਹ ਉੱਠ ਕੇ ਮੇਰੇ ਕੋਲ ਆ ਬੈਠਿਆ ਸੀ। ਮੇਰਾ ਹੱਥ ਫੜ ਲਿਆ ਸੀ।
*****
ਲੜੀ ਜੋੜਨ ਲਈ ਪਹਿਲਾ ਭਾਗ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।
No comments:
Post a Comment