ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, May 25, 2010

ਬਲਰਾਜ ਸਿੱਧੂ - ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ - ਲੇਖ – ਭਾਗ ਦੂਜਾ

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ

ਲੇਖ

ਭਾਗ ਦੂਜਾ ( ਲੜੀ ਜੋੜਨ ਲਈ ਉਪਰਲੀ ਪੋਸਟ ਪੜ੍ਹੋ ਜੀ)

ਲਗਭਗ 1960 ਵਿਚ ਬ੍ਰਤਾਨਵੀ ਸਰਕਾਰ ਨੇ ਤਿੰਨ ਸ਼੍ਰੇਣੀਆਂ (A, B, C) ਤਹਿਤ ਵਾਊਚਰ ਸਿਸਟਮ ਚਲਾਇਆ1961 ਦੇ ਕਰੀਬ ਹੀ ਭਾਰਤ ਤੇ ਖਾਸ ਕਰਕੇ ਪੰਜਾਬ ਤੋਂ ਲੋਕੀ ਇਥੇ ਆਉਣੇ ਸ਼ੁਰੂ ਹੋ ਗਏ ਸਨਅਫਰੀਕਾ ਤੋਂ ਵੀ ਭਾਰੀ ਮਾਤਰਾ ਵਿਚ ਪੰਜਾਬੀ ਲੋਕ ਇਥੇ ਆਏਪੰਜਾਬੀਆਂ ਨੇ ਕੋਲੇ ਦੀਆਂ ਖਾਨਾਂ, ਢਾਲਾਂ, ਫੈਕਟਰੀਆਂ ਵਿਚ ਕੰਮ ਕੀਤਾ ਅਤੇ ਕੁਝ ਕੁ ਨੂੰ ਨਜ਼ਦੀਕ ਹੀ ਪੈਂਦੇ ਕਸਬੇ ਲੌਂਗਬਰਿਜ ਵਿਖੇ ਮੋਟਰ ਗੱਡੀਆਂ ਬਣਾਉਣ ਦੇ ਕਾਰਖਾਨੇ ਵਿਚ ਕੰਮ ਮਿਲ ਗਏਪੰਜਾਬੀਆਂ ਨੇ ਵੀ ਸੋਹੋ ਰੋਡ ਨੂੰ ਧੁਰਾ ਬਣਾ ਕੇ ਇਸ ਦੇ ਇਰਧ-ਗਿਰਧ ਖੇਤਰਾਂ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ1964 ਵਿਚ ਵੈਸਟਇੰਡੀਅਨਾਂ ਦੀ ਸੰਖਿਆ ਰੋਕਣ ਦੇ ਮਕਸਦ ਨਾਲ ਵਾਊਚਰ ਦੀ ਤੀਜੀ ਕੈਟਾਗੀਰੀ ਬੰਦ ਕਰ ਦਿੱਤੀ ਗਈਅੰਗਰੇਜ਼ਾਂ ਨੂੰ ਉਹ ਕਾਮੇ ਚਾਹੀਦੇ ਸਨ ਜੋ ਮਿਹਨਤੀ, ਕਾਰੀਗਰ ਹੋਣ ਦੇ ਨਾਲ ਨਾਲ ਆਪਣੀ ਧਰਤੀ ਨਾਲ ਬਹੁਤਾ ਜੁੜੇ ਨਾ ਹੋਣ ਭੂਹੇਰਵੇ ਦੇ ਅਸਾਨੀ ਨਾਲ ਸ਼ਿਕਾਰ ਹੋਣ ਵਾਲੇ ਨਾ ਹੋਣ, ਭਾਵ ਕਿ ਉਹ ਪੌਦੇ ਜੋ ਜ਼ਮੀਨ ਵਿਚੋਂ ਪੱਟ ਕੇ ਗਮਲਿਆਂ ਵਿਚ ਲਾਏ ਜਾ ਸਕਦੇ ਹੋਣਜਿਵੇਂ ਕਿ ਫ਼ੌਜੀਇਸ ਗੱਲ ਦਾ ਖ਼ੁਲਾਸਾ ਕਰਦੇ ਹੋਏ ਲੇਖਕ ਅਤੇ ਇਤਿਹਾਸਕਾਰ ਪੀਟਰ ਰੈਟਕਲਿਫ ਆਪਣੀ ਵੱਡ-ਅਕਾਰੀ ਖੋਜ ਪੁਸਤਕ ‘Racism and Reaction ਦੇ ਪਹਿਲੇ ਅਧਿਆਏ ਦੇ ਪੰਨਾ ਨੰ: 17 ਉੱਤੇ ਲਿਖਦਾ ਹੈ, The people of Punjab have developed an unusual capacity for adjustment to change which makes them one of the least ‘ROOTED’ communities in India, mentally, culturailt and physically.” ਇਸੇ ਲੜੀ ਨੂੰ ਅੱਗੇ ਤੋਰਦਾ ਹੋਇਆ ਪੰਜਾਬੀਆਂ ਦੇ ਇੰਗਲੈਂਡ ਆਉਣ ਦੇ ਕਾਰਨਾਂ ਦੇ ਜ਼ਿਕਰ ਵਿਚ ਉਹ ਦੋ ਪ੍ਰਮੁੱਖ ਕਾਰਨ ਦੱਸਦਾ ਹੈਇਕ ਤਾਂ ਗ਼ਰੀਬੀ ਅਤੇ ਧਨ ਕਮਾਕੇ ਵਧੀਆ ਜੀਵਨ ਜੀਉਣ ਦੀ ਲਾਲਸਾਦੂਜਾ ਉਹ 1947 ਦੀ ਵੰਡ ਦੇ ਸਿੱਟਿਆਂ ਨੂੰ ਵੀ ਇਸਦਾ ਕਾਰਨ ਮੰਨਦਾ ਹੈਉਸ ਅਨੁਸਾਰ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਵਿਚ ਗਏ ਲੋਕ ਆਪਣੀਆਂ ਜੜ੍ਹਾਂ ਲਾਉਣ ਤੋਂ ਅਸਮਰਥ ਰਹੇ ਲੋਕਾਂ ਨੇ ਵਿਦੇਸ਼ਾਂ ਵੱਲ ਆਉਣ ਦਾ ਰੁਖ਼ ਕੀਤਾ

-----

ਤਿੰਨ ਵੱਖੋ-ਵੱਖਰੀਆਂ ਨਸਲਾਂ, ਰੰਗਾਂ ਅਤੇ ਦੇਸ਼ਾਂ ਦੇ ਬੰਦੇ ਇਕ ਜਗ੍ਹਾ ਹੈਂਡਸਵਰਥ ਵਿਖੇ ਇਕੱਠੇ ਹੋਏ ਤਾਂ ਉਹੀ ਹੋਣ ਲੱਗਾ ਜੋ ਇਨਸਾਨੀ ਫ਼ਿਤਰਤ ਹੈਕਾਲੇ, ਗੋਰੇ ਅਤੇ ਭੂਰੇ ਲੋਕਾਂ ਵਿਚ ਨਸਲੀ ਵਿਤਕਰੇ ਹੋਣ ਲੱਗੇ ਤੇ ਸੋਹੋ ਰੋਡ ਇਹਨਾਂ ਦੇ ਜੰਗੀ ਅਖਾੜਿਆਂ ਦੀ ਰਣਭੂਮੀ ਬਣਨ ਲੱਗਾਆਏ ਦਿਨ ਦੰਗੇ ਫਸਾਦ ਹੋਣ ਲੱਗੇਇਕ ਕਾਲੀ ਕੁੜੀ ਦਾ ਏਸ਼ੀਅਨਾਂ (ਪਾਕਿਸਤਾਨੀਆਂ) ਵੱਲੋਂ ਬਲਾਤਕਾਰ ਕਰਨ ਤੇ1985 ਵਿਚ ਹੈਂਡਸਵਰਥ ਵਿਚ ਇਕ ਐਸਾ ਨਸਲੀ ਭਾਂਬੜ ਮੱਚਿਆ ਕਿ ਜਿਸਦੀ ਲਪੇਟ ਵਿਚ ਪੂਰਾ ਮੁਲਕ ਆ ਗਿਆ ਸੀਉਸ ਸਮੇਂ ਅਵਾਮ ਨੂੰ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ ਸੀਲੇਕਿਨ ਹੌਲ਼ੀ-ਹੌਲ਼ੀ ਲੋਕੀ ਇਸ ਸਭ ਕਾਸੇ ਦੇ ਆਦੀ ਹੋਣ ਲੱਗ ਪਏ

-----

ਇਕ ਇਕ ਕਰਕੇ ਕਾਲੇ ਸੋਹੋ ਰੋਡ ਛੱਡਦੇ ਗਏ ਤੇ ਭਾਰਤੀ ਆਪਣੇ ਪੈਰ ਜਮਾਉਂਦੇ ਗਏਫਿਰ ਇਹ ਸੋਹੋ ਰੋਡ ਭਾਰਤੀਆਂ ਦਾ ਮੁੱਖ ਕੇਂਦਰ ਬਣ ਗਈਕੋਈ ਭਾਰਤੀ ਸਮਾਨ, ਕੱਪੜਾ-ਲੀੜਾ ਜਾਂ ਸੌਦਾ-ਪੱਤਾ ਲੈਣਾ ਹੁੰਦਾ ਤਾਂ ਉਹ ਕੇਵਲ ਸੋਹੋ ਰੋਡ ਤੋਂ ਹੀ ਮਿਲਦਾ ਸੀਇਕ ਸਮਾਂ ਤਾਂ ਐਸਾ ਆਇਆ ਕਿ ਇੰਝ ਪ੍ਰਤੀਤ ਹੋਣ ਲੱਗਾ ਜਿਵੇਂ ਇੰਡੀਆ ਤੋਂ ਆਉਣ ਵਾਲਾ ਜਹਾਜ਼ ਸਿੱਧਾ ਉਤਰਦਾ ਹੀ ਸੋਹੋ ਰੋਡ ਉੱਤੇ ਹੈ

-----

ਪ੍ਰਦੂਸ਼ਨ ਦੀ ਰੋਕਥਾਮ ਲਈ ਸਰਕਾਰ ਨੇ ਕਾਨੂੰਨ ਬਣਾਏ ਤਾਂ ਫੈਕਟਰੀਆਂ, ਫਾਊਂਡਰੀਆਂ ਬੰਦ ਹੋਣ ਲੱਗੀਆਂਕੋਲੇ ਦੀਆਂ ਖਾਨਾਂ ਚੋਂ ਕੋਲਾ ਮੁੱਕ ਚੁੱਕਿਆ ਸੀਉਸ ਉਪਰੰਤ ਕਪੜੇ ਦੇ ਕਾਰੋਬਾਰ ਦਾ ਇਨਕਲਾਬ ਆਇਆਸੋਹੋ ਰੋਡ ਦੇ ਆਲੇ-ਦੁਆਲੇ ਕੱਪੜੇ ਸਿਲਾਈਆਂ-ਬੁਣਾਈ ਦੀਆਂ ਫੈਕਟਰੀਆਂ ਖੁੱਲ ਗਈਆਂਇਹ ਫੈਕਟਰੀਆਂ ਵਾਲੇ ਵਧੀਆ ਮਾਲ ਚੰਗੇ ਸਟੋਰਾਂ ਨੂੰ ਵੇਚ ਕੇ ਰਹਿੰਦ-ਖੂੰਹਦ ਸੋਹੋ ਰੋਡ ਦੀ ਮਾਰਕੀਟ ਵਿਚ ਸਟਾਲ ਲਾ ਕੇ ਵੇਚ ਲੈਂਦੇਦੇਸੀ ਬੰਦੇ ਇੰਡੀਆ ਨੂੰ ਜਾਣ ਲੱਗੇ ਸਸਤੇ ਭਾਅ ਦਾ ਇਹ ਬਾਹਰਲਾ ਸਮਾਨ ਖ਼ਰੀਦ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਗਿਫਟ ਕਰ ਆਉਂਦੇਇਸ ਨਾਲ ਰਿਸ਼ਤੇਦਾਰੀ ਵੀ ਨਾ ਟੁੱਟਦੀ ਤੇ ਜੇਬ ਵੀ ਨਾ ਰੁੱਸਦੀਰੱਬ ਵੀ ਰਾਜੀ, ਰਾਂਝਾ ਵੀ ਰਾਜੀਇਸ ਤਰ੍ਹਾਂ ਸੋਹੋ ਰੋਡ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਕੋਲ ਬੁਲਾ ਲੈਂਦੀਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਪੰਜਾਬੀਆਂ ਦੇ ਲੋੜ ਦੀ ਭਾਵੇਂ ਕੋਈ ਚੀਜ਼ ਇੰਡੀਆ ਤੋਂ ਨਾ ਮਿਲੇ, ਪਰ ਉਹ ਸੋਹੋ ਰੋਡ ਤੋਂ ਜ਼ਰੂਰ ਮਿਲ ਜਾਵੇਗੀਬਹੁਤੀਆਂ ਉਪਹਾਰ ਦੇਣ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਚਾਇਨਾ ਜਾਂ ਇੰਡੀਆ ਤੋਂ ਆਉਂਦੀਆਂ ਹਨ ਤੇ ਵਲੈਤੀਏ ਖਰੀਦ ਕੇ ਇੰਡੀਆ ਤੋਹਫਾ ਦੇਣ ਲਈ ਵਾਪਿਸ ਮੋੜ ਕੇ ਲੈ ਜਾਂਦੇ ਹਨ

-----

ਔਰਤਾਂ ਨੂੰ ਫ਼ਜ਼ੂਲ ਖ਼ਰੀਦਾਰੀ ਦੀ ਆਦਤ ਹੁੰਦੀ ਹੈ ਇਸ ਲਈ ਛੁੱਟੀ ਵਾਲੇ ਦਿਨ ਕੁੜੀਆਂ-ਚਿੜੀਆਂ ਪਹਿਨ-ਪਚਰ ਕੇ ਸੋਹੋ ਰੋਡ ਆ ਜਾਂਦੀਆਂ ਤੇ ਮੁੰਡੇ ਖੁੰਡੇ ਅਵਾਰਾਗਰਦੀ ਕਰਨ ਆ ਜਾਂਦੇਅੱਜ ਵੀ ਸੋਹੋ ਰੋਡ ਤੇ ਖ਼ਰੀਦਾਰੀ ਕਰਨ ਵਾਲੇ ਘੱਟ ਅਤੇ ਪਹਿਲਵਾਨੀ ਗੇੜੇ ਦੇਣ ਵਾਲੇ ਬਹੁਤੇ ਹੁੰਦੇ ਹਨਸੋਹੋ ਰੋਡ ਦੇ ਕੰਡਿਆਂ ਉੱਤੇ ਲੱਗੇ ਬੈਂਚਾਂ ਉੱਤੇ ਪੰਜਾਬੀ ਬਜ਼ੁਰਗ ਬਾਬੇ ਸੱਥਾਂ ਦੀਆਂ ਯਾਦਾਂ ਤਾਜ਼ਾ ਕਰਨ ਆ ਬੈਠਦੇ ਹਨ ਤੇ ਇਕ ਦੂਜੇ ਨਾਲ ਆਪਣਾ ਦੁੱਖ-ਸੁੱਖ ਫਰੋਲ ਕੇ ਸ਼ਾਮ ਨੂੰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨਕੁਝ ਕੁ ਬੈਂਚਾਂ ਉੱਪਰ ਤੁਹਾਨੂੰ ਇੰਡੀਆ ਤੋਂ ਸਜਰੇ ਆਏ ਮੁੰਡੇ ਵੀ ਨਜ਼ਰ ਆ ਜਾਣਗੇ, ਜੋ ਇਹਨਾਂ ਬੈਂਚਾਂ ਉੱਪਰ ਆਪਣਾ ਹੱਕ ਜਮਾਉਣ ਲਈ ਸ਼ਰਾਬ ਪੀਂਦੇ ਜਾਂ ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨਇਹ ਭੱਦਰਪੁਰਸ਼ ਲੜਕੀਆਂ ਨੂੰ ਫਿਕਰਾ ਕਸਣ ਲੱਗੇ ਇਹ ਵੀ ਨਹੀਂ ਦੇਖਦੇ ਕਿ ਉਸ ਲੜਕੀ ਨਾਲ ਉਸਦਾ ਭਰਾ, ਪਿਉ, ਪਤੀ ਜਾਂ ਮਰਦ ਮਿੱਤਰ ਜਾ ਰਿਹਾ ਹੈਬਸ ਇਹ ਤਾਂ ਕਿਸੇ ਹੋਰ ਦੇ ਵਿਚ ਦੀ ਕੱਢ ਕੇ ਸਾਸਰੀਕਾਲਬਲਾਉਣ ਤੋਂ ਖੂੰਝਦੇ ਨਹੀਂਇਸ ਪ੍ਰਕਾਰ ਸੋਹੋ ਰੋਡ ਨੇ ਸੈਰਗਾਹ ਵਾਲਾ ਰੁਤਬਾ ਹਾਸਿਲ ਕਰ ਲਿਆ ਹੈਕਹਿਣ ਦਾ ਭਾਵ ਸੋਹੋ ਰੋਡ ਉਹੀ ਹੈ ਜੋ ਪਟਿਆਲੇ ਦਾ 22 ਨੰਬਰ ਫਾਟਕ, ਚੰਡੀਗੜ੍ਹ ਦੀ ਸੁਖਨਾ ਝੀਲ, ਮੁਬੰਈ ਦਾ ਬੈਂਡਸਟੈਂਡ, ਦਿੱਲੀ ਦਾ ਪਾਲਕਾ ਬਜ਼ਾਰ ਹੈ ਜਾਂ ਕਾਠਮੰਡੂ ਦਾ ਪਸ਼ੂ-ਪਤੀ

-----

ਹੁਣ ਸਵਾਲ ਉੱਠਦਾ ਹੈ ਕਿ ਸੋਹੋ ਰੋਡ ਦੀਆਂ ਧੁੰਮਾਂ ਪੰਜਾਬ ਤੱਕ ਕਿਵੇਂ ਪਹੁੰਚੀਆਂ? ਇਹ ਸਭ ਮੀਡੀਏ ਤੇ ਲੇਖਕਾਂ ਦੀ ਮਿਹਰਬਾਨੀ ਹੈਨੌਵੇਂ ਦਹਾਕੇ ਵਿਚ ਇੰਗਲੈਂਡ ਦੇ ਇਕ ਪੰਜਾਬੀ ਸੰਗੀਤ ਗਰੁੱਪ ਆਪਨਾ ਸੰਗੀਤਨੇ ਗੀਤ ਕੱਢਿਆ ਸੀ:

ਸੋਹੋ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਨੀ ਮੈਂ ਕੰਨਾਂ ਵਿਚ ਮੁੰਦਰਾਂ ਪਾ ਕੇ,

ਇੰਡੀਆ ਚ ਮੇਰੇ ਨਾਲ ਅੱਖਾਂ ਜੋ ਲੜਾਈਆਂ ਭੁੱਲ ਗਈ ਵਲੈਤ ਵਿਚ ਆ ਕੇ

ਉਹ ਗੀਤ ਐਨਾ ਚੱਲਿਆ ਕਿ ਸੋਹੋ ਰੋਡ ਦੀ ਮਸ਼ਹੂਰੀ ਨੂੰ ਇੰਗਲੈਂਡ ਤੱਕ ਸੀਮਿਤ ਨਾ ਰੱਖੇ ਕੇ ਵਿਸ਼ਵ ਪੱਧਰ ਤੱਕ ਲੈ ਗਿਆਗੱਲ ਕੀ ਸੀ ਫਿਰ ਪੰਜਾਬ ਦੇ ਕਈ ਗੀਤਕਾਰ ਜਿਨ੍ਹਾਂ ਦੇ ਪਾਸਪੋਰਟ ਵੀ ਨਹੀਂ ਸੀ ਬਣੇ, ਸੋਹੋ ਰੋਡ ਤਾਂ ਉਹਨਾਂ ਨੇ ਕੀ ਦੇਖਣੀ ਸੀ, ਉਨ੍ਹਾਂ ਨੇ ਵੀ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਸੋਹੋ ਰੋਡ ਨੂੰ ਫਿੱਟ ਕਰਨਾ ਸ਼ੁਰੂ ਕਰ ਦਿੱਤਾਇੰਝ ਸੋਹੋ ਰੋਡ ਦੀ ਛਵੀ ਵਿਚ ਇਜ਼ਾਫ਼ਾ ਹੁੰਦਾ ਗਿਆ

-----

ਕੁਝ ਵਰ੍ਹੇ ਪਹਿਲਾਂ ਅਸੀਂ ਸਟੂਡੀਓ ਵਿਚ ਬੈਠੇ ਗੀਤ ਰਿਕਾਰਡ ਕਰ ਰਹੇ ਸੀਇੰਡੀਆ ਤੋਂ ਆਏ ਇਕ ਗਾਇਕ ਦਾ ਗੀਤ ਸੀ ਜਿਸ ਵਿਚ ਜੀ.ਟੀ. ਰੋਡ ਉੱਤੇ ਤੇਜ਼ ਰਫ਼ਤਾਰ ਭੱਜੇ ਜਾਂਦੇ ਟਰੱਕ ਦਾ ਵਰਣਨ ਸੀ, ਰਿਕਾਰਡ ਹੋ ਰਿਹਾ ਸੀਮੈਂ ਤਾਂ ਅਜੇ ਉਸ ਭਲੇਮਾਣਸ ਗਾਇਕ ਦਾ ਤਲੱਫਜ਼ ਤੇ ਕਾਫੀਏ ਹੀ ਠੀਕ ਕਰਵਾ ਰਿਹਾ ਸੀ ਕਿ ਉਸਨੇ ਸੋਹੋ ਰੋਡ ਤੇ ਟਰੱਕ ਭਜਾਉਣਾ ਸ਼ੁਰੂ ਕਰ ਦਿੱਤਾਮੈਂ ਉਸ ਨੂੰ ਪੁੱਛਿਆ, “ਉਏ ਇਹ ਕੀ ਕਰ ਰਿਹੈਂ?” ਤਾਂ ਅੱਗੋਂ ਹੁੱਬ ਕੇ ਉਸਨੇ ਜੁਆਬ ਦਿੱਤਾ, “ਭਾਜੀ, ਦੇਖਿਓ ਚੱਲੂ ਬਹੁਤ ਇਹ ਗੀਤ, ਮੈਂ ਇਹਦੇ ਚ ਸੋਹੋ ਰੋਡ ਗੱਡ ਤੀ

-----

ਮੈਨੂੰ ਉਸਦੀ ਮੂਰਖਤਾ ਉੱਤੇ ਹਾਸਾ ਵੀ ਆਵੇ ਤੇ ਖਿਝ ਵੀਫਿਰ ਉਸ ਗਾਇਕ ਨੂੰ ਰਿਕਾਰਡਿੰਗ ਰੂਮ ਵਿਚੋਂ ਬਾਹਰ ਕੱਢ ਕੇ ਸਮਝਾਇਆ ਕਿ ਜੋ ਉਹ ਕਰ ਰਿਹਾ ਹੈ ਠੀਕ ਨਹੀਂ ਹੈ ਤੇ ਨਾ ਹੀ ਉਹ ਗੀਤ ਨਾਲ ਇਨਸਾਫ਼ ਹੈ, ਕਿਉਂਕਿ ਗੀਤਕਾਰ ਨੇ ਜੋ ਵਿਸ਼ਾ ਛੋਹਿਆ ਸੀ ਉਸਨੂੰ ਸਾਰੇ ਗੀਤ ਵਿਚ ਖ਼ੂਬਸੂਰਤੀ ਨਾਲ ਨਿਭਾਇਆ ਸੀਦੂਜਾ ਸੋਹੋ ਰੋਡ ਵਰਤਣ ਨਾਲ ਉਹ ਗੀਤ ਯਥਾਰਥ ਤੋਂ ਕੋਹਾਂ ਦੂਰ ਜਾਂਦਾ ਸੀਸੋਹੋ ਰੋਡ ਦਾ ਇਕ ਕੰਡਾ ਜਾ ਕੇ ਹੌਲੀਹੈੱਡ ਰੋਡ ਨੂੰ ਲੱਗਦਾ ਹੈ ਜੋ ਕਿ ਸਿੱਧੀ ਜਾ ਕੇ ਮੋਟਰਵੇਅ ਨੂੰ ਮਿਲਾਉਂਦੀ ਹੈ, ਜਿੱਥੋਂ ਇੰਗਲੈਂਡ ਦੇ ਕਿਸੇ ਵੀ ਹਿੱਸੇ ਵੱਲ ਜਾਇਆ ਜਾ ਸਕਦਾ ਹੈ ਤੇ ਦੂਸਰੇ ਕਿਨਾਰੇ ਨੇ ਸੋਹੋ ਹਿੱਲ ਦਾ ਲੜ ਫੜਿਆ ਹੋਇਆ ਹੈ, ਜੋ ਕਿ ਬ੍ਰਮਿੰਘਮ ਸਿਟੀ ਸੈਂਟਰ ਵੱਲ ਜਾਂਦਾ ਹੈਇਸ ਲਈ ਸੋਹੋ ਰੋਡ ਉੱਤੇ ਐਨਾ ਟਰੈਫਿਕ ਹੁੰਦਾ ਹੈ ਕਿ 0.8 ਮੀਲ (ਮੀਲ ਤੋਂ ਵੀ ਘੱਟ) ਦੇ ਇਸ ਫਾਸਲੇ ਅਤੇ ਦੋ ਪੈਲਿਕਨ ਕਰਾਸਿੰਗ ਬੱਤੀਆਂ, ਪੰਜ ਟਰੈਫਿਕ ਬੱਤੀਆਂ ਨੂੰ ਪਾਰ ਕਰਨ ਲਈ ਕਾਰ ਵਿਚ ਅੱਧਾ ਘੰਟਾ ਲੱਗਣਾ ਮਾਮੂਲੀ ਜਿਹੀ ਗੱਲ ਹੈ ਤੇ ਸਾਡੇ ਗਾਇਕ ਸਾਹਿਬ ਉੱਥੋਂ ਸੌ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਭਜਾ ਰਹੇ ਸਨਇੰਗਲੈਂਡ ਵਿਚ ਸੱਤਰ ਮੀਲ ਤੋਂ ਵੱਧ ਮੋਟਰਵੇਅ ਤੇ ਗੱਡੀ (ਟਰੱਕਾਂ ਵਾਸਤੇ ਰਫ਼ਤਾਰ ਉਸ ਤੋਂ ਵੀ ਘੱਟ ਹੈ।) ਚਲਾਉਣਾ ਵੀ ਅਪਰਾਧ ਹੈ ਤੇ ਸਾਡਾ ਪੰਜਾਬੀ ਗਾਇਕ ਤੀਹ ਮੀਲ ਰਫ਼ਤਾਰ ਵਾਲੇ ਇਲਾਕੇ ਵਿਚ ਇਹ ਭਾਣਾ ਵਰਤਾ ਰਿਹਾ ਸੀ

------

ਵੈਸੇ ਅੰਗਰੇਜ਼ੀ ਸਾਹਿਤ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਰਚੀਆਂ ਰਚਨਾਵਾਂ ਉਪਲਬਧ ਹਨ ਜਿਨ੍ਹਾਂ ਵਿਚ ਸੋਹੋ ਰੋਡ ਦਾ ਜ਼ਿਕਰ ਆਉਂਦਾ ਹੈਲੇਕਿਨ ਕਵੀ ਹੈਂਡਸਵਰਥ ਦੇ ਜਮਪਲ਼ ਬੈਨਜਮਿਨ (Benjamin Zephaniah) ਦੀ ਸੋਹੋ ਰੋਡ ਉੱਤੇ ਲਿਖੀ ਇਕ ਕਵਿਤਾ Soho Road Then and Now ਬਹੁਤ ਮਸ਼ਹੂਰ ਹੋਈ ਹੈਜਿਸਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ:-

“Handsworth wakes

But Handsworth never sleeps

And Soho road is where the heart beats,

Industrious it has always been

And the people have always been keen

To say ‘Good Day’ and welcome you

And do what must be done they do

We work and play

We work away

On Soho road from night to day

From time to time come rain come shine

We buy and sell, we wine and dine.”

-----

ਸੋਹੋ ਰੋਡ ਦੇ ਇਕ ਸਿਰੇ ਤੇ ਗੁਰਦੁਆਰਾ ਯਾਦ ਸ਼ਹੀਦ ਬਾਬਾ ਦੀਪ ਸਿੰਘ ਸੁਸ਼ੋਭਿਤ ਹੈ (ਹੁਣ ਇਹ ਗੁਰਦੁਆਰਾ ਸੋਹੋ ਰੋਡ ਦੀ ਹੱਦ ਵਿਚ ਨਾ ਹੋ ਕੇ ਸੋਹੋ ਰੋਡ ਨੂੰ ਜੁੜਦੀ ਹੌਲੀਹੈੱਡ ਰੋਡ ਤੇ ਹੈ) ਤੇ ਦੂਜੇ ਸਿਰੇ ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਹੈਦੋ ਗੁਰਦੁਆਰਿਆਂ ਵਿਚ ਘਿਰੀ ਸੋਹੋ ਰੋਡ ਹੈਲੀਕਪਟਰ ਰਾਹੀਂ ਦੇਖਿਆਂ ਇਉਂ ਲੱਗਦੀ ਹੈ ਜਿਵੇਂ ਸਪੀਚਮਾਰਕਾਂ ਵਿਚ ਕੋਈ ਭਾਵਪੂਰਨ ਖ਼ੂਬਸੂਰਤ ਵਾਕ ਲਿਖਿਆ ਹੋਵੇ

-----

1930 ਵਿਚ ਸੋਹੋ ਰੋਡ ਸਥਿਤ 2000 ਸੀਟਾਂ ਵਾਲਾ ਰੀਗਲ ਸਿਨਮਾ ਇੰਗਲੈਂਡ ਦਾ ਸਭ ਤੋਂ ਮਸ਼ਹੂਰ ਸਿਨਮਾ ਗਿਣਿਆ ਜਾਂਦਾ ਸੀ, ਜਿਸਦਾ ਹੁਣ ਨਾਮੋ-ਨਿਸ਼ਾਨ ਤੱਕ ਨਹੀਂ ਹੈਅੱਜ ਸੋਹੋ ਰੋਡ ਉੱਤੇ ਸਭ ਤੋਂ ਵੱਧ ਭਾਰਤੀ ਸਾੜੀਆਂ, ਸੂਟਾਂ ਅਤੇ ਦੁਲਹਾ-ਦੁਹਲਨ ਦੇ ਲਿਬਾਸਾਂ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੀ ਕੁੱਲ ਸੰਖਿਆ 42 ਹੈ20 ਦੁਕਾਨਾਂ ਇਥੇ ਫਾਸਟ-ਫੂਡ ਦੀਆਂ ਹਨ, ਜਿਨ੍ਹਾਂ ਤੋਂ ਤੁਹਾਨੂੰ ਕੈਰੇਬੀਅਨ, ਚਾਇਨਿਸ, ਇਟੈਲੀਅਨ, ਫਰਾਂਸਿਸੀ, ਅਮੈਰੀਕਨ, ਕੌਨਟੀਨੈਂਟਲ, ਤੁਰਕੀ ਅਤੇ ਭਾਰਤੀ-ਪਾਕਿਸਤਾਨੀ ਖਾਣਿਆਂ ਤੋਂ ਇਲਾਵਾ ਇੰਗਲੈਂਡ ਦਾ ਰਾਸ਼ਟਰੀ ਭੋਜ ਜਾਣੀ ਮੱਛੀ-ਚਿਪਸ ਅਸਾਨੀ ਨਾਲ ਮਿਲ ਜਾਂਦੇ ਹਨ15 ਮਠਿਆਈ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੇ ਵਿਚ ਹੀ ਰੈਸਟੋਰੈਂਟ ਬਣੇ ਹਨ ਤੇ ਇਥੋਂ ਤੁਸੀਂ ਬਾਰਾਂ ਮਹੀਨੇ ਤੀਹ ਦਿਨ ਹਰ ਕਿਸਮ ਦੇ ਪਰੌਂਠੇ, ਲੱਸੀ, ਸਾਗ ਤੇ ਗਰਮ-ਗਰਮ ਤਾਜ਼ੀਆਂ ਜਲੇਬੀਆਂ ਆਪਣੀਆਂ ਅੱਖਾਂ ਮੂਹਰੇ ਬਣਾਵਾ ਕੇ ਖਾਹ ਸਕਦੇ ਹੋਭਾਰਤੀ ਗਹਿਣੇ ਖਰੀਦਣ ਦਾ ਮਨ ਹੋਵੇ ਤਾਂ ਤੁਹਡੀਆਂ ਜੇਬਾਂ ਹੌਲੀਆਂ ਕਰਨ ਲਈ ਸੋਹੋ ਰੋਡ ਉੱਤੇ 17 ਸੁਨਿਆਰਿਆਂ ਦੀਆਂ ਦੁਕਾਨਾਂ ਹਨਸੋਹੋ ਰੋਡ ਦੇ ਮੱਧ ਵਿਚ 20-25 ਦੁਕਾਨਾਂ ਦੀ ਸਮਰੱਥਾ ਵਾਲਾ ਦੋ ਮੰਜ਼ਿਲਾ ਇਕ ਸ਼ਾਪਿੰਗ ਮਾਲ ਹੈਸੋਹੋ ਰੋਡ ਤੇ 11 ਛੋਟੇ ਵੱਡੇ ਅੰਗਰੇਜ਼ੀ, ਯੌਰਪੀਅਨ, ਤੁਰਕੀ, ਪਾਕਿਸਤਾਨੀ ਅਤੇ ਭਾਰਤੀ ਸਪੁਰ ਸਟੋਰ ਹਨ ਅਤੇ ਅੱਠ ਨਿਉਜ਼ਏਜੰਟ-ਔਫ ਲਾਇੰਸਸ (ਠੇਕੇ) ਹਨ10 ਨਹੁੰ ਸ਼ਿਗਾਰਘਰ ਅਤੇ ਬਿਉਟੀ ਪਾਰਲਰ ਹਨ10 ਟਰੈਵਲ ਏਜੰਟ ਅਤੇ ਇੰਸ਼ੋਰੇਂਸ ਬਰੋਕਰ, 9 ਬਿਜਲੀ ਉਪਕਰਨਾਂ ਦੇ ਸ਼ੋਅਰੂਮ ਹਨ9 ਬੱਸ ਸਟਾਪ, 9 ਦਵਾਫ਼ਰੋਸ਼ (Chemists), 8 ਵਾਲ ਕੱਟਣ ਵਾਲੇ ਬਾਰਬਰ, 8 ਵਕੀਲਾਂ ਦੇ ਦਫਤਰ ਹਨ, ਜੋ ਕਰੀਮੀਨਲ, ਸਿਵਲ ਅਤੇ ਇੰਮੀਗਰੇਸ਼ਨ ਦੇ ਮਸਲਿਆਂ ਦੇ ਮਾਹਿਰ ਹਨਇਥੇ 6 ਬੈਂਕਾਂ ਹਨ, Barclay’s, Lloyds TSB, State Bank of India, Bank of Broda, Punjab National Bank, Bank of India Aqy 3 iblifMg suswietIAW hn, Netwest, West Bromwich, Nationwideਇਹਨਾਂ ਬਿਲਡਿੰਗ ਸੁਸਾਇਟੀਆਂ ਦਾ ਕੰਮ ਵੀ ਲਗਭਗ ਬੈਂਕਾਂ ਵਾਲਾ ਹੀ ਹੁੰਦਾ ਹੈਇਥੇ ਛੇ ਪੱਬ ਹਨਗੇਟਵੇਅ ਟੂ ਇੰਡਆਪੱਬ ਦੇ ਕੋਲ ਦੀ ਸੋਹੋ ਰੋਡ ਦੇ ਥੱਲੇ ਦੀ ਰੇਲਵੇ ਲਾਇਨ ਲੰਘਦੀ ਹੈ1837 ਵਿਚ ਲਿਵਰਪੂਲ ਨਾਲ ਬ੍ਰਮਿੰਘਮ ਨੂੰ ਜੋੜਨ ਲਈ ਇਸ ਗ੍ਰੈਂਡ ਰੇਲਵੇਅ ਜੰਕਸ਼ਨ ਦਾ ਨਿਰਮਾਣ ਕੀਤਾ ਗਿਆ ਸੀ

-----

ਸੋਹੋ ਰੋਡ ਉੱਤੇ ਸਿੱਕਿਆਂ ਅਤੇ ਕਰੈਡਿਟ ਕਾਰਡ ਨਾਲ ਚੱਲਣ ਵਾਲੇ ਪੰਜ ਫ਼ੋਨ-ਬੂਥ ਹਨ, ਜਿਨ੍ਹਾਂ ਦੇ ਵਿਚ ਹੀ ਇੰਟਰਨੈੱਟ ਦੀ ਸਹੂਲਤ ਵੀ ਹੈਜੇਕਰ ਤੁਹਾਡੇ ਕੋਲ ਭਾਨ ਜਾਂ ਕਾਰਡ ਨਾ ਵੀ ਹੋਵੇ ਤਾਂ ਫਿਰ ਵੀ ਤੁਸੀਂ ਫ਼ੋਨ ਦੇ ਕੀਅਪੈਡ ਤੋਂ ਅੰਗਰੇਜ਼ੀ ਸ਼ਬਦ Reverse ਟਾਈਪ ਕਰਕੇ ਮੁਫ਼ਤ ਫ਼ੋਨ ਕਰ ਸਕਦੇ ਹੋ ਅਗਰ ਕਾਲ ਲੈਣ ਵਾਲਾ ਉਪਰੇਟਰ ਦੇ ਸੂਚਿਤ ਕਰਨ ਤੇ ਉਸ ਕਾਲ ਦਾ ਖ਼ਰਚਾ ਝੱਲਣਾ ਮਨਜ਼ੂਰ ਕਰੇਪੰਜ ਬੇਕਰੀਆਂ, ਪੰਜ ਭਾਰਤੀ ਸੰਗੀਤ ਅਤੇ ਫਿਲਮਾਂ ਵੇਚਣ ਵਾਲੀਆਂ ਦੁਕਾਨਾਂ, ਪੰਜ ਫੋਟੋਗ੍ਰਾਫਰ ਅਤੇ ਪੇਂਟਿੰਗਾਂ ਵੇਚਣ ਵਾਲੇ ਹਨਸੋਹੋ ਰੋਡ ਤੇ ਚਾਰ ਜੁੱਤੀਆਂ ਦੀਆਂ ਦੁਕਾਨਾਂ, ਚਾਰ ਮੀਟ ਦੀਆਂ ਦੁਕਾਨਾਂ ਜਿਨ੍ਹਾਂ ਤੋਂ ਦੇਸੀ ਮੁਰਗਾ, ਤਿੱਤਰ, ਬਟੇਰੇ, ਗਾਂ, ਸੂਰ ਆਦਿਕ ਤਕਰੀਬਨ ਹਰ ਜਾਨਵਰ ਅਤੇ ਜਨੌਰ ਦਾ ਮੀਟ ਮਿਲ ਜਾਂਦਾ ਹੈਚਾਰ ਕਾਰਪਾਰਕਾਂ, ਚਾਰ ਐਨਕਸਾਜ਼, ਤਿੰਨ ਫਰਨੀਚਰ ਸ਼ੋਅਰੂਮ ਅਤੇ ਇਥੇ ਤਿੰਨ ਕਮਿਊਨਟੀ ਸੈਂਟਰ ਹਨਇਕ ਸੈਂਟਰ ਦੇ ਮੁੱਖ ਰੂਪ ਵਿਚ ਸੰਚਾਲਕ ਜਮੀਕਣ ਹਨ, ਦੂਜਾ ਸਿੱਖ ਯੂਥ ਐਂਡ ਕਮਿਊਨਟੀ ਸੈਟਰ ਅਤੇ ਤੀਜਾ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਹੈ ਜਿਸਨੂੰ ਤਰਕਸੀਲ ਸੁਸਾਇਟੀ ਦੇ ਦਫਰਤ ਵਜੋਂ ਵੀ ਵਰਤਿਆ ਜਾਂਦਾ ਹੈਇਹਨਾਂ ਸੈਂਟਰਾਂ ਤੋਂ ਕਾਨੂੰਨੀ ਸਲਾਹ ਮਸ਼ਵਰੇ, ਸਿੱਖਿਆਵਾਂ, ਟਰੈਨਿੰਗਾਂ ਅਤੇ ਫਾਰਮ ਆਦਿ ਭਰਾਉਣ ਦਾ ਕੰਮ ਮੁਫਤ ਲਿਆ ਜਾ ਸਕਦਾ ਹੈਇਥੇ ਤਿੰਨ ਡਰਾਈਕਲੀਨਰ, ਦੋ ਜੂਆ ਘਰ, ਦੋ ਮਨੀਟਰਾਂਸਫਰ ਕੇਂਦਰ, ਦੋ ਕਿਤਾਬਾਂ (ਇਕ ਸਿੱਖ ਸਾਹਿਤ ਦੀ ਤੇ ਦੂਜੀ ਇਸਲਾਮੀ ਸਾਹਿਤ ਦੀ) ਦੀਆਂ ਦੁਕਾਨਾਂ, ਦੋ ਇੰਟਰਨੈਟ ਕੈਫੇ (ਜੋ ਸਮਾਲੀਅਨ ਚਲਾਉਂਦੇ ਹਨ), ਦੋ ਨੋਟਰੀ ਪਬਲਿਕ, ਧਾਰਮਿਕ ਬਿਰਤੀ ਵਾਲਿਆਂ ਲਈ ਦੋ ਗੁਰਦੁਆਰੇ ਅਤੇ ਦੋ ਚਰਚ ਤੋਂ ਇਲਾਵਾ ਇਕ ਡਾਕਖਾਨਾ, ਦੋ ਲੈਟਰਬਾਕਸ, ਇਕ ਸਨੋਕਰ ਕਲੱਬ, ਇਕ ਚੈਰਟੀ ਸ਼ਾਪ, ਇਕ ਦੰਦਸਾਜ਼, ਇਕ ਕਲੀਨਿਕ, ਇਕ ਰੁਜ਼ਗਾਰ ਏਜੰਸੀ, ਇਕ ਰੁਜ਼ਗਾਰ ਦਫ਼ਤਰ, ਇਕ ਕੋਚ ਸਟੇਸ਼ਨ, ਇਕ ਫੁੱਲਾਂ ਦੀ ਦੁਕਾਨ, ਇਕ ਕਾਲਜ, ਇਕ ਲਾਇਬਰੇਰੀ ਹੈ, ਜੋ 1940 ਵਿਚ ਖੋਲ੍ਹੇ ਜਾਣ ਤੋਂ ਪੂਰਬ ਕਾਊਂਸਲ ਹਾਊਸ ਲਈ 30 ਅਕਤੂਬਰ 1877 ਵਿਚ ਵਿਕਟੋਰੀਅਨ ਇੱਟਾਂ ਨਾਲ ਬਣਾਈ ਗਈ ਸੀਸੋਹੋ ਰੋਡ ਤੋਂ ਹਟਵਾਂ ਪਰ ਬਿਲਕੁਲ ਮੁੱਡ ਪੁਲੀਸ ਸਟੇਸ਼ਨ ਅਤੇ ਪੈਟਰੋਲ ਸਟੇਸ਼ਨ ਵੀ ਹੈਸੋਹੋ ਰੋਡ ਦੇ ਆਲੇ-ਦੁਆਲੇ ਜਿਸਮਫਰੋਸ਼ੀ ਅੱਜ ਵੀ ਚਲਦੀ ਹੈ, ਲੇਕਿਨ ਢੰਗ ਤਰੀਕੇ ਬਦਲ ਗਏ ਹਨ

-----

ਜੇ ਹੈਂਡਸਵਰਥ ਨੂੰ ਲੁਧਿਆਣਾ ਤੇ ਸੋਹੋ ਰੋਡ ਨੂੰ ਚੌੜਾ ਬਜ਼ਾਰ ਆਖ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀਜਿਵੇਂ ਲੁਧਿਆਣਾ ਕਲਾਕਾਰਾਂ ਦਾ ਗੜ੍ਹ ਹੈ, ਉਵੇਂ ਹੀ ਹੈਂਡਸਵਰਥ ਨੇ ਵੀ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਹੈ ਜਿਨ੍ਹਾਂ ਦਾ ਅੰਗਰੇਜ਼ੀ ਸੰਗੀਤ ਵਿਚ ਇਕ ਉੱਚਾ ਸਥਾਨ ਰਿਹਾ ਹੈਸਟੀਲ ਪਲਸ, ਜਿਸਨੇ ਆਪਣੀ ਪਹਿਲੀ ਸੰਗੀਤ ਐਲਬਮ ਦਾ ਨਾਮ ਵੀ ਆਪਣੇ ਇਲਾਕੇ ਦੇ ਨਾਮ ਤੇ Handsworth Revolution ਰੱਖਿਆ ਸੀਵੈਬਸਟਰ ਬੂਥ, ਜੋਐਨ ਅਰਮਾਟਰੇਡਿੰਗ, ਪੈਟੋ ਬੈਨਟਨ, ਸਟੀਵ ਵਿਨਵੁੱਡ, ਗਿਟਾਰਵਾਦਕ ਰਿਚਰਡ ਮਾਇਕਲ ਅਤੇ ਰੌਕ ਡਰੱਮਰ ਕਾਰਲ ਪਾਲਮਰ ਤੋਂ ਇਲਾਵਾ ਅਨੇਕਾਂ ਮਹਾਨ ਹਸਤੀਆਂ ਦਾ ਜਨਮ ਹੈਂਡਸਵਰਥ ਵਿਖੇ ਹੋਇਆ ਹੈ

-----

ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦੇ ਗੀਤ ਪਾਰ ਲੰਘਾਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀਦਾ ਸੰਗੀਤਕਾਰ ਬੂਟਾ ਜਗਪਾਲ, ਉਸਦਾ ਭਰਾ ਬਾਲੀ ਜਗਪਾਲ ਅਤੇ ਜੱਸੀ ਸਿੱਧੂ ਵੀ ਹੈਂਡਸਵਰਥ ਦੇ ਜੰਮਪਲ ਹਨ ਤੇ ਇਹਨਾਂ ਨੇ ਆਪਣੇ ਗੁਰੱਪ ਦਾ ਨਾਮ B21 ਰੱਖਿਆ ਸੀ ਜੋ ਕਿ ਹੈਂਡਸਵਰਥ ਦਾ ਪੋਸਟ ਕੋਡ ਹੈਬਲਵਿੰਦਰ ਸਫ਼ਰੀ, ਏ. ਐਸ. ਕੰਗ, ਸੁਖਜਿੰਦਰ ਸ਼ਿੰਦਾ, ਤਰਲੋਚਨ ਬਿਲਗਾ, ਦੇਵਰਾਜ ਜੱਸਲ, ਗੁਰਚਰਨ ਮੱਲ (48 ਘੰਟੇ ਲਗਾਤਾਰ ਡੋਲ ਵਜਾ ਕੇ ਗੀਨਿਸਬੁੱਕ ਵਿਚ ਨਾਮ ਦਰਜ਼ ਕਰਵਾਉਣ ਵਾਲਾ ਢੋਲੀ), ਅਪਾਚੀ ਇੰਡੀਅਨ ਅਤੇ ਅਨੇਕਾਂ ਕਲਾਕਾਰ ਹੈਂਡਸਵਰਥ ਦੇ ਬਾਸ਼ਿੰਦੇ ਹਨ

-----

ਏਸ਼ੀਆਈ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਵਪਾਰ ਕਰਨ ਲਈ ਸੋਹੋ ਰੋਡ ਨੂੰ ਸਭ ਤੋਂ ਢੁਕਵੀਂ ਥਾਂ ਮੰਨਿਆ ਜਾਂਦਾ ਹੈਇਸੇ ਵਜਾ ਕਰਕੇ ਦੇਸੀ ਮੀਡੀਆ ਵਾਲੇ ਹੋਰ ਕਿਧਰੇ ਆਪਣਾ ਦਫ਼ਤਰ ਬਣਾਉਣ ਤੋਂ ਪਹਿਲਾਂ ਸੋਹੋ ਰੋਡ ਤੋਂ ਹੀ ਸ਼ੁਰੂਆਤ ਕਰਦੇ ਹਨਅਨੇਕਾ ਅਖ਼ਬਾਰਾਂ, ਰੇਡੀਉ ਸਟੇਸ਼ਨਾਂ ਅਤੇ ਏਸੀਆਈ ਟੀ. ਵੀ. ਚੈਨਲਾਂ ਦਾ ਆਗ਼ਾਜ਼ ਸੋਹੋ ਰੋਡ ਤੋਂ ਹੀ ਹੋਇਆ ਹੈ, ਭਾਵੇਂ ਕਿ ਸੋਹੋ ਰੋਡ ਉੱਤੇ ਹੁਣ ਕਿਸੇ ਵੀ ਪ੍ਰਕਾਰ ਦਾ ਮੀਡੀਆ ਨਹੀਂ ਹੈ

-----

ਹੁਣ ਭਾਰਤੀ ਲੋਕ ਵੀ ਸੋਹੋ ਰੋਡ ਨੂੰ ਛੱਡਦੇ ਜਾ ਰਹੇ ਹਨ ਤੇ ਉਨ੍ਹਾਂ ਦੀ ਜਗ੍ਹਾ ਪੌਲਿਸ਼ ਅਤੇ ਰਸ਼ੀਅਨ ਲੋਕ ਆਪਣੀਆਂ ਦੁਕਾਨਾਂ ਬਣਾ ਰਹੇ ਹਨਇਹ ਲੋਕ ਭਾਰਤੀ ਲੋਕਾਂ ਨਾਲੋ ਜ਼ਿਆਦਾ ਮਿਹਨਤੀ ਅਤੇ ਸੁਹਿਰਦ ਹਨਇਹਨਾਂ ਪੌਲਿਸ਼ ਲੋਕਾਂ ਦੀਆਂ ਇਸਤਰੀਆਂ ਖ਼ੂਬਸੂਰਤ, ਪਿਆਰ ਕਰਨ ਵਾਲੀਆਂ ਤੇ ਸਭ ਤੋਂ ਵੱਡੀ ਗੱਲ ਵਫ਼ਾਦਾਰ ਐਨੀਆਂ ਹਨ ਕਿ ਪਿਆਰੇ ਲਈ ਜਾਨ ਦੇਣ ਲੱਗੀ ਜ਼ਰਾ ਵੀ ਸੋਚਣਗੀਆਂ ਨਹੀਂਇਹ ਕਿਆਫ਼ਾ ਲਾਇਆ ਜਾ ਸਕਦਾ ਹੈ ਕਿ ਸੋਹੋ ਰੋਡ ਦੇ ਅਗਲੇ ਸ਼ਾਸ਼ਕ ਪੌਲਿਸ਼ ਹੋਣਗੇ

-----

ਬੀਤੇ ਦਿਨੀਂ ਕਿਸੇ ਕੰਮ ਹਾਈਕੋਰਟ, ਚੰਡੀਗੜ੍ਹ ਦੇ ਵਕੀਲ ਅਤੇ ਪੰਜਾਬੀ ਲੇਖਕ ਬੀ. ਐਸ. ਢਿੱਲੋਂ ਜੀ ਨੂੰ ਫੋਨ ਕੀਤਾ ਤੇ ਉਹਨਾਂ ਦੇ ਚੁੱਕਣ ਤੇ ਮੈਂ ਆਪਣਾ ਪਰਿਚਯ ਦਿੱਤਾ, “ਢਿੱਲੋਂ ਸਾਹਿਬ ਮੈਂ ਇੰਗਲੈਂਡ ਤੋਂ ਬਲਰਾਜ ਸਿੱਧੂ ਬੋਲਦਾਂ

...........

ਢਿੱਲੋਂ ਸਾਹਿਬ ਨੇ ਪਹਿਚਾਣ ਕੇ ਗਿਲਾ ਕਰਦਿਆਂ ਕਿਹਾ, “ਤੁਸੀਂ ਇੰਗਲੈਂਡ ਵਿਚ ਹੀ ਰਹਿੰਦੇ ਹੋ ਨਾ? ਮੈਂ ਇੰਗਲੈਂਡ ਆਇਆ ਸੀਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ

.................

ਦਰਅਸਲ ਜਦੋਂ ਢਿੱਲੋਂ ਸਾਹਿਬ ਇੰਗਲੈਂਡ ਆਏ ਸਨ ਤਾਂ ਮੈਂ ਉਸ ਸਮੇਂ ਬੈਲਜੀਅਮ ਗਿਆ ਹੋਇਆ ਸੀਆਪਣੇ ਆਪ ਨੂੰ ਕਵਰ ਕਰਨ ਲਈ ਮੈਂ ਆਖ ਦਿੱਤਾ ਕਿ ਮੈਂ ਬ੍ਰਮਿੰਘਮ ਰਹਿੰਦਾ ਹਾਂ ਤਾਂ ਅੱਗੋਂ ਉਹ ਆਖਣ ਲੱਗੇ, “ਮੈਂ ਬ੍ਰਮਿੰਘਮ ਵੀ ਆਇਆ ਸੀਤੁਹਾਡੀ ਉਹ ਸੋਹੋ ਰੋਡ ਤਾਂ ਕੁਸ਼ ਨਹੀਂਪੰਜਾਬ ਵਾਂਗੂ ਲੋਕ ਦੁਕਾਨਾਂ ਮੂਹਰੇ ਰੇੜ੍ਹੀਆਂ ਜਿਹੀਆਂ ਲਾਈ ਬੈਠੇ ਹਨਬਈ ਥੋਡੇ ਲੋਕ ਵੀ ਹੱਦ ਨੇ, ਉਥੇ ਊਧਮ ਸਿੰਘ ਸੈਂਟਰ ਵਿਚ ਗੋਰੇ ਐਮ. ਪੀ. ਨੂੰ ਸੱਦ ਕੇ ਡਾਇਰ ਨੂੰ ਮਾਰਨ ਸਮੇਂ ਦੀ ਊਧਮ ਸਿੰਘ ਦੀ ਤਸਵੀਰ ਭੇਂਟ ਕਰੀ ਜਾਂਦੇ ਸੀਡਾਇਰ ਤਾਂ ਉਹਨਾਂ ਗੋਰਿਆਂ ਦਾ ਪਿਉ ਸੀ

................

ਮੈਂ ਢਿੱਲੋਂ ਸਾਹਿਬ ਨੂੰ ਟੋਕਦਿਆਂ ਕਿਹਾ, “ਢਿੱਲੋਂ ਸਾਹਿਬ ਇਹੀ ਤਾਂ ਹੈ ਸੋਹੋ ਰੋਡ!

...............

ਢਿੱਲੋਂ ਸਾਹਿਬ ਠਹਾਕਾ ਲਾ ਕੇ ਹੱਸੇ

.............

ਕੁਝ ਵੀ ਕਹਿ ਲਈਏ ਸੋਹੋ ਰੋਡ ਤਾਂ ਸੋਹੋ ਰੋਡ ਹੀ ਹੈਜਿਵੇਂ ਲਾਹੌਰੀਏ ਆਖਦੇ ਹਨ ਕਿ ਜੀਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂਇੰਝ ਇਹ ਵੀ ਆਖਿਆ ਜਾ ਸਕਦਾ ਹੈ ਕਿ ਜੀਹਨੇ ਸੋਹੋ ਰੋਡ ਨਹੀਂ ਦੇਖੀ ਉਹ ਇੰਗਲੈਂਡ ਘੁੰਮਿਆ ਨਹੀਂ

******

ਸਮਾਪਤ


1 comment:

Unknown said...

Sidhu Sahib,Soho Raod'nama parhia,vadia lagga.Ih Janki bharpoor lekh, man di dairy ukar gia hai. Main vi 3-4 vari soho road de nazare kar chukan han.Parh ke barha kujh zad aaia.Is tran hi tushin 'Ingland' di seir krounde raho.Tuhade sunehre bhawich di kamna karda hoia-Rup Daburji