ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, May 29, 2010

ਬਲਜੀਤ ਬਾਸੀ - ਹੱਟੀ-ਭੱਠੀ ਦੇ ਦਿਨਾਂ ‘ਚ - ਲੇਖ

ਹੱਟੀ-ਭੱਠੀ ਦੇ ਦਿਨਾਂ

ਲੇਖ

ਸਾਡੇ ਪਿੰਡਾਂ ਦਾ ਰੋਜ਼ਮਰਾ ਜੀਵਨ ਬੜਾ ਠਹਿਚਲ, ਬੇਰਸ ਤੇ ਮਨੋਰੰਜਨ-ਰਹਿਤ ਹੋਇਆ ਕਰਦਾ ਸੀਵਿਆਹ-ਸ਼ਾਦੀਆਂ, ਮੇਲੇ-ਉਤਸਵ, ਛਿੰਝਾਂ ਵਰ੍ਹੇ ਛਿਮਾਹੀਂ ਆਉਂਦੇ ਸਨਖੇਤੀ ਜਿਹੇ ਨਿੱਤ ਦੇ ਜਾਨ ਹੂਲਵੇਂ ਕੰਮ ਤੋਂ ਤਫ਼ਰੀਹ ਲਈ ਕੋਈ ਨਿਸ਼ਚਿਤ ਦਿਲ ਪਰਚਾਵੇ ਦਾ ਸਰਵਜਨਕ ਸਾਧਨ ਮੌਜੂਦ ਨਹੀਂ ਸੀਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਸਾਡੇ ਸਭਿਆਚਾਰ ਨੇ ਕੋਈ ਅਜੇਹਾ ਸੰਸਥਾਗਤ ਵਸੀਲਾ ਪੈਦਾ ਕਿਉਂ ਨਹੀਂ ਕੀਤਾਜ਼ਰਾ ਖ਼ਿਆਲ ਕਰੋ ਪਿੰਡ ਵਿੱਚੇ ਕਿਸੇ ਦੀ ਮੱਝ ਤੂਅ ਜਾਣੀ, ਬੁੜ੍ਹੀਆਂ ਦੀ ਲੜਾਈ ਹੋ ਜਾਣੀ ਜਾਂ ਕਿਸੇ ਮੁੰਡੇ ਨੇ ਕੁੜੀ ਨੂੰ ਛੇੜ ਦੇਣਾ ਵਰਗੀਆਂ ਮਾਮੂਲੀ ਘਟਨਾਵਾਂ ਪੂਰੀ ਵੀਹੀ ਦੀ ਦਿਲਚਸਪੀ ਦਾ ਕੇਂਦਰ ਅਤੇ ਘੰਟਿਆਂ ਬੱਧੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਸਨ

-----

ਮੈਨੂੰ ਯਾਦ ਹੈ ਸਾਡੇ ਪਿੰਡ ਦੇ ਦਰਵਾਜ਼ੇ ਵਾਲੇ ਖੂਹ ਵਿੱਚ ਇਕ ਵਾਰੀ ਕਿਸੇ ਦੀ ਬਾਲਟੀ ਡਿੱਗ ਪਈਬੱਸ ਫਿਰ ਕੀ ਸੀ, ਬਾਲਟੀ ਕੱਢਣ ਦਾ ਮਸਲਾ ਅੱਧੇ ਪਿੰਡ ਲਈ ਲੋਹੜੇ ਦਾ ਸ਼ੁਗਲ ਤੇ ਆਹਰ ਬਣ ਗਿਆਪਿੰਡ ਦੀ ਮੁੰਡੀਰ, ਬੁੜਖਾਨਾ, ਕੁੜਖਾਨਾ ਤੇ ਵਿਹਲੜ ਲਾਣਾ ਸਭ ਇਕੱਠਾ ਹੋ ਗਿਆਘਰ ਘਰ ਟੋਲ-ਟਲਾਈ ਕਰਕੇ ਬਾਲਟੀ ਕੱਢਣ ਵਾਲੀ ਕੁੰਡੀ ਲੱਭੀ ਗਈਪੇਸ਼ ਹੋਏ ਵਾਲੰਟੀਅਰਾਂ ਨੇ ਲੱਜ ਨਾਲ ਕੁੰਡੇ ਬੰਨ੍ਹ ਕੇ ਸਾਰੇ ਅੱਠੋ ਅੱਠ ਘਿੜਲਿਆਂ ਦੇ ਨਾਲ ਨਾਲ ਕੁੰਡੇ ਨੂੰ ਖੂਹ ਵਿੱਚ ਵਰ੍ਹਾਇਆ ਤੇ ਸਾਰਾ ਖੂਹ ਹੰਘਾਲ ਮਾਰਿਆਪਰ ਬਾਲਟੀ ਪਤਾ ਨਹੀਂ ਖੂਹ ਦੇ ਕਿਹੜੇ ਖਾਤੇ ਵਿੱਚ ਰਿੜ ਗਈ ਸੀ, ਕੁੰਡੇ ਵਿੱਚ ਫਸਣ ਦਾ ਨਾ ਨਹੀਂ ਸੀ ਲੈਂਦੀਸਾਰੇ ਹਾਰ ਹੰਭ ਕੇ ਨਿਰਾਸ਼ ਹੋ ਗਏ, 'ਬਾਲਟੀ ਨਾ ਮਿਲੀ ਹੁਣ' ਹਰ ਕੋਈ ਕਹਿਣ ਲੱਗ ਪਿਆਉਦੋਂ ਮੈਂ ਤਾਂ ਨਿਆਣਾ ਹੀ ਸੀ ਪਰ ਮੇਰੇ ਵਰਗੇ ਕਿਸੇ ਸਿਆਣੇ ਨੇ ਕਿਹਾ ਕਿ ਭਾਈ ਹੌਸਲਾ ਨਹੀਂ ਹਾਰੀਦਾ, ਇੰਝ ਤਾਂ ਆਪਾਂ ਹੌਲੀ ਹੌਲੀ ਸਾਰੀਆਂ ਬਾਲਟੀਆਂ, ਡੋਲਾਂ, ਕਮੰਡਲਾਂ ਤੋਂ ਹੱਥ ਧੋ ਬੈਠਾਂਗੇਲਾਗਲੇ ਪਿੰਡ ਸਰਹਾਲੀ ਤੋਂ ਸੱਬੋ ਚੋਭੇ ਨੂੰ ਲੈ ਆਓ, ਉਹ ਖੂਹ ਚੋਂ ਉਤਰਕੇ ਬਾਲਟੀ ਕੱਢ ਲਿਆਵੇਗਾਬੱਸ ਗੱਲ ਸਿਆਣੇ ਦੇ ਮੂੰਹ ਚੋਂ ਡਿੱਗੀ, ਹੁਕਮ ਦੀ ਤਾਮੀਲ ਕਰਨ ਲਈ ਪਿੰਡ ਦੀ ਬਥੇਰੀ ਮੁੰਡੀਰ ਸੀਇਕ ਜਣਾ ਦੌੜਾ ਦੌੜਾ ਸਾਈਕਲ ਚੁੱਕ ਕੇ ਦੋ ਕੋਹ ਤੇ ਪੈਂਦੇ ਪਿੰਡ ਸਰਹਾਲੀ ਨੂੰ ਭਜਾ ਤੇ ਅਗਲੇ ਪਹਿਰ ਸੱਬੋ ਨੂੰ ਲੈ ਕੇ ਆ ਗਿਆਜਦ ਤਕ ਖੂਹ ਤੇ ਵਾਹਵਾ ਰੌਣਕ ਹੋ ਗਈ ਸੀਪਿੰਡ ਚ ਦਿਨ ਵੀ ਕਿਹੜਾ ਛੇਤੀ ਬੀਤਦਾ ਸੀ

-----

ਸੱਬੋ ਨੇ ਆਉਂਦਿਆਂ ਹੀ ਕਪੜੇ ਲਾਹੇ, ਬਾਹਾਂ ਉਪਰ ਚੁੱਕ ਕੇ ਖ਼ਵਾਜਾ ਖਿਜ਼ਰ ਨੂੰ ਧਿਆਇਆ ਤੇ ਸਿੱਧੀ ਖੂਹ ਚ ਛਾਲ ਮਾਰ ਦਿੱਤੀਮੌਣ ਤੇ ਖੜ੍ਹ ਕੇ ਕਈ ਜ਼ਿੰਮੇਵਾਰ ਸਿਆਣੇ ਖੂਹ ਦੇ ਅੰਦਰ ਝਾਕਣ ਡਹਿ ਪਏਪਹਿਲੀ ਚੁੱਭੀ ਦੌਰਾਨ ਕਰੋਲ ਕਰੋਲ ਕੇ ਜੋ ਉਸਦੇ ਹੱਥ ਲੱਗਾ ਉਹ ਸਨ ਕੁਝ ਟੁੱਟੀਆਂ ਵੰਗਾਂ, ਰੰਗ ਬਰੰਗੀਆਂ ਲੀਰਾਂ ਕਚੀਰਾਂ ਤੇ ਇਕ ਪੁਰਾਣਾ ਜੰਗਾਲ ਖਾਧਾ ਚਿੱਬ ਖੜਿੱਬਾ ਡੋਲਪਰ ਦੂਜੀ ਵਾਰੀ ਖ਼ੁਸ਼ਕਿਸਮਤੀ ਨਾਲ ਦੁਰਲੱਭ ਹੋ ਚੁੱਕੀ ਬਾਲਟੀ ਉਸਦੇ ਹੱਥ ਲੱਗ ਗਈਸਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈਪਹਿਲਾਂ ਤਿਆਰ ਲੱਜ ਨਾਲ ਬੰਨ੍ਹੇ ਟੋਕਰੇ ਰਾਹੀਂ ਉਸਨੂੰ ਖੂਹ ਚੋਂ ਕੱਢਿਆ ਗਿਆਇਕ ਜੇਤੂ ਅੰਦਾਜ਼ ਵਿੱਚ ਹੱਥ ਉੱਚਾ ਕਰਕੇ ਬਾਲਟੀ ਦਾ ਪ੍ਰਦਰਸ਼ਨ ਕਰਦਿਆਂ ਸੱਬੋ ਨੇ ਟੋਕਰੇ ਤੋਂ ਛਾਲ ਮਾਰੀ ਜਿਵੇਂ ਬੋਇੰਗ ਜਹਾਜ਼ ਤੋਂ ਉਤਰਿਆ ਹੋਵੇਖੜ੍ਹੇ ਲੋਕਾਂ ਨੇ ਉਸਨੂੰ ਜੱਫ਼ੀ ਪਾ ਲਈ। "ਸ਼ਾਬਾਸ਼ੇ ਬਈ ਸ਼ਾਬਾਸ਼ੇ" ਬਜ਼ੁਰਗਾਂ ਨੇ ਉਸਦੀ ਪਿੱਠ ਥਾਪੜਦਿਆਂ ਕਿਹਾਉਸਨੇ ਆਪਣੇ ਜੋਖਿਮ ਦੇ ਬਦਲੇ ਵਿੱਚ ਖੂਹ ਦੀ ਮੌਣ ਤੇ ਬਹਿ ਕੇ ਗੜਵੀ ਚ ਆਈ ਗੁੜ ਦੀ ਚਾਹ ਪੀਤੀ ਤੇ ਸਾਈਕਲ ਚੁੱਕ ਆਪਣੇ ਪਿੰਡ ਦੇ ਰਾਹ ਪੈ ਗਿਆਰੌਣਕ ਮੇਲਾ ਵਿਛੜ ਗਿਆ, ਖੂਹ ਤੇ ਸੁੰਨ ਪੈ ਗਈ ਤੇ ਸ਼ਾਮ ਉਤਰ ਆਈ, ਲੋਕਾਂ ਦਾ ਵਧੀਆ ਦਿਨ ਬੀਤਿਆ ਸੀ

-----

ਅੱਜ ਕੱਲ੍ਹ ਪਿੰਡਾਂ ਵਿੱਚ ਹੋਰ ਨਹੀਂ ਤਾਂ ਰੇਡੀਓ, ਟੈਲੀਵਯਨ ਦਾ ਹੀ ਬਥੇਰਾ ਬੋਲਬਾਲਾ ਹੋ ਗਿਆ ਹੈ ਪਰ ਪਹਿਲੀਆਂ ਚ ਇਹ ਗੌਣ ਪਾਣੀ ਕਿੱਥੇਧਾਰਮਕ ਸਥਾਨਾਂ ਤੋਂ ਕੋਈ ਮਨੋਰੰਜਨ ਤਾਂ ਕੀ ਹੋਣਾ ਸੀ, ਸਗੋਂ ਰੰਗ ਲੋਚਦੀ ਬਿਰਤੀ ਦਾ ਹੀ ਦਮਨ ਕੀਤਾ ਜਾਂਦਾ ਸੀਦੈਨਿਕ ਜੀਵਨ ਦੇ ਅਕੇਵੇਂ ਥਕੇਵੇਂ ਤੋਂ ਰਾਹਤ ਲਈ ਏਥੇ ਕੋਈ ਬਰਤਾਨੀਆ ਵਾਲੀ ਪੱਬ, ਤੁਰਕੀ ਤੇ ਅਰਬ ਦੇਸਾਂ ਦੇ ਕਾਹਵਾ-ਖਾਨੇ ਜਾਂ ਯੂਰਪ ਦੇ ਕੈਫ਼ੇ ਦੇ ਸਮਾਨਅੰਤਰ ਕੋਈ ਸੰਸਥਾ ਵਿਕਸਿਤ ਨਹੀਂ ਹੋਈਇਨ੍ਹਾ ਦੇਸ਼ਾਂ ਦੇ ਇਹ ਸਭ ਸਰਵਜਨਕ ਸਥਾਨ ਇਕ ਤਰ੍ਹਾਂ ਚਰਚ ਜਾਂ ਮਸਜਦ ਦੇ ਪੂਰਕ ਸਨਏਥੇ ਚੌਂਹ ਕੋਨਿਆਂ ਤੋਂ ਖ਼ਬਰਾਂ ਪਹੁੰਚਦੀਆਂ ਤੇ ਵਿਚਾਰੀਆਂ ਜਾਂਦੀਆਂਏਥੇ ਹੀ ਇਸ਼ਕ-ਮੁਸ਼ਕ ਨੂੰ ਹਵਾ ਲਗਦੀ, ਠਰਕ ਭੋਰਿਆ ਜਾਂਦਾ, ਚੁਗਲੀਆਂ ਤੇ ਗੱਪ-ਸ਼ੱਪ ਦੇ ਦੌਰ ਚਲਦੇਹੋਰ ਤਾਂ ਹੋਰ ਏਥੇ ਨਸ਼ਿਆਂ ਦਾ ਸੇਵਨ, ਨਾਚ ਗਾਣੇ ਖੇਡਾਂ ਤੇ ਕਈ ਵਾਰੀ ਖਾਣ ਪੀਣ ਦਾ ਪ੍ਰਬੰਧ ਵੀ ਹੁੰਦਾਗੱਲ ਕੀ ਹੰਭੇ-ਹੁੱਟੇ ਮਨੁੱਖ ਨੂੰ ਤਰੋ-ਤਾਜ਼ਾ ਕਰਨ ਲਈ ਏਥੇ ਪੂਰਾ ਸਮਾਨ ਸੀ, ਗੁੱਭ-ਗੁਭਾਟ ਕੱਢਣ ਦੇ ਮੌਕੇ ਸਨ

-----

ਦੂਜੇ ਪਾਸੇ ਢਿਚਕੂੰ-ਢਿਚਕੂੰ ਚਲਦੀ ਖੇਤੀ ਦੀ ਬੁਨਿਆਦ ਤੇ ਖੜ੍ਹੇ ਸਾਡੇ ਸਮਾਜਕ ਢਾਂਚੇ ਵਿਚ ਸ਼ਰੀਕੇ ਭਾਈਚਾਰੇ ਦੀਆ ਸੰਕੋਚਵੀਆਂ ਕਦਰਾਂ ਕੀਮਤਾਂ ਹਾਵੀ ਸਨਧਾਰਮਿਕ ਲਪੇਟ ਵਿਚ ਆਏ ਮਨੁੱਖੀ ਸਬੰਧਾਂ ਵਿੱਚ ਸੰਗ-ਸੰਕੋਚ, ਘੁਟਣ, ਅਤੇ ਸ਼ੀਲਤਾ ਮਨੁੱਖੀ ਸ਼ਖ਼ਸੀਅਤ ਨੂੰ ਵਿਗਸਣ ਨਹੀਂ ਸੀ ਦਿੰਦੇਅਜੇਹੇ ਦਮਨਕਾਰੀ ਪਰਿਵੇਸ਼ ਵਿੱਚ ਲਾ ਪਾ ਕੇ ਪਿੰਡ ਦਾ ਦਰਵਾਜ਼ਾ, ਹੱਟੀ, ਭੱਠੀ, ਤ੍ਰਿੰਝਣ ਜਿਹੇ ਸਥਾਨ ਹੀ ਸਨ ਜਿਥੇ ਕੁਝ ਲੋਕ ਜੁੜ ਬੈਠਦੇ ਸਨ ਤੇ ਇਕ-ਰੱਟ ਜ਼ਿੰਦਗੀ ਤੋਂ ਕੁਝ ਰਾਹਤ ਭਾਲਦੇ ਸਨਦਰਵਾਜ਼ੇ ਜਾਂ ਸੱਥ ਵਿੱਚ ਬਜ਼ੁਰਗ ਛਾਏ ਹੋਣ ਕਰਕੇ ਸਿਆਣਪਾਂ ਪ੍ਰਧਾਨ ਸਨ ਇਸ ਲਈ ਜਵਾਨਾਂ ਦੀ ਬਹੁਤੀ ਦਾਲ਼ ਨਹੀਂ ਸੀ ਗਲਦੀ ਭਾਵੇਂ ਏਥੇ ਸ਼ਮੂਲੀਅਤ ਵਧ ਤੋਂ ਵੱਧ ਹੁੰਦੀ ਸੀ

-----

ਹੱਟੀ ਤੇ ਦਾਣੇ ਭੁੰਨਣ ਵਾਲੀ ਭਠੀ ਦੋ ਹੋਰ ਰਮਣੀਕ ਸਥਾਨ ਸਨ ਜਿਥੇ ਲੱਗ ਭਗ ਸਾਰੇ ਲੋਕ ਜਾਂਦੇ ਸਨ ਤੇ ਜੋ ਵਕਤੀ ਤਫ਼ਰੀਹ ਲਈ ਠਾਹਰਾਂ ਬਣਦੇ ਸਨਮੁਟਿਆਰਾਂ ਨੂੰ ਤ੍ਰਿੰਝਣਾਂ ਤੇ ਗੱਭਰੂਆਂ ਨੂੰ ਰਾਤ ਨੂੰ ਭੱਠੀਆਂ ਤੇ ਬੈਠਣ ਲਈ ਸਿਆਣੇ ਲੋਕ ਵੀ ਉਤਸ਼ਾਹਿਤ ਕਰਦੇ ਸਨ ਤਾਂ ਕਿ ਉਹ ਚੜ੍ਹਦੀ ਜਵਾਨੀ ਲਈ ਲੁੜੀਂਦੀ ਲੈਂਗਿਕ ਸਿੱਖਿਆ ਆਪਣੇ ਹਾਣੀਆਂ ਤੋਂ ਲੈ ਸਕਣ ਤੇ ਲੈਂਗਿਕ ਵਿਰੇਚਨ ਵੀ ਹੋ ਸਕੇਕਿਹਾ ਜਾਂਦਾ ਸੀ ਕਿ ਜਿਹੜੀ ਮੁਟਿਆਰ ਤ੍ਰਿੰਝਣਾਂ ਵਿੱਚ ਤੇ ਗੱਭਰੂ ਰਾਤ ਨੂੰ ਹੱਟੀ ਭੱਠੀ ਤੇ ਨਹੀਂ ਬੈਠਦਾ, ਉਹ ਝੁੱਡੂ ਹੈ ਪੇਂਡੂ ਸਮਾਜ ਵਿੱਚ ਇਨ੍ਹਾਂ ਦੋਨਾਂ ਦੀ ਮਹੱਤਤਾ ਦਾ ਏਥੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੋਨਾ ਸ਼ਬਦਾਂ ਤੋਂ ਬਣੇ ਸਮਾਸੀ ਸ਼ਬਦ ਹੱਟੀ-ਭੱਠੀ

ਪਿੰਡ ਦੀ ਸਮੁੱਚੀ ਪ੍ਰਵਾਨਤਾ ਦਾ ਅਰਥ ਦੇਣ ਲੱਗ ਪਿਆਆਮ ਹੀ ਕਹਿ ਦਿੱਤਾ ਜਾਦਾ ਹੈ ਕਿ ਫਲਾਣੀ ਗੱਲ ਦੀ ਹੱਟੀ-ਭੱਠੀ ਤੇ ਚਰਚਾ ਹੋਈਫਲਾਣਾ ਰਕਾਟ ਹਰ ਹੱਟੀ-ਭੱਠੀ ਤੇ ਵੱਜਿਆਰਾਂਝੇ ਦੀ ਜਵਾਨੀ ਨੇ ਪਿੰਡ ਵਿਚ ਕਿਵੇਂ ਧੁੰਮਾਂ ਪਾ ਦਿੱਤੀਆਂ ਸਨ, ਇਸਦਾ ਜ਼ਿਕਰ ਮੋਹਨ ਸਿੰਘ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ:

ਚੱਲੀ ਭੱਠੀਆਂ ਉਤੇ ਗੱਲ ਉਹਦੀ,

ਪਿਆ ਪਨਘਟਾਂ ਦੇ ਉਤੇ ਸ਼ੋਰ ਮੀਆਂ

ਚੱਕੀ-ਹਾਨਿਆਂ ਤੇ ਉਹਦਾ ਜ਼ਿਕਰ ਹੋਇਆ,

ਵਧੀ ਤ੍ਰਿੰਝਣੀਂ ਘੋਰ ਮਸੋਰ ਮੀਆਂ

........

ਅਤੇ ਫਿਰ ਬਿਨਾਂ ਬੁਲ ਹਿਲਾਇਆਂ ਅੱਖਾਂ ਨਾਲ ਗੱਲ ਕਰਦੀ ਤੇ ਬੁਝਾਰਤਾਂ ਪਾਉਂਦੀ ਜੈ ਕੌਰ ਦੀ ਖੱਟੀ ਵੀ ਖੂਬ ਹੈ:

ਹੱਟੀ ਭੱਠੀ ਉਤੇ ਛਿੜਦੀ ਕਹਾਣੀ

ਲੋਕਾਂ ਦਾ ਨਾਂ ਦੁੱਧ ਵਿਕਦਾ

ਤੇਰਾ ਵਿਕਦਾ ਜੈ ਕੁਰੇ ਪਾਣੀ

----

ਕਿਸੇ ਦੇ ਘਰ ਤਾਂ ਪੁਛ ਕੇ ਜਾਂ ਘੱਟੋ ਘੱਟ ਘਰ ਵਾਲੇ ਦੀ ਖ਼ੁਸ਼ੀ ਨਾਲ ਹੀ ਜਾਇਆ ਜਾ ਸਕਦਾ ਹੈ ਪਰ ਪਿੰਡ ਦੀ ਹੱਟੀ ਵਿੱਚ ਬੇਰੋਕ ਧੁਸ ਦੇ ਕੇ ਵਧਿਆ ਜਾ ਸਕਦਾ ਹੈ ਕਿਉਂਕਿ ਹਟਵਣੀਆ ਆਖਰ ਤੁਹਾਡੀ ਗਾਹਕੀ ਤੇ ਨਿਰਬਾਹ ਕਰਦਾ ਹੈਪਰ ਹੱਟੀ ਵਿੱਚ ਲੈਂਗਿਕ ਅੱਯਾਸ਼ੀ ਦੀ ਭੱਠੀ ਜਿੰਨੀ ਗੁੰਜਾਇਸ਼ ਨਹੀਂ ਸੀਏਥੇ ਤਾਂ ਬੱਸ ਇਕਾ ਦੁੱਕਾ ਹਟਵਾਣੀਏ ਦੀ ਮੀਯਾ ਨਾਲ਼ ਮਿਲਦੇ ਸ਼ਖ਼ਸ ਹੀ ਬੈਠਦੇ ਸਨਹੱਟੀ ਦਾ ਹੱਟੀ-ਭੱਠੀ ਵਾਲਾ ਗੁਣ ਪੁਗਾਉਣ ਲਈ ਹਟਵਾਣੀਏਂ ਦੀ ਸ਼ਖ਼ਸੀਅਤ ਸੜੀਅਲ ਨਾ ਹੋਕੇ ਰੰਗੀਲੀ, ਫ਼ੱਕਰ,ਅਤੇ ਅਪਣੱਤ ਵਾਲੀ ਹੋਣੀ ਚਾਹੀਦੀ ਹੈਅਸਲ ਵਿੱਚ ਪਿੰਡ ਦੀ ਹੱਟੀ ਤੇ ਗਾਹਕ ਤਾਂ ਟਾਵਾਂ ਟਾਵਾਂ ਹੀ ਆਉਂਦਾ ਹੈ ਇਸ ਲਈ ਹਟਵਾਣੀਆ ਖ਼ੁਦ ਵੀ ਮੱਖੀ ਤੇ ਮੱਖੀ ਮਾਰਦਾ ਰਹਿੰਦਾ ਸੀ, ੳਸਨੂੰ ਖ਼ੁਦ ਕੋਈ ਗਾਲ੍ਹੜੀ ਸਾਥੀ ਚਾਹੀਦਾ ਹੁੰਦਾ ਸੀਸੁੰਨੀ ਹੱਟੀ

ਵਿਚ ਕਿਸੇ ਹੋਰ ਦੀ ਹੋਂਦ ਉਂਝ ਵੀ ਇਸਦੇ ਚਲਦੇ ਹੋਣ ਦੀ ਭ੍ਰਾਂਤੀ ਪੈਦਾ ਕਰਦੀ ਸੀਫਿਰ ਹੱਟੀ ਤੇ ਪਿੰਡ ਦੇ ਹਰ ਕੋਨੇ ਤੋਂ ਭਾਂਤ-ਸੁਭਾਂਤੇ ਗਾਹਕ ਆਉਂਦੇ ਹੋਣ ਕਰਕੇ ਹਰ ਤਰਾਂ ਦੀ ਚੋਂਦੀ ਚੋਂਦੀ ਖ਼ਬਰ ਅੱਪੜ ਜਾਂਦੀ ਸੀਏਥੋਂ ਅੱਗੇ ਸਾਰੇ ਪਿੰਡ ਵਿਚ ਖ਼ਬਰਾਂ ਨਸ਼ਰ ਹੁੰਦੀਆਂਅਖ਼ਬਾਰੀ ਯੁਗ ਆਉਣ ਨਾਲ ਪਿੰਡ ਵਿੱਚ ਅਖ਼ਬਾਰ ਵੀ ਸਭ ਤੋਂ ਪਹਿਲਾਂ ਹਟਵਾਣੀਏਂ ਕੋਲ ਹੀ ਆਈ ਕਿਉਂਕਿ ਇਕ ਤਾਂ ਉਹ ਪੜ੍ਹਿਆ ਲਿਖਿਆ ਸੀ ਦੂਜਾ ਸੌਦੇ ਪੱਤੇ ਦੇ ਸਿਲਸਲੇ ਵਿਚ ਉਸਦਾ ਸ਼ਹਿਰ ਆਉਣ ਜਾਣ ਰਹਿੰਦਾ ਸੀਹਟਵਾਣੀਏਂ ਕੋਲ ਕੱਲੀਆਂ ਦੁਕੱਲੀਆਂ ਨਾਰਾਂ ਆਉਣ ਕਰਕੇ ਉਸਦੀ ਅੱਖ ਮਟੱਕੇ ਤੇ ਕਈ ਵਾਰੀ ਇਸਤੋਂ ਅੱਗੇ ਵਧਣ ਦੀ ਸੰਭਾਵਨਾ ਬਣੀ ਰਹਿੰਦੀਹਟਵਾਣੀਏਂ ਦੀ ਨਿਗਹ ਕਈ ਵਾਰੀ ਸੌਦੇ ਨਾਲੋਂ ਸੌਦਾ ਲੈਣ ਵਾਲੀ ਵੱਲ ਵਧੇਰੇ ਟਿਕੀ ਰਹਿੰਦੀਸਾਡੇ ਮਧ ਯੁਗੀ ਸ਼ਾਇਰ ਪੀਲੂ ਨੇ ਸਾਹਿਬਾਂ ਦਾ ਹੁਸਨ ਬਿਆਨ ਕਰਨ ਲਈ ਅਜੇਹੀ ਸਥਿਤੀ ਨੂੰ ਕਿੰਨੇ ਭਾਵਪੂਰਤ ਬਿੰਬਾਂ ਵਿੱਚ ਦਰਸਾਇਆ ਹੈ:

ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ

ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ

ਤੇਲ ਭੁਲਾਵੇ ਭੁਲਾ ਬਾਣੀਆ, ਦਿੱਤਾ ਸ਼ਹਿਤ ਉਲੱਟ

ਬਹੁਤ ਵਾਰੀ ਏਥੇ ਤਾਸ਼ ਚੌਪੜ ਆਦਿ ਦੀਆ ਖੇਡਾਂ ਖੇਡੀਆ ਜਾਂਦੀਆਂ ਤੇ ਖੇਡ ਵਿਚ ਮਸਰੂਫ਼ ਲਾਪਰਵਾਹ ਹਟਵਾਣੀਆ ਗਾਹਕਾਂ ਨੂੰ ਖ਼ਾਲੀ ਮੋੜਦਾ ਰਹਿੰਦਾਮੈਂ ਆਪਣੇ ਸਕੂਲੀ ਦਿਨਾਂ ਵਿਚ ਆਪਣੇ ਯਾਰ ਛਿੰਦਰ ਦੀ ਹੱਟੀ ਤੇ ਬੈਠਣ ਦਾ ਚਸਕਾ ਮਾਣ ਚੁੱਕਾ ਹਾਂਸੱਚ ਮੁੱਚ ਬੜਾ ਭੈੜਾ, ਠਰਕੀ ਤੇ ਖੋਚਰੀਆ ਸੀ ਉਹ! ਘੰਟਿਆਂ ਬੱਧੀ ਉਸਦੀ ਹੱਟੀ ਤੇ ਬੈਠੇ ਰਹਿਣਾ ਤੇ ਖਲ਼, ਵੜੇਵੇਂ, ਗੁੜ ਤੇ ਹੋਰ ਵੰਨ ਸੁਵੰਨੀਆ ਜਿਣਸਾਂ ਦਾ ਮਿਸ਼ਰਤ ਅਜੀਬ ਜਿਹਾ ਮੁਸ਼ਕ ਨਾਸਾਂ ਵਿੱਚ ਲੰਘਾਈ ਜਾਣਾਕਈ ਵਾਰੀ ਦਾਅ ਲਾ ਕੇ ਦੁਕਾਨ ਦੇ ਪਿਛਵਾੜੇ ਜਾ ਕੇ ਮੁਰੱਬਾ, ਹਰੜਾਂ, ਗੁਲਕੰਦ ਆਦਿ ਮੂੰਹ ਵਿਚ ਪਾ ਲੈਣੇਪਰ ਦੂਜੇ ਪਾਸੇ ਚੌਕੀ ਤੇ ਬੈਠਾ ਛਿੰਦਰ ਖ਼ੁਦ ਕਈ ਵਾਰੀ ਹੋਰ ਹੀ ਇਸ਼ਕ ਮੁਸ਼ਕ ਲੜਾ ਰਿਹਾ ਹੁੰਦਾ ਤੇ ਜ਼ਿੰਦਗੀ ਦੇ ਅਸਲੀ ਸੁਆਦ ਲੈ ਰਿਹਾ ਹੁੰਦਾ ! ਉਹ ਅਕਸਰ ਹੀ ਸਿਖਰ ਦੁਪਹਿਰੇ ਚਾਹ ਬਣਾਉਂਦਾ ਤੇ ਜੇ ਹੱਟੀ ਤੇ ਕਈ ਮੇਰੇ ਵਰਗੇ ਮੁਫ਼ਤਖੋਰੇ ਬੈਠੇ ਹੁੰਦੇ ਤਾ ਉਹ ਚਾਹ ਦੂਰੋਂ ਦਿਖਾਉਂਦਾ ਹੋਇਆ ਉਪਰੋਂ ਉਪਰੋਂ ਪੁੱਛਦਾ "ਕੋਈ ਚਾਹ ਪੀਂਦਾ ਬਈ, ਕੋਈ ਨਹੀਂ ਪੀਂਦਾ" ਤੇ ਕੱਚ ਦੇ ਗਲਾਸ ਵਿਚ ਸਾਰੀ ਚਾਹ ਪਾ ਕੇ ਸੜ੍ਹਾਕੇ ਮਾਰਕੇ ਪੀਣ ਲਗਦਾ

-----

ਅਸਲ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਵੀ ਆਪਣੇ ਆਪ ਵਿਚ ਇਕ ਹੱਟੀ ਹੀ ਹੈ ਤੇ ਸ਼ਾਇਦ ਹੱਟੀ ਤੋਂ ਵੀ ਪ੍ਰਾਚੀਨ ਚੀਜ਼ ਹੋਵੇਸਹੀ ਮਾਅਨਿਆਂ ਚ ਏਹੀ ਜਗ੍ਹਾ ਹੈ ਜਿਥੇ ਕੁਝ ਖੁੱਲ੍ਹ ਨਸੀਬ ਹੁੰਦੀ ਸੀ ਤੇ ਜਵਾਨ ਜਜ਼ਬੇ ਕੁਝ ਮਸਤੀਆਂ ਕਰ ਸਕਦੇ ਸਨਸ਼ਿਵ ਕੁਮਾਰ ਦੀਆਂ ਹੇਠਲੀਆਂ ਸਤਰਾਂ ਵਿੱਚ ਭਠੀ ਦੀ ਮਹਿਮਾ ਜਵਾਨੀ ਦੇ ਭਰਪੂਰ ਵਲਵਲਿਆਂ ਨਾਲ ਓਤ ਪੋਤ ਹੈ:

ਭੱਠੀ ਵਾਲੀਏ ਚੰਬੇ ਦੀਏ ਡਾਲੀਏ

ਪੀੜਾਂ ਦਾ ਪਰਾਗਾ ਭੁੰਨ ਦੇ

-----

ਲੌਢੇ ਵੇਲੇ ਤੋਂ ਹੀ ਬੱਚੇ, ਬੁਢੇ, ਜਵਾਨ, ਮੁਟਿਆਰਾਂ ਦਾਣੇ ਭੁਨਾਉਣ ਲਈ ਭੱਠੀ ਤੇ ਪੁੱਜਣੇ ਸ਼ੁਰੂ ਹੋ ਜਾਂਦੇਮਚਦੀ ਅੱਗ ਜ਼ਿੰਦਗੀ ਦੀ ਗਤੀਮਾਨਤਾ ਅਤੇ ਸਾਂਝ ਦਾ ਸੁਨੇਹਾ ਦਿੰਦੀ ਹੈਹਰ ਸਮਾਜਕ ਦੌਰ ਵਿੱਚ ਅੱਗ ਦੁਆਲੇ ਮਨੁੱਖ ਦੀਆਂ ਭੀੜਾਂ ਜੁੜਦੀਆਂ ਰਹੀਆਂ ਹਨ: ਘਰ ਦਾ ਚੌਂਕਾ, ਯੱਗ ਦੀ ਅਗਨੀ, ਸਾਧ ਦਾ ਧੂਣਾ, ਲੋਹੜੀ ਦਾ ਧੂਣੀ ਆਦਿ ਦੁਆਲੇ ਮਨੁਖੀ ਸਮੂਹ ਬੈਠਦੇ ਹਨਮਘਦੀ ਅੱਗ ਦੇ ਚੰਗਿਆੜੇ ਮਨੁਖੀ ਜਜ਼ਬਿਆਂ ਨੂੰ ਹੋਰ ਮਚਾਉਂਦੇ ਹਨਤਪਦੀ ਭੱਠੀ ਦਾ ਸੇਕ ਤੇ ਭੁਜਦੇ ਦਾਣਿਆਂ ਦੀ ਖੁਸ਼ਬੂ ਹਰ ਇਕ ਨੂੰ ਧੂਹ ਪਾਉਂਦੇ ਸਨਕੁਝ ਮਨਚਲੇ ਏਥੇ ਅੱਖਾਂ ਸੇਕਣ ਲਈ ਹੀ ਆਉਂਦੇ, ਕਈਆਂ ਦਾ ਸੱਚ ਮੁੱਚ ਦਾ ਅੱਖ ਮਟੱਕਾ ਹੁੰਦਾ ਤੇ ਇਸਦੇ ਰੁਮਾਂਸ ਨੂੰ ਲਮਕਾਈ ਰੱਖਣ ਲਈ ਆਪਣੀ ਵਾਰੀ ਹੀ ਨਾਂ ਲੈਂਦੇ; ਅੱਗ ਝੋਕਣ ਲੱਗ ਜਾਂਦੇ ਜਾਂ ਝੀਰੀ ਨੂੰ ਗੱਲੀਂ ਪਾ ਲੈਂਦੇ! ਵਿਪਰੀਤ ਲਿੰਗ ਦੇ ਲਾਗੇ ਲਾਗੇ ਖਹਿਣ ਦੇ ਸਾਡੇ ਪੇਂਡੂ ਸਮਾਜ ਵਿੱਚ ਹੋਰ ਢੰਗ ਤਰੀਕੇ ਜਾਂ ਮੌਕੇ ਵੀ ਕਿਹੜੇ ਸਨਬੈਠਣ ਵਾਲੇ ਈਰਖਾਲੂ ਭਾਵਨਾ ਨਾਲ ਇਸ ਨਜ਼ਾਰੇ ਦਾ ਚਖਸ਼ੂ ਅਨੰਦ ਮਾਣਦੇ! ਸਿਤਮ ਦੇਖੋ ਕਿ ਸਫ਼ਰ ਤੇ ਚ੍ਹੜੇ ਯੂਰਪੀ ਦੇਸ਼ਾਂ ਦੇ ਮੁਸਾਫ਼ਿਰ ਲਈ ਪਿੰਡਾਂ ਥਾਵਾਂ ਵਿਚ ਵੀ ਬੀਅਰਾਂ, ਸ਼ਰਾਬਾਂ, ਭੋਜਨ, ਦਿਲ ਪਰਚਾਵੇ ਦੇ ਸਾਧਨਾਂ ਨਾਲ ਲੈਸ ਇੰਨਾਂ ਜਾਂ ਟੈਵਰਨ ਹੁੰਦੇ ਸਨ ਜਦ ਕਿ ਸਾਡੇ ਦੇਸੀ ਲਾਠੀ-ਚੁੱਕ ਰਾਹੀ ਦੇ ਝੋਲੇ ਵਿਚ ਛੱਲੀਆਂ ਹੁੰਦੀਆਂ ਸਨ, ਜਿਸ ਦੇ ਦਾਣੇ ਲੋੜ ਪੈਣ ਤੇ ਕਿਸੇ ਵੀ ਰਾਹ ਚ ਆਈ ਪਿੰਡ ਦੀ ਭੱਠੀ ਤੋਂ ਭੁਨਾਏ ਜਾ ਸਕਦੇ ਸਨ! "ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਮਿਤਰਾ ਦੂਰ ਦਿਆ" ਵਿਚ ਇਸੇ ਸਥਿਤੀ ਵੱਲ ਇਸ਼ਾਰਾ ਹੈ

-----

ਕਈ ਰੰਗੀਨ ਤਬੀਅਤ ਨਾਰਾਂ ਬਹਾਨੇ ਸਿਰ ਹੱਟੀ ਭਠੀ ਆਪਣਾ ਜੋਬਨ ਦਾ ਜਾਦੂ ਬਿਖੇਰਨ ਤੇ ਮੁਸ਼ਕ ਖਿਲਾਰਨ ਤੁਰੀਆਂ ਰਹਿੰਦੀਆਂ ਤਾਂ ਸਿਆਣੇ ਮੱਤਾ ਦਿੰਦੇ:

ਸੁਣ ਕੁੜੀਏ ਨੱਥ ਮਛਲੀ ਵਾਲੀਏ,

ਮਛਲੀ ਨਾ ਚਮਕਾਈਏ

ਹੱਟੀ ਭੱਠੀ ਤੇਰੀ ਚਰਚਾ ਹੁੰਦੀ,

ਚਰਚਾ ਨਾ ਕਰਵਾਈਏ

ਆਪਣੇ ਮਾਪਿਆਂ ਦੀ

ਫੁੱਲ ਵਰਗੀ ਰੱਖ ਜਾਈਏ.....

ਪਰ ਭੱਠੀ ਦੀ ਅਸਲੀ ਰਹੱਸਮਈ ਤੇ ਰੁਮਾਂਚਕ ਰੌਣਕ ਇਸਦੇ ਬੁਝਣ ਪਿੱਛੋਂ ਰਾਤ ਨੂੰ ਹੁੰਦੀ ਸੀ ਜਦ ਇਹ ਵਿਹਲੜਾਂ, ਛੜਿਆਂ, ਮੁਸ਼ਟੰਡਿਆਂ ਦੀ ਬੈਠਗਾਹ ਬਣ ਜਾਂਦੀਰਾਤ ਦੇ ਹਨੇਰੇ ਚ ਭੱਠੀ ਸੇਕਦੇ ਹੋਏ ਇਹ ਲੋਕ ਆਪਣੀਆਂ ਕੁੰਠਿਤ ਭਾਵਨਾਵਾਂ ਦਾ ਖੋਲ੍ਹ ਕੇ ਪ੍ਰਗਟਾਵਾ ਕਰਦੇਲੁਕਵੇਂ ਇਸ਼ਕਾਂ ਦਾ ਇੰਕਸ਼ਾਫ਼ ਹੁੰਦਾ, ਦੂਜਿਆਂ ਦੇ ਮਨ ਫੋਲੇ ਜਾਂਦੇ, ਫਾਹਸ਼ ਬੋਲੀਆ ਸੁਣਾਈਆਂ ਤੇ ਜੋੜੀਆਂ ਜਾਂਦੀਆਂ, ਕਿਸਨੇ ਕਿਸਤੇ ਅੱਖ ਰੱਖੀ ਹੋਈ ਹੈ, ਕਿਸਦੀ ਨੂੰਹ ਧੀ ਨੂੰ ਕਿੰਨਵਾਂ ਮਹੀਨਾ ਹੈ ਤੇ ਕਿਹੜੀ ਕਿਸ ਨਾਲ ਫਸੀ ਹੋਈ ਹੈ ਆਦਿ ਮਸਲਿਆਂ ਦਾ ਨਿਰਣਾ ਹੁੰਦਾਰਾਤ ਦਾ ਹਨੇਰਾ ਅਜੇਹੀਆ ਵਰਜਿਤ ਗੱਲਾਂ ਲਈ ਸੁਖਾਵਾਂ ਸੀਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵਿਚ ਵੀ ਭੱਠੀ ਤੇ ਜੁੜੀਆਂ ਇਹ ਢਾਣੀਆਂ ਅੱਧੀ ਅੱਧੀ ਰਾਤ ਤੱਕ ਨਾਂ ਉਠਦੀਆ ਭਾਵੇਂ ਘਰੋਂ ਬਾਰ ਬਾਰ ਬੁਲਾਵੇ ਆਉਂਦੇਜਦੋਂ ਉਬਾਸੀਆਂ ਲੈਂਦੇ ਉਠਦੇ ਤਾਂ ਭੱਠੀ ਦਾ ਨਿੱਘ ਮਾਨਣ ਤੇ ਰਾਤ ਕੱਟਣ ਲਈ ਉਥੇ ਕੁੱਤੇ ਕੁੱਤੀਆਂ ਆ ਲਿਟਦੇ

-----

ਫਿਰ ਹੱਟੀ-ਭੱਠੀ ਤੇ ਬੈਠਣ ਦਾ ਅਰਥ ਵਿਗੜ ਗਿਆ: ਵਿਹਲੜ ਨਿਕੰਮਾ ਬਣ ਜਾਣਾਖ਼ੈਰ ਇਸ ਗੱਲ ਵਿੱਚ ਝੂਠ ਨਹੀ ਕਿ ਇਹ ਦੋਵੇਂ ਸਥਾਨ ਸ਼ਰਾਰਤੀ ਮਨਾਂ ਨੂੰ ਬਹੁਤ ਪੋਂਹਦੇ ਸਨ ਹੱਟੀ-ਭੱਠੀ ਦਰਅਸਲ ਮਨ-ਪਰਚਾਵੇ ਦਾ ਕੋਈ ਭਰਪੂਰ ਸਾਧਨ ਨਹੀਂ ਸੀ, ਬਸ ਐਵੇਂ ਡੰਗ ਟਪਾਈ ਸੀ, ਬੋਰੀਅਤ ਤੋਂ ਬਚਣ ਦਾ ਨਿਗੂਣਾ ੳਪਾਅ ਵਿਹਲੜ, ਕੁਆਰੇ, ਛੜੇ ਲੋਕਾਂ ਲਈ ਇਹ ਵਧੇਰੇ ਲੁਭਾਇਮਾਨ ਸੀ, ਬੋਲੀ ਹੈ:

ਹੱਟੀ ਭੱਠੀ ਕੌਲ਼ੇ ਕੱਛਦਾ ਫਿਰਦਾ

ਵਿਹੜੇ ਤੇਲਣ ਦੇ, ਤੇਰਾ ਵੇ ਚਾਦਰਾ ਖੜਕੇ

-----

ਕਿਸੇ ਵੇਲੇ ਭਠੀਆਂ ਤੇ ਜ਼ਿੰਦਗੀ ਧੜਕਦੀ ਸੀ ਤੇ ਭੱਠੀ ਵਾਲੀ ਦੀ ਚੜ੍ਹਤ ਸੀਪਰ ਅੱਜ ਕੱਲ੍ਹ ਭੱਠੀਆਂ ਦੇ ਮੁਰਮੁਰਿਆਂ, ਖਿੱਲਾਂ ਤੇ ਕੁੱਜੇ ਫੇਰ ਕੇ ਕੱਢੇ ਛੋਲਿਆਂ ਦੀ ਥਾਂ ਪੌਪ ਕੌਰਨ ਲੈ ਰਹੇ ਹਨਪੰਜਾਬੀ ਦੀ ਹੱਸਾਸ ਕਹਾਣੀਕਾਰਾ ਸੁਖਵੰਤ ਮਾਨ ਨੇ ਅਜੇਹੀ ਅਵਸਥਾ ਵਿਚ ਦਾਣੇ ਭੁੰਨਣੋਂ ਵਿਹਲੀ ਹੋ ਗਈ ਭੰਤੋ ਮਹਿਰੀ ਦੇ ਦੁਖਾਂਤ ਦਾ ਆਪਣੀ ਇਕ ਕਹਾਣੀ 'ਜਿਊਣ ਜੋਗੇ' ਵਿੱਚ ਭਲੀ ਭਾਂਤ ਚਿਤਰਨ ਕੀਤਾ ਹੈ:

........

ਭੰਤੋ ਮਹਿਰੀ ਦੁਹਾਈ ਦੇਂਦੀ ਲੰਘ ਗਈ ਏ........ ਸੁਣਿਆ ਏ ਕਮਲੀ ਹੋ ਗਈ ਏ, ਪਹਿਲਾਂ ਖੂਹ ਬੰਦ ਹੋ ਗਏ, ਫਿਰ ਹੋਟਲਾਂ ਨੇ ਮਹਿਰਿਆਂ ਦਾ ਕੰਮ ਬੰਦ ਕਰਵਾ ਦਿੱਤਾਮੁੰਡਾ ਹੋਟਲ ਚ ਹੀ ਨੌਕਰ ਹੋ ਗਿਆ........ ਹੁਣ ਚੰਡੀਗੜ੍ਹ ਰਹਿੰਦਾ ਏ...... ਭੰਤੋ ਓਥੇ ਨਹੀਂ ਗਈ, ਸ਼ਾਇਦ ਗਈ ਸੀ ਪਰ ਆ ਗਈ ਏ, ਉਹਦਾ ਦਿਲ ਨਹੀਂ ਲੱਗਾ ਓਥੇ... ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ 'ਚ ਹੀ ਰਹਿੰਦੀ ਸੀ, ਅਧ ਕਮਲ਼ੀ ਜਿਹੀ, ਕਦੀ ਕਦੀ ਭੱਠੀ ਤਾਅ ਬੈਠਦੀ, ਦਾਣੇ ਭੁਨਾਉਣ ਕੋਈ ਆਉਂਦਾ ਈ ਨਾ...... ਲੋਕ ਹੱਸਦੇ, ਉਹ ਫਿਰ ਵੀ ਬਾਲਣ ਝੋਕੀ ਜਾਂਦੀ ਭੱਠੀ ਹੇਠ....... ਕਈ ਵੇਰ ਕੜਾਹੀ 'ਚ ਕੁੱਜਾ ਮਾਰ ਰਹੀ ਹੁੰਦੀ, ਜਿਵੇਂ ਛੋਲਿਆਂ ਦੀਆਂ ਖਿੱਲਾਂ ਕੱਢ ਰਹੀ ਹੋਵੇ........

.........

'ਹਾਅ ਵੇ ਲੱਛੂ ਆਹ ਵੇਖ ਮੱਕੀ ਕਿੰਨੀ ਖਿੜੀ ਏ.......!' ਉਹ ਰੇਤ ਛਾਣੀ ਜਾਂਦੀ

..........

'ਤਾਈ ਲਿਆ ਦਾਣੇ 'ਤੇ ਚਬਾਅ.......' ਲੰਘਦੇ ਆਉਂਦੇ ਭੰਤੋ ਨੂੰ ਮਖੌਲ ਕਕਰਦੇ, ਟਿਚਕਰਾਂ ਕਰਦੇ.....

1 comment:

Unknown said...

bassi sahib,tuhada lekh dil nu chuu giya.tuhadi lekhni vich kavita vargi ravani hai.apne pind te koi novel ku nahi lekhde?sarbjeet sangatpura